Sub Categories
ਭਾਪਾ ਜੀ ਜਦੋਂ ਵੀ ਸ਼ਹਿਰੋਂ ਆਉਂਦੇ ਦਿਸ ਪੈਂਦੇ ਤਾਂ ਅਸੀਂ ਓਹਨਾ ਦੇ ਸਾਈਕਲ ਵੱਲ ਦੌੜ ਪਿਆ ਕਰਦੇ ਤੇ ਓਹਨਾ ਦਾ ਝੋਲਾ ਲਾਹ ਲੈਂਦੇ..ਅੰਦਰ ਕੇਲੇ ਤਾਂ ਜਰੂਰ ਹੁੰਦੇ..ਫੇਰ ਅਸੀਂ ਸਾਰੇ ਰੱਜ ਰੱਜ ਖਾਂਦੇ!
ਇੱਕ ਵੇਰ ਇੰਝ ਹੀ ਕਿੰਨੀ ਦੂਰ ਦੌੜੇ ਗਏ..ਝੋਲਾ ਫਰੋਲਿਆ ਪਰ ਅੰਦਰ ਕੁਝ ਵੀ ਨਾ ਲਭਿਆ..ਪੁੱਛਿਆ ਸਾਡੇ ਕੇਲੇ ਕਿਥੇ ਨੇ?
ਉਹ ਕੁਝ ਨਾ ਬੋਲੇ..ਮੈਂ ਗੁੱਸੇ ਹੋ ਗਈ..ਤਿੰਨ ਦਿਨ ਓਹਨਾ ਨਾਲ ਗੱਲ ਨਾ ਕੀਤੀ..ਉਹ ਅੱਗਿਉਂ ਵਾਰ ਵਾਰ ਕਲਾਵੇ ਵਿਚ ਲੈ ਕੇ ਮਨਾਉਂਦੇ ਰਹੇ ਤੇ ਨਾਲ ਹੀ ਹੰਜੂ ਵੀ ਵਹਾਉਂਦੇ ਰਹੇ..!
ਸਾਨੂੰ ਸਮਝ ਨਾ ਆਵੇ ਕੇ ਰੋ ਕਿਓਂ ਰਹੇ ਸਨ!
ਥੋੜੇ ਵੱਡੇ ਹੋਏ ਤਾਂ ਓਹਨਾ ਕੇਲਿਆਂ ਵਾਲੀ ਓਹੀ ਗੱਲ ਇੱਕ ਵੇਰ ਫੇਰ ਛੇੜ ਲਈ..ਆਖਣ ਲੱਗੇ ਉਸ ਦਿਨ ਪੂਰੇ ਦਰਜਨ ਕੇਲੇ ਲੈ ਕੇ ਆਇਆ ਸਾਂ..ਪਿੰਡ ਅੱਪੜ ਕਿਸੇ ਨੇ ਹੈਂਡਲ ਨਾਲ ਟੰਗੇ ਵੇਖ ਦੱਸ ਦਿੱਤਾ ਕੇ ਸਰਦਾਰ ਜੀ ਆਹ ਕੇਲੇ ਨਿਆਣਿਆਂ ਨੂੰ ਨਾ ਖੁਵਾ ਦਿਓ..ਬਿਮਾਰ ਪੈ ਜਾਣਗੇ..ਇਹ ਸੂਰਤ ਗੁਜਰਾਤ ਤੋਂ ਆਏ ਨੇ ਜਿਥੇ ਭਿਆਨਕ ਮਹਾਮਾਰੀ ਫੈਲੀ ਹੋਈ ਏ..!
ਮੈਂ ਡਰ ਗਿਆ..ਬੱਚਿਆਂ ਨੂੰ ਕਿਧਰੇ ਕੁਝ ਹੋ ਹੀ ਨਾ ਜਾਵੇ..ਇਸ ਲਈ ਪਿੰਡ ਤੋਂ ਕੁਝ ਦੂਰ ਹਟਵਾਂ ਸਾਈਕਲ ਖਲਿਆਰ ਲਿਆ..ਸਾਰੇ ਕੇਲੇ ਸੁੱਟਣ ਲੱਗਿਆ ਤਾਂ ਸੁੱਟਣ ਨੂੰ ਜੀ ਨਾ ਕਰੇ..ਹੱਕ ਹਲਾਲ ਦੀ ਕਮਾਈ ਨਾਲ ਜੂ ਖਰੀਦੇ ਸਨ..ਉੱਤੋਂ ਏਨਾ ਪੈਂਡਾ ਵੀ ਤਹਿ ਕਰ ਕੇ ਆਇਆ ਸਾਂ..ਭੁੱਖ ਵੀ ਲੱਗੀ ਹੋਈ ਸੀ..ਸਾਰੇ ਆਪ ਹੀ ਖਾ ਲਏ..ਜੇ ਕੁਝ ਹੋਊ ਤਾਂ ਮੈਨੂੰ ਹੀ ਹੋਊ..ਬੱਚੇ ਤਾਂ ਬਚ ਜਾਣਗੇ..!
ਪਰ ਤ੍ਰਾਸਦੀ ਇਹ ਕੇ ਮੈਨੂੰ ਕੁਝ ਵੀ ਨਹੀਂ ਸੀ ਹੋਇਆ..ਉੱਤੋਂ ਤੁਸੀਂ ਸਾਰੇ ਰੁਸ ਗਏ..ਮੈਨੂੰ ਲੱਗਿਆ ਮੈਂ ਨਿਆਣਿਆਂ ਦਾ ਹੱਕ ਖਾ ਲਿਆ ਸੀ..!
ਉਸ ਦਿਨ ਸਾਨੂੰ ਪਹਿਲੀ ਵੇਰ ਸਮਝ ਆਇਆ ਕੇ ਇੱਕ ਬਾਪ ਦੀ ਮਨੋਅਵਸ੍ਥਾ ਕੀ ਹੁੰਦੀ ਏ..ਹਰ ਵੇਲੇ ਆਪਣੇ ਬੱਚਿਆਂ ਦੀ ਸੁਖ ਮੰਗਦੀ ਮਨੋਅਵਸ੍ਥਾ..ਓਹਨਾ ਵੱਲ ਆਉਂਦੀਆਂ ਅਨੇਕਾਂ ਬਲਾਵਾਂ ਬਦਦੁਆਵਾਂ ਆਪਣੇ ਵਜੂਦ ਤੇ ਲੈਂਦੀ ਹੋਈ..ਅਖੀਰੀ ਟਾਈਮ ਤੱਕ..ਮੜੀ ਤੇ ਪੈਣ ਤੀਕਰ ਵੀ..ਪੂਰੀ ਜੁੰਮੇਵਾਰੀ ਨਾਲ ਰਾਖੀ ਕਰਦੀ ਹੋਈ..!
ਕਈ ਵੇਰ ਤੇ ਇੰਝ ਵੀ ਸੁਣਿਆ..ਕਿੰਨੀ ਦੇਰ ਪਹਿਲੋਂ ਮਰ ਚੁਕੇ ਵੀ ਜਿਉਂਦੇ ਹੋ ਕੇ ਐਨ ਮੌਕੇ ਤੇ ਰਾਖੀ ਕਰਨ ਅੱਪੜ ਗਏ ਸਨ!
ਹਰਪ੍ਰੀਤ ਸਿੰਘ ਜਵੰਦਾ