Sub Categories
ਫੁੱਟਦੀ ਹੋਈ ਮੁੱਛ ਦੀ ਹਲਕੀ ਜਿਹੀ ਕਾਲੋਂ ਜਦੋਂ ਪਹਿਲੀ ਵਾਰ ਮੈਨੂੰ ਕੰਧ ਤੇ ਟੰਗੇ ਸ਼ੀਸ਼ੇ ਵਿਚ ਸਾਫ ਸਾਫ ਨਜਰੀ ਪਈ ਤਾਂ ਇੰਝ ਲੱਗਾ ਜਿੱਦਾਂ ਜਵਾਨੀ ਦੇ ਵਗਦੇ ਹੋਏ ਖੂਨ ਨੇ ਪਹਿਲੀ ਵਾਰ ਉਬਾਲਾ ਜਿਹਾ ਖਾਦਾ ਹੋਵੇ..!
ਮੈਨੂੰ ਉਸ ਦਿਨ ਮਗਰੋਂ ਸਾਈਕਲ ਤੇ ਕਾਲਜ ਜਾਣਾ ਬਿਲਕੁਲ ਵੀ ਚੰਗਾ ਨਾ ਲੱਗਾ..
ਕਹਾਣੀ ਹੋਰ ਵੀ ਜਿਆਦਾ ਓਦੋਂ ਵਿਗੜ ਜਾਇਆ ਕਰਦੀ ਜਦੋਂ ਕਾਹਲੀ ਨਾਲ ਪੈਡਲ ਮਾਰਦੇ ਹੋਏ ਦੀ ਕਰੀਜਾਂ ਵਾਲੀ ਪੈਂਟ ਮੁੜਕੇ ਨਾਲ ਗੋਡਿਆਂ ਤੋਂ ਗਿੱਲੀ ਹੋ ਜਾਇਆ ਕਰਦੀ..
ਕਈ ਵਾਰ ਪਿੱਛਿਓਂ ਮੋਪਡ ਤੇ ਚੜੀ ਆਉਂਦੀ ਉਹ ਜਦੋਂ ਬਰੋਬਰ ਜਿਹੀ ਹੋ ਕੇ ਮੇਰੇ ਵੱਲ ਤੱਕਦੀ ਤੇ ਫੇਰ ਹਲਕਾ ਜਿਹਾ ਮੁਸਕੁਰਾ ਕੇ ਥੋੜੀ ਜਿਹੀ ਰੇਸ ਦੇ ਕੇ ਘੜੀਆਂ-ਪਲਾਂ ਵਿਚ ਹੀ ਮੈਨੂੰ ਕਿੰਨਾ ਪਿੱਛੇ ਛੱਡ ਦਿਆ ਕਰਦੀ ਤਾਂ ਭਾਪਾ ਜੀ ਦੀ ਕੰਜੂਸੀ ਤੇ ਬੜੀ ਜਿਆਦਾ ਖਿਝ ਚੜ ਜਾਂਦੀ!
ਅਖੀਰ ਮੇਰੇ ਵਾਰ ਵਾਰ ਖਹਿੜੇ ਪੈਣ ਤੇ ਇੱਕ ਦਿਨ ਓਹਨਾ ਆੜਤੀਆਂ ਕੋਲੋਂ ਕਰਜਾ ਚੁੱਕ ਮੇਰੇ ਜੋਗਾ ਹੀਰੋ-ਹਾਂਡਾ ਲੈ ਹੀ ਆਂਦਾ..!
ਬਾਪੂ ਹੋਰਾਂ ਦਾ ਇੱਕ ਬੜਾ ਹੀ ਪੱਕਾ ਅਸੂਲ ਸੀ..ਮੈਨੂੰ ਕਦੀ ਵੀ ਪਾਟੀ ਬੁਨੈਣ ਅਤੇ ਪਾਟੀਆਂ ਜੁਰਾਬਾਂ ਨਹੀਂ ਸਨ ਪਾਉਣ ਦੀਆ ਕਰਦੇ..ਆਖਦੇ ਇੰਝ ਦੀਆਂ ਚੀਜਾਂ ਬਦਕਿਸਮਤੀ ਦੀ ਨਿਆਮਤ ਹੁੰਦੀਆਂ ਨੇ..!
ਓਸੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਯਾਰਾਂ ਦੋਸਤਾਂ ਨਾਲ ਮੋਟਰ ਸਾਈਕਲ ਤੇ ਪਾਊਂਟਾਂ ਸਾਬ ਜਾਣ ਦਾ ਪ੍ਰੋਗਰਾਮ ਬਣਾ ਲਿਆ..ਖਰਚੇ ਪਾਣੀ ਲਈ ਹਰੇਕ ਦੇ ਹਿੱਸੇ ਪੰਜ ਪੰਜ ਹਜਾਰ ਆਏ..!
ਘਰੇ ਆ ਕੇ ਗੱਲ ਕੀਤੀ..ਤਾਂ ਉਹ ਸੋਚੀ ਪੈ ਗਏ..ਦੋ ਮਹੀਨੇ ਮਗਰੋਂ ਧਰੇ ਭੈਣ ਦੇ ਵਿਆਹ ਦਾ ਖਿਆਲ ਆ ਗਿਆ ਸੀ ਸ਼ਾਇਦ..!
