Sub Categories
ਗੁਰਮੁਖ ਸਿੰਘ..ਘੁੰਗਰਾਲੀ ਦਾਹੜੀ ਵਾਲਾ ਉਹ ਲੰਮਾ ਜਿਹਾ ਮੁੰਡਾ..
ਓਹਨਾ ਵੇਲਿਆਂ ਦੀ ਸਭ ਤੋਂ ਵੱਧ ਸੋਹਣੀ ਪੋਚਵੀਂ ਜਿਹੀ ਪੱਗ ਬੰਨਿਆ ਕਰਦਾ ਸੀ..ਮੇਰੀਆਂ ਨਾਲਦੀਆਂ ਉਸਨੂੰ “ਪਾਠੀ” ਆਖ ਛੇੜਿਆ ਕਰਦੀਆਂ..ਰੋਜ ਪੰਦਰਾਂ ਕਿਲੋਮੀਟਰ ਦੂਰੋਂ ਪੂਰਾਣੇ ਜਿਹੇ ਸਾਈਕਲ ਤੇ ਆਇਆ ਕਰਦਾ ਸੀ..
ਨੈਣ ਕਈ ਵਾਰ ਮਿਲੇ ਪਰ ਫਾਈਨਲ ਦੀ ਫੇਅਰਵੈਲ ਪਾਰਟੀ ਵਿਚ ਉਸਨੇ ਮੇਰੇ ਨਾਲ ਪਹਿਲੀ ਤੇ ਆਖਰੀ ਵਾਰ ਗੱਲ ਕੀਤੀ..ਆਖਣ ਲੱਗਾ “ਜੇ ਠੀਕ ਸਮਝੋਂ ਤਾਂ ਅੱਗੋਂ ਵੀ ਆਪਣੇ ਬਾਰੇ ਦਸਦੇ ਰਿਹਾ ਕਰਾਂਗੇ”
ਨਾਲ ਹੀ ਰੁੱਕੇ ਵਿਚ ਲਿਖਿਆ ਕਿੰਨਾ ਕੁਝ ਅਤੇ ਆਪਣੇ ਪਿੰਡ ਦਾ ਐਡਰੈੱਸ ਮੈਨੂੰ ਫੜਾ ਗਿਆ..!
ਮੇਰੇ ਵੱਡੇ-ਵੱਡੇ ਸੁਫਨਿਆਂ ਅੱਗੇ ਮਿੱਟੀ-ਘੱਟੇ ਅਤੇ ਗੋਹੇ ਨਾਲ ਲਿਬੜੀਆਂ ਉਸਦੀਆਂ ਭਵਿੱਖ ਦੀਆਂ ਲਕੀਰਾਂ ਤੁੱਛ ਜਿਹੀਆਂ ਲਗੀਆਂ..
ਮੈਂ ਰੁੱਕਾ ਪਾੜਿਆ ਨਾ..ਸੋਚਿਆ ਨਾਲਦੀਆਂ ਨੂੰ ਵਖਾਵਾਂਗੀ ਤਾਂ ਥੋੜਾ ਹਾਸਾ ਠੱਠਾ ਕਰ ਲੈਣਗੀਆਂ..ਨਾਲਦੀਆਂ ਕਿੰਨਾ ਕੁਝ ਲਿਖਿਆ ਦੇਖ ਬੜਾ ਹੱਸੀਆਂ..ਕੁਝ ਨੇ ਟਿੱਚਰ ਵੀ ਕੀਤੀ..ਆਖਿਆ ਤਾਂ ਕੀ ਹੋਇਆ ਜੇ ਪਿੰਡੋਂ ਆਉਂਦਾ ਏ ਤਾਂ..ਸੂਰਤ ਅਤੇ ਸੀਰਤ ਦਾ ਤੇ ਮਾੜਾ ਨਹੀਂ..ਪਰ ਓਹਨੀ ਦਿਨੀਂ ਮੇਰਾ ਦਿਮਾਗ ਸਤਵੇਂ ਆਸਮਾਨ ਤੇ ਹੋਇਆ ਕਰਦਾ ਸੀ..ਪਤਾ ਨੀ ਮੈਂ ਉਹ ਰੁੱਕਾ ਕਦੋਂ ਤੇ ਕਿਥੇ ਪਾੜ ਕੇ ਸਿੱਟ ਦਿੱਤਾ..!
ਤਾਇਆਂ ਮਾਮਿਆਂ ਦੀਆਂ ਜਿਆਦਾਤਰ ਕੁੜੀਆਂ ਬਾਹਰ ਹੀ ਸਨ..
ਓਹਨਾ ਦਾ ਰਹਿਣ ਸਹਿਣ..ਵਿੱਚਰਨ ਦਾ ਸਲੀਕਾ..ਵਿਆਹ ਮੰਗਣੇ ਤੇ ਅਕਸਰ ਹੀ ਹੁੰਦੀ ਓਹਨਾ ਦੀ ਖਾਸ ਤਰਾਂ ਦੀ ਖਾਤਿਰ ਦਾਰੀ..ਅਤੇ ਓਹਨਾ ਦੇ ਵਾਲਾਂ ਕੱਪੜਿਆਂ ਵਿਚੋਂ ਆਉਂਦੀ ਇੱਕ ਵੱਖਰੀ ਤਰਾਂ ਦੀ ਵਿਚਿਤੱਰ ਜਿਹੀ ਖੁਸ਼ਬੋਂ ਮੈਨੂੰ ਹਮੇਸ਼ਾਂ ਹੀ ਆਕਰਸ਼ਿਤ ਕਰਿਆ ਕਰਦੀ..ਉਹ ਅਕਸਰ ਹੀ ਬਾਹਰ ਦੇ ਮਾਹੌਲ,ਰਹਿਣੀ ਸਹਿਣੀ,ਉਚੀਆਂ ਇਮਾਰਤਾਂ ਦਰਿਆਵਾਂ ਝੀਲਾਂ ਗੋਰੇ ਗੋਰੀਆਂ ਦੀ ਗੱਲ ਕਰਿਆ ਕਰਦੀਆਂ..
ਫੇਰ ਛਿਆਸੀ ਵਿਚ ਆਈ “ਲੌਂਗ ਦੇ ਲਿਸ਼ਕਾਰੇ” ਵਾਲਾ ਕਨੇਡਾ ਤੋਂ ਆਇਆ ਰਾਜ ਬੱਬਰ ਮੈਨੂੰ ਮੇਰਾ ਸੁਫਨਿਆਂ ਦਾ ਸ਼ਹਿਜ਼ਾਦਾ ਲੱਗਦਾ..ਮਗਰੋਂ ਸਤਾਸੀ-ਅਠਾਸੀ ਵਿਚ ਆਈ ਇੱਕ ਹੋਰ ਪੰਜਾਬੀ ਫਿਲਮ “ਯਾਰੀ ਜੱਟ ਦੀ” ਨੇ ਰਹਿੰਦੀ ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ..
ਮੈਂ ਘਰੇ ਬਿਨਾ ਦੱਸਿਆਂ ਪੂਰੇ ਪੰਜ ਵਾਰ ਦੇਖੀ..ਸਾਰੀ ਫਿਲਮ ਵਿਚ ਇੰਗਲੈਂਡ ਦਾ ਮਾਹੌਲ ਦਿਖਾਇਆ ਗਿਆ ਸੀ..ਜਦੋਂ ਆਪਣੇ ਆਪ ਨੂੰ ਸ਼ੀਸ਼ੇ ਵਿਚ ਦੇਖਦੀ ਤਾਂ ਅੱਗੋਂ ਪ੍ਰੀਤੀ ਸਪਰੂ ਨਜਰ ਆਉਂਦੀ..ਮਨ ਵਿਚ ਬਿਠਾ ਲਿਆ ਕੇ ਭਾਵੇਂ ਜੋ ਮਰਜੀ ਹੋ ਜਾਵੇ..ਜਾਣਾ ਤੇ ਬਾਹਰ ਈ ਏ..
ਫੇਰ ਮੰਗਣਾ ਕਨੇਡਾ ਹੋ ਗਿਆ..ਵਿਆਹ,ਜੰਝ,ਮੈਰਿਜ ਪੈਲੇਸ,ਦਾਜ ਦਹੇਜ,ਕਾਰਾਂ ਬੱਸਾਂ ਤੇ ਹੋਰ ਵੀ ਕਿੰਨਾ ਕੁਝ..ਗਿਆਰਾਂ ਬੰਦਿਆਂ ਦੀ ਬਰਾਤ ਦੇ ਰਿਵਾਜ ਕਰਕੇ ਚੰਡੀਗੜ ਜਾਣਾ ਪਿਆ..!
ਮੁੜ ਸਾਲ ਦੀ ਉਡੀਕ ਮਗਰੋਂ ਅਖੀਰ ਉਹ ਦਿਨ ਆਣ ਹੀ ਪਹੁੰਚਿਆ..ਸਤਾਈਆਂ ਘੰਟਿਆਂ ਦੀ ਫਲਾਈਟ ਮਗਰੋਂ ਟਰਾਂਟੋ ਉੱਤਰੀ..
ਸੁਫ਼ਨੇ ਸਜਾਉਂਦੀ ਜਹਾਜ਼ੋਂ ਬਾਹਰ ਆਈ..ਚਮਕਾਂ ਮਾਰਦੇ ਏਅਰਪੋਰਟ ਤੇ ਬੰਦੇ ਘੱਟ ਤੇ ਮਸ਼ੀਨਾਂ ਜਿਆਦਾ ਦਿੱਸੀਆਂ..
ਪਹਿਲੀ ਰਾਤ ਜਦੋਂ ਹਰ ਨਵੀਂ ਵਿਆਹੀ ਦੇ ਮਨ ਵਿਚ ਨਾਲਦੇ ਨਾਲ ਢੇਰ ਸਾਰੀਆਂ ਗੱਲਾਂ ਕਰਨ ਦੀ ਚਾਹ ਹੁੰਦੀ ਏ..ਜੀ ਕਰਦਾ ਏ ਕੇ ਕੋਈ ਹੱਥ ਫੜ ਕੇ ਪੁੱਛੇ ਕੇ ਤੇਰਾ ਜਹਾਜ ਅਤੇ ਹੁਣ ਤੱਕ ਦਾ ਜਿੰਦਗੀ ਦਾ ਸਫ਼ਰ ਕਿੱਦਾਂ ਰਿਹਾ?
ਪਰ ਏਦਾਂ ਦਾ ਕੁਝ ਵੀ ਨਹੀਂ ਹੋਇਆ..ਤੜਕੇ ਤੱਕ ਬੱਸ ਰੌਲੇ ਰੱਪੇ ਅਤੇ ਸ਼ਰਾਬ ਦੇ ਦੌਰ ਚੱਲਦੇ ਰਹੇ ਮੁੜਕੇ ਦਸਾਂ ਮਿੰਟਾਂ ਦੀ ਇੱਕ ਸੁਨਾਮੀ ਜਿਹੀ ਆਈ ਤੇ ਆਪਣੇ ਨਾਲ ਸਾਰੇ ਸੁਫ਼ਨੇ ਵਹਾ ਕੇ ਲੈ ਗਈ..!
ਮਗਰੋਂ ਮਹਿਸੂਸ ਹੋਇਆ ਕੇ ਸਾਰਾ ਟੱਬਰ ਹੀ ਏਦਾਂ ਦਾ ਸੀ..ਹਰ ਗੱਲ ਨੂੰ ਡਾਲਰਾਂ ਦੀ ਤੱਕੜੀ ਵਿਚ ਤੋਲਦਾ ਹੋਇਆ..ਹਮੇਸ਼ਾਂ ਇਹੋ ਸਲਾਹਾਂ ਕੇ ਵੱਧ ਡਾਲਰ ਕਿਦਾਂ ਬਣਾਉਣੇ..ਕਈ ਵਾਰ ਆਪੋ ਵਿਚ ਲੜ ਵੀ ਪੈਂਦੇ..
ਮੁਸ਼ਕ ਮਾਰਦੀ ਫੈਕਟਰੀ ਵਿਚ ਭਰ ਗਰਮੀ ਵਿਚ ਕੰਮ ਕਰਦੀ ਨੂੰ ਅਕਸਰ ਪੰਜਾਬ ਚੇਤੇ ਆਉਂਦਾ..ਲੱਗਦਾ ਕੁੜਿੱਕੀ ਵਿਚ ਫਸ ਕੇ ਰਹਿ ਗਈ ਸਾਂ..!
