Sub Categories
ਕੱਲ ਜੋ ਕੋਕਲੀ ਦੀ ਗੱਲ ਕੀਤੀ ਸੀ। ਉਸ ਦਾ ਵਰਨਣ ਇਸ ਗੀਤ ਰਾਹੀਂ।…………👇
ਜਾਂਦੀ ਭੱਜੀ , ਉਮਰ ਦੀ ਗੱਡੀ
ਇਕੋ ਆਵਾਜ਼ ਨੇ ਰੋਕਲੀ
ਦਿਲ ਵਿਚ ਲੁਕਿਆ ਬਚਪਨ ਬੋਲਿਆ
ਕਹਿੰਦਾ ਕੋਕਲੀ……
ਨਿੱਕੀਆਂ ਨਿੱਕੀਆਂ ਜਿੰਦਾਂ ਆਈਆਂ
ਪਾ ਕੇ ਰੌਲਾ ਰੌਣਕਾਂ ਲਾਈਆਂ
ਆਜੋ ਮੁੰਡਿਓ ਆਜੋ ਕੁੜੀਓ
ਰਲ ਕੇ ਖੇਡੀਏ ਲੁਕਣ ਮਚਾਈਆਂ
ਕਈਆਂ ਦੀ ਤਾਂ ਆਵਾਜ਼ ਹੁੰਦੀ ਸੀ
ਬਾਹਲੀ ਮਿੱਠੀ ਤੋਤਲੀ
ਦਿਲ ਵਿਚ ਲੁਕਿਆ ਬਚਪਨ ਬੋਲਿਆ
ਕਹਿੰਦਾ ਕੋਕਲੀ………
ਸਾਰਾ ਦਿਨ ਨਾ ਟਿਕ ਕੇ ਬਹਿਣਾ
ਜਿੱਥੇ ਮਰਜੀ ਖਾ ਪੀ ਲੈਣਾ
ਨਹਾਉਣ-ਧੋਣ ਦਾ ਫ਼ਿਕਰ ਨਹੀਂ ਸੀ
ਥੱਕ ਕੇ ਮੰਜਿਆਂ ਤੇ ਢਹਿ ਪੈਣਾ
ਕਿੰਨੀ ਚੰਗੀ ਸੀ ਓਹ ਜਿੰਦਗੀ
ਖੁੱਲੀ-ਡੁੱਲੀ ਮੋਕਲੀ
ਦਿਲ ਵਿਚ ਲੁਕਿਆ ਬਚਪਨ ਬੋਲਿਆ
ਕਹਿੰਦਾ ਕੋਕਲੀ…..
ਤਖਤਿਆਂ ਓਹਲੇ ਲੁਕ ਕੇ ਸ਼ਹਿਣਾ
ਚੋਰੀ ਅੱਖ ਨਾਲ ਵਿਹੰਦੇ ਰਹਿਣਾ
ਦੱਸਿਓ ਨਾ ਮੈ ਐਥੇ ਲੁਕਿਆਂ
ਨਾਲ ਇਸ਼ਾਰੇ ਸਭ ਨੂੰ ਕਹਿਣਾ
ਜੇ ਕੋਈ ਦਸਦਾ ਰੁੱਸ ਜਾਂਦੇ ਸਾਂ
ਆੜੀ ਤੋੜਦੂੰ ਸੋਚ ਲੀਂ
ਦਿਲ ਵਿਚ ਲੁਕਿਆ ਬਚਪਨ ਬੋਲਿਆ
ਕਹਿੰਦਾ ਕੋਕਲੀ …….
ਮੋਬਾਈਲਾਂ ਨੇ ਹੈ ਬੰਨ ਰੱਖਿਆ
ਚੰਦ ਮਾਮਾ “ਸਿੱਧੂ” ਕਦੇ ਨਾ ਤੱਕਿਆ
ਨਾ ਓਹ ਖੇਡਾਂ ਨਾ ਓਹ ਵਿੱਦਿਆ
ਕਮਰੇ ਅੰਦਰ ਬਚਪਨ ਡੱਕਿਆ
ਰਸ ਭਰਿਆ ਓਹ ਸਮਾਂ ਸੀ ਕਿੰਨਾਂ
ਹੁਣ ਤਾਂ ਜਿੰਦਗੀ ਫੋਕਲੀ
ਦਿਲ ਵਿਚ ਲੁਕਿਆ ਬਚਪਨ ਬੋਲਿਆ
ਕਹਿੰਦਾ ਕੋਕਲੀ……..ਕੋਕਲੀ….
ਜਸਵਿੰਦਰ ਸਿੰਘ ਸਿੱਧੂ ( ਚੰਗਾ ਲੱਗਾ ਤਾਂ ਸ਼ੇਅਰ ਵੀ ਕਰਿਓ ਜੀ )