Posts Uploaded By Gurmukhi Stories

Sub Categories

ਇਕ ਨਿੱਕਾ ਜਿਹਾ ਪਾਲੀ ਸਤਲੁਜ ਦਰਿਆ ਦੇ ਕੰਢੇ ਮੰਡ ਇਲਾਕੇ ਵਿਚ ਮੱਝਾਂ ਚਾਰ ਰਿਹਾ ਹੈ ਤੇ ਇਕ ਰੁੱਖ ਨਾਲ ਢੋਅ ਲਾਈ ਬੈਠਾ ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਵਿਚ ਹੀਰ ਗਾ ਰਿਹਾ ਹੈ। ਕੁਝ ਰਾਹਗੀਰ ਲੰਘ ਰਹੇ ਹਨ ਤੇ ਛੋਟੇ ਜਹੇ ਪਾਲੀ ਦੀ ਆਵਾਜ਼ ਉਹਨਾਂ ਨੂੰ ਅੱਗੇ ਲੰਘਣ ਹੀ ਨਹੀਂ ਦਿੰਦੀ। ਜਦ ਬਾਲ ਗਾਉਂਦਾ ਗਾਉਂਦਾ ਚੁੱਪ ਕਰਦਾ ਹੈ ਤਾਂ ਇਕ ਰਾਹਗੀਰ ਦੇ ਮੂੰਹੋਂ “ਵਾਹ” ਨਿਕਲਦਾ ਹੈ।
“ਤੇਰੀਆਂ ਮੱਝਾਂ ਕਿਧਰੇ ਦੂਰ ਨਿਕਲ ਜਾਣਗੀਆਂ ਸ਼ੇਰਾ, ਉਹਨਾਂ ਨੂੰ ਏਧਰ ਹੱਕ ਲਿਆ?”, ਇਕ ਰਾਹਗੀਰ ਬੋਲਿਆ।
“ਇਹ ਵੀ ਹੀਰ ਨੂੰ ਪਿਆਰ ਕਰਦੀਆਂ ਨੇ, ਸੋ ਓਨੀ ਕੁ ਦੂਰ ਜਾਂਦੀਆਂ ਨੇ ਜਿੱਥੋਂ ਤਕ ਆਵਾਜ਼ ਸੁਣਦੀ ਰਹੇ”, ਪਾਲੀ ਹੱਸਦਾ ਹੋਇਆ ਬੋਲਿਆ।
“ਕੁਝ ਹੋਰ ਵੀ ਸੁਣਾ ਸ਼ੇਰਾ”, ਰਾਹਗੀਰਾਂ ਦਾ ਓਥੋਂ ਜਾਣ ਦਾ ਚਿੱਤ ਨਹੀਂ ਕਰ ਰਿਹਾ ਸੀ।
ਮੁੰਡੇ ਨੇ ਸੱਸੀ ਦੇ ਕੁਝ ਬੈਂਤ ਸੁਣਾਏ।
ਇਸੇ ਤਰ੍ਹਾਂ ਸੱਥ ਵਿਚ ਬੈਠੇ ਬਾਬੇ ਇਸ ਬਾਲ ਨੂੰ ਬਿਠਾ ਕੇ ਹੀਰ, ਸੋਹਣੀ, ਸੱਸੀ ਸੁਣਦੇ ਰਹਿੰਦੇ। ਕਿਸੇ ਬਜ਼ੁਰਗ ਨੇ ਇਕ ਦਿਨ ਕਿਹਾ, “ਪੁੱਤਰਾ ਜੇ ਤੂੰ ਰਾਗ ਵਿੱਦਿਆ ਕਿਸੇ ਉਸਤਾਦ ਕੋਲੋਂ ਸਿਖ ਲਵੇਂ ਤਾਂ ਸੋਨੇ ‘ਤੇ ਸੁਹਾਗਾ ਹੋ ਜਾਊ”
ਉਸ ਬਾਲ ਨੇ ਕਿਸੇ ਦੇ ਰਾਹੀਂ ਸ਼ਹੀਦ ਸਿਖ ਮਿਸ਼ਨਰੀ ਕਾਲਜ ਦਾਖਲੇ ਲਈ ਪੱਤਰ ਭੇਜ ਦਿੱਤਾ। ਇੰਟਰਵਿਊ ਲਈ ਸੱਦਾ ਪੱਤਰ ਆ ਗਿਆ। ਪਰ ਅੰਮ੍ਰਿਤਸਰ ਜਾਣ ਦਾ ਕਿਰਾਇਆ ਕੋਲ ਨਹੀਂ ਸੀ।
ਮਾਂ ਨੇ ਆਪਣੀ ਮੁੰਦਰੀ ਬਾਲ ਨੂੰ ਦਿੰਦਿਆਂ ਕਿਹਾ, “ਪੁੱਤਰ ਦਾਖਲੇ ਲਈ ਖਰਚਾ, ਕੱਪੜੇ ਤੇ ਆਉਣ ਜਾਣ ਦਾ ਪ੍ਰਬੰਧ ਤਾਂ ਹੋ ਹੀ ਜਾਊ?”
ਇੰਟਰਵਿਊ ਲੈਣ ਵਾਲਿਆਂ ਵਿਚ ਜਥੇਦਾਰ ਟੌਹੜਾ, ਪ੍ਰਿ. ਹਰਿਭਜਨ ਸਿੰਘ, ਪ੍ਰੋ. ਅਵਤਾਰ ਸਿੰਘ ਨਾਜ਼ ਬੈਠੇ ਸਨ। ਉਹਨਾਂ ਕਿਹਾ, “ਬੇਟਾ ਕੋਈ ਸ਼ਬਦ ਸੁਣਾ”
ਪਾਲੀ ਬਾਲ ਨੇ ਉੱਚੀ ਹੇਕ ਵਿਚ ਗਾਉਣਾ ਸ਼ੁਰੂ ਕੀਤਾ, “ਕਲਗੀਧਰ ਪੰਥ ਪਿਆਰੇ ਦਾ ਇਕ ਹੁਕਮ ਵਜਾ ਕੇ ਤੁਰ ਚੱਲਿਆ,
ਚਮਕੌਰ ਗੜੀ ਦੀਆਂ ਕੰਧਾ ਨੂੰ ਸੋਚਾਂ ਵਿਚ ਪਾ ਕੇ ਤੁਰ ਚੱਲਿਆ”
“ਕੋਈ ਸ਼ਬਦ ਨਹੀਂ ਆਉਂਦਾ?”, ਜਥੇਦਾਰ ਟੌਹੜਾ ਬੋਲੇ।
“ਚੰਨ ਮਾਤਾ ਗੁਜ਼ਰੀ ਦਾ ਸੁੱਤਾ ਕੰਡਿਆਂ ਦੀ ਸੇਜ਼ ਵਿਛਾਈ,
ਸੀਨੇ ਨਾਲ ਤੇਗ ਲਾ ਲਈ ਜਦ ਯਾਦ ਪੁੱਤਰਾਂ ਦੀ ਆਈ”, ਬਾਲ ਨੇ ਇਕ ਹੋਰ ਗੀਤ ਗਾਇਆ। ਉਸ ਲਈ ਤਾਂ ਇਹ ਧਾਰਮਿਕ ਗੀਤ ਸ਼ਬਦ ਹੀ ਸਨ।
ਪਰ ਫਿਰ ਵੀ ਇੰਟਰਵਿਊ ਵਾਲੇ ਗੁਣੀ ਬੰਦਿਆਂ ਨੇ ਇਸ ਭੋਲੇ ਬਾਲ ਦਾ ਗੁਣ ਪਛਾਣਿਆਂ ਤੇ ਦਾਖਲਾ ਦੇ ਦਿੱਤਾ।

ਤੇ ਉਸੇ ਪਾਲੀ ਬਾਲ ਦੀ ਗਾਈ ਹੋਈ ਸਿਰਫ ‘ਆਸਾ ਕੀ ਵਾਰ’ ਦੀ ਟੇਪ ਦੀਆਂ ਹੀ ਸੰਨ 2012 ਤਕ ਕੁਲ 60 ਲੱਖ ਕਾਪੀਆਂ ਵਿਕ ਚੁੱਕੀਆਂ ਸਨ।
ਸਤਲੁਜ ਦੇ ਕੰਢੇ ਮੱਝਾਂ ਚਾਰਦੇ ਫਿਰਦੇ ਇਸੇ ਪਾਲੀ ਬਾਲ ਨੂੰ ਭਾਰਤ ਦੇ ਰਾਸ਼ਟਰਪਤੀ ਨੇ ਪਦਮ ਸ੍ਰੀ ਨਾਲ ਨਿਵਾਜ਼ਿਆ ਤੇ ਦੁਨੀਆਂ ਨੇ ਭਾਈ ਨਿਰਮਲ ਸਿੰਘ ਖਾਲਸਾ ਕਰਕੇ ਜਾਣਿਆਂ। ਪਰ ਉਹਨਾਂ ਦੇ ਆਪਣੇ ਬੋਲ ਸਨ, “ਗੁਰੂ ਰਾਮਦਾਸ ਦੇ ਘਰ ਕੀਰਤਨ ਕਰਨ ਤੋਂ ਵੱਡਾ ਸਨਮਾਨ ਕਿਸੇ ਲਈ ਹੋਰ ਕੋਈ ਨਹੀਂ ਹੋ ਸਕਦਾ”।
ਜਗਦੀਪ ਸਿੰਘ ਫਰੀਦਕੋਟ
#ਮਹਿਕਮਾ_

...
...

ਪਿੰਡ ਵਿੱਚ ਵਿਕਰਮ ਦੀ ਸਭ ਤੋਂ ਉੱਚੀ ਹਵੇਲੀ ਹੈ। ਉਹ ਨਸ਼ਿਆ ਦਾ ਵਪਾਰੀ ਹੈ। ਉਹ ਚਿੱਟਾ ਵੇਚਣ ਲੱਗ ਗਿਆ ਹੈ।
ਪਿੰਡ ਦਾ ਸਰਪੰਚ ਬਹੁਤ ਹੀ ਸਾਊ ਤੇ ਨੇਕ ਇਨਸਾਨ ਹੈ। ਜਦ ਉਸਨੂੰ ਵਿਕਰਮ ਦੇ ਸਿੰਥੈਟਿਕ ਨਸ਼ੇ (ਚਿੱਟਾ) ਵੇਚਣ ਬਾਰੇ ਪਤਾ ਲੱਗਦਾ, ਉਹ ਸਿੱਧਾ ਉਸਦੀ ਹਵੇਲੀ ਪਹੁੰਚ ਗਿਆ।
ਆਉ ਸਰਪੰਚ ਸਾਹਿਬ ਆਉ, ਤੁਹਾਡਾ ਬਹੁਤ ਸਤਿਕਾਰ ਹੈ।ਬੈਠੋ ਚਾਹ ਪੀਵੋ। ਉਸਨੇ ਆਪਣੀ ਪਤਨੀ ਨੂੰ ਅਵਾਜ਼ ਮਾਰੀ ਸਰਪੰਚ ਸਾਹਿਬ ਲਾਈ ਸਵਾਦ ਜਿਹੀ ਚਾਹ, ਅਦਰਕ, ਇਲਾਚੀ ਪਾ ਕੇ ਬਣਾ।
“ਤੁਸੀਂ ਇਹ ਜੋ ਧੰਦਾ ਕਰਦੇ ਹੋ ਬਿਲਕੁਲ ਠੀਕ ਨਹੀਂ ਹੈ।” ਦਲੇਰ ਸਰਪੰਚ ਨੇ ਸਿੱਧੀ ਗੱਲ ਕਹੀ।
“ਕਿਹੜਾ ਧੰਦਾ, ਸਰਪੰਚ ਸਾਹਿਬ ?”
“ਜਿਆਦਾ ਭੋਲਾ ਨਾ ਬਣ। ਸਾਰੇ ਪਿੰਡ ਵਾਲਿਆਂ ਨੂੰ ਪਤਾ ਹੈ। ਤੂੰ ਤਾਂ ਆਪਣੇ ਪਿੰਡ ਦੇ ਬੱਚਿਆਂ ਨੂੰ ਮੌਤ ਵੇਚ ਰਿਹਾ ਹੈ।”
“ਮੈਂ ਕਿਹੜਾ ਕਿਸੇ ਦੇ ਪੁੱਤ-ਧੀ ਨੂੰ ਜਬਰਦਸਤੀ ਨਸ਼ੇ ਖਿਲਾ ਰਿਹਾ। ਆਪਣੀ ਮਰਜ਼ੀ ਨਾਲ ਲੈਂ ਜ਼ਾਂਦੇ। ਉਹ ਸਰਪੰਚ ਦੀ ਇਕ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਸਰਪੰਚ ਆਪਣੇ ਘਰ ਵਾਪਸੀ ਲਈ ਚਲ ਪਿਆ।
ਉਸੇ ਸਮੇਂ ਵਿਕਰਮ ਤੇ ਉਸਦੀ ਪਤਨੀ ਦੇ ਉੱਚੇ-ਉੱਚੇ ਰੋਣ ਦੀਆਂ ਅਵਾਜ਼ਾਂ ਆਣ ਲੱਗੀਆਂ। ਸਰਪੰਚ ਉਨੀ ਪੈਰੀ ਵਾਪਸ ਵਿਕਰਮ ਦੇ ਘਰ ਆ ਗਿਆ।
ਵਿਕਰਮ ਦਾ ਇਕਲੌਤਾ ਮੁੰਡਾ ਤੜਪ ਰਿਹਾ ਸੀ। ਪਾਪਾ! ਪਾਪਾ! ਮੈਨੂੰ ਬਚਾ ਲਵੋ, ਮੈਂ ਜੀਣਾ ਚਾਹੁੰਦਾ ਹਾਂ। ਤੁਹਾਡੇ ਚਿੱਟੇ ਨੇ ਮੇਰੀ ਜਾਨ ਲੈ ਲਈ, ਉਹ ਅਟਕ-ਅਟਕ ਕੇ ਬੜੀ ਮੁਸ਼ਕਲ ਨਾਲ ਬੋਲ ਰਿਹਾ ਹੈ।
ਉਸੇ ਵੇਲੇ ਉਸਦੀ ਜਾਨ ਨਿਕਲ ਜਾਂਦੀ ਹੈ।
ਵਿਕਰਮ ਰੋਂਦਾ ਹੋਇਆ ਕਹਿੰਦਾ ਹੈ “ਚਿੱਟੇ ਨੇ ਮੇਰੇ ਬੱਚੇ ਨੂੰ ਖਾ ਲਿਆ। ਹਾਏ! ਹਾਏ! ਸਾਰੀ ਗੱਲ ਸੁਣ ਕੇ ਉਸਦੀ ਪਤਨੀ ਉੱਚੀ-ਉੱਚੀ ਹੱਸਣ ਲੱਗ ਗਈ।।
ਦੇਖ! ਦੇਖ! ਸਾਡੇ ਜਵਾਨ ਪੁੱਤ ਦੀ ਮੌਤ ਹੋ ਗਈ ਪਰ ਉਹ ਉੱਚੀ-ਉੱਚੀ ਹੱਸੀ ਜਾ ਰਹੀ ਹੈ।
ਵਿਕਰਮ ਕਦੇ ਆਪਣੇ ਪੁੱਤਰ ਦੀ ਲਾਸ਼ ਵੱਲ ਦੇਖ ਰਿਹਾ ਹੈ ਤੇ ਕਦੇ ਪਾਗਲ ਹੋਈ ਪਤਨੀ ਵੱਲ। ਉਹ ਫੇਰ ਉੱਚੀ-ਉੱਚੀ ਧਾਹ ਮਰ ਕੇ ਰੋਣ ਲੱਗ ਜਾਂਦਾ ਹੈ।

