Sub Categories
ਕੈਨੇਡਾ ਦੀਆਂ ਗਰਮੀਆਂ ਦਾ ਮੌਸਮ, ਰੇਸ਼ਮੀ ਜਿਹੀ ਧੁੱਪ,ਸਰਦਾਰ ਹਰਿੰਦਰ ਸਿੰਘ ਕੰਜ਼ਰਵਟਰੀ ਚ ਬੈਠਾ ਧੁੱਪ ਦਾ ਆਨੰਦ ਮਾਣ ਰਿਹਾ ਸੀ , ਸਿਰ ਤੇ ਸੋਹਣੀ ਜਿਹੀ ਫਿੱਕੀ ਪੀਲੀ ਗੋਲ ਦਸਤਾਰ , ਦੁੱਧ ਚਿੱਟਾ ਦਾਹੜਾ ਤੇ ਦਗ ਦਗ ਕਰਦਾ ਨੂਰਾਨੀ ਚਿਹਰਾ , ਉਮਰ ਦੇ ਅੱਠ ਦਹਾਕੇ ਬੀਤ ਜਾਣ ਤੇ ਵੀ ਸੋਹਣੀ ਸਿਹਤ , ਸੋਹਣੇ ਤੇ ਸਾਫ ਸੁਥਰੇ ਲਿਬਾਸ ਵਿੱਚ ਬੈਠਾ ਪਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਸੀ । ਦੋਵੇਂ ਪੁੱਤਰ ਕੰਮਾਂ ਕਾਰਾਂ ਵਿੱਚ ਸੈੱਟ ਸਨ ਪੋਤਰੇ ਪੋਤਰੀਆਂ ਚੰਗੀ ਪੜ੍ਹਾਈ ਕਰਕੇ ਉਡਾਰੂ ਹੋ ਗਏ ਨੇ , ਲਾਡਲੀ ਬੇਟੀ ਵੀ ਬਾਹਰ ਈ ਏ, ਆਪਣੇ ਪਰਿਵਾਰ ਵਿੱਚ ਸੁੱਖੀਂ ਵੱਸਦੀ ਰੱਸਦੀ।
ਉਹ ਬੈਠਾ ਬੈਠਾ ਇੱਕ ਫਕੀਰ ਸਾਈਂ ਦਾ ਬਿਰਤਾਂਤ ਪੜ੍ਹ ਰਿਹਾ ਸੀ ,ਜਦੋਂ ਇੱਕ ਵੇਸਵਾ ਨੇ ਉਸ ਸਾਂਈਂ ਨੂੰ ਸਵਾਲ ਕੀਤਾ ਸੀ ਕਿ ਮੇਰੇ ਕੁੱਤੇ ਦੀ ਪੂਛ ਵੀ ਚਿੱਟੀ ਏ ਤੇ ਤੇਰੀ ਦਾਹੜੀ ਵੀ ਚਿੱਟੀ ,ਫਰਕ ਕੀ ਹੋਇਆ , ਚੰਗੀ ਕੌਣ ਹੋਈ, ਪੂਛ ਕੇ ਦਾਹੜੀ ?
ਤਾਂ ਸਾਈਂ ਨੇ ਜਵਾਬ ਦਿੱਤਾ ਕਿ ਇਸ ਗੱਲ ਦਾ ਜਵਾਬ ਮੈ ਠਹਿਰ ਕੇ ਦਿਆਂਗਾ ।
ਤੇ ਆਖਰ ਜਵਾਬ ਓਸ ਦਿਨ ਦਿੱਤਾ , ਜਦੋਂ ਫਕੀਰ ਦਾ ਅੰਤ ਵੇਲਾ ਆ ਗਿਆ ।ਫਕੀਰ ਨੇ ਕਿਹਾ ਕਿ ਮੈਂ ਅੱਜ ਇਹ ਗੱਲ ਦਾਅਵੇ ਨਾਲ ਕਹਿ ਸਕਦਾਂ ਕਿ ਮੇਰੀ ਦਾਹੜੀ ਤੇਰੇ ਕੁੱਤੇ ਦੀ ਪੂਛ ਨਾਲ਼ੋਂ ਬਿਹਤਰ ਏ, ਮੈ ਜਿਉਂਦੇ ਜੀਅ ਇਸਦੀ ਪਾਕੀਜਗੀ ਨੂੰ ਦਾਗ ਨਹੀ ਲੱਗਣ ਦਿੱਤਾ ।ਅਗਰ ਕਿਤੇ ਡੋਲ ਜਾਂਦਾ ਤਾਂ ਕੋਈ ਫਰਕ ਨਹੀ ਸੀ ਰਹਿਣਾ ।
ਤੇ ਉਹ ਬੈਠਾ ਬੈਠਾ ਪਹੁੰਚ ਗਿਆ 92/93 ਦੇ ਉਸ ਵਕਤ ਵਿੱਚ , ਜਦੋਂ ਉਹ ਪੁਲੀਸ ਵਿੱਚ ਇੰਸਪੈਕਟਰ ਦੇ ਰੈਂਕ ਤੇ ਸਰਹੱਦੀ ਜਿਲੇ ਦੇ ਸਰਹੱਦੀ ਥਾਣੇ ਵਿੱਚ ਮੁੱਖ ਅਫਸਰ ਤਾਇਨਾਤ ਸੀ । ਅੱਗ ਵਰ੍ਹਦੀ ਸੀ ਹਰ ਪਾਸੇ , ਕਿਤੇ ਮੁਕਾਬਲਾ , ਕਿਤੇ ਫਿਰੌਤੀਆਂ ਤੇ ਕਿਤੇ ਤਸ਼ੱਦਦ ਦਾ ਦੌਰ ,ਪਰ ਉਹਦਾ ਪ੍ਰਭਾਵ ਈ ਅਜਿਹਾ ਸੀ ਕਿ ਉਹਦੇ ਇਲਾਕੇ ਵਿੱਚ ਕੋਈ ਵਾਰਦਾਤ ਈ ਨਹੀ ਸੀ ਹੋ ਰਹੀ, ਬਾਬਾ ਕਹਿੰਦੇ ਸਨ ਸਾਰੇ ਮਹਿਕਮੇ ਵਿੱਚ ਲੋਕ ਉਹਨੂੰ , ਤੇ ਸਹਿਜੇ ਸਹਿਜੇ ਲੋਕ ਵੀ ਬਾਬਾ ਈ ਕਹਿਣ ਲੱਗ ਪਏ । ਸਿਪਾਹੀ ਤੋਂ ਇੰਸਪੈਕਟਰ ਪਦ ਤੇ ਪਹੁੰਚਦਿਆਂ ਲੱਗਦੀ ਵਾਹ ਇਮਾਨਦਾਰੀ ਦਾ ਦਾਮਨ ਨਹੀ ਸੀ ਛੱਡਿਆ ਓਹਨੇ , ਕਈ ਵਾਰ ਅਵਾਰਡ ਵੀ ਮਿਲੇ ਸਨ ਸਰਵਿਸ ਦੌਰਾਨ ।ਉਹ ਚੜ੍ਹਦੀ ਉਮਰੇ ਈ ਨਿੱਤ-ਨੇਮ ਦਾ ਪੱਕਾ ਧਾਰਨੀ ਬਣ ਗਿਆ ਸੀ ਜੋ ਸਰਵਿਸ ਦੇ ਅਖੀਰਲੇ ਸਾਲਾਂ ਵਿੱਚ ਵੀ ਹੋਰ ਪਰਿਪੱਕਤਾ ਨਾਲ ਨਿਭਾਅ ਰਿਹਾ ਸੀ । ਪਰ ਹਾਲਾਤ ਬਦਲ ਗਏ ਸਨ , ਜਿਵੇਂ ਜੰਗ ਲੱਗ ਗਈ ਹੋਵੇ , ਅਣ ਐਲਾਨੀ। ਤੇ ਉਹ ਵੀ ਆਪਣਿਆਂ ਦਰਮਿਆਨ । ਉਹਨਾਂ ਈ ਘਰਾਂ ਚੋ ਮੁੰਡੇ ਪੁਲੀਸ ਚ ਭਰਤੀ ਹੋ ਰਹੇ ਸਨ ਤੇ ਉਹਨਾਂ ਵਰਗੇ ਕੁਝ ਹੋਰ ਖਾੜਕੂ ਬਣ ਘਰਾਂ ਤੋਂ ਤੁਰ ਗਏ ਸਨ । ਰੁੱਖਾਂ ਤੇ ਆਸ਼ੀਆਨੇ ਬਣਾ ਕੇ ਰੈਣ ਬਸੇਰਾ ਕਰਨ ਵਾਲੇ ਪਰਿੰਦੇ ਵੀ ਤ੍ਰਾਹ ਕੇ ਜਿੱਧਰ ਮੂੰਹ ਹੁੰਦਾ , ਉੱਡ ਜਾਂਦੇ, ਜਦ ਅੱਧੀ ਰਾਤ ਨੂੰ ਤਾੜ੍ਹ ਤਾੜ੍ਹ ਗੋਲੀਂਆਂ ਵਰ੍ਹਨ ਲੱਗਦੀਆਂ ।
ਹਰਿੰਦਰ ਸਿੰਘ ਨੂੰ ਬੜਾ ਗਰੂਰ ਸੀ ਆਪਣੀ ਬੇਦਾਗ਼ ਸੇਵਾ ਤੇ, ਲਗਾਤਾਰ ਥਾਣਾ ਮੁਖੀ ਈ ਲੱਗਦਾ ਆ ਰਿਹਾ ਸੀ ਉਹ , ਜਦ ਤੋ ਸਬ ਇੰਸਪੈਕਟਰ ਬਣਿਆਂ ਸੀ । ਕਦੀ ਕਿਸੇ ਜ਼ਿਲ੍ਹਾ ਮੁਖੀ ਨੇ ਉਸਨੂੰ ਨਜ਼ਰ ਅੰਦਾਜ਼ ਨਹੀ ਸੀ ਕੀਤਾ । ਪਰ ਹੁਣ ਹਵਾ ਬਦਲ ਗਈ ਸੀ । ਇੱਕ ਪਾਸੇ ਸੱਥਰ ਵਿਛ ਰਹੇ ਸਨ ਜਦ ਕਿ ਦੂਜੇ ਪਾਸੇ ਨਵੇਂ ਭਰਤੀ ਹੋਏ ਕੁਝ ਛਲਾਰੂ ਤਰੱਕੀਆਂ ਹਾਸਲ ਕਰਨ ਲਈ ਖ਼ੂਨ ਵਿੱਚ ਹੱਥ ਰੰਗਣ ਲਈ ਤਿਆਰ ਸਨ ।
ਇਕਨਾਂ ਦੇ ਮਨ ਖੁਸ਼ੀਆਂ
ਗੋਸ਼ਤ ਖਾਵਾਂਗੇ ।
ਇਕਨਾਂ ਦੇ ਮਨ ਗ਼ਮੀਆਂ
ਜਹਾਨੋਂ ਜਾਵਾਂਗੇ ।
ਸੁੱਕੀ ਨਾਲ ਗਿੱਲੀ ਵੀ ਬਲਣ ਲੱਗੀ, ਜਾਇਜ਼ ਨਾਜਾਇਜ਼ ਇੱਕੋ ਰੱਸੇ ਬੱਝਣ ਲੱਗੇ । ਪਰ ਹਰਿੰਦਰ ਸਿੰਘ ਰੱਬ ਦੇ ਸ਼ੁਕਰਾਨੇ ਚ ਰਹਿ ਕੇ ਸੇਵਾ ਨਿਭਾ ਰਿਹਾ ਸੀ ਕਿ
ਤੂੰ ਆਪਣੀ ਸੰਭਾਲ਼ , ਤੈਨੂੰ ਕਿਸੇ ਨਾਲ ਕੀ ।
ਪਰ ਇਹ ਖੁਸ਼ਫਹਿਮੀ ਬਹੁਤੀ ਦੇਰ ਨਾ ਚੱਲ ਸਕੀ, ਨਵੇਂ ਆਏ ਜ਼ਿਲ੍ਹਾ ਮੁਖੀ ਨੇ ਸਾਰੇ ਥਾਣਾ ਮੁਖੀਆਂ ਦੀ ਮੀਟਿੰਗ ਸੱਦੀ ਤੇ ਧੜੱਲੇਦਾਰ ਲੜਾਈ ਲੜਨ ਲਈ ਵੰਗਾਰਿਆ , ਹਰਿੰਦਰ ਸਿੰਘ ਸਭ ਕੁਝ ਸੁਣਦਾ ਰਿਹਾ , ਪਰ ਹੈਰਾਨ ਹੋ ਗਿਆ ਜਦੋਂ ਹੁਕਮ ਮਿਲਿਆ ਕਿ ਪੁੱਛ-ਗਿੱਛ ਸੈਂਟਰ ਤੋਂ ਚਾਰ ਚਾਰ ਮੁੰਡੇ ਲੈ ਕੇ ਜਾਓ ਤੇ ਅਗਲੇ ਕੁਝ ਦਿਨਾਂ ਵਿੱਚ ਮੁਕਾਬਲੇ ਬਣਾ ਕੇ ਗੱਡੀ ਚੜ੍ਹਾ ਦਿਓ। ਹਰਿੰਦਰ ਸਿੰਘ ਆਦਰ ਸਹਿਤ ਖੜਾ ਹੋ ਗਿਆ ਕਿ ਇਹ ਕੰਮ ਉਸਤੋਂ ਨਹੀ ਹੋਣਾ, ਅਸਲ ਮੁਕਾਬਲਾ ਹੋਵੇ ਤਾਂ ਇੰਚ ਪਿੱਛੇ ਨਹੀ ਹਟਾਂਗਾ ਪਰ ਨਿਹੱਥੇ ਨੂੰ ਬੰਨ੍ਹ ਕੇ ਮਾਰਨਾ ਮੇਰੇ ਵੱਸ ਦਾ ਰੋਗ ਨਹੀਂ। ਭਾਵਕ ਹੋਏ ਹਰਿੰਦਰ ਸਿੰਹੁੰ ਨੇ ਭਾਈ ਘਨਈਆ ਦਾ ਹਵਾਲਾ ਦੇਣਾ ਚਾਹਿਆ ਪਰ ਹੰਕਾਰ ਦੇ ਘੋੜੇ ਤੇ ਸਵਾਰ ਜ਼ਿਲ੍ਹਾ ਮੁਖੀ ਨੇ ਟੋਕ ਦਿੱਤਾ,”ਠੀਕ ਆ , ਤੈਨੂੰ ਬਾਬਾ ਕਹਿੰਦੇ ਨੇ, ਪਰ ਮੈ ਤੇਰੇ ਉਪਦੇਸ਼ ਨਹੀ ਸੁਣਨਾ ਚਾਹੁੰਦਾ , ਹੰਨੇ ਜਾਂ ਬੰਨੇ !ਮੈਨੂੰ ਥਾਣੇਦਾਰਾਂ ਦਾ ਘਾਟਾ ਨਹੀਂ”