ਸੋਫੀਆ ਨਾਮ ਦੀ ਕੁੜੀ ਦਾ ਫੋਨ ਅਕਸਰ ਆਉਂਦਾ ਹੀ ਰਹਿੰਦਾ..ਇਹ ਕਿੰਨੀ ਦੇਰ ਉਸ ਨਾਲ ਗੱਲੀਂ ਲੱਗਾ ਰਹਿੰਦਾ..ਮੈਨੂੰ ਬੜੀ ਤਕਲੀਫ ਹੁੰਦੀ..ਅੰਦਰੋਂ ਅੰਦਰ ਸੜਦੀ-ਭੁੱਜਦੀ ਰਹਿੰਦੀ..ਮੇਰੇ ਨਾਲ ਕਿਓਂ ਨਹੀਂ ਕਰਦਾ ਇੰਝ ਦੀਆਂ ਗੱਲਾਂ..
ਕਿਸੇ ਨਾਲ ਦਿਲ ਫਰੋਲਦੀ ਤਾਂ ਆਖ ਦਿੰਦੇ ਕੇ ਨਾਲ ਕੰਮ ਕਰਦੀ ਏ..ਪਰ ਜਦੋਂ ਉਹ ਇੱਕ ਦੋ ਵਾਰ ਘਰੇ ਬੈਡ ਰੂਮ ਤੱਕ ਆਣ ਅੱਪੜੀ ਤਾਂ ਫੇਰ ਮੈਥੋਂ ਨਾ ਹੀ ਰਿਹਾ ਗਿਆ..ਕਲੇਸ਼ ਪਾ ਧਰਿਆ..ਸਾਰੇ ਆਖਣ ਇਥੇ ਇਹ ਸਭ ਕੁਝ ਆਮ ਜਿਹੀ ਗੱਲ ਏ..!
ਫੇਰ ਨਿੱਕੀ ਨਿੱਕੀ ਗੱਲ ਤੋਂ ਪੈਂਦਾ ਕਲਾ ਕਲੇਸ਼ ਨਿੱਤ ਦਾ ਵਰਤਾਰਾ ਬਣ ਗਿਆ..
ਪਹਿਲਾਂ ਪੁਲਸ ਅਤੇ ਫੇਰ ਅਦਾਲਤਾਂ ਤੇ ਹੋਰ ਵੀ ਬੜਾ ਕੁਝ..ਲੌਂਗ ਦੇ ਲਿਸ਼ਕਾਰੇ ਵਾਲਾ ਰਾਜ ਬੱਬਰ ਮੈਨੂੰ ਕਿਧਰੇ ਵੀ ਨਾ ਦਿਸਿਆ ਤੇ ਨਾ ਹੀ ਮੈਂ ਅਸਲ ਜਿੰਦਗੀ ਦੀ ਪ੍ਰੀਤੀ ਸਪਰੂ ਹੀ ਬਣ ਸਕੀ..!
ਤਲਾਕ ਦੀ ਸੁਣਵਾਈ ਵਾਲੀ ਆਖਰੀ ਤਰੀਖ..
ਕੱਲੀ ਬੈਠੀ ਨੂੰ ਕਿੰਨੇ ਵਰੇ ਪਹਿਲਾਂ ਵਾਲਾ ਓਹੀ ਗੁਰਮੁਖ ਸਿੰਘ ਚੇਤੇ ਆ ਗਿਆ..
ਪਤਾ ਨਹੀਂ ਕਿਧਰੇ ਹੋਵੇਗਾ..ਪਸੰਦ ਨਹੀਂ ਸੀ ਤਾਂ ਕੀ ਹੋਇਆ..ਘੱਟੋ ਘੱਟ ਮੈਨੂੰ ਉਸਦੀਆਂ ਭਾਵਨਾਵਾਂ ਦਾ ਮਜਾਕ ਨਹੀਂ ਸੀ ਉਡਾਉਣਾ ਚਾਹੀਦਾ..
ਹੁਣ ਤਿੰਨ ਦਹਾਕਿਆਂ ਮਗਰੋਂ ਮੇਰੇ ਵਾਲੇ ਓਸੇ ਪੜਾਅ ਵਿਚ ਅੱਪੜ ਚੁੱਕੀ ਆਪਣੀ ਧੀ ਨੂੰ ਇੱਕੋ ਗੱਲ ਸਮਝਾਉਂਦੀ ਹਾਂ ਕੇ ਕੁਝ ਪਲਾਂ ਦੀ ਬੱਲੇ ਬੱਲੇ ਅਤੇ ਚਕਾ-ਚੌਂਧ ਦੀ ਖਾਤਿਰ ਕਿਸੇ ਗੁਰਮੁਖ ਸਿੰਘ ਨੂੰ ਪੈਸੇ ਵਾਲੀ ਤੱਕੜੀ ਵਿਚ ਨਾ ਤੋਲ ਬੈਠੀਂ..ਬੜੀ ਭਾਰੀ ਕੀਮਤ ਚੁਕਾਉਣੀ ਪੈਂਦੀ ਏ..ਸਾਰੀ ਉਮਰ ਐਸਾ ਜਹਿਰ ਪੀਣਾ ਪੈਂਦਾ ਜਿਹੜਾ ਨਾ ਤੇ ਚੰਗੀ ਤਰਾਂ ਜਿਊਣ ਹੀ ਦਿੰਦਾ ਤੇ ਨਾ ਹੀ ਪੂਰੀ ਤਰਾਂ ਮਰਨ!
ਹਰਪ੍ਰੀਤ ਸਿੰਘ ਜਵੰਦਾ
ਸਕੂਲੋਂ ਪਰਤਦੇ ਹੋਏ ਨੂੰ ਰੋਜ ਪੰਡ ਪੱਠਿਆਂ ਦੀ ਚੁੱਕ ਘਰੇ ਲਿਆਉਣੀ ਪੈਂਦੀ..
ਇੱਕ ਵਾਰ ਹਾਲਤ ਏਨੇ ਮਾੜੇ ਹੋ ਗਏ ਕੇ ਪੱਠੇ ਮੁੱਲ ਵੀ ਨਾ ਲਏ ਗਏ..ਫੇਰ ਸੜਕ ਕੰਢੇ ਉੱਗਿਆ ਮੈਣਾ ਅਤੇ ਜੰਗਲੀ ਘਾਹ ਵੱਢ ਕੇ ਲਿਆਉਣਾ ਪਿਆ ਕਰਦਾ..ਜਦੋਂ ਮਾੜੀ ਬੂਟੀ ਕਾਰਨ ਡੰਗਰ ਪੱਠਿਆਂ ਨੂੰ ਮੂੰਹ ਨਾ ਲਾਉਂਦੇ ਤਾਂ ਬੜਾ ਗੁੱਸਾ ਆਉਂਦਾ!
ਉਸ ਦਿਨ ਪੰਡ ਟੋਕੇ ਤੇ ਕੁਤਰ ਕੇ ਮੂੰਹ ਹੱਥ ਧੋ ਮਾਂ ਕੋਲੋਂ ਰੋਟੀ ਮੰਗੀ..
ਆਖਣ ਲੱਗੀ ਸ਼ਹਿਰ ਕਰਫਿਊ ਲੱਗ ਗਿਆ ਤੇ ਸੁਵੇਰ ਦਾ ਮੀਂਹ ਵੀ ਪਈ ਜਾਂਦਾ..
ਤੇਰੇ ਪਿਓ ਦੀ ਦਿਹਾੜੀ ਨਹੀਂ ਲੱਗੀ..
ਬਾਹਰ ਸਾਈਕਲ ਦੀ ਚੈਨ ਚੜਾਉਂਦੇ ਹੋਏ ਮੇਰੇ ਬਾਪ ਨੇ ਸ਼ਾਇਦ ਜਾਣ ਬੁਝ ਕੇ ਹੀ ਮੇਰੇ ਵੱਲ ਪਿੱਠ ਕਰ ਰੱਖੀ ਸੀ..
ਭੁੱਖ ਸਿਖਰ ਤੇ ਸੀ ਤੇ ਨਾਲ ਨਾਲ ਮੇਰਾ ਗੁੱਸਾ ਵੀ..ਜੋੜੀ ਰਲਾਉਂਦਿਆਂ ਨੇ ਏਨੇ ਨਿਆਣੇ ਕਿਓਂ ਜੰਮ ਧਰੇ..
ਪਰ ਖਾਲੀ ਪੇਟ ਮੇਰਾ ਦਿਮਾਗ ਹੋਰ ਵੀ ਤੇਜ ਹੋ ਗਿਆ..ਫੇਰ ਹੌਲੀ ਜਿਹੀ ਬਾਹਰ ਨੂੰ ਨਿੱਕਲ ਸਿੱਧਾ ਨਹਿਰ ਦੇ ਪੁਲ ਤੇ ਅੱਪੜ ਗਿਆ..
ਆਥਣ ਵੇਲੇ ਦੇ ਘੁਸਮੁਸੇ ਵਿਚ ਨਾ ਕੋਈ ਮੈਨੂੰ ਵੇਖ ਸਕਦਾ ਸੀ ਤੇ ਨਾ ਹੀ ਮੈਂ ਕਿਸੇ ਨੂੰ..
ਫਰਲਾਂਘ ਦੀ ਵਿੱਥ ਤੇ ਟਾਹਲੀ ਕੋਲ ਉੱਗੇ ਵੱਡੇ ਸਾਰੇ ਪਿੱਪਲ ਕੋਲੋਂ ਦਿਨੇ ਵੀ ਡਰ ਆਇਆ ਕਰਦਾ ਸੀ..
ਨਾਲਦੇ ਅਕਸਰ ਆਖਿਆ ਕਰਦੇ ਕੇ ਇਥੇ ਡੁੱਬ ਕੇ ਮਰਿਆਂ ਦੀ ਰੂਹ ਭਟਕਦੀ ਏ..ਭੂਤ ਰਹਿੰਦੇ ਉਥੇ..
ਪਰ ਉਸ ਦਿਨ ਮੈਨੂੰ ਕੋਈ ਡਰ ਨਹੀਂ ਸੀ ਲੱਗਾ..
ਮੈਨੂੰ ਚੰਗੀ ਤਰਾਂ ਪਤਾ ਸੀ ਕੇ ਨਹਿਰੋਂ ਪਾਰਲੇ ਕੰਢੇ ਬੂਝਿਆਂ ਕੋਲ ਉੱਗੇ ਝਾਲਿਆਂ ਵਿਚ ਅਕਸਰ ਹੀ ਰੁੜੇ ਆਉਂਦੇ ਕਿੰਨੇ ਸਾਰੇ ਨਾਰੀਅਲ ਦੇ ਖੋਪੇ ਆ ਕੇ ਫਸ ਜਾਇਆ ਕਰਦੇ..!
ਪਰ ਉਸ ਦਿਨ ਕਿਸਮਤ ਚੰਗੀ ਸੀ..ਨਾਰੀਅਲ ਦੇ ਖੋਪਿਆਂ ਦੇ ਨਾਲ ਨਾਲ ਪਟੜੀ ਤੇ ਰੰਗ ਵਾਲੇ ਮਿੱਠੇ ਚੌਲਾਂ ਦੀ ਪੋਟਲੀ..ਮੋਤੀ ਚੂਰ ਦੇ ਕਿੰਨੇ ਸਾਰੇ ਲੱਡੂ..ਕਰੇਲਿਆਂ ਦੀ ਸਬਜੀ ਤੇ ਹੋਰ ਵੀ ਕਿੰਨਾ ਸਾਰਾ ਨਿੱਕ ਸੁੱਕ ਪਿਆ ਸੀ..!
ਛੇਤੀ ਨਾਲ ਪੱਥਰ ਤੇ ਮਾਰ ਗਿਰੀ ਤੋੜ ਸੁੱਟੀ..ਕੁਝ ਪਾਣੀ ਥੱਲੇ ਵਗ ਗਿਆ ਤੇ ਕੁਝ ਪੀ ਲਿਆ..ਫੇਰ ਗਿਰੀ ਖਾਦੀ..ਫੇਰ ਬਾਕੀ ਸ਼ੈਆਂ ਤੇ ਵੀ ਘੜੀ ਲਾਈ..