Submitted By:- ਭੁਪਿੰਦਰ ਕੌਰ ਸਢੌਰਾ

...
...

ਫੌਜ ਵਿਚੋਂ ਰਿਟਾਇਰ ਰਿਸ਼ਤੇਦਾਰ ਦਾ ਫੋਨ ਆਇਆ ..ਆਖਣ ਲੱਗਾ ਸੁਬੇਗ ਸਿੰਘ ਦੀ ਫੋਟੋ ਆਪਣੇ ਫੇਸ ਬੁਕ ਪ੍ਰੋਫ਼ਾਈਲ ਚੋਂ ਕੱਢ ਦੇ ..ਦੇਸ਼ ਦਾ ਬਾਗੀ ਸੀ ਉਹ … ਨਹੀਂ ਤੇ ਮੈਨੂੰ ਮਜਬੂਰਨ ਤੇਰੀ ਫ੍ਰੇਂਡ ਲਿਸਟ ਚੋਂ ਬਾਹਰ ਹੋਣਾ ਪਵੇਗਾ ! ਉਸ ਨੂੰ ਓਸੇ ਵੇਲੇ ਸਦਾ ਲਈ ਅਲਵਿਦਾ ਆਖ ਦਿੱਤਾ ! ਫੇਰ ਸੋਚਿਆ ਚਲੋ ਇਸ ਬਾਗੀ ਦੇ ਜੀਵਨ ਤੇ ਥੋੜੀ ਖੋਜ ਕੀਤੀ ਜਾਵੇ ਤੇ ਜਨਤਾ ਦੀ ਕਚਹਿਰੀ ਵਿਚ ਸਾਂਝੀ ਕੀਤੀ ਜਾਵੇ ! ਫੈਸਲਾ ਵੀ ਹੋ ਜਾਵੇਗਾ ਕੇ ਕਿਹੜੇ ਹਲਾਤਾਂ ਵਿਚ ਇਸ ਨੂੰ ਬੰਦੂਕ ਚੁੱਕਣੀ ਪਈ ਤੇ ਨਾਲ ਹੀ ਚੁਰਾਸੀ ਮਗਰੋਂ ਜਨਮੀਂ ਨਵੀਂ ਪੀੜੀ ਦੀ ਜਾਣਕਾਰੀ ਵੀ ਅਪਡੇਟ ਹੋ ਜਾਵੇਗੀ !

1925 ਵਿਚ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੂਰ ਪਿੰਡ ਖਿਆਲਾ ਵਿਚ ਜਨਮੇ ਸੁਬੇਗ ਸਿੰਘ ਦੇ ਪਰਿਵਾਰ ਕੋਲ 100 ਏਕੜ ਦੇ ਕਰੀਬ ਜਮੀਨ ਸੀ ! ਪਰਿਵਾਰਿਕ ਪਿਛੋਕੜ ਮੱਸੇ -ਰੰਘੜ ਦਾ ਸਿਰ ਕਲਮ ਕਰਨ ਵਾਲੇ ਮਹਿਤਾਬ ਸਿੰਘ ਮੀਰਾਂ ਕੋਟ ਨਾਲ ਜੁੜਦਾ ਹੈ ! ਹਾਕੀ ਤੇ ਫ਼ੁਟਬਾਲ ਦੇ ਸ਼ਾਨਦਾਰ ਖਿਡਾਰੀ ਨੇ 18 ਸਾਲ ਦੀ ਉਮਰ ਵਿਚ 100 ਮੀਟਰ ਦੌੜ ਦੀ ਇੰਡੀਆ ਦੇ ਰਿਕਾਰਡ ਦੀ ਬਰਾਬਰੀ ਕਰ ਲਈ ! 1943 ਵਿਚ ਖਾਲਸਾ ਕਾਲਜ ਅਮ੍ਰਿਤਸਰ ਵਿਚੋਂ ਹਜਾਰਾਂ ਉਮੀਦਵਾਰਾਂ ਵਿਚੋਂ ਕੱਲਾ ਹੀ ਮਿਲਿਟਰੀ ਆਫ਼ਿਸਰ ਟ੍ਰੇਨਿੰਗ ਅਕੈਡਮੀਂ ਵਾਸਤੇ ਚੁਣਿਆ ਗਿਆ ! ਦੂਜਾ ਵਿਸ਼ਵ ਯੁੱਧ 1945 ਤੱਕ ਬਹਾਦਰੀ ਨਾਲ ਲੜਿਆ ! ਫੇਰ 1948 ਦੀ ਕਸ਼ਮੀਰ ਵਿਚ ਹੋਈ ਘੁਸਪੈਠ ਨੂੰ ਦਲੇਰੀ ਨਾਲ ਠੱਲ ਪਾਈ ! 1962 ਵਿਚ ਚੀਨੀਆਂ ਨਾਲ ਹੋਈ ਜੰਗ ਤਨੋਂ ਮਨੋਂ ਹਿੱਕ ਡਾਹ ਕੇ ਲੜੀ ! 1965 ਵਿਚ ਪਾਕ ਨਾਲ ਜੰਗ ਸ਼ੁਰੂ ਹੀ ਹੋਈ ਹੀ ਸੀ ਕੇ ਹਾਜੀ ਪੀਰ ਦੇ ਮੋਰਚੇ ਤੇ ਘਰੋਂ ਟੈਲੀਗ੍ਰਾਮ ਆ ਗਈ ਕੇ ਪਿਤਾ ਭਗਵਾਨ ਸਿੰਘ ਜੀ ਪੂਰੇ ਹੋ ਗਏ ! ਛੁੱਟੀ ਮਿਲ ਸਕਦੀ ਸੀ ਪਰ ਸੁਨੇਹੇ ਵਾਲਾ ਕਾਗਜ ਜੇਬ ਵਿਚ ਪਾ ਲਿਆ ਤੇ ਦੁਸ਼ਮਣ ਖਿਲਾਫ ਮੋਰਚੇ ਤੇ ਡਟ ਗਿਆ !ਬਾਕੀਆਂ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਹੈਰਾਨ ਰਹਿ ਗਏ !

