Sub Categories
ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਇਕ ਵੀਡੀਓ ‘ਤੇ ਵਿਵਾਦ ਛਿੜਿਆ ਹੋਇਆ ਹੈ। ਵਿਵਾਦ ਸੀ ਪੰਜਾਬ 1984 ਫ਼ਿਲਮ ਦੇ ਗੀਤ ‘ਰੰਗਰੂਟ’ ਨੂੰ ਗਾ ਕੇ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨ ਦਾ।ਦਿਲਜੀਤ ਇਸ ਮੁੱਦੇ ‘ਤੇ ਅੱਜ ਫਿਰ ਬੋਲਦਿਆਂ ਨਜ਼ਰ ਆਏ। ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੈਂਸਰ ਬੋਰਡ ਵੱਲੋਂ ਜਾਰੀ ‘ਪੰਜਾਬ 1984’ ਫਿਲਮ ਦਾ ਸਰਟੀਫਿਕੇਟ ਸਾਂਝਾ ਕੀਤਾ ਗਿਆ ਹੈ। ਇਸ ਦੀ ਕੈਪਸ਼ਨ ‘ਚ ਦਿਲਜੀਤ ਲਿਖਦੇ ਹਨ ‘ਗੌਰਮਿੰਟ ਆਫ ਇੰਡੀਆ.. ਸੈਂਸਰ ਬੋਰਡ ਸਰਟੀਫਿਕੇਟ..ਸੋਚਿਆ ਨਹੀਂ ਸੀ ਨੈਸ਼ਨਲ ਐਵਾਰਡ ਮਿਲਣ ਤੋਂ ਬਾਅਦ ਇਹ ਸਰਟੀਫਿਕੇਟ ਦਿਖਾਉਣਾ ਪਾਓਗਾ.. ਗੌਰਮਿੰਟ ਦੇ ਬੰਦੇ ਹੀ ਗੌਰਮਿੰਟ ਦੀ ਨੀ ਮਨ ਰਹੇ.. ਇੰਡੀਆ ਗੌਰਮਿੰਟ ਤੋਂ ਸਰਟੀਫਾਇਡ ਫਿਲਮ ‘ਤੇ ਹੀ ਪਰਚਾ ਕਰਵਾ ਰਹੇ ਆ ?’
ਦਿਲਜੀਤ ਅੱਗੇ ਲਿਖਦੇ ਹਨ ‘ ਜੇ ਤੁਹਾਡੀ ਫਿਲਮ, ਤੁਹਾਡੇ ਗੀਤ ਸੈਂਸਰ ਬੋਰਡ ਤੋਂ ਪਾਸ ਨੇ.. ਬੇਸ਼ਕ ਤੁਹਾਡੇ ਕੰਮ ਨੂੰ ਨੈਸ਼ਨਲ ਐਵਾਰਡ ਵੀ ਮਿਲਿਆ ..ਫੇਰ ਵੀ ਤੁਹਾਡੇ ਨੈਸ਼ਨਲ ਐਵਾਰਡ ਹਾਸਿਲ ਕੰਮ ‘ਤੇ ਪਰਚਾ ਹੋ ਸਕਦਾ ਸਾਬਾਸ਼’ ।
ਦਿਲਜੀਤ ਦੋਸਾਂਝ ਵੱਲੋਂ ਸਾਂਝੀ ਕੀਤੀ ਗਈ ਇਹ ਪੋਸਟ ਕੁਝ ਹੀ ਮਿੰਟਾਂ ‘ਚ ਡਿਲੀਟ ਕਰ ਦਿੱਤੀ ਗਈ
ਇਹ ਸੀ ਮਾਮਲਾ
ਦਿਲਜੀਤ ਦੇ ਇਸ ਗੀਤ ‘ਤੇ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਇਤਰਾਜ਼ ਜਤਾਇਆ ਗਿਆ। ਦੋਸ਼ ਲੱਗਾ ਕੇ ਦਿਲਜੀਤ ਲੋਕਾਂ ਨੂੰ ਭੜਕਾ ਰਿਹਾ ਹੈ। ਇਸ ਸਭ ਦੇ ਚਲਦਿਆਂ ਇਹ ਮੁੱਦਾ ਦਿਨੋਂ-ਦਿਨ ਭਖਦਾ ਨਜ਼ਰ ਆ ਰਿਹਾ ਹੈ।ਰਵਨੀਤ ਸਿੰਘ ਬਿੱਟੂ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਜਿਸ ‘ਚ ਉਹ ਦਿਲਜੀਤ ਅਤੇ ਜੈਜ਼ੀ ਬੀ ‘ਤੇ ਕੇਸ ਦਰਜ ਕਰਵਾਉਣ ਦੀ ਗੱਲ ਆਖਦੇ ਹਨ। ਇਸ ਤੋਂ ਬਾਅਦ ਦਿਲਜੀਤ ਵੱਲੋਂ ਇਕ ਵੀਡੀਓ ਰਾਹੀਂ ਸਪਸ਼ਟੀਕਰਣ ਦਿੱਤਾ ਜਾਂਦਾ ਹੈ ਕਿ ਜੋ ਫਿਲਮ ਅਤੇ ਉਸ ਦੇ ਗੀਤ ਸੈਂਸਰ ਬੋਰਡ ਤੋਂ ਪਾਸ ਹੈ, ਜਿਸ ਨੂੰ ਨੈਸ਼ਨਲ ਐਵਾਰਡ ਮਿਲਿਆ ਹੋਵੇ ਉਸ ‘ਤੇ ਕੇਸ ਦਰਜ ਕਰਨ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ।ਹਾਲ ਹੀ ‘ਚ ਦਿਲਜੀਤ ਦੋਸਾਂਝ ਦੁਆਰਾ ਸਾਂਝੀ ਕੀਤੀ ਗਈ ਇਹ ਪੋਸਟ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ‘ਤੇ ਕਈ ਸਵਾਲ ਖੜੇ ਕਰਦੀ ਹੈ।
ਸੰਨ ਉੱਨੀ ਸੌ ਪਚਾਸੀ..
ਲੈਕਚਰਾਰ ਲੱਗਣ ਮਗਰੋਂ ਰਿਸ਼ਤਿਆਂ ਦਾ ਜਿਵੇਂ ਹੜ ਆ ਗਿਆ ਹੋਵੇ..
ਰਸੋਈ..ਗੇਟ ਦੇ ਬਿਲਕੁਲ ਸਾਹਮਣੇ ਹੋਣ ਕਰਕੇ ਹਰ ਅੰਦਰ ਲੰਘ ਆਏ ਨੂੰ ਅੰਦਰੋਂ ਵੇਖ ਲਿਆ ਕਰਦੀ..
ਫੇਰ ਹਰੇਕ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਨਾਂਹ ਕਰ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..ਮਗਰੋਂ ਦਾਦੀ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ..
ਆਖਿਆ ਕਰਦੀ ਕੇ ਕੋਈ ਅਰਸ਼ੋਂ ਹੀ ਉੱਤਰੂ ਜਿਸਨੂੰ ਇਹ ਕੁੜੀ “ਹਾਂ” ਕਰੂ..ਪਰ ਪਾਪਾ ਹੱਸ ਕੇ ਹਰ ਗੱਲ ਆਈ ਗਈ ਕਰ ਦਿਆ ਕਰਦੇ..
ਮਗਰੋਂ ਫੋਟੋ ਫਰੇਮ ਵਿਚ ਹਰ ਵੇਲੇ ਹੱਸਦੀ ਹੋਈ ਮੇਰੀ “ਮਾਂ” ਵੀ ਅਕਸਰ ਹੀ ਮੇਰੀ ਹਿਮਾਇਤ ਤੇ ਉੱਤਰ ਆਇਆ ਕਰਦੀ..
ਮੇਰੇ ਆਸ ਪਾਸ ਇੱਕ ਤੋਂ ਵੱਧ ਖਰੂਦੀ ਸਹੇਲੀਆਂ ਦਾ ਘੇਰਾ ਹੋਇਆ ਕਰਦਾ ਸੀ..
ਹਰ ਵੇਲੇ ਬੱਸ ਮੁੰਡਿਆਂ ਦੀ ਨੁਕਤਾ ਚੀਨੀ..ਅਖ਼ੇ ਪੋਚਵੀਂ ਪੱਗ ਵਾਲਾ ਆਕੜ-ਖ਼ਾਨ ਹੁੰਦਾ..ਬਾਹਰੋਂ ਆਏ ਨੇ ਅਕਸਰ ਹੀ ਬਾਹਰ ਵਿਆਹ ਕਰਵਾਇਆ ਹੁੰਦਾ..
ਫ਼ੀਏਟ ਕਾਰ ਤੇ ਆਇਆ ਦਿਖਾਵੇਬਾਜ ਅਤੇ ਲਾਲਚੀ ਹੁੰਦਾ..
ਬਹੁਤੇ ਲੰਮੇ ਮੁੰਡੇ ਹਮੇਸ਼ਾਂ ਰੋਹਬ ਥੱਲੇ ਰੱਖਦੇ..
ਗੱਲ ਕੀ ਬੀ ਦਿਮਾਗ ਵਿਚ ਬੈਠ ਗਿਆ ਕੇ ਦੁਨੀਆ ਦਾ ਹਰ ਮੁੰਡਾ ਬੱਸ ਐਬਾਂ ਦੀ ਹੀ ਪੰਡ ਹੈ..ਵਿਚਾਰੇ..
ਕਈ ਵਾਰ ਅਗਲੇ ਤੇ ਤਰਸ ਅਤੇ ਆਪਣੇ ਤੇ ਗੁੱਸਾ ਵੀ ਆ ਜਾਂਦਾ ਪਰ ਅਗਲੇ ਹੀ ਪਲ ਇਹ ਸੋਚ ਫੇਰ ਭਾਰੂ ਹੋ ਜਾਇਆ ਕਰਦੀ..ਕੇ ਜੋ ਕਰ ਰਹੀਆਂ ਹਾਂ..ਇਹ ਸਾਡਾ ਜਮਾਂਦਰੂ ਹੱਕ ਏ..!
ਸਾਨੂੰ ਕਾਲਜ ਦੀ ਬੱਸ ਘਰ ਛੱਡ ਕੇ ਆਇਆ ਕਰਦੀ ਸੀ..
ਚਿੱਟੀ ਦਾਹੜੀ ਵਾਲੇ ਡਰਾਈਵਰ ਅੰਕਲ..ਰਿਟਾਇਰਡ ਫੌਜੀ..ਸਖਤ ਸੁਭਾਅ..ਇੱਕ ਮਿੰਟ ਵੀ ਲੇਟ ਹੋ ਗਏ ਸਮਝੋ ਬੱਸ ਨਿੱਕਲ ਗਈ..ਇਸੇ ਲਈ ਦਸ ਮਿੰਟ ਪਹਿਲਾਂ ਹੀ ਆ ਜਾਇਆ ਕਰਦੀ..!
ਗਰਮੀਆਂ ਦੀਆਂ ਛੁਟੀਆਂ ਵਿਚ ਪੱਤਰ ਵਿਹਾਰ ਵਾਲਿਆਂ ਦੀਆਂ ਕਲਾਸਾਂ ਸਨ..
ਇੱਕ ਦਿਨ ਬੱਸ ਉਡੀਕਦੀ ਨੂੰ ਅਜੇ ਪੰਜ ਮਿੰਟ ਹੀ ਹੋਏ ਹੋਣੇ ਕੇ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ..ਕੁਝ ਨਾ ਸੁੱਝੇ ਕੇ ਹੁਣ ਕੀ ਕਰਾਂ..
ਏਨੇ ਨੂੰ ਪੋਚਵੀਂ ਪੱਗ ਵਾਲਾ ਉਚਾ-ਲੰਮਾ ਸਰਦਾਰ ਮੁੰਡਾ ਪਤਾ ਨੀ ਕਿਧਰੋਂ ਨਿੱਕਲ ਆਇਆ ਤੇ ਕੋਲ ਆ ਸਕੂਟਰ ਦੀ ਬ੍ਰੇਕ ਮਾਰ ਦਿੱਤੀ..
ਮੇਰੇ ਵੱਲ ਇੱਕ ਛਤਰੀ ਵਧਾਉਂਦਾ ਹੋਇਆ ਆਖਣ ਲੱਗਾ “ਜੀ ਰੱਖ ਲਵੋ ਜੇ ਮੋੜਨੀ ਹੋਵੇ ਤਾਂ ਕੱਲ ਸਾਇੰਸ ਬਲਾਕ ਦੇ ਦਫਤਰ ਵਿਚ ਦੇ ਜਾਇਓ..”
ਸਾਰਾ ਕੁਝ ਏਨੀ ਛੇਤੀ ਹੋਇਆ ਕੇ ਮੈਂ ਹੀ ਕੁਝ ਪੁੱਛ ਹੀ ਨਾ ਸਕੀ..
ਅਗਲੇ ਦਿਨ ਪਤਾ ਕਰਾਇਆ..ਅਸਿਸਟੈਂਟ ਲੈਕਚਰਰ ਦੀ ਸਿਲੈਕਸ਼ਨ ਹੋਈ ਸੀ..
ਮਗਰੋਂ ਅਕਸਰ ਹੀ ਜਦੋਂ ਕਦੀ ਅਗਿਓਂ ਤੁਰੇ ਆਉਂਦੇ ਨਾਲ ਟਾਕਰੇ ਹੋ ਜਾਂਦੇ ਤਾਂ ਹੌਲੀ ਜਿਹੀ ਸਸਰੀ ਕਾਲ ਬੁਲਾ ਨੀਵੀਂ ਪਾਈ ਕੋਲੋਂ ਦੀ ਲੰਘ ਜਾਂਦਾ..
ਗੁੱਸਾ ਆਉਂਦਾ ਕੇ ਬੜਾ ਅਜੀਬ ਏ..ਸਿਵਾਏ ਸਾਸਰੀ ਕਾਲ ਤੋਂ ਹੋਰ ਕੋਈ ਵਾਧੂ ਗੱਲ ਹੀ ਨਹੀਂ..ਪਰ ਉਸਦਾ ਇਹ ਵਰਤਾਰਾ ਮੈਨੂੰ ਹੀਣ-ਭਾਵਨਾ ਵਾਲੇ ਸਮੁੰਦਰ ਵਿਚ ਧੱਕ ਦਿਆ ਕਰਦਾ..
ਮੇਰੇ ਵਿਦਿਆਰਥੀ ਵੀ ਜਦੋਂ ਕਦੀ ਉਸਦੀਆਂ ਸਿਫਤਾਂ ਕਰਦੇ ਹੋਏ ਦਿਸ ਪੈਂਦੇ ਤਾਂ ਮੇਰੇ ਕੰਨ ਖੜੇ ਹੋ ਜਾਇਆ ਕਰਦੇੇ..ਕਈ ਵਾਰ ਕੱਲੀ ਬੈਠੀ ਦੇ ਮਨ ਵਿਚ ਖਿਆਲ ਆਉਂਦਾ ਕੇ ਕਾਸ਼ ਕੋਈ ਇਹੋ ਜਿਹਾ “ਮੁੰਡਾ” ਹੀ..”
ਫੇਰ ਇੱਕ ਦਿਨ ਪਾਪਾ ਜੀ ਆਖਣ ਲੱਗੇ ਕੇ ਆਉਂਦੇ ਐਤਵਾਰ ਫੇਰ ਕੁਝ ਪ੍ਰਾਹੁਣੇ ਆ ਰਹੇ ਨੇ..
ਇੱਕ ਵਾਰ ਫੇਰ ਮਿੱਥੇ ਟਾਈਮ ਰਸੋਈ ਵਿਚ ਪਾਸੇ ਜਿਹੇ ਹੋ ਖਲੋ ਗਈ..
ਜਦੋਂ ਸਾਰੇ ਜਣੇ ਅੰਦਰ ਅੰਦਰ ਲੰਘਣ ਲੱਗੇ ਤਾਂ ਹੋਸ਼-ਹਵਾਸ ਉੱਡ ਗਏ..
ਇਹ ਤਾਂ ਓਹੀ ਹੀ ਸੀ ਛਤਰੀ ਵਾਲਾ..ਦਿਲ ਕੀਤਾ ਕੇ ਖੰਬ ਲਾ ਕੇ ਕਿਤੇ ਦੂਰ ਅੰਬਰਾਂ ਵਿਚ ਉਡਾਰੀ ਲਾ ਆਵਾਂ..ਖੈਰ ਖਰੂਦੀ ਮਨ ਨੂੰ ਇੱਕ ਅਜੀਬ ਸ਼ਰਾਰਤ ਜਿਹੀ ਸੁਝੀ..