ਫੇਰ ਮਾਂ ਤੇ ਬਾਕੀ ਦੇ ਜੀਆਂ ਦਾ ਚੇਤਾ ਆ ਗਿਆ ਤੇ ਬਾਕੀ ਦੀਆਂ ਸ਼ੈਆਂ ਪਰਨੇ ਵਿਚ ਬੰਨ ਘਰ ਨੂੰ ਹੋ ਤੁਰਿਆ..ਘਰੇ ਅੱਪੜਿਆਂ ਤਾਂ ਰਗ ਰਗ ਤੋਂ ਵਾਕਿਫ ਮਾਂ ਤੋਂ ਕੁਝ ਵੀ ਲੁਕਾਇਆ ਨਾ ਗਿਆ..ਉਹ ਥੋੜੀ ਨਰਾਜ ਤਾਂ ਲੱਗੀ ਪਰ ਚੁੱਪ ਸੀ..!
ਪਲੇਠੀ ਦਾ ਪੁੱਤ..ਟੂਣਾ ਸਿਰ ਚੜ ਕੇ ਹੀ ਨਾ ਬੋਲਣ ਲੱਗ ਪਵੇ..ਛੇਤੀ ਨਾਲ ਚੋਂਕੇ ਖੜ ਮੇਰੇ ਸਿਰ ਤੋਂ ਮਿਰਚਾਂ ਵਾਰੀਆਂ ਤੇ ਫੇਰ ਕੁਝ ਸੋਚਦੀ ਨੇ ਮੈਨੂੰ ਆਪਣੀ ਬੁੱਕਲ ਚ ਲੁਕੋ ਲਿਆ..!
ਘੜੀ ਕੂ ਮਗਰੋਂ ਹੌਕਿਆਂ ਦੀ ਵਾਜ ਸੁਣ ਹੌਲੀ ਜਿਹੀ ਬੁੱਕਲ ਚੋਂ ਮੂੰਹ ਬਾਹਰ ਕੱਢਿਆ ਤੇ ਉਸਦੀ ਚੁੰਨੀ ਦੇ ਕਿਨਾਰੇ ਨਾਲ ਉਸਦੇ ਅਥਰੂ ਪੂੰਝ ਸੁੱਟੇ..
ਫੇਰ ਹੌਲੀ ਜਿਹੀ ਆਖਿਆ ਘਬਰਾ ਨਾ ਮਾਂ..ਦੁਨੀਆਂ ਦਾ ਕੋਈ ਭੂਤ ਜਾਂ ਟੂਣਾ ਭੁੱਖ ਨਾਲੋਂ ਜਿਆਦਾ ਤਾਕਤਵਰ ਨਹੀਂ ਹੁੰਦਾ!
ਹਰਪ੍ਰੀਤ ਸਿੰਘ ਜਵੰਦਾ
ਅਕਬਰ ਇੱਕ ਦਿਨ ਤਾਨਸੈਨ ਨੂੰ ਕਹਿੰਦਾ ਹੈ। ਤੇਰੇ ਸੰਗੀਤ ਨੂੰ ਜਦੋਂ ਸੁਣਦਾ ਹਾਂ, ਤਾਂ ਮਨ ਵਿੱਚ ਅਜਿਹਾ ਖਿਆਲ ਉੱਠਦਾ ਹੈ। ਕਿ ਤੇਰੇ ਵਰਗਾ ਵਜਾਉਣ ਵਾਲਾ ਸ਼ਾਇਦ ਹੀ ਕੋਈ ਪ੍ਰਿਥਵੀ ਤੇ ਹੋਵੇ?
ਕਿਉਂਕਿ ਇਸ ਤੋਂ ਉੱਚਾਈ ਹੋਰ ਕੀ ਹੋ ਸਕੇਗੀ? ਤੂੰ ਸਿਖਰ ਹੈ।
ਲੇਕਿਨ ਕੱਲ੍ਹ ਰਾਤ ਜਦ ਤੈਨੂੰ ਵਿਦਾ ਕੀਤਾ ਸੀ। ਤਾਂ ਮੈਨੂੰ ਖ਼ਿਆਲ ਆਇਆ, ਹੋ ਸਕਦਾ ਹੈ ਤੂੰ ਵੀ ਕਿਸੇ ਤੋਂ ਸਿੱਖਿਆ ਹੋਵੇ? ਕੋਈ ਤੇਰਾ ਵੀ ਗੁਰੂ ਹੋਵੇ?
ਤਾਂ ਮੈਂ ਅੱਜ ਤੇਰੇ ਤੋਂ ਪੁੱਛਦਾ ਹਾਂ ਕਿ ਤੇਰਾ ਕੋਈ ਗੁਰੂ ਹੈ? ਤੂੰ ਕਿਸ ਤੋਂ ਸਿੱਖਿਆ ਹੈ?
ਤਾਂ ਤਾਨਸੈਨ ਨੇ ਕਿਹਾ, ਮੈਂ ਕੁਝ ਵੀ ਨਹੀਂ ਆਪਣੇ ਗੁਰੂ ਦੇ ਸਾਹਮਣੇ। ਜਿਸ ਤੋਂ ਮੈਂ ਸਿੱਖਿਆ ਹੈ। ਉਨ੍ਹਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਹਾਂ।
ਤਾਂ ਅਕਬਰ ਨੇ ਕਿਹਾ। ਤੁਹਾਡੇ ਗੁਰੂ ਜੇਕਰ ਜੀਵਤ ਹਨ ਤਾਂ ਤੱਤਛਣ ਹੁਣੇ ਹੀ, ਅੱਜ ਹੀ ਉਨ੍ਹਾਂ ਨੂੰ ਲੈ ਕੇ ਆਓ। ਮੈਂ ਸੁਣਨਾ ਚਾਹਾਂਗਾ।
ਪਰ ਤਾਨਸੈਨ ਨੇ ਕਿਹਾ ਬੜੀ ਕਠਿਨਾਈ ਹੈ। ਉਹ ਜੀਵਤ ਹਨ। ਲੇਕਿਨ ਉਨ੍ਹਾਂ ਨੂੰ ਲਿਆਂਦਾ ਨਹੀਂ ਜਾ ਸਕਦਾ।
ਅਕਬਰ ਨੇ ਕਿਹਾ ਜੋ ਵੀ ਇੱਛਾ ਹੋਵੇ। ਉਹ ਦੇਵਾਂਗਾ, ਤੂੰ ਜੋ ਕਹੇ ਉਹੀ ਕਰਾਂਗਾ।
ਤਾਨਸੈਨ ਨੇ ਕਿਹਾ ਉਹੀ ਤਾਂ ਕਠਿਨਾਈ ਹੈ। ਕਿਉਂਕਿ ਉਨ੍ਹਾਂ ਨੂੰ ਕੁਝ ਲੈਣ ਲਈ ਰਾਜ਼ੀ ਨਹੀਂ ਕੀਤਾ ਜਾ ਸਕਦਾ। ਕਿਉਂਕਿ ਉਹ ਕੁਝ ਲੈਣ ਅਜਿਹਾ ਪ੍ਰਸ਼ਨ ਹੀ ਨਹੀਂ ਹੈ। ਅਕਬਰ ਨੇ ਕਿਹਾ ਤਾਂ ਕੀ ਉਪਾਅ ਕੀਤਾ ਜਾਏ?
ਤਾਨਸੇਨ ਨੇ ਕਿਹਾ ਕੋਈ ਉਪਾਅ ਨਹੀਂ। ਤੁਹਾਨੂੰ ਹੀ ਚੱਲਣਾ ਪਵੇਗਾ। ਤਾਂ ਅਕਬਰ ਨੇ ਕਿਹਾ ਮੈਂ ਹੁਣੇ ਚੱਲਣ ਲਈ ਤਿਆਰ ਹਾਂ। ਤਾਨਸੈਨ ਨੇ ਕਿਹਾ ਪਰ ਹੁਣੇ ਜਾਣ ਨਾਲ ਕੋਈ ਸਾਰ ਨਹੀਂ। ਕਿਉਂਕਿ ਕਹਿਣ ਨਾਲ ਉਹ ਨਹੀਂ ਵਜਾਉਣਗੇ। ਜਦ ਉਹ ਵਜਾਉਂਦੇ ਹਨ। ਤਦ ਕੋਈ ਸੁਣ ਲਵੇ ਗੱਲ ਹੋਰ ਹੈ।
ਤਾਂ ਮੈਂ ਪਤਾ ਲਗਾਵਾਂਗਾ ਕਿ ਉਹ ਕਦ ਵਜਾਉਂਦੇ ਹਨ? ਤਦ ਅਸੀਂ ਚੱਲਾਂਗੇ।
ਹਰੀ ਦਾਸ ਉਸ ਦੇ ਗੁਰੂ ਸਨ। ਯਮੁਨਾ ਦੇ ਕਿਨਾਰੇ ਰਹਿੰਦੇ ਸਨ। ਪਤਾ ਚੱਲਿਆ ਰਾਤ ਤਿੰਨ ਵਜੇ ਉੱਠ ਉਹ ਵਜਾਉਂਦੇ ਹਨ। ਨੱਚਦੇ ਹਨ।
ਅਕਬਰ ਅਤੇ ਤਾਨਸੈਨ ਚੋਰੀ ਨਾਲ ਝੌਂਪੜੀ ਦੇ ਬਾਹਰ ਠੰਢੀ ਰਾਤ ਵਿੱਚ ਛੁਪ ਕੇ ਬੈਠੇ ਰਹੇ। ਪੂਰਾ ਸਮਾਂ ਅਕਬਰ ਦੀ ਅੱਖ ਚੋਂ ਅੱਥਰੂ ਵਹਿੰਦੇ ਰਹੇ। ਉਹ ਇੱਕ ਵੀ ਸ਼ਬਦ ਨਾ ਬੋਲੇ। ਸੰਗੀਤ ਬੰਦ ਹੋਇਆ। ਵਾਪਸ ਪਰਤਣ ਲੱਗੇ।
ਸਵੇਰ ਫੁੱਟਣ ਲੱਗੀ ਸੀ। ਤਾਨਸੈਨ ਨਾਲ ਅਕਬਰ ਬੋਲਿਆ ਨਹੀਂ। ਮਹਿਲ ਦੇ ਦਰਵਾਜ਼ੇ ਤੇ ਤਾਨਸੈਨ ਨੂੰ ਏਨਾ ਹੀ ਕਿਹਾ, ਹੁਣ ਤੱਕ ਸੋਚਦਾ ਸੀ ਕਿ ਤੇਰੇ ਵਰਗਾ ਕੋਈ ਵੀ ਨਹੀਂ ਵਜਾ ਸਕਦਾ। ਅੱਜ ਸੋਚਦਾ ਹਾਂ ਕਿ ਤੂੰ ਆਪਣੇ ਗੁਰੂ ਜੈਸਾ ਕਿਉਂ ਨਹੀਂ ਵਜਾ ਸਕਦਾ ਹੈ?