ਮਗਰੋਂ ਮਾਤਾ ਸਰਦਾਰਨੀ ਪ੍ਰੀਤਮ ਕੌਰ ਨੂੰ ਹੋਂਸਲਾ ਦੇਣ ਪਿੰਡ ਪੁੱਜ ਗਿਆ ! ਮਾਂ ਨੇ ਇੱਕ ਵਾਰੀ ਵੀ ਪੁੱਤ ਨਾਲ ਗਿਲਾ ਨਾ ਕੀਤਾ ਕੇ ਬਾਪ ਮੋਏ ਤੇ ਕਿਓਂ ਨਹੀਂ ਅੱਪੜਿਆ ! ਢਿੱਡੋਂ ਜਨਮੇ ਦੇ ਸੁਬਾਹ ਤੇ ਫਿਦਰਤ ਤੋਂ ਚੰਗੀ ਤਰਾਂ ਵਾਕਿਫ ਸੀ ! 1971 ਦੀ ਬੰਗਲਾਦੇਸ਼ ਦੀ ਲੜਾਈ ਵਿਚ “ਸ਼ਾਹ-ਬੇਗ” ਨਾਮ ਦੇ ਮੁਸਲਿਮ ਨੌਜੁਆਨ ਵੱਜੋਂ ਵਿੱਚਰ ਕੇ ਮੁਕਤੀ -ਵਾਹਿਨੀ ਨਾਮ ਦੀ ਫ਼ੌਜ ਖੜੀ ਕੀਤੀ ! ਇੱਕ ਲੱਖ ਦੇ ਕਰੀਬ ਪਾਕ ਫੌਜੀਆਂ ਕੋਲੋਂ ਹਥਿਆਰ ਸੁੱਟਵਾਏ.!
ਅਤੀ -ਵਸ਼ਿਸ਼ਟ ਸੇਵਾ ਮੈਡਲ (AVSM) ਅਤੇ ਪਰਮ ਵਸ਼ਿਸ਼ਟ ਸੇਵਾ ਮੈਡਲ (PVSM) ਵਰਗੇ ਬਹੁਮੁਲੇ ਮੈਡਲ ਝੋਲੀ ਪੁਵਾਏ ! ਮਿਲਿਟਰੀ ਸਾਇੰਸ ਤੇ ਓਪ੍ਰੈਸ਼ਨਲ ਟੈਕਟਿਸ ਦੇ ਮਾਹਿਰ ਇਸ ਅਫਸਰ ਨੇ ਕਈ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ !1972 ਵਿਚ GOC (ਜਨਰਲ ਔਫੀਸਰ ਕਮਾਂਡਿੰਗ ਇਨ ਚੀਫ ) ਬਣਾਏ ਗਏ ਤੇ ਮੱਧ-ਪ੍ਰਦੇਸ਼ ,ਬਿਹਾਰ ਤੇ ਉੜੀਸਾ ਦਾ ਚਾਰਜ ਦਿੱਤਾ ਗਿਆ ! 1973 ਵਿਚ ਇੰਦਰਾ ਗਾਂਧੀ ਨੇ ਹੁਕਮ ਦਿੱਤਾ ਕੇ ਫੌਜ ਉਸਦੇ ਰਾਜਸੀ ਦੁਸ਼ਮਣ ਜੈ ਪ੍ਰਕਾਸ਼ ਨਰਾਇਣ ਨੂੰ ਗ੍ਰਿਫਤਾਰ ਕਰੇ ਕਿਓੰਕੇ ਪੁਲਸ ਬਾਗੀ ਹੋ ਕੇ ਉਸਦਾ ਹੁਕਮ ਮੰਨਣ ਤੋਂ ਇਨਕਾਰੀ ਹੋ ਗਈ ਸੀ !
ਸੁਬੇਗ ਸਿੰਘ ਨੇ ਇਹ ਕਹਿੰਦਿਆਂ ਨਾਂਹ ਕਰ ਦਿਤੀ ਕੇ ਫੌਜ ਰਾਜਸੀ ਕੰਮਾਂ ਵਿਚ ਦਖਲ ਨਹੀਂ ਦੇਵੇਗੀ ! ਨਾਂਹ ਨਾ ਸੁਣਨ ਦੀ ਆਦੀ ਇੰਦਰਾ ਨੇ ਗੁੱਸਾ ਖਾ ਕੇ ਕੁਰਪਸ਼ਨ ਦੇ ਮਾਮੂਲੀ (2500 ਰੁਪਈਏ ਦੇ ਗਿਫ਼੍ਟ ਲੈਣ ਦੇ ਦੋਸ਼ ) ਕੇਸ ਵਿਚ ਫਸਾ ਦਿੱਤਾ !
ਫੇਰ ਸ਼ੁਰੂ ਹੋਇਆ ਇਸ ਨੂੰ ਪੈਰ ਪੈਰ ਤੇ ਜਲੀਲ ਕਰਨ ਦਾ ਨਾ-ਮੁੱਕਣ ਵਾਲਾ ਸਿਲਸਿਲਾ ! ਜੂਨੀਅਰ ਅਫਸਰ ਤੱਰਕੀ ਦੇ ਕੇ ਸੀਨੀਅਰ ਬਣਾ ਦਿੱਤੇ ਗਏ ਅਤੇ ਇਸ ਯੋਧੇ ਨੂੰ ਬਣਦੀ ਤੱਰਕੀ ਤੋਂ ਵੀ ਵਾਂਝਿਆ ਰਖਿਆ ! ਜਾਣ ਬੁਝ ਕੇ ਕੁਰਪਸ਼ਨ ਦੇ ਮੁਕਦਮੇ ਨੂੰ ਰਿਟਾਇਰਮੈਂਟ ਦੀ ਤਰੀਕ (1 ਮਈ 1976) ਤੱਕ ਲਮਕਾਇਆ ਗਿਆ ! ਫੇਰ ਹੋਰ ਜਲੀਲ ਕਰਨ ਲਈ ਰਿਟਾਇਰਮੈਂਟ ਤੋਂ ਐਨ ਇੱਕ ਦਿਨ ਪਹਿਲਾਂ (30 ਅਪ੍ਰੈਲ 1976) ਨੂੰ ਹੀ ਬਿਨਾ ਅਦਾਲਤ ਦਾ ਫੈਸਲਾ ਉਡੀਕਿਆਂ ਨੌਕਰੀ ਤੋਂ ਡਿਸਮਿਸ ਕਰ ਦਿੱਤਾ ! ਇਕ ਦੇਸ਼ ਨੂੰ ਸਮਰਪਿਤ ਫੌਜੀ ਅਫਸਰ ਵਾਸਤੇ ਇਸਤੋਂ ਵੱਧ ਨਮੋਸ਼ੀ ਵਾਲੀ ਗੱਲ ਹੋਰ ਕੀ ਸਕਦੀ ਸੀ ! ਇਸੇ ਦੌਰਾਨ ਪਤਨੀ ਕੈਂਸਰ ਦਾ ਸ਼ਿੱਕਾਰ ਹੋ ਗਈ ਤੇ ਬੱਚਿਆਂ ਦੀ ਪੜਾਈ ਵੀ ਬੁਰੀ ਤਰਾਂ ਪ੍ਰਭਾਵਿਤ ਹੋਈ !
ਆਖਿਰ ਜਮੀਰ ਤੇ ਡੂੰਘੀਆਂ ਸੱਟਾਂ ਸਹਿੰਦੇ ਹੋਏ ਇਸ ਮਾਝੇ ਦੇ ਇਸ ਜਰਨੈਲ ਦਾ ਮਿਲਾਪ ਉਸ ਜਰਨੈਲ ਨਾਲ ਹੋਇਆ ਜਿਹੜਾ ਸਰੀਰਕ ਮੌਤ ਨੂੰ ਤੁੱਛ ਜਾਣਦਾ ਸੀ !
6 ਜੂਨ 1984 ਨੂੰ ਦੁਪਹਿਰ 12 ਕੁ ਵਜੇ ਜਨ.ਸੁਬੇਗ ਸਿੰਘ ਦੀ ਮਿਰਤਕ ਦੇਹ ਨੂੰ ਰੱਸਿਆਂ ਨਾਲ ਬੰਨ ਕੇ ਸ੍ਰੀ ਅਕਾਲ ਤਖ਼ਤ ਸਾਬ ਦੀ ਬੇਸਮੇਂਟ ਤੋਂ ਧੂਹ ਕੇ ਬਾਹਰ ਲਿਆਂਦਾ ! ਪਹਿਲਾਂ ਮ੍ਰਿਤਕ ਦੇਹ ਨੂੰ ਠੁੱਡ ਮਾਰ ਰੱਜ ਰੱਜ ਬੇਇੱਜਤ ਕੀਤਾ ਤੇ ਫੇਰ ਮ੍ਰਿਤਕ ਦੇਹ ਕੋਲ ਖਲੋ ਨਾਲ ਫੋਟੋਆਂ ਖਿਚਾਈਆਂ !
ਅਜੀਬ ਇਤਫ਼ਾਕ ਇਹ ਸੀ ਜਿਸ ਫੌਜੀ ਜਰਨੈਲ ਨੇ 100000 ਦੇ ਕਰੀਬ ਦੁਸ਼ਮਣ ਦੇ ਸਿਪਾਹੀਆਂ ਕੋਲੋਂ ਹਥਿਆਰ ਸੁਟਵਾ ਕੇ ਵੀ ਓਹਨਾ ਦੇ ਮਾਣ ਸਨਮਾਨ ਦਾ ਪੂਰਾ ਖਿਆਲ ਰਖਿਆ ਅੱਜ ਓਸੇ ਦੀ ਖੁਦ ਦੀ ਲਾਸ਼ ਓਸੇ ਦੇ ਮਹਿਕਮੇਂ ਵਾਲਿਆਂ ਰੱਜ ਰੱਜ ਪੈਰਾਂ ਵਿਚ ਰੋਲੀ !
ਇੱਕ ਅਜੀਬ ਇਤਫ਼ਾਕ ਇਹ ਵੀ ਸੀ ਕੇ ਜਿਸ ਕੁਰਪਸ਼ਨ ਦੇ ਦੋਸ਼ ਨੂੰ ਅਧਾਰ ਬਣਾ ਕੇ ਫੌਜ ਵਿਚੋਂ ਬੇਇੱਜਤ ਕਰ ਕੇ ਕੱਢਿਆ ਗਿਆ ਸੀ ..ਓਸੇ ਕੇਸ ਵਿਚੋਂ ਸੁਪ੍ਰੀਮ ਕੋਰਟ ਨੇ ਬਾਇੱਜਤ ਬਰੀ ਕਰ ਦਿੱਤਾ ਪਰ ਜਿਸ ਤਰਾਂ ਕਹਿੰਦੇ ਨੇ …”Justice delayed is justice denied”…ਉਸ ਵੇਲੇ ਤੱਕ ਦੇਰ ਹੋ ਚੁੱਕੀ ਸੀ ਤੇ ਇਹ ਬਾਗੀ ਦੁਨਿਆਵੀ ਅਦਾਲਤਾਂ ਦਾ ਮਖੌਲ ਉਡਾਉਂਦਾ ਹੋਇਆ ਬਹੁਤ ਦੂਰ ਜਾ ਚੁੱਕਾ ਸੀ !
“ਸੇਵਕ ਕੀ ਓੜਕ ਨਿਬਹੀ ਪ੍ਰੀਤ ” ਆਖ ਜਿੰਦਗੀ ਨੂੰ ਹੱਸ ਕੇ ਠੋਕਰ ਮਾਰਨ ਵਾਲਾ ਇਹ ਬਾਗੀ ਆਖਰੀ ਲੜਾਈ ਵਿਚ ਵੀ ਵਿਰੋਧੀਆਂ ਨੂੰ ਬੁਰੀ ਤਰਾਂ ਮਾਤ ਦੇ ਗਿਆ !

(ਆਪ ਵੀ ਪੜੋ ਤੇ ਹੋਰਨਾਂ ਨੂੰ ਪੜਾਓ ਤਾਂ ਜੋ ਕਈਆਂ ਦੇ ਮਨਾਂ ਵਿਚ ਇਸ ਯੋਧੇ ਪ੍ਰਤੀ ਪਾਏ ਭਰਮ ਭੁਲੇਖੇ ਦੂਰ ਹੋ ਸਕਣ)

ਹਰਪ੍ਰੀਤ ਸਿੰਘ ਜਵੰਦਾ

...
...

ਅਚਾਨਕ ਫੋਨ ਆਇਆ..
ਨਾਲਦੀ ਪੁੱਛ ਰਹੀ ਸੀ..ਘਰੇ ਕਦੋਂ ਆਉਂਣਾ?
ਆਖਿਆ ਕੋਈ ਪਤਾ ਨੀ..ਫੇਰ ਪੁੱਛਣ ਲੱਗੀ..ਰੋਟੀ ਖਾਦੀ ਏ?
ਐਵੇਂ ਆਖ ਦਿੱਤਾ..ਹਾਂ ਖਾ ਲਈ ਏ!
ਪਾਈ ਹੋਈ ਵਰਦੀ ਨਾਲੋਂ ਮੂੰਹ ਤੇ ਲਾਇਆ ਮਾਸਕ ਜਿਆਦਾ ਤੰਗ ਕਰ ਰਿਹਾ ਸੀ!

ਅਚਾਨਕ ਸਾਮਣੇ ਵਾਲੇ ਘਰ ਦਾ ਬੂਹਾ ਖੁਲਿਆ..ਦੋ ਜਵਾਕ ਸਨ!
ਮੈਂ ਜ਼ੋਰ ਦੀ ਡੰਡਾ ਥੱਲੇ ਮਾਰਿਆ ਤੇ ਅਵਾਜ ਦਿੱਤੀ..ਅੰਦਰ ਵੜ ਜੋ ਓਏ..ਤੁਹਾਨੂੰ ਨੀ ਪਤਾ ਕਰਫ਼ਿਯੂ ਲੱਗਿਆ..ਤੁਸੀਂ ਫੇਰ ਬਾਹਰ ਆ ਗਏ!
ਪਰ ਇਸ ਵਾਰ ਉਹ ਨਾ ਰੁਕੇ..ਕੋਲ ਆਏ..ਪੋਣੇ ਨਾਲ ਢੱਕੀ ਥਾਲੀ ਫੜਾ ਦਿੱਤੀ ਤੇ ਦੂਜੇ ਨੇ ਪਾਣੀ ਦੀ ਬੋਤਲ..!

ਨਿੱਕੀ ਆਖਣ ਲੱਗੀ ਮੰਮੀ ਆਖਦੀ ਸੀ..ਉਹ ਸਾਮਣੇ ਖਲੋਤਾ ਅੰਕਲ ਸੁਵੇਰ ਦਾ ਡਯੂਟੀ ਦੇ ਰਿਹਾ..ਉਸਨੇ ਕੁਝ ਨੀ ਖਾਦਾ..ਭੁੱਖਾ ਏ..ਜਾਓ ਰੋਟੀ ਦੇ ਆਓ!

ਮੈਂ ਪੋਣਾ ਚੁੱਕਿਆ..
ਅੰਦਰ ਚਾਰ ਫੁਲਕੇ..ਇੱਕ ਸਬਜੀ..ਅੰਬ ਦਾ ਅਚਾਰ ਤੇ ਹੋਰ ਨਿੱਕ ਸੁੱਕ..!

ਤਾਜੀ ਬਣੀ ਰੋਟੀ ਦੀ ਮਿੱਠੀ-ਮਿੱਠੀ ਖੁਸ਼ਬੋ ਫਿਜ਼ਾ ਵਿਚ ਫ਼ੈਲ ਗਈ..

ਕਿੰਨੇ ਚਿਰ ਤੋਂ ਕੋਲ ਸੁੱਤਾ ਨਿੱਕਾ ਜਿਹਾ ਕਤੂਰਾ ਵੀ ਕੋਲ ਆ ਪੂਛਲ ਹਿਲਾਉਣ ਲੱਗਾ..!

ਇੱਕ ਉਸਨੂੰ ਪਾ ਦਿੱਤੀ ਤੇ ਬਾਕੀ ਦੀਆਂ ਆਪ ਖਾ ਲਈਆਂ..!
ਭੁੱਖ ਨਾਲ ਬੁਰੀ ਤਰਾਂ ਪ੍ਰੇਸ਼ਾਨ ਦੋ ਰੂਹਾਂ ਹੁਣ ਸ਼ਾਂਤ ਹੋ ਚੁਕੀਆਂ ਸਨ ਤੇ ਨਿੱਕੇ ਨਿੱਕੇ ਹੱਥਾਂ ਵਾਲੇ ਦੋ ਰੱਬ ਇਨਸਾਨੀਅਤ ਦਾ ਹੋਕਾ ਦੇ ਕੇ ਵਾਪਿਸ ਪਰਤ ਚੁਕੇ ਸਨ!

ਹਰਪ੍ਰੀਤ ਸਿੰਘ ਜਵੰਦਾ

...
...