ਭਰੀ ਮੀਟਿੰਗ ਵਿੱਚ ਸੰਨਾਟਾ ਛਾ ਗਿਆ , ਪਰ ਹਰਿੰਦਰ ਸਿੰਘ ਅਡੋਲ ਰਿਹਾ,ਨਤੀਜੇ ਵਜੋਂ ,ਹਰਿੰਦਰ ਸਿੰਘ ਲਾਈਨ ਹਾਜ਼ਰ ਕਰ ਦਿੱਤਾ ਗਿਆ , ਪਰ ਸਿਤਮ ਦੀ ਗੱਲ ਇਹ ਹੋਈ ਕਿ ਉਸਦੀ ਯਗਾ ਮੁਖੀ ਲੱਗਣ ਵਾਲਾ ਥਾਣੇਦਾਰ ਇੱਕ ਚਾਰ ਸਾਲ ਦੀ ਸੇਵਾ ਵਾਲਾ ਸਿਪਾਹੀ ਸੀ, ਜਿਸਨੇ ਹਵਾਲਦਾਰੀ ਦਾ ਕੋਰਸ ਵੀ ਨਹੀ ਸੀ ਕੀਤਾ ਹਾਲੇ , ਮੂੰਹ ਐਸਾ ਲਹੂ ਲੱਗਾ , ਐਡਹਾਕ ਪ੍ਰਮੋਟ ਹੋ ਕੇ ਰੈਂਕ ਤੇ ਰੈੰਕ ਲੈਂਦਾ ਹੋਇਆ ਉਹ ਥਾਣਾ ਮੁਖੀ ਜਾ ਲੱਗਿਆ। ਅਗਲੇ ਦਿਨ ਅਖ਼ਬਾਰਾਂ ਲਾਲੋ ਲਾਲ ਸਨ, ਇੱਕ ਈ ਜਿਲੇ ਵਿੱਚ ਪੰਜ ਛੇ ਮੁਕਾਬਲੇ , ਪਰ ਹਰਿੰਦਰ ਸਿੰਘ ਇਸ ਸਭ ਕਾਸੇ ਤੋਂ ਦੂਰ , ਜ਼ਲਾਲਤ ਦੇ ਹੰਝੂ ਕੇਰ ਰਿਹਾ ਸੀ । ਮਨ ਉਚਾਟ ਹੋ ਗਿਆ ਉਹਦਾ ਇਸ ਨੌਕਰੀ ਤੋਂ, ਜਿਸਨੂੰ ਕਦੀ ਪਿਆਰ ਕਰਦਾ ਸੀ ਉਹ । ਮਨ ਲੱਗਣੋ ਹਟ ਗਿਆ ਨੌਕਰੀ ਵਿੱਚ ਉਹਦਾ, ਬਸ ਦਿਨ ਕਟੀ ਹੀ ਰਹਿ ਗਈ ।
ਫਿਰ ,ਕੁਝ ਵਕਤ ਪਾ ਕੇ , ਹਰਿੰਦਰ ਸਿੰਘ ਡੀ ਐਸ ਪੀ ਪਦ ਉੱਨਤ ਹੋ ਕੇ ਪੈਨਸ਼ਨ ਆ ਗਿਆ । ਬੇਟੇ ਜੋ ਪਹਿਲਾਂ ਈ ਕੈਨੇਡਾ ਜਾ ਚੁੱਕੇ ਸਨ , ਉਹਨਾਂ ਕੋਲ ਜਾ ਵੱਸਿਆ , ਤੇ ਬੱਸ ਓਥੇ ਦਾ ਈ ਹੋ ਕੇ ਰਹਿ ਗਿਆ , ਬਸ ਦੋ ਤਿੰਨ ਸਾਲ ਬਾਅਦ ਗੇੜਾ ਮਾਰਦਾ ਏ ਵਤਨਾਂ ਨੂੰ ।
ਹੁਣ ਸੋਸ਼ਲ ਮੀਡੀਆ ਦਾ ਯੁਗ ਏ, ਹਰ ਖ਼ਬਰ ਕੁਝ ਸੈਕਿੰਡ ਵਿੱਚ ਈ ਸਾਰੀ ਦੁਨੀਆਂ ਵਿੱਚ ਫੈਲ ਜਾਂਦੀ ਏ , ਏਥੋ ਈ ਅੱਜ ਉਹਨੂੰ ਪਤਾ ਲੱਗਾ ਕਿ ਓਹ ਕਮਾਦੀ ਥਾਣੇਦਾਰ ਜੋ ਉਹਦੀ ਯਗਾ ਮੁੱਖ ਅਫਸਰ ਲੱਗਿਆ ਸੀ ਓਸ ਵਕਤ , ਬਾਅਦ ਵਿੱਚ ਸੀ ਬੀ ਆਈ ਇਨਕੁਆਰੀਆਂ ਚ ਉਲਝ ਗਿਆ ਸੀ , ਨੀਮ ਪਾਗਲ ਹੋ ਕੇ ਆਤਮ ਹੱਤਿਆ ਕਰ ਗਿਆ ਏ।
ਸੋਚ ਕੇ ਉਹਨੂੰ ਆਪਣੀ ਓਸ ਵੇਲੇ ਵਿਖਾਈ ਜੁਅਰਤ ਤੇ ਮਾਣ ਮਹਿਸੂਸ ਹੋਇਆ ਕਿ ਪਾਪਾਂ ਦਾ ਭਾਗੀ ਨਾ ਬਣਨ ਕਰਕੇ ਅੱਜ ਕਿੰਨਾ ਸਕੂਨ ਏ ਓਹਦੀ ਜਿੰਦਗੀ ਚ ।
ਤੇ ਉਹ ਉੱਠਕੇ ਟਹਿਲਦਾ ਹੋਇਆ ਆਦਮਕੱਦ ਸ਼ੀਸ਼ੇ ਮੂਹਰੇ ਜਾ ਖਲੋਤਾ । ਆਪਣੀ ਸੋਹਣੀ ਚਿੱਟੀ ਦਾਹੜੀ ਵੇਖਕੇ ਖ਼ੁਦ ਤੇ ਰਸ਼ਕ ਜਿਹਾ ਹੋਇਆ, ਸ਼ੁਕਰਾਨੇ ਚ ਹੱਥ ਜੁੜ ਗਏ , ਬੁੱਲ੍ਹ ਫਰਕੇ ,”ਹੇ ਵਾਹਿਗੁਰੂ , ਤੇਰਾ ਲੱਖ ਸ਼ੁਕਰ ਏ, ਇਸ ਚਿੱਟੀ ਦਾਹੜੀ ਨੂੰ ਅੱਜ ਤੱਕ ਕੋਈ ਦਾਗ ਨਹੀ ਲੱਗਾ , ਜੋ ਮੈਨੂੰ ਅੰਤ ਵੇਲੇ ਸ਼ਰਮਿੰਦਾ ਕਰ ਸਕੇ , ਰਹਿੰਦੀ ਜਿੰਦਗੀ ਵੀ ਕਿਰਪਾ ਕਰੀਂ, ਇਹ ਪ੍ਰੀਤ ਓੜਕ ਨਿਭ ਜਾਵੇ “
ਹਲਕੇ ਬੱਦਲ਼ਾਂ ਵਿੱਚੋਂ ਛਣ ਕੇ ਆ ਰਹੀ ਧੁੱਪ ਉਸਦੇ ਚਿਹਰੇ ਨੂੰ ਨੂਰੋ ਨੂਰ ਕਰ ਰਹੀ ਸੀ ।
ਫਿਲਮ ‘ਰੱਬ ਦਾ ਰੇਡੀਓ’ ‘ਚ ਕੁੜੀ ਦੇ ਭਰਾ ਦਾ ਵਿਆਹ ਹੋ ਜਾਂਦਾ ਤੇ ਭਰਜਾਈ ਚੱਤੋਪੈਰ ਘੁੰਡ ਕੱਢੀ ਰੱਖਦੀ ਆ। ਨਨਾਣ ਨੂੰ ਖਿੱਚ ਰਹਿੰਦੀ ਕਿ ਕਿਸੇ ਲੋਟ ਭਰਜਾਈ ਦਾ ਮੂੰਹ ਵੇਖੇ ਤੇ ਓਹ ਕਿਆਸ ਲਾਓਂਦੀ ਆ ਕਿ ਭਾਬੀ ਕਿੰਨੀ ਕ ਸੁਨੱਖੀ ਹੋਣੀ ਆ।
ਅਸਲ ‘ਚ ਇਹ ਸਾਰੀ ਖੇਡ ਹੀ ਪਰਦੇ ਦੀ ਆ, ਪਰਦਾ ਹੀ ਖਿੱਚ ਦਾ ਕਾਰਨ ਹੁੰਦਾ। ਜਦੋਂ ਪਰਦਾ ਚੱਕਿਆ ਗਿਆ ਓਹਤੋਂ ਅੱਗੇ ਕੁਛ ਨਹੀਂ ਰਹਿੰਦਾ। ਸਾਰਾ ਕੁਛ ਜਾਣ ਲੈਣਾ ਹੀ ਬੜੀ ਵੱਡੀ ਬਿਮਾਰੀ ਆ।
ਨਿੱਕੇ ਹੁੰਦੇ ਤਾਂ ਪਿੰਡ ‘ਚ ਮਦਾਰੀ ਆਓਣਾ। ਓਹਨੇ ਖਾਲੀ ਟੋਕਰੇ ਉੱਤੇ ਚਾਦਰ ਵਿਛਾਕੇ ਮਾੜਾ ਮੋਟ ਟੂਣਾ ਮਾਨਾ ਕਰਕੇ ਟੋਕਰੇ ਹੇਠੋਂ ਸੂਟ, ਰੇਡੀਓ ਤੇ ਹੋਰ ਨਿੱਕ ਸੁੱਕ ਕੱਢ ਕੱਢ ਰੱਖ ਦੇਣਾ। ਪਿੰਡਾਂ ‘ਚ ਸਾਇਕਲ ਕਲਾਕਾਰ ਆਓਂਦੇ। ਗੋਲਘੁੰਡਲ ਵਾਹਕੇ ਦਸ ਦਸ ਦਿਨ ਦਿਨਪੁਰ ਰਾਤ ਸਾਇਕਲ ਚਲਾੳਂਦੇ। ਫੇਰ ਦਸਵੇਂ ਦਿਨ ਸਰਪੰਚ ਕੰਬਲ਼ ਖੇਸ ਦੇਕੇ ਓਹਨੂੰ ਸਾਈਕਲ ਤੋਂ ਲਾਹੁੰਦਾ। ਮਹੀਨਾ ਮਹੀਨਾ ਪਿੰਡ ‘ਚ ਇਨ੍ਹਾਂ ਦੀਆਂ ਗੱਲਾਂ ਹੁੰਦੀਆਂ। ਬੜਾ ਸਵਾਦ ਸੀ ਕਿਓਂਕਿ ਓਦੋਂ ਲੋਕ ਭੋਲੇ ਤੇ ਸਿਧ ਪਧਰੇ ਸੀ। ਤਰਕਾਂ ਤੋਂ ਦੂਰ ਰਹਿਕੇ ਅਨੰਦ ਮਾਣਦੇ ਸੀ।
ਨਿੱਕੇ ਹੁੰਦੇ ਬਠਿੰਡੇ ਜੰਬੋ ਸਰਕਸ ਦੇਖੀ ਤਾਂ ਰੱਸਿਆਂ ਤੇ ਲਮਕਦੇ ਝੂਟਦੇ ਬੰਦੇ ਦੇਖਕੇ ਬੜੇ ਹੈਰਾਨ ਹੁੰਦੇ। ਹੁਣ ਅੱਜ ਬਠਿੰਡੇ ਸਰਕਸ ਲੱਗੀ ਆ ਪਰ ਕਿਸੇ ਨੇ ਓਧਰ ਮੂੰਹ ਨਹੀਂ ਕੀਤਾ ਕਿਓਂਕਿ ਹੁਣ ਨੈੱਟ ਤੇ ਤਕੜੇ ਲੈਵਲ ਦੇ ਕਰਤੱਬ ਦੇਖਕੇ ਇਹ ਕੁਛ ਵੀ ਨਹੀਂ ਲੱਗਦੇ। ਪੂਰਾ ਹਫ਼ਤਾ ਉਡੀਕ ਕੇ ਐਤਵਾਰ ਨੂੰ ਆਥਣੇ ਚਿੱਟੇ ਕਾਲੇ ਟੀਵੀ ਤੇ ਭੁੰਜੇ ਚੌਕੜੀਆਂ ਮਾਰਕੇ ਚਾਰ ਵਜੇ ਦੇਖੀ ਫਿਲਮ ਦਾ ਸਵਾਦ ਵੱਖਰਾ ਸੀ ਬਸ਼ੱਕ ਹੁਣ ਨੈੱਟਫਲਿਕਸ, ਐਮਾਜੋਨ ਫਿਲਮਾਂ ਨਾਲ ਭਰੇ ਪਏ ਨੇ। ਜਦੋਂ ਖੰਡ ਨਵੀਂ ਨਵੀਂ ਜੀ ਚੱਲੀ ਆ ਓਦੋਂ ਪਿੰਡਾਂ ‘ਚ ਖ਼ਾਸ ਰਿਸ਼ਤੇਦਾਰ ਦੇ ਆਏ ਤੋਂ ਖੰਡ ਦੀ ਚਾਹ ਬਣਾਓਂਦੇ ਨਹੀਂ ਆਮ ਗੁੜ ਦੀ ਹੀ ਬਣਦੀ। ਬੀਚ੍ਹਰੇ ਜਵਾਕ ਨੂੰ ਬੁੜ੍ਹੀਆਂ ਚੂੰਡੀ ਖੰਡ ਦੇਕੇ ਬਰਿਆ ਲੈਂਦੀਆਂ। ਜਦੋਂ ਖੰਡ ਆਮ ਹੋਗੀ ਓਦੋਂ ਇਹ ਬਿਮਾਰੀ ਬਣਗੀ ਤੇ ਹੁਣ ਹਾਨੀਸਾਰ ਨੂੰ ਕਈ ਬੰਦੇ ਹੁਣ ਆਪੇ ਈ ਧੁੰਨੀ ਕੋਲ ਜ਼ਰਕ ਦਿਨੇ ਇੰਸੋਲਿਨ ਲਾ ਲੈਂਦੇ ਆ।
ਜਦੋਂ ਕੋਈ ਨਵੀਂ ਗੱਲ ਦੱਸਣ ਲੱਗਦਾ ਤਾਂ ਅਸੀਂ ਕਹਿ ਦਿੰਨੇ ਆ, ਇਹ ਤਾਂ ਪਤਾ ਈ ਆ। ਇਹ ਤਾਂ ਇਓਂ ਆਂ ਜਿਵੇਂ ਸੂਟਾਂ ਦੀ ਦੁਕਾਨ ਤੇ ਬੈਠੀ ਜਨਾਨੀ ਮੂਹਰੇ ਬਾਣੀਆ ਸੂਟਾਂ ਦੇ ਥਾਨ ਖੋਲ੍ਹ ਖੋਲ੍ਹ ਸੁੱਟੇ ਤੇ ਅੱਗੋਂ ਜਨਾਨੀ ਆਖੇ ਇਹ ਤਾਂ ਹੰਢਾ ਲਿਆ, ਹੋਰ ਦਿਖਾ।
ਸਿਧ ਪਧਰੇ ਰਹਿਕੇ ਜਿਓਣ ਦਾ ਸਵਾਦ ਵੱਖਰਾ। ਤਰਕਾਂ ਤੋਂ ਪਾਸੇ ਮੌਜ ‘ਚ ਰਹਿਣਾ ਵੀ ਕਲਾ। ਨੀਵੇਂ ਹੋਕੇ ਈ ਸਿੱਖਿਆ ਜਾਂਦਾ ਜਿਵੇਂ ਸਰਤਾਜ ਕਹਿੰਦਾ ‘ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ, ਨੀਵੇਂ ਰਹੀਏ….
ਲਿਖਤ- ਘੁੱਦਾ
ਬੰਦੇ ਨੂੂੰ ਆਖਿਰ ਕਿੰਨਾ ਕੁ ਪੈਸਾ ਚਾਹੀਦਾ ਹੈ?