ਜਾਣ ਬੁਝਕੇ ਉਸਦੇ ਕੱਪ ਵਿਚ ਤਿੰਨ ਚਮਚੇ ਖੰਡ ਦੇ ਵਾਧੂ ਦੇ ਪਾ ਦਿੱਤੇ..ਉਸ ਵਿਚਾਰੇ ਨੇ ਨਿੱਮਾ-ਨਿੱਮਾ ਹੱਸਦੇ ਹੋਏ ਨੇ ਚੁੱਪ ਚਾਪ ਪੀ ਲਈ..
ਫੇਰ ਸੰਖੇਪ ਜਿਹੀ ਰਸਮੀਂ ਗੱਲਬਾਤ ਮਗਰੋਂ ਮੈਂ ਫੇਰ ਰਸੋਈ ਵਿਚ ਪਰਤ ਆਈ..!
ਆਦਤਨ ਪਾਪਾ ਜੀ ਇਸ ਵਾਰ ਫੇਰ ਮੇਰੇ ਹਾਵ-ਭਾਵ ਜਾਨਣ ਬਹਾਨੇ ਜਿਹੇ ਨਾਲ ਰਸੋਈ ਅੰਦਰ ਲੰਘ ਆਏ..
ਅੱਗੇ ਤਾਂ ਉਹ ਇੱਕ ਗੱਲ ਪਤਾ ਨੀ ਕਿੰਨੀ ਵਾਰ ਪੁੱਛਿਆ ਕਰਦੇ ਤਾਂ ਜਾ ਕੇ ਕਿਤੇ ਮੇਰਾ ਮੂੰਹ ਖੁਲਿਆ ਕਰਦਾ ਪਰ ਇਸ ਵਾਰ ਮੈਨੂੰ ਪਤਾ ਨੀ ਕੀ ਗਿਆ ਸੀ..
ਅਜੇ ਓਹਨਾ ਕੁਝ ਪੁੱਛਿਆ ਵੀ ਨਹੀਂ ਸੀ ਕੇ ਮੇਰੇ ਮੂੰਹੋਂ ਆਪਮੁਹਾਰੇ ਹੀ “ਹਾਂ” ਨਿੱਕਲ ਗਈ!
ਹਰਪ੍ਰੀਤ ਸਿੰਘ ਜਵੰਦਾ
ਪੜਨਾ ਜਰੂਰ!!!!
ਪਿਤਾ ਦੀ ਮੌਤ ਤੋਂ ਬਾਅਦ ਉਹ ਆਦਮੀ ਆਪਣੀ ਮਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਇਆ । ਫਿਰ ਇੱਕ ਦਿਨ ਅਚਾਨਕ ਉਸ ਨੂੰ ਬਿਰਧ ਆਸ਼ਰਮ ਚੋਂ ਫੋਨ ਤੇ ਕਾਲ ਆਈ ਕਿ ਤੁਹਾਡੀ ਮਾਂ ਬਹੁਤ ਸੀਰੀਅਸ ਹੈ ਤੁਸੀਂ ਪਲੀਜ਼ ਇੱਕ ਵਾਰ ਆ ਜਾਓ । ਉਹ ਬਿਰਧ ਆਸ਼ਰਮ ਚਲਿਆ ਗਿਆ । ਉਸ ਨੇ ਵੇਖਿਆ ਉਸ ਦੀ ਮਾਂ ਬਹੁਤ ਨਾਜੁਕ ਹਾਲਤ ਵਿੱਚ ਸੀ । ਉਹ ਬਿਸਤਰ ਤੇ ਪਈ ਮੌਤ ਦੇ ਬਿਲਕੁਲ ਨਜ਼ਦੀਕ ਸੀ । ਮੁਸ਼ਕਿਲ ਨਾਲ ਬੋਲ ਸਕਦੀ ਸੀ । ਪੁੱਤ ਦਾ ਦਿਲ ਪਸੀਜ ਗਿਆ । ਉਸ ਨੇ ਭਰੇ ਮਨ ਨਾਲ ਕਿਹਾ ਮਾਂ ਮੈਂ ਤੇਰੇ ਲਈ ਕੀ ਕਰ ਸਕਦਾ ਹਾਂ । ਮਾਂ ਨੇ ਉੱਤਰ ਦਿੱਤਾ : ਬੇਟਾ ਤੂੰ ਜ਼ਰੂਰ ਇਹ ਕਰ ਕਿ ਇੱਥੇ ਇਸ ਬਿਰਧ ਆਸ਼ਰਮ ਵਿੱਚ ਪੱਖੇ ਲਗਵਾ ਦੇ, ਇੱਥੇ ਬਹੁਤ ਗਰਮੀ ਹੈ । ਇੱਕ ਫਰਿਜ਼ ਵੀ ਲੈ ਕੇ ਦੇ । ਇੱਥੇ ਅਕਸਰ ਖਾਣਾ ਖਰਾਬ ਹੋ ਜਾਂਦਾ ਹੈ ।ਮੈਨੂੰ ਇੱਥੇ ਗਰਮੀ ਵਿੱਚ ਬਹੁਤ ਤਕਲੀਫ ਰਹੀ ਹੈ । ਬਹੁਤ ਵਾਰ ਖਾਣਾ ਖਰਾਬ ਹੋਣ ਕਾਰਨ ਮੈਂ ਭੁੱਖੀ ਸੌਂਦੀ ਰਹੀ ਹਾਂ । ਪੁੱਤਰ ਹੈਰਾਨ ਹੋਇਆ : ਉਸ ਨੇ ਕਿਹਾ ਮਾਂ ਹੁਣ ਤੱਕ ਤੂੰ ਕਦੇ ਵੀ ਇਸ ਸਭ ਬਾਰੇ ਮੇਰੇ ਨਾਲ ਗੱਲ ਨਹੀਂ ਕੀਤੀ ।ਕੋਈ ਸ਼ਕਾਇਤ ਨਹੀਂ ਕੀਤੀ । ਹੁਣ ਬਿਲਕੁਲ ਆਪਣੇ ਆਖਰੀ ਸਮਂੇ ਤੂੰ ਇਹ ਕਿਉਂ ਕਹਿ ਰਹੀ ਹੈਂ । ਮਾਂ ਦਾ ਜਵਾਬ ਸੀ : ਕੋਈ ਗੱਲ ਨਹੀਂ ਪੁੱਤਰ । ਮੈਂ ਗਰਮੀ ਵਿੱਚ ਤਕਲੀਫ ਵਿੱਚ ਰਹੀ, ਦਰਦ ਹੰਢਾਇਆ ਭੁੱਖੀ ਸੌਂਦੀ ਰਹੀ ।ਮੈਂ ਤਾਂ ਕਿਵ਼ੇਂ ਨਾ ਕਿਵੇਂ ਜਿੰਦਗੀ ਕੱਟ ਲਈ, ਪਰ ਹੁਣ ਜਦੋਂ ਤੈਨੂੰ ਤੇਰੇ ਬੱਚੇ ਇੱਥੇ ਛੱਡ ਕੇ ਜਾਣਗੇ । ਤੈਨੂੰ ਤਕਲੀਫ ਹੋਵੇਗੀ । //// ਬੱਚੇ ਦੇ ਇੱਕ ਹੌਂਕੇ ਤੇ ਜ਼ੋ ਮਰ–ਮਰ ਜਾਂਦੀਆਂ ਨੇ ਮਾਵਾਂ ਤਾਂ ਮਰ ਕੇ ਵੀ ਤੁਹਾਨੂੰ ਜਿਉਣ ਜ਼ੋਗੇ ਕਰ ਜਾਂਦੀਆਂ ਨੇ ।
ਇੱਕ ਚੰਗੇ ਸੁਨੇਹੇ ਨੂੰ ਅੱਗੇ ਲਿਜਾਣ ਲਈ ਇਸ ਨੂੰ ਸ਼ੇਅਰ ਕਰਨ ਦੀ ਖੇਚਲ ਕੀਤੀ ਜਾਵੇ ਜੀ…
ਕਹਾਣੀ ਥੋੜੀ ਲੰਬੀ ਹੈ ਪਰ ਪੜੀਉ ਜਰੂਰ
ਪੂੰਜੀ…( ਹਰਿੰਦਰ ਸਿੰਘ ਤੱਤਲਾ )
ਵਿਆਹ ਦੇ ਸੱਤਵੇਂ ਦਿਨ ਹੀ ਸ਼ਗਨਾਂ ਦੇ ਨਾਲ ਮਿੱਠੀਆਂ ਰੋਟੀਆਂ ਬਣਾ ਕੇ ਖੁਵਾਉਣ ਤੋਂ ਬਾਅਦ ..ਸਹੁਰੇ ਘਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ…।
ਸ਼ਹਿਰ ਵਿੱਚੋ ਆਈ ਨੂੰ ਚੁੱਲੇ ਤੇ ਕੰਮ ਕਰਨਾ ਬੜਾ ਅੌਖਾ ਲੱਗਦਾ….ਧੂੰਏਂ ਨਾਲ ਅੱਖਾਂ ਧੁਆਖੀੰਆਂ ਜਾਂਦੀਆਂ ..ਕਈ ਵਾਰ ਸਾਹ ਪੁੱਠਾ ਖਿੱਚੇ ਜਾਣ ਤੇ ਫੂਕਾਂ ਮਾਰਦੀ ਦੇ ਧੂਆਂ ਸੰਘ ਵਿੱਚ ਚਲਿਆ ਜਾਂਦਾ..।
ਸੁਆਹ ਨਾਲ ਭਾਂਡੇ ਮਾਂਜਣ ਨਾਲ ਆਪਣੇ ਹੱਥਾਂ ਦੀ ਮਹਿੰਦੀ ਨੂੰ ਫਿੱਕੀ ਹੋਣ ਤੋਂ ਪਹਿਲਾਂ ਹੀ ਘਸਮੈਲੀ ਜਿਹੀ ਹੋਈ ਦੇਖ ਮਨ ਮਾਯੂਸ ਜਿਹਾ ਹੋ ਜਾਂਦਾ..।
ਮੇਰੇ ਮਾਂ ਬਾਪ ਜਿਆਦਾ ਅਮੀਰ ਤਾਂ ਨਹੀਂ ਸਨ..ਪਰ ਉਨ੍ਹਾਂ ਦੇ ਘਰ ਕਮੀ ਵੀ ਨਹੀਂ ਸੀ ਕਿਸੇ ਚੀਜ ਦੀ ..। ਮੈਨੂੰ ਤੇ ਰੱਖਿਆ ਵੀ ਉਨ੍ਹਾਂ ਲਾਡ ਪਿਆਰ ਨਾਲ ਸੀ..।
ਪਰ ਇੱਥੇ ਸਹੁਰੇ ਘਰ ਆ ਕੇ ਤਾਂ ਲੱਗ ਰਿਹਾ ਸੀ ਜਿਵੇ ਅਰਸ਼ ਤੋਂ ਸਿੱਧੀ ਫ਼ਰਸ਼ ਤੇ ਆ ਗਈ ਹੋਵਾਂ ..ਫਰਸ਼ ਤੇ ਵੀ ਕਾਹਦੀ ਕੱਚੀ ਮਿੱਟੀ ਦੇ ਵਿਹੜੇ ਤੇ ..ਜਿਸਨੂੰ ਲਿੱਪਣਾ ਨਾ ਆਉਣ ਤੇ..ਦਾਦੀ ਸੱਸ ਦੇ ਨਾਲ ਲੱਗ ਕੇ ਲਿੱਪਣਾ ਸਿੱਖਿਆ ਸੀ..।
ਦਾਦੀ ਸੱਸ ਅਤੇ ਮੇਰੇ ਘਰ ਵਾਲੇ ਤੋਂ ਇਲਾਵਾ ਪੰਜਵੀਂ ਵਿੱਚ ਪੜ੍ਹਦੇ ਮੇਰੇ ਦੋ ਜੌੜੇ ਦਿਉਰ ਵੀ ਸਨ..ਏਸ ਘਰ ਵਿੱਚ..। ਦਾਦੇ ਸਹੁਰੇ ਨੂੰ ਗੁਜ਼ਰੇ ਕਈ ਸਾਲ ਹੋ ਗਏ ਸਨ ਅਤੇ ਕੁੱਝ ਸਾਲ ਪਹਿਲਾਂ ਇੱਕ
ਸੜਕ ਹਾਦਸੇ ਵਿੱਚ ਮੇਰੇ ਸੱਸ ਸਹੁਰਾ ਵੀ ਚਲ ਬਸੇ ਸਨ…।
ਕੰਧਾਂ ਤੇ ਲੱਗੀਆਂ ਉਨ੍ਹਾਂ ਤਿੰਨਾ ਦੀਆਂ ਫੋਟੋਆਂ ਹੀ ਦੇਖੀਆਂ ਸਨ ਮੈਂ ਤਾਂ…।
ਦਾਦੀ ਦੱਸਦੀ ਸੀ ਕਿ ਕੁੜੀ ਪੈਦਾ ਹੋਣ ਦੀ ਚਾਹਤ ਚ ਹੀ ਮੇਰੇ ਸੱਸ ਸਹੁਰੇ ਦੇ ਘਰ ਮੇਰੇ ਪਤੀ ਤੋਂ ਬਾਰਾਂ ਸਾਲ ਛੋਟੇ ਉਸਦੇ ਦੋਵੇਂ ਭਰਾਵਾਂ ਦਾ ਜਨਮ ਹੋ ਗਿਆ ਸੀ…।
ਤਿੰਨਾ ਪੋਤਿਆਂ ਨੂੰ ਇੱਕਲੀ ਪਾਲਦੀ ਦਾਦੀ ਹੁਣ ਢਿੱਲੀ ਰਹਿਣ ਲੱਗ ਪਈ ਸੀ..। ਏਸੇ ਲਈ ਮੇਰੇ ਪਤੀ ਨੂੰ ਸਕੂਲ ਕਲਰਕ ਦੀ
ਨੌਕਰੀ ਮਿਲਦੇ ਸਾਰ ਹੀ ਦਾਦੀ ਨੇ ਨੂੰਹ ਲਿਆਉਣ ਦਾ ਫੈਸਲਾ ਕੀਤਾ ਸੀ..।…ਤੇ ਸ਼ਾਇਦ ਨੌਕਰੀ ਦੇਖ ਕੇ ਹੀ ਮੇਰੇ ਮਾਪਿਆਂ ਨੇ ਮੇਰੇ ਲਈ ਇਹ ਵਰ ਚੁਣਿਆਂ ਸੀ..।ਝੱਟ ਮੰਗਣੀ ਤੇ ਪੱਟ ਵਿਆਹ ਹੋ ਗਿਆ ਸੀ..ਜਿਆਦਾ ਖਰਚ ਨਹੀਂ ਸੀ ਕੀਤਾ..ਬਸ ਚੁੰਨੀ ਚੜ੍ਹਾ
ਕੇ ਲਿਆਉਣ ਵਾਂਗ ਹੀ ਹੋਇਆ ਸੀ ਸਾਡਾ ਵਿਆਹ ।
” ਦਾਜ ਲੈਣ ਦੇ ਤਾਂ ਜਮਾਂ ਖਿਲਾਫ ਆ ਮੁੰਡਾ ਤੇ ਉਹਦੀ ਦਾਦੀ ..ਜਮਾਂ ਰੱਜੀਆਂ ਰੂਹਾਂ…ਬਸ ਕੁੜੀ ਪੜੀ ਲਿਖੀ ਤੇ ਸਮਝਦਾਰ ਭਾਲਦੇ ਆ..ਤੁਸੀਂ ਦੇਰ ਨਾ ਕਰੋ ਹਾਂ ਕਰਨ ਨੂੰ …ਕੁੜੀ ਤਾਂ ਰਾਜ ਕਰੂ ਰਾਜ..”
ਵਿਚੋਲਣ ਦੀਆਂ ਮੇਰੇ ਮਾਂ ਬਾਪ ਕੋਲ ਕਹੀਆਂ ਇਹ ਗੱਲਾਂ ਯਾਦ ਕਰਕੇ..ਉਸ ਉੱਤੇ ਬੜਾ ਗੁੱਸਾ ਆਉਂਦਾ.. ਸੋਚਦੀ ਪਤਾ ਨਹੀਂ ਕਿਹੜੇ ਜਨਮ ਦਾ ਬਦਲਾ ਲਿਆ ਡੁੱਬੜੀ ਨੇ ਮੈਨੂੰ ਇੱਥੇ ਫਸਾ ਕੇ..।
ਦਿਲ ਕਰਦਾ ਮੁੜ ਭੱਜ ਜਾਵਾਂ ਅੰਮੜੀ ਦੇ ਵਿਹੜੇ…….।
ਜਾ ਕੇ ਪੁੱਛਾਂ..ਆਹ ਪਾਥੀਆਂ ਪੱਥਣ ਲਈ ਪੜ੍ਹਾਇਆ ਸੀ ਮੈਨੂੰ ..?