ਬੰਤਾ ਸੋਚ ਰਿਹਾ ਸੀ ਕਿ ਉਹ ਧੀ ਦੇ ਵਿਆਹ ਤੇ ਆਪਣੀ ਹੈਸੀਅਤ ਨਾਲ ਅੱਠ ਲੱਖ ਲਾ ਕੇ ਸੁਰਖਰੂ ਹੋ ਜਾਵੇਗਾ। ਕੁੱਝ ਪੈਸੇ ਉਸਦੇ ਕੋਲ ਸੀ ਤੇ ਕੁੱਝ ਉਹ ਫੜੵ ਕੇ ਟਾਈਮ ਸਾਰ ਲਵੇਗਾ। ਭਾਵੇਂ ਕਿ ਉਹ ਬਹੁਤਾ ਜਮੀਨ ਜਾਇਦਾਦ ਵਾਲਾ ਨਹੀਂ ਸੀ ਪਰ ਮਿਹਨਤੀ ਹੋਣ ਕਰਕੇ ਦੋ ਧੀਆਂ ਤੇ ਇੱਕ ਲੜਕੇ ਨੂੰ ਪ੍ਰਾਈਵੇਟ ਸਕੂਲ ਵਿੱਚ ਔਖਾ-ਸੌਖਾ ਹੋ ਕੇ ਪੜਾਈ ਜਾ ਰਿਹਾ ਸੀ। ਪਰ ਮਹਿੰਗਾਈ ਦਾ ਯੁੱਗ ਹੋਣ ਕਰਕੇ ਉਹ ਆਪਣੀ ਧੀ ਨੂੰ ਬਹੁਤਾ ਕੁਝ ਦੇਣ ਤੋਂ ਅਸਮਰਥ ਸੀ। ਉਹ ਵਾਰ-ਵਾਰ ਪਿੰਨ ਕਾਪੀ ਚੁੱਕਦਾ ਤੇ ਹਿਸਾਬ ਕਿਤਾਬ ਲਿਖਣ ਲੱਗ ਜਾਂਦਾ। ਉਸਨੂੰ ਲੱਗਦਾ ਸੀ ਕਿ ਵਿਆਹ ਤੇ ਖਰਚਾ ਜਿਆਦਾ ਹੋ ਗਿਆ ਤਾਂ ਉਸਨੂੰ ਪੈਲੀ ਦੇ ਕੇ ਛੁਟਕਾਰਾ ਕਰਨਾ ਪਵੇਗਾ। ਇਸ ਦੁਬਿਧਾ ਵਿੱਚ ਉਸਦਾ ਸਭ ਅਰਾਮ ਚੈਨ ਛੁੱਟ ਗਿਆ ਸੀ। ਜਿਵੇਂ-ਜਿਵੇਂ ਵਿਆਹ ਦੇ ਦਿਨ ਨੇੜੇ ਆ ਰਹੇ ਸਨ ਜਮਾਂ ਕੀਤੀ ਰਕਮ ਬਰਫ ਵਾਂਗ ਖੁਰਦੀ ਜਾ ਰਹੀ ਸੀ। ਰੋਜ ਦੀ ਖਰੀਦੋ-ਫਰੋਖਤ ਨਾਲ ਘਰ ਵਿਆਹ ਦੇ ਸਮਾਨ ਨਾਲ ਭਰ ਗਿਆ ਸੀ।
ਉਸਦੀ ਪਤਨੀ ਨਿੱਤ ਨਵੀਆਂ ਲਿਸਟ ਦੇ ਕੇ ਉਸਨੂੰ ਪਾਣੀਓ-ਪਾਣੀ ਕਰੀ ਜਾ ਰਹੀ ਸੀ ਤੇ ਉੱਤੋਂ ਤਿੰਨਾਂ ਬੱਚਿਆਂ ਦੇ ਖਰਚੇ ਸਾਹ ਸੁਕਾ ਰਹੇ ਸਨ। ਉਸਦੀ ਪਤਨੀ ਮਿੰਦੋ ਤੇ ਬੱਚੇ ਵਿਆਹ ਵਿੱਚ ਪੂਰਾ ਖਰਚ ਕਰ ਕੇ ਬੱਲੇ-ਬੱਲੇ ਕਰਾਉਣਾ ਚਾਹੁੰਦੇ ਸਨ। ਉਹਨਾਂ ਆਪਣੀ ਮਰਜ਼ੀ ਨਾਲ ਪੈਲਿਸ ਬੁੱਕ ਕਰਾਇਆ ਤੇ ਵਧੀਆ ਸਟਾਲਾਂ ਦੀ ਬੁਕਿੰਗ ਕਰਵਾਈ। ਮਹਿੰਗੇ ਕੱਪੜੇ ਖਰੀਦੇ ਤੇ ਵਿਆਹ ਲਈ ਕੀਮਤੀ ਸਮਾਨ ਖਰੀਦ ਕੇ ਪੈਸਾ ਪਾਣੀ ਵਾਂਗ ਵਹਾਇਆ। ਬੰਤੇ ਦੀ ਵਿਆਹ ਦੀ ਮਿਥੀ ਰਕਮ ਵਿਆਹ ਤੋਂ ਪਹਿਲਾਂ ਹੀ ਉੱਡ-ਪੁੱਡ ਚੁੱਕੀ ਸੀ ਤੇ ਉਸਨੇ ਆੜਤੀਏ ਤੋਂ ਵਿਆਜ ਤੇ ਹੋਰ ਪੈਸੇ ਚੁੱਕਣੇ ਪਏ। ਮਿੰਦੋ ਉਦਾਸ ਬੰਤੇ ਨੂੰ ਧਰਵਾਸ ਦਿੰਦੀ ਕਹਿਣ ਲੱਗੀ ਕਿ ਹੁਣ ਹਾਥੀ ਤਾਂ ਲੰਘ ਗਿਆ ਕੇਵਲ ਪੂਛ ਹੀ ਬਾਕੀ ਹੈ , ਕਾਹਤੋਂ ਐਵੇਂ ਘਬਰਾਉਂਦੇ ਹੋ ਜੀ। ਪੰਜਾਹ ਵਿਆਹ ਦੇ ਕਾਰਡ ਹੋਰ ਲੈ ਆਇਓ ਸ਼ਹਿਰੋਂ ਜਾ ਕੇ ਕੁਝ ਰਿਸ਼ਤੇਦਾਰ ਤੇ ਪਿੰਡ ਵਾਲੇ ਹੋਰ ਯਾਦ ਆ ਗਏ। ਇਸਤੋਂ ਮਗਰੋਂ ਆਪਾਂ ਸ਼ਹਿਰੋਂ ਜਾ ਕੇ ਸੁਨਿਆਰੇ ਦੀ ਦੁਕਾਨ ਤੋਂ ਕੁਝ ਹੋਰ ਗਹਿਣੇ ਲੈ ਕੇ ਆਉਣੇ ਹਨ। ਅਸੀਂ ਧੰਨ-ਧੰਨ ਕਰਵਾਉਣੀ ਹੈ। ਅਸੀਂ ਵਿਆਹ ਵਿੱਚ ਕੰਜੂਸੀ ਕਰਕੇ ਆਪਣਾ ਨੱਕ ਨਹੀਂ ਵਡਾਉਣਾ। ਸਾਡੀ ਵੀ ਪਿੰਡ ਵਿੱਚ ਕੋਈ ਹੈਸੀਅਤ ਹੈ। ਬੰਤਾ ਸੋਚ ਰਿਹਾ ਸੀ ਕਿ ਜਦੋਂ ਬਾਪ-ਦਾਦਾ ਦੀ ਮਿਹਨਤ ਨਾਲ ਬਣਾਈ ਭੋਇੰ ਹੀ ਖੁਸ ਗਈ ਫਿਰ ਨੱਕ ਕਿਵੇਂ ਬਚਿਆ ਰਹਿ ਜਾਊ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ

...
...

ਪਾਲਾ ਮੂੰਹ ਹਨੇਰੇ ਘਰੋਂ ਬਾਹਰ ਕੰਮ ਤੇ ਜਾਣ ਲੱਗਿਆ ਤਾਂ ਉਸਦੇ ਬਾਪੂ ਨੇ ਵਾਜ ਮਾਰ ਕੇ ਆਖਿਆ,” ਪੁੱਤ, ਬਾਹਰ ਜਾਣ ਲੱਗਿਆ ਨਾਲ ਸੋਟੀ ਜਾਂ ਡੰਡਾ ਲੈ ਕੇ ਜਾਈਦਾ ਹੈ।” ਇੱਕ ਗੱਲ ਹੋਰ ਸੁਣ ਲੈ ਬੈਟਰੀ ਵੀ ਚਾਨਣ ਵਾਸਤੇ ਕੋਲ ਰੱਖੀਦੀ ਹੈ। ਆਪਣਾ ਫੋਨ ਨਾ ਘਰੇ ਭੁੱਲ ਜਾਵੀਂ। ਵੇਲੇ-ਕੁਵੇਲੇ ਫੋਨ ਲਾ ਕੇ ਪਤਾ ਲੱਗ ਜਾਂਦਾ ਹੈ,ਕਦੋਂ ਆਉਣਾ ਹੈ ਤੇ ਨਾਲੇ ਫੋਨ ਬੈਟਰੀ ਦਾ ਵੀ ਕੰਮ ਕਰਦਾ ਹੈ। ਬਾਪੂ ਦੀਆਂ ਸਿਆਣਪ ਦੀਆਂ ਗੱਲਾਂ ਸੁਣ ਕੇ ਪਾਲਾ ਅਕਸਰ ਚਿੜ ਜਾਂਦਾ ਤੇ ਬੁੜ ਬੁੜ ਕਰਦਾ ਖਾਲੀ ਹੱਥ ਤੁਰ ਗਿਆ। ਉਹ ਬਾਪੂ ਨੂੰ ਪੁਰਾਣੇ ਜਮਾਨੇ ਦੇ ਸਮਝ ਕੇ ਬਹੁਤੀ ਵਾਰੀ ਅਣਗੌਲਿਆਂ ਕਰ ਦਿੰਦਾ ਤੇ ਮੁਫਤ ਦੀ ਸਲਾਹ ਨੂੰ ਫਜ਼ੂਲ ਸਮਝਦਾ ਸੀ। ਉਹ ਜਦੋਂ ਥੋੜੀ ਦੂਰ ਗਿਆ ਤਾਂ ਹਨੇਰਾ ਹੋ ਚੁੱਕਾ ਸੀ ਤੇ ਗਲੀ ਦੇ ਮੋੜ ਤੇ ਇੱਕ ਕੁੱਤਾ ਉਸਨੂੰ ਵੇਖ ਕੇ ਭੌਂਕ ਰਿਹਾ ਸੀ ਅਤੇ ਉਸਤੋਂ ਡਰ ਨਹੀਂ ਰਿਹਾ ਸੀ। ਉਸਨੇ ਪਿੱਛੇ ਮੁੜਨਾ ਮੁਨਾਸਿਬ ਸਮਝਿਆ ਤੇ ਹੋਰ ਗਲੀ ਵੱਲ ਦੀ ਚਾਲੇ ਪਾ ਲਏ। ਅੱਗੇ ਗਲੀ ਦੇ ਅੱਧ ਵਿਚਕਾਰ ਚਿੱਕੜ ਸੀ ਤੇ ਹਨੇਰਾ ਵੀ ਕਾਫੀ ਸੀ। ਉਸਨੇ ਫੋਨ ਕੱਢ ਕੇ ਟਾਰਚ ਜਗਾਈ ਤਾਂ ਮੋਬਾਇਲ ਦੀ ਬੈਟਰੀ ਘੱਟ ਹੋਣ ਕਾਰਨ ਫੋਨ ਬੰਦ ਹੋ ਗਿਆ। ਉਸਨੂੰ ਓਸੇ ਤਰਾਂ ਚਿੱਕੜ ਵਿੱਚੋਂ ਲੰਘਣਾ ਪਿਆ ਤੇ ਕੱਪੜੇ ਗੰਦੇ ਹੋਣ ਕਾਰਨ ਵਾਪਸ ਆਉਣਾ ਪਿਆ। ਵਾਪਸੀ ਸਮੇਂ ਉਸਨੂੰ ਬਾਪੂ ਦੀਆਂ ਮੱਤਾਂ ਵਾਰ-ਵਾਰ ਯਾਦ ਆ ਰਹੀਆਂ ਸਨ ਤੇ ਉਹ ਸੋਚ ਰਿਹਾ ਸੀ ਕਿ ਸਿਆਣਿਆਂ ਦੀਆਂ ਗੱਲਾਂ ਹਮੇਸ਼ਾ ਪੱਥਰ ਤੇ ਲਕੀਰ ਹੁੰਦੀਆਂ ਹਨ ,ਜਿੰਨਾਂ ਤੋਂ ਮੁਨਕਰ ਹੋਣਾ ਆਪਣੇ ਪੈਰੀਂ ਆਪ ਕੁਹਾੜੀ ਮਾਰਨੀ ਹੈ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ

...
...