#ਸਾਦੀਓ_ਮਾਨੇ ਫੁੱਟਬਾਲ ਦਾ ਸੰਸਾਰ ਪ੍ਰਸਿੱਧ ਖਿਡਾਰੀ ਹੈ। 27 ਸਾਲਾ ੲਿਸ ਖਿਡਾਰੀ ਦੀ ਕਮਾਈ ਨੂੰ ਭਾਰਤੀ ਰੁਪਈਆਂ ‘ਚ ਗਿਣਨਾ ਹੋਵੇ ਤਾਂ ੲਿਹ ਪ੍ਰਤੀ ਹਫਤਾ ਇੱਕ ਕਰੋੜ ਚਾਲੀ ਲੱਖ ਰੁਪਏ ਬਣਦੀ ਹੈ। ਉਹਨੂੰ ਅਕਸਰ ਟੁੱਟੇ ਹੋਏ ਮੋਬਾੲਿਲ ਨਾਲ ਦੇਖਿਆ ਜਾਂਦਾ ਹੈ।
ਇੱਕ ਇੰਟਰਵਿੳੂ ਵਿੱਚ ਜਦੋਂ ਉਹਦੇ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨੇ ਕਿਹਾ ਮੈਂ ਇਹਨੂੰ ਠੀਕ ਕਰਵਾ ਲਊਂਗਾ। ਜਦੋਂ ਉਸ ਤੋਂ ਇਹ ਪੁੱਛਿਆ ਗਿਆ ਕਿ ਨਵਾਂ ਕਿਉਂ ਨਹੀਂ ਲੈ ਲੈਂਦਾ? ਤਾਂ ਉਹਨੇ ਕਿਹਾ ਮੈਂ ਅਜਿਹੇ ਹਜ਼ਾਰਾਂ ਖਰੀਦ ਸਕਦਾ ਹਾਂ, 10 ਫਰਾਰੀਆਂ, 2 ਜੈੱਟ ਜਹਾਜ਼, ਹੀਰੇ ਦੀਅਾਂ ਘੜੀਆਂ ਵੀ ਖਰੀਦ ਸਕਦਾ ਹਾਂ। ਪਰ ਮੈਂ ਇਹ ਕਰਨੀਆਂ ਕੀ ਨੇ?
ਮੈਂ ਗਰੀਬੀ ਦੇਖੀ ਹੈ, ਮੈਂ ਪੜ੍ਹ ਨਹੀਂ ਸੀ ਸਕਿਆ ੲਿਸ ਕਰਕੇ ਮੈਂ ਸਕੂਲ ਬਣਵਾਏ ਨੇ ਤਾਂ ਕਿ ਲੋਕ ਪੜ੍ਹ ਸਕਣ। ਮੇਰੇ ਕੋਲ ਬੂਟ ਨਹੀਂ ਸੀ, ਮੈਂ ਬਿਨਾਂ ਬੂਟਾਂ ਤੋਂ ਖੇਡਦਾ ਸੀ। ਚੰਗੇ ਕੱਪੜੇ ਨਹੀਂ ਸੀ, ਖਾਣ ਨੂੰ ਨਹੀਂ ਸੀ। ਅੱਜ ਮੈਨੂੰ ਅੈਨਾ ਕੁੱਝ ਮਿਲਿਅੈ ਤਾਂ ਮੈਂ ਇਹਦਾ ਦਿਖਾਵਾ ਕਰਨ ਦੀ ਥਾਂ ਇਹਨੂੰ ਆਪਣੇ ਲੋਕਾਂ ਨਾਲ ਵੰਡਣਾ ਚਾਹੁਣਾ। ਸਾਦੀਓ ਮਾਨੇ ਸੈਨੇਗਲ (ਪੱਛਮੀ ਅਫਰੀਕਾ) ਤੋਂ ਹੈ ਅਤੇ ਆਪਣੇ ਦੇਸ਼ ਦੇ ਲੋਕਾਂ ਲਈ ਕਾਫੀ ਕੁੱਝ ਕਰ ਰਿਹਾ ਹੈ।
ਇਹ ਇੱਕ ਸਿੱਖਿਆ ਹੈ, ਇੱਕ ਪਾਠ ਹੈ, ਜਿਹੜਾ ਉਹਨੇ ਦੁਨੀਆਂ ਨੂੰ ਪੜ੍ਹਾੲਿਆ ਹੈ।
ਪੀ.ਆਰ ਮਿਲਣ ਮਗਰੋਂ ਰਿਸ਼ਤਿਆਂ ਦਾ ਹੜ ਜਿਹਾ ਆ ਗਿਆ..
ਸਮਝ ਨਾ ਆਵੇ ਕੇ ਇਹ ਸਾਰਾ ਕੁਝ ਮੇਰੇ ਸਧਾਰਨ ਜਿਹੇ ਵਜੂਦ ਕਰਕੇ ਹੋ ਰਿਹਾ ਕੇ ਮੇਰੀ ਪੀ ਆਰ ਦਾ ਮੁੱਲ ਪੈ ਰਿਹਾ ਸੀ!
ਜੀਵਨ ਸਾਥੀ ਦੀ ਚੋਣ ਲਈ ਆਪਣੇ ਵੱਲ ਕੀਤੀਆਂ ਗਈਆਂ ਕੁਝ ਕੂ ਨਿੱਜੀ ਪਹਿਲਕਦਮੀਆਂ ਇੱਕ ਪਾਸੇ ਰੱਖ ਮੈਂ ਸਾਰੀ ਗੱਲ ਆਪਣੇ ਭੂਆ ਫੁੱਫੜ ਜੀ ਤੇ ਸਿੱਟ ਦਿੱਤੀ..
ਡੈਡੀ ਜੀ ਦੇ ਜਾਣ ਮਗਰੋਂ ਦੋਹਾਂ ਦੀ ਸਾਡੇ ਘਰੇ ਬਹੁਤ ਚਲਿਆ ਕਰਦੀ ਸੀ..
ਮੇਰੀ ਮਾਂ ਨੇ ਵੀ ਹਾਮੀ ਭਰ ਦਿੱਤੀ!
ਓਦੋ ਵਿਆਹ ਵਾਲੇ ਕੇਸਾਂ ਦੀ ਫਾਈਲ ਕੰਢੇ ਲੱਗਣ ਵਿਚ ਡੇਢ ਕੂ ਵਰੇ ਲੱਗ ਜਾਇਆ ਕਰਦੇ!
ਦੋ ਜੋਬਾਂ ਕਰਕੇ ਮੈਨੂੰ ਮਸਾਂ ਪੰਜ ਕੂ ਘੰਟੇ ਦੀ ਨੀਂਦ ਨਸੀਬ ਹੋਇਆ ਕਰਦੀ..
ਕਈ ਵਾਰ ਕਾਹਲੀ ਕਰਦਿਆਂ ਮਰਨੋਂ ਮਸਾਂ ਬਚੀ..ਇੱਕ ਵਾਰ ਬਰਫ ਤੋਂ ਤਿਲਕੀ ਕਾਰ ਦੋ ਤਿੰਨ ਪਲਟੀਆਂ ਖਾ ਕੇ ਸਿਧੀ ਹੋ ਗਈ..!
ਆਉਣ ਵਾਲੀ ਮੇਰੀ ਜਿੰਦਗੀ ਦੇ ਕੁਝ ਟੀਚੇ ਸਨ..ਕੁਝ ਸੱਧਰਾਂ ਸਨ..
ਮੇਰੀਆਂ ਖਾਹਿਸ਼ਾਂ ਮੈਨੂੰ ਸੁਵੇਰੇ ਛੇਤੀ ਉਠਾ ਦਿਆ ਕਰਦੀਆਂ ਤੇ ਸੁਨਹਿਰੀ ਭਵਿੱਖ ਦੇ ਸੰਜੋਏ ਹੋਏ ਕਿੰਨੇ ਸਾਰੇ ਸੁਫ਼ਨੇ ਮੈਨੂੰ ਰਾਤੀਂ ਛੇਤੀ ਸੌਣ ਨਾ ਦਿੰਦੇ!
ਉਹ ਮੈਨੂੰ ਰੋਜ ਫੋਨ ਕਰਦਾ..ਆਖਦਾ ਤੂੰ ਮੇਰੇ ਸਾਹਾਂ ਦੀ ਲੜੀ ਏਂ..ਮੇਰੀ ਚੱਲਦੀ ਹੋਈ ਨਬਜ ਏ..ਮੇਰਾ ਵਜੂਦ ਏ..ਹੋਰ ਵੀ ਬਹੁਤ ਕੁਝ..ਏਨਾ ਕੁਝ ਸੁਣ ਮੇਰੀ ਸਾਰੀ ਥਕਾਨ ਲਹਿ ਜਾਇਆ ਕਰਦੀ..!
ਅਖੀਰ ਉਹ ਦਿਨ ਆਣ ਪਹੁੰਚਿਆ..
ਉਸਦੀ ਫਲਾਈਟ ਲੌਢੇ ਵੇਲੇ ਲੈਂਡ ਹੋਣੀ ਸੀ..ਰਹਿ ਰਹਿ ਕੇ ਸੁਰਿੰਦਰ ਕੌਰ ਦਾ ਗੀਤ ਕੰਨਾਂ ਵਿਚ ਗੂੰਜੀ ਜਾਵੇ..”ਲੌਢੇ ਵੇਲੇ ਮਾਹੀਏ ਆਉਣਾ ਮੰਨ ਪਕਾਵਾਂ ਕਣਕ ਦਾ..ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਖਣਕਦਾ”
ਫੇਰ ਛੇ ਮਹੀਨੇ ਪਤਾ ਹੀ ਨਾ ਲੱਗਾ ਕਿੱਦਾਂ ਤੇ ਕਦੋਂ ਨਿਕਲ ਗਏ..
ਉਸਦੀ ਫੁੱਲਾਂ ਦੀ ਨਾਜ਼ੁਕ ਵੇਲ ਵਾਂਙ ਰਾਖੀ ਕੀਤੀ..ਹਰ ਤੱਤੀ ਠੰਡੀ ਤੋਂ ਬਚਾ ਕੇ ਰਖਿਆ..
ਓਦੋਂ ਪ੍ਰੇਗਨੈਂਟ ਹੋਈ ਨੂੰ ਤਕਰੀਬਨ ਤਿੰਨ ਕੂ ਮਹੀਨੇ ਹੀ ਹੋਏ ਹੋਣੇ ਕੇ ਗਲਤੀ ਨਾਲ ਘਰੇ ਰਹਿ ਗਏ ਇਸਦੇ ਫੋਨ ਤੇ ਇੱਕ ਦਿਨ ਇੰਡੀਆ ਤੋਂ ਇੱਕ ਫੋਨ ਆਇਆ..ਬਾਰ ਬਾਰ ਘੰਟੀ ਵੱਜਣ ਕਰਕੇ ਮੈਂ ਚੁੱਕ ਲਿਆ..ਕਿਸੇ ਕੁੜੀ ਦਾ ਸੀ..ਇਸਦੇ ਬਾਰੇ ਪੁੱਛ ਰਹੀ ਸੀ..!
ਜਦੋਂ ਇਸ ਬਾਬਤ ਗੱਲ ਹੋਈ ਤਾਂ ਉਸ ਦਿਨ ਪਹਿਲੀ ਵਾਰ ਸਾਡਾ ਆਪਸ ਵਿਚ ਬੋਲ ਬੁਲਾਰਾ ਹੋਇਆ..
“ਪ੍ਰਾਈਵੇਸੀ” ਨਾਮ ਦੀ ਸ਼ੈਅ ਦਾ ਹਵਾਲਾ ਦਿੰਦਾ ਆਖਣ ਲੱਗਿਆ ਕੇ ਤੂੰ ਮੇਰਾ ਫੋਨ ਚੁੱਕਿਆ ਹੀ ਕਿਓਂ?..ਉਸ ਦਿਨ ਮਗਰੋਂ ਜਦੋਂ ਵੀ ਫੋਨ ਦੀ ਘੰਟੀ ਵੱਜਦੀ ਮੇਰੇ ਕੰਨ ਖੜੇ ਹੋ ਜਾਇਆ ਕਰਦੇ..!
ਦੋਵੇਂ ਜੋਬਾਂ ਦਾ ਬੋਝ ਤੇ ਉੱਤੋਂ ਵਧਦਾ ਹੋਇਆ ਢਿੱਡ..ਪਰ ਫੇਰ ਵੀ ਮੈਂ ਕੰਮ ਤੇ ਲਗਾਤਾਰ ਜਾਂਦੀ ਰਹੀ..ਹਾਲਾਂਕਿ ਬੜੀ ਤਕਲੀਫ ਹੋਇਆ ਕਰਦੀ ਸੀ!
ਜਿਸ ਸਹਿਯੋਗ ਦੀ ਮੈਨੂੰ ਆਸ ਸੀ ਉਹ ਕਦੀ ਵੀ ਨਸੀਬ ਨਾ ਹੋਇਆ..ਕੰਮ ਤੇ ਗਈ ਨੂੰ ਬੱਸ ਇਹੋ ਧੁੜਕੂ ਲੱਗਾ ਰਹਿੰਦਾ ਕੇ ਪਤਾ ਨਹੀਂ ਕਿਤੇ ਇੰਡੀਆ ਤੋਂ ਕੋਈ ਫੋਨ ਹੀ ਨਾ ਆਇਆ ਹੋਵੇ!
ਮਗਰੋਂ ਨਿੱਕੀ ਨਿੱਕੀ ਗੱਲ ਤੇ ਆਪਸੀ ਤਲਖੀ ਵਧਦੀ ਗਈ..
ਫੇਰ ਇੱਕ ਦਿਨ ਆਖਣ ਲੱਗਾ ਮਾਪੇ ਸਪੌਂਸਰ ਕਰਨੇ..ਅੱਗੋਂ ਆਖਿਆ ਕੰਮ ਤੇ ਲੱਗਣਾ ਪੈਣਾ..ਕੱਲੀ ਦੇ ਵੱਸ ਵਿਚ ਨਹੀਂ ਐਨਿਆਂ ਦਾ ਢਿਡ੍ਹ ਭਰਨਾ..ਫੇਰ ਬੜਾ ਕਲੇਸ਼ ਪਿਆ!
ਫੇਰ ਇੱਕ ਦਿਨ ਤਕਲੀਫ ਵੱਧ ਗਈ..ਓਹਨਾ ਕੰਮ ਤੇ ਅੰਬੁਲੇਂਸ ਬੁਲਾ ਹਸਪਤਾਲ ਭਿਜਵਾ ਦਿੱਤਾ..ਪਰ ਇਸ ਅਹਿਮ ਮੌਕੇ ਤੇ ਇਹ ਮੇਰੇ ਕੋਲ ਨਹੀਂ ਸੀ!
ਕਿਸੇ ਕੋਲੋਂ ਭੂਆ ਫੁੱਫੜ ਨੂੰ ਫੋਨ ਕਰਵਾਇਆ..ਸਾਰੇ ਹਾਲਾਤ ਦੱਸੇ..ਉਹ ਆਖਣ ਲੱਗੇ ਤੁਹਾਡਾ ਆਪਸੀ ਮਾਮਲਾ ਏ ਅਸੀਂ ਕੁਝ ਨੀ ਕਰ ਸਕਦੇ!
ਫੇਰ ਨਿੱਕੀ ਧੀ ਨੂੰ ਆਪ ਖੁਦ ਹੀ ਤੇਲ ਚੋ ਕੇ ਘਰ ਦੀਆਂ ਬਰੂਹਾਂ ਟਪਾਈਆਂ..
