Sub Categories
ਧੀਏ ਮੈਂ ਝੂਠਾ ਨਹੀਂ ਆ
ਵੇਖਲਾ ਧੀਏ! ਤੇਰਾ ਪਿਓ ਇੱਕ ਵੀ ਸਿੱਧਾ ਕੰਮ ਨਹੀਂ ਕਰਦਾ! ਜਦੋਂ ਵੀ ਕੁੱਝ ਕਹੋ ਕੰਮ ਕਰਨ ਨੂੰ ਕਹਾਂ ਕਹਿੰਦਾ ਕੋਈ ਨਾ ਹੋ ਜਾਂਦਾ,!
ਕਦੋੰ ਦਾ ਕਿਹਾ ਆਪਣੇ ਲਈ ਕੋਈ ਪੈਂਟ ਕਮੀਜ਼ ਲੈ ਆਓ ! ਸਾਲ ਹੋ ਗਿਆ ਓਹੋ ਪੱਗ ਓਹੀ ਇੱਕੋ ਪੈਂਟ ਕਮੀਜ਼ ਪਾ ਨਿਕਲ ਜਾਂਦੇ ਜਦੋਂ ਜਾਣਾ ਹੁੰਦਾਂ, ਮੇਰੇ ਨਾਲ ਕਦੇ ਮੈਚਿੰਗ ਕਰਕੇ ਕੱਪੜੇ ਨਹੀਂ ਪਾਉਂਦਾ
ਬਸ ਇੱਕੋ ਗੱਲ ਆ ਤੇਰੇ ਪਿਓ ਕੋਲ,
ਕੋਈ ਨਾ ! ਸਭ ਕੁੱਝ ਹੋ ਜਾਵੇਗਾ!
ਜਾਂ ਹੱਸਕੇ ਟਾਲ ਦਵੇਗਾ ਜਾਂ ਫਿਰ ਗੱਲ ਮਜ਼ਾਕ ਚ ਪਾ ਦਵੇਗਾ ।
ਇੱਕ ਨੰਬਰ ਦਾ ਝੂਠਾ ਤੇਰਾ ਪਿਓ
ਮੈਂ ਇਹ ਸਭ ਬੋਲ ਸੁਣਕੇ
ਆਪਣੇ ਸਾਇਕਲ ਤੇ ਝੋਲਾ ਟੰਗਿਆ ਆਪਣੀ ਧੀ ਦਾ ਮੱਥਾ ਚੁੰਮਿਆ ਤੇ ਕੰਮ ਨੂੰ ਚੱਲ ਪਿਆ !
ਮੇਰੀ ਧੀ ਜਿਵੇਂ ਭੋਲੇਪਣ ਚ ਆਖ ਰਹੀ ਹੋਵੇ ਪਾਪਾ ਕੁੱਝ ਖਾਣ ਨੂੰ ਲੈ ਆਇਓ ।ਦਿਹਾੜੀ ਤੋਂ ਸ਼ਾਮ ਨੂੰ ਆਉਂਦਿਆਂ ਮੇਰਾ ਸਾਇਕਲ ਪੈਂਚਰ ਹੋ ਗਿਆ ਮੈਂ ਘਰ ਲੇਟ ਪਹੁੰਚਿਆ,
ਘਰ ਵੜਦਿਆਂ ਹੀ ਮੇਰੀ ਧੀ ਨੇ ਮੈਨੂੰ ਅਵਾਜ ਦਿੱਤੀ ਪਾਪਾ ਆ ਗਏ ਪਾਪਾ ਆ ਗਏ !
ਪਾਪਾ ਅੱਜ ਤੁਸੀਂ ਲੇਟ ਹੋ ਗਏ !
ਹਾਂ ਪੁੱਤ ਹੋ ਗਿਆ ਅੱਜ ਲੇਟ,
ਮੇਰੀ ਘਰਵਾਲੀ ਬੋਲੀ!!
ਆਹੋ ਮਿਲ ਗਿਆ ਹੋਣਾ ਕੋਈ ਯਾਰ ਬੇਲੀ ,
ਓਥੇ ਹੀ ਲੇਟ ਹੋ ਗਿਆ ਤੇਰਾ ਪਿਓ,
ਆਟਾ ਵੀ ਚੱਕੀ ਤੋਂ ਲਿਆਉਣ ਵਾਲਾ 140 ਰੁਪਏ ਪਿਛਲੇ ਦੇਣੇ ਓਦੇ ਨਵੇਂ ਹੋਰ ਪਤਾ ਨਹੀਂ ਕਿੰਨੇ ਬਣਾ ਦੇਣੇ!