ਤਾਨਸੇਨ ਨੇ ਕਿਹਾ ਗੱਲ ਬਹੁਤ ਸਾਫ਼ ਹੈ। ਮੈਂ ਕੁਝ ਪਾਉਣ ਲਈ ਵਜਾਉਂਦਾ ਹਾਂ। ਅਤੇ ਮੇਰੇ ਗੁਰੂ ਨੇ ਕੁਝ ਪਾ ਲਿਆ ਹੈ। ਇਸ ਲਈ ਵਜਾਉਂਦੇ ਹਨ। ਮੇਰੇ ਵਜਾਉਣ ਦੇ ਅੱਗੇ ਕੁਝ ਨਿਸ਼ਾਨਾ ਹੈ। ਜੋ ਮੈਨੂੰ ਮਿਲੇ, ਉਸ ਵਿੱਚ ਮੇਰੇ ਪ੍ਰਾਣ ਹਨ।
ਇਸ ਲਈ ਵਜਾਉਣ ਵਿੱਚ ਮੇਰੇ ਪ੍ਰਾਣ ਕਦੀ ਪੂਰੇ ਨਹੀਂ ਹੋ ਸਕਦੇ। ਵਜਾਉਣ ਵਿੱਚ ਮੈਂ ਸਦਾ ਅਧੂਰਾ ਹਾਂ, ਅੰਸ਼ ਹਾਂ।
ਅਗਰ ਬਿਨਾਂ ਵਜਾਏ ਤੋਂ ਹੀ ਮੈਨੂੰ ਉਹ ਮਿਲ ਜਾਏ ਜੋ ਵਜਾਉਣ ਵਿੱਚ ਮਿਲਦਾ ਹੈ। ਤਾਂ ਵਜਾਉਣ ਨੂੰ ਛੱਡ ਕੇ ਮੈਂ ਉਸ ਨੂੰ ਪਾ ਲਵਾਂਗਾ। ਵਜਾਉਣਾ ਮੇਰੇ ਲਈ ਸਾਧਨ ਹੈ। ਸਾਧਨਾ ਨਹੀਂ ਹੈ।
ਲੇਕਿਨ ਜਿਸ ਨੂੰ ਤੁਸੀਂ ਸੁਣਕੇ ਆ ਰਹੇ ਹੋ। ਸੰਗੀਤ ਉਨ੍ਹਾਂ ਲਈ ਕੁਝ ਪਾਉਣ ਦਾ ਸਾਧਨ ਨਹੀਂ ਹੈ। ਸਾਧਨਾ ਹੈ।
ਅੱਗੇ ਕੁਝ ਵੀ ਨਹੀਂ ਹੈ। ਜਿਸ ਨੂੰ ਪਾਉਣ ਲਈ ਉਹ ਜਾ ਰਹੇ ਹਨ। ਬਲਕਿ ਪਿੱਛੇ ਕੁਝ ਹੈ। ਜਿਸ ਤੋਂ ਉਨ੍ਹਾਂ ਦਾ ਸੰਗੀਤ ਫੁੱਟ ਰਿਹਾ ਹੈ। ਅਤੇ ਵੱਜ ਰਿਹਾ ਹੈ, ਕੁਝ ਪਾ ਲਿਆ ਹੈ, ਕੁਝ ਭਰ ਲਿਆ ਹੈ, ਕੋਈ ਸੱਚ, ਕੋਈ ਪ੍ਰਮਾਤਮਾ ਪ੍ਰਾਣਾ ਵਿੱਚ ਭਰ ਗਿਆ ਹੈ। ਹੁਣ ਉਹ ਵਹਿ ਰਿਹਾ ਹੈ। ਓਵਰ ਫਲੋਇੰਗ ਹੈ।
ਅਕਬਰ ਬਾਰ-ਬਾਰ ਪੁੱਛਣ ਲੱਗਾ।
ਕਿਸ ਲਈ? ਕਿਸ ਲਈ?
ਸੁਭਾਵਿਕ ਅਸੀਂ ਵੀ ਪੁੱਛਦੇ ਹਾਂ। ਕਿਸ ਲਈ?
ਤਾਨਸੈਨ ਨੇ ਕਿਹਾ ਨਦੀਆਂ ਕਿਸ ਲਈ ਵੱਗ ਰਹੀਆਂ ਹਨ? ਫੁੱਲ ਕਿਸ ਲਈ ਖਿੜ ਰਹੇ ਹਨ? ਸੂਰਜ ਕਿਸ ਲਈ ਨਿਕਲ ਰਿਹਾ ਹੈ?
“ਕਿਸ ਲਈ, ਮਨੁੱਖ ਦੀ ਬੁੱਧੀ ਨੇ ਪੈਦਾ ਕੀਤਾ ਹੈ। ਸਾਰਾ ਜਗਤ ਓਵਰ ਫਲਾਇੰਗ ਹੈ। ਆਦਮੀ ਨੂੰ ਛੱਡ ਕੇ, ਸਾਰਾ ਜਗਤ ਅੱਗੇ ਲਈ ਨਹੀਂ ਜੀਅ ਰਿਹਾ ਹੈ। ਸਾਰਾ ਜਗਤ ਅੰਦਰ ਤੋਂ ਜੀਅ ਰਿਹਾ ਹੈ।
ਫੁੱਲ ਖਿੜ ਰਿਹਾ ਹੈ, ਖਿੜਨ ਵਿੱਚ ਹੀ ਆਨੰਦ ਹੈ। ਸੂਰਜ ਨਿਕਲ ਰਿਹਾ ਹੈ, ਨਿਕਲਣ ਵਿੱਚ ਹੀ ਆਨੰਦ ਹੈ। ਹਵਾ ਵਗ ਰਹੀ ਹੈ, ਵਗਣ ਵਿੱਚ ਹੀ ਆਨੰਦ ਹੈ। ਆਕਾਸ਼ ਹੈ, ਹੋਣ ਵਿੱਚ ਹੀ ਆਨੰਦ ਹੈ।
ਅਨੰਦ ਅੱਗੇ ਨਹੀਂ ਹੈ, ਹੁਣੇ ਹੈ। ਇੱਥੇ ਹੈ ।
ਓਸ਼ੋ ।
#ਓਸ਼ੋਪੰਜਾਬੀਵਿੱਚ
ਮਰਨ ਮਾਰਨ ਤੇ ਉਤਾਰੂ ਇੱਕ ਵੱਡੀ ਜਨੂਨੀ ਭੀੜ ਦਿੱਲੀ ਦੀ ਇੱਕ ਭੀੜੀ ਜਿਹੀ ਗਲੀ ਵਿਚ ਇੱਕ ਮੁਸਲਮਾਨ ਦਾ ਪਿਛਾ ਕਰਦੀ ਹੋਈ ਨੱਸੀ ਆ ਰਹੀ ਸੀ..
ਉਹ ਆਪਣਾ ਬਚਾ ਕਰਦਾ ਵਾਹੋਦਾਹੀ ਦੌੜੀ ਜਾ ਰਿਹਾ ਸੀ..ਪਿੱਛੋਂ ਪੱਥਰਾਂ ਅਤੇ ਡੰਡਿਆਂ ਦੀ ਅਣਗਿਣਤ ਵਾਛੜ ਹੋ ਰਹੀ ਸੀ..
ਅਖੀਰ ਕਾਬੂ ਆ ਹੀ ਗਿਆ..ਡਿੱਗੇ ਪਏ ਤੇ ਡਾਂਗਾਂ ਅਤੇ ਹੋਰ ਤੇਜ ਧਾਰ ਹਥਿਆਰਾਂ ਨਾਲ ਕਿੰਨੇ ਸਾਰੇ ਵਾਰ ਹੋਏ..
ਆਪਣੀ ਮੌਤ ਸਾਮਣੇ ਵੇਖ ਇੱਕ ਵਾਰ ਫੇਰ ਹਿੰਮਤ ਕੀਤੀ..ਉੱਠ ਕੇ ਦੌੜ ਪਿਆ..
ਏਨੇ ਨੂੰ ਬਾਹਰ ਗਲੀ ਵਿਚ ਰੌਲਾ ਸੁਣ ਇੱਕ ਸਰਦਾਰ ਜੀ ਆਪਣੇ ਘਰੋਂ ਬਾਹਰ ਨਿੱਕਲੇ..
ਜਖਮੀਂ ਨੌਜੁਆਨ ਓਹਨਾ ਨੂੰ ਵੇਖ ਭੱਜ ਕੇ ਕੋਲ ਆਇਆ ਤੇ ਓਹਨਾ ਨੂੰ ਜੱਫੀ ਪਾ ਓਹਨਾ ਦੀਆਂ ਬਾਹਵਾਂ ਵਿਚ ਹੀ ਬੇਹੋਸ਼ ਹੋ ਗਿਆ..
ਸਰਦਾਰ ਹੁਰਾਂ ਫੇਰ ਪਤਾ ਨੀ ਸੋਚਿਆ..ਨਿਢਾਲ ਹੋਏ ਤੇ ਜਨੂਨੀ ਭੀੜ ਦੇ ਵਿਚਕਾਰ ਕੰਧ ਬਣ ਖਲੋ ਗਏ..
ਸਰਦਾਰ ਹੁਰਾਂ ਭੀੜ ਨਾਲ ਗੱਲ ਕਰਦਿਆਂ ਦੂਜੇ ਹੱਥ ਨਾਲ ਆਪਣਾ ਬੂਹਾ ਖੋਲਿਆ ਤੇ ਉਸਨੂੰ ਅੰਦਰ ਧੱਕਾ ਮਾਰ ਮੁੜ ਬੂਹਾ ਭੇੜ ਲਿਆ..
ਫੇਰ ਆਖਣ ਲੱਗੇ ਹੁਣ ਜਿਸਨੇ ਆਉਣਾ ਅੱਗੇ ਆਵੇ..ਮੇਰੇ ਨਾਲ ਗੱਲ ਕਰੇ..
ਭੀੜ ਆਖਦੀ ਸਾਡਾ ਤੁਹਾਡੇ ਨਾਲ ਕੋਈ ਰੌਲਾ ਨਹੀਂ..ਬਸ ਉਸ ਨੂੰ ਸਾਡੇ ਹਵਾਲੇ ਕਰ ਦਿਓ..!
ਖਾਲਸਾ ਅੱਗੋਂ ਆਖ ਰਿਹਾ ਸੀ..ਉਹ ਇਸ ਵੇਲੇ ਮੇਰੀ ਸ਼ਰਨ ਵਿਚ ਹੈ ਤੇ ਭਾਈ ਘਣੰਈਏ ਦੇ ਵਾਰਿਸ ਸ਼ਰਨ ਆਏ ਦੀ ਰਾਖੀ ਤੇ ਮਰਹੰਮ ਪੱਟੀ ਕਰਨ ਲੱਗੇ ਉਸਦਾ ਧਰਮ ਨਹੀਂ ਵੇਖਦੇ..
ਅਖੀਰ ਕਾਫੀ ਬਹਿਸ ਮਗਰੋਂ ਭੀੜ ਨੂੰ ਵਾਪਿਸ ਮੁੜਨਾ ਪਿਆ..!
ਅੰਦਰ ਆਏ..ਪੂਰੇ ਤਿੰਨ ਚਾਰ ਘੰਟੇ ਉਸਦਾ ਟਹਿਲ ਪਾਣੀ ਕੀਤਾ..
ਫੇਰ ਜਦੋਂ ਉਹ ਆਪਣੇ ਪੈਰਾਂ ਸਿਰ ਹੋਇਆ ਤੇ ਆਖਣ ਲੱਗਾ ਕੇ ਮੇਰੇ ਘਰਦੇ ਫਿਕਰ ਕਰਦੇ ਹੋਣੇ..!
ਹੁਣ ਸਰਦਾਰ ਹੁਰਾਂ ਨੂੰ ਫਿਕਰ ਸੀ ਕੇ ਅੱਗ ਦੀਆਂ ਲਾਟਾਂ ਅਤੇ ਵਰਦੀ ਗੋਲੀ ਵਿਚ ਇਸਨੂੰ ਇਸਦੇ ਘਰ ਕਿੱਦਾਂ ਪਹੁੰਚਾਇਆ ਜਾਵੇ..!
ਅਖੀਰ ਆਪਣੇ ਸਿਰੋਂ ਦਸਤਾਰ ਲਾਹ ਕੇ ਉਸਦੇ ਸਿਰ ਤੇ ਸਜਾਈ..ਆਪਣੇ ਮੋਟਰ ਸਾਈਕਲ ਮਗਰ ਬਿਠਾ ਆਪ ਖੁਦ ਮੋਟਰ ਸਾਈਕਲ ਚਲਾ ਕੇ ਉਸਨੂੰ ਉਸਦੇ ਘਰ ਪਹੁੰਚਾਇਆ!