ਪਿਛਲੇ ਕਈ ਦਿਨਾਂ ਤੋਂ ਜੰਗਲ ਤੇ ਆਲੇ ਦੁਆਲੇ ਦਾ ਸ਼ਾਂਤਮਈ ਵਾਤਾਵਰਨ ਦੇਖ ਕੇ ਸ਼ੇਰ ਨੇ ਸਾਰੇ ਜਾਨਵਰਾਂ ਦੀ ਇੱਕ ਮੀਟਿੰਗ ਬੁਲਾਈ। ਹਰ ਕਿਸੇ ਨੂੰ ਇਸ ਸ਼ੋਰ ਰਹਿਤ ਤੇ ਸੁਹਾਵਣੇ ਵਾਤਾਵਰਨ ਦਾ ਕਾਰਨ ਪੁੱਛਿਆ। ਸਾਰੇ ਜਾਨਵਰਾਂ ਤੇ ਪੰਛੀਆਂ ਨੇ ਇਸ ਸੰਬੰਧੀ ਆਪਣਾ-ਆਪਣਾ ਤਰਕ ਪੇਸ਼ ਕੀਤਾ। ਪਰ ਸ਼ੇਰ ਨੂੰ ਸਭ ਤੋਂ ਵਧੀਆ ਗੱਲ ਕੁੱਤੇ, ਗਾਂ, ਬਲਦ, ਸੱਪ, ਬਾਂਦਰ ਤੇ ਪੰਛੀਆਂ ਦੀ ਲੱਗੀ ਕਿਉਂਕਿ ਇਹ ਜਾਨਵਰ ਤੇ ਪੰਛੀ ਅਕਸਰ ਜੰਗਲ ਦੇ ਨਾਲ ਲੱਗਦੇ ਗੁਆਂਢੀ ਪਿੰਡਾਂ ਵਿੱਚ ਜਾਇਆ ਕਰਦੇ ਸਨ। ਸਭ ਤੋਂ ਪਹਿਲਾਂ ਕੁੱਤੇ ਨੇ ਸ਼ੇਰ ਨੂੰ ਕਿਹਾ ਕਿ ਇਸ ਸਮੇਂ ਪਿੰਡਾਂ ਤੇ ਸ਼ਹਿਰਾਂ ਵਿੱਚ ਪੂਰੀ ਤਰ੍ਹਾਂ ਚੁੱਪ ਪਸਰੀ ਹੋਈ ਹੈ। ਕੋਈ ਘੱਟ ਹੀ ਬਾਹਰ ਦੇਖਣ ਨੂੰ ਮਿਲਦਾ ਹੈ। ਸੜਕਾਂ ਤੇ ਪੂਰੀ ਸੁੰਨਸਾਨ ਹੈ। ਕੋਈ ਵੀ ਸਾਧਨ ਇੱਧਰ-ਉੱਧਰ ਜਾਂਦਾ ਘੱਟ ਹੀ ਪ੍ਰਤੀਤ ਹੁੰਦਾ ਹੈ। ਮੇਰੇ ਪਿੰਡ ਵਿੱਚ ਰਹਿਣ ਵਾਲੇ ਭਰਾ ਕੁੱਤੇ ਮੌਜ ਨਾਲ ਸੜਕਾਂ ਤੇ ਸੁੱਤੇ ਰਹਿੰਦੇ ਹਨ। ਕਿਸੇ ਨੂੰ ਕੋਈ ਕੁੱਟ-ਕੁਟਾਪਾ ਨਹੀਂ ਹੁੰਦਾ। ਅਚਾਨਕ ਹੀ ਸਾਰੇ ਬੰਦੇ ਤੇ ਔਰਤਾਂ ਘਰ ਵਿੱਚ ਕੈਦ ਹੋ ਗਏ ਹਨ। ਮੈਨੂੰ ਲੱਗਦਾ ਮਨੁੱਖ ਤੇ ਕੋਈ ਆਫ਼ਤ ਆ ਗਈ ਲੱਗਦੀ ਹੈ। ਸ਼ੇਰ ਨੇ ਸਾਰੀ ਗੱਲ ਸੁਣ ਕੇ ਥੋੜੀ ਚਿੰਤਾ ਜਤਾਈ। ਇਸ ਮਗਰੋਂ ਗਾਂ ਤੇ ਬਲਦ ਨੇ ਆਪਣੀ ਵਿਥਿਆ ਸੁਣਾਉਂਦੇ ਹੋਏ ਕਿਹਾ ਕਿ ਅਸੀਂ ਹਮੇਸ਼ਾ ਹੀ ਪਿੰਡ ਦੇ ਨੇੜੇ ਚਾਰਾ ਚਰਨ ਜਾਂਦੇ ਰਹਿੰਦੇ ਹਾਂ। ਮਨੁੱਖ ਇਸ ਸਮੇਂ ਸਾਨੂੰ ਪਰੇਸ਼ਾਨੀ ਵਿੱਚ ਲੱਗਦਾ ਹੈ ਤੇ ਆਪਣੇ ਮੂੰਹ ਤੇ ਸਿੱਕਲੀ ਜਿਹੀ ਝੜਾਈ ਰੱਖਦਾ ਹੈ। ਗਾਂ ਨੇ ਬਲਦ ਦੀ ਗੱਲ ਟੋਕਦੇ ਹੋਏ ਕਿਹਾ ਕਿ ਉਹ ਸਿੱਕਲੀ ਨਹੀਂ ਹੈ, ਉਸਨੂੰ ਮਾਸ ਕਹਿੰਦੇ ਹਨ, ਮੈਂ ਆਪ ਔਰਤਾਂ ਨੂੰ ਗੱਲਾਂ ਕਰਦੇ ਹੋਏ ਸੁਣਿਆ ਹੈ। ਗਾਂ ਤੇ ਬਲਦ ਦੀ ਗੱਲ ਸੁਣ ਕੇ ਜੰਗਲ ਦੇ ਸਾਰੇ ਜਾਨਵਰ ਹੈਰਾਨ ਜਿਹੇ ਹੋ ਗਏ। ਇਸਤੋਂ ਮਗਰੋਂ ਸੱਪ ਨੇ ਆਪਣੀ ਗੱਲ ਦੱਸਦੇ ਹੋਏ ਕਿਹਾ ਕਿ ਉਂਞ ਤਾਂ ਭਾਵੇਂ ਸਾਡਾ ਇੱਟ ਕੁੱਤੇ ਦਾ ਵੈਰ ਹੈ ਪਰ ਅੱਜ ਕੱਲ੍ਹ ਸਾਰੇ ਘਰਾਂ ਦੇ ਦਰਵਾਜ਼ੇ ਬੰਦ ਰਹਿੰਦੇ ਹਨ। ਕੋਈ ਵੀ ਆਪਣਾ ਬਾਰ ਨਹੀਂ ਖੋਲਦਾ ਜਿਸ ਕਰਕੇ ਸਾਨੂੰ ਘਰਾਂ ਵਿੱਚ ਵੜਨਾ ਮੁਸ਼ਕਲ ਹੈ। ਪਰ ਹੁਣ ਇੱਕ ਗੱਲ ਹੋਰ ਹੈ ਕਿ ਸਾਡੇ ਮਗਰ ਡੰਡੇ ਤੇ ਰੋੜੇ ਲੈ ਕੇ ਕੋਈ ਨਹੀਂ ਪੈਂਦਾ। ਹਰ ਕੋਈ ਹੱਥ ਵਿੱਚ ਚਪੇੜ ਜਿਹੀ ਫੜੵ ਕੇ ਵਿਅਸਤ ਹੈ ਤੇ ਦੂਰ-ਦੂਰ ਬੈਠਾ ਹੁੰਦਾ ਹੈ। ਹੁਣ ਤਾਂ ਸਾਡੇ ਵੱਲ ਕਿਸੇ ਦਾ ਧਿਆਨ ਨਹੀਂ। ਲੱਗਦਾ ਹੈ ਜਿਵੇਂ ਸਾਡੀ ਤੇ ਮਨੁੱਖਾਂ ਦੀ ਦੁਸ਼ਮਣੀ ਖਤਮ ਹੋ ਗਈ ਹੋਵੇ। ਅਸੀਂ ਮੌਜ ਨਾਲ ਖੇਤਾਂ ਵਿੱਚ ਘੁੰਮਦੇ ਹਾਂ, ਬਿਨਾਂ ਕਿਸੇ ਰੋਕ ਟੋਕ ਤੋਂ। ਅੱਗੇ ਤਾਂ ਸਾਨੂੰ ਦੇਖਣ ਸਾਰ ਮਨੁੱਖ ਅੱਗ ਬਬੂਲਾ ਹੋ ਜਾਂਦਾ ਸੀ ਤੇ ਮਨੁੱਖ ਦਾ ਇਕਦਮ ਸੁਭਾਅ ਬਦਲਣਾ ਤੇ ਸਾਰੇ ਪਾਸੇ ਸੁੰਨਸਾਨ ਹੋਣੀ ਵੱਡੀ ਅਚੰਭੇ ਵਾਲੀ ਗੱਲ ਲੱਗਦੀ ਹੈ। ਬਾਂਦਰ ਨੇ ਇਹਨਾਂ ਸਾਰਿਆਂ ਦੀ ਗੱਲ ਸੁਣ ਕੇ ਕਿਹਾ ਕਿ ਅਸੀਂ ਹੀ ਇਹਨਾਂ ਦੇ ਵੱਡੇ-ਵਡੇਰੇ ਹਾਂ। ਮਨੁੱਖ ਬਹੁਤ ਮਤਲਬ ਪ੍ਰਸਤ ਹੈ। ਸਾਥੋਂ ਵਿਕਾਸ ਕਰਕੇ ਆਪ ਤਾਂ ਮਨੁੱਖ ਬਣ ਗਿਆ ਤੇ ਸਾਨੂੰ ਬਾਂਦਰ ਦਾ ਬਾਂਦਰ ਬਣਾ ਕੇ ਛੱਡ ਗਿਆ। ਅਸੀਂ ਤਾਂ ਰੁੱਖਾਂ ਦੀਆਂ ਟਾਹਣੀਆਂ ਨਾਲ ਲਟਕਦੇ ਫਿਰਦੇ ਹਾਂ ਤੇ ਆਪ ਗੱਡੀਆਂ ਤੇ ਕੋਠੀਆਂ ਦਾ ਮਾਲਕ ਬਣ ਗਿਆ। ਇਹ ਕਿਸੇ ਦਾ ਸਕਾ ਨਹੀਂ। ਇਹਨੇ ਸਾਰਾ ਵਾਤਾਵਰਨ ਦੂਸ਼ਿਤ ਕਰ ਕੇ ਰੱਖ ਦਿੱਤਾ ਹੈ। ਇਹ ਚਾਰ ਦਿਨ ਸ਼ਾਂਤੀ ਦੇ ਮਿਲੇ ਨੇ, ਨਹੀਂ ਤਾਂ ਪ੍ਰਦੂਸ਼ਣ ਨਾਲ ਇਸਨੇ ਜੀਣਾ ਹਰਾਮ ਕਰ ਛੱਡਿਆ ਸੀ। ਬਾਂਦਰ ਦੀ ਇਨਸਾਨ ਪ੍ਰਤੀ ਈਰਖਾ ਨੂੰ ਦੇਖਦੇ ਹੋਏ ਸ਼ੇਰ ਨੇ ਬਾਂਦਰ ਨੂੰ ਟੋਕਿਆ ਤੇ ਸਹੀ ਗੱਲ ਦੱਸਣ ਲਈ ਕਿਹਾ। ਬਾਂਦਰ ਕਹਿਣ ਲੱਗਾ ਕਿ ਹਜੂਰ ਸਾਹਿਬ, ਕਿਤੇ ਕੋਈ ਪਿੰਡਾਂ ਤੇ ਸ਼ਹਿਰਾਂ ਵਿੱਚ ਪੱਤਾ ਨਹੀਂ ਹਿਲਦਾ। ਚਾਰੇ ਪਾਸੇ ਚੁੱਪ ਵਰਤੀ ਹੋਈ ਹੈ। ਅਸੀਂ ਤਾਂ ਮਨੁੱਖ ਦੇ ਪੂਰਵਜ ਹੋਣ ਕਰਕੇ ਸਾਰੀ ਗੱਲ ਸਮਝਦੇ ਹਾਂ। ਅਸਲ ਵਿੱਚ ਜਨਾਬ, ਇਹਨਾਂ ਨੂੰ ਕੋਈ ਕਰੋਨਾ ਨਾਮਕ ਭਿਆਨਕ ਬਿਮਾਰੀ ਚਿੰਬੜ ਗਈ ਹੈ ਤਾਂ ਹੀ ਸੱਪਾਂ ਵਾਂਗ ਖੁੱਡਾਂ ਵਿੱਚ ਲੁੱਕਦੇ ਫਿਰਦੇ ਹਨ। ਚਾਰੇ ਪਾਸੇ ਹਾਹਾਕਾਰ ਮੱਚੀ ਪਈ ਹੈ। ਸੜਕਾਂ ਤੇ ਸਿਰਫ ਖਾਕੀ ਵਰਦੀ ਵਾਲੇ ਹੀ ਡੰਡੇ ਲਈ ਫਿਰਦੇ ਹਨ। ਬੜੀ ਭੈੜੀ ਕੁਟਾਈ ਕਰਦੇ ਹਨ। ਐਂਵੇਂ ਨਾ ਕਿਤੇ ਪਿੰਡ-ਸ਼ਹਿਰ ਵੱਲ ਨਿਕਲ ਜਾਇਓ। ਜਨਾਬ, ਐਨੇ ਬੰਦੇ ਹਰ ਰੋਜ ਮਰਦੇ ਹਨ,ਜਿੰਨੇ ਤੁਸੀਂ ਸਾਲ ਵਿੱਚ ਜਾਨਵਰ ਵੀ ਨਹੀਂ ਖਾਧੇ ਹੋਣਗੇ। ਮੈਨੂੰ ਤਾਂ ਜਨਾਬ, ਇਹ ਸ਼ੱਕ ਹੈ ਕਿ ਇਹ ਬਿਮਾਰੀ ਆਪਣ ਨੂੰ ਨਾ ਕਿਤੇ ਚਿੰਬੜ ਜਾਵੇ। ਤੁਸੀਂ ਤਾਂ ਭੁੱਖੇ ਮਰ ਜਾਵੋਗੇ। ਤੁਸੀਂ ਵੀ ਜਨਾਬ, ਸਾਰੇ ਜਾਨਵਰਾਂ ਤੇ ਪੰਛੀਆਂ ਨੂੰ ਦੂਰ-ਦੂਰ ਰਹਿਣ ਲਈ ਕਹੋ। ਇਹ ਬਿਮਾਰੀ ਮੈਂ ਸੁਣਿਆ ਇੱਕ ਦੂਜੇ ਤੋਂ ਫੈਲਦੀ ਹੈ। ਜੇ ਇੱਕ ਵਾਰੀ ਬਿਮਾਰੀ ਫੈਲੵ ਗਈ ਤਾਂ ਸਾਰਾ ਜੰਗਲ ਖਾਲੀ ਹੋ ਜਾਵੇਗਾ। ਬਾਂਦਰ ਦੀ ਦੱਸੀ ਸਾਰੀ ਗੱਲ ਦੀ ਗਵਾਹੀ ਸਾਰੇ ਪੰਛੀਆਂ ਨੇ ਵੀ ਭਰੀ। ਉਹਨਾਂ ਨੇ ਵੀ ਮਨੁੱਖ ਦੀ ਤਰਸਯੋਗ ਹਾਲਤ ਬਾਰੇ ਦੱਸਿਆ। ਸਾਰੇ ਜਾਨਵਰ ਤੇ ਪੰਛੀ ਮਨੁੱਖ ਦੀ ਬੁਰੀ ਹਾਲਤ ਤੇ ਦੁੱਖ ਪ੍ਰਗਟ ਕਰਨ ਲੱਗੇ ਤੇ ਭਵਿੱਖ ਵਿੱਚ ਇਸ ਬਿਮਾਰੀ ਦੇ ਜੰਗਲ ਵਿੱਚ ਫੈਲਣ ਤੋਂ ਘਬਰਾਉਣ ਲੱਗੇ। ਸ਼ੇਰ ਨੇ ਮੁਖੀ ਹੋਣ ਦੇ ਨਾਤੇ ਕਿਹਾ ਕਿ ਭਾਂਵੇਂ ਇਸ ਤਰ੍ਹਾਂ ਦਾ ਸੋਹਣਾ ਵਾਤਾਵਰਨ ਅਸੀਂ ਕਦੇ ਨਹੀਂ ਵੇਖਿਆ ਪਰ ਅਸੀਂ ਮਨੁੱਖ ਵਰਗੇ ਅਕ੍ਰਿਤਘਣ ਨਹੀਂ ਹਾਂ। ਸੋ, ਸਾਨੂੰ ਇਹ ਵੀ ਪਤਾ ਹੈ ਕਿ ਇਸ ਮੁਸੀਬਤ ਦੇ ਟਲਣ ਨਾਲ ਸਾਨੂੰ ਓਹੀ ਪ੍ਰਦੂਸ਼ਣ ਵਾਲਾ ਵਾਤਾਵਰਨ ਮਿਲਣਾ ਹੈ ਪਰ ਫਿਰ ਵੀ ਅਸੀਂ ਮਨੁੱਖ ਦੀ ਦੁਆ ਸਲਾਮਤੀ ਲਈ ਸਾਰੇ ਮਿਲ ਕੇ ਅਰਦਾਸ ਕਰਾਂਗੇ ਕਿ ਹੇ ਪਰਮਾਤਮਾ ! ਤੂੰ ਇਸ ਭਿਆਨਕ ਆਫ਼ਤ ਤੋਂ ਮਨੁੱਖ ਦਾ ਛੁਟਕਾਰਾ ਕਰਾ ਤੇ ਇਸਨੂੰ ਸੁੱਧ ਵਾਤਾਵਰਨ ਰੱਖਣ ਦੀ ਸੁਮੱਤ ਬਖਸ਼, ਆਮੀਨ।
ਸਰਬਜੀਤ ਸਿੰਘ ਜਿਉਣ ਵਾਲਾ,ਫਰੀਦਕੋਟ
ਮੋਬਾਇਲ – 9464412761