ਡਰਾਇੰਗ ਰੂਮ ਵਿਚ ਲੈਂਪ ਹੇਠ ਪਈ ਇੱਕ ਚਿੱਠੀ ਨੇ ਪੈਰਾਂ ਹੇਠੋਂ ਜਮੀਨ ਕੱਢ ਦਿੱਤੀ..ਲਿੱਖਿਆ ਸੀ ਦੂਰ ਜਾ ਰਿਹਾ ਹਾਂ ਸਾਰਿਆਂ ਤੋਂ..ਇਸ ਘੁਟਣ ਵਾਲੇ ਮਾਹੌਲ ਤੋਂ!
ਸੋਚਿਆ ਕਿਤੇ ਖ਼ੁਦਕੁਸ਼ੀ ਹੀ ਨਾ ਕਰ ਲਈ ਹੋਵੇ..ਪਰ ਇੰਝ ਨਹੀਂ ਹੋਇਆ..ਕਿਓੰਕੇ ਧੋਖੇਬਾਜ ਅਤੇ ਅੱਤ ਦਰਜੇ ਦਾ ਬੁਝਦਿਲ ਕਦੀ ਵੀ ਖ਼ੁਦਕੁਸ਼ੀ ਬਾਰੇ ਨਹੀਂ ਸੋਚ ਸਕਦਾ..!
ਆਲੇ ਦਵਾਲੇ ਨੇ ਇਸ ਸਾਰੇ ਘਟਨਾ ਕਰਮ ਦੀ ਜੁੰਮੇਵਾਰ ਮੈਨੂੰ ਹੀ ਬਣਾ ਦਿੱਤਾ..
ਪਰ ਮੈਂ ਰੋ-ਰੋ ਕੇ ਵਿਖਾਉਣ ਦੀ ਥਾਂ ਹਰੇਕ ਇੱਟ ਦਾ ਜੁਆਬ ਪੱਥਰ ਨਾਲ ਦੇਣ ਦਾ ਫੈਸਲਾ ਕਰ ਲਿਆ..ਹੁਣ ਮੇਰੇ ਕੋਲ ਗਵਾਉਣਾ ਲਈ ਹੋਰ ਕੁਝ ਵੀ ਤਾਂ ਨਹੀਂ ਸੀ..
ਹੁਣ ਉਹ ਮੈਂਥੋਂ ਕਿੰਨੇ ਹਜਾਰ ਕਿਲੋਮੀਟਰ ਦੂਰ ਕਿਸੇ ਦੂਜੇ ਸ਼ਹਿਰ ਕਿਸੇ ਹੋਰ ਨਾਲ ਰਹਿ ਰਿਹਾ ਏ..ਜਾਣਨਾ ਨਹੀਂ ਚਾਹੁੰਦੀ ਕੇ ਕਿਸ ਨਾਲ ਰਹਿ ਰਿਹਾ ਏ ਪਰ ਸ਼ਾਇਦ ਓਸੇ ਫੋਨ ਵਾਲੀ ਨਾਲ..ਦੋਹਾਂ ਦੀ ਬੜੀ ਲੰਮੀ ਪਲਾਨਿੰਗ ਸੀ..ਮੈਂ ਸਿਰਫ ਉਸਦੀ ਸਫਲਤਾ ਵਾਲੇ ਚੁਬਾਰੇ ਨੂੰ ਜਾਂਦੀ ਪੌੜੀ ਦਾ ਇੱਕ ਡੰਡਾ ਬਣ ਕੇ ਰਹਿ ਗਈ!
ਧੀ ਵੱਲ ਵੇਖਦੀ ਹਾਂ ਤਾਂ ਮੈਨੂੰ ਉਸ ਧੋਖਬਾਜ ਦੀ ਯਾਦ ਆਉਂਦੀ ਏ..ਹੁਣ ਪੰਜ ਸਾਲ ਦੀ ਹੋ ਗਈ..ਉਸਨੇ ਇਕ ਵਾਰ ਵੀ ਆਪਣੇ ਪਿਓ ਦਾ ਮੂੰਹ ਨਹੀਂ ਤੱਕਿਆ..ਸਾਰੀ ਗੱਲ ਸਮਝਦੀ ਏ..ਕਈ ਵਾਰ ਮੈਨੂੰ ਰੋਂਦੀ ਹੋਈ ਨੂੰ ਚੁੱਪ ਕਰਾਉਂਦੀ ਏ ਤਾਂ ਸਵਰਗਾਂ ਤਾਂ ਆਈ ਮੇਰੀ ਮਾਂ ਦੀ ਰੂਹ ਲੱਗਦੀ ਏ..!
ਅਖੀਰ ਵਿਚ ਏਨਾ ਹੀ ਆਖਣਾ ਚਾਹਾਂਗੀ ਕੇ ਫੈਸਲੇ ਵਾਲੀ ਇਸ ਅਹਿਮ ਘੜੀ ਵੇਲੇ ਆਪਣੇ ਭਵਿੱਖ ਦੀ ਲਗਾਮ ਬਿਨਾ ਸੋਚੇ ਸਮਝੇ ਕਿਸੇ ਦੂਸਰੇ ਦੇ ਹੱਥ ਦੇਣ ਨਾਲੋਂ ਆਪਣੇ ਦਿਲੋਂ-ਦਿਮਾਗ ਦੀਆਂ ਬੂਹੇ ਬਾਰੀਆਂ ਖੁੱਲੀਆਂ ਰੱਖ ਹੀ ਕੋਈ ਫੈਸਲਾ ਲਿਆ ਜਾਵੇ..
ਕਿਓੰਕੇ ਜਜਬਾਤੀ ਹੋ ਕੇ ਲਏ ਗਏ ਕੁਝ ਫੈਸਲਿਆਂ ਕਾਰਨ ਜਦੋਂ ਜਿੰਦਗੀਆਂ ਦੇ ਇਹਨਾਂ ਤੁਰੇ ਜਾਂਦੇ ਕਾਫਲਿਆਂ ਵਿਚ ਅੱਧ ਵਿਚਾਲੇ ਕੋਈ ਖੜੋਤ ਆ ਜਾਂਦੀ ਏ ਤਾਂ ਕੋਲੋਂ ਲੰਘਣ ਵਾਲੇ ਟਿੱਚਰਾਂ ਬਹੁਤ ਕਰਿਆ ਕਰਦੇ ਨੇ!
ਵੈਸੇ ਇਸ ਗੱਲ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ ਕੇ ਜੇ ਮੁੱਹਬਤ ਬਾਹਰੀ ਸ਼ਕਲਾਂ ਸੂਰਤਾਂ ਕਰਕੇ ਹੀ ਹੋਇਆ ਕਰਦੀ ਤਾਂ ਰੱਬ ਸ਼ਾਇਦ “ਦਿੱਲ” ਨਾਮ ਦੀ ਚੀਜ ਕਦੇ ਵੀ ਨਾ ਬਣਾਉਂਦਾ!
ਹਰਪ੍ਰੀਤ ਸਿੰਘ ਜਵੰਦਾ
ਤਿੰਨ ਧੀਆਂ ਦਾ ਬਾਪ ਸੰਪੂਰਨ ਸਿੰਘ ਅੱਜ ਬੜਾ ਹੀ ਖੁਸ਼ ਸੀ…
ਵੱਡੀ ਧੀ “ਲਾਲੀ” ਅੱਜ ਵਿਆਹ ਤੋਂ ਪੂਰੇ ਅੱਠਾਂ ਵਰ੍ਹਿਆਂ ਬਾਅਦ ਉਸਨੂੰ ਮਿਲਣ ਆਪਣੇ ਘਰੇ ਆਈ ਹੋਈ ਸੀ!
ਵੱਡਾ ਜਵਾਈ ਦਾਜ ਵਿਚ ਵਧੀਆ ਮੋਟਰ ਸਾਈਕਲ ਨਾ ਦੇਣ ਵਾਲੀ ਗੱਲ ਤੋਂ ਏਨਾ ਰੁੱਸਿਆ ਕੇ ਨਾ ਆਪ ਸਹੁਰੇ ਵੜਿਆ ਤੇ ਨਾ ਲਾਲੀ ਹੀ ਮੁੜ ਕਦੀ ਪੇਕੇ ਆਈ..
ਨਾਲਦੀ ਦੇ ਤੁਰ ਜਾਣ ਮਗਰੋਂ ਬਾਕੀ ਦੋ ਧੀਆਂ ਕੱਲੇ ਕਾਰੇ ਨੇ ਕਿਦਾਂ ਵਿਆਹੀਆਂ..ਇਹ ਸਿਰਫ ਉਹ ਆਪ ਹੀ ਜਾਣਦਾ ਸੀ..ਜਮੀਨ,ਜਾਇਦਾਤ..ਸ਼ਹਿਰ ਵਾਲਾ ਮਕਾਨ ਸਭ ਕੁਝ ਹੀ ਗਹਿਣੇ ਪੈ ਗਿਆ!
ਕਦੀ ਲੋਰ ਉੱਠਦਾ ਤਾਂ ਲਾਲੀ ਨੂੰ ਮਿਲਣ ਉਸਦੇ ਸਹੁਰੇ ਘਰ ਪੁੱਜ ਜਾਂਦਾ..
ਅੱਗੋਂ ਰੁੱਖਾ ਜਿਹਾ ਵਰਤਾਉ..ਸਭ ਕੁਝ ਹੱਸਦਾ ਹੋਇਆ ਸਹਿ ਲਿਆ ਕਰਦਾ ਤੇ ਬਿਨਾ ਕੁਝ ਖਾਦੇ ਪੀਤੇ ਹੀ ਵਾਪਿਸ ਮੁੜ ਆਉਂਦਾ!
ਖੈਰ ਏਧਰ ਓਧਰ ਦੀਆਂ ਕੁਝ ਪੂਰਾਣੀਆਂ ਸੋਚਾਂ ਵਿਚਾਰਾਂ ਮਗਰੋਂ ਕੋਲ ਬੈਠੀ ‘ਲਾਲੀ” ਨੇ ਚੁੱਪ ਤੋੜ ਦਿੱਤੀ ਤੇ ਆਖਣ ਲੱਗੀ ਕੇ “ਦਾਰ ਜੀ ਕਦੀ ਕਦੀ ਬੀਜੀ ਬੜੀ ਚੇਤੇ ਆਉਂਦੀ ਏ..ਤੁਸੀਂ ਆਪਣਾ ਖਿਆਲ ਰਖਿਆ ਕਰੋ”
ਆਖਣ ਲੱਗਾ ‘ਧੀਏ ਤੂੰ ਆ ਗਈ ਏਂ..ਤੇਰਾ ਪਿਓ ਇੱਕ ਵਾਰ ਫੇਰ ਤੋਂ ਜੁਆਨ ਹੋ ਗਿਆ..ਬੜਾ ਚਿੱਤ ਕਰਦਾ ਸੀ ਤੈਨੂੰ ਮਿਲਣ ਦਾ..ਚੰਗਾ ਕੀਤਾ ਆ ਗਈ ਏਂ”
“ਦਾਰ ਜੀ ਇੱਕ ਗੱਲ ਕਰਨੀ ਸੀ..ਓਹਨਾ ਨਨਾਣ ਦਾ ਵਿਆਹ ਧਰ ਦਿੱਤਾ ਏ ਅਗਲੀ ਪੰਝੀ ਦਾ..ਤੇ..ਤੇ..ਮੈਂ ”
“ਖੁੱਲ ਕੇ ਗੱਲ ਕਰ ਮੇਰੀ ਲਾਲੀ ਧੀ..ਝਿਜਕਦੀ ਕਿਓਂ ਏਂ..ਬਾਪ ਨਾਲ ਕਾਹਦਾ ਸੰਗ-ਓਹਲਾ..ਤੂੰ ਗੱਲ ਤੇ ਦੱਸ ਮੇਰਾ ਸ਼ਿੰਦਾ ਪੁੱਤ”?
“ਇਹ ਆਖਦੇ ਸੀ ਕੇ ਜਿਹੜੇ ਮੋਟਰ ਸਾਈਕਲ ਤੋਂ ਗੁੱਸੇ ਨਰਾਜਗੀ ਹੋਈ ਸੀ..ਜੇ ਉਹ ਹੁਣ ਇਸ ਮੌਕੇ ਮਿਲ ਜਾਂਦਾ ਤਾਂ ਸੁਲ੍ਹਾ-ਸਫਾਈ ਦੇ ਰਾਹ ਖੁੱਲ ਸਕਦੇ ਨੇ”
“ਬੱਸ ਏਨੀ ਗੱਲ..ਕਰ ਦੇਵਾਂਗਾ ਬੰਦੋਬਸਤ ਮੇਰੀ ਧੀ..ਭਾਵੇਂ ਕਿਸੇ ਤਰਾਂ ਵੀ ਕਰਾਂ..ਤੂੰ ਫਿਕਰ ਨਾ ਕਰੀਂ ਭੋਰਾ ਵੀ..ਮੇਰੀ ਧੀ”
ਥੋਡੇ ਚਿਰ ਮਗਰੋਂ ਹੀ ਉਹ ਦਾਰ ਜੀ ਨੂੰ ਜੱਫੀ ਪਾ ਬਾਹਰ ਉਡੀਕਦੇ ਹੋਏ ਆਟੋ ਤੇ ਆਣ ਬੈਠੀ..
ਸ਼ਾਇਦ ਅੱਜ ਵੀ ਗਿਣੇ-ਮਿਥੇ ਟਾਈਮ ਲਈ ਹੀ ਪੇਕੇ ਆਉਣ ਦੀ ਮਨਜ਼ੂਰੀ ਮਿਲ਼ੀ ਸੀ..!
ਲਾਲੀ ਦੇ ਜਾਣ ਮਗਰੋਂ ਉਹ ਕਿੰਨੀ ਦੇਰ ਖੁੱਲੇ ਪਏ ਗੇਟ ਨੂੰ ਤੱਕਦਾ ਰਿਹਾ..ਨਿਕੀ ਹੁੰਦੀ ਲਾਲੀ ਨੇ ਇਸੇ ਗੇਟ ਤੋਂ ਡਿੱਗ ਕਿੰਨੀ ਵਾਰ ਸੱਟ ਲੁਵਾਈ ਸੀ..ਫੇਰ ਜਿੰਨੀ ਦੇਰ ਆਥਣੇ ਕੰਮ ਤੋਂ ਆਏ ਸੰਪੂਰਨ ਸਿੰਘ ਨੂੰ ਆਪਣਾ ਵਗਦਾ ਲਹੂ ਨਾ ਵਿਖਾ ਲੈਂਦੀ..ਕਿਸੇ ਨੂੰ ਮਰਹਮ ਨਾ ਲਾਉਣ ਦਿੰਦੀ..!
ਬਿਮਾਰੀਆਂ..ਦਵਾਈਆਂ..ਕਰਜੇ ਅਤੇ ਕਿਰਾਏ ਦੇ ਬੋਝ ਥੱਲੇ ਆਇਆ ਹੋਇਆ ਕਿਸੇ ਵੇਲੇ ਹਰੇਕ ਦੀਆਂ ਸੱਟਾਂ ਦੀ ਮਰਹਮ ਪੱਟੀ ਕਰਦਾ ਹੋਇਆ ਦਲੇਰ ਸੰਪੂਰਨ ਸਿੰਘ ਅੱਜ ਬੇਜਾਨ ਮਿੱਟੀ ਦਾ ਢੇਰ ਬਣਿਆ ਲਗਾਤਾਰ ਬਾਹਰ ਵੱਲ ਨੂੰ ਵੇਖੀ ਜਾ ਰਿਹਾ ਸੀ..!