ਉਹ ਕਿੰਨਾ ਚਿਰ ਮੰਜੇ ਤੇ ਹੀ ਬੈਠੇ ਰਹੇ ਫੇਰ ਬੂਟ ਲਾਹ ਮੰਜੇ ਥੱਲੇ ਵਾੜ ਦਿੱਤੇ ਤੇ ਘੜੀ ਕੂ ਮਗਰੋਂ ਖਿਆਲਾਂ ਵਿਚ ਡੁੱਬੇ ਹੋਏ ਹੀ ਬਾਹਰ ਨੂੰ ਨਿੱਕਲ ਤੁਰੇ..
ਪਤਾ ਨੀ ਉਸ ਦਿਨ ਮੇਰੇ ਦਿਮਾਗ ਵਿਚ ਕੀ ਆਇਆ..
ਕੋਲ ਮੰਜੇ ਹੇਠ ਪਏ ਬੂਟਾਂ ਅੰਦਰੋਂ ਓਹਨਾ ਦੀਆਂ ਜੁਰਾਬਾਂ ਕੱਢ ਲਈਆਂ..ਹੈਰਾਨ ਰਹਿ ਗਿਆ..ਉਂਗਲਾਂ ਤੋਂ ਸਾਰੀਆਂ ਹੀ ਪਾਟੀਆਂ ਪਈਆਂ ਸਨ..ਜੁੱਤੀ ਦਾ ਤਲਾ ਵੀ ਪੂਰੀ ਤਰਾਂ ਘਸਿਆ ਹੋਇਆ ਸੀ!
ਕੁਝ ਹੋਰ ਵੇਖਣ ਦੀ ਜਗਿਆਸਾ ਵਿਚ ਕੋਲ ਹੀ ਅਲਮਾਰੀ ਵਿਚ ਪਈਆਂ ਓਹਨਾ ਦੀਆਂ ਬੁਨੈਣਾਂ ਤੇ ਵੀ ਝਾਤ ਮਾਰ ਲਈ..ਥਾਂ ਥਾਂ ਤੇ ਪਏ ਹੋਏ ਮਘੋਰੇ ਅਜੀਬ ਜਿਹੀ ਕਹਾਣੀ ਬਿਆਨ ਕਰ ਰਹੇ ਸਨ..!
ਕੱਪੜੇ ਕੱਢਦਿਆਂ ਹੇਠਾਂ ਡਿੱਗ ਪਈ ਓਹਨਾ ਦੀ ਅਕਸਰ ਹੀ ਬੰਨੀ ਜਾਂਦੀ ਪੱਗ ਵੀ ਧਿਆਨ ਨਾਲ ਦੇਖੀ..
ਸਿਉਣ ਥਾਂ-ਥਾਂ ਤੋਂ ਉਧੜੀ ਪਈ ਸੀ..ਪੌਂਚਿਆਂ ਤੋਂ ਘਸੀਆਂ ਪੈਂਟਾਂ ਅਤੇ ਟਾਕੀਆਂ ਲੱਗੇ ਪੂਰਾਣੇ ਕੋਟ ਅਤੇ ਹੋਰ ਵੀ ਕਿੰਨਾ ਕੁਝ..!
ਹਮੇਸ਼ਾਂ ਹੱਸਦੇ ਰਹਿੰਦੇ ਆਪਣੇ ਭਾਪਾ ਜੀ ਅਸਲੀਅਤ ਵੇਖ ਦਿਮਾਗ ਸੁੰਨ ਜਿਹਾ ਹੋ ਗਿਆ..
ਇੰਝ ਲਗਿਆ ਜਿੱਦਾਂ ਹੁਣ ਤੱਕ ਦੀਆਂ ਮੇਰੀਆਂ ਸਾਰੀਆਂ ਬਦ-ਕਿਸ੍ਮਤੀਆਂ ਓਹਨਾ ਆਪਣੇ ਵਜੂਦ ਤੇ ਲੈ ਰੱਖੀਆਂ ਸਨ..
ਫੇਰ ਸਾਰਾ ਕੁਝ ਓੰਜ ਦਾ ਓੰਜ ਹੀ ਵਾਪਿਸ ਅਲਮਾਰੀ ਵਿਚ ਰੱਖ ਦਿੱਤਾ!
ਆਥਣ ਵੇਲੇ ਮੈਨੂੰ ਇੱਕ ਲਫਾਫੇ ਵਿਚ ਬੰਦ ਕਿੰਨੇ ਸਾਰੇ ਪੈਸੇ ਫੜਾਉਂਦਿਆਂ ਹੋਇਆਂ ਆਖਣ ਲੱਗੇ “ਪੁੱਤ ਪਹਾੜੀ ਇਲਾਕਾ ਏ..ਮੋਟਰ ਸਾਈਕਲ ਧਿਆਨ ਨਾਲ ਚਲਾਇਓ”
ਫੇਰ ਅਗਲੇ ਦਿਨ ਮੰਜੇ ਤੇ ਬੈਠੇ ਹੋਇਆਂ ਨੂੰ ਜਦੋਂ ਨਵੀਆਂ ਜੁਰਾਬਾਂ,ਬੁਨੈਣਾਂ ਅਤੇ ਪੀਕੋ ਕੀਤੀਆਂ ਕਿੰਨੀਆਂ ਸਾਰੀਆਂ ਪੱਗਾਂ ਵਾਲੇ ਲਫਾਫੇ ਫੜਾਉਂਦਿਆਂ ਹੋਇਆ ਏਨੀ ਗੱਲ ਆਖ ਦਿੱਤੀ ਕੇ “ਭਾਪਾ ਜੀ ਸਾਡਾ ਪਾਉਂਟਾ ਸਾਬ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਏ” ਤਾਂ ਓਹਨਾ ਦੀਆਂ ਅੱਖੀਆਂ ਵਿਚੋਂ ਵਹਿ ਤੁਰੇ ਹੰਜੂਆਂ ਦੇ ਕਿੰਨੇ ਸਾਰੇ ਦਰਿਆ ਵੇਖ ਇੰਜ ਮਹਿਸੂਸ ਹੋਇਆ ਜਿੱਦਾਂ ਖੜੇ ਖਲੋਤਿਆਂ ਨੂੰ ਹੀ ਅਨੇਕਾਂ ਤੀਰਥਾਂ ਦੇ ਦਰਸ਼ਨ ਹੋ ਗਏ ਹੋਣ..!