ਐੱਨ ਡੀ ਟੀ ਵੀ ਵਾਲਾ ਰਵੀਸ਼ ਕੁਮਾਰ ਇਹ ਘਟਨਾ ਬਾਰੇ ਦੱਸਦਾ ਹੋਇਆ ਜਰੂਰ ਸੋਚ ਰਿਹਾ ਹੋਵੇਗਾ ਕੇ ਦਸਮ ਪਿਤਾ ਨੇ ਇਸ ਕੌਮ ਨੂੰ ਖੰਡੇ ਬਾਟੇ ਵਿਚ ਘੋਲ ਕੇ ਪਤਾ ਨਹੀਂ ਕੀ ਪਿਆ ਦਿੱਤਾ ਕੇ ਜਿਸ ਦਸਤਾਰ ਦੀ ਰਾਖੀ ਲਈ ਇਹ ਹੱਸ ਹੱਸ ਆਪਣੀ ਜਾਨ ਵਾਰਨ ਤੋਂ ਭੋਰਾ ਵੀ ਗੁਰੇਜ ਨਹੀਂ ਕਰਦੇ..ਲੋੜ ਪੈਣ ਤੇ ਕਿਸੇ ਦੀ ਜਾਨ ਬਚਾਉਣ ਲਈ ਓਹੀ ਦਸਤਾਰ ਆਪਣੇ ਸਿਰੋਂ ਲਾਹ ਉਸ ਦੇ ਸਿਰ ਤੇ ਟਿਕਾਉਣ ਲੱਗਿਆ ਮਿੰਟ ਵੀ ਨਹੀਂ ਲਾਉਂਦੇ..!
ਹਰਪ੍ਰੀਤ ਸਿੰਘ ਜਵੰਦਾ
ਬਹੁਤ ਵਾਰ ਗਿਆ ਮੈਂ
ਧਾਰਮਿਕ ਸਥਾਨਾਂ ਤੇ
ਹਰ ਵਾਰ ਨਿਰਾਸ ਆਇਆ
ਕਦੇ ਭਗਵਾਨ ਨਾਲ ਗੱਲ ਨਾ ਹੋਈ
ਜਦੋ ਵੀ ਕੁੱਝ ਮੰਗਦਾ ਮੈਨੂੰ ਮਿਲ ਜਾਂਦਾ
ਪਰ ਕਦੇ ਗੱਲ ਨਾ ਹੋਈ–––
ਪਰ ਮਿਲਦਾ ਕਿਥੋਂ ?
ਪਾਟੇ ਝਗੇ ਦੀ ਜੇਬ ਵਿੱਚੋਂ ?
ਕਦੇ 10 ਰੁ ਮਿਲਦੇ ਕਦੇ 20
ਮੈਂ ! ਖੁਸ ਹੋ ਜਾਂਦਾ
ਭਗਵਾਨ ਤਾਂ ਕਦੇ ਮਿਲਿਆ ਨਾ।
ਮੇਰਾ ਬਾਪੂ ਹੀ ਚੰਗਾ !
ਜਿਸ ਕੋਲੋ 10 ,20 ਮਿਲ ਜਾਂਦੇ
ਫਿਰ ਇਹ ਇਮਾਰਤ
ਇਹ ਪੱਥਰ
ਕਿਸ ਲਈ ਲਾਉਂਦੇ—
ਜਦ
ਕਿਸੇ ਗਰੀਬ ਦੀ
ਜਰੂਰਤ ਨਹੀਂ ਪੂਰੀ ਹੁੰਦੀ
ਖੈਰ!! ਕਦੇ ਕਦੇ ਸੋਚਦਾਂ
ਮੇਰਾ ਬਾਪੂ ਕਿਹੜਾ
ਭਗਵਾਨ ਨਾਲੋਂ ਘੱਟ ਆ
10 ਮੰਗਾ 20 ਮਿਲਦੇ
50 ਮੰਗਾ 100 ਮਿਲਦੇ
ਭੁਲੇਖਾ ਸੀ !!
ਉਹ ਉੱਚੀਆਂ ਇਮਾਰਤਾਂ ਚ
ਪੱਥਰ ਸੰਗਮਰਮਰਾਂ ਦੀ
4 ਦੀਵਾਰੀ ਅੰਦਰ ਰਹਿੰਦਾ
ਪਰ ਇਹ ਗਲਤ ਸਾਬਤ ਹੋਇਆ
ਉਹ ਤਾਂ ਸਾਡੇ ਕੋਲ ਰਹਿੰਦਾ
ਮੇਰਾ ਬਾਪੂ ਹੀ ਮੇਰੇ ਲਈ ਭਗਵਾਨ ਏ
ਫਿਰ ਕਿਉਂ ਮੈਂ
ਧਾਰਮਿਕ ਸਥਾਨਾਂ ਚ ਲੱਭਦਾ ਫਿਰਦਾ
ਘਰ ਝਾਤੀ ਮਾਰਾਂ
ਉਸਨੂੰ ਪੂਜਾਂ
ਉਸਦੀ ਸੇਵਾ ਕਰਾ
ਮੇਰਾ ਭਗਵਾਨ ਮੇਰਾ ਬਾਪੂ ਏ
ਹਾਂ !!
ਧਾਰਮਿਕ ਸਥਾਨਾਂ ਅੰਦਰ
ਪਈ ਗੋਲਕ ਨਾਲੋਂ
ਉਸ ਇਨਸਾਨ ਦੀ ਜੇਬ ਚੰਗੀ
ਜਿਸ ਜੇਬ ਵਿਚੋਂ ਲੋੜਵੰਦ ਦੀ
ਜਰੂਰਤ ਪੂਰੀ ਹੁੰਦੀ।
ਫਿਰ ਕੀ ਚੰਗਾ !
ਧਾਰਮਿਕ ਅਸਥਾਨ
ਜਾਂ ਆਮ ਇਨਸਾਨ ਦੀ ਜੇਬ
ਫਿਰ ਕੋਸਿਸ ਕਰਾਂਗਾ
ਭਗਵਾਨ ਨਾਲ ਗੱਲ ਕਰਨ ਦੀ
ਪਰ ਅਫਸੋਸ ਉਹ ਕਿਸੇ ਧਾਰਮਿਕ
ਸਥਾਨ ਅੰਦਰ ਮਿਲਦਾ ਹੀ ਨਹੀ😇
**ਨਵਨੀਤ ਸਿੰਘ*
*9646865500*
*ਜਿਲ੍ਹਾ ਗੁਰਦਾਸਪੁਰ*
ਪੰਝੀ ਕੂ ਸਾਲ ਪਹਿਲਾਂ ਦੀ ਗੱਲ ਏ..
ਵਿਆਹ ਵੇਲੇ ਜਦੋਂ ਲਾਵਾਂ ਫੇਰਿਆਂ ਮਗਰੋਂ ਨਾਲਦੀਆਂ ਨੇ ਜੁੱਤੀ ਲੁਕਾਈ ਦੇ ਹਜਾਰ ਰੁਪਈਏ ਮੰਗ ਲਏ ਤਾਂ ਇਹ ਆਪਣੇ ਪਿਤਾ ਜੀ ਵੱਲ ਵੇਖਣ ਲਗ ਗਏ..!
ਥੋੜਾ ਅਜੀਬ ਜਿਹਾ ਲੱਗਾ..
ਕਿਓੰਕੇ ਮੈਨੂੰ ਦੱਸਿਆ ਗਿਆ ਸੀ ਕੇ ਇਹਨਾਂ ਦਾ ਆਪਣਾ ਕੰਮ..ਵੱਡਾ ਕਾਰੋਬਾਰ..ਨੌਕਰ ਚਾਕਰ..ਕੋਠੀਆਂ ਕਾਰਾਂ ਅਤੇ ਹੋਰ ਵੀ ਬਹੁਤ ਕੁਝ ਏ..!
ਖੈਰ ਵਿਆਹ ਦੇ ਦੋ ਮਹੀਨੇ ਮਗਰੋਂ ਵੀ ਜਦੋਂ ਇਹ ਅਕਸਰ ਘਰੇ ਹੀ ਰਿਹਾ ਕਰਦੇ ਤਾਂ ਇੱਕ ਦਿਨ ਪੁੱਛ ਲਿਆ ਕੇ ਤੁਸੀਂ ਕੰਮ ਤੇ ਜਾਣਾ ਕਦੋਂ ਸ਼ੁਰੂ ਕਰਨਾ ਏ?
ਅੱਗੋਂ ਹੱਸਦਿਆਂ ਹੋਇਆ ਆਖਣ ਲੱਗੇ ਕੇ ਬਿੱਲੋ ਅਜੇ ਤਾਂ ਆਪਣਾ ਹਨੀਮੂਨ ਸੈਸ਼ਨ ਹੀ ਨਹੀਂ ਮੁੱਕਿਆ..ਸਾਨੂੰ ਕਾਹਦੀ ਕਾਹਲ..ਹਰ ਚੀਜ ਤੇ ਮਿਲ਼ੀ ਹੀ ਜਾਂਦੀ ਏ..!
ਫੇਰ ਵੀ ਨਿੱਕੇ-ਨਿੱਕੇ ਖ਼ਰਚਿਆਂ ਲਈ ਵੀ ਇਹਨਾਂ ਦਾ ਘਰਦਿਆਂ ਅੱਗੇ ਹੱਥ ਅੱਡਣਾ ਮੈਨੂੰ ਜਰਾ ਜਿੰਨਾ ਵੀ ਚੰਗਾ ਨਾ ਲੱਗਿਆ ਕਰਦਾ..!
ਅਖੀਰ ਇਹਨਾਂ ਦਾ ਲਗਾਤਾਰ ਇਸੇ ਤਰਾਂ ਘਰੇ ਰਹਿਣਾ ਮੈਨੂੰ ਖਿਝ ਜਿਹੀ ਚੜਾਉਣ ਲੱਗਾ..!
ਫੇਰ ਪਹਿਲਾ ਸਾਉਣ ਕੱਟਣ ਘਰੇ ਆਈ ਤਾਂ ਸਾਰੀ ਗੱਲ ਮਾਂ ਨਾਲ ਕਰ ਕੀਤੀ..
ਉਸਨੇ ਵੀ ਆਪਣੀ ਪ੍ਰੇਸ਼ਾਨੀ ਲੁਕਾਉਂਦੀ ਹੋਈ ਨੇ ਸਾਰੀ ਗੱਲ ਮੇਰੇ ਡੈਡ ਤੇ ਪਾ ਦਿੱਤੀ..!
ਫੇਰ ਜਦੋਂ ਮੈਨੂੰ ਲੈਣ ਆਏ ਤਾਂ ਨਾਲ ਲਿਆਂਦੀਆਂ ਕਿੰਨੀਆਂ ਸਾਰੀਆਂ ਚੀਜਾਂ ਨਾਲ ਸਾਡਾ ਸਾਰਾ ਵੇਹੜਾ ਭਰ ਗਿਆ..
ਨਾਲ ਹੀ ਗੱਲਾਂ ਗੱਲਾਂ ਵਿਚ ਹੀ ਮੇਰੀ ਸੱਸ ਮੇਰੀ ਮਾਂ ਨੂੰ ਸੰਬੋਧਨ ਹੁੰਦੀ ਆਖਣ ਲੱਗੀ ਕੇ ਭੈਣ ਜੀ ਬੜੀ ਕਿਸਮਤ ਵਾਲੀ ਏ ਤੁਹਾਡੀ ਧੀ..ਓਥੇ ਕੋਠੀਆਂ,ਕਾਰਾਂ,ਧੰਨ ਦੌਲਤ ਤੇ ਹੋਰ ਕਿਸੇ ਚੀਜ ਦੀ ਕੋਈ ਕਮੀਂ ਨਹੀਂ ਏ ਜਿਥੇ ਤੁਹਾਡੀ ਧੀ ਨੇ ਪੈਰ ਪਾਇਆ..!
ਇਸ ਵਾਰ ਮੈਥੋਂ ਨਾ ਹੀ ਰਿਹਾ..
ਤੇ ਇਸਤੋਂ ਪਹਿਲਾਂ ਕੇ ਮੇਰੀ ਮਾਤਾ ਜੀ ਕੋਈ ਜੁਆਬ ਦੇ ਪਾਉਂਦੀ ਮੈਂ ਨਿਸ਼ੰਗ ਹੋ ਕੇ ਆਖ ਦਿੱਤਾ “ਬੀਜੀ ਮੈਂ ਵਿਆਹ ਕੋਠੀਆਂ ਕਾਰਾਂ ਧੰਨ ਦੌਲਤ ਨਾਲ ਨਹੀਂ ਸੀ ਕਰਾਇਆ..ਮੈਂ ਤਾਂ ਕਰਵਾਇਆ ਸੀ ਹੱਡ-ਮਾਸ ਦੇ ਬਣੇ ਜਿਉਂਦੇ ਜਾਗਦੇ ਇਕ ਉਸ ਇਨਸਾਨ ਨਾਲ ਜੋ ਸਵੈ-ਮਾਣ ਦਾ ਮੁੱਜਸਮਾ ਹੁੰਦਾ ਹੋਇਆ ਇਹ ਸਾਰਾ ਕੁਝ ਆਪਣੇ ਹੱਥੀਂ ਬਣਾਉਣ ਦੇ ਕਾਬਿਲ ਵੀ ਹੋਵੇਗਾ”..!