ਕੀ ਏਸੇ ਨੂੰ ਕਹਿੰਦੇ ਆ ਰਾਜ ਕਰਨਾ …।
ਕਲਰਕ ਦੀ ਤਨਖਾਹ ਨਾਲੋਂ ਤਾਂ ਕਿਤੇ ਜਿਆਦਾ ਗਰਜਾਂ ਨੇ ਇਸ
ਘਰ ਦੀਆਂ ..। ਨੌਕਰੀ ਦੇ ਨਾਲ ਇਹਨਾਂ ਦੇ ਆਰਥਿਕ ਹਾਲਾਤ
ਕਿਉਂ ਨਹੀਂ ਦੇਖੇ ..ਤੁਸੀਂ ..!
ਫਿਰ ਸੋਚਦੀ ਮੇਰੇ ਇਹ ਸਭ ਕਹਿਣ ਨਾਲ ਮਾਪੇਆਂ ਦਾ
ਮਨ ਦੁਖੀ ਹੋਵੇਗਾ …..।ਪਰ ਇੱਕ ਦਿਨ ਪੇਕੇ ਮਿਲਣ ਗਈ ਆਪਣੇ ਤੇ ਕਾਬੂ ਨਾ ਰੱਖ ਸਕੀ ..ਸਮਾਂ ਜਿਹਾ ਦੇਖ ਘਰ ਵਾਲੇ ਤੋਂ ਪਾਸੇ ਹੋ ਕੇ ਮਾਂ ਨਾਲ ਮਨ ਦੇ ਸ਼ਿਕਵੇ ਸਾਂਝੇ ਕਰ ਹੀ ਲਏ..।
ਉਸਨੂੰ ਪਿੱਛੜੇ ਜਿਹੇ ਆਪਣੇ ਸਹੁਰੇ ਘਰ ਦੇ ਹਾਲਾਤ ਦੱਸੇ ਜੋ ਘਰ ਰੋਜ ਮਰਾਂ ਦੀਆਂ ਆਮ ਸਹੂਲਤਾਂ ਤੋਂ ਵੀ ਸੱਖਣਾ ਸੀ..ਫਰਿੱਜ ਅਤੇ ਗੈਸ ਕਨੈਕਸ਼ਨ ਤੱਕ ਵੀ ਨਹੀਂ ਸੀ ਉਨ੍ਹਾਂ ਕੋਲ..।
ਦਾਦੀ ਦੇ ਹਰ ਖਰਚੇ ਵਿੱਚ ਕੰਜੂਸੀ ਕਰਨ ਦੀਆਂ ਗੱਲਾਂ ਵੀ ਦੱਸੀਆਂ ..ਦਿਉਰਾਂ ਲਈ ਲੰਗਰ ਲਹੁਣ ਦੇ ਬੋਝ ਦੀਆਂ ਗੱਲਾਂ ਤੋਂ ਇਲਾਵਾ ਆਪਣੇ ਘਰ ਵਾਲੇ ਵੱਲੋਂ
ਪਹਿਲੀ ਰਾਤ ਸਿਰਫ ਚਾਂਦੀ ਦਾ ਛੱਲਾ ਦੇ ਕੇ ਸਾਰਨ ਵਰਗੀਆਂ ਕਈ ਹੋਰ ਸ਼ਿਕਾਇਤਾਂ ਵੀ ਕਰ ਦਿੱਤੀਆਂ …।
ਚੰਗੀ ਤਰ੍ਹਾਂ ਮੇਰੀਆਂ ਗੱਲਾਂ ਨੂੰ ਸੁਣ.. ਮਾਂ ਨੇ ਕੁੱਝ ਦੇਰ ਚੁੱਪ ਰਹਿਣ ਤੋਂ ਬਾਅਦ ਮੈਨੂੰ ਆਖਣਾ ਸ਼ੁਰੂ ਕੀਤਾ..
“ਦੇਖ ਪੁੱਤ.. ..ਉਨ੍ਹਾਂ ਕੋਲੇ ਭਾਵੇਂ ਅੱਜ ਜਰੂਰਤ ਦੇ ਸਮਾਨ ਦੀ ਘਾਟ ਆ ….ਪਰ ਸਬਰ ਨਾਲ..ਮਨ ਰੱਜਿਆ ਉਨ੍ਹਾਂ ਦਾ..।ਏਸੇ ਲਈ ਸਾਡੇ ਮਰਜੀ ਨਾਲ ਦੇਣ ਵਾਲੇ ਦਹੇਜ ਨੂੰ ਲੈਣ ਤੋਂ ਵੀ ਇਨਕਾਰ ਕਰ ਦਿੱਤਾ..ਉਨ੍ਹਾਂ ਨੇ…।
ਤੇਰੀ ਦਾਦੀ ਸੱਸ ਸੰਜਮ ਨਾਲ ਚੱਲਦੀ ਆ ..ਆਪਣੀ ਆਮਦਨ ਦੇਖ ਕੇ….ਮੇਰੀ ਮਾਂ ਵੀ ਏਵੇੰ ਹੀ ਕਰਦੀ ਹੁੰਦੀ ਸੀ ..ਇਹਨੂੰ ਕੰਜੂਸੀ ਨਹੀਂ ਕਹਿੰਦੇ..ਸਿਆਣਪ ਕਹਿੰਦੇ ਨੇ। ..
ਅੌਰਤ ਚਾਹਵੇ ਤਾਂ ਇਸੇ ਸਿਆਣਪ ਤੇ ਸੰਜਮ ਨਾਲ ਸੂਈ ਦੇ ਨੱਕੇ ਵਿੱਚ ਦੀ ਘਰ ਬੰਨ ਸਕਦੀਆ..ਤੇ ਬਹੁਤੇ ਖੁੱਲ੍ਹੇ ਹੱਥ ਨਾਲ ਖਿੰਡਾ ਵੀ…ਤੂੰ ਵੀ ਆਪਣੀ ਦਾਦੀ ਤੋਂ ਘਰ ਬੰਨ੍ਹਣਾਂ ਸਿੱਖ..”
ਆਖਣ ਤੋਂ ਬਾਅਦ ਮਾਂ ਨੇ ਇੱਕ ਲੰਮਾ ਸਾਹ ਲਿਆ ..ਕੁੱਝ ਵਖਵਾ ਦੇ ਕੇ ਉਸਨੇ ਮੁੜ ਕਹਿਣਾ ਸ਼ੁਰੂ ਕੀਤਾ…।
” ਤੇਰੇ ਦਿਉਰ ਤਾਂ ਮਾਂ ਪਿਉ ਤੋਂ ਸੱਖਣੇ ਜਵਾਕ ਨੇ….ਅਨਾਥ ਨੇ ਵਿਚਾਰੇ..ਜੇ ਤੂੰ ਨਹੀਂ ਸਾਂਭੇਗੀ ..ਤਾਂ ਕੌਣ ਸੰਭਾਲੂ….?
..ਉਨ੍ਹਾਂ ਨੂੰ ਨੂੰ ਰੋਟੀ ਦੇਣੀ ਤੇ ਪਾਲਣਾ ਤਾਂ ਪੁੰਨ ਆਂ….। ਤੇ ਆਪਣੇ ਹਿੱਸੇ ਆਏ..ਪੁੰਨ ਨੂੰ ਇੰਝ ਬੋਝ ਕਹਿ ਕੇ ਪਾਪਾਂ ਦੀ ਭਾਗੀ ਨਾ ਬਣ..ਧੀਏ। ..ਕੰਮ ਨੂੰ ਦੇਖ ਕੇ ਕਦੇ ਮੱਥੇ ਵੱਟ ਨਹੀਂ ਪਾਈਦਾ..ਨਾ ਹੀ ਕੰਮ ਕਰਨ ਚ ਕੋਈ ਸ਼ਰਮ ਸਮਝੀ ਦੀ ਆ…!
ਬਾਕੀ ਰਹੀ ਪੁੱਤ ਛੱਲੇਆਂ ਦੀ ਗੱਲ….ਦੋਵੇਂ ਜੀਆਂ ਚ ਪਿਆਰ ਹੋਣਾ ਚਾਹੀਦਾ ..ਪਿਆਰ ਨਾਲ ਦਿੱਤੇ ਤੋਹਫੇਆਂ ਦਾ ਕੋਈ ਮੁੱਲ ਨਹੀਂ ਹੁੰਦਾ..! ਇਹਨਾਂ ਦੀ ….ਕੀਮਤ ਨਹੀਂ ਪਰਖੀ ਜਾਂਦੀ.. ”
ਆਖਦਿਆਂ ਮਾਂ ਗੰਭੀਰ ਜਿਹੀ ਹੋ ਗਈ ਸੀ…
..ਹਮੇਸ਼ਾਂ ਮੇਰੀ ਤਰਫਦਾਰੀ ਕਰਨ ਵਾਲੀ …ਅਤੇ ਮੇਰੀ ਹਾਂ ਵਿੱਚ ਹਾਂ ਮਿਲਾਉਣ ਵਾਲੀ ਮਾਂ ਦਾ ਅੱਜ ਇਹ ਅਜੀਵ ਜਿਹਾ ਰੂਪ ਦੇਖ ਕੇ ਮੈਂ ਹੈਰਾਨ ਸਾਂ….।
ਪਰ ਮਾਂ ਦੀਆਂ ਸਹਿਜਤਾ ਨਾਲ ਭਰੀਆਂ ਸੱਚੀਆਂ ਗੱਲਾਂ ਨੇ
ਜਿਵੇਂ ਮੇਰੀ ਸੋਚ ਦੀ ਟੇਡੀ ਹੋ ਰਹੀ ਸੂਈ ਕੁੱਝ ਮਿੰਟਾਂ ਵਿੱਚ ਹੀ ਸਿੱਧੀ ਕਰ ਦਿੱਤੀ ਸੀ..ਮੇਰੇ ਮਨ ਦਾ ਬੋਝ ਉਸਦੇ ਗਹਿਰੇ ਲਫ਼ਜ਼ਾਂ ਨੇ ਯਕਦਮ ਹਲਕਾ ਕਰ ਦਿੱਤਾ ਸੀ..।
ਮਾਂ ਨਾਲ ਗੱਲਾਂ ਕਰਕੇ ਮੈਨੂੰ ਇਹ ਵੀ ਸਪਸ਼ਟ ਹੋ ਗਿਆ ਸੀ ਕਿ ਮੇਰੇ ਸਹੁਰੇ ਘਰ ਦੀ ਆਰਥਿਕ ਹਾਲਤ ਬਾਰੇ ਮੇਰੇ ਮਾਂ ਬਾਪ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਪਤਾ ਸੀ..।
ਪੇਕੇ ਘਰ ਤੋਂ ਵਾਪਿਸ ਆਈ ਨੂੰ ਹਫ਼ਤਾ ਕੁ ਹੀ ਹੋਇਆ ਸੀ ਕਿ
ਇੱਕ ਦਿਨ ਦਾਦੀ ਨੇ ਅਵਾਜ ਮਾਰ ਕੋਲ ਬਹਾ ਆਪਣੇ ਹੱਥ ਵਿਚਲੀ ਪੋਟਲੀ ਜਿਹੀ ਮੈਨੂੰ ਖੋਲ ਕੇ ਫੜਾ ਦਿੱਤੀ ਜਿਸ ਵਿੱਚ ਉਸਦੀਆਂ ਅਤੇ ਮੇਰੀ ਸੱਸ ਦੀਆਂ ਵਾਲੀਆਂ ਤੋਂ ਇਲਾਵਾ
ਦੋ ਤਿੰਨ ਸੋਨੇ ਦੇ ਗਹਿਣੇ ਹੋਰ ਸਨ…।
ਫਿਰ ਉਹ ਮੈਨੂੰ ਪੇਟੀ ਵਿੱਚ ਰੱਖੇ ..ਬਿਸਤਰੇ.. ਭਾਂਡੇ ਅਤੇ ਹੋਰ ਸਮਾਨ ਦਿਖਾਉਣ ਲੱਗੀ..। ਪੇਟੀ ਦੀਆਂ ਕੁੰਜੀਆਂ ਦੇ ਨਾਲ ਉਸਨੇ ਗੁੱਛ -ਮੁੱਛ ਕਰ ਰੱਖੇ ਕੁੱਝ ਨੋਟ ਵੀ ਫੜਾ ਦਿੱਤੇ..। ਮੈਂ ਬਥੇਰੀ ਨਾਂਹ ਨੁੱਕਰ ਕੀਤੀ ਪਰ ਉਸਨੇ ਜੋਰ ਦੇ ਕੇ ਸਭ ਕੁੱਝ ਮੈਨੂੰ ਰੱਖ ਲੈਣ ਲਈ ਕਿਹਾ..।
ਇਹ ਸਭ ਸ਼ਾਇਦ ਉਹ ਆਪਣੀ ਵਿਗੜ ਰਹੀ ਸਿਹਤ ਵੱਲ ਦੇਖ
ਕੇ ਕਰ ਰਹੀ ਸੀ..। ਮੈਂ ਤੇ ਪਤੀ ਨੇ ਉਸਨੂੰ ਸ਼ਹਿਰ ਦੇ ਚੰਗੇ ਡਾਕਟਰ ਨੂੰ ਦਿਖਾਇਆ …ਅਰਾਮ ਨਾ ਆਉਂਦਾ ਦੇਖ ਡਾਕਟਰ ਬਦਲੇ..ਵੀ ਪਰ ਦਾਦੀ..ਬਚ ਨਾ ਸਕੀ..।
ਕੁੱਝ ਕੁ ਮਹੀਨਿਆਂ ਵਿੱਚ ਹੀ ਮੋਹ ਦਾ ਗੂੜ੍ਹਾ ਰਿਸ਼ਤਾ ਬਣ ਗਿਆ ਸੀ ਉਸ ਨਾਲ..ਉਸ ਦੇ ਰੁਖਸਤ ਹੋ ਜਾਣ ਤੋਂ ਬਾਅਦ ਮੈਨੂੰ ਉਸਦੀ ਅਹਿਮੀਅਤ ਅਤੇ ਚੰਗੇ ਸੁਭਾਅ ਦਾ ਚੇਤਾ ਆ ਰਿਹਾ ਸੀ..।
ਕਿਵੇਂ ..ਡਿੱਗਦੀ ਢਹਿੰਦੀ ਵੀ ਮੇਰੇ ਨਾਲ ਕੰਮ ਕਰਾਉਣ ਦੀ ਕੋਸ਼ਿਸ਼ ਕਰਦੀ ..ਰਹਿੰਦੀ ਸੀ। ਕਿਵੇਂ ਮੈਥੋਂ ਰੋਟੀ ਦਾ ਥਾਲ ਫੜਨ ਲੱਗੀ ..ਅਸੀਸਾਂ ਦੀ ਝੜੀ ਲਾ ਦਿੰਦੀ..