ਮੈਂ ਰਾਤ ਲੰਮੇ ਪੈ ਗਿਆ ਮੇਰੇ ਨਾਲ ਮੇਰੀ ਢਾਈ ਸਾਲ ਦੀ ਬੱਚੀ ਮੇਰੀ ਉਂਗਲ ਘੁੱਟ ਕੇ ਫੜ ਕੇ ਸੁੱਤੀ ਸੀ ਜਿਵੇਂ ਕਹਿ ਰਹੀ ਹੋਵੇ ਪਾਪਾ ਮੇਰੇ ਕੋਲ ਰਹੋ।
ਉਹ ਗੂੜੀ ਨੀਂਦ ਸੁੱਤੀ ਪਈ ਸੀ, ਮੈਂ ਉਸਦਾ ਸਿਰ ਪਲੋਸਿਆ ਤੇ ਗੱਲਾਂ ਕੀਤੀਆਂ,
ਧੀਏ! ਤੈਨੂੰ ਕਿਵੇਂ ਸਮਝਾਵਾਂ ਤੇਰਾ ਪਿਓ ਝੂਠਾਂ ਨਹੀਂ ਆ!
ਮੈਂ ਦੋ ਸਾਲ ਇੱਕੋ ਪੈਂਟ ਕਮੀਜ਼ ਨਾਲ ਗੁਜ਼ਾਰਾ ਕਰਦਾ ਸਿਰਫ ਇਸ ਲਈ ਜਿਹੜੇ ਪੈਸੇ ਮੈਂ ਆਪਣੇ ਕੱਪੜੇ ਤੇ ਖਰਚ ਕਰਨੇ ਓ ਮੈਂ ਤੇਰੇ ਕੱਪੜਿਆਂ ਲਈ ਰੱਖ ਲੈਂਦਾ ਕੇ ਮੇਰੀ ਧੀ ਨੂੰ ਸੋਹਣੇ ਕੱਪੜੇ ਮਿਲ ਜਾਣ,
ਤੇਰੀ ਮਾਂ ਦੇ ਸੂਟਾਂ ਨਾਲ ਪੱਗ ਮੈਚ ਨਹੀਂ ਕੀਤੀ ਕਦੇ ! ਕਿਉਂਕਿ ਮੇਰੀਆਂ ਪੱਗਾਂ ਓਹੀ ਪੁਰਾਣੀਆਂ ਨੇ ਰੰਗ ਉਡ ਗਏ ਰੋਜ ਬੰਨ ਬੰਨ ਕਿ , ਤੇਰੀ ਮਾਂ ਸੋਚਦੀ ਮੈਂ ਮੈਚਿੰਗ ਨਹੀਂ ਕਰਦਾ,
ਤੇਰੀ ਮਾਂ ਕਹਿੰਦੀ ਤੇਰਾ ਪਿਓ ਲੇਟ ਹੋ ਗਿਆ ਕੋਈ ਯਾਰ ਬੇਲੀ ਮਿਲਿਆ ਹੋਣਾ।
ਪਰ ਸੱਚ ਤਾਂ ਇਹ ਸੀ ਕਿ ਮੇਰਾ ਸਾਇਕਲ ਪੈਂਚਰ ਹੋ ਗਿਆ ਸੀ ਜੇਬ੍ਹ ਚ 2 ਰੁਪਏ ਟੁੱਟੇ ਸਨ , ਮੈਂ ਸੋਚਦਾ ਆਪਣੀ ਲਾਡੋ ਰਾਣੀ ਲਈ ਚੌਕਲੇਟ ਲੈ ਜਾਂਦਾ, ਓ ਖ਼ੁਸ਼ ਹੋ ਜਾਵੇਗੀ ਪੈਂਚਰ ਦਾ ਕੀ ਐ!
ਕੋਲ ਹੀ ਤਾਂ ਪਿੰਡ ਆ 5 ਕੁ ਮੀਲ ਪੈਦਲ ਹੀ ਚੱਲ ਜਾਵਾਂਗਾ!
ਸੱਚੀ ਧੀਏ ਮੈਂ ਝੂਠਾ ਨਹੀਂ ਆ
ਕਾਸ! ਤੇਰਾ ਭੋਲਾਪਨ ਮੇਰੀਆਂ ਏਨਾ ਗੱਲਾਂ ਨੂੰ ਸਮਝ ਸਕੇ
ਕਿ ਇੱਕ ਪਿਓ ਆਪਣੇ ਅਰਮਾਨਾਂ ਸੁਪਨਿਆਂ ਨੂੰ ਮਾਰ ਕੇ ਆਪਣੇ ਪਰਿਵਾਰ ਨੂੰ ਕਿਵੇਂ ਖੁਸ ਰੱਖਦਾ!!