ਸਾਰੀ ਰਾਤ ਬੱਸ ਇਸੇ ਉਧੇੜ-ਬੁਣ ਵਿੱਚ ਹੀ ਲੰਘ ਗਈ ਕੇ ਹੁਣ ਉਸ ਕੋਲ ਹੋਰ ਕਿਹੜੀ ਐਸੀ ਸ਼ੈ ਬਾਕੀ ਰਹਿ ਗਈ ਸੀ ਜਿਸ ਨੂੰ ਵੇਚ ਕੇ ਸਿਰ ਤੇ ਅਚਾਨਕ ਆਣ ਪਈ ਇਸ ਪਹਾੜ ਜਿੱਡੀ ਆਫ਼ਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਸੀ?
ਫੇਰ ਸਾਰੀਆਂ ਮੁਸ਼ਕਿਲਾਂ ਦਾ ਹੱਲ ਨਿੱਕਲ ਹੀ ਆਇਆ ਸੀ..
ਇਹ ਖਬਰ ਜੰਗਲ ਦੀ ਅੱਗ ਵਾਂਙ ਫੈਲ ਗਈ..ਪਿਛਲੀ ਰਾਤ ਉਹ ਮੰਜੇ ਤੇ ਪਿਆ ਪਿਆ ਹੀ ਚੜਾਈ ਕਰ ਗਿਆ ਸੀ..ਕਿੰਨੇ ਸਾਰੇ ਦੁਖਾਂ-ਕਲੇਸ਼ਾਂ,ਬਿਮਾਰੀਆਂ ਅਤੇ ਪਦਾਰਥਵਾਦ ਦੇ ਬੇਰਹਿਮ ਪੰਜਿਆਂ ਨਾਲ ਕੱਲਾ ਕਾਰਾ ਲੜਦਾ ਹੋਇਆ ਸੰਪੂਰਨ ਸਿੰਹ ਅਖੀਰ ਪੂਰਨ ਤੌਰ ਤੇ ਅਜਾਦ ਹੋ ਹੀ ਗਿਆ ਸੀ..
ਪਰ ਜਾਂਦਾ ਜਾਂਦਾ ਸ਼ਾਇਦ ਇਹ ਸੁਨੇਹਾ ਵੀ ਦੇ ਗਿਆ ਸੀ ਕੇ ਆਪਣੇ ਰੰਗ ਤਮਾਸ਼ਿਆਂ ਵਿਚ ਗਲਤਾਨ ਹੋਏ ਦੁਨੀਆ ਦੇ ਸੱਭਿਅਕ ਲੋਕੋ..ਹੋਸ਼ ਵਿਚ ਆ ਕੇ ਆਸ ਪਾਸ ਝਾਤੀ ਜਰੂਰ ਮਾਰੋ..ਤੁਹਾਨੂੰ ਦਾਜ ਵਾਲੇ ਕਾਲੇ ਨਾਗਾਂ ਦੇ ਡੱਸੇ ਹੋਏ ਹੋਰ ਕਿੰਨੇ ਸਾਰੇ ਐਸੇ ਸੰਪੂਰਨ ਸਿੰਘ ਜਰੂਰ ਮਿਲਣਗੇ ਜਿਹਨਾਂ ਦਾ ਕਸੂਰ ਸਿਰਫ ਏਨਾ ਏ ਕੇ ਉਹ ਇੱਕ ਤੋਂ ਵੱਧ ਧੀਆਂ ਦੇ ਬਾਪ ਸਨ !
ਹਰਪ੍ਰੀਤ ਸਿੰਘ ਜਵੰਦਾ
ਦੱਸਦੇ ਇੱਕ ਵਾਰ ਇੱਕ ਬੰਦੇ ਨੂੰ ਘਰੇਲੂ ਜੁਮੇਵਾਰੀਆਂ,ਰੋਜਾਨਾ ਖਰਚਿਆਂ ਅਤੇ ਘਰੇ ਆਉਂਦੇ ਜਾਂਦੇ ਅਣਗਿਣਤ ਪ੍ਰਾਹੁਣਿਆਂ ਦੀ ਐਨੀ ਟੈਨਸ਼ਨ ਹੋ ਗਈ ਕੇ ਉਹ ਡਿਪ੍ਰੈਸ਼ਨ ਵਿਚ ਚਲਾ ਗਿਆ..
ਹਰੇਕ ਨਾਲ ਲੜਾਈ ਝਗੜਾ,ਅਤੇ ਕਲਾ ਕਲੇਸ਼ ਦੇ ਚਲਦਿਆਂ ਕੋਈ ਉਸਦੇ ਨੇੜੇ ਨਾ ਲੱਗਦਾ..ਉਸਨੂੰ ਸਾਰੀ ਦੁਨੀਆ ਆਪਣੀ ਕੱਟੜ ਵੈਰੀ ਲੱਗਦੀ..!
ਉਹ ਘਰੇ ਵੜਦਾ ਤਾਂ ਹੱਸਦੇ ਵੱਸਦੇ ਘਰ ਵਿਚ ਕਰਫ਼ਿਯੂ ਜਿਹਾ ਲੱਗ ਜਾਂਦਾ..!
ਇੱਕ ਦਿਨ ਬਾਹਰ ਦੀਆਂ ਟੈੱਨਸ਼ਨਾਂ ਦਾ ਝੰਬਿਆ ਹੋਇਆ ਅੰਦਰ ਵੜਿਆ ਤਾਂ ਸਭ ਏਧਰ ਓਧਰ ਹੋ ਗਏ..
ਨਿੱਕਾ ਮੁੰਡਾ ਕੋਲ ਆਇਆ ਆਖਣ ਲੱਗਾ ਪਾਪਾ ਸਕੂਲ ਦਾ ਕੰਮ ਮਿਲਿਆ..ਕਰਵਾ ਦਿਓ..
ਗੁੱਸੇ ਵਿਚ ਆਏ ਹੋਏ ਨੇ ਝਿੜਕਾਂ ਦੇ ਕੇ ਦੂਰ ਭਜਾ ਦਿੱਤਾ..!
ਥੋੜੇ ਚਿਰ ਮਗਰੋਂ ਜਦੋਂ ਦਿਮਾਗ ਵਿਚ ਬਲਦੀ ਹੋਈ ਅੱਗ ਥੋੜੀ ਠੰਡੀ ਹੋਈ ਤਾਂ ਪੁੱਤ ਕੋਲ ਗਿਆ..ਕੀ ਦੇਖਦਾ ਉਹ ਸੁੱਤਾ ਪਿਆ ਸੀ..ਕੋਲ ਹੀ ਸਕੂਲ ਦੇ ਕੰਮ ਵਾਲੀ ਕਾਪੀ ਪਈ ਸੀ..ਉਸਨੇ ਚੁੱਕੀ ਤੇ ਵਰਕੇ ਫਰੋਲਣ ਲੱਗਾ..
ਸਕੂਲੋਂ ਮਿਲੇ ਕੰਮ ਦਾ ਸਿਰਲੇਖ ਕੁਝ ਏਦਾਂ ਸੀ ਸੀ..
“ਉਹ ਚੀਜਾਂ ਲਿਖੋ ਜੋ ਸ਼ੁਰੂ ਵਿਚ ਭੈੜੀਆਂ ਪਰ ਮਗਰੋਂ ਚੰਗੀਆਂ ਲੱਗਦੀਆਂ ਨੇ”
ਹੁਣ ਆਪਣੀ ਸਮਝ ਮੁਤਾਬਿਕ ਬੱਚੇ ਨੇ ਜੋ ਕੁਝ ਵੀ ਲਿਖਿਆ ਸੀ ਉਸਨੇ ਪੜਨਾ ਸ਼ੁਰੂ ਕਰ ਦਿੱਤਾ
ਸਬ ਤੋਂ ਲਿਖਦਾ ਏ
“ਪੱਕੇ ਪੇਪਰ ਬਿਲਕੁਲ ਵੀ ਚੰਗੇ ਨਹੀਂ ਲੱਗਦੇ ਪਰ ਜਦੋਂ ਹੋ ਜਾਂਦੇ ਨੇ ਤਾਂ ਮਗਰੋਂ ਪੈ ਜਾਂਦੀਆਂ ਛੁੱਟੀਆਂ ਚੰਗੀਆਂ ਲੱਗਦੀਆਂ”!
ਫੇਰ ਲਿਖਦਾ ਏ ਕੇ ਬਿਮਾਰ ਹੋਣ ਤੇ ਮੈਨੂੰ ਖੁਆਈਆਂ ਜਾਂਦੀਆਂ ਕੌੜੀਆਂ ਗੋਲੀਆਂ ਸ਼ੁਰੂ ਵਿਚ ਬਿਲਕੁਲ ਵੀ ਚੰਗੀਆਂ ਨਹੀਂ ਲੱਗਦੀਆਂ..ਪਰ ਜਦੋਂ ਠੀਕ ਹੋਣ ਤੇ ਦੋਸਤਾਂ ਨਾਲ ਖੇਡਦਾ ਹਾਂ ਤੇ ਬੜਾ ਚੰਗਾ ਲੱਗਦਾ ਏ
ਨੰਬਰ ਤਿੰਨ ਕੁਝ ਏਦਾਂ ਸੀ “ਮੈਨੂੰ ਉਠਾਉਣ ਵਾਲੀ ਅਲਾਰਮ ਵਾਲੀ ਘੜੀ ਬਿਲਕੁਲ ਵੀ ਚੰਗੀ ਨਹੀ ਲੱਗਦੀ..ਪਰ ਮਗਰੋਂ ਜਦੋਂ ਮਾਂ ਢੇਰ ਸਾਰਾ ਪਿਆਰ ਕਰ ਗਰਮ ਗਰਮ ਪ੍ਰਾਉਂਠੇ ਖੁਆ ਸਕੂਲ ਦੀ ਬੱਸੇ ਚਾੜਦੀ ਏ ਤਾਂ ਚੰਗਾ ਲੱਗਦਾ”
ਅਖੀਰ ਵਿਚ ਲਿਖਿਆ ਕੇ ਪਾਪਾ ਜਦੋਂ ਝਿੜਕਾਂ ਮਾਰਦੇ ਓਦੋਂ ਬਿਲਕੁਲ ਚੰਗੇ ਨਹੀਂ ਲੱਗਦੇ ਪਰ ਜਦੋਂ ਕਿੰਨੇ ਸਾਰੇ ਖਿਡੌਣੇ,ਮਠਿਆਈਆਂ ਅਤੇ ਕੱਪੜੇ ਲੈ ਕੇ ਦਿੰਦੇ ਓਦੋਂ ਬੜਾ ਚੰਗਾ ਲੱਗਦਾ..!
ਨਿੱਕੇ ਬੱਚੇ ਵੱਲੋਂ ਖੁਦ ਦੇ ਬਾਰੇ ਵਿਚ ਲਿਖਿਆ ਆਖਰੀ ਪੁਆਇੰਟ ਪੜ ਉਸਦਾ ਨਜਰੀਆ ਬਦਲ ਜਿਹਾ ਗਿਆ..ਆਪਣੀਆਂ ਪ੍ਰੇਸ਼ਨੀਆਂ ਦੇ ਬਾਰੇ ਵਿਚ ਸੋਚਣ ਲੱਗਾ..!
ਸੋਚਣ ਲੱਗਾ ਜੇ ਘਰ ਨਾਲ ਸਬੰਧਿਤ ਕਿੰਨੇ ਸਾਰੇ ਖਰਚ ਉਠਾਉਣੇ ਪੈਂਦੇ ਨੇ ਤਾਂ ਫੇਰ ਕੀ ਹੋਇਆ..ਓਹਨਾ ਨਾਲੋਂ ਤੇ ਕਈ ਦਰਜੇ ਬੇਹਤਰ ਹਾਂ ਜਿਹਨਾਂ ਕੋਲ ਆਪਣਾ ਘਰ ਹੀ ਨਹੀਂ ਏ!
ਫੇਰ ਖਿਆਲ ਆਇਆ ਕੇ ਜੇ ਪਰਿਵਾਰ ਬਾਲ ਬੱਚਿਆਂ ਤੇ ਹੋਰਨਾਂ ਚੀਜਾਂ ਦੀ ਸਾਰੀ ਜੁੰਮੇਵਾਰੀ ਮੇਰੇ ਮੋਢਿਆਂ ਤੇ ਹੈ ਤਾਂ ਕੀ ਹੋਇਆ..
ਓਹਨਾ ਲੋਕਾਂ ਨਾਲੋਂ ਤਾਂ ਚੰਗਾ ਹਾਂ ਜਿਹੜੇ ਕੁਦਰਤ ਦੀਆਂ ਇਹ ਦਾਤਾਂ ਲੈਣ ਖਾਤਿਰ ਸਾਰੀ ਉਮਰ ਤਰਸਦੇ ਰਹਿੰਦੇ..!
ਫੇਰ ਅਕਸਰ ਪ੍ਰੇਸ਼ਾਨ ਕਰਦੇ ਰਹਿੰਦੇ ਪ੍ਰਾਹੁਣੇ ਚੇਤੇ ਆ ਗਏ..
ਸੋਚਣ ਲੱਗਾ ਇਹ ਵੀ ਤਾਂ ਓਹਨਾ ਵੱਸਦੇ ਰੱਸਦੇ ਘਰਾਂ ਵਿਚ ਹੀ ਆਉਂਦੇ ਨੇ ਜਿਹਨਾਂ ਦੀ ਕੋਈ ਸਮਾਜਿਕ ਹੈਸੀਅਤ ਹੁੰਦੀ ਏ..ਨਹੀਂ ਤੇ ਅੱਜ ਕੱਲ ਦੀ ਆਪੋ ਧਾਪੀ ਵਾਲੀ ਜਿੰਦਗੀ ਵਿਚ ਕਿਸੇ ਵਾਸਤੇ ਕਿਸ ਕੋਲ ਟਾਈਮ ਹੀ ਕਿਥੇ ਏੈ!
ਸੋ ਦੋਸਤੋ ਜੇ ਕਦੀ ਕੋਈ ਬਹੁਤ ਵੱਡੀ ਸਮੱਸਿਆ ਆਣ ਪਵੇ ਤਾਂ ਕਿਸੇ ਛੋਟੇ ਬੱਚੇ ਨਾਲ ਗੱਲ ਜਰੂਰ ਕਰ ਵੇਖੋ..ਹੋ ਸਕਦਾ ਕੋਈ ਕਾਰਗਰ ਹੱਲ ਹੀ ਨਿੱਕਲ ਆਵੇ ਕਿਓੰਕੇ ਕਈ ਵਾਰ ਚਾਬੀਆਂ ਦੀ ਵੱਡੇ ਸਾਰੇ ਗੁੱਛੇ ਦੀ ਇੱਕ ਨਿੱਕੀ ਜਿੰਨੀ ਚਾਬੀ ਵਿਚ ਮਜਬੂਤ ਦਰਵਾਜੇ ਨੂੰ ਖੋਲਣ ਦੀ ਸਮਰਥਾ ਹੁੰਦੀ ਏ!
ਡਾਕਟਰਾਂ ਕੋਲ ਨਜਰ ਦਾ ਤੇ ਇਲਾਜ ਹੈ ਪਰ ਨਜਰੀਏ ਦਾ ਨਹੀਂ..