“ਜਿਉਂਦੀ ਰਹਿ ਧੀਏ..ਰੱਬ ਤੈਨੂੰ ਰਾਜੀ ਰੱਖੇ..ਰੰਗ ਭਾਗ ਲਾਵੇ …ਦੁੱਧੀਂ ਪੁੱਤੀੰ ਨਹਾਵੇਂ..ਬੁੱਢ ਸੁਹਾਗਣ ਹੋਵੇਂ.”..ਤੇ ਹੋਰ ਪਤਾ
ਨਹੀਂ ਕਿੰਨਾ ਕੁੱਝ ..।
ਦਾਦੀ ਦੇ ਜਾਣ ਤੋਂ ਬਾਅਦ …ਕਬੀਲਦਾਰੀ ਦੀਆਂ ਜਿੰਮੇਵਾਰੀਆਂ ਨਿਭਾਉੰਦੀ..ਇੰਨੀ ਘਟ ਉਮਰ ਵਿੱਚ ..ਕਦੇ ਕਦੇ ਮੈਂ ਆਪਣੇ ਆਪ ਨੂੰ ਦਾਦੀ ਬਣੀ ਮਹਿਸੂਸ ਕਰਦੀ..।
ਦਾਦੀ ਦੀ ਤਰਾਂ ਹੀ ਰੋਜ ਚੌਕਾਂ ਸਾਫ ਕਰਕੇ..ਰਸੋਈ ਵਿੱਚ ਨਿੰਮ ਦੇ ਪੱਤਿਆਂ ਦੀ ਧੂਫ ਦੇ ਕੇ ਕੰਮ ਸ਼ੁਰੂ ਕਰਦੀ.. ਦਾਦੀ ਦੀ ਤਰ੍ਹਾਂ ਹੀ ਰੋਟੀਆਂ ਪਕਾਉੰਦੀ ਵਾਹਿਗੁਰੂ ਵਾਹਿਗੁਰੂ ਆਖਦੀ..ਤੇ ਦਾਦੀ ਦੀ ਤਰ੍ਹਾਂ ਹੀ ਮੁੱਠੀ ਘੁੱਟ ਕੇ ਖਰਚਾ
ਕਰਦੀ..।
ਪਤੀ ਦੇ ਨਾਲ ਨਾਲ ਦਿਉਰਾਂ ਵੱਲ ਧਿਆਨ ਵੀ ਦਿੱਤਾ…ਦਿਉਰਾਂ ਨੂੰ ਮਾਂ ਬਣ ਕੇ ਪਿਆਰ ਨਾਲ ਹੈਂਡਲ ਕਰਦੀ ਪਰ ਪੜ੍ਹਾਈ ਵਿੱਚ ਢਿੱਲੇ ਹੋਣ ਤੇ ਉਨ੍ਹਾਂ ਨੂੰ ਘੂਰਦੀ ਵੀ..। ਕਦੇ ਕਦਾਈਂ ਆਖੇ ਨਾ ਲੱਗਦੇ ਤਾਂ ਇੱਕ ਅੱਧੀ ਜੜ ਵੀ ਦਿੰਦੀ..।
ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਉਂਦੀ ਨੂੰ ਦੇਖ ਕੁੱਝ ਗੁਆਂਢਣ ਅੌਰਤਾਂ ਮੇਰੇ ਤੇ ਮਤਰੇਈ ਵਾਲਾ ਸਲੂਕ ਕਰਨ ਦੀਆਂ ਗੱਲਾਂ ਆਸ ਗੁਆਂਢ ਵਿੱਚ ਕਰਦੀਆਂ …।
ਪਰ ਮੈਂ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਚੁੱਪ ਚਾਪ ਆਪਣੇ ਕੰਮ ਕਰਦੀ ਰਹੀ ..ਮਾਂ ਦੀ ਸਿੱਖਿਆ ਅਤੇ ਮੇਰੇ ਪਤੀ ਦਾ ਭਰੋਸਾ ਮੇਰੇ ਨਾਲ ਸੀ..। ਹੋਲੀ ਹੋਲੀ ਨਿੱਕੇ ਦਿਉਰ ਵੀ ਮੇਰੀ ਭਾਵਨਾ ਨੂੰ ਸਮਝ ਰਹੇ ਸਨ..।
ਪਤੀ ਦੀ ਤਨਖਾਹ ਤੇ ਹੀ ਨਿਰਭਰ ਨਾ ਰਹਿ ਕੇ .. .ਘਰ ਦੇ ਕੰਮਾਂ ਤੋਂ ਇਲਾਵਾ ਆਸ ਗੁਆਂਢ ਅਤੇ ਪਿੰਡ ਦੇ ਬੱਚਿਆਂ ਨੂੰ ਟਿਊਸ਼ਨ ਪੜਾਉੰਦੀ …ਪਤੀ ਦੇ ਨਾਲ ਡੰਗਰਾਂ ਨੂੰ ਸੰਭਾਲਣ ਵਿੱਚ ਮਦਦ ਕਰਦੀ..! ਮਹੀਨੇ ਚ ਤਿੰਨ ਚਾਰ ਸੂਟ ਵੀ ਸਿਉੰ ਦੇੰਦੀ..।
ਮਿਹਨਤ ਕਰਨ ਨਾਲ ਘਰ ਵਿੱਚ ਸਭ ਪਾਸੇ ਤੋਂ ਪੈ ਰਹੀ ਬਰਕਤ ਨੂੰ ਮਹਿਸੂਸ ਕਰ ਮੇਰਾ ਹੌਸਲਾ ਹੋਰ ਵੱਧ ਜਾਂਦਾ..।
ਸਮਾਂ ਇੱਕ ਦਮ ਨਹੀਂ ਬਦਲਦਾ ..ਮਸ਼ੱਕਤ ਕਰਨੀ ਪੈਂਦੀ ਹੈ …ਦੁੱਖਾਂ ..ਪਰੇਸ਼ਾਨੀਆਂ ਵਿੱਚੋਂ ਲੰਘਣਾ ਪੈਂਦਾ ਹੈ…ਪਰ ਆਖਿਰ ਮਿਹਨਤ ਦਾ ਮਿਲੇਆ ਮੁੱਲ ..ਸਭ ਪਰੇਸ਼ਾਨੀਆਂ
ਭੁਲਾ ਦਿੰਦਾ ਹੈ..।
ਅੱਜ ਪੜ੍ਹ ਲਿਖ ਕੇ ਬਾਹਰਲੇ ਮੁਲਕਾਂ ਚ ਸੈੱਟ ਹੋਏ ਵਿਆਹੇ ਵਰੇ ਦੋਵੇਂ ਦਿਉਰ ਤੇ ਉਨ੍ਹਾਂ ਦਾ ਪਰਿਵਾਰ ਮੇਰੇ ਖੁੱਦ ਦੇ ਦੋਵਾਂ ਬੱਚਿਆਂ ਤੋਂ ਵੀ ਵੱਧ ਆਦਰ ਕਰਦੇ ਨੇ ..ਸਾਡੇ ਦੋਵਾਂ ਜੀਆਂ ਦਾ ।..ਕੰਡਾ ਲੱਗਿਆ ਵੀ ਨਹੀਂ ਜਰਦੇ ..ਉਹ!
ਘਰ ਚ ਕਿਸੇ ਚੀਜ ਦੀ ਕੋਈ ਵੀ ਥੋੜ੍ਹ ਨਹੀਂ ਰਹੀ…ਸਭ ਕੁੱਝ ਸਮੇਂ ਨਾਲ ਬਣ ਗਿਆ ..।
ਪਰ ਇਹ ਜੋ ਆਪ ਮਿਹਨਤ ਕਰਕੇ ਬੰਨੇ ਘਰ ਵਿੱਚ ਰਹਿਣ ਦਾ ਸਕੂਨ ਮੈਨੂੰ ਮਿਲੇਆ..ਸ਼ਾਇਦ ਕਿਸੇ ਅਮੀਰ ਘਰ ਵਿੱਚ ਵਿਆਹੀ ਜਾਣ ਤੇ ਵੀ ਨਸੀਬ ਨਹੀਂ ਸੀ ਹੋਣਾ..।
ਇਹ ਮਿਹਨਤ ਕਰਨ ਅਤੇ ਥੋੜ੍ਹ ਅੌਖ ਸਮੇ ਵੀ ਚੜ੍ਹਦੀ ਕਲਾ ਵਿੱਚ
ਰਹਿਣ ਦੀ ਤਜੁਰਬੇ ਰੂਪੀ ਪੂੰਜੀ ਮੈਂ ਆਪਣੇ ਪੁੱਤ ਅਤੇ ਲਾਡਾਂ ਨਾਲ ਪਲ ਰਹੀ ਆਪਣੀ ਧੀ ਰਾਣੀ ਨੂੰ ਵੀ ਸਿੱਖਿਆ ਦੇ ਰੂਪ ਵਿੱਚ ਦੇਣਾ ਚਾਹਾਂਗੀ..ਬਿਲਕੁਲ ਉਵੇਂ ..ਜਿਵੇਂ ਮੈਨੂੰ ਮਾਂ ਅਤੇ ਦਾਦੀ ਸੱਸ ਤੋਂ ਇਹ ਪੂੰਜੀ ਨਸੀਬ ਹੋਈ ਸੀ।
ਹਰਿੰਦਰ ਸਿੰਘ ਤੱਤਲਾ
(ਇੱਕ ਸਤਿਕਾਰ ਯੋਗ ਸਖਸ਼ੀਅਤ ਨੂੰ ਸਮਰਪਿਤ )
ਭਾਈ ਕਟਾਰੂ ਜੀ ਅਤੇ ਗੁਰੂ ਅਰਜਨ ਦੇਵ ਜੀ
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਭਾਈ ਕਟਾਰੂ ਹੋਇਆ ਹੈ, ਜੋ ਕਿ ਪਾਕਿਸਤਾਨ ਗਜ਼ਨੀ ਸ਼ਹਿਰ ਵਿੱਚ ਰਹਿੰਦਾ ਸੀ। ਉਦੋਂ ਜੋ ਰਾਸ਼ਨ ਡਿਪੂ ਹੁੰਦੇ ਸਨ, ਸਾਰਾ ਚਾਰਜ ਉਸ ਸਮੇਂ ਸੂਬੇਦਾਰ ਕੋਲ ਹੁੰਦਾ ਸੀ ਇਹ ਭਾਈ ਕਟਾਰੂ ਸੂਬੇਦਾਰ ਕੋਲ ਧੜਵਈ ਦੀ ਨੌਕਰੀ ਕਰਦਾ ਸੀ, ਲੋਕਾਂ ਨੂੰ ਰਾਸ਼ਨ ਦਿੰਦਾ ਸੀ ਤੇ ਗੁਰੂ ਅਰਜਨ ਦੇਵ ਜੀ ਤੋਂ ਚਰਨ ਪਾਹੁਲ ਪ੍ਰਾਪਤ ਕਰਕੇ ਗੁਰਮੰਤਰ ਦੀ ਦਾਤ ਲੈ ਕੇ ਸਿੱਖ ਸਜਿਆ ਸੀ।
ਗੁਰੂ ਅਰਜਨ ਦੇਵ ਜੀ ਨੇ ਜਦੋਂ ਸਿੱਖੀ ਦਿੱਤੀ ਤੇ ਪੁੱਛਿਆ, ”ਕੀ ਕੰਮ ਕਰਦਾ ਹੈਂ?” ”ਜੀ! ਧੜਵਈ ਦੀ ਨੌਕਰੀ।” ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਕਟਾਰੂ ਜੀ ਨੂੰ ਸਿੱਖੀ ਕਮਾਉਣ ਵਾਸਤੇ ਪੰਜ ਬਚਨ ਦਿੱਤੇ –
1. ਘੱਟ ਨਹੀਂ ਤੋਲਣਾ।
2. ਦਸਵੰਧ ਜ਼ਰੂਰ ਕੱਢਣਾ ਹੈ।
3. ਅੰਮ੍ਰਿਤ ਵੇਲੇ ਉੱਠ ਕੇ ਜਪੁਜੀ ਸਾਹਿਬ ਦਾ ਪਾਠ ਕਰਕੇ ਕੁਝ ਛਕਣਾ ਹੈ।
4. ਕੰਮ-ਕਾਰ ਕਰਦਿਆਂ ਵਾਹਿਗੁਰੂ ਸ਼ਬਦ ਦੀ ਕਮਾਈ ਕਰਨੀ ਹੈ।
5. ਕਿਸੇ ਦਾ ਜਾਣ ਬੁੱਝ ਕੇ ਦਿਲ ਨਹੀਂ ਦੁਖਾਣਾ। ਇਸ ਨੇ ਸਾਰੇ ਬਚਨ ਮੰਨੇ।
ਇਲਾਕੇ ਵਿੱਚ ਬੜੀ ਸੋਭਾ ਹੋ ਗਈ। ਜਦੋਂ ਇਲਾਕੇ ਵਿੱਚ ਸੋਭਾ ਹੋ ਗਈ ਤੇ ਜਿਨ੍ਹਾਂ ਕੋਲ ਸੋਭਾ ਬਰਦਾਸ਼ਤ ਨਹੀਂ ਸੀ ਹੁੰਦੀ ਉਹ ਕਹਿੰਦੇ ਹਨ ਕਿ ਕਿਹੜਾ ਕੰਮ ਕਰੀਏ ਕਿ ਭਾਈ ਕਟਾਰੂ ਨੂੰ ਬਦਨਾਮ ਕਰੀਏ। ਅੱਠ ਕੁ ਬੰਦੇ ਉਨ੍ਹਾਂ ਦੀ ਦੁਕਾਨ ਤੇ ਆਏ। ਤਿੰਨ ਚਾਰਾਂ ਨੇ ਗੱਲੀਂ ਲਗਾ ਲਿਆ ਤੇ ਤਿੰਨਾਂ-ਚਾਰਾਂ ਨੇ ਉਨ੍ਹਾਂ ਦੇ ਪੰਜ-ਸੱਤ ਵੱਟੇ ਬਦਲਾ ਦਿੱਤੇ। ਜਿਨ੍ਹਾਂ ਨਾਲ ਤੋਲ ਕਰਕੇ ਲੋਕਾਂ ਨੂੰ ਰਾਸ਼ਨ ਦੇਂਦਾ ਸੀ, ਈਰਖਾ ਕਰਣ ਵਾਲਿਆਂ ਨੇ ਘੱਟ ਤੋਲ ਵਾਲੇ ਵੱਟੇ ਇਸ ਦੀ ਦੁਕਾਨ ਤੇ ਰੱਖ ਦਿੱਤੇ, ਨਾਲ ਹੀ ਮਹਿਕਮੇ ਨੂੰ ਸ਼ਿਕਾਇਤ ਕੀਤੀ, ਇਸ ਨੂੰ ਛਾਪਾ ਮਾਰੋ, ਘੱਟ ਤੋਲਦਾ ਹੈ। ਮਹਿਕਮੇ ਵਾਲੇ ਆ ਗਏ, ਆ ਕੇ ਕਹਿੰਦੇ, ”ਭਾਈ ਕਟਾਰੂ,” ਤੇਰੇ ਵਿਰੁੱਧ ਸ਼ਿਕਾਇਤ ਆਈ ਹੈ, ਤੂੰ ਘੱਟ ਤੋਲਦਾ ਹੈਂ। ਤੇਰੇ ਵੱਟੇ ਚੈੱਕ ਕਰਨੇ ਹਨ। ਜਦੋਂ ਉਨ੍ਹਾਂ ਕਿਹਾ ਕਿ ਵੱਟੇ ਚੈੱਕ ਕਰਨੇ ਹਨ ਤੇ ਉਦੋਂ ਨਿਗ੍ਹਾ ਗਈ ਕਿ ਪੰਜ-ਸੱਤ ਵੱਟੇ ਮੇਰੇ ਨਹੀਂ।
ਮਹਿਕਮੇ ਵਾਲੇ ਕਹਿੰਦੇ, ”ਵੱਟੇ ਚੈੱਕ ਕਰਵਾ।” ਭਾਈ ਕਟਾਰੂ ਕੀ ਕਹਿੰਦਾ ਹੈ, ਮਹਿਕਮੇ ਵਾਲਿਆਂ ਨੂੰ ਕਿ ਤੁਸੀਂ ਵੱਟੇ ਚੈੱਕ ਕਰੋ, ਮੈਨੂੰ ਆਪਣਾ ਕੰਮ ਕਰਨ ਦਿਓ। ਆਪਣਾ ਕੰਮ ਕਿਹੜਾ ਸੀ? ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਭਾਈ ਕਟਾਰੂ ਜੀ ਨੇ ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ ਤੇ ਮਨ ਨਾਲ ਅੰਦਰੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ। ਕਿਉਂਕਿ ਪਾਵਨ ਬਾਣੀ ਵਿੱਚ ਜ਼ਿਕਰ ਆਉਂਦਾ ਹੈ ਕਿ ਕੋਈ ਭਉਜਲ ਆਵੇ ਤਾਂ ਸਿੱਖ ਬਾਣੀ ਪੜ੍ਹਕੇ ਅਰਦਾਸ ਕਰੇ¸
ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ।।