ਫੇਰ ਕੋਲ ਹੀ ਬੈਠੇ ਹਰਜੀਤ ਦੀਆਂ ਅੱਖਾਂ ਵਿਚ ਅੱਖਾਂ ਪਾਉਂਦੀ ਹੋਈ ਨੇ ਨਾਲ ਜਾਣ ਤੋਂ ਨਾਂਹ ਕਰਦਿਆਂ ਏਨੀ ਗੱਲ ਵੀ ਆਖ ਦਿੱਤੀ ਕੇ ਮੈਨੂੰ ਉਸ ਦਿੰਨ ਦਾ ਇੰਤਜਾਰ ਰਹੇਗਾ ਜਿਸ ਦਿਨ ਮੈਨੂੰ ਲੈਣ ਆਇਆਂ ਦੀ ਤੁਹਾਡੀ ਗੱਡੀ ਵਿਚ ਪੈਟਰੋਲ ਤੁਹਾਡੇ ਆਪਣੇ ਕਮਾਏ ਹੋਏ ਪੈਸਿਆਂ ਦਾ ਪਵਾਇਆ ਹੋਵੇਗਾ..”
ਚਾਰੇ ਪਾਸੇ ਇੱਕਦਮ ਹੀ ਚੁੱਪੀ ਜਿਹੀ ਛਾ ਗਈ ਅਤੇ ਮੈਨੂੰ ਮੇਰਾ ਗੁਜਰ ਗਿਆ ਦਾਦਾ ਜੀ ਚੇਤੇ ਆ ਗਿਆ..
ਅਕਸਰ ਹੀ ਆਖਿਆ ਕਰਦੇ ਸਨ..”ਪੁੱਤਰ ਸੰਘਣੇ ਬੋਹੜ ਦੀ ਛਾਂ ਹੇਠ ਕਦੀ ਵੀ ਦੂਜਾ ਬੋਹੜ ਨਹੀਂ ਉੱਗਿਆ ਕਰਦਾ..ਉਸਨੂੰ ਉੱਗਣ ਲਈ ਪਹਿਲਾਂ ਧਰਤੀ ਦਾ ਸੀਨਾ ਪਾੜ ਬਾਹਰ ਆਉਣਾ ਪੈਂਦਾ ਏ ਤੇ ਮਗਰੋਂ ਜੇਠ ਹਾੜ ਦੀਆਂ ਤਪਦੀਆਂ ਧੁੱਪਾਂ,ਤੇਜ ਮੀਂਹ ਦੇ ਛਰਾਹਟੇ ਅਤੇ ਤੇਜ ਹਵਾਵਾਂ ਵਾਲੇ ਜ਼ੋਰਦਾਰ ਤੂਫ਼ਾਨ ਆਪਣੇ ਵਜੂਦ ਤੇ ਸਹਿਣੇ ਪੈਂਦੇ ਨੇ”!
ਦੋਸਤੋ ਇਹ ਓਹਨਾ ਵੇਲਿਆਂ ਦੀ ਗੱਲ ਏ ਜਦੋਂ ਬਾਹਰੀ ਦਿੱਖ ਨੂੰ ਹੀ ਸਭ ਕੁਝ ਮੰਨ ਲੈਣ ਵਾਲੇ ਅਜੋਕੇ ਪਦਾਰਥਵਾਦ ਦੀ ਪਤੰਗ ਅਜੇ ਉਤਲੀ ਹਵਾਇ ਨਹੀਂ ਸੀ ਚੜਨ ਦਿੱਤੀ ਗਈ ਤੇ ਕੁਝ ਜਾਗਦੀਆਂ ਜਮੀਰਾਂ ਵਾਲੇ ਅੰਬ ਖਾਂਦਿਆਂ ਕਦੀ ਕਦੀ ਰੁੱਖ ਗਿਣਨ ਦੀ ਦਲੇਰੀ ਵੀ ਕਰ ਹੀ ਲਿਆ ਕਰਦੇ ਸਨ!
ਹਰਪ੍ਰੀਤ ਸਿੰਘ ਜਵੰਦਾ
ਤੀਹ ਸਾਲ ਪੂਰਾਣੀ ਗੱਲ ਏ..
ਵਿਆਹ ਮਗਰੋਂ ਅਸੀਂ ਚੰਡੀਗੜ੍ਹ ਸ਼ਿਫਟ ਹੋ ਗਏ..
ਇਹ ਰੋਜ ਨੌ ਕੂ ਵਜੇ ਦਫਤਰ ਚਲੇ ਜਾਇਆ ਕਰਦੇ ਤੇ ਮੈਂ ਸਿਆਲ ਦੀ ਧੁੱਪ ਸੇਕਣ ਕੋਠੇ ਤੇ ਚੜ੍ਹ ਜਾਇਆ ਕਰਦੀ..
ਸਾਮਣੇ ਹੀ ਦੋ ਕੂ ਘਰ ਛੱਡ ਇੱਕ ਮਾਤਾ ਜੀ ਵੀ ਅਕਸਰ ਹੀ ਕੋਠੇ ਤੇ ਬੈਠੇ ਦਿਸ ਪਿਆ ਕਰਦੇ..
ਐਨਕ ਲਾ ਕੇ ਹਮੇਸ਼ਾਂ ਸਵੈਟਰ ਉਣਦੇ ਰਹਿੰਦੇ..ਇੱਕ ਦੋ ਵਾਰ ਨਜਰਾਂ ਮਿਲੀਆਂ..ਮੈਂ ਦੂਰੋਂ ਸਤਿ ਸ੍ਰੀ ਅਕਾਲ ਬੁਲਾ ਦਿੱਤੀ..ਬੜਾ ਖੁਸ ਹੋਏ..!
ਸੈੱਲ ਫੋਨ ਨਹੀਂ ਸਨ ਹੋਇਆ ਕਰਦੇ..ਬਸ ਦੂਰੋਂ ਹੀ ਦੁਆ ਸਲਾਮ ਤੇ ਜਾ ਫੇਰ ਆਹਮੋਂ ਸਾਮਣੇ ਬੈਠ ਮਿਲਣੀਆਂ ਤੇ ਖੁੱਲੀ ਗੱਲਬਾਤ ਦਾ ਰਿਵਾਜ ਹੁੰਦਾ ਸੀ!
ਫੇਰ ਕੁਝ ਦਿਨ ਬਾਅਦ ਦੂਰੋਂ ਹੀ ਮੈਨੂੰ ਇੱਕ ਅੱਧ-ਬੁਣੀ ਕੋਟੀ ਵਿਖਾਉਂਦੇ ਹੋਏ ਇਸ਼ਾਰਿਆਂ ਨਾਲ ਪੁੱਛਣ ਲੱਗੇ ਕਿਦਾਂ ਹੈ?
ਅਗਿਓਂ ਇਸ਼ਾਰੇ ਜਿਹੇ ਨਾਲ ਆਖ ਦਿੱਤਾ..ਬਹੁਤ ਸੋਹਣੀ..ਬੜਾ ਖੁਸ਼ ਹੋਏ!
ਅਗਲੇ ਦਿਨ ਓਹਨਾ ਅੱਧੀ ਉਣ ਵੀ ਦਿੱਤੀ..
ਖਾਸ ਗੱਲ ਇਹ ਸੀ ਕੇ ਅੱਜ ਬੁਣਤੀ ਦੇ ਐਨ ਵਿਚਕਾਰ ਇੱਕ ਸਰੋਂ ਰੰਗੀ ਧਾਰੀ ਵੀ ਸੀ..
ਫਿਰ ਪੁੱਛਦੇ ਕਿੱਦਾਂ?
ਆਖਿਆ ਸੋਹਣੀ ਏ..ਇਸ ਵਾਰ ਓਹਨਾ ਤੋਂ ਖੁਸ਼ੀ ਸਾਂਬੀ ਨਾ ਜਾਵੇ..!
ਫੇਰ ਇਹ ਰੋਜਾਨਾ ਦਾ ਇੱਕ ਸਿਲਸਿਲਾ ਜਿਹਾ ਬਣ ਗਿਆ..
ਮੁੜ ਕਿੰਨੇ ਦਿਨ ਉਹ ਨਾ ਦਿਸੇ..
ਇਹ ਦਫਤਰੋਂ ਆਏ ਤਾਂ ਇਹਨਾਂ ਨਾਲ ਗੱਲ ਕੀਤੀ..
ਆਖਣ ਲੱਗੇ ਛੁੱਟੀ ਵਾਲੇ ਦਿਨ ਹੋ ਆਉਂਦੇ ਹਾਂ..ਪਤਾ ਵੀ ਲੈ ਆਵਾਂਗੇ ਤੇ ਮਿਲ ਕੇ ਖੁੱਲੀਆਂ ਗੱਲਾਂਬਾਤਾਂ ਵੀ ਹੋ ਜਾਣਗੀਆਂ..!
ਐਤਵਾਰ ਓਥੇ ਪਹੁੰਚੇ ਤਾਂ ਅੱਗੇ ਜੰਦਰਾ ਲੱਗਾ ਸੀ..
ਸਾਮਣੇ ਦੁਕਾਨ ਤੋਂ ਪਤਾ ਕੀਤਾ..ਆਖਣ ਲੱਗੇ ਕੇ ਮਾਤਾ ਜੀ ਤੇ ਕੁਝ ਦਿਨ ਪਹਿਲਾਂ ਚੜਾਈ ਕਰ ਗਏ ਨੇ..ਪਰਿਵਾਰ ਨੇ ਪਿੰਡ ਜਾ ਓਹਨਾ ਦਾ ਸੰਸਕਾਰ ਵੀ ਕਰ ਦਿੱਤਾ..!
ਇਹ ਤਾਂ ਚੁੱਪ ਜਿਹੇ ਕਰ ਗਏ ਪਰ ਮੇਰੇ ਹੰਜੂ ਵਗ ਤੁਰੇ..
ਇਹ ਮੈਨੂੰ ਆਸਰਾ ਦੇ ਕੇ ਵਾਪਿਸ ਲਿਆਉਣ ਹੀ ਲੱਗੇ ਸਨ ਕੇ ਦੁਕਾਨ ਵਾਲੇ ਨੇ ਮਗਰੋਂ ਵਾਜ ਮਾਰ ਲਈ..
ਪੁੱਛਣ ਲੱਗਾ ਕੇ ਤੁਸੀਂ ਇਹਨਾਂ ਦੇ ਮਗਰ ਹੀ ਰਹਿੰਦੇ ਹੋ..ਹੁਣੇ ਨਵੇਂ ਨਵੇਂ ਹੀ ਆਏ ਹੋ ਨਾ..?
ਆਖਿਆ ਹਾਂ ਜੀ ਦੋ ਘਰ ਛੱਡ ਇਹਨਾਂ ਦੇ ਪਿੱਛੇ ਹੀ ਰਹਿੰਦੇ ਹਾਂ..
ਉਹ ਕਾਹਲੀ ਨਾਲ ਅੰਦਰ ਗਿਆ ਤੇ ਪਲਾਸਟਿਕ ਦਾ ਲਫਾਫਾ ਚੁੱਕ ਲਿਆਇਆ..
ਫੇਰ ਸਾਨੂੰ ਫੜਾਉਂਦਾ ਹੋਇਆ ਆਖਣ ਲੱਗਾ ਕੇ ਪਿੰਡ ਜਾਂਦੇ ਹੋਏ ਅੰਕਲ ਜੀ ਦੇ ਗਏ ਸਨ..ਆਖਦੇ ਸਨ ਇੱਕ ਨਵਾਂ ਵਿਆਹਿਆ ਜੋੜਾ ਆਵੇਗਾ..ਓਹਨਾ ਨੂੰ ਫੜਾ ਦੇਵੀਂ..