ਸੋ ਹੋ ਸਕੇ ਤਾਂ ਨਜਰੀਆ ਬਦਲ ਕੇ ਵੇਖੋ..ਦੁਸ਼ਮਣ ਦੋਸਤ ਲੱਗਣ ਲਗੇਗਾ ਤੇ ਪਹਾੜ ਜਿੱਡੀ ਲੱਗਦੀ ਮੁਸ਼ਕਿਲ ਵਿਸ਼ਾਲ ਰੇਗਿਸਤਾਨ ਦੀ ਹਿੱਕ ਅੰਦਰ ਲੁਕਿਆ ਹੋਇਆ ਰੇਤ ਦਾ ਇੱਕ ਨਿੱਕਾ ਜਿੰਨਾ ਕਿਣਕਾ ਬਣ ਜਾਵੇਗੀ!
ਹਰਪ੍ਰੀਤ ਸਿੰਘ ਜਵੰਦਾ
ਕੁਝ ਕੂ ਵਰੇ ਪਹਿਲਾਂ ਸ਼ਹਿਰ ਦੇ ਅੰਦਰਲੇ ਹਿੱਸੇ ਵਿਚ ਤੁਰੇ ਜਾਂਦਿਆਂ ਕਿਸੇ ਪਿੱਛੋਂ ਵਾਜ ਮਾਰੀ..
ਪਿੱਛੇ ਮੁੜ ਕੇ ਵੇਖਿਆ..ਗੋਰਾ ਸੀ..ਕਹਿੰਦਾ ਸਿਗਰਟ ਹੈ?
ਅੱਗੋਂ ਆਖਿਆ ਅਸੀ ਲੋਕ ਸਮੋਕਿੰਗ ਨਹੀਂ ਕਰਦੇ..!
ਉਸਨੂੰ ਤੋੜ ਲੱਗੀ ਹੋਈ ਸੀ..ਥੋੜਾ ਨਿਰਾਸ਼ ਹੋਇਆ..ਮੇਰੇ ਕੋਲ ਵਾਧੂ ਟਾਈਮ ਸੀ..ਉਸਦੇ ਨਾਲ ਗੱਲੀਂ ਲੱਗ ਗਿਆ!
ਦੱਸਣ ਲੱਗਾ..ਵਧੀਆ ਨੌਕਰੀ ਸੀ..ਪਰ ਸੁਪਰਵਾਈਜ਼ਰ ਨਾਲ ਨਹੀਂ ਸੀ ਬਣਦੀ..ਫੇਰ ਇੱਕ ਦਿਨ ਡੇਢ ਲੱਖ ਡਾਲਰ ਦੀ ਲਾਟਰੀ ਨਿੱਕਲ ਆਈ!
ਅਸਤੀਫਾ ਲਿਖ ਉਸਦੇ ਮੂੰਹ ਤੇ ਮਾਰਿਆ..ਭਰੀ ਜੇਬ ਵੇਖ ਕਿੰਨੇ ਸਾਰੇ ਯਾਰ ਦੋਸਤ ਬਣ ਗਏ..ਗਰਲ-ਫਰੈਂਡਾਂ ਦੀ ਭਰਮਾਰ ਹੋ ਗਈ!
ਸ਼ਰਾਬ ਡਰੱਗਾਂ ਦੇ ਦਰਿਆ ਵਗ ਤੁਰੇ..ਮੌਜ-ਮਸਤੀ ਵਿਚ ਪਤਾ ਹੀ ਨੀ ਲੱਗਾ ਕਦੋਂ ਛੇ ਮਹੀਨੇ ਲੰਘ ਗਏ!
ਇੱਕ ਦਿਨ ਨੀਂਦਰ ਖੁੱਲੀ..ਯਾਰ ਦੋਸਤ ਗਰਲ ਫਰੈਂਡਾਂ ਗਾਇਬ ਸਨ..
ਲੱਡੂ ਮੁੱਕ ਗਏ ਯਾਰਾਨੇ ਟੁੱਟ ਗਏ..ਜੇਬਾਂ ਤੇ ਫਰਿੱਜ ਖਾਲੀ ਸਨ..ਜਿੰਨਾ ਨੂੰ ਪੱਲਿਓਂ ਖਰਚ ਏਨੀ ਐਸ਼ ਕਰਵਾਈ ਉਹ ਪਛਾਣਨੋਂ ਹਟ ਗਏ..!
ਜਿਥੋਂ ਸਫ਼ਰ ਸ਼ੁਰੂ ਕੀਤਾ ਮੁੜ ਓਥੇ ਹੀ ਆ ਗਿਆ..
ਜਿਸਦੇ ਮੂੰਹ ਤੇ ਅਸਤੀਫੇ ਵਾਲਾ ਪੇਪਰ ਦੇ ਮਾਰਿਆ ਸੀ..ਉਸ ਕੋਲ ਕੰਮ ਮੰਗਣ ਗਿਆ..ਉਸਨੇ ਵੀ ਬਾਹਰ ਕੱਢ ਦਿੱਤਾ!
ਹੁਣ ਬੱਸ ਏਹੀ ਡਾਊਨ-ਟਾਊਨ ਤੇ ਇੰਝ ਦੀ ਹੀ ਰੋਜ ਦੀ ਮੰਗ ਮੰਗਾਈ..!
ਦੋਸਤੋ ਬਜ਼ੁਰਗ ਆਖਿਆ ਕਰਦੇ ਸਨ ਕੇ ਪੈਸੇ ਸੰਭਾਲਣੇ ਪੈਸੇ ਕਮਾਉਣ ਨਾਲੋਂ ਵੀ ਔਖੇ ਹੁੰਦੇ..
ਉੱਤੋਂ ਇੰਝ ਛੱਪਰ ਪਾੜ ਕੇ ਅਚਨਚੇਤ ਮਿਲਿਆ ਧਨ ਬੜਿਆਂ ਬੜਿਆਂ ਦੇ ਪੈਰ ਅਤੇ ਦਿਮਾਗ ਭੋਏਂ ਤੋਂ ਚੁਕਾ ਦਿੰਦਾ ਏ..ਇਨਸਾਨ ਦੀ ਬੰਦੇ ਨੂੰ ਬੰਦਾ ਸਮਝਣ ਦੀ ਸੋਝੀ ਜਾਂਦੀ ਰਹਿੰਦੀ ਏ..!
ਜਿਸ ਦਿਨ ਤਸਵੀਰ ਵਾਲੇ ਸੱਤਰ ਮਿਲੀਅਨ ਵਾਲੀ ਲਾਟਰੀ ਦਾ ਡਰਾਅ ਸੀ ਮੇਰੇ ਦਫਤਰ ਵਿਚ ਹਰ ਪਾਸੇ ਬਸ ਵਿਆਹ ਵਾਲਾ ਹੀ ਮਾਹੌਲ ਸੀ..ਹਰੇਕ ਦੇ ਮਨ ਵਿਚ ਆਪਣੀਆਂ ਹੀ ਗਿਣਤੀਆਂ ਮਿਣਤੀਆਂ ਸਨ..
ਗੋਰੇ ਗੋਰੀਆਂ ਸਲਾਹਾਂ ਕਰੀ ਜਾ ਰਹੇ ਸਨ ਕੇ ਜੇ ਨਿੱਕਲ ਆਈ ਤਾਂ ਕੀ ਕੀ ਕਰਨਾ ਏ!
ਅਖੀਰ ਇਹ ਅਸਮਾਨੀ ਬਿਜਲੀ ਵਾਂਙ ਡਿੱਗੀ ਤਾਂ ਇੱਕ ਬੰਦੇ ਤੇ ਪਰ ਵੇਖੀ ਸਾਰਿਆਂ ਨੇ
ਬਰੈਮਪਟਨ ਵਾਲੇ ਐਲਡਿੰਨ ਲੁਈਸ ਨੂੰ ਸੱਤਰ ਮਿਲੀਅਨ ਡਾਲਰ ਜਿੱਤਣ ਦੀਆਂ ਮੁਬਾਰਕਾਂ..!
ਮੁੱਕਦੀ ਗੱਲ ਦੋਸਤੋ..ਜੇ ਤੁਹਾਡੇ ਸਾਹਾਂ ਦੀ ਲੜੀ ਨਿਰੰਤਰ ਤੁਰੀ ਜਾਂਦੀ ਏ..ਆਪਣੀਆਂ ਅੱਖੀਆਂ ਝਪਕ ਰਹੇ ਹੋ..ਆਪਣੇ ਪੈਰਾਂ ਨਾਲ ਤੁਰ ਫਿਰ ਰਹੇ ਹੋ..ਤੁਹਾਨੂੰ ਵੇਲੇ ਸਿਰ ਭੁੱਖ ਲੱਗਦੀ ਏ..ਰਾਤੀ ਗੂੜੀ ਨੀਂਦਰ ਵੀ ਆਉਂਦੀ ਏ ਤਾਂ ਸਮਝੋ ਤੁਸੀਂ ਐਲਦੀਨ ਲੁਈਸ ਨਾਲੋਂ ਜਿਆਦਾ ਕਿਸਮਤ ਵਾਲੇ ਹੋ..ਕਿਓੰਕੇ ਇਹ ਸ਼ੈਵਾਂ ਕਦੀ ਵੀ ਦੌਲਤ ਦੀ ਤੱਕੜੀ ਵਿਚ ਤੋਲ ਨਹੀਂ ਮਿਲਿਆ ਕਰਦੀਆਂ!
ਹਰਪ੍ਰੀਤ ਸਿੰਘ ਜਵੰਦਾ
ਬਹੁ-ਮੰਜਿਲਾਂ ਇਮਾਰਤ ਦੀ ਟੀਸੀ ਵਿਚ ਬਣੇ ਆਲੀਸ਼ਾਨ ਆਫਿਸ ਦੇ ਬਾਥਰੂਮ ਵਿਚ ਮੈਨੂੰ ਕਦੀ ਕਦਾਈਂ ਕੋਈ “ਕਾਕਰੋਚ” ਦਿਸ ਪੈਂਦਾ ਤਾਂ ਹੱਥਾਂ-ਪੈਰਾਂ ਦੀ ਪੈ ਜਾਂਦੀ..ਹੈਰਾਨੀ ਵੀ ਹੁੰਦੀ ਕਿ ਐਨੀ ਸਾਫ ਤੇ ਉੱਚੀ ਜਗ੍ਹਾ..ਫੇਰ ਵੀ ਇੱਥੇ ਕਿੱਦਾਂ ਆ ਗਿਆ!
ਨਿੱਕੇ ਹੁੰਦਿਆਂ ਤੋਂ ਹੀ “ਬੀਜੀ” ਨੇ ਬਸ ਇੱਕੋ ਗੱਲ ਸਮਝਾਈ ਸੀ ਕਿ ਆਪਣਾ-ਆਪ ਅਤੇ ਆਪਣੇ ਰਹਿਣ ਵਾਲੀ ਥਾਂ ਹਮੇਸ਼ਾਂ ਸਾਫ-ਸੁਥਰੀ ਰੱਖਣੀ ਏ..ਇਸ ਗੰਦੇ ਜਾਨਵਰ ਦੀ ਕੀ ਮਜਾਲ ਕਿ ਨੇੜੇ ਵੀ ਫੜਕ ਜਾਵੇ..!
ਫੇਰ ਦੱਸਿਆ ਕਰਦੇ ਕਿ ਜੇ ਕਦੀ ਕਦਾਈਂ ਇਹ ਆਪਣੇ ਨੇੜੇ ਆਉਂਦਾ ਜਾਪੇ ਤਾਂ ਪੈਰੀਂ ਪਾਈ ਚੱਪਲ ਵਰਤ ਲੈਣ ਵਿਚ ਕੋਈ ਬੁਰਾਈ ਨਹੀਂ ਏ..!
ਹੁਣ ਇੱਥੇ ਐਨੀ ਦੂਰ ਮੇਰੀ “ਬੀਜੀ” ਤੇ ਕੋਲ ਹੈ ਨਹੀਂ ਸੀ..ਸੋ ਹਮੇਸ਼ਾਂ ਪਰਸ ਵਿਚ ਇੱਕ “ਸਪਰੇਅ” ਜਰੂਰ ਰੱਖਦੀ..ਕੀ ਪਤਾ ਕਦੋਂ ਲੋੜ ਪੈ ਜਾਵੇ..!
ਅੱਜ ਸਵੇਰ ਤੋਂ ਹੀ ਮੇਰਾ ਧਿਆਨ ਕੰਮ ਤੇ ਨਹੀਂ ਲੱਗ ਰਿਹਾ ਸੀ..
ਅਜੀਬ ਜਿਹੀ ਪ੍ਰੇਸ਼ਾਨੀ ਸੀ..ਜਿਸ ਪ੍ਰੋਮੋਸ਼ਨ ਤੇ ਹਰ ਪੱਖ ਤੋਂ ਮੇਰਾ ਹੀ ਹੱਕ ਬਣਦਾ ਸੀ ਉਹ ਕਿਸੇ ਹੋਰ ਨੂੰ ਕਿੱਦਾਂ ਤੇ ਕਿਓਂ ਦੇ ਦਿੱਤੀ ਗਈ..ਇਹ ਸਵਾਲ ਵਾਰ ਵਾਰ ਹਥੌੜੇ ਵਾਂਗ ਜ਼ਹਿਨ ਵਿਚ ਵੱਜ ਰਿਹਾ ਸੀ?
ਅਖੀਰ ਜਦੋਂ ਨਾ ਹੀ ਰਿਹਾ ਗਿਆ ਤਾਂ ਮੈਨੇਜਰ ਦੇ ਕਮਰੇ ਵਿੱਚ ਚਲੀ ਗਈ..ਤੇ ਇਸ ਨਾਇਨਸਾਫੀ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ!
ਗੱਲਾਂ ਕਰਦਿਆਂ ਮੈਨੂੰ ਇੰਝ ਲੱਗਾ ਜਿੱਦਾਂ ਇੱਕ ਅਜੀਬ ਤਰਾਂ ਦਾ “ਕਾਕਰੋਚ” ਕਿਸੇ ਖੂੰਜੇ ਵਿੱਚੋਂ ਨਿੱਕਲ ਮੇਰੇ ਵੱਲ ਵੱਧ ਰਿਹਾ ਹੋਵੇ..
ਫੇਰ ਘੜੀ ਕੂ ਮਗਰੋਂ ਕੋਟ-ਪੈਂਟ ਪਾਈ ਸੱਜਿਆ-ਧੱਜਿਆ ਓਹੀ “ਕਾਕਰੋਚ” ਮੈਨੂੰ ਆਪਣਾ ਵਜੂਦ ਛੂੰਹਦਾ ਹੋਇਆ ਪ੍ਰਤੀਤ ਹੋਇਆ..!
ਪਹਿਲਾਂ ਤਾਂ ਮੈਂ ਡਰ ਕੇ ਕੰਬਣ ਲੱਗ ਪਈ..ਪਰ ਫੇਰ ਅਚਾਨਕ ਮੈਨੂੰ ਮੇਰੀ ਮਾਂ ਚੇਤੇ ਆ ਗਈ..
ਮੈਂ ਓਸੇ ਵੇਲੇ ਚੱਪਲ ਲਾਹ ਲਈ ਤੇ ਮਾਂ ਦੀ ਆਖੀ ‘ਤੇ ਸਖਤੀ ਨਾਲ ਅਮਲ ਕਰਨਾ ਸ਼ੁਰੂ ਕਰ ਦਿੱਤਾ..
ਮੈਨੂੰ ਇੰਝ ਕਰਦੀ ਨੂੰ ਦੇਖ ਬਾਹਰ ਲੱਗੀ ਭੀੜ ਵਿਚ ਖਲੋਤੇ ਹੋਰ ਵੀ ਕਿੰਨੇ ਸਾਰੇ “ਕਾਕਰੋਚ” ਨਿੱਕਲ-ਨਿੱਕਲ ਨਾਲੀ ਵੱਲ ਨੂੰ ਭੱਜ ਉੱਠੇ..