(ਪਉੜੀ, ਵਾਰ ਗੁਜਰੀ ਮ: 5, ਅੰਗ 519)
ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਬੈਠੇ ਸਨ। ਇੱਕ ਸਿੱਖ ਨੇ ਮਸਨੂਰੀ ਟਕਾ ਮੱਥਾ ਟੇਕਿਆ, ਜੋ ਦਰਸ਼ਨ ਕਰਨ ਵਾਸਤੇ ਆਇਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਉਹ ਟਕਾ ਲੈ ਕੇ ਕਦੀ ਖੱਬੀ ਤਲੀ ਰੱਖਦੇ ਹਨ, ਕਦੀ ਸੱਜੀ। ਕਦੀ ਖੱਬੀ, ਕਦੀ ਸੱਜੀ। ਸੇਵਾਦਾਰ ਕਹਿੰਦਾ ਹੈ, ਮਹਾਰਾਜ ਕੀ ਕਰ ਰਹੇ ਹੋ? ਸੰਗਤਾਂ ਮੋਹਰਾਂ, ਸੋਨਾ, ਚਾਂਦੀ, ਕੀਮਤੀ ਵਸਤੂਆਂ ਚੜ੍ਹਾ ਜਾਂਦੀਆਂ ਹਨ, ਸੇਵਾਦਾਰ ਨੂੰ ਕਹਿੰਦੇ ਹੋ, ਖ਼ਜ਼ਾਨੇ ਵਿੱਚ ਪਾ ਦੇ। ਅੱਜ ਟਕਾ ਲੈ ਕੇ ਕਦੀ ਸੱਜੀ ਤਲੀ, ਕਦੀ ਖੱਬੀ ਤਲੀ। ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ, ”ਮੈਂ ਕੀ ਕਰਾਂ? ਗ਼ਜ਼ਨੀ ਵਿੱਚ ਮੇਰੇ ਸਿੱਖ ਭਾਈ ਕਟਾਰੂ ਦੇ ਵਿਰੋਧੀਆਂ ਨੇ ਵੱਟੇ ਬਦਲਾ ਦਿੱਤੇ ਹਨ। ਮਹਿਕਮੇ ਵਾਲੇ ਚੈਕ ਕਰ ਰਹੇ ਨੇ। ਮੇਰਾ ਸਿੱਖ ਸ੍ਰੀ ਜਪੁਜੀ ਸਾਹਿਬ ਨਾਲ ਜੁੜ ਦੇ ਅਰਦਾਸ ਕਰ ਰਿਹਾ ਹੈ।”
ਸੇਵਾਦਾਰ ਕਹਿੰਦਾ ਹੈ, ਮਹਾਰਾਜ, ਟਕੇ ਨੂੰ ਕੀ ਕਰਦੇ ਪਏ ਹੋ? ਕਦੀ ਸੱਜੀ ਤਲੀ, ਕਦੀ ਖੱਬੀ ਤਲੀ। ਗੁਰੂ ਅਰਜਨ ਦੇਵ ਜੀ ਕਹਿੰਦੇ, ਜਪੁਜੀ ਸਾਹਿਬ ਦੇ ਪਾਠ ਅਤੇ ਅਰਦਾਸ ਸਦਕੇ ਉਸ ਦੀ ਚਿੰਤਾ ਮੇਰੇ ਕੋਲ ਆ ਗਈ ਹੈ। ਜਦੋਂ ਮਹਿਕਮੇ ਵਾਲੇ ਹਲਕੇ ਵਜ਼ਨ ਦਾ ਵੱਟਾ ਸੱਜੇ ਛਾਬੇ ਵਿੱਚ ਪਾਉਂਦੇ ਹਨ, ਮੈਂ ਟਕਾ ਸੱਜੀ ਤਲੀ ‘ਤੇ ਲੈ ਆਉਂਦਾ ਹਾਂ, ਜਦੋਂ ਉਹ ਖੱਬੇ ਛਾਬੇ ਵਿੱਚ ਪਾਉਂਦੇ ਹਨ, ਮੈਂ ਖੱਬੀ ਤਲੀ ‘ਤੇ ਲੈ ਆਉਂਦਾ ਹਾਂ। ਮੇਰੇ ਸਿੱਖ ਦੇ ਵੱਟਿਆਂ ਵਿੱਚ ਫਰਕ ਨਾ ਪੈ ਜਾਵੇ। ਇਸ ਤਰ੍ਹਾਂ ਗੁਰੂ ਜੀ ਨੇ ਅੰਮ੍ਰਿਤਸਰ ਵਿੱਚ ਬੈਠਿਆਂ ਗਜ਼ਨੀ ਵਿੱਚ ਬੈਠੇ ਆਪਣੇ ਸਿੱਖ ਦੀ ਪੈਜ ਰੱਖੀ।
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਈ ਛਡਾਈ।। (ਅੰਗ 588)
ਸਿੱਖਿਆ – ਇਹ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਥੇ ਚਾਹੁੰਣ ਆਪਣੇ ਸਿੱਖ ਦੀ ਰਾਖੀ ਕਰ ਸਕਦੇ ਹਨ। ਸਾਨੂੰ ਸਿਰਫ਼ ਸਿਮਰਨ ਬਾਣੀ ਦਾ ਆਸਰਾ ਲੈ ਕੇ ਅਰਦਾਸ ਵਿੱਚ ਜੁੜਨ ਦੀ ਲੋੜ ਹੈ, ਗੁਰੂ ਸਾਹਿਬ ਅੰਗ-ਸੰਗ ਹੋ ਕੇ ਸਹਾਈ ਹੁੰਦੇ ਹਨ। ਕਿਸੇ ਬਿਪਤਾ ਵੇਲੇ ਚਿੰਤਾ ਹੀ ਕਰਨ ਨਾਲ ਮਸਲਾ ਹੱਲ ਨਹੀਂ ਹੁੰਦਾ ਚਿੰਤਾ ਨੂੰ ਚਿੰਤਨ ਬਣਾਈਏ ਤਾਂ ਚਿੰਤਾ ਗੁਰੂ ਸਾਹਿਬ ਆਪਣੇ ਤੇ ਲੈ ਲੈਂਦੇ ਹਨ।
ਇਕ ਨਿੱਕਾ ਜਿਹਾ ਪਾਲੀ ਸਤਲੁਜ ਦਰਿਆ ਦੇ ਕੰਢੇ ਮੰਡ ਇਲਾਕੇ ਵਿਚ ਮੱਝਾਂ ਚਾਰ ਰਿਹਾ ਹੈ ਤੇ ਇਕ ਰੁੱਖ ਨਾਲ ਢੋਅ ਲਾਈ ਬੈਠਾ ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਵਿਚ ਹੀਰ ਗਾ ਰਿਹਾ ਹੈ। ਕੁਝ ਰਾਹਗੀਰ ਲੰਘ ਰਹੇ ਹਨ ਤੇ ਛੋਟੇ ਜਹੇ ਪਾਲੀ ਦੀ ਆਵਾਜ਼ ਉਹਨਾਂ ਨੂੰ ਅੱਗੇ ਲੰਘਣ ਹੀ ਨਹੀਂ ਦਿੰਦੀ। ਜਦ ਬਾਲ ਗਾਉਂਦਾ ਗਾਉਂਦਾ ਚੁੱਪ ਕਰਦਾ ਹੈ ਤਾਂ ਇਕ ਰਾਹਗੀਰ ਦੇ ਮੂੰਹੋਂ “ਵਾਹ” ਨਿਕਲਦਾ ਹੈ।
“ਤੇਰੀਆਂ ਮੱਝਾਂ ਕਿਧਰੇ ਦੂਰ ਨਿਕਲ ਜਾਣਗੀਆਂ ਸ਼ੇਰਾ, ਉਹਨਾਂ ਨੂੰ ਏਧਰ ਹੱਕ ਲਿਆ?”, ਇਕ ਰਾਹਗੀਰ ਬੋਲਿਆ।
“ਇਹ ਵੀ ਹੀਰ ਨੂੰ ਪਿਆਰ ਕਰਦੀਆਂ ਨੇ, ਸੋ ਓਨੀ ਕੁ ਦੂਰ ਜਾਂਦੀਆਂ ਨੇ ਜਿੱਥੋਂ ਤਕ ਆਵਾਜ਼ ਸੁਣਦੀ ਰਹੇ”, ਪਾਲੀ ਹੱਸਦਾ ਹੋਇਆ ਬੋਲਿਆ।
“ਕੁਝ ਹੋਰ ਵੀ ਸੁਣਾ ਸ਼ੇਰਾ”, ਰਾਹਗੀਰਾਂ ਦਾ ਓਥੋਂ ਜਾਣ ਦਾ ਚਿੱਤ ਨਹੀਂ ਕਰ ਰਿਹਾ ਸੀ।
ਮੁੰਡੇ ਨੇ ਸੱਸੀ ਦੇ ਕੁਝ ਬੈਂਤ ਸੁਣਾਏ।
ਇਸੇ ਤਰ੍ਹਾਂ ਸੱਥ ਵਿਚ ਬੈਠੇ ਬਾਬੇ ਇਸ ਬਾਲ ਨੂੰ ਬਿਠਾ ਕੇ ਹੀਰ, ਸੋਹਣੀ, ਸੱਸੀ ਸੁਣਦੇ ਰਹਿੰਦੇ। ਕਿਸੇ ਬਜ਼ੁਰਗ ਨੇ ਇਕ ਦਿਨ ਕਿਹਾ, “ਪੁੱਤਰਾ ਜੇ ਤੂੰ ਰਾਗ ਵਿੱਦਿਆ ਕਿਸੇ ਉਸਤਾਦ ਕੋਲੋਂ ਸਿਖ ਲਵੇਂ ਤਾਂ ਸੋਨੇ ‘ਤੇ ਸੁਹਾਗਾ ਹੋ ਜਾਊ”
ਉਸ ਬਾਲ ਨੇ ਕਿਸੇ ਦੇ ਰਾਹੀਂ ਸ਼ਹੀਦ ਸਿਖ ਮਿਸ਼ਨਰੀ ਕਾਲਜ ਦਾਖਲੇ ਲਈ ਪੱਤਰ ਭੇਜ ਦਿੱਤਾ। ਇੰਟਰਵਿਊ ਲਈ ਸੱਦਾ ਪੱਤਰ ਆ ਗਿਆ। ਪਰ ਅੰਮ੍ਰਿਤਸਰ ਜਾਣ ਦਾ ਕਿਰਾਇਆ ਕੋਲ ਨਹੀਂ ਸੀ।
ਮਾਂ ਨੇ ਆਪਣੀ ਮੁੰਦਰੀ ਬਾਲ ਨੂੰ ਦਿੰਦਿਆਂ ਕਿਹਾ, “ਪੁੱਤਰ ਦਾਖਲੇ ਲਈ ਖਰਚਾ, ਕੱਪੜੇ ਤੇ ਆਉਣ ਜਾਣ ਦਾ ਪ੍ਰਬੰਧ ਤਾਂ ਹੋ ਹੀ ਜਾਊ?”
ਇੰਟਰਵਿਊ ਲੈਣ ਵਾਲਿਆਂ ਵਿਚ ਜਥੇਦਾਰ ਟੌਹੜਾ, ਪ੍ਰਿ. ਹਰਿਭਜਨ ਸਿੰਘ, ਪ੍ਰੋ. ਅਵਤਾਰ ਸਿੰਘ ਨਾਜ਼ ਬੈਠੇ ਸਨ। ਉਹਨਾਂ ਕਿਹਾ, “ਬੇਟਾ ਕੋਈ ਸ਼ਬਦ ਸੁਣਾ”
ਪਾਲੀ ਬਾਲ ਨੇ ਉੱਚੀ ਹੇਕ ਵਿਚ ਗਾਉਣਾ ਸ਼ੁਰੂ ਕੀਤਾ, “ਕਲਗੀਧਰ ਪੰਥ ਪਿਆਰੇ ਦਾ ਇਕ ਹੁਕਮ ਵਜਾ ਕੇ ਤੁਰ ਚੱਲਿਆ,
ਚਮਕੌਰ ਗੜੀ ਦੀਆਂ ਕੰਧਾ ਨੂੰ ਸੋਚਾਂ ਵਿਚ ਪਾ ਕੇ ਤੁਰ ਚੱਲਿਆ”
“ਕੋਈ ਸ਼ਬਦ ਨਹੀਂ ਆਉਂਦਾ?”, ਜਥੇਦਾਰ ਟੌਹੜਾ ਬੋਲੇ।
“ਚੰਨ ਮਾਤਾ ਗੁਜ਼ਰੀ ਦਾ ਸੁੱਤਾ ਕੰਡਿਆਂ ਦੀ ਸੇਜ਼ ਵਿਛਾਈ,
ਸੀਨੇ ਨਾਲ ਤੇਗ ਲਾ ਲਈ ਜਦ ਯਾਦ ਪੁੱਤਰਾਂ ਦੀ ਆਈ”, ਬਾਲ ਨੇ ਇਕ ਹੋਰ ਗੀਤ ਗਾਇਆ। ਉਸ ਲਈ ਤਾਂ ਇਹ ਧਾਰਮਿਕ ਗੀਤ ਸ਼ਬਦ ਹੀ ਸਨ।
ਪਰ ਫਿਰ ਵੀ ਇੰਟਰਵਿਊ ਵਾਲੇ ਗੁਣੀ ਬੰਦਿਆਂ ਨੇ ਇਸ ਭੋਲੇ ਬਾਲ ਦਾ ਗੁਣ ਪਛਾਣਿਆਂ ਤੇ ਦਾਖਲਾ ਦੇ ਦਿੱਤਾ।
…
ਤੇ ਉਸੇ ਪਾਲੀ ਬਾਲ ਦੀ ਗਾਈ ਹੋਈ ਸਿਰਫ ‘ਆਸਾ ਕੀ ਵਾਰ’ ਦੀ ਟੇਪ ਦੀਆਂ ਹੀ ਸੰਨ 2012 ਤਕ ਕੁਲ 60 ਲੱਖ ਕਾਪੀਆਂ ਵਿਕ ਚੁੱਕੀਆਂ ਸਨ।
ਸਤਲੁਜ ਦੇ ਕੰਢੇ ਮੱਝਾਂ ਚਾਰਦੇ ਫਿਰਦੇ ਇਸੇ ਪਾਲੀ ਬਾਲ ਨੂੰ ਭਾਰਤ ਦੇ ਰਾਸ਼ਟਰਪਤੀ ਨੇ ਪਦਮ ਸ੍ਰੀ ਨਾਲ ਨਿਵਾਜ਼ਿਆ ਤੇ ਦੁਨੀਆਂ ਨੇ ਭਾਈ ਨਿਰਮਲ ਸਿੰਘ ਖਾਲਸਾ ਕਰਕੇ ਜਾਣਿਆਂ। ਪਰ ਉਹਨਾਂ ਦੇ ਆਪਣੇ ਬੋਲ ਸਨ, “ਗੁਰੂ ਰਾਮਦਾਸ ਦੇ ਘਰ ਕੀਰਤਨ ਕਰਨ ਤੋਂ ਵੱਡਾ ਸਨਮਾਨ ਕਿਸੇ ਲਈ ਹੋਰ ਕੋਈ ਨਹੀਂ ਹੋ ਸਕਦਾ”।
ਜਗਦੀਪ ਸਿੰਘ ਫਰੀਦਕੋਟ
#ਮਹਿਕਮਾ_
ਫੌਜ ਵਿਚੋਂ ਰਿਟਾਇਰ ਰਿਸ਼ਤੇਦਾਰ ਦਾ ਫੋਨ ਆਇਆ ..ਆਖਣ ਲੱਗਾ ਸੁਬੇਗ ਸਿੰਘ ਦੀ ਫੋਟੋ ਆਪਣੇ ਫੇਸ ਬੁਕ ਪ੍ਰੋਫ਼ਾਈਲ ਚੋਂ ਕੱਢ ਦੇ ..ਦੇਸ਼ ਦਾ ਬਾਗੀ ਸੀ ਉਹ … ਨਹੀਂ ਤੇ ਮੈਨੂੰ ਮਜਬੂਰਨ ਤੇਰੀ ਫ੍ਰੇਂਡ ਲਿਸਟ ਚੋਂ ਬਾਹਰ ਹੋਣਾ ਪਵੇਗਾ ! ਉਸ ਨੂੰ ਓਸੇ ਵੇਲੇ ਸਦਾ ਲਈ ਅਲਵਿਦਾ ਆਖ ਦਿੱਤਾ ! ਫੇਰ ਸੋਚਿਆ ਚਲੋ ਇਸ ਬਾਗੀ ਦੇ ਜੀਵਨ ਤੇ ਥੋੜੀ ਖੋਜ ਕੀਤੀ ਜਾਵੇ ਤੇ ਜਨਤਾ ਦੀ ਕਚਹਿਰੀ ਵਿਚ ਸਾਂਝੀ ਕੀਤੀ ਜਾਵੇ ! ਫੈਸਲਾ ਵੀ ਹੋ ਜਾਵੇਗਾ ਕੇ ਕਿਹੜੇ ਹਲਾਤਾਂ ਵਿਚ ਇਸ ਨੂੰ ਬੰਦੂਕ ਚੁੱਕਣੀ ਪਈ ਤੇ ਨਾਲ ਹੀ ਚੁਰਾਸੀ ਮਗਰੋਂ ਜਨਮੀਂ ਨਵੀਂ ਪੀੜੀ ਦੀ ਜਾਣਕਾਰੀ ਵੀ ਅਪਡੇਟ ਹੋ ਜਾਵੇਗੀ !