ਵੇਖਿਆ ਤਾਂ ਸਰੋਂ ਰੰਗੀ ਕਿਨਾਰੀ ਵਾਲੀ ਇੱਕ ਉਨਾਬੀ ਕੋਟੀ ਬੜੇ ਸਲੀਕੇ ਨਾਲ ਤਹਿ ਲਾ ਕੇ ਅੰਦਰ ਰੱਖੀ ਹੋਈ ਸੀ..!
ਹਰਪ੍ਰੀਤ ਸਿੰਘ ਜਵੰਦਾ
ਤਕਰੀਬਨ ਤੇਤੀ ਸਾਲ ਪਹਿਲਾਂ ਦੀ ਗੱਲ ਏ
ਬਟਾਲੇ ਡੀ.ਏ.ਵੀ ਸਕੂਲ ਇੱਕ ਇਨਾਮ ਵੰਡ ਸਮਾਰੋਹ ਵਿਚ ਚੰਡੀਗੜੋਂ ਉਸ ਵੇਲੇ ਦੇ ਸੈਕਟਰੀ ਸਿਖਿਆ ਬੋਰਡ ਸ੍ਰ ਤਾਰਾ ਸਿੰਘ ਹੁੰਦਲ ਆਏ..
ਕੋਲ ਬੈਠੇ ਐਸ.ਡੀ.ਐੱਮ ਸ੍ਰ ਕੁਲਵੰਤ ਸਿੰਘ ਵੱਲ ਇਸ਼ਾਰਾ ਕਰਦੇ ਹੋਏ ਆਖਣ ਲੱਗੇ ਕੇ ਬੱਚਿਓ ਆਪਣੇ ਨਿਸ਼ਾਨੇ ਉਚੇ ਰੱਖੋ..ਤੇਤੀ ਪ੍ਰਤੀਸ਼ਤ ਲੈ ਕੇ ਪਾਸ ਹੋਣ ਵਾਲਾ ਬੁਰਾ ਨਹੀਂ ਹੁੰਦਾ ਪਰ ਜੇ ਉਹ ਲਗਾਤਾਰ ਤੇਤੀਆਂ ਤੇ ਹੀ ਰਹਿੰਦਾ ਤਾਂ ਉਹ ਸਵੈ-ਪੜਚੋਲ ਜਰੂਰ ਕਰੇ..!
ਬਾਪੂ ਹੁਰੀਂ ਵੀ ਓਥੇ ਹੀ ਬੈਠੇ ਸਨ..ਘਰੇ ਆ ਕੇ ਪੁੱਛਣ ਲੱਗੇ ਤੈਨੂੰ ਪਤਾ “ਸਵੈ-ਪੜਚੋਲ” ਕੀ ਹੁੰਦੀ?..ਆਖਿਆ ਨਹੀਂ ਪਤਾ!
ਆਖਣ ਲੱਗੇ ਪੁੱਤਰਾ ਨਾ ਮੈਂ ਕਦੀ ਨਕਲ ਮਰਵਾਉਣ ਜਾਣਾ..
ਨਾ ਕਿਸੇ ਰਿਸ਼ਤੇਦਾਰ ਦੀ ਸਿਫਾਰਿਸ਼ ਹੀ ਪਵਾਉਣੀ..ਤੇ ਨਾ ਹੀ ਨੌਕਰੀ ਵਾਸਤੇ ਰਿਸ਼ਵਤ ਹੀ ਦੇਣੀ ਏ..ਜੋ ਕੁਝ ਵੀ ਕਰਨਾ ਏ ਆਪਣੇ ਸਿਰ ਤੇ ਹੀ ਕਰਨਾ ਪੈਣਾ!
ਓਹਨੀ ਦਿੰਨੀ ਬੇਰਿੰਗ ਕਾਲਜ ਦੇ ਗਰਾਉਂਡ ਵਿਚ ਸ਼ਾਮਾਂ ਵੇਲੇ ਹਮੇਸ਼ਾਂ ਰੌਣਕਾਂ ਲੱਗੀਆਂ ਰਹਿੰਦੀਆਂ ਸਨ..
ਇੱਕ ਘਟਨਾ ਸਾਂਝੀ ਕਰਨੀ ਲੋਚਦਾ ਹਾਂ
400 ਮੀਟਰ ਹਰਡਲਸ ਵੇਲੇ ਇੱਕ ਨਿੱਕੇ ਕਦ ਦੇ ਐਥਲੀਟ ਕੋਲੋਂ ਇੱਕ “ਬਾਰ” ਨਾ ਟੱਪੀ ਜਾਇਆ ਕਰੇ..
ਆਪਣੇ ਕੋਚ ਕੋਲ ਗਿਆ..ਅਖੇ ਜੀ ਥੋੜਾ ਨੀਵਾਂ ਕਰ ਦਿਓ..ਇਸਤੋਂ ਅੜ੍ਹ ਕੇ ਡਿੱਗ ਜਾਂਦਾ ਹਾਂ..ਸੱਟ ਵੀ ਲੱਗਦੀ ਏ..!
ਕੋਚ ਆਖਣ ਲੱਗਾ ਕੇ ਹਾਈਟ ਤੇ ਉੱਨੀ ਹੀ ਰਹੂ..ਸੱਟਾਂ ਭਾਵੇਂ ਜਿੰਨੀਆਂ ਮਰਜੀ ਲੱਗੀ ਜਾਣ..ਜਦੋਂ ਪੀੜ ਹੋਵੇਗੀ ਤਾਂ ਅੰਦਰੋਂ ਹਲੂਣਾ ਵਜੇਗਾ ਤੇ ਇਹ ਆਪਣੇ ਆਪ ਹੀ ਟੱਪ ਹੋ ਜਾਵੇਗੀ..ਨਹੀਂ ਤੇ ਪ੍ਰੈਕਟਿਸ ਛੱਡ ਦੇ..!
ਅਗਲੇ ਦਿਨ ਹੀ ਉਸਦੇ ਸਾਰੇ ਮਸਲੇ ਹੱਲ ਹੋ ਗਏ..!
ਅੱਜ ਖਬਰ ਆਈ ਪਾਸ ਪ੍ਰਤੀਸ਼ਤ ਤੇਤੀ ਤੋਂ ਘਟਾ ਕੇ ਵੀਹ ਕਰ ਦਿੱਤੀ..ਕੱਖੋਂ ਹੌਲੇ ਕਰ ਦਿੱਤੇ ਪੰਜਾਬ ਦੇ ਕਫ਼ਨ ਵਿਚ ਇੱਕ ਹੋਰ ਕਿਲ ਠੋਕ ਦਿੱਤਾ..
ਹੁਣ ਨਤੀਜਾ ਦਰ ਅੱਗੇ ਨਾਲੋਂ ਬੇਹਤਰ ਹੋਵੇਗੀ..ਵੱਡੇ ਵੱਡੇ ਦਮਗਜੇ ਮਾਰ ਛਾਤੀਆਂ ਫੂਲਾ ਕੇ ਵੋਟਾਂ ਮੰਗੀਆਂ ਜਾਣਗੀਆਂ..ਸੌਖਿਆਂ ਹੀ ਡਿਗਰੀਆਂ ਡਿਪਲੋਮੇ ਲੈ ਉਹ ਇਹਨਾਂ ਤੋਂ ਨੌਕਰੀਆਂ ਮੰਗਣਗੇ ਤੇ ਫੇਰ ਓਹਨਾ ਨੂੰ ਸਿਆਸੀ ਭੱਠੀ ਵਿਚ ਝੋਕ ਉਸਦੀ ਅੱਗ ਸੇਕੀ ਜਾਇਆ ਕਰੇਗੀ
ਅਜੇ ਕੱਲ ਦੀਆਂ ਗੱਲਾਂ ਨੇ..
ਅਮ੍ਰਿਤਸਰ ਪੰਜਾਬ ਦਾ ਦਰਦ ਰੱਖਣ ਵਾਲੇ ਇੱਕ ਬਜ਼ੁਰਗ ਆਖਿਆ ਕਰਦੇ ਸਨ ਕੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਜੁਆਨੀ ਨੂੰ ਆਪਣੇ ਮੂੰਹ ਵਿਚ ਬੁਰਕੀ ਪਾਉਣੀ ਵੀ ਔਖੀ ਲੱਗਿਆ ਕਰਨੀ ਏ..ਵਾਕਿਆ ਹੀ ਸਾਰਾ ਕੁਝ ਸਾਮਣੇ ਹੈ..
ਦੋ ਹਜਾਰ ਸੱਤ-ਅੱਠ ਵਿਚ ਜਮੀਨ ਦੀ ਕੀਮਤ ਨੇ ਵੱਡਾ ਉਛਾਲਾ ਖਾਦਾ..
ਮੱਸੇ ਰੰਗੜ ਦਾ ਸਿਰ ਵੱਢਣ ਵਾਲੇ ਭਾਈ ਮਹਿਤਾਬ ਸਿੰਘ ਦੇ ਜੱਦੀ ਪਿੰਡ ਮੀਰਾਂਕੋਟ ਦੇ ਆਸ ਪਾਸ ਜਮੀਨ ਸੋਨੇ ਦੇ ਭਾਅ ਵਿਕਣ ਲੱਗੀ..
ਕੋਲ ਹੀ ਏਅਰਪੋਰਟ ਹੋਣ ਕਰਕੇ ਦਿੱਲੀਓਂ ਹੋਟਲ ਬਣਾਉਣ ਵਾਲਿਆਂ ਲੱਖਾਂ ਵਾਲੀ ਕਰੋੜਾਂ ਵਿਚ ਚੁੱਕ ਲਈ..
ਸਾਈਕਲ ਤੇ ਦੁੱਧ ਢੋਣ ਵਾਲੇ ਰਾਤੋ ਰਾਤ ਪਜੇਰੋ ਅਤੇ ਹੋਰ ਮਹਿੰਗੀਆਂ ਗੱਡਿਆਂ ਦੀ ਮਾਲਕ ਬਣ ਬੈਠੇ..
ਚਾਰ ਦਿਨ ਦੀ ਚਾਨਣੀ ਮੁੜ ਹਨੇਰੀ ਰਾਤ..ਹੁਣ ਅਗਲੀ ਪੀੜੀ ਆਪਣੇ ਪੁਰਖਿਆਂ ਦੀਆਂ ਜਮੀਨਾਂ ਤੇ ਬਣੇ ਹੋਟਲਾਂ ਦੇ ਆਦਮ ਕਦ ਗੇਟਾਂ ਅੱਗੇ ਦਰਬਾਨ ਬਣ ਆਏ ਗਏ ਨੂੰ ਸਲੂਟ ਮਾਰਦੀ ਏ..
ਚੁਰਾਸੀ ਮਗਰੋਂ ਦੇ ਕਾਲੇ ਦੌਰ..ਬਾਰਾਂ ਸਾਲਾਂ ਵਿਚ ਪੰਜਾਬ ਸਿਰ 35 ਹਜਾਰ ਕਰੋੜ ਦਾ ਕਰਜਾ ਤੇ ਮਗਰੋਂ ਅਮਨ ਅਮਾਨ ਵਾਲੇ ਚਿੱਟੇ ਦੌਰ ਵਿਚ ਉਸ ਪੈਂਤੀ ਹਜਾਰ ਕਰੋੜ ਨੂੰ ਦੋ ਲੱਖ ਪੰਜਤਾਲੀ ਹਜਾਰ ਕਰੋੜ ਤੱਕ ਜਾ ਅਪੜਾਇਆ..
ਨਾ ਝੋਨੇ ਕਣਕ ਵਾਲੇ ਫਸਲੀ ਚੱਕਰ ਵਿਚੋਂ ਹੀ ਨਿਕਲ ਸਕੇ ਤੇ ਨਾ ਚਿੱਟੀਆਂ ਨੀਲੀਆਂ ਪੱਗਾਂ ਤੋਂ ਹੀ ਖਹਿੜਾ ਛੁੱਟਿਆ..!