ਹਰਪ੍ਰੀਤ ਸਿੰਘ ਜਵੰਦਾ
ਬਾਪੂ ਜੀ ਅਕਸਰ ਹੀ ਦੱਸਿਆ ਕਰਦਾ ਸੀ ਕੇ ਮੇਰੇ ਦਾਦੇ ਨੂੰ ਜਮੀਨ ਦੀ ਵੰਡ ਵੰਡਾਈ ਦੇ ਚੱਕਰ ਵਿਚ ਜਾਨੋਂ ਮਾਰਨ ਤੋਂ ਪਹਿਲਾਂ ਓਹਨਾ ਬੜੇ ਹੀ ਜਿਆਦਾ ਤਸੀਹੇ ਦਿੱਤੇ..!
ਇੱਕ ਦਿਨ ਜਦੋਂ ਕਚਹਿਰੀਆਂ ਵਿਚ ਤਰੀਖ ਭੁਗਤਣ ਆਏ ਸ਼ਰੀਕਾਂ ਨਾਲ ਉਸਦੀ ਅੱਖ ਮਿੱਲੀ ਤਾਂ ਮੇਰੇ ਦਾਦੇ ਦੀ ਲਹੂ ਭਿਜੀ ਲੋਥ ਉਸਦੀਆਂ ਅੱਖਾਂ ਅੱਗੇ ਆ ਗਈ..
ਨਾਲ ਹੀ ਉਸਦੀ ਭੋਏਂ ਤੇ ਡਿੱਗੀ ਘੱਟੇ ਮਿੱਟੀ ਨਾਲ ਪੂਰੀ ਤਰਾਂ ਲਿੱਬੜੀ ਹੋਈ ਪੱਗ ਦਾ ਚੇਤਾ ਆ ਗਿਆ..
ਖੂਨ ਉਬਾਲੇ ਮਾਰਨ ਲੱਗਾ!
ਇਹ ਸਭ ਕੁਝ ਸੋਚ ਬਾਪੂ ਜੀ ਦਾ ਸੱਜਾ ਹੱਥ ਆਪਮੁਹਾਰੇ ਹੀ ਡੱਬ ਵਿਚ ਵਿਚ ਤੁੰਨੇ ਹੋਏ ਬਾਰਾਂ ਬੋਰ ਵਾਲੇ ਦੀ ਮੁੱਠ ਤੇ ਚਲਾ ਗਿਆ..
ਅੱਧਾ ਬਾਹਰ ਵੀ ਕੱਢ ਲਿਆ ਪਰ ਓਸੇ ਵੇਲੇ ਉਸਦਾ ਧਿਆਨ ਨਿੱਕੇ ਹੁੰਦਿਆਂ ਆਪਣੀ ਮਾਂ ਦੀ ਕੁੱਛੜ ਚੜੇ ਮੇਰੇ ਖੁਦ ਦੇ ਮਾਸੂਮ ਚੇਹਰੇ ਵੱਲ ਨੂੰ ਚਲਾ ਗਿਆ..
ਮੁੱਠ ਨੂੰ ਪਿਆ ਹੱਥ ਢਿੱਲਾ ਜਿਹਾ ਪੈ ਗਿਆ..ਸੋਚਣ ਲੱਗਾ ਜੇ ਸ਼ਰੀਕ ਦੇ ਕਤਲ ਮਗਰੋਂ ਕੈਦ ਜਾਂ ਫਾਂਸੀ ਹੋ ਗਈ ਤਾਂ ਉਸਦਾ ਪੁੱਤ ਰੁਲ ਜੂ..ਤੇ ਨਾਲੇ ਰੁਲ਼ਜੂ ਦਰ-ਦਰ ਧੱਕੇ ਖਾਂਦੀ ਉਸਦੇ ਪੁੱਤ ਦੀ ਮਾਂ..!
ਫੇਰ ਆਪਣੇ ਹੋਣ ਵਾਲੇ ਅੰਜਾਮ ਬਾਰੇ ਸੋਚ ਡਰੇ ਹੋਏ ਦਾ ਹੋਂਸਲਾ ਨਾ ਪਿਆ!
ਜਿਸ ਦਿਨ ਕੱਤੀ ਅਕਤੂਬਰ ਚੁਰਾਸੀ ਨੂੰ ਇੰਦਰਾ ਗਾਂਧੀ ਮਾਰ ਦਿੱਤੀ ਗਈ ਤਾਂ ਮੈਂ ਬਾਪੂ ਜੀ ਨੂੰ ਪੁੱਛ ਲਿਆ ਕੇ ਜਿਹਨਾਂ ਨੇ ਮਾਰੀ ਏ ਓਹਨਾ ਵਿਚ ਕੀ ਖਾਸ ਗੱਲ ਏ..?