1925 ਵਿਚ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੂਰ ਪਿੰਡ ਖਿਆਲਾ ਵਿਚ ਜਨਮੇ ਸੁਬੇਗ ਸਿੰਘ ਦੇ ਪਰਿਵਾਰ ਕੋਲ 100 ਏਕੜ ਦੇ ਕਰੀਬ ਜਮੀਨ ਸੀ ! ਪਰਿਵਾਰਿਕ ਪਿਛੋਕੜ ਮੱਸੇ -ਰੰਘੜ ਦਾ ਸਿਰ ਕਲਮ ਕਰਨ ਵਾਲੇ ਮਹਿਤਾਬ ਸਿੰਘ ਮੀਰਾਂ ਕੋਟ ਨਾਲ ਜੁੜਦਾ ਹੈ ! ਹਾਕੀ ਤੇ ਫ਼ੁਟਬਾਲ ਦੇ ਸ਼ਾਨਦਾਰ ਖਿਡਾਰੀ ਨੇ 18 ਸਾਲ ਦੀ ਉਮਰ ਵਿਚ 100 ਮੀਟਰ ਦੌੜ ਦੀ ਇੰਡੀਆ ਦੇ ਰਿਕਾਰਡ ਦੀ ਬਰਾਬਰੀ ਕਰ ਲਈ ! 1943 ਵਿਚ ਖਾਲਸਾ ਕਾਲਜ ਅਮ੍ਰਿਤਸਰ ਵਿਚੋਂ ਹਜਾਰਾਂ ਉਮੀਦਵਾਰਾਂ ਵਿਚੋਂ ਕੱਲਾ ਹੀ ਮਿਲਿਟਰੀ ਆਫ਼ਿਸਰ ਟ੍ਰੇਨਿੰਗ ਅਕੈਡਮੀਂ ਵਾਸਤੇ ਚੁਣਿਆ ਗਿਆ ! ਦੂਜਾ ਵਿਸ਼ਵ ਯੁੱਧ 1945 ਤੱਕ ਬਹਾਦਰੀ ਨਾਲ ਲੜਿਆ ! ਫੇਰ 1948 ਦੀ ਕਸ਼ਮੀਰ ਵਿਚ ਹੋਈ ਘੁਸਪੈਠ ਨੂੰ ਦਲੇਰੀ ਨਾਲ ਠੱਲ ਪਾਈ ! 1962 ਵਿਚ ਚੀਨੀਆਂ ਨਾਲ ਹੋਈ ਜੰਗ ਤਨੋਂ ਮਨੋਂ ਹਿੱਕ ਡਾਹ ਕੇ ਲੜੀ ! 1965 ਵਿਚ ਪਾਕ ਨਾਲ ਜੰਗ ਸ਼ੁਰੂ ਹੀ ਹੋਈ ਹੀ ਸੀ ਕੇ ਹਾਜੀ ਪੀਰ ਦੇ ਮੋਰਚੇ ਤੇ ਘਰੋਂ ਟੈਲੀਗ੍ਰਾਮ ਆ ਗਈ ਕੇ ਪਿਤਾ ਭਗਵਾਨ ਸਿੰਘ ਜੀ ਪੂਰੇ ਹੋ ਗਏ ! ਛੁੱਟੀ ਮਿਲ ਸਕਦੀ ਸੀ ਪਰ ਸੁਨੇਹੇ ਵਾਲਾ ਕਾਗਜ ਜੇਬ ਵਿਚ ਪਾ ਲਿਆ ਤੇ ਦੁਸ਼ਮਣ ਖਿਲਾਫ ਮੋਰਚੇ ਤੇ ਡਟ ਗਿਆ !ਬਾਕੀਆਂ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਹੈਰਾਨ ਰਹਿ ਗਏ !
ਮਗਰੋਂ ਮਾਤਾ ਸਰਦਾਰਨੀ ਪ੍ਰੀਤਮ ਕੌਰ ਨੂੰ ਹੋਂਸਲਾ ਦੇਣ ਪਿੰਡ ਪੁੱਜ ਗਿਆ ! ਮਾਂ ਨੇ ਇੱਕ ਵਾਰੀ ਵੀ ਪੁੱਤ ਨਾਲ ਗਿਲਾ ਨਾ ਕੀਤਾ ਕੇ ਬਾਪ ਮੋਏ ਤੇ ਕਿਓਂ ਨਹੀਂ ਅੱਪੜਿਆ ! ਢਿੱਡੋਂ ਜਨਮੇ ਦੇ ਸੁਬਾਹ ਤੇ ਫਿਦਰਤ ਤੋਂ ਚੰਗੀ ਤਰਾਂ ਵਾਕਿਫ ਸੀ ! 1971 ਦੀ ਬੰਗਲਾਦੇਸ਼ ਦੀ ਲੜਾਈ ਵਿਚ “ਸ਼ਾਹ-ਬੇਗ” ਨਾਮ ਦੇ ਮੁਸਲਿਮ ਨੌਜੁਆਨ ਵੱਜੋਂ ਵਿੱਚਰ ਕੇ ਮੁਕਤੀ -ਵਾਹਿਨੀ ਨਾਮ ਦੀ ਫ਼ੌਜ ਖੜੀ ਕੀਤੀ ! ਇੱਕ ਲੱਖ ਦੇ ਕਰੀਬ ਪਾਕ ਫੌਜੀਆਂ ਕੋਲੋਂ ਹਥਿਆਰ ਸੁੱਟਵਾਏ.!
ਅਤੀ -ਵਸ਼ਿਸ਼ਟ ਸੇਵਾ ਮੈਡਲ (AVSM) ਅਤੇ ਪਰਮ ਵਸ਼ਿਸ਼ਟ ਸੇਵਾ ਮੈਡਲ (PVSM) ਵਰਗੇ ਬਹੁਮੁਲੇ ਮੈਡਲ ਝੋਲੀ ਪੁਵਾਏ ! ਮਿਲਿਟਰੀ ਸਾਇੰਸ ਤੇ ਓਪ੍ਰੈਸ਼ਨਲ ਟੈਕਟਿਸ ਦੇ ਮਾਹਿਰ ਇਸ ਅਫਸਰ ਨੇ ਕਈ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ !1972 ਵਿਚ GOC (ਜਨਰਲ ਔਫੀਸਰ ਕਮਾਂਡਿੰਗ ਇਨ ਚੀਫ ) ਬਣਾਏ ਗਏ ਤੇ ਮੱਧ-ਪ੍ਰਦੇਸ਼ ,ਬਿਹਾਰ ਤੇ ਉੜੀਸਾ ਦਾ ਚਾਰਜ ਦਿੱਤਾ ਗਿਆ ! 1973 ਵਿਚ ਇੰਦਰਾ ਗਾਂਧੀ ਨੇ ਹੁਕਮ ਦਿੱਤਾ ਕੇ ਫੌਜ ਉਸਦੇ ਰਾਜਸੀ ਦੁਸ਼ਮਣ ਜੈ ਪ੍ਰਕਾਸ਼ ਨਰਾਇਣ ਨੂੰ ਗ੍ਰਿਫਤਾਰ ਕਰੇ ਕਿਓੰਕੇ ਪੁਲਸ ਬਾਗੀ ਹੋ ਕੇ ਉਸਦਾ ਹੁਕਮ ਮੰਨਣ ਤੋਂ ਇਨਕਾਰੀ ਹੋ ਗਈ ਸੀ !
ਸੁਬੇਗ ਸਿੰਘ ਨੇ ਇਹ ਕਹਿੰਦਿਆਂ ਨਾਂਹ ਕਰ ਦਿਤੀ ਕੇ ਫੌਜ ਰਾਜਸੀ ਕੰਮਾਂ ਵਿਚ ਦਖਲ ਨਹੀਂ ਦੇਵੇਗੀ ! ਨਾਂਹ ਨਾ ਸੁਣਨ ਦੀ ਆਦੀ ਇੰਦਰਾ ਨੇ ਗੁੱਸਾ ਖਾ ਕੇ ਕੁਰਪਸ਼ਨ ਦੇ ਮਾਮੂਲੀ (2500 ਰੁਪਈਏ ਦੇ ਗਿਫ਼੍ਟ ਲੈਣ ਦੇ ਦੋਸ਼ ) ਕੇਸ ਵਿਚ ਫਸਾ ਦਿੱਤਾ !
ਫੇਰ ਸ਼ੁਰੂ ਹੋਇਆ ਇਸ ਨੂੰ ਪੈਰ ਪੈਰ ਤੇ ਜਲੀਲ ਕਰਨ ਦਾ ਨਾ-ਮੁੱਕਣ ਵਾਲਾ ਸਿਲਸਿਲਾ ! ਜੂਨੀਅਰ ਅਫਸਰ ਤੱਰਕੀ ਦੇ ਕੇ ਸੀਨੀਅਰ ਬਣਾ ਦਿੱਤੇ ਗਏ ਅਤੇ ਇਸ ਯੋਧੇ ਨੂੰ ਬਣਦੀ ਤੱਰਕੀ ਤੋਂ ਵੀ ਵਾਂਝਿਆ ਰਖਿਆ ! ਜਾਣ ਬੁਝ ਕੇ ਕੁਰਪਸ਼ਨ ਦੇ ਮੁਕਦਮੇ ਨੂੰ ਰਿਟਾਇਰਮੈਂਟ ਦੀ ਤਰੀਕ (1 ਮਈ 1976) ਤੱਕ ਲਮਕਾਇਆ ਗਿਆ ! ਫੇਰ ਹੋਰ ਜਲੀਲ ਕਰਨ ਲਈ ਰਿਟਾਇਰਮੈਂਟ ਤੋਂ ਐਨ ਇੱਕ ਦਿਨ ਪਹਿਲਾਂ (30 ਅਪ੍ਰੈਲ 1976) ਨੂੰ ਹੀ ਬਿਨਾ ਅਦਾਲਤ ਦਾ ਫੈਸਲਾ ਉਡੀਕਿਆਂ ਨੌਕਰੀ ਤੋਂ ਡਿਸਮਿਸ ਕਰ ਦਿੱਤਾ ! ਇਕ ਦੇਸ਼ ਨੂੰ ਸਮਰਪਿਤ ਫੌਜੀ ਅਫਸਰ ਵਾਸਤੇ ਇਸਤੋਂ ਵੱਧ ਨਮੋਸ਼ੀ ਵਾਲੀ ਗੱਲ ਹੋਰ ਕੀ ਸਕਦੀ ਸੀ ! ਇਸੇ ਦੌਰਾਨ ਪਤਨੀ ਕੈਂਸਰ ਦਾ ਸ਼ਿੱਕਾਰ ਹੋ ਗਈ ਤੇ ਬੱਚਿਆਂ ਦੀ ਪੜਾਈ ਵੀ ਬੁਰੀ ਤਰਾਂ ਪ੍ਰਭਾਵਿਤ ਹੋਈ !
ਆਖਿਰ ਜਮੀਰ ਤੇ ਡੂੰਘੀਆਂ ਸੱਟਾਂ ਸਹਿੰਦੇ ਹੋਏ ਇਸ ਮਾਝੇ ਦੇ ਇਸ ਜਰਨੈਲ ਦਾ ਮਿਲਾਪ ਉਸ ਜਰਨੈਲ ਨਾਲ ਹੋਇਆ ਜਿਹੜਾ ਸਰੀਰਕ ਮੌਤ ਨੂੰ ਤੁੱਛ ਜਾਣਦਾ ਸੀ !
6 ਜੂਨ 1984 ਨੂੰ ਦੁਪਹਿਰ 12 ਕੁ ਵਜੇ ਜਨ.ਸੁਬੇਗ ਸਿੰਘ ਦੀ ਮਿਰਤਕ ਦੇਹ ਨੂੰ ਰੱਸਿਆਂ ਨਾਲ ਬੰਨ ਕੇ ਸ੍ਰੀ ਅਕਾਲ ਤਖ਼ਤ ਸਾਬ ਦੀ ਬੇਸਮੇਂਟ ਤੋਂ ਧੂਹ ਕੇ ਬਾਹਰ ਲਿਆਂਦਾ ! ਪਹਿਲਾਂ ਮ੍ਰਿਤਕ ਦੇਹ ਨੂੰ ਠੁੱਡ ਮਾਰ ਰੱਜ ਰੱਜ ਬੇਇੱਜਤ ਕੀਤਾ ਤੇ ਫੇਰ ਮ੍ਰਿਤਕ ਦੇਹ ਕੋਲ ਖਲੋ ਨਾਲ ਫੋਟੋਆਂ ਖਿਚਾਈਆਂ !
ਅਜੀਬ ਇਤਫ਼ਾਕ ਇਹ ਸੀ ਜਿਸ ਫੌਜੀ ਜਰਨੈਲ ਨੇ 100000 ਦੇ ਕਰੀਬ ਦੁਸ਼ਮਣ ਦੇ ਸਿਪਾਹੀਆਂ ਕੋਲੋਂ ਹਥਿਆਰ ਸੁਟਵਾ ਕੇ ਵੀ ਓਹਨਾ ਦੇ ਮਾਣ ਸਨਮਾਨ ਦਾ ਪੂਰਾ ਖਿਆਲ ਰਖਿਆ ਅੱਜ ਓਸੇ ਦੀ ਖੁਦ ਦੀ ਲਾਸ਼ ਓਸੇ ਦੇ ਮਹਿਕਮੇਂ ਵਾਲਿਆਂ ਰੱਜ ਰੱਜ ਪੈਰਾਂ ਵਿਚ ਰੋਲੀ !
ਇੱਕ ਅਜੀਬ ਇਤਫ਼ਾਕ ਇਹ ਵੀ ਸੀ ਕੇ ਜਿਸ ਕੁਰਪਸ਼ਨ ਦੇ ਦੋਸ਼ ਨੂੰ ਅਧਾਰ ਬਣਾ ਕੇ ਫੌਜ ਵਿਚੋਂ ਬੇਇੱਜਤ ਕਰ ਕੇ ਕੱਢਿਆ ਗਿਆ ਸੀ ..ਓਸੇ ਕੇਸ ਵਿਚੋਂ ਸੁਪ੍ਰੀਮ ਕੋਰਟ ਨੇ ਬਾਇੱਜਤ ਬਰੀ ਕਰ ਦਿੱਤਾ ਪਰ ਜਿਸ ਤਰਾਂ ਕਹਿੰਦੇ ਨੇ …”Justice delayed is justice denied”…ਉਸ ਵੇਲੇ ਤੱਕ ਦੇਰ ਹੋ ਚੁੱਕੀ ਸੀ ਤੇ ਇਹ ਬਾਗੀ ਦੁਨਿਆਵੀ ਅਦਾਲਤਾਂ ਦਾ ਮਖੌਲ ਉਡਾਉਂਦਾ ਹੋਇਆ ਬਹੁਤ ਦੂਰ ਜਾ ਚੁੱਕਾ ਸੀ !
“ਸੇਵਕ ਕੀ ਓੜਕ ਨਿਬਹੀ ਪ੍ਰੀਤ ” ਆਖ ਜਿੰਦਗੀ ਨੂੰ ਹੱਸ ਕੇ ਠੋਕਰ ਮਾਰਨ ਵਾਲਾ ਇਹ ਬਾਗੀ ਆਖਰੀ ਲੜਾਈ ਵਿਚ ਵੀ ਵਿਰੋਧੀਆਂ ਨੂੰ ਬੁਰੀ ਤਰਾਂ ਮਾਤ ਦੇ ਗਿਆ !
(ਆਪ ਵੀ ਪੜੋ ਤੇ ਹੋਰਨਾਂ ਨੂੰ ਪੜਾਓ ਤਾਂ ਜੋ ਕਈਆਂ ਦੇ ਮਨਾਂ ਵਿਚ ਇਸ ਯੋਧੇ ਪ੍ਰਤੀ ਪਾਏ ਭਰਮ ਭੁਲੇਖੇ ਦੂਰ ਹੋ ਸਕਣ)
ਹਰਪ੍ਰੀਤ ਸਿੰਘ ਜਵੰਦਾ
ਹੋਰ ਗੱਲ ਕਰਦੇ ਆਂ। ਜਿੱਦਣ ਦਾ ਕਰੋਨਾ ਚੱਲਿਆ ਓਦਣ ਤੋਂ ਬੜੇ ਲੋਕਾਂ ਨੇ ਗੁਰੂ ਘਰ ਵੱਲ ਮੂੰਹ ਕਰਕੇ ਇਓਂ ਭੌਂਕਣਾ ਸ਼ੁਰੂ ਕੀਤਾ ਜਿਵੇਂ ਕਿਸੇ ਅੱਕੇ ਵਏ ਨੇ ਲੱਟਰ ਕਤੀੜ੍ਹ ਵੱਲ ਚਲਾਵਾਂ ਡਲਾ ਛੱਡਤਾ ਹੋਵੇ।
ਸਟੇਟਸ ਚਾੜ੍ਹ ਰਹੇ ਨੇ ਕਿ ਗੁਰੂ ਘਰਾਂ ਦੀ ਥਾਂ ਹਸਪਤਾਲਾਂ ਨੂੰ ਦਾਨ ਦਿਓ। ਗ਼ੌਰ ਕਰਿਓ। 100 ਦੇ ਫ਼ੋਨ ਰੀਚਾਰਜ ‘ਚੋਂ 10-12 ਰੁਪਏ, ਲੀਟਰ ਤੇਲ ਮਗਰ 35-40 ਰੁਪਏ ਟੈਕਸ, ਵਿਆਹ ਅਤੇ ਜ਼ਮੀਨ ਰਜਿਸਟਰੇਸ਼ਨਾਂ ਦੇ ਖਰਚੇ, ਸੀਖਾਂ ਦੀ ਡੱਬੀ ਤੋਂ ਲਾਕੇ ਕੁੱਲ ਚੀਜ਼ ਤੇ ਟੈਕਸ ਭਰ ਭਰ ਕੇ ਵੀ ਜੇ ਪੱਲਿਓਂ ਪੈਸੇ ਲਾਕੇ ਹੀ ਹਸਪਤਾਲ ਬਣਾਓਣੇ ਆ ਫੇਰ ਸਰਕਾਰਾਂ ਥਣ ਫੜ੍ਹਨ ਨੂੰ ਬਣਦੀਆਂ?