ਅੱਜ ਹਾਲਾਤ ਇਹ ਬਣਾ ਦਿਤੇ ਗਏ ਨੇ ਕੇ ਦਿੱਲੀ ਪਹਿਲੋਂ ਨੱਕ ਨਾਲ ਲਕੀਰਾਂ ਕਢਵਾਉਂਦੀ ਏ ਤੇ ਮਗਰੋਂ ਬੇਇੱਜਤ ਕਰ ਢੂਈ ਤੇ ਲੱਤ ਮਾਰ ਬਾਹਰ ਕੱਢ ਦਿੰਦੀ ਏ..ਕਿਸੇ ਮਾਈ ਦੇ ਲਾਲ ਵਿਚ ਏਨੀ ਹਿੰਮਤ ਨੀ ਕੇ ਅੱਗੋਂ ਚੂੰ ਵੀ ਕਰ ਜਾਵੇ..
“ਸਾਨੂੰ ਜੰਗ ਨਵੀਂ ਪੇਸ਼ ਹੋਈ..
ਸਾਡਾ ਸਾਰਾ ਪਾਣੀ ਲੁੱਟ ਕੇ ਤੇਰੀ ਦਿੱਲੀ ਦਰਵੇਸ਼ ਹੋਈ”
ਦੱਸਦੇ ਸਤਾਸੀ ਅਠਾਸੀ ਦੇ ਦੌਰ ਵਿਚ..
ਮੁੰਡਿਆਂ ਦਾ ਇੱਕ ਗਰੁੱਪ ਸ੍ਰੀ ਹਰਗੋਬਿੰਦ ਪੁਰ ਲਾਗੇ ਇੱਕ ਫਾਰਮ ਹਾਊਸ ਤੇ ਰੋਟੀ ਖਾਣ ਗਿਆ..
ਘਰ ਵਿਚ ਦੋ ਜਵਾਨ ਧੀਆਂ ਵੇਖ ਏਨੀ ਗੱਲ ਆਖ ਬਿਨਾ ਰੋਟੀ ਖਾਦਿਆਂ ਹੀ ਬਾਹਰ ਨੂੰ ਤੁਰ ਪਏ ਕੇ ਬਾਪੂ ਜੇ ਕਿਸੇ ਨੇ ਮੂੰਹ ਮਾਰ ਦਿੱਤਾ ਤਾਂ ਤੇਰੀਆਂ ਧੀਆਂ ਚੁੱਕ ਲੈਣਗੇ..ਬੇਪਤੀ ਕਰਨਗੇ..ਰੋਟੀ ਅਸੀਂ ਕਿਧਰੋਂ ਹੋਰ ਥਾਓਂ ਖਾ ਲਵਾਂਗੇ..!
ਅਗਲੇ ਦਿਨ ਵਾਕਿਆ ਹੀ ਸਾਰੇ ਟੱਬਰ ਨੂੰ ਚੁੱਕ ਬਟਾਲੇ ਲੈ ਆਂਦਾ..
ਪੁੱਛਗਿੱਛ ਸ਼ੁਰੂ ਹੋ ਗਈ..ਦੱਖਣ ਵਾਲੇ ਪਾਸਿਓਂ ਪੰਜਾਬ ਆਇਆ ਇੱਕ ਐੱਸ.ਪੀ ਪੁੱਛਣ ਲੱਗਾ “ਬਾਪੂ ਮੁੰਡੀਓਂ ਕੋ ਰੋਟੀ ਖਿਲਾਈ ਥੀ..
ਕਹਿੰਦਾ ਬਣਾਈ ਜਰੂਰ ਸੀ..ਪਰ ਪੱਕੀ ਪਕਾਈ ਛੱਡ ਗਏ..!
ਜਦੋਂ ਵਜਾ ਪਤਾ ਲੱਗੀ ਤਾਂ ਕੋਲ ਖਲੋਤੇ ਪੰਜਾਬੀ ਥਾਣੇਦਾਰ ਨੂੰ ਪੁੱਛਣ ਲੱਗਾ..ਉਮਰ ਕਿਤਨੀ ਹੋਗੀ ਉਸ ਗਰੁੱਪ ਕੇ ਲੀਡਰ ਕੀ?
ਕਹਿੰਦਾ ਜਨਾਬ ਹੋਵੇਗੀ ਕੋਈ ਸਤਾਰਾਂ ਅਠਾਰਾਂ ਸਾਲ..
ਸੋਚੀ ਪੈ ਗਿਆ..ਆਖਣ ਲੱਗਾ ਅਗਰ ਇਤਨੀ ਚੜਤੀ ਉਮਰ ਮੇਂ ਇਤਨਾ ਕੰਟਰੋਲ ਹੈ ਤੋ ਫੇਰ ਤੋ ਕਭੀ ਭੀ ਨਹੀਂ ਖਤਮ ਹੋ ਸਕਤੇ..ਅੱਜ ਕੇ ਬਾਅਦ ਇਨਕੇ ਸਰੀਰੋਂ ਕੋ ਨਹੀਂ ਇਨਕੇ ਕਿਰਦਾਰੋਂ ਕੋ ਨਿਸ਼ਾਨਾ ਬਣਾਈਏ..!
ਇਹ ਗੱਲ ਮਨਘੜਤ ਨਹੀਂ ਸਗੋਂ ਓਸੇ ਥਾਣੇਦਾਰ ਨੇ ਹੀ ਸੁਣਾਈ ਏ..
ਦੋਸਤੋ ਉਸ ਵੇਲੇ ਤੋਂ ਸ਼ੁਰੂ ਹੋਈ ਕਿਰਦਾਰ ਕੁਸ਼ੀ ਅਜੇ ਤੱਕ ਜਾਰੀ ਏ..
ਤੇ ਇਸ ਕਿਰਦਾਰ ਕੁਸ਼ੀ ਵਾਲੀ ਕੁਲਹਾੜੀ ਦੇ ਦਸਤੇ ਵੀ ਆਪਣੇ ਜੰਗਲ ਦੇ ਲੋਕ ਹੀ ਬਣ ਰਹੇ ਨੇ..!
ਹਰਪ੍ਰੀਤ ਸਿੰਘ ਜਵੰਦਾ
ਗੁਰਨਾਮ ਸਮੇਂ ਤੋਂ ਬਾਅਦ ਖੇਤ ਗਿਆ ਸੀ ਕਿਉਂਕਿ ਮੁੰਡਿਆਂ ਨੇ ਕਈ ਸਾਲ ਪਹਿਲਾਂ ਉਸ ਨੂੰ ਖੇਤੀ ਤੋਂ ਵਿਹਲਾ ਕਰ ਦਿੱਤਾ ਸੀ ।ਬੀਜ ਬਿਜਾਈ ਵੇਚਣਾ ਵਟਣਾ ਸਭ ਉਨ੍ਹਾਂ ਦੇ ਹੱਥ ਵਿਚ ਸੀ।ਗੁਰਨਾਮ ਤਾ ਸਵੇਰੇ ਗੁਰਦੁਆਰੇ ,ਦੁਪਿਹਰੇ ਤਾਸ ਅਤੇ ਸ਼ਾਮ ਨੂੰ ਪੋਤੇ ਪੋਤੀਆਂ ਨਾਲ ਰੁਝਿਆ ਰਹਿੰਦਾ ਸੀ।
ਇਸ ਵਾਰੀ ਛੋਟਾ ਮੁੰਡਾ ਥੋੜ੍ਹਾ ਜ਼ਿਆਦਾ ਬਿਮਾਰ ਹੋ ਗਿਆ ਸੀ ।ਕਣਕ ਦੀ ਬਿਜਾਈ ਵੀ ਜ਼ਰੂਰੀ ਸੀ। ਉਨ੍ਹਾਂ ਨੂੰ ਮਜਦੂਰ ਲੈ ਕੇ ਜਾਣਾ ਮਹਿੰਗਾ ਪੈਂਦਾ ਸੀ ਕਿਉਂਕਿ ਘਰ ਦੀ ਆਰਥਿਕਤਾ ਪਿਛਲੇ ਸਮੇਂ ਵਿੱਚ ਡਾਵਾਂਡੋਲ ਹੋ ਗਈ ਸੀ। ਖੇਤੀ ਵਿੱਚੋਂ ਹੁਣ ਕੁਝ ਬਚਦਾ ਹੀ ਨਹੀਂ ਸੀ ।
ਮੁੰਡੇ ਨੇ ਕਿਹਾ,” ਭਾਪਾ ਅੱਜ ਤੂੰ ਮੇਰੇ ਨਾਲ ਚੱਲੀਂ ਬਿਜਾਈ ਕਰਾਂਗੇ,ਤੂੰ ਮਸ਼ੀਨ ਦੇ ਪਿੱਛੇ ਦੇਖਦਾ ਰਹੀ ਅਜਿਹਾ ਨਾ ਹੋਵੇ ਕੋਈ ਪੋਰ ਬੰਦ ਹੋ ਜਾਵੇ ।”
ਦੋਵੇਂ ਖ਼ੇਤ ਜਾ ਪੁੱਜੇ ਸਨ ।ਮੁੰਡੇ ਨੇ ਬੀਜ ਵਾਲੇ ਗੱਟੇ ਵਿੱਚੋਂ ਕਣਕ ਮਸ਼ੀਨ ਵਿੱਚ ਪਾ ਲਈ ਤੇ ਟਰੈਕਟਰ ਤੇ ਜਾ ਬੈਠਾ ।ਗੁਰਨਾਮ ਨੇ ਪੁਰਾਣੇ ਸਮਿਆਂ ਵਾਗੂ ਆਪਣੇ ਜੋੜੇ ਉਤਾਰੇ ਪਰਨਾ ਠੀਕ ਕੀਤਾ ਤੇ ਆਪਣੇ ਬਾਪੂ ਤੋ ਸਿੱਖਿਆ ਬਿਜਾਈ ਦਾ ਮੰਗਲਾਚਰਨ ਹੱਥ ਜੋੜ ਕੇ ਬੋਲਣਾ ਸੁਰੂ ਕੀਤਾ ,”ਹਾਲੀ ਪਾਲੀ ਦੇ ਭਾਗੀ,ਰਾਹੀਂ ਪਾਂਧੀ ਦੇ ਭਾਗੀ,ਗਰੀਬ ਗੁਰਬੇ ਦੇ ਭਾਗੀ,ਚਿੜੀ ਜਨੌਰ ਦੇ ਭਾਗੀ..,”
ਬੋਲ ਹਾਲੇ ਉਸ ਦੇ ਮੂੰਹ ਵਿੱਚ ਹੀ ਸਨ ਕਿ ਮੁੰਡਾ ਟਰੈਕਟਰ ਉੱਤੋਂ ਬੈਠਿਆ ਖਿਝਿਆ ਤੇ ਬੋਲਿਆ ,”ਉਹ ਛੱਡ ਭਾਪਾ ਰਹਿਣ ਦੇ ਇਸਨੂੰ, ਨਾ ਹੁਣ ਕੋਈ ਹਾਲੀ ਪਾਲੀ ਹੈ ਤੇ ਨਾ ਹੀ ਇੱਥੇ ਕੋਈ ਜਾਨਵਰ ਜਨੌਰ ਬਚਿਆ ,ਜੇ ਤੂੰ ਅਰਦਾਸ ਹੀ ਕਰਨੀ ਹੈ ਤਾਂ ਇਹ ਕਰ ਕਿ ਪ੍ਰਮਾਤਮਾ ਸਾਡੇ ਖਾਣ ਜੋਗੀ ਜ਼ਰੂਰ ਬਚ ਜਾਵੇ ,ਕਿਉਂਕਿ ਆਪਣੇ ਸਿਰ ਕਰਜਾ ਹੀ ਏਨਾ ਹੈ ਮੈਨੂੰ ਤਾਂ ਲੱਗਦੈ ਆਪਾਂ ਇਹ ਫ਼ਸਲ ਆੜ੍ਹਤੀਏ ਲਈ ਹੀ ਬੀਜ ਰਹੇ ਹੋਈਏ,”ਇਹ ਸੁਣ ਉਸ ਦੇ ਮੰਗਲਾਚਰਨ ਲਈ ਜੁੜੇ ਹੱਥ ਆਪਣੇ ਆਪ ਹੇਠਾਂ ਡਿੱਗ ਪਏ।
ਭੁਪਿੰਦਰ ਸਿੰਘ ਮਾਨ