ਤਾਂ ਆਖਣ ਲੱਗੇ ਪੁੱਤਰ ਜਿਹਨਾਂ ਪਰਵਾਨਿਆਂ ਨੇ ਕੌਮ ਦੀ ਪੈਰਾਂ ਹੇਠ ਰੋਲ ਦਿੱਤੀ ਪੱਗ ਦੇ ਹਿਸਾਬ ਕਿਤਾਬ ਬਰੋਬਰ ਕਰਨੇ ਹੁੰਦੇ ਨੇ ਉਹ ਆਪਣੀਆਂ ਨਾਲਦੀਆਂ ਅਤੇ ਓਹਨਾ ਦੇ ਕੁੱਛੜ ਚੁੱਕੇ ਆਪਣੇ ਧੀਆਂ ਪੁੱਤਾਂ ਦੇ ਮਾਸੂਮ ਚੇਹਰੇ ਵੇਖ ਡੱਬ ਵਿਚ ਟੰਗੇ ਪਿਸਤੌਲਾਂ ਤੇ ਆਪਣੀ ਪਕੜ ਕਦੇ ਵੀ ਢਿੱਲੀ ਨਹੀਂ ਪੈਣ ਦਿਆ ਕਰਦੇ..ਨਾ ਹੀ ਓਹਨਾ ਨੂੰ ਮੌਤ ਬਣ ਅੱਗਿਓਂ ਆਉਂਦੀ ਕਿਸੇ ਗੋਲੀ ਤੋਂ ਹੀ ਕਦੇ ਕੋਈ ਡਰ ਲੱਗਿਆ ਹੁੰਦਾ ਏ!
ਪੰਥ ਦੀ ਆਣ-ਬਾਣ ਤੇ ਸ਼ਾਨ ਦੀ ਖਾਤਿਰ ਉਸ ਵੇਲੇ ਦੀ ਸਭ ਤੋਂ ਉਚੀ ਬੇਰੀ ਦਾ ਟੀਸੀ ਵਾਲਾ ਬੇਰ ਤੋੜਨ ਵਾਲੇ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਨੂੰ ਸ਼ਹੀਦੀ ਦਿਵਸ ਤੇ ਮੋਹ ਭਿੱਜੀ ਖਰਾਜੇ-ਅਕੀਦਤ!
ਹਰਪ੍ਰੀਤ ਸਿੰਘ ਜਵੰਦਾ
ਛੋਟੇ ਹੁੰਦੇ ਇਕ ਕਹਾਣੀ ਪੜ੍ਹੀ ਸੀ ਕਿ ਇਕ ਵਾਰ ਇਕ ਬਾਰਾਂਸਿੰਗਾ ਪਾਣੀ ਪੀਣ ਲੱਗਾ ਤੇ ਪਾਣੀ ਵਿੱਚ ਆਪ ਦਾ ਪਰਛਾਵਾਂ ਦੇਖ ਕੇ ਆਪ ਦੇ ਸਿੰਗ ਦੇਖ ਕੇ ਬੜਾ ਖੁਸ਼ ਹੋਇਆ ਤੇ ਨਾਲ ਹੀ ਆਪ ਦੀਆਂ ਲੱਤਾਂ ਦੇਖ ਕਿ ਨਿਰਾਸ ਹੋਇਆ ਤੇ ਸੋਚਦਾ ਕਿ ਕਾਸ਼ ਮੇਰੀਆਂ ਲੱਤਾਂ ਵੀ ਸੋਹਣੀਆਂ ਹੁੰਦੀਆਂ ! ਸ਼ਾਇਦ ਉਹਨੂੰ ਆਪ ਦੀਆਂ ਲੱਤਾਂ ਪਸੰਦ ਨਹੀਂ ਸੀ ! ਉਦੋਂ ਹੀ ਸ਼ਿਕਾਰੀ ਕੁੱਤੇ ਉਹਦੇ ਮਗਰ ਪੈ ਗਏ ਤੇ ਉਹ ਤੇਜ਼ ਦੌੜ ਕੇ ਬਚ ਗਿਆ ਉਹਦੀਆਂ ਲੱਤਾਂ ਉਹਨੂੰ ਬਚਾ ਕੇ ਲੈ ਗਈਆਂ ਤੇ ਅੱਗੇ ਜਾ ਕੇ ਬਚਣ ਲਈ ਇਕ ਝਾੜੀ ਚ ਵੜ ਗਿਆ ਜਿੱਥੇ ਉਹਦੇ ਸਿੰਗ ਦਰਖ਼ਤ ਦੀ ਟਾਹਣੀ ਚ ਫਸ ਗਏ ਤੇ ਉਹ ਮਾਰਿਆ ਗਿਆ ਸਿਰਫ ਸਿੰਗਾਂ ਕਰਕੇ ਜਿਹਦੇ ਤੇ ਉਹ ਨਾਜ਼ ਕਰਦਾ ਸੀ ! ਗੱਲ ਬਚਪਨੇ ਚ ਕਹਾਣੀ ਦੇ ਰੂਪ ਵਿੱਚ ਕਈ ਵਾਰ ਸੱਚੀ ਜਾਪਦੀ ਹੈ ਤੇ ਇਹਦਾ ਅਸਲ ਮਕਸਦ ਕੁਝ ਹੋਰ ਹੁੰਦਾ !