ਚੱਲ ਕੋਈ ਨਾ ਧੀਏ ਵੱਡੀ ਹੋਵੇਂਗੀ ਸਮਝ ਜਾਵੇਂਗੀ।
ਕਾਸ! ਤੇਰੀ ਮਾਂ ਵੀ ਸਮਝ ਸਕੇ
* ਧੀਏ ਮੈਂ ਝੂਠਾ ਨਹੀੰ ਆ*
ਚੱਲ ਕੋਈ ਨਾ ——-
ਨਵਨੀਤ ਸਿੰਘ ਭੁੰਬਲੀ
9646865500
ਕਿਸੇ ਸਰਕਾਰੀ ਦਫਤਰ ਦੇ ਗੇੜੇ ਗਰੀਬ ਬੰਦਾ ਲਗਾਉਂਦਾ ਥੱਕ ਜਾਂਦਾ।
ਕੰਮ ਭਾਵੇਂ 1 ਮਿੰਟ ਦਾ ਹੋਵੇ ਗੇੜੇ ਜਰੂਰ
ਮਾਰਨੇ ਪੈਂਦੇ 10 ,12 । ਮੈਂ ਵੀ ਗਿਆ ਸੀ ਕਿਸੇ ਸਰਕਾਰੀ ਦਫਤਰ ਅੰਦਰ ਕੰਮ । ਇੱਕ ਘੁੱਗੀ ਮਰਵਾਉਣੀ ਸੀ ਮਤਲਬ ਸਰਕਾਰੀ ਅਫਸਰ ਦੇ ਸਾਈਨ ਕਰਵਾਉਂਣੇ ਸੀ । ਮੇਰੇ ਅੱਗੇ 5 ਕੁ ਬਜ਼ੁਰਗ ਖੜ੍ਹੇ ਸਨ । ਉਹ ਇੱਕ ਫਾਇਲ ਦਿੰਦੇ ਅਫਸਰ ਪਹਿਲਾਂ ਹੀ ਪੇਜ ਪਲਟਦਾ ਘੁੱਗੀ ਮਾਰ ਕੇ ਤੋਰ ਦਿੰਦਾ। ਮੇਰੀ ਵਾਰੀ ਆਈ । ਮੈਂ ਫਾਇਲ ਦਿੱਤੀ ਅਫਸਰ ਨੇ ਪੇਜ ਪਲਟਿਆ ਪਰ ਘੁਗੀ ਨਹੀਂ ਮਾਰੀ । ਅਫਸਰ ਕਹਿੰਦਾ! ਕਾਕਾ ਫਲਾਣਾ ਕਾਗਜ ਨਹੀਂ ਨਾਲ ਲੱਗਾ । ਮੈਂ ਕਿਹਾ ਜਨਾਬ BC ਵਰਗ ਦਾ ਹਾਂ। ਇਸ ਲਈ ਜਰੂਰਤ ਨਹੀਂ ਪਈ। ਉਸ ਅਫਸਰ ਨੇ ਮੇਰੇ ਬਹੁਤ ਵਾਰ ਕਹਿਣ ਤੇ ਵੀ ਸਾਈਨ ਨਹੀਂ ਕੀਤੇ। ਮੈਂ ਫਿਰ ਬੋਲ ਹੀ ਦਿੱਤਾ !! ਜਨਾਬ ਚਾਹ ਪਾਣੀ ਕਰ ਦਵਾਂਗੇ ਕਰੋ ਕ੍ਰਿਪਾ ਜੀ। ਕਾਕਾ ਅਸੀਂ ਰਿਸ਼ਵਤ ਨਹੀਂ ਲੈਂਦੇ ਅਫਸਰ ਥੋੜਾ ਖੁਸ ਹੋ ਗਿਆ । ਸਾਈਨ ਕਰਕੇ ਮੇਰੇ ਹੱਥ ਚ ਫਾਇਲ ਫੜਾਉਣੁ ਲੱਗਾ। ਮੈਂ ਕਿਹਾ ਜਨਾਬ ਕਿੰਨੀ ਸੇਵਾ। ਕਾਕਾ ਅਸੀਂ ਸੇਵਾ ਨਹੀਂ ਲੈਂਦੇ ਓ ਸਾਹਮਣੇ ਚਾਹ ਵਾਲਾ ਉਸਦਾ ਬਿੱਲ ਦੇਣ ਵਾਲਾ ਪਿਆ ਉਹ ਦੇ ਆ। ਮੈਂ ਖੁਸ਼ੀ ਖੁਸ਼ੀ ਗਿਆ ਕਿ ਕਿਹੜੀ ਵੱਡੀ ਗੱਲ ਆ ਸਵੇਰਾ ਸਵੇਰਾ ਹੈ 20 ਨਹੀਂ ਤਾਂ 50 ਰੁਪਏ ਬਣੇ ਹੋਣਗੇ ਚਾਹ ਦੇ। ਜਦ ਚਾਹ ਵਾਲੇ ਨੂੰ ਬਿੱਲ ਪੁੱਛਿਆ ਤਾਂ ਉਸਨੇ ਮਹੀਨੇ ਦਾ ਖਾਤਾ ਕੱਢ ਅੱਗੇ ਰੱਖਿਆ ਜਿਸਦਾ ਬਿੱਲ 1100 ਰੁਪਏ ਬਣਦਾ ਸੀ। ਮੈ ਕਦੇ ਚਾਹ ਦਾ ਬਿੱਲ ਵੇਖਦਾ ਤੇ ਕਦੇ ਉਸ ਅਫਸਰ ਵੱਲ ਜਿਸਨੇ ਰਿਸ਼ਵਤ ਨਹੀਂ ਲਈ ਪਰ *ਚਾਹ ਦਾ ਬਿੱਲ* ਮੇਰੇ ਕੋਲੋ ਲੈ ਲਿਆ ਸੀ।😊😊😊
*ਨਵਨੀਤ ਸਿੰਘ*
9646865500
*ਜਿਲ੍ਹਾ ਗੁਰਦਾਸਪੁਰ*