...
...

ਸਿੱਖ ਕੌਮ ਨੂੰ ਗੁਰੂ ਨਾਨਕ ਦੇਵ ਸਾਹਿਬ ਤੋਂ ਕਿਰਤ ਕਰਨ,ਵੰਡ ਛਕਣ ਤੇ ਨਾਮ ਜਪਣ ਦੀ ਸਿੱਖਿਆ ਮਿਲੀ ਹੈ, ਜਿਸ ਕਾਰਣ ਸਿੱਖ ਕੌਮ ਚਾਹੇ ਉਸਦੇ ਆਪਣੇ ਘਰ ਦਾ ਗੁਜਾਰਾ ਮੁਸ਼ਕਿਲ ਨਾਲ ਚਲਦਾ ਹੋਵੇ ਪਰ ਉਹ ਉਸ ਵਿੱਚੋਂ ਵੀ ਵੰਡਣ ਦਾ ਦਿਲ ਰੱਖਦਾ ਹੈ।
ਇਹ 2019 ਦੀ ਯੂ ਪੀ ਦੀ ਇਕ ਸੱਚੀ ਘਟਨਾ ਹੈ। ਇਕ 60 ਕੁ ਸਾਲਾਂ ਦੇ ਬਜੁਰਗ ਨੂੰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਛਬੀਲ ਦੀ ਸੇਵਾ ਕਰਦਿਆਂ ਨੂੰ ਕੂਲਹਿ ਦੀ ਹੱਡੀ ਟੁੱਟ ਗਈ। ਉਨ੍ਹਾਂ ਦੀ ਤਿੰਨ ਧੀਆਂ ਜੋ ਵਿਆਹੀਆਂ ਹੋਈਆਂ ਸਨ ਪਰ ਉਹ ਵੀ ਬਹੁਤ ਗਰੀਬ ਸਨ ਅਤੇ ਪਤਨੀ ਵੀ ਦਿਮਾਗੀ ਮਰੀਜ ਸੀ। ਘਰ ਪੁੱਤਰ ਵੀ ਨਹੀਂ ਸੀ। ਕਿਸੇ ਤਰ੍ਹਾਂ ਸਿੱਖ ਸੰਗਤਾਂ ਨੇ ਦਸਵੰਤ ਦੇ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਅਤੇ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਨੂੰ ਇੱਕ ਅਨਾਥਾਸ਼੍ਰਮ ਵਿਚ ਰਹਿਣ ਦਾ ਪ੍ਰਬੰਧ ਕੀਤਾ।ਸਰਕਾਰ ਵੱਲੋਂ ਦਿੱਤੀ ਜਾਉਣ ਵਾਲੀ ਬੁੱਢਾਪਾ ਪੇਨਸ਼ਨ ਲਈ ਵੀ ਕੋਸ਼ਿਸ਼ ਕੀਤੀ।ਜਰੂਰਤ ਲਈ ਉਨ੍ਹਾਂ ਨੂੰ ਕੁਛ ਪੈਸੇ ਵੀ ਸੰਗਤਾਂ ਨੇ ਦਸਵੰਤ ਤੋਂ ਦਿੱਤੇ ਕਿ ਕਿਸੇ ਜਰੂਰਤ ਅਤੇ ਦਵਾ ਦਾਰੂ ਦੀ ਪਰੇਸ਼ਾਨੀ ਨਾ ਹੋਵੇ।ਇਨ੍ਹਾਂ ਹਾਲਾਤਾਂ ਦੇ ਚਲਦਿਆਂ ਵੀ ਉਨ੍ਹਾਂ ਦੀ ਸੇਵਾ ਕਰਨ ਦੀ ਭਾਵਨਾ ਘਟ ਨਹੀਂ ਸੀ ਹੋਈ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਆਪਣੀ ਬੇਟੀ ਨੂੰ ਕਹਿੰਦੇ ਕਿ ਮੇਰੇ ਤੋਂ ਕੁਛ ਪੈਸੇ ਲੈ ਕੇ ਕੁਛ ਫਲ ਯਾ ਨਗਰ ਕੀਰਤਨ ਵਿੱਚ ਵੰਡਣ ਲਈ ਕੁਛ ਸਮਾਨ ਲੈ ਅਾਈਂ ਮੈ ਸੇਵਾ ਕਰਨਾ ਚਾਹੁੰਦਾ ਹਾਂ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਮੇਰੇ ਤੋਂ ਰਿਹਾ ਨਹੀਂ ਜਾਉਂਦਾ । ਕੁਛ ਵੰਡਣ ਨੂੰ ਦਿਲ ਕਰਦਾ ਹੈ।
ਉਨ੍ਹਾਂ ਦੀ ਬੇਟੀ ਨੇ ਜਦੋਂ ਮੈਨੂੰ ਇਹ ਗੱਲ ਦੱਸੀ ਕਿ ਬਾਪੂ ਜੀ ਇਸ ਤਰ੍ਹਾਂ ਦੀ ਜਿਦ ਕਰ ਰਹੇ ਹਨ ਜਾਣ ਕੇ ਹੈਰਾਨੀ ਵੀ ਹੋਈ ਅਤੇ ਖੁਸ਼ੀ ਵੀ ਹੋਈ ਸਿੱਖ ਦੀ ਵੰਡ ਛਕਣ ਦੀ ਪਰਵਰਤੀ ਨੂੰ ਉਸਦੇ ਹਾਲਾਤ ਵੀ ਡੋਲਣ ਨਹੀਂ ਦਿੰਦੇ। ਉਹ ਹਰ ਪਰਿਸਥਿਤੀ ਵਿਚ ਵੀ ਗੁਰੂ ਸਾਹਿਬ ਦੇ ਦਿਖਾਏ ਮਾਰਗ ਤੋਂ ਡੋਲਦਾ ਨਹੀਂ ਹੈ।

Submitted By:- ਸਤਨਾਮ ਕੌਰ

...
...

ਇਸ ਕਹਾਣੀ ਦੇ ਪਾਤਰ ਅਸਲੀ ਨਹੀਂ ਹਨ, ਲੇਕਿਨ ਕਹਾਣੀ ਸੱਚ ਅਤੇ ਝੂਠ ਦਾ ਪਰਦਾ ਫ਼ਾਸ਼ ਕਰਦੀ ਹੈ ।

ਜੋ ਹਠ ਸਾਧਨਾ ਹੁੰਦੀ ਹੈ ਸਾਧੂ ਸੰਤ ਦੀ ਕੀਤੀ, ਬਹੁਤ ਔਖੀ ਹੁੰਦੀ ਹੈ।
ਉਨ੍ਹਾਂ ਨੂੰ ਕਈ ਦਿਨ ਭੁੱਖੇ ਪਿਆਸੇ ਰਹਿ ਕੇ, ਸੱਚ ਨੂੰ ਸਾਹਮਣੇ ਲਿਆਉਣਾ ਪੈਂਦਾ ਹੈ।

ਉਹ ਅਜਿਹੇ ਕੰਮ ਕਰ ਜਾਂਦੇ ਹਨ ਜੋ ਉਨ੍ਹਾਂ ਦੀ ਦੁਨੀਆਂ ਦੇ ਹੀ ਵਸ ਦੀ ਗੱਲ ਹੁੰਦੀ ਹੈ,
ਜੋ ਹਰ ਇਨਸਾਨ ਦੀ ਸੋਚ ਤੋਂ ਵੀ ਪਰੇ ਹੁੰਦੀ ਹੈ।

(  ਇਹ ਭੁਲੇਖਾ ਨਹੀਂ ਸੱਚ ਹੈ ਨਾ ਹੀ ਕੋਈ ਅੰਧਵਿਸ਼ਵਾਸ ਹੈ  )

ਆਉ ਪੜ੍ਹਦੇ ਹਾਂ, ਕਹਾਣੀ

–  –  –  –

“ਅਰੁਣ ਜਾ ਜਾ ਕੇ ਵੇਖ, ਬਾਹਰ ਕੋਈ ਆਇਆ ਹੈ,

“ਮੰਮੀ ਕੋਈ ਸਾਧੂ ਹੈ, ਇਹ ਨੂੰ ਕੋਈ ਦਾਨ ਦਖਸ਼ਣਾ ਦੇ ਦੇਵੋਂ।”

“ਘਰ ਵਿੱਚ ਮੇਰੇ ਕੋਲ ਤਾਂ ਕੋਈ ਖੁੱਲਾ ਪੈਸਾ ਹੈ ਹੀ ਨਹੀਂ, ਤੂੰ ਉਸ ਨੂੰ ਕਹਿ, “ਫੇਰ ਕਦੇ ਆਵੀਂ ਤੇ ਦਾਨ ਲੈ ਜਾਵੀਂ।”

“ਬਾਬਾ ਫੇਰ ਕਦੇ ਆਵੀਂ, ਜਦੋਂ ਤੱਕ ਮੈਂ ਬਾਰਵੀਂ ਚੋਂ ਪਾਸ ਵੀ ਹੋ ਜਾਵਾਂਗਾ, ਮੈਂ ਤੈਨੂੰ ਖੁਸ਼ ਕਰ ਦੇਵਾਂਗਾ, ਤੁਸੀ ਮੇਰੀ ਰੱਬ ਅੱਗੇ ਇਹੀ ਦੁਆ ਕਰਿਓ, ਕੀ ਮੈਂ ਚੰਗੇ ਨੰਬਰਾਂ ਨਾਲ ਪਾਸ ਹੋ ਜਾਵਾ।”

” ਆ ਲੈ ਬੱਚਾ ਤੈਨੂੰ, ਮੈਂ ਗੁਰ ਮੰਤਰ ਦਿੰਦਾ ਹਾਂ, ਆਪਣਾ ਹੱਥ ਕਰ ਆਹ ਲੈ ਚਾਰ ਦਾਣੇ, ਹੁਣ ਮੁੱਠੀ ਬੰਦ ਕਰ ਲੈ, ਹੁਣ ਆਪਣੀ ਮੁੱਠੀ ਖੋਲ ਲੈ।”

“ਆਹ ਕੀ ਬਾਬਾ ! ਚਾਰ ਤੋਂ ਵੀਹ ਦਾਣੇ ਬਣ ਗਏ।”