ਦੁਨੀਆਂ ਵਿੱਚ 7 ਅਰਬ ਦੀ ਅਬਾਦੀ ਹੈ ਤੇ ਕੁਝ ਦਹਾਕਿਆਂ ਤੱਕ ਇਹ 10 ਅਰਬ ਤੱਕ ਪਹੁੰਚ ਜਾਵੇਗੀ ਤੇ ਇੰਨੇ ਕੁ ਮਨੁੱਖ ਇਸ ਧਰਤੀ ਤੋਂ ਜਾ ਚੁੱਕੇ ਹਨ ! ਗੁਰਬਾਣੀ ਤੇ ਸਾਇੰਸ ਦੇ ਅਨੁਸਾਰ ਕਿਸੇ ਮਨੁੱਖ ਦੀ ਸ਼ਕਲ ਹੀ ਨਹੀਂ ਸਗੋਂ ਉਹਦੀ ਅਵਾਜ਼ ਹੱਸਣਾ ਰੋਣਾ ਖੰਘਣਾ ਚੱਲਣਾ ਬੈਠਣਾ ਤੇ ਉਹਦੀ ਸੋਚ ਉਹਦੇ ਨੈਣ ਨਕਸ਼ ਉਹਦੀਆਂ ਰੇਖਾ ਕਦੀ ਨਹੀਂ ਮਿਲੀਆਂ ਤੇ ਨਾ ਹੀ ਮਿਲਣੀਆਂ ! ਕਮਾਲ ਦੀ ਕੁਦਰਤ ਦੀ ਕਾਰਾਗਰੀ ! ਜੈਬਰਾ ਦੇ ਸਰੀਰ ਤੇ ਧਾਰੀਆਂ ਨਹੀਂ ਮਿਲਦੀਆਂ ! ਪੰਛੀ ਸਾਨੂੰ ਇੱਕੋ ਜਹੇ ਲੱਗਦੇ ਹਨ ਉਹ ਆਪ ਦੇ ਪਛਾਣ ਲੈਂਦੇ ਹਨ ! ਹੈਰਾਨੀ ਇਸ ਗੱਲ ਦੀ ਹੈ ਕਿ ਮਨੁੱਖ ਦਾ ਸਰੀਰ ਬਾਕੀ ਸਾਰੀਆਂ ਜੂਨਾਂ ਤੋਂ ਅਤਿ ਉੱਤਮ ਮੰਨਿਆ ਗਿਆ ਹੈ ਕਿਉਂਕਿ ਇਹਦੇ ਕੋਲ ਖਿਆਲ ਹੈ ਲੰਮੀ ਯਾਦਦਾਸ਼ਤ ਹੈ ! ਤੇ ਕਲਪਨਾ ਹੈ ! ਹਰ ਅੜਚਨ ਲਈ ਹੱਲ ਕਰਨ ਦੀ ਯੋਗਤਾ ਹੈ ! ਪਰ ਫੇਰ ਵੀ ਦੁਨੀਆ ਤੇ ਕੋਈ ਵਿਰਲਾ ਮਨੁੱਖ ਹੈ ਜੋ ਆਪ ਦੇ ਸਰੀਰ ਤੋਂ ਖੁਸ਼ ਹੈ ! ਕਿਸੇ ਨੂੰ ਆਪ ਦੀਆਂ ਅੱਖਾਂ ਪਸੰਦ ਨਹੀਂ ਕਿਸੇ ਨੂੰ ਕੰਨ ਕਿਸੇ ਨੂੰ ਲੱਤਾਂ ਕਿਸੇ ਨੂੰ ਬਾਹਾਂ ਕਿਸੇ ਨੂੰ ਸਿਰ ਵੱਡਾ ਲਗਦਾ ਕਿਸੇ ਨੂੰ ਪੈਰ ਵੱਡੇ ਲੱਗਦੇ ਕਿਸੇ ਨੂੰ ਕੱਦ ਛੋਟਾ ਲਗਦਾ ਕਿਸੇ ਨੂੰ ਲੰਮਾ ਕਿਸੇ ਨੂੰ ਭਾਰਾ ਕਿਸੇ ਨੂੰ ਪਤਲਾ ! ਕੋਈ ਗੋਰੀ ਚਮੜੀ ਨੂੰ ਕਾਲਾ ਕਰਨ ਲਈ ਧੁੱਪੇ ਬੈਠਦਾ ਤੇ ਕੋਈ ਕਾਲੇ ਨੂੰ ਗੋਰਾ ਕਰਨ ਲਈ ਲੱਖਾਂ ਡਾਲਰ ਖ਼ਰਚਦਾ ਮਾਈਕਲ ਜੈਕਸਨ ਜਿੰਨੇ ਪੈਸੇ ਕੌਣ ਖਰਚਦਾ ? ਉਹ ਵੀ ਬਹੁਤਾ ਚਿਰ ਸੁੰਦਰ ਨਹੀਂ ਰਹਿ ਸਕਿਆ ! ਮਨੁੱਖ ਕਿਸੇ ਨਾ ਕਿਸੇ ਤਰਾਂ ਆਪ ਦੇ ਅੰਦਰ ਸਰੀਰ ਪ੍ਰਤੀ ਕਰੂਪਤਾ ਜਾਂ ਕੰਮਜੋਰੀ ਲਈ ਹਰ ਸਮੇ ਯਤਨਸ਼ੀਲ ਹੈ ! ਸ਼ੀਸ਼ੇ ਚ ਆਪ ਦੇ ਨੰਗੇ ਸਰੀਰ ਨੂੰ ਦੇਖ ਕੇ ਕੋਈ ਵਿਰਲਾ ਹੀ ਖੁਸ਼ ਹੁੰਦਾ ਹੋਵੇਗਾ ! ਮਰਦ ਬਹੁਤਾ ਤਕੜਾ ਤੇ ਜੁਆਨ ਹੋਣਾ ਲੋਚਦੇ ਹਨ ਤੇ ਔਰਤ ਆਕਰਸ਼ਕ !