ਗੁਰੂ ਦਾ ਘਰ ਸਦਾ ਨਿਆਰਿਆਂ ਦਾ ਆਸਰਾ ਰਿਹਾ। ਅੰਮ੍ਰਿਤਸਰ ਕਿਸੇ ਵੀ ਕੰਮ ਗਿਆ ਬੰਦਾ ਦਰਬਾਰ ਸਾਹਿਬ ਜਾਕੇ ਰਹਿੰਦਾ। ਪਟਿਆਲ਼ੇ ਗਿਆ ਬੰਦਾ ਦੂਖ ਨਿਵਾਰਨ ਸਾਹਿਬ ਜਾਕੇ ਸ਼ਰਨ ਲੈਂਦਾ।
ਗੱਲ ਮੁੱਕੀ ਗੁਰਦੁਆਰੇ ਸੰਗਤ ਦਾ ਦੂਜਾ ਘਰ ਹੁੰਦੇ ਨੇ।
ਸਿੰਘਾਪੁਰ ਦੀ ਸਿਲਡ ਰੋਡ ਤੇ ਓਪਟਰਮ ਪਾਰਕ ਗੁਰੂ ਘਰ ਦੇ ਲੰਗਰ ਹਾਲ ‘ਚ ਨਾਲ ਬੈਠੇ ਮੁੰਡੇ ਨੇ ਮੈਨੂੰ ਦੱਸਿਆ ਕਹਿੰਦਾ ਬਾਈ ਏਥੇ ਪੜ੍ਹਦੇ ਸਟੂਡੈਂਟਾਂ ਤੋਂ ਜਦੋਂ ਖਰਚ ਪਾਣੀ ਨਹੀਂ ਨਿੱਕਲਦਾ ਤਾਂ ਬਿਨ੍ਹਾਂ ਕਿਸੇ ਰੋਕ ਟੋਕ ਤਿੰਨ ਵੇਲੇ ਗੁਰੂ ਘਰੋਂ ਲੰਗਰ ਛਕਦੇ ਨੇ।
ਹੈਰਾਨੀ ਹੁੰਦੀ ਆ ਜਦੋਂ ਕਿਸੇ ਸੁੰਨੀ ਜੀ ਥਾਂ ਤੇ ਬਣੇ ਕੱਲੇ ਕੈਹਰੇ ਗੁਰੂ ਘਰ ‘ਚ ਮੱਥਾ ਟੇਕੀਏ ਤਾਂ ਕੋਈ ਬਜ਼ੁਰਗ ਸੇਵਾਦਾਰ ਕਮਰਕੱਸਾ ਬੰਨ੍ਹਕੇ ਆਖਦਾ,”ਸਿੰਘੋ ਪ੍ਰਸ਼ਾਦਾ ਛਕ ਕੇ ਜਾਇਓ”।
ਸਿੱਖ ਸੰਗਤ ਕਿਰਤ ਕਮਾਈ ‘ਚੋਂ ਪੈਸਾ ਕੱਢਕੇ ਲੱਖਾਂ ਕਰੋੜਾਂ ਰੁਪਏ ਖਰਚ ਕੇ ਪਿੰਗਲਵਾੜਾ, ਖਾਲਸਾ ਏਡ ਜਾਂ ਹੋਰ ਤਰੀਕਿਆਂ ਰਾਹੀਂ ਸੇਵਾ ਕਰਦੀ ਹੀ ਰਹਿੰਦੀ ਆ।
ਗੁਰੂ ਘਰਾਂ ਦੀ ਉਸਾਰੀ ਜਾਂ ਮੁਰੰਮਤ ਤੇ ਕਦੇ ਸਰਕਾਰੀ ਪੈਸਾ ਨਹੀਂ ਲੱਗਾ। ਢੱਠੇ ਸ੍ਰੀ ਅਕਾਲ ਤਖਤ ਸਾਬ੍ਹ ਨੂੰ ਜਦੋਂ ਸਕਿੱਪਰਜ਼ ਕੰਪਨੀ ਨੇ ਠੇਕਾ ਲੈਕੇ ਬਣਾਇਆ ਸੀ ਤਾਂ ਸਿੱਖ ਸੰਗਤ ਨੇ ਏਹਨੂੰ ਨਾ ਮੰਜ਼ੂਰ ਕਰਕੇ, ਢਾਹਕੇ ਦੁਬਾਰਾ ਪੱਲਿਓਂ ਪੈਸਾ ਲਾਕੇ ਆਪ ਬਣਾਇਆ ਸੀ।
ਧਰਮ ਸਥਾਨਾਂ ਨੂੰ ਦੋਸ਼ ਦੇਣ ਦੀ ਥਾਂ ਦੂਜੇ ਪਾਸੇ ਮੂੰਹ ਕਰੋ। ਜੀਹਦੇ ਹੱਥ ਪੰਜੇ ਦਾ ਪੋਸਟਰ ਹਜੇ ਵੀ ਥੋਡੀ ਗੱਡੀ ਦੇ ਪਿਛਲੇ ਸ਼ੀਸ਼ੇ ਤੇ ਚਿੰਬੜਿਆ ਵਾ।ਜੀਹਨੂੰ ਵੋਟਾਂ ਪਾਕੇ ਤਖਤ ਬਿਠਾਇਆ। ਲੋਕ ਰਾਸ਼ਨ ਮੰਗੀ ਜਾਂਦੇ ਆ ਓਹਨੇ ਤੇਰੇ ਯਾਰ ਨੇ ਬੈਂਕ ਖਾਤਾ ਮੂਹਰੇ ਕਰਤਾ, ਕਹਿੰਦਾ ਏਹਦੇ ‘ਚ ਪੈਸੇ ਪਾਓ। ਲੋਕ ਕਹਿੰਦੇ ਅਸੀਂ ਨੰਗ ਆ, ਓਹ ਕਹਿੰਦਾ ਸਰਕਾਰ ਨੰਗ ਆ। ਖੁਸਰੇ ਨਾ ਖੁਸਰਾ ਸੁੱਤਾ, ਨਾ ਕੁਸ ਲਿਆ ਨਾ ਦਿੱਤਾ, ਓਹ ਗੱਲ ਆ…ਬਾਬਾ ਭਲੀ ਕਰੇ….ਘੁੱਦਾ
22 ਮਾਰਚ ਨੂੰ ਭਾਰਤ ਸਰਕਾਰ ਨੇ ਸਵੇਰੇ 7 ਵਜੇ ਤੋਂ ਲੇ ਕੇ ਰਾਤ ਦੇ 9 ਵਜੇ ਤਕ ਕਾਰੋਨਾ ਵਿ੍ਰਸ ਤੋਂ ਬਚਾਅ ਲਈ ਇਕ ਜਨਤਾ ਕਰਫ਼ਿਊ ਦਾ ਐਲਾਨ ਕੀਤਾ ਤੇ ਸ਼ਾਮ 5ਵਜੇ ਆਪਣੀਆ ਆਪਣੀਆ ਛਤਾਂ ਤੇ ਤਾਲੀ ਤੇ ਥਾਲੀ ਵਜਾ ਕੇ ਉਨ੍ਹਾਂ ਨਰਸਾਂ ਅਤੇ ਡਾਕਟਰਾਂ ਦਾ ਧੰਨਵਾਦ ਅਤੇ ਹੌਂਸਲਾ ਅਫਜ਼ਾਈ ਕਰਨੀ ਹੈ ਜੋ ਇਸ ਗੰਭੀਰ ਬਿਮਾਰੀ ਕਾਰੋਨਾ ਵਿ੍ਰਸ ਤੋਂ ਬਿਨਾ ਡਰੇ ਆਪਣੀ ਡਿਊਟੀ ਤੇ ਲਗਾਤਾਰ ਡਟੇ ਹੋਏ ਹਨ ਤੇ ਮਰੀਜਾਂ ਦਾ ਇਲਾਜ ਕਰ ਰਹੇ ਹਨ। ਸੁਣ ਕੇ ਬਹੁਤ ਖੁਸ਼ੀ ਹੋਈ ਕਿ ਸਾਡੀ ਸਰਕਾਰ ਸਭ ਬਾਰੇ ਸੋਚ ਰੱਖਦੀ ਹੈ।
ਦੂਜੇ ਪਾਸੇ ਕੁਛ ਲੋਕਾਂ ਨੇ ਇਸ ਗੱਲ ਦਾ ਫ਼ਾਇਦਾ ਚੁੱਕ ਕੇ ਘਰਾਂ ਤੋਂ ਬਾਹਰ ਨਿੱਕਲ ਕੇ, ਟੋਲੀਆਂ ਬਣਾ ਕੇ ,ਜਲੂਸ ਕੱਢ ਕੇ , ਦਿਨ ਭਰ ਦੀ ਸਾਰੀ ਮਿਹਨਤ ਤੇ ਪਾਣੀ ਫੇਰ ਦਿੱਤਾ।
ਪਰ ਸਾਡੇ ਪਾਸੇ ਸਾਰੇ ਪੰਜਾਬੀ ਅਤੇ ਸਿੱਖ ਪਰਿਵਾਰਾਂ ਨੇ ਆਪਣੀ ਆਪਣੀ ਛਤਾਂ ਤੇ ਬੈਠ ਕੇ ਸ਼੍ਰੀ ਚੌਪਈ ਸਾਹਿਬ ਜੀ ਦੇ ਪਾਠ ਕਰਕੇ ਉੱਚੀ ਉੱਚੀ ਜੈਕਾਰੇ ਛੱਡ ਕੇ ਉਨ੍ਹਾਂ ਦੇ ਲਈ ਅਕਾਲ ਪੁਰਖ ਦੇ ਅੱਗੇ ਅਰਦਾਸ ਕੀਤੀ ਕੇ ਪਰਮਾਤਮਾ ਉਨ੍ਹਾਂ ਨਰਸਾਂ ਅਤੇ ਡਾਕਟਰਾਂ ਨੂੰ ਹਿਮਤ ਤੇ ਤੰਦਰੁਸਤੀ ਬਖ਼ਸ਼ੇ ਜੋ ਇਸ ਸਮੇਂ ਬਿਮਾਰਾਂ ਦੇ ਇਲਾਜ ਲਈ ਦਿਨ ਰਾਤ ਇੱਕ ਕਰਕੇ ਲਗੇ ਹੋਏ ਹਨ। ਇਸਦੇ ਨਾਲ਼ ਹੀ ਉਨ੍ਹਾਂ ਲਈ ਵੀ ਦੇਹ ਅਰੋਗਤਾ ਦੀ ਅਰਦਾਸ ਕੀਤੀ ਜੋ ਇਸ ਬੀਮਾਰੀ ਨਾਲ਼ ਜੂਝ ਰਹੇ ਹਨ। ਸਰਬੱਤ ਦੇ ਭਲੇ ਲਈ ਪਰਮਾਤਮਾ ਨੂੰ ਬੇਨਤੀ ਕੀਤੀ। ਬੜਾ ਹੀ ਸੁਕੂਨ ਮਹਿਸੂਸ ਹੋਇਆ।
ਸੋਚਾਂ ਪਈ ਨੂੰ ਇੱਕ ਗੱਲ ਚੇਤੇ ਆ ਗਈ ਕਿ ਇਹ ਉਹ ਹੀ ਥਾਲੀ ਵਜਾਉਂਦੇ ਲੋਕ ਸਨ ਜੇੜ੍ਹੇ ਕਲ ਤਕ ਕਹਿੰਦੇ ਸਨ ਕਿ ਖਾਲੀ ਭਾਂਡੇ ਖੜਕਾਉਂਣਾ ਬੇਬਰਕਤੀ ਦੀ ਨਿਸ਼ਾਨੀ ਹੋਂਦੇ ਹਨ ਤੇ ਅੱਜ ਇਹ ਮਨੁੱਖਤਾ ਦਾ ਭਲਾ ਕਿਵੇਂ ਹੋ ਗਿਆ। ਮੈਨੂੰ ਲਗਿਆ ਇਹ ਤਾਂ ਆਉਣ ਵਾਲੇ ਬੁਰੇ ਸਮੇਂ ਦੀ ਦਸਤਕ ਹੈ। ਕਿਉਂ ਨਾ ਇਸ ਦੀ ਥਾਂ ਪ੍ਰਧਾਨ ਮੰਤਰੀ ਜੀ ਨੇ ਇਹ ਐਲਾਨ ਕੀਤਾ ਹੋਂਦਾ ਕੇ ਤੁਸੀ ਜਿਸ ਵੀ ਧਰਮ ਨੂੰ ਮੰਨਦੇ ਹੋ ਉਸ ਪਰਮਾਤਮਾ ਦੇ ਅੱਗੇ ਸਰਬੱਤ ਦੇ ਭਲੇ ਦੀ ਕਾਮਨਾ ਕਰੋ ਤੇ ਸਾਰਾ ਦੇਸ਼ ਆਪਣੀਆ ਛਤਾਂ ਤੇ ਖੜ੍ਹੇ ਹੋ ਕੇ ਉਨ੍ਹਾਂ ਡੋਕਟਰਾਂ ਅਤੇ ਨਰਸਾਂ ਤੇ ਹੋਰ ਸਟਾਫ਼ ਦੀ ਹੌਂਸਲਾ ਅਫ਼ਜਾਈ ਕਰੋ ਤੇ ਸ਼ਾਇਦ ਮਾਹੌਲ ਕੁਛ ਹੋਰ ਹੁੰਦਾ। ਖਾਲੀ ਭਾਂਡੇ ਖੜਕਾਉਂਣਾ ਨਾਂ ਤੇ ਸਾਡੇ ਸੱਭਿਆਚਾਰ ਦਾ ਹਿਸਾ ਹਨ ਅਤੇ ਨਾ ਹੀ ਕੋਈ ਵੀ ਧਰਮ ਇਸ ਨੂੰ ਕਿਸੇ ਦੇ ਭਲੇ ਮੰਨਣ ਦਾ ਸਾਧਨ ਮੰਨਦਾ ਹੈ। ਮੇਰੀ ਕਹੀ ਗੱਲ ਕਿਸੇ ਨੂੰ ਠੇਸ ਪਹੁੰਚਾਈ ਹੋਵੇ ਤਾਂ ਉਸ ਲਈ ਮੈਂ ਮਾਫ਼ੀ ਮੰਗਦੀ ਹਾਂ।
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਕਤਲ ਕਰਨ ਦੇ ਯਤਨ
•ਸਰਕਾਰ ਨੇ ਆਪਣੇ ਏਜੰਟਾਂ ਰਾਹੀ ਸੰਤ ਜਰਨੈਲ ਸਿੰਘ ਨੂੰ ਕਤਲ ਕਰਨ ਦੇ ਕਈ ਯਤਨ ਕੀਤੇ।
●ਪਹਿਲੀ ਵਾਰ ਜਦ ਸੰਤ ਦਰਬਾਰ ਸਾਹਿਬ ਦੀਆ ਪਉੜੀਆਂ ਚੜ ਰਹੇ ਸਨ ਤਾ ਇਕ ਬੰਦੇ ਨੇ ਘਾਤ ਲਾ ਕੇ ਉਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ।ਸ਼ਕ ਪੈਣ ਤੇ ਜਦ ਉਸ ਦੀ ਤਲਾਸ਼ੀ ਲਈ ਗਈ ਤਾ ਉਸ ਕੋਲੋਂ ਪਿਸਟਲ ਨਿਕਲਿਆ ।ਪੁੱਛ ਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਹ ਕਤਲ ਕਰਨ ਲਈ ਹੀ ਆਇਆ ਸੀ।
●ਦੂਜੀ ਵਾਰ ਇਕ ਹਮਲਾਵਰ ਨੇ ਨਾਨਕ ਨਿਵਾਸ ਦੇ ਕਮਰਾ ਨੰਬਰ 47 ਤਕ ਸੰਤ ਜਰਨੈਲ ਸਿੰਘ ਦਾ ਪਿੱਛਾ ਕੀਤਾ ਪਰ ਉਸ ਦਾ ਪਿਸਟਲ ਡਿੱਗ ਜਾਣ ਕਾਰਨ ਕਾਮਯਾਬੀ ਨਾ ਮਿਲੀ ।
●ਤੀਜੀ ਵਾਰ ਮੰਜੀ ਸਾਹਿਬ ਦੀਵਾਨ ਹਾਲ ਵਿਚ ਸੰਤ ਜਰਨੈਲ ਸਿੰਘ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹਮਲਾਵਰ ਵੀ ਡਰ ਗਿਆ ਅਤੇ ਗੋਲੀ ਚਲਾਉਣ ਦੀ ਜੁਰਅਤ ਨਾ ਕਰ ਸਕਿਆ।