” ਇਹ ਬਾਬਿਆਂ ਨੇ ਖੁਸ਼ ਹੋ ਕੇ ਤੇਰੇ ਧੰਨ ਵਿੱਚ ਵਾਧਾ ਕੀਤਾ ਹੈ,
ਤੈਨੂੰ ਕੋਈ ਵੀ ਹੁਣ ਨਹੀਂ ਰੋਕ ਸਕਦਾ, ਪਾਸ ਹੋਣ ਤੋਂ।”

“ਬਾਬਾ, ਪਰ ਇੱਕ ਪੇਪਰ ਬੜਾ ਹੀ ਮਾੜਾ ਹੋਇਆ, ਉਹ ਪੇਪਰ ਮੈਨੂੰ ਕਿੱਧਰੇ ਦੁਆਰਾ ਨਾ ਪਾਉਣਾ ਪੈ ਜਾਵੇ,

“ਸੰਤਾਂ ਦੇ ਹੁੰਦੇ ਹੋਏ ‘ਤੂੰ ‘ ਉਸ ਵਿਚੋਂ ਵੀ ਚੰਗੇ ਨੰਬਰ ਲੈ ਜਾਵੇਗਾ।”

“ਹੁਣ ਤੂੰ ਬਾਬਿਆਂ ਨੂੰ ਕੋਲੀ, ਚਿੰਨੀ ਦੀ ਤਾਂ ਦੇਂਦੇ।”

ਥੋੜੇ ਸਮੇਂ ਬਾਅਦ…

ਅਰੁਣ ਬੇਟਾ, “ਅੱਜ ਤਾਂ ਚਿੰਨੀ ਵੀ ਨਹੀਂ, ਅਸੀਂ ਅੱਜ ਚਾਹ ਤੋਂ ਬਗੈਰ ਹੀ ਰਹਿ ਗਏ, ਪਤਾ ਨਹੀਂ ਚਿੰਨੀ ਥੋੜ੍ਹੀ ਜਿਹੀ ਸੀ, ਡੱਬੇ ਵਿੱਚ ਜਾ ਨਹੀਂ,  ਸਵੇਰੇ ਬਚਦੀ ਤਾਂ ਸੀ।”

“ਪਿਤਾ ਜੀ ਅੱਜ ਦੀ ਗੱਲ ਦੱਸਾ,ਅੱਜ ਇੱਕ ਸੰਤ ਆਈਆਂ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਪਾਸ ਹੋ ਜਾਵੇਗਾ।”

“ਅਰੁਣ ਪੁੱਤਰ, ਇਸ ਤਰ੍ਹਾਂ ਦੇ ਬਾਬੇ ਤਾਂ ਪਾਖੰਡੀ ਹੁੰਦੇ ਨੇ, ਉਹ ਜਾਦੂਗਰ ਵਾਂਗ ਭੁਲੇਖਾ ਪਾ ਦਿੰਦੇ ਨੇ, ਮੈ ਤਾਂ ਇਹਨਾਂ ਨੂੰ ਕਦੇ – ਕਦੇ ਚਲੰਨਤਰੀ ਵੀ ਕਹਿ ਦਿੰਦਾ ਹਾਂ, ਬੇਟਾ, “ਇਹ ਰੰਗ ਵਰੰਗੀ ਹੈ ਦੁਨੀਆਂ ਇੱਥੇ ਸੱਚ ਵੀ ਹੈ ਅਤੇ ਝੂਠ ਵੀ।”

ਇੱਕ ਵਾਰ ਦੀ ਗੱਲ ਹੈ…

“ਮੇਰੇ ਚਾਹ ਦੀ ਦੁਕਾਨ ਉੱਤੇ ਇਕ ਗੱਡੀ ਰੁਕੀ, ਜਿਸ ਵਿੱਚ ਪੰਜ ਸੱਤ ਸਾਧੂ ਉਤਰੇ, ਮੈਨੂੰ ਆਖਣ ਲੱਗੇ, “ਅਸੀਂ ਬੜੀ ਦੂਰ ਤੋਂ ਆਏ ਹਾਂ, ਸਾਨੂੰ ਬਹੁਤ ਭੁੱਖ ਲੱਗੀ ਹੈ ਰੋਟੀ ਖੁਆਹ ਦੇ ਬੱਚਾ।”

ਮੈਂ ਕਿਹਾ, “ਕਿਉ ਨਹੀਂ ਸੰਤ ਜੀ, ਤੁਸੀਂ ਪੰਗਤ ਲਗਾਓ, ਮੈ ਤਹਾਨੂੰ ਪਹਿਲਾਂ ਚਾਹ ਪਿਲਾਉਂਦਾ ਫੇਰ ਰੋਟੀ ਦਾ ਵੀ ਪ੍ਬੰਧ ਕਰ ਦਿੰਦਾ, ਤੁਸੀਂ ਬੈਠੋਂ ਬਸ ਥੋੜ੍ਹਾ ਜਿਹਾ ਇੰਤਜ਼ਾਰ ਕਰੋਂ। ”

“ਸੰਤਾਂ ਨੇ ਖੂਬ ਰੱਜ ਕੇ ਰੋਟੀ ਖਾਂਦੀ, ਕੋਲ ਲੱਗੀਆ ਤਾਜੀਆਂ ਮੁਲੀਆ ਵੀ ਰੋਟੀ ਨਾਲ ਬੜੇ ਸੁਆਦ ਨਾਲ ਖਾਧੀਆਂ, ਮੈਂ ਸੰਤਾ ਦੀ ਖੂਬ ਸੇਵਾ ਕੀਤੀ।”

ਕੁੱਝ ਸਮੇਂ ਅਰਾਮ ਕਰਨ ਬਾਅਦ ਵਿੱਚ ਮੈਨੂੰ ਕਿਹਾ, ” ਬੇਟਾ ਤੂੰ ਸਾਡੀ ਬਹੁਤ ਸੇਵਾ ਕੀਤੀ ਹੈ, ਅਸੀਂ ਤੈਨੂੰ ਕੁਝ ਦਿਖਾਉਣਾ ਚਹੁੰਦੇ ਹਾਂ, ਆਹ ਵੇਖ ਕੁਝ ਤਸਵੀਰਾਂ ਇਹ ਸਾਡੇ ਪਰਿਵਾਰ ਦੀਆਂ ਹਨ, ਮੈਂ ਵੇਖਿਆ ਉਹਨਾਂ ਨੇ ਕੁਝ ਤਸਵੀਰਾਂ ਸਾਧੂਆਂ ਦੀਆਂ ਇਕੱਠੀਆ ਕੀਤੀਆਂ ਹੋਈਆਂ ਸਨ, ਫਿਰ ਮੈਂਨੂੰ ਉਹਨਾਂ ਨੇ ਮੈਨੂੰ ਆਪਣੀਆ ਗੱਲਾਂ ਵਿੱਚ ਪਾ ਕੇ ਕਿਹਾ, “ਇਹ ਜੋ ਤੂੰ ਘੜੀ ਲਾਈ ਹੈ ਇਹ ਸਾਨੂੰ ਦੇਂ ਦੇ, ਇਹ ਬਾਬਿਆਂ ਨੂੰ ਪਸੰਦ ਆ ਗਈ ਹੈ, ਮੈ ਘੜੀ ਖੋਲ ਤਾਂ ਦਿੱਤੀ, ਪਰ ਮੇਰਾ ਦਿਲ ਨਹੀਂ ਸੀ ਕਰਦਾ, ਮੈਂ ਇਹ ਕਿਮਤੀ ਘੜੀ ਉਹਨਾਂ ਨੂੰ ਦੇ ਦੇਵਾਂ।”

ਉਹਨਾਂ ਨੇ ਮੈਨੂੰ ਤੇਰੀ ਕਸਮ ਖੁਆ ਲਈ, “ਤੂੰ ਆਪਣੇ ਇਕ ਬੇਟੇ ਦੀ ਕਸਮ ਖਾਂ, ਤੂੰ ਸਾਨੂੰ ਇਹ ਘੜੀ ਦੇਣ ਤੋਂ ਇਨਕਾਰ ਨਹੀ ਕਰੇਗਾ।”

ਮੈਂ ਘੜੀ ਉਹਨਾਂ ਨੂੰ ਖੋਲ ਕੇ ਦੇ ਦਿੱਤੀ, ਬਾਬਿਆਂ ਨੇ ਜੀਪ ਨੂੰ ਚਾਲੂ ਕੀਤਾ ਤੇ ਚਲਦੇ ਬਣੇ।”

ਮੈਨੂੰ ਬਾਅਦ ‘ਚ’ ਅਹਿਸਾਸ ਹੋਇਆ ਕਿ ਉਹ ਸਾਧੂਆਂ ਦੇ ਭੇਸ਼ ਵਿੱਚ ਆਮ ਬੰਦੇ ਹੀ ਸਨ , ਜੋ ਮੈਂਨੂੰ ਲੁੱਟ ਕੇ ਲੈ ਗਏ ।

ਉਸ ਸਮੇਂ ਮੈਨੂੰ ਉਸ ਵੇਲੇ ਦੀ ਯਾਦ ਆਈ, ਜਦੋਂ ਮੈਨੂੰ ਇੱਕ ਅਸਲੀ ਸੰਤ ਮਿਲਿਆ, ਸੰਤ ਬਣਨ ਲਈ ਵੀ ਮਿਹਨਤ ਕਰਨੀ ਪੈਂਦੀ ਹੈ ਭੁੱਖੇ ਪਿਆਸ ਰਹਿ ਕੇ ਰੱਬ ਦਾ ਨਾ ਜੱਪਣਾ ਪੈਂਦਾ।

ਅੱਤਵਾਦ ਦਾ ਪੰਜਾਬ ਵਿੱਚ ਪੂਰਾ ਜੋਰ ਸੀ, ਹਰ ਪਾਸੇ ਅਖਬਾਰਾਂ ਵਿੱਚ ਵੱਸ ਅੱਵਾਦ ਦੀਆਂ ਖਬਰਾਂ ਨਾਲ ਲੋਕ ਸਹਿਮੇ ਹੋਏ ਸਨ।

“ਆਹ ਲੈ ਬਾਬਾ ” ਮੈਂ ਚਾਹ ਲੈ ਕੇ ਆਇਆ, ਤੇਰੇ ਲਈ,

“ਬਾਬਾ ਕੁਝ ਨਾ ਬੋਲਿਆ”

ਮੈਂ ਰੋਜ ਉਸ ਸਖਸ਼ ਲਈ ਇਕ ਕੱਪ ਕਦੇ ਕਦਾਈ ਚਾਹ ਲੈ ਜਾਦਾ, ਆਲੇ ਦੁਆਲੇ ਜੰਗਲ ਉਹ ਕਦੇ ਕਿਤੇ ਪਿਆ ਹੁੰਦਾ ਕਦੇ ਕਿੱਧਰੇ ਬੈਠਾ ਹੁੰਦਾ, ਲੋਕ ਉਸ ਨੂੰ ਕਈ ਮਸਤ ਆਖਦੇ ਕਈ ਸੰਤ ਕਹਿੰਦੇ !
ਇੰਜ ਜਾਪਦਾ ਜਿਵੇ, ਉਸ ਲਈ ਆਪਣਾ ਹੀ ਸੰਸਾਰ ਸਭ ਕੁਝ ਹੋਵੇ, ਕੋਈ ਰੋਟੀ ਦੇ ਗਿਆ ਤਾਂ ਠੀਕ ਨਹੀਂ ਤਾਂ ਘੁੰਮ ਕੇ ਖਾ ਲੈਂਦਾ, ਅਗਰ ਕੋਈ ਦੇ ਦੇਵੇਂ ਤਾਂ ਠੀਕ ਨਹੀਂ ਉਸ ਨੂੰ ਕੋਈ ਫਰਕ ਨਾ ਪੈਂਦਾ, ਇੰਜ ਜਾਪਦਾ ਉਸ ਲਈ ਧਰਤੀ ਅੰਬਰ ਇੱਕ ਹੋਣ,

ਇਕ ਵਾਰ ਦੀ ਗੱਲ ਹੈ ਸੂਰਜ ਡੁੱਬਣ ਵਾਲਾ ਹੀ ਸੀ, ਮੈਂ ਚਾਹ ਲੈ ਕੇ ਚਲਾ ਗਿਆ।

ਸੰਤ ਆਖਣ ਲੱਗਾ,” ਤੂੰ ਚਾਹ ਲੈ ਕੇ ਆਇਆ ਹੈ ਰੱਖਦੇ, ਮੇਰੀ ਗੱਲ ਸੁਣ, ” ਕੱਲ੍ਹ ਅੱਤਵਾਦੀ ਆਉਣਗੇ ਤੇਰੀ ਦੁਕਾਨ ਉੱਤੇ ਜਾ ਤੂੰ ਦੁਕਾਨ ਛੱਡ ਕੇ ਕਿੱਧਰੇ ਦੂਰ ਚਲਾ ਜਾਹ !
ਕੱਲ੍ਹ ਦੇ ਦਿਨ ਲਈ, ਚਲਾ ਜਾਹ… ਦੂਰ ਚਲਾ ਜਾਹ…।

ਮੈਂ ਆ ਕੇ, ਇਹ ਗੱਲ ਨਾਲ ਦੀ ਦੁਕਾਨ ਵਾਲੇ ਨੂੰ ਦੱਸੀ, ਮੈ ਕਿਹਾ ” ਜੰਗਲ ਵਿੱਚ ਜੋ ਸਾਧ ਫਿਰਦਾ ਹੈ, ਉਹ ਮੈਨੂੰ ਇੰਜ ਕਹਿ ਰਿਹਾ, ਮੇਰੀ ਗੱਲ ਮੰਨ ਆਪਾ ਕੱਲ੍ਹ ਦੋਵੇਂ ਦੁਕਾਨ ਨਹੀਂ ਖੋਲਦੇ ਹਾਂ।”

“ਮੈ ਤਾਂ ਨਹੀਂ ਬੰਦ ਕਰਨੀ, ਦੁਕਾਨ’ ਮੈਂ ਕਿਉ ਉਸ ਪਾਗਲ ਬੰਦੇ ਦੇ ਮਗਰ ਲੱਗਾ, ਉਸ ਨੂੰ ਆਪਣੀ ਤਾਂ ਸੁਰਤ ਨਹੀਂ, ਆਉਣਗੇ ਅੱਤ !!!