ਇਹ ਓਹੀ ਕਾਕਰੋਚ ਸਨ ਜਿਹੜੇ ਰੋਜ-ਮਰਾ ਦੀ ਜਿੰਦਗੀ ਵਿਚ ਬੇਸ਼ੱਕ ਮੇਰੇ ਵਜੂਦ ਨੂੰ ਤਾਂ ਕਦੀ ਵੀ ਨਹੀਂ ਸਨ ਛੂਹਿਆ ਕਰਦੇ ਪਰ ਹਰ ਵੇਲੇ ਲਲਚਾਈਆਂ ਨਜਰਾਂ ਨਾਲ ਮੇਰੇ ਜਿਸਮ ਵੱਲ ਤੱਕਦੇ ਰਹਿਣਾ ਓਹਨਾ ਦੀ ਫਿਤਰਤ ਜਿਹੀ ਬਣ ਗਈ ਸੀ!
(ਪੰਜਾਬੀ ਤਰਜੁਮਾ)
ਹਰਪ੍ਰੀਤ ਸਿੰਘ ਜਵੰਦਾ
ਦੱਸਦੇ ਇੱਕ ਵਾਰ ਇੱਕ ਅਰਬਪਤੀ ਬੇਸ਼ੁਮਾਰ ਦੌਲਤ ਛੱਡ ਕੇ ਮਰ ਗਿਆ।
ਮਗਰੋਂ ਜੁਆਨ ਪਤਨੀ ਨੇ ਇੱਕ ਨੌਕਰ ਨਾਲ ਵਿਆਹ ਕਰਵਾ ਲਿਆ..ਘੋੜਿਆਂ ਦੀਆਂ ਲਿੱਦਾਂ ਸਾਫ ਕਰਦਾ ਉਹ ਰਾਤੋ ਰਾਤ ਸਾਰੀ ਦੌਲਤ ਦਾ ਮਲਿਕ ਬਣ ਗਿਆ।
ਇੱਕ ਦਿਨ ਆਖਣ ਲੱਗਾ ਕੇ ਤੇਰੇ ਘਰ ਵਾਲੇ ਕੋਲੋਂ ਝਿੜਕਾਂ ਖਾਂਦਾ ਹੋਇਆ ਅਕਸਰ ਹੀ ਸੋਚਦਾ ਹੁੰਦਾ ਸਾਂ ਕੇ ਸ਼ਾਇਦ ਸਾਰੀ ਉਮਰ ਉਸ ਵਾਸਤੇ ਕੰਮ ਕਰਦਾ ਕਰਦਾ ਹੀ ਮਰ ਜਾਵਾਂਗਾ।
ਪਰ ਹੁਣ ਪਤਾ ਲੱਗਾ ਕੇ ਮੈਂ ਉਸਦੇ ਲਈ ਨਹੀਂ ਸਗੋਂ ਓਹ ਮੇਰੇ ਲਈ ਦੌਲਤ ਕੱਠੀ ਕਰਦਾ ਕਰਦਾ ਮਰ ਗਿਆ।
ਰਿਸ਼ਤੇਦਾਰੀ ਵਿਚ ਸਰਦੇ ਪੁੱਜਦੇ ਘਰੋਂ ਔਰਤ..ਦੁੱਧ ਰਿੜਕ ਕੇ ਬਾਕੀ ਬਚੀ ਲੱਸੀ ਤੱਕ ਵੀ ਵੇਚ ਲਿਆ ਕਰਦੀ ਸੀ।
ਇੱਕ ਵਾਰ ਸੌਣ ਭਾਦਰੋਂ ਦੇ ਚੋਮਾਸੇ ਵਿਚ ਟਾਂਗੇ ਦਾ ਕਿਰਾਇਆ ਬਚਾਉਣ ਖਾਤਿਰ ਪੈਦਲ ਤੁਰਨ ਵਾਲਾ ਪੰਗਾ ਲੈ ਲਿਆ ਤੇ ਮੁੜਕੇ ਚੜੇ ਬੁਖਾਰ ਨਾਲ ਦਿਨਾਂ ਵਿਚ ਹੀ ਮੁੱਕ ਗਈ।
ਘਰਵਾਲੇ ਨੇ ਦੂਜਾ ਵਿਆਹ ਕਰਵਾ ਲਿਆ ਤੇ ਨਿਆਣਿਆਂ ਨੇ ਸਰਫ਼ੇ ਕਰ ਕਰ ਕੱਠੀ ਕੀਤੀ ਹੋਈ ਦੇ ਦਿੰਨਾਂ ਵਿਚ ਹੀ ਬਖੀਏ ਉਧੇੜ ਸੁੱਟੇ..!
ਪੰਜਾਹ ਕੂ ਸਾਲ ਪਹਿਲਾਂ “ਆਨੰਦ”ਨਾਮ ਦੀ ਹਿੰਦੀ ਫਿਲਮ ਆਈ ਸੀ।
ਡਾਕਟਰਾਂ ਹੀਰੋ ਨੂੰ ਆਖ ਦਿੱਤਾ ਹੁੰਦਾ ਕੇ ਸਿਰਫ ਛੇ ਮਹੀਨੇ ਬਾਕੀ ਬਚੇ ਨੇ ਤੇਰੀ ਜਿੰਦਗੀ ਦੇ।
ਏਨੀ ਗੱਲ ਸੁਣ ਫੇਰ ਬਾਕੀ ਰਹਿੰਦੇ ਛੇ ਮਹੀਨੇ ਜਿੱਦਾਂ ਲੰਗਾਉਂਦਾ ਏ..ਹੰਜੂ ਆ ਜਾਂਦੇ ਨੇ ਦੇਖ ਕੇ..ਜੇ ਮੌਕਾ ਲੱਗੇ ਤਾਂ ਜਰੂਰ ਦੇਖਿਓ।
ਫਿਲਮ ਦਾ ਇੱਕ ਡਾਇਲਾਗ ਸੀ ਕੇ “ਜਿੰਦਗੀ ਲੰਮੀਂ ਨਹੀਂ ਵੱਡੀ ਹੋਣੀ ਚਾਹੀਦੀ”..ਮਤਲਬ ਕੰਜੂਸੀਆਂ ਕਰ ਕਰ ਲੰਘਾਏ ਸੋਂ ਵਰ੍ਹਿਆਂ ਨਾਲੋਂ ਖੁੱਲ ਕੇ ਮਾਣੇ ਹੋਏ ਪੰਜਾਹ ਸਾਲ ਕਈ ਗੁਣਾ ਜਿਆਦਾ ਬੇਹਤਰ ਹੁੰਦੇ ਨੇ।
ਜਿੰਦਗੀ ਇੱਕ ਸੰਖੇਪ ਜਿਹੀ ਯਾਤਰਾ ਹੈ।
ਜਵਾਨੀ ਦਾ ਨਸ਼ਾ ਅਜੇ ਪੂਰੀ ਚੜਿਆਂ ਵੀ ਨਹੀਂ ਹੁੰਦਾ ਕੇ ਬਾਹਰ ਗਲੀ ਵਿਚ ਬੁਢੇਪਾ ਗੇੜੇ ਮਾਰਨ ਲੱਗ ਪੈਂਦਾ ਏ..ਲੰਮੇ ਚੌੜੇ ਹਿਸਾਬ ਕਿਤਾਬਾਂ ਵਿਚ ਪਏ ਨੂੰ ਹੋਸ਼ ਹੀ ਨਹੀਂ ਰਹਿੰਦੀ ਕੇ ਕਿੰਨੇ ਕੀਮਤੀ ਪਲ ਅਜਾਈਂ ਗਵਾ ਦਿੱਤੇ ਨੇ।
ਇੱਕ ਇੱਕ ਮਿੰਟ ਨੂੰ ਮਾਣਨਾ ਹੀ ਜਿੰਦਗੀ ਏ..ਜੇ ਕਦੀ ਬੰਦ ਕਮਰੇ ਵਿਚ ਬੈਠਿਆਂ ਸਾਹ ਘੁਟਦਾ ਹੋਵੇ ਤਾਂ ਖੁੱਲੇ ਆਸਮਾਨ ਹੇਠ ਬਾਹਰ ਨਿੱਕਲ ਕੁਦਰਤ ਦ੍ਵਾਰਾ ਸਿਰਜ ਹੋਈਆਂ ਅਨੇਕਾਂ ਨੇਮਤਾਂ ਦੇ ਦਰਸ਼ਨ ਮੇਲੇ ਕਰ ਲੈਣੇ ਹੀ ਸਿਆਣਪ ਏ।
ਮਨੁੱਖ ਅਜੇ ਉਹ ਸਿਸਟਮ ਇਜਾਦ ਨਹੀਂ ਕਰ ਸਕਿਆ ਕੇ ਕੁਝ ਕਰੋੜ ਰੁਪਈਏ ਖਰਚ ਕੇ ਉੱਪਰ ਬੈਠੇ ਕੋਲੋਂ ਜਿੰਦਗੀ ਦੇ ਕੁਝ ਹੋਰ ਸਾਲ ਮੁੱਲ ਲੈ ਸਕਦਾ ਹੋਵੇ..!
ਦਿਨ ਦੀ ਲੰਬਾਈ ਚੋਵੀ ਤੋਂ ਅਠਤਾਲੀ ਘੰਟੇ ਤੱਕ ਕਰਨੀ ਵੀ ਅਜੇ ਤੱਕ ਕਿਸੇ ਦੇ ਵੱਸ ਵਿੱਚ ਨਹੀਂ ਹੋਈ..
ਜੇ ਆਪਣੀ ਬਿਮਾਰੀ ਦੀ ਪੰਡ ਪੈਸੇ ਦੇ ਕੇ ਕਿਸੇ ਹੋਰ ਦੇ ਸਿਰ ਚੁਕਾਈ ਜਾ ਸਕਦੀ ਹੁੰਦੀ ਤਾਂ ਜੇਤਲੀ,ਵਾਜਪਾਈ ਅਤੇ ਸੁਸ਼ਮਾ ਸਵਰਾਜ ਨਾਮ ਦੇ ਪ੍ਰਾਣੀ ਅੱਜ ਸਟੇਜਾਂ ਤੇ ਭਾਸ਼ਣ ਦੇ ਰਹੇ ਹੁੰਦੇ..!
ਉੱਪਰੋਂ ਵਾਜ ਪਈ ਤੇ ਲੱਖਪਤੀ ਨੂੰ ਵੀ ਜਾਣਾ ਪੈਂਦਾ ਤੇ ਕੱਖ ਪਤੀ ਨੂੰ ਵੀ..
ਜਿਆਦਾਤਰ ਵੇਖਿਆ ਗਿਆ ਏ ਕੇ ਦਸੇ ਉਂਗਲਾਂ ਵਿੱਚ ਤਰਾਂ ਤਰਾਂ ਦੀਆਂ ਨਗ ਮੁੰਦਰੀਆਂ ਪਾਈ ਖਲੋਤੇ ਅਨੇਕਾਂ ਧਨ ਕੁਬੇਰ ਸਰੀਰ ਛੱਡਣ ਲੱਗਿਆ ਬੜੇ ਹੀ ਔਖੇ ਹੁੰਦੇ ਨੇ..ਮੜੀਆਂ ਤੱਕ ਬੱਸ ਇਹੋ ਝੋਰਾ ਖਾਈ ਜਾਂਦਾ ਏ ਕੇ ਕਾਸ਼ ਕੁਝ ਸਾਲ ਹੋਰ ਮਿਲ ਗਏ ਹੁੰਦੇ..!
ਮਰਦੇ ਦਮ ਤੱਕ ਦੌਲਤ ਇਕੱਠੀ ਕਰਨ ਵਾਲੇ ਜਨੂੰਨ ਦਾ ਵਧਦੇ ਹੀ ਜਾਣਾ ਇੱਕ ਤਰਾਂ ਨਾਲ ਕੁਦਰਤ ਵੱਲੋਂ ਕਰੋਪੀ ਦੇ ਤੌਰ ਤੇ ਇਨਸਾਨ ਨੂੰ ਮਾਰੀ ਇੱਕ ਐਸੀ ਡਾਂਗ ਹੁੰਦੀ ਏ ਜਿਹੜੀ ਖੜਾਕ ਨਹੀਂ ਕਰਦੀ..ਬੱਸ ਚੁੱਪ ਚੁਪੀਤੇ ਹੀ ਵੱਜਦੀ ਏ!
ਜੇ ਦੌਲਤ ਕਮਾਉਣੀ ਸਾਡਾ ਬੁਨਿਆਦੀ ਫਰਜ ਹੈ ਤਾਂ ਖੂਨ ਪਸੀਨਾ ਵਹਾ ਕੇ ਕੀਤੀ ਹੋਈ ਇਸ ਹੱਕ ਹਲਾਲ ਦੀ ਕਮਾਈ ਦਾ ਜਿਉਂਦੇ ਜੀ ਸਭਿਅਕ ਤਰੀਕੇ ਨਾਲ ਸੁੱਖ ਮਾਨਣਾ ਵੀ ਸਾਡਾ ਹੱਕ ਹੈ..
ਖੁੱਲ ਕੇ ਜੀਣਾ,ਚੜ੍ਹਦੀ ਕਲਾ ਵਿਚ ਰਹਿਣਾ ਅਤੇ ਬਾਕੀਆਂ ਨੂੰ ਵੀ ਖੁਸ਼ ਰੱਖਣਾ ਹੀ ਜਿੰਦਗੀ ਏ..
ਨਕਾਰਾਤਮਕ ਸੋਚ ਵਾਲਾ ਰੋਗ ਜਿਸਨੂੰ ਚੰਬੜ ਜਾਂਦਾ ਏ ਉਸਨੂੰ ਹੱਸਦੇ ਹੋਏ ਬਾਕੀ ਲੋਕ ਜਹਿਰ ਲੱਗਦੇ ਨੇ..ਉਹ ਹਮੇਸ਼ਾਂ ਐਸਾ ਮਾਹੌਲ ਸਿਰਜਣ ਬਾਰੇ ਸੋਚਦਾ ਰਹਿੰਦਾ ਜਿਥੇ ਹਮੇਸ਼ਾਂ ਗਮਗੀਨ ਸੱਥਰ ਵਿਛੇ ਰਹਿਣ..!
ਸੋ ਨਕਾਰਾਤਮਕ ਲੋਕ ਅਤੇ ਨਕਾਰਾਤਮਕ ਸੋਚ ਤੋਂ ਹਮੇਸ਼ਾਂ ਦੂਰੀ ਬਣਾਈ ਰੱਖੋ..ਯਕੀਨ ਮੰਨਿਓਂ ਮਿੱਠਾ ਜਿਹਾ ਸੁਨੇਹਾ ਦਿੰਦੀ ਇੱਕ ਵੱਖਰੀ ਜਿਹੀ ਸੁਵੇਰ ਜਰੂਰ ਹੀ ਦਸਤਕ ਦੇਵੇਗੀ..!
ਤਿੰਨ ਦਹਾਕੇ ਪਹਿਲਾਂ ਡੀਏਵੀ ਸਕੂਲ ਬਟਾਲੇ ਇੱਕ ਸਾਇੰਸ ਮਾਸਟਰ ਸ੍ਰ ਸਵਰਨ ਸਿੰਘ ਹੋਇਆ ਕਰਦੇ ਸਨ..
ਅਕਸਰ ਆਖਿਆ ਕਰਦੇ ਸਨ ਕੇ ਜਿੰਦਗੀ ਵਿੱਚ ਦੋ ਗੱਲਾਂ ਹਮੇਸ਼ਾਂ ਯਾਦ ਰਖਿਓ..
ਨੰਬਰ ਇੱਕ:
ਮਨੁੱਖ ਇਸ ਦੁਨੀਆ ਵਿੱਚ ਹਮੇਸ਼ਾਂ ਕੱਲਾ ਆਉਂਦਾ ਤੇ ਕੱਲਾ ਹੀ ਵਾਪਿਸ ਜਾਂਦਾ ਏ..
ਨੰਬਰ ਦੋ:
ਮਨੁੱਖ ਖਾਲੀ ਹੱਥ ਆਉਂਦਾ ਏ ਤੇ ਮੁੜਦਾ ਵੀ ਖਾਲੀ ਹੱਥ ਹੀ..!
ਹਰਪ੍ਰੀਤ ਸਿੰਘ ਜਵੰਦਾ
ਮੇਰੇ ਬਾਪ ਨੂੰ ਉਸਦੇ ਪੱਕੇ ਰੰਗ ਕਰਕੇ ਕਈ ਵਾਰ ਮੇਹਣੇ ਸੁਣਨੇ ਪੈਂਦੇ..
ਉਹ ਚੇਤਰ ਵਸਾਖ ਦੀਆਂ ਧੁੱਪਾਂ ਵਿਚ ਕਣਕ ਦੀ ਗਹਾਈ ਕਰਦਾ..ਪੋਹ ਮਾਘ ਦੀਆਂ ਰਾਤਾਂ ਨੂੰ ਨੱਕੇ ਮੋੜਦਾ..ਉਸਨੂੰ ਮੰਡੀ ਗਏ ਨੂੰ ਕਿੰਨੇ ਕਿੰਨੇ ਦਿਨ ਝੋਨੇ ਅਤੇ ਕਣਕ ਦੀ ਰਾਖੀ ਕਰਨੀ ਪੈਂਦੀ!
ਨਵੀਂ ਲਿਆਂਦੀ ਨਾਲਦੀ ਯਾਨੀ ਕੇ ਮੇਰੀ ਦੂਜੀ ਮਾਂ ਕਈ ਵਾਰ ਜਦੋਂ ਕਿਸੇ ਗੱਲੋਂ ਲੜ ਪਿਆ ਕਰਦੀ ਤੇ ਆਖਦੀ ਮੈਨੂੰ ਤੇ ਕਈ ਵਧੀਆ ਵਧੀਆ ਰਿਸ਼ਤੇ ਆਉਂਦੇ ਸਨ..ਪਤਾ ਨੀ ਮੇਰੇ ਪਿਓ ਨੂੰ ਤੇਰੇ “ਦੁਹਾਜੂ” ਵਿਚ ਕੀ ਦਿਸਿਆ!
ਦੋਹਾਂ ਦੀ ਉਮਰ ਵਿਚ ਵੀ ਦਸ ਬਾਰਾਂ ਵਰ੍ਹਿਆਂ ਦਾ ਫਰਕ ਸੀ..ਉਹ ਅੱਗੋਂ ਚੁੱਪ ਰਹਿੰਦਾ..ਪਰ ਅੰਦਰੋਂ ਅੰਦਰੀ ਉਸਦੇ ਕਾਲਜੇ ਦਾ ਰੁਗ ਭਰਿਆ ਜਾਂਦਾ!
ਇਸ ਵੇਲੇ ਉਸਨੂੰ ਪਹਿਲੀ ਬੜਾ ਚੇਤੇ ਆਉਂਦੀ ਲੱਗਦੀ..ਮੇਰੀ ਅਸਲ ਮਾਂ ਸੁਬਾਹ ਦੀ ਬੜੀ ਹੀ ਚੰਗੀ ਸੀ..ਹਮੇਸ਼ਾਂ ਕੰਮ ਹੀ ਕਰਦੀ ਰਹਿੰਦੀ..ਇਕ ਦਿਨ ਦੁਪਹਿਰੇ ਗੋਹਾ ਫੇਰਦੀ ਨੂੰ ਐਸਾ ਦਿਮਾਗੀ ਬੁਖਾਰ ਚੜਿਆ ਕੇ ਮੁੜ ਪੈਰਾਂ ਸਿਰ ਨਾ ਹੋ ਸਕੀ!
ਪਿੱਛੇ ਛੱਡ ਗਈ ਦੋ ਧੀਆਂ..ਮੈਂ ਤੇ ਉਦੋਂ ਮਸੀ ਚਾਰ ਸਾਲ ਦੀ ਵੀ ਨਹੀਂ ਸੀ ਹੋਈ..ਮੈਨੂੰ ਪਿਓ ਨਾਲ ਸੌਣ ਦੀ ਆਦਤ ਸੀ..
ਪਰ ਨਵੀਂ ਆਈ ਨੇ ਮੈਨੂੰ ਵੱਖਰਾ ਪਾਉਣਾ ਸ਼ੁਰੂ ਕਰ ਦਿੱਤਾ..ਮੈਂ ਕਿੰਨਾ ਕਿੰਨਾ ਚਿਰ ਮੰਜੇ ਤੇ ਪਈ ਰੋਂਦੀ ਰਹਿੰਦੀ..ਪਿਓ ਨੂੰ ਵਾਜਾਂ ਮਾਰਦੀ..ਫੇਰ ਵੱਡੀ ਭੈਣ ਮੈਨੂੰ ਥਾਪੜ ਕੇ ਸਵਾਂ ਦਿਆ ਕਰਦੀ..
ਮੈਂ ਫੇਰ ਵੀ ਅੱਧੀ ਰਾਤ ਉੱਠ ਜਾ ਪਿਓ ਦਾ ਬੂਹਾ ਖੜਕਾਉਂਦੀ..ਅੱਗੋਂ ਨਵੀਂ ਮੈਨੂੰ ਝਿੜਕਾਂ ਦੇ ਕੇ ਬਾਹਰ ਕੱਢ ਦਿਆ ਕਰਦੀ..ਇੱਕ ਵਾਰ ਉਸ ਨੇ ਮੈਨੂੰ ਚਪੇੜ ਵੀ ਕੱਢ ਮਾਰੀ..ਮੈਂ ਅੱਖਾਂ ਮਲਦੀ ਹੋਈ ਨੇ ਅੰਦਰ ਪਿਓ ਵੱਲ ਤੱਕਿਆ..ਪਰ ਉਸ ਨੇ ਧਿਆਨ ਦੂਜੇ ਪਾਸੇ ਕਰ ਲਿਆ!
ਫੇਰ ਨਵੀਂ ਮਾਂ ਵਿਚੋਂ ਇੱਕ ਮੁੰਡਾ ਹੋਇਆ..
ਕਿੰਨੀ ਸਾਰੀ ਖੁਸ਼ੀ ਮਨਾਈ..ਅਸੀਂ ਦੋਵੇਂ ਹੋਰ ਪਿੱਛੇ ਪਾ ਦਿੱਤੀਆਂ ਗਈਆਂ..ਕਈ ਵਾਰ ਨਿੱਕੇ ਵੀਰ ਨੂੰ ਚਾਅ ਨਾਲ ਚੁੱਕਣ ਲੱਗਦੀਆਂ ਤਾਂ ਰੋਕ ਦਿੱਤਾ ਜਾਂਦਾ!
ਅਸੀਂ ਆਪਣੇ ਬਾਪ ਵੇਖਦੀਆਂ ਪਰ ਉਹ ਬੇਬੱਸ ਸੀ..ਸਾਡਾ ਦੁੱਖ ਦਰਦ ਸਮਝਦਾ ਸੀ..ਪਰ ਸ਼ਾਇਦ ਕਲੇਸ਼ ਤੋਂ ਡਰਦਾ ਕੁਝ ਨਹੀਂ ਸੀ ਕਰ ਸਕਦਾ..!
ਫੇਰ ਵੀ ਲੁਕ-ਛਿਪ ਕੇ ਸਾਨੂੰ ਦੋਹਾਂ ਨੂੰ ਪਲੋਸ ਦਿਆ ਕਰਦਾ..!
ਅਸੀਂ ਦੋਵੇਂ ਪਿੰਡ ਦੇ ਸਰਕਾਰੀ ਸਕੂਲ ਜਾਇਆ ਕਰਦੀਆਂ ਪਰ ਨਿੱਕੇ ਨੂੰ ਸਪੈਸ਼ਲ ਸ਼ਹਿਰੋਂ ਬੱਸ ਲੈਣ ਆਇਆ ਕਰਦੀ!
ਦੋਵੇਂ ਸਕੂਲੋਂ ਆਉਂਦੀਆਂ ਤਾਂ ਜੂਠੇ ਭਾਂਡਿਆਂ ਅਤੇ ਗੰਦੇ ਲੀੜਿਆਂ ਦਾ ਢੇਰ ਸਾਨੂੰ ਉਡੀਕ ਰਿਹਾ ਹੁੰਦਾ!
ਫੇਰ ਇੱਕ ਦਿਨ ਸ਼ਹਿਰੋਂ ਆਉਂਦੇ ਦਾ ਐਕਸੀਡੈਂਟ ਹੋ ਗਿਆ..ਉਸਨੂੰ ਮੰਜੀ ਤੇ ਪਾ ਕੇ ਘਰੇ ਲਿਆਏ..ਮੈਂ ਖਹਿੜੇ ਪੈ ਗਈ ਮੰਜੇ ਤੇ ਪਏ ਨਾਲੋਂ ਵੱਖ ਨਾ ਹੋਵਾਂ..ਲੋਕਾਂ ਜਬਰਦਸਤੀ ਅੱਡ ਕੀਤਾ..ਸੰਸਕਾਰ ਕਰਨ ਚੱਲੇ ਤਾਂ ਫੇਰ ਅੱਗੇ ਲੇਟ ਗਈ..ਆਖਿਆ ਮੈਂ ਵੀ ਨਾਲ ਜਾਣਾ ਏ..!
ਫੇਰ ਫੁਲ ਚੁਗੇ ਗਏ..ਭੋਗ ਪੈ ਗਿਆ ਤੇ ਦੁਨੀਆਂ ਆਪੋ ਆਪਣੇ ਧੰਦਿਆਂ ਵਿਚ ਰੁਝ ਗਈ..!
ਨਵੀਂ ਜਮੀਨ ਦਾ ਹਿਸਾਬ ਕਰ ਆਪਣੇ ਰਾਹ ਪਈ!
ਭਵਿੱਖ ਸਾਡੇ ਦੋਹਾਂ ਭੈਣਾਂ ਅੱਗੇ ਸਵਾਲੀਆਂ ਨਿਸ਼ਾਨ ਬਣ ਖਲੋ ਗਿਆ..ਫੇਰ ਮੈਨੂੰ ਨਾਨਕੇ ਛੱਡ ਆਏ..ਤੇ ਵੱਡੀ ਭੈਣ ਚਾਚੇ ਹੁਰਾਂ ਰੱਖ ਲਈ..ਨਾਨਕੇ ਮੇਰਾ ਜੀ ਨਾ ਲਗਿਆ ਕਰੇ..ਮੈਨੂੰ ਥਾਪੜਨ ਵਾਲੀ ਭੈਣ ਮੇਰੇ ਕੋਲ ਨਹੀਂ ਸੀ..ਕਦੀ ਕਦੀ ਆਉਂਦੀ..ਫੇਰ ਉਸਦਾ ਚੇਤਾ ਜਿਹਾ ਭੁੱਲ ਗਿਆ..!
ਥੋੜੀ ਵੱਡੀ ਹੋਈ ਤਾਂ ਮਾਮਾ ਮੈਨੂੰ ਆਪਣੇ ਕੋਲ ਕਨੇਡਾ ਲੈ ਆਇਆ..
ਬਚਪਨ ਤੇ ਜਵਾਨੀ ਦਾ ਚੜਾਅ ਏਨੇ ਤੂਫ਼ਾਨਾਂ ਅਤੇ ਜਵਾਰ-ਭਾਟੇਆਂ ਥਾਣੀ ਹੋ ਕੇ ਗੁਜਰਿਆ ਕੇ ਮਾਮੀ ਦੀਆਂ ਝਿੜਕਾਂ ਮੈਨੂੰ ਆਮ ਜਿਹੀ ਗੱਲ ਲੱਗਦੀ..ਕੁਝ ਆਖਦੇ ਮੈਂ ਢੀਠ ਹੋ ਗਈ ਸਾਂ!
ਉਮਰੋਂ ਪਹਿਲਾਂ ਹੀ ਜਿੰਦਗੀ ਦੀ ਸਮਝ ਆ ਗਈ..ਮੇਰੇ ਕੋਲ ਦੋ ਰਾਹ ਸਨ..
ਇੱਕ ਤੇ ਆਪਣੇ ਨਾਲ ਹੋਈ ਦਾ ਕਿਸੇ ਹੋਰ ਕੋਲੋਂ ਬਦਲਾ ਲੈਂਦੀ ਤੇ ਜਾਂ ਫੇਰ ਕਿਸੇ ਆਪਣੇ ਵਰਗੇ ਹਾਲਾਤਾਂ ਦੇ ਮਾਰੇ ਦੀ ਹਾਣਂ ਬਣ ਮਦਤ ਕਰਦੀ!
ਹੁਣ ਮੇਰੇ ਲਈ ਚਮੜੀ ਦਾ ਰੰਗ,ਪੈਸੇ,ਜਮੀਨ ਜਾਇਦਾਤ,ਦੌਲਤ ਸ਼ੋਹਰਤ,ਦਿਖਾਵਾ..ਕੋਈ ਚੀਜ ਵੀ ਏਨੀ ਜਿਆਦਾ ਮੈਨੇ ਨਹੀਂ ਰੱਖਦੀ ਸੀ..ਆਪਣੇ ਜ਼ਿਹਨ ਅਤੇ ਵਜੂਦ ਨੂੰ ਲੋੜ ਜੋਗੇ ਪੈਸੇ ਕਮਾਉਣ ਦੇ ਕਾਬਿਲ ਬਣਾਇਆ..ਬਹੁਤ ਕੁਝ ਸੋਚਣ ਸਮਝਣ ਮਗਰੋਂ ਇੱਕ ਐਸੇ ਦੁਹਾਜੂ ਨਾਲ ਲਾਵਾਂ ਲਈਆਂ ਜਿਸਦੀ ਪਹਿਲੀ ਵਹੁਟੀ ਇੱਕ ਨਿੱਕਾ ਜਿਹਾ ਬੱਚਾ ਛੱਡ ਕਿਸੇ ਹੋਰ ਨਾਲ ਰਹਿਣ ਚਲੀ ਗਈ ਸੀ..
ਰੰਗ ਦਾ ਭਾਵੇਂ ਥੋੜਾ ਪੱਕਾ ਈ ਏ ਪਰ ਸੁਭਾ ਦਾ ਐਸਾ ਜਿੱਦਾਂ ਤਪਦੇ ਰੇਗਿਸਤਾਨ ਵਿਚ ਠੰਡੀ ਹਵਾ ਦਾ ਬੁੱਲ੍ਹਾ..!
“ਦੁਹਾਜੂ” ਹੋਣਾ ਮਾੜਾ ਨਹੀਂ..ਮਾੜਾ ਹੁੰਦਾ ਏ ਕਿਸੇ ਹਲਾਤਾਂ ਦੇ ਮਾਰੇ ਜਿਉਂਦੇ ਜਾਗਦੇ ਇਨਸਾਨ ਨੂੰ ਤੋਹਮਤਾਂ ਦੀ ਪੰਡ ਚੁਕਾ ਉਸਦੀ ਜਿੰਦਗੀ ਨਰਕ ਬਣਾ ਦੇਣੀ!
Harpreet Singh Jawanda