●ਚੋਥੀ ਵਾਰ ਪੁਲਿਸ ਨੇ ਇਹ ਸਮਝ ਕੇ ਕਿ ਸੰਤ ਜਰਨੈਲ ਸਿੰਘ ਆਪਣੇ ਹੈਡਕੁਆਰਟਰ ਮਹਿਤਾ ਚੌਕ ਜਾ ਰਹੇ ਹਨ ਮਾਨਾਂਵਾਲਾ ਚੌਂਕ ਨੇੜੇ ਟਕਸਾਲ ਦੀ ਜੀਪ ਤੇ ਰਾਕਟ ਲਾਂਚਰ ਨਾਲ ਗੋਲੇ ਸੁੱਟੇ ।ਜਿਸ ਵਿਚ ਇਕ ਸਿੰਘ ਸ਼ਹੀਦ ਹੋ ਗਿਆ ਪਰ ਸੰਤਾਂ ਦੇ ਉਸ ਜੀਪ ਵਿਚ ਨਾ ਹੋਣ ਕਾਰਨ ਸਰਕਾਰ ਦੀ ਸਾਜਿਸ਼ ਸਿਰੇ ਨਾ ਚੜੀ।
■ਸੰਤ ਜਰਨੈਲ ਸਿੰਘ ਨੂੰ ਕਤਲ ਕਰਨ ਦੀਆਂ ਸਭ ਸਾਜ਼ਿਸ਼ਾਂ ਅਸਫਲ ਹੋਣ ਤੋ ਬਾਅਦ 14 ਅਪ੍ਰੈਲ 1984 ਨੂੰ ਉਨ੍ਹਾਂ ਦੀ ਸੱਜੀ ਬਾਂਹ ਅਤੇ ਕੌਮੀ ਯੋਧੇ ਸ,ਸੁਰਿੰਦਰ ਸਿੰਘ ਸੋਢੀ ਨੂੰ, ਸੁਰਿੰਦਰ ਸਿਹੁੰ ਛਿੰਦਾ ਅਤੇ ਉਸ ਦੀ ਰਖੇਲ ਬਲਜੀਤ ਕੌਰ ਨੇ ਧੌਖੇ ਨਾਲ ਗੋਲੀ ਮਾਰ ਦਿੱਤੀ ।ਬਲਜੀਤ ਕੌਰ ਦੀ ਤਫਤੀਸ਼ ਕਰਨ ਤੋ ਇਸ ਸਾਜਿਸ਼ ਪਿੱਛੇ ਅਕਾਲੀ ਦਲ ਦੇ ਸਕੱਤਰ ਗੁਰਚਰਨ ਸਿਹੁੰ ਦਾ ਹਥ ਨਿਕਲਿਆ ।ਸੁਰਿੰਦਰ ਸਿਹੁੰ ਛਿੰਦੇ ਨੂੰ ਸਿੰਘਾਂ ਨੇ ਜਾ ਦਬੋਚਿਆ ਤੇ ਉਸ ਨੂੰ ਸੋਧ ਕੇ 24 ਘੰਟਿਆਂ ਦੇ ਅੰਦਰ ਹੀ ਸੁਰਿੰਦਰ ਸਿੰਘ ਸੋਢੀ ਦੇ ਕਤਲ ਦਾ ਬਦਲਾ ਲੈ ਲਿਆ ਗਿਆ ।ਇਸ ਕਾਂਡ ਵਿਚ ਸ਼ਾਮਿਲ ਮਲਕ ਸਿੰਘ ਭਾਟੀਆ ਅਤੇ ਚਾਹ ਦੀ ਦੁਕਾਨ ਚਲਾਉਣ ਵਾਲਾ ਬਾਜਾ ਵੀ ਮਾਰੇ ਗਏ ਪਰ ਇਸ ਸਾਜਿਸ਼ ਦੇ ਮੁੱਖ ਦੋਸ਼ੀ ਗੁਰਚਰਨ ਸਿਹੁੰ ਸਕੱਤਰ ਨੂੰ ਲੌਂਗੋਵਾਲ ਨੇ ਆਪਣੀ ਪਨਾਹ ਵਿਚ ਰਖ ਕੇ ਬੱਚਾ ਲਿਆ ।
ਸੋਢੀ ਦੇ ਕਤਲ ਨਾਲ ਸਥਿਤੀ ਬਹੁਤ ਗੰਭੀਰ ਹੋ ਗਈ ਜਿਸ ਨੂੰ ਸ਼ਾਂਤ ਕਰਨ ਲਈ ਸ਼ੋਮਣੀ ਕਮੇਟੀ ਨੇ ਆਪਣੇ ਸਕੱਤਰ ਭਾਨ ਸਿੰਘ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਬਣਾਈ।ਇਸ ਕਮੇਟੀ ਨੇ ਆਪਣੀ ਇਨਕੁਆਰੀ ਉਪਰੰਤ ਸੰਤ ਜਰਨੈਲ ਸਿੰਘ ਕੋਲ ਤਾ ਗੁਰਚਰਨ ਸਿਹੁੰ ਨੂੰ ਦੋਸ਼ੀ ਮੰਨਿਆ ਪਰ ਸੰਤ ਲੌਂਗੋਵਾਲ ਦੇ ਦਬਾਅ ਕਾਰਨ ਜਾਰੀ ਕੀਤੀ ਰਿਪੋਰਟ ਵਿਚ ਉਸ ਨੂੰ ਸੋਢੀ ਕਤਲ ਕੇਸ ਵਿੱਚੋ ਬਰੀ ਕਰ ਦਿੱਤਾ ।ਦਰਬਾਰ ਸਾਹਿਬ ਕੰਪਲੈਕਸ ਦੇ ਮਾਹੌਲ ਨੂੰ ਸ਼ਾਤ ਕਰਨ ਲਈ ਪੰਜ ਸਿੰਘ ਸਾਹਿਬਾਨ ਨੇ ਦੋ ਵਾਰੀ ਸੰਤ ਜਰਨੈਲ ਸਿੰਘ ਨਾਲ ਲੰਬੀ ਗਲਬਾਤ ਕੀਤੀ ਅਤੇ ਸਾਰੇ ਕੇਸ ਦੀ ਇਨਕੁਆਰੀ ਉਪਰੰਤ ਗੁਰਚਰਨ ਸਿਹੁੰ ਨੂੰ ਦੋਸ਼ੀ ਪਾਇਆ ਪਰ ਸੰਤ ਜਰਨੈਲ ਸਿੰਘ ਦੀ ਮੰਗ ਅਨੁਸਾਰ ਇਸ ਸਚਾਈ ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿਚ ਬਿਆਨ ਕਰਨ ਤੌ ਕੰਨੀ ਕਤਰਾ ਗਏ ।ਸੰਤ ਜਰਨੈਲ ਸਿੰਘ ਨੇ ਭਾਨ ਸਿੰਘ ਕਮੇਟੀ ਦੀ ਹਾਜਰੀ ਵਿਚ ਗੁਰੂ ਰਾਮਦਾਸ ਲੰਗਰ ਦੀ ਛਤ ਓਪਰ ਸੰਗਤਾਂ ਸਾਹਮਣੇ ਸਾਰੇ ਕਾਂਡ ਦੀ ਅਸਲੀਅਤ ਬਿਆਨ ਕੀਤੀ ਅਤੇ ਸਬਰ ਤੋ ਕੰਮ ਲੈਂਦਿਆ ਸਭ ਨੂੰ ਧਰਮ ਯੁੱਧ ਮੋਰਚੇ ਵਿਚ ਸਰਗਰਮੀ ਨਾਲ ਹਿੱਸਾ ਪਾਉਣ ਦੀ ਅਤੇ ਆਪਸੀ ਖਾਨਾਜੰਗੀ ਤੋ ਬਚਣ ਦੀ ਅਪੀਲ ਕੀਤੀ ਪਰ ਲੌਂਗੋਵਾਲ ਨੇ ਗੁਰਚਰਨ ਸਿਹੁੰ ਸਕੱਤਰ ਨੂੰ ਆਪਣੀ ਗੋਦ ਵਿਚ ਬੈਠਾਈ ਰੱਖਿਆ ਅਤੇ ਸੰਤ ਜਰਨੈਲ ਸਿੰਘ ਦੀ ਮੰਗ ਅਨੁਸਾਰ ਅਕਾਲੀ ਦਲ ਵਿਚੋਂ ਕੱਢਣ ਤੋ ਇਨਕਾਰ ਕਰ ਦਿੱਤਾ ।
ਅਕਾਲੀ ਦਲ ਦੀ ਸਮੁੱਚੀ ਕਾਰਗੁਜ਼ਾਰੀ ਤੋ ਸਿੱਖ ਸੰਗਤਾਂ ਨਿਰਾਸ਼ ਹੋ ਗਈਆ ਅਤੇ ਸੰਤ ਜਰਨੈਲ ਸਿੰਘ ਦੀ ਅਗਵਾਈ ਵਿਚ ਜੁੜਨ ਲਗ ਪਈਆਂ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਬਹੁਗਿਣਤੀ ਵੀ ਸੰਤ ਜਰਨੈਲ ਸਿੰਘ ਪਾਸ ਚਲੀ ਗਈ ਅਤੇ ਅਕਾਲੀ ਆਗੂ ਘਬਰਾਹਟ ਵਿਚ ਆ ਗਏ ।
ਇੰਦਰਾ ਗਾਧੀ ਨੇ ਇਸ ਸਾਰੇ ਮਾਹੌਲ ਦਾ ਫਾਈਦਾ ਉਠਾ ਕੇ ਸਿੱਖ ਕੌਮ ਨੂੰ ਕੁਚਲਣ ਦਾ ਵਧੀਆ ਮੌਕਾ ਸਮਝਿਆ ।ਉਸ ਨੇ 25-05-1984ਨੂੰ ਬੀ ਐਸ ਐਫ ਦੇ ਸਪੈਸ਼ਲ ਹਵਾਈ ਜਹਾਜ਼ ਰਾਹੀ ਅਕਾਲੀ ਆਗੂਆਂ ਨੂੰ ਗਲਬਾਤ ਕਰਨ ਲਈ ਦਿਲੀ ਲਿਆਂਦਾ ।●•ਅਸਲ ਵਿਚ ਇੰਦਰਾ ਗਾਂਧੀ ਇਹਨਾਂ ਆਗੂਆਂ ਨਾਲ ਪੰਜਾਬ ਸਮਸਿਆ ਨੂੰ ਹਲ ਕਰਨ ਲਈ ਨਹੀ ਸੀ ਗਲਬਾਤ ਕਰਨਾ ਚਾਹੁੰਦੀ,ਉ ਸੰਤ ਜਰਨੈਲ ਸਿੰਘ ਬਾਰੇ ਉਹਨਾਂ ਦੀ ਰਾਇ ਜਾਨਣਾ ਚਾਹੁੰਦੀ ਸੀ।ਉਹ ਇੰਨਾ ਨੂੰ ਮਿਲ ਕੇ ਜਾਣ ਗਈ ਸੀ ਕਿ ਅਕਾਲੀ ਆਗੂ ਸੰਤ ਜਰਨੈਲ ਸਿੰਘ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਵਿਰੁੱਧ ਬਹੁਤਾ ਪ੍ਰਤੀਕਰਮ ਨਹੀ ਕਰਨਗੇ।ਉਸ ਨੇ ਅਕਾਲੀ ਆਗੂਆਂ ਨੂੰ ਬਿਨਾਂ ਕੁਝ ਪੱਲੇ ਪਾਏ ਵਾਪਸ ਮੋੜ ਦਿੱਤਾ ਅਤੇ 30 ਮਈ 1984 ਨੂੰ ਲੌਂਗੋਵਾਲ ਨਾਲ ਫੋਨ ਤੇ ਗਲਬਾਤ ਕੀਤੀ ।ਲੌਂਗੋਵਾਲ ਨੇ ਇੰਦਰਾ ਦੀ ਹਮਦਰਦੀ ਜਿੱਤਣ ਕੋਸ਼ਿਸ਼ ਕਰਦਿਆਂ ਕਿਹਾ “ਮੋਰਚਾ ਮੇਰੇ ਹਥ ਚੋ ਨਿਕਲ ਚੁੱਕਾ ਹੈ ਹੁਣ ਤੁਸੀਂ ਜੋ ਚਾਹੋ ਕਰੋ।ਇੰਦਰਾ ਜੋ ਕਰਨਾ ਚਾਹੁੰਦੀ ਸੀ ਲੌਂਗੋਵਾਲ ਨੇ ਉਸ ਨੂੰ ਹਰੀ ਝੰਡੀ ਦੇ ਦਿੱਤੀ ।
ਇੰਦਰਾ ਨੇ ਅਕਾਲੀ ਦਲ ਵਲੋ 3 ਜੂਨ1984 ਨੂੰ ਸ਼ੁਰੂ ਕੀਤੀ ਜਾਣ ਵਾਲੀ ਨਾ -ਮਿਲਵਰਤਣ ਲਹਿਰ ਜਿਸ ਵਿਚ ਕਰਜੇ ,ਬਿਜਲੀ ਪਾਣੀ ਦੇ ਬਿੱਲ ਤੇ ਮਾਲੀਆ ਨਾ ਅਦਾ ਕਰਨਾ ਪੰਜਾਬ ਤੋਂ ਬਾਹਰ ਅਨਾਜ ਨਾ ਜਾਣ ਦੇਣਾ ਸ਼ਾਮਿਲ ਸੀ ,ਨੂੰ ਅਧਾਰ ਬਣਾ ਕੇ ਪੰਜਾਬ ਅਤੇ ਚੰਡੀਗੜ੍ਹ ਨੂੰ ਫੌਜ ਦੇ ਹਵਾਲੇ ਕਰ ਦਿੱਤਾ ।ਉਸ ਨੇ 2ਜੂਨ1984 ਸ਼ਾਮ ਨੂੰ ਦੂਰਦਰਸ਼ਨ ਅਤੇ ਰੇਡੀਓ ਤੋ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਨੂੰ ਗਲਬਾਤ ਦਾ ਸੱਦਾ ਦਿੱਤਾ ਸੀ।ਉਸ ਨੇ ਕਿਹਾ ਸੀ ਕਿ ਜੇ ਕਿਸੇ ਸਵਾਲ ਬਾਰੇ ਕੋਈ ਗਲਤ ਫਹਿਮੀਆ ਜਾ ਸ਼ਕ ਬਾਕੀ ਹੈ ਤਾ ਆਉ ਰਲ ਬੈਠੀਏ ਤੇ ਹਲ ਲੱਭੀਏ ।ਪਰ ਉਸ ਦੀਆਂ ਇਹ ਗਲਾਂ ਸਾਫ ਦਿਲ ਨਹੀ ਕਪਟੀ ਮਨ ਨਾਲ ਲੋਕਾਂ ਨੂੰ ਧੋਖੇ ਵਿਚ ਰੱਖਣ ਲਈ ਕਹੀਆਂ ਹੀ ਗਈਆਂ ਸਨ। ਉਹ ਤਾ ਆਪਣੀ ਇਸ ਤਕਰੀਰ ਤੋ ਪਹਿਲਾਂ ਹੀ ਪੰਜਾਬ ਤੇ ਚੰਡੀਗੜ੍ਹ ਨੂੰ ਫੌਜ ਦੇ ਹਵਾਲੇ ਕਰਕੇ ਸਿੱਖ ਕੌਮ ਨੂੰ ਕੁਚਲਣ ਦਾ ਹੁਕਮ ਦੇ ਚੁੱਕੀ ਸੀ।ਸਿੱਖਾ ਨੂੰ ਕੁਚਲਣ ਲਈ ਉਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਚੁਣਿਆ ।ਸ਼ਾਇਦ ਗੰਗੂ ਦੀ ਵਾਰਿਸ ਚੰਦੂ ਵੱਲੋ ਕਹਿਰ ਕਮਾਉਣ ਦੇ ਦਿਨ ਤੇ ਹੀ ਸਿੱਖ ਕੌਮ ਤੇ ਮੁੜ ਕਹਿਰ ਕਮਾਉਣਾ ਚਾਹੁੰਦੀ ਸੀ।
Fatehbir singh “Amritsar””