ਮੈਂ ਉਸ ਦਿਨ ਦੁਕਾਨ ਨਾ ਖੋਲੀ, ਅੱਤਵਾਦੀ ਆਏ ਮੇਰੀ ਦੁਕਾਨ ‘ਚ’ ਭੰਨਤੋੜ ਕਰ ਗਏ, ਸ਼ਾਮੇ ਨੂੰ ਮੇਰੀ ਦੁਕਾਨ ਵਾਰੇ ਪੁੱਛਣ ਲੱਗੇ ਸ਼ਾਮੇ ਨੇ ਕਿਹਾ, “ਉਸ ਨੂੰ ਪਤਾ, ਇਸ ਦੁਕਾਨ ਦੇ ਮਾਲਕ ਵਾਰੇ  ਉਹ ਜੋ ਪਿਆ।”  

( ਉਸ ਸੰਤ ਵੱਲ ਇਸ਼ਾਰਾ ਕਰ ਦਿੱਤਾ )

ਅੱਤਵਾਦੀਆਂ ਨੇ ਉਸ ਬਾਬੇ ਕੋਲੋਂ ਥੋੜਾ ਬਹੁਤ ਪੁੱਛਣ ਦੀ ਕੋਸ਼ਿਸ਼ ਕੀਤੀ, ਜਦੋਂ ਕੁੱਝ ਬੋਲਿਆ ਨਾ, ਜਾਂਦੇ ਹੋਏ ਉਹ ਸ਼ਾਮੇ ਨੂੰ ਹੀ ਗੋਲੀਆਂ ਨਾਲ ਭੁੰਨ ਗਏ।”

ਦੂਜੇ ਦਿਨ ਆਸ-ਪਾਸ ਸ਼ਨਾਟਾ ਛਾਇਆ ਹੋਇਆ ਸੀ।

ਅਖ਼ਬਾਰ ਵਾਲਾ ਆਇਆ, ਅਖਬਾਰ ਸੁੱਟ ਕੇ ਚਲਾ ਗਿਆ।

ਜਦੋਂ ਮੈ ਅਖ਼ਬਾਰ ਚੁੱਕ ਕੇ ਪੜ੍ਹੀ ਤਾਂ ਮੈਂ ਮੁਹਰਲੇ ਪੰਨੇ ਉੱਤੇ ਲੱਗੀ ਖਬਰ ਪੜ੍ਹੀ।”

ਭਿਆਨਕ ਸੜਕ ਹਾਦਸੇ ਵਿੱਚ ਅੱਤਵਾਦੀਆਂ ਦੀ ਹੋਈ ਮੌਤ, ਜਿਹਨਾਂ ਨੇ ਪ੍ਰਸਿੱਧ ਸ਼ਾਮੇ ਦੁਕਾਨਦਾਰ ਨੂੰ ਚਾੜਿਆ ਸੀ ਮੋਤ ਦੇ ਘਾਟ !!!
           
                                ————-

ਸੰਦੀਪ ਕੁਮਾਰ ਨਰ ਬਲਾਚੌਰ
ਮੋਬਾਈਲ : 9041543692
ਈ -ਮੇਲ sandeepnar22@yahoo.com
                                      

   

 

...
...

ਸਕੂਲੋਂ ਪਰਤਦੇ ਹੋਏ ਨੂੰ ਰੋਜ ਪੰਡ ਪੱਠਿਆਂ ਦੀ ਚੁੱਕ ਘਰੇ ਲਿਆਉਣੀ ਪੈਂਦੀ..
ਇੱਕ ਵਾਰ ਹਾਲਤ ਏਨੇ ਮਾੜੇ ਹੋ ਗਏ ਕੇ ਪੱਠੇ ਮੁੱਲ ਵੀ ਨਾ ਲਏ ਗਏ..ਫੇਰ ਸੜਕ ਕੰਢੇ ਉੱਗਿਆ ਮੈਣਾ ਅਤੇ ਜੰਗਲੀ ਘਾਹ ਵੱਢ ਕੇ ਲਿਆਉਣਾ ਪਿਆ ਕਰਦਾ..ਜਦੋਂ ਮਾੜੀ ਬੂਟੀ ਕਾਰਨ ਡੰਗਰ ਪੱਠਿਆਂ ਨੂੰ ਮੂੰਹ ਨਾ ਲਾਉਂਦੇ ਤਾਂ ਬੜਾ ਗੁੱਸਾ ਆਉਂਦਾ!

ਉਸ ਦਿਨ ਪੰਡ ਟੋਕੇ ਤੇ ਕੁਤਰ ਕੇ ਮੂੰਹ ਹੱਥ ਧੋ ਮਾਂ ਕੋਲੋਂ ਰੋਟੀ ਮੰਗੀ..

ਆਖਣ ਲੱਗੀ ਸ਼ਹਿਰ ਕਰਫਿਊ ਲੱਗ ਗਿਆ ਤੇ ਸੁਵੇਰ ਦਾ ਮੀਂਹ ਵੀ ਪਈ ਜਾਂਦਾ..
ਤੇਰੇ ਪਿਓ ਦੀ ਦਿਹਾੜੀ ਨਹੀਂ ਲੱਗੀ..

ਬਾਹਰ ਸਾਈਕਲ ਦੀ ਚੈਨ ਚੜਾਉਂਦੇ ਹੋਏ ਮੇਰੇ ਬਾਪ ਨੇ ਸ਼ਾਇਦ ਜਾਣ ਬੁਝ ਕੇ ਹੀ ਮੇਰੇ ਵੱਲ ਪਿੱਠ ਕਰ ਰੱਖੀ ਸੀ..

ਭੁੱਖ ਸਿਖਰ ਤੇ ਸੀ ਤੇ ਨਾਲ ਨਾਲ ਮੇਰਾ ਗੁੱਸਾ ਵੀ..ਜੋੜੀ ਰਲਾਉਂਦਿਆਂ ਨੇ ਏਨੇ ਨਿਆਣੇ ਕਿਓਂ ਜੰਮ ਧਰੇ..
ਪਰ ਖਾਲੀ ਪੇਟ ਮੇਰਾ ਦਿਮਾਗ ਹੋਰ ਵੀ ਤੇਜ ਹੋ ਗਿਆ..ਫੇਰ ਹੌਲੀ ਜਿਹੀ ਬਾਹਰ ਨੂੰ ਨਿੱਕਲ ਸਿੱਧਾ ਨਹਿਰ ਦੇ ਪੁਲ ਤੇ ਅੱਪੜ ਗਿਆ..

ਆਥਣ ਵੇਲੇ ਦੇ ਘੁਸਮੁਸੇ ਵਿਚ ਨਾ ਕੋਈ ਮੈਨੂੰ ਵੇਖ ਸਕਦਾ ਸੀ ਤੇ ਨਾ ਹੀ ਮੈਂ ਕਿਸੇ ਨੂੰ..
ਫਰਲਾਂਘ ਦੀ ਵਿੱਥ ਤੇ ਟਾਹਲੀ ਕੋਲ ਉੱਗੇ ਵੱਡੇ ਸਾਰੇ ਪਿੱਪਲ ਕੋਲੋਂ ਦਿਨੇ ਵੀ ਡਰ ਆਇਆ ਕਰਦਾ ਸੀ..
ਨਾਲਦੇ ਅਕਸਰ ਆਖਿਆ ਕਰਦੇ ਕੇ ਇਥੇ ਡੁੱਬ ਕੇ ਮਰਿਆਂ ਦੀ ਰੂਹ ਭਟਕਦੀ ਏ..ਭੂਤ ਰਹਿੰਦੇ ਉਥੇ..

ਪਰ ਉਸ ਦਿਨ ਮੈਨੂੰ ਕੋਈ ਡਰ ਨਹੀਂ ਸੀ ਲੱਗਾ..
ਮੈਨੂੰ ਚੰਗੀ ਤਰਾਂ ਪਤਾ ਸੀ ਕੇ ਨਹਿਰੋਂ ਪਾਰਲੇ ਕੰਢੇ ਬੂਝਿਆਂ ਕੋਲ ਉੱਗੇ ਝਾਲਿਆਂ ਵਿਚ ਅਕਸਰ ਹੀ ਰੁੜੇ ਆਉਂਦੇ ਕਿੰਨੇ ਸਾਰੇ ਨਾਰੀਅਲ ਦੇ ਖੋਪੇ ਆ ਕੇ ਫਸ ਜਾਇਆ ਕਰਦੇ..!

ਪਰ ਉਸ ਦਿਨ ਕਿਸਮਤ ਚੰਗੀ ਸੀ..ਨਾਰੀਅਲ ਦੇ ਖੋਪਿਆਂ ਦੇ ਨਾਲ ਨਾਲ ਪਟੜੀ ਤੇ ਰੰਗ ਵਾਲੇ ਮਿੱਠੇ ਚੌਲਾਂ ਦੀ ਪੋਟਲੀ..ਮੋਤੀ ਚੂਰ ਦੇ ਕਿੰਨੇ ਸਾਰੇ ਲੱਡੂ..ਕਰੇਲਿਆਂ ਦੀ ਸਬਜੀ ਤੇ ਹੋਰ ਵੀ ਕਿੰਨਾ ਸਾਰਾ ਨਿੱਕ ਸੁੱਕ ਪਿਆ ਸੀ..!
ਛੇਤੀ ਨਾਲ ਪੱਥਰ ਤੇ ਮਾਰ ਗਿਰੀ ਤੋੜ ਸੁੱਟੀ..ਕੁਝ ਪਾਣੀ ਥੱਲੇ ਵਗ ਗਿਆ ਤੇ ਕੁਝ ਪੀ ਲਿਆ..ਫੇਰ ਗਿਰੀ ਖਾਦੀ..ਫੇਰ ਬਾਕੀ ਸ਼ੈਆਂ ਤੇ ਵੀ ਘੜੀ ਲਾਈ..

ਫੇਰ ਮਾਂ ਤੇ ਬਾਕੀ ਦੇ ਜੀਆਂ ਦਾ ਚੇਤਾ ਆ ਗਿਆ ਤੇ ਬਾਕੀ ਦੀਆਂ ਸ਼ੈਆਂ ਪਰਨੇ ਵਿਚ ਬੰਨ ਘਰ ਨੂੰ ਹੋ ਤੁਰਿਆ..ਘਰੇ ਅੱਪੜਿਆਂ ਤਾਂ ਰਗ ਰਗ ਤੋਂ ਵਾਕਿਫ ਮਾਂ ਤੋਂ ਕੁਝ ਵੀ ਲੁਕਾਇਆ ਨਾ ਗਿਆ..ਉਹ ਥੋੜੀ ਨਰਾਜ ਤਾਂ ਲੱਗੀ ਪਰ ਚੁੱਪ ਸੀ..!

ਪਲੇਠੀ ਦਾ ਪੁੱਤ..ਟੂਣਾ ਸਿਰ ਚੜ ਕੇ ਹੀ ਨਾ ਬੋਲਣ ਲੱਗ ਪਵੇ..ਛੇਤੀ ਨਾਲ ਚੋਂਕੇ ਖੜ ਮੇਰੇ ਸਿਰ ਤੋਂ ਮਿਰਚਾਂ ਵਾਰੀਆਂ ਤੇ ਫੇਰ ਕੁਝ ਸੋਚਦੀ ਨੇ ਮੈਨੂੰ ਆਪਣੀ ਬੁੱਕਲ ਚ ਲੁਕੋ ਲਿਆ..!

ਘੜੀ ਕੂ ਮਗਰੋਂ ਹੌਕਿਆਂ ਦੀ ਵਾਜ ਸੁਣ ਹੌਲੀ ਜਿਹੀ ਬੁੱਕਲ ਚੋਂ ਮੂੰਹ ਬਾਹਰ ਕੱਢਿਆ ਤੇ ਉਸਦੀ ਚੁੰਨੀ ਦੇ ਕਿਨਾਰੇ ਨਾਲ ਉਸਦੇ ਅਥਰੂ ਪੂੰਝ ਸੁੱਟੇ..
ਫੇਰ ਹੌਲੀ ਜਿਹੀ ਆਖਿਆ ਘਬਰਾ ਨਾ ਮਾਂ..ਦੁਨੀਆਂ ਦਾ ਕੋਈ ਭੂਤ ਜਾਂ ਟੂਣਾ ਭੁੱਖ ਨਾਲੋਂ ਜਿਆਦਾ ਤਾਕਤਵਰ ਨਹੀਂ ਹੁੰਦਾ!

ਹਰਪ੍ਰੀਤ ਸਿੰਘ ਜਵੰਦਾ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)