ਦੁਨੀਆਂ ਭਰ ਵਿਚ ਬਹੁਤੀਆਂ ਔਰਤਾਂ ਆਪ ਦੀਆਂ ਛਾਤੀਆਂ ਤੋ ਖੁਸ਼ ਨਹੀ ਹਨ ! ਹੁਣ ਤੱਕ ਇਕ ਕਰੋੜ ਦੇ ਕਰੀਬ ਔਰਤਾਂ ਆਪ ਦੀਆਂ ਛਾਤੀਆਂ ਦੇ ਸਾਈਜ਼ ਵੱਡੇ ਕਰਨ ਲਈ ਉਹਦੇ ਅੰਦਰ ਪਲਾਸਟਿਕ ਭਰ ਚੁਕੀਆਂ ਹਨ ! ਅਮਰੀਕਾ ਵਿੱਚ 4 ਲੱਖ ਤੋਂ ਉਪਰ ਹਰ ਸਾਲ ਔਰਤਾਂ ਇਹ ਸਰਜਰੀ ਕਰਾਉਂਦੀਆਂ ਹਨ ਤੇ ਲੱਖ ਦੇ ਕਰੀਬ ਦੁਬਾਰਾ ਕਢਾਉਂਦੀਆਂ ਹਨ ਜਾਂ ਤਾਂ ਕੈਂਸਰ ਦਾ ਡਰ ਹੋ ਜਾਂਦਾ ਤੇ ਜਾਂ ਉਨਾਂ ਦੇ ਭਾਰ ਵਧਣ ਘਟਣ ਨਾਲ ਉਨਾਂ ਦੀ ਖ਼ੂਬਸੂਰਤੀ ਸਹੀ ਨਹੀਂ ਜਾਪਦੀ !
ਪਿੱਛੇ ਜਹੇ ਪੈਰਿਸ ਵਿੱਚ ਇਕ ਮਰਦ ਅਪਰੇ਼ਸ਼ਨ ਕਰਾਉਂਦਾ ਮਰ ਗਿਆ ਜਿਸ ਨੂੰ ਆਪ ਦੀ ਇੰਦਰੀ ਪਸੰਦ ਨਹੀਂ ਸੀ ਤੇ ਪਿਛਲੇ ਹਫ਼ਤੇ ਭਾਰਤ ਵਿੱਚ ਸਿਰ ਤੇ ਵਾਲ ਲੁਆਂਉਦਾ ਮਰ ਗਿਆ ! ਇਹ ਅੰਕੜੇ ਸਹੀ ਨਹੀਂ ਤੇ ਪਤਾ ਨਹੀਂ ਕਿੰਨੇ ਕੁ ਹੋਰ ਨੇ ਜੋ ਸਰੀਰ ਦੀ ਛੇੜ-ਛਾੜ ਕਰਨ ਨਾਲ ਹੁਣ ਨਰਕ ਭੋਗ ਰਹੇ ਹਨ ! ਐਥਲੀਟ ਸਰੀਰ ਨੂੰ ਛੇਤੀ ਦੇਣੀ ਜ਼ਿਆਦਾ ਤਾਕਤਵਰ ਬਣਾਉਣ ਲਈ ਅੰਦਰ ਸਟੈਅਰੋਡ ਖਾ ਖਾ ਕੇ ਮੈਦਾਨ ਵਿੱਚ ਆਉਂਦੇ ਹਨ ਤੇ ਪਤਾ ਉਦੋਂ ਲਗਦਾ ਜਦੋਂ ਧਾਅ ਕਰਕੇ ਗਰਾਊਂਡ ਵਿੱਚ ਹੀ ਡਿਗ ਪੈਂਦਾ !
ਸਰੀਰ ਇਕ ਰੱਬੀ ਦਾਤ ਹੈ ! ਹੋ ਸਕਦਾ ਕੋਈ ਨੁਕਸ ਜਾਇਜ ਹੋਵੇ ਜਿਵੇਂ ਕੋਈ ਸਹੀ ਚੱਲ ਨਹੀਂ ਸਕਦਾ ਸੁਣਦਾ ਨਹੀਂ ਦਿਖਦਾ ਨਹੀਂ ਹੈ ਇਹਦਾ ਇਲਾਜ ਕਰਨਾ ਜਾਇਜ ਹੈ ਪਰ ਜੇ ਬਾਰਾਂਸਿੰਗੇ ਵਾਂਗ ਸ਼ੀਸ਼ੇ ਵਿੱਚ ਦੇਖ ਕੇ ਜਾਂ ਕਿਸੇ ਦੂਜੇ ਮਰਦ ਜਾਂ ਔਰਤ ਕਰਕੇ ਸਰੀਰ ਨਾਲ ਛੇੜ-ਛਾੜ ਕਰਾਂਗੇ ਹੋ ਸਕਦਾ ਥੋੜੇ ਸਮੇਂ ਲਈ ਅਸੀਂ ਕਾਮਯਾਬ ਵੀ ਹੋ ਜਾਈਏ ਪਰ ਇਹਦਾ ਅੰਤ ਬੜਾ ਮਾੜਾ ! ਕੰਨਾ ਵਿੱਚ ਕੀਤੀਆਂ ਗਲ਼ੀਆਂ ਜੋ ਪਿੰਨ ਜਿੰਨੀਆਂ ਹੁੰਨੀਆ ਉਹੀ ਬੁਢਾਪੇ ਵੇਲੇ ਫਟੇ ਕੱਪੜੇ ਵਰਗੀਆਂ ਹੋ ਜਾਂਦੀਆਂ ! ਸਰੀਰ ਤੇ ਖੁਣਵਾਏ ਟੈਟੂ ਢਿਲਕ ਕੇ ਮੋਰਨੀ ਕਿਸੇ ਹੱਡਾਰੋੜੀ ਚ ਖਾਧੇ ਪਿੰਜਰ ਵਰਗੀ ਹੋ ਜਾਂਦੀ ਹੈ ! ਬੰਦਾ ਕਦੀ ਵੀ ਸਦੀਵੀ ਨਹੀਂ !
ਕੁਦਰਤ ਦੀ ਸੁੰਦਰਤਾ ਕਦੀ ਇਕ ਥਾਂ ਤੇ ਵਾਸ ਨਹੀਂ ਕਰਦੀ ਤੇ ਨਾ ਹੀ ਕੋਈ ਭੰਵਰਾ ਇਕ ਫੁੱਲ ਤੇ ਬੈਠਦਾ !
ਜੋ ਆਪਣਾ ਹੈ ਉਹਨੂੰ ਜਿੰਨਾ ਤੁਹਾਡਾ ਸਰੀਰ ਜੁਆਨੀ ਵੇਲੇ ਸੋਹਣਾ ਜਾਪਦਾ ਸੀ ਬੁਢਾਪੇ ਵੇਲੇ ਵੀ ਉਨਾਂ ਹੀ ਸੋਹਣਾ ਲਗਦਾ ! ਝੁਰੜੀਆਂ ਚ ਮੁਸਕਾਨ ਉਮਰ ਭਰ ਦੇ ਰਿਸ਼ਤੇ ਦੀ ਲਿਖੀ ਕਿਤਾਬ ਹੁੰਦੀ ਹੈ !
ਸਰੀਰ ਨੂੰ ਸਹੀ ਖ਼ੁਰਾਕ ਤੇ ਸਹੀ ਤਰੀਕੇ ਨਾਲ ਰੋਜ ਵਰਜਿਸ਼ ਕਰਨੀ ਹੀ ਇਹਦੀ ਸੁੰਦਰਤਾ ਦਾ ਰਾਜ਼ ਹੈ ਜੋ ਸਾਰੀ ਉਮਰ ਨਾਲ ਰਹੇਗੀ ! ਪੈਸੇ ਨਾਲ ਖਰੀਦੀ ਸੁੰਦਰਤਾ ਕਦੀ ਵੀ ਸਦੀਵੀ ਨਹੀਂ ਹੁੰਦੀ ! ਬਿਊਟੀ ਪਾਰਲਰ ਵਾਲੀ ਕਦੀ ਰਾਤ ਨੂੰ ਉਤਰ ਜਾਂਦੀ ਹੈ ਤੇ ਕਦੀ ਦੋ ਹਫ਼ਤੇ ਬਾਅਦ ! ਜੋ ਵਾਰ ਵਾਰ ਕਰਨੀ ਪਵੇ ਉਹ ਸੁੰਦਰਤਾ ਨਹੀਂ ਆਪ ਦੇ ਅੰਦਰ ਇਕ ਆਪਣੇ ਸਰੀਰ ਪ੍ਰਤੀ ਮਨ ਦੀ ਕੰਮਜੋਰੀ ਹੁੰਦੀ ਹੈ ਜੋ ਮਨੁੱਖ ਹੱਟੀ ਤੋਂ ਖਰੀਦਣ ਜਾਂਦਾ ! ਸੁੰਦਰਤਾ ਤੁਹਾਡੇ ਅੰਦਰ ਹੈ !
ਸੋਹਣੀ ਸੋਚ ਵਾਲੇ ਮਨੁੱਖ ਹਮੇਸ਼ਾ ਸੋਹਣੇ ਹੁੰਦੇ ਹਨ ਉਹ ਭਾਵੇਂ ਅਸਟਾਵਾਕਰ ਹੋਵੇ ਤੇ ਚਾਹੇ ਸੂਰਦਾਸ !
ਸਟੀਵਨ ਹਾਅਕਿੰਗ ਨੂੰ ਕੌਣ ਨਹੀਂ ਜਾਣਦਾ ? ਉਹ ਅਪਾਹਜ਼ ਹੋਣ ਤੇ ਵੀ ਉਹ ਕੁਝ ਕਰ ਗਿਆ ਜੋ ਦੁਨੀਆਂ ਚ ਸੋਹਣੇ ਮਨੁੱਖ ਨਹੀਂ ਕਰ ਸਕੇ !
ਹੈਲਨ ਐਡਮਜ ਕੈਲਰ ਦੀ ਕਦੀ ਜ਼ਿੰਦਗੀ ਵਾਰੇ ਪੜ ਕੇ ਦੇਖਿਉ !ਜੋ ਜਨਮ ਤੋਂ ਅੰਨੀ ਤੇ ਬੋਲ੍ਹੀ ਸੀ ! ਉਹਨੇ ਪੜ੍ਹਾਈ ਵਿੱਚ ਡਿਗਰੀ ਕੀਤੀ ! ਮੈ ਉਹਦੀ ਇੱਕੋ ਗੱਲ ਨਾਲ ਆਰਟੀਕਲ ਬੰਦ ਕਰਦਾਂ ! ਉਹ ਲਿਖਦੀ ਹੈ ਕਿ
ਦੁਨੀਆਂ ਵਿੱਚ ਸੱਭ ਤੋਂ ਸੋਹਣੀਆਂ ਚੀਜ਼ਾਂ ( ਸੁੰਦਰਤਾ ) ਨੂੰ ਨਾਂ ਦੇਖਿਆ ਜਾ ਸਕਦਾ ਤੇ ਨਾ ਹੀ ਛੋਹਿਆ ਜਾ ਸਕਦਾ !
ਉਹ ਸਿਰਫ ਦਿਲ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ !
#Surjit_Singh
1799 ਵਿਚ ਲਾਹੌਰ ਸ਼ਹਿਰ ਵਿਚ ਮਹਾਰਾਜੇ ਰਣਜੀਤ ਸਿੰਘ ਜੀ ਦੀ ਤਾਜਪੋਸ਼ੀ ਦੀ ਰਸਮ ਹੋ ਰਹੀ ਸੀ..
ਦਰਬਾਰ ਵਿਚ ਰਸਮ ਵੇਖਣ ਆਈ ਵਿਸ਼ਾਲ ਸੰਗਤ ਵਿਚ ਰਣਜੀਤ ਸਿੰਘ ਨੇ ਇੱਕ ਅਪੀਲ ਕੀਤੀ ਕੇ “ਜੇ ਕਿਸੇ ਮਾਈ ਭਾਈ ਨੇ ਆਪਣੇ ਜੀਵਨ ਕਾਲ ਵਿਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਖਸ਼ਾਤ ਦਰਸ਼ਨ ਕੀਤੇ ਹੋਣ ਤਾਂ ਉਹ ਅੱਗੇ ਆਵੇ..”
ਜਿਕਰਯੋਗ ਏ ਉਸ ਵੇਲੇ ਤੱਕ ਦਸਮ ਪਿਤਾ ਨੂੰ ਚੜਾਈ ਕੀਤਿਆਂ ਅਜੇ ਸਿਰਫ 91 ਕੂ ਵਰੇ ਹੀ ਹੋਏ ਸਨ!
ਕਾਫੀ ਦੇਰ ਚੁੱਪ ਛਾਈ ਰਹੀ..
ਫੇਰ ਐਨ ਪਿੱਛੋਂ ਇੱਕ ਬਜ਼ੁਰਗ ਬਾਬਾ ਜੀ ਉੱਠ ਖਲੋਤੇ..ਹੌਲੀ ਹੌਲੀ ਅੱਗੇ ਆਏ ਤੇ ਆਖਣ ਲੱਗੇ ਕੇ ਨਿੱਕੇ ਹੁੰਦਿਆਂ ਇੱਕ ਵਾਰ ਆਪਣੇ ਬਾਬੇ ਨਾਲ ਅਨੰਦਪੁਰ ਸਾਹਿਬ ਗਏ ਨੂੰ ਸਜੇ ਦੀਵਾਨ ਵਿਚ ਦੂਰੋਂ ਦਸਮ ਪਿਤਾ ਦੀ ਮਾੜੀ ਜਿਹੀ ਝਲਕ ਪਈ ਸੀ..!
ਮਹਾਰਾਜਾ ਰਣਜੀਤ ਸਿੰਘ ਬਜ਼ੁਰਗ ਦੇ ਪੈਰੀਂ ਹੱਥ ਲਾਉਂਦਾ ਹੋਇਆ ਪੁੱਛਣ ਲੱਗਾ ਕੇ ਬਾਬਾ ਜੀ ਜਦੋਂ ਦਰਸ਼ਨ ਹੋਏ ਓਦੋਂ ਤੁਹਾਨੂੰ ਕਿੱਦਾਂ ਲੱਗਾ ਸੀ?
ਅੱਗੋਂ ਆਖਣ ਲੱਗੇ ਕੇ ਪੁੱਤ ਲੱਗਣਾ ਕੀ ਸੀ ਬੱਸ ਇੰਝ ਲੱਗਾ ਜਿੱਦਾਂ ਕਿੰਨੇ ਸਾਰੇ ਸੂਰਜਾਂ ਦੀ ਤੇਜ ਰੋਸ਼ਨੀ ਨਾਲ ਮੇਰੀਆਂ ਅੱਖਾਂ ਚੁੰਧਿਆਂ ਗਈਆਂ ਹੋਣ..ਸਾਰੇ ਸਰੀਰ ਦੇ ਲੂ ਕੰਢੇ ਖੜੇ ਹੋ ਗਏ ਸਨ..!
ਏਨੀ ਗੱਲ ਸੁਣ ਰਣਜੀਤ ਸਿੰਘ ਭਾਵੁਕ ਹੋ ਉਠਿਆ ਤੇ ਬਾਬੇ ਹੁਰਾਂ ਨੂੰ ਆਖਣ ਲੱਗਾ ਕੇ ਬਾਬਾ ਜੀ ਸੱਚ ਜਾਣਿਓ ਹੁਣ ਤੁਹਾਡੇ ਦਰਸ਼ਨ ਕਰਕੇ ਮੈਨੂੰ ਓਦਾਂ ਹੀ ਮਹਿਸੂਸ ਹੋ ਰਿਹਾ ਜਿਦਾਂ ਤੁਹਾਨੂੰ ਦਸਮ ਪਿਤਾ ਦੀ ਝਲਕ ਪਾ ਕੇ ਮਹਿਸੂਸ ਹੋਇਆ ਹੋਵੇਗਾ..!
ਦੀਵਾਨ ਟੋਡਰ ਮੱਲ ਉਹ ਇਨਸਾਨ ਸੀ ਜਿਸਨੇ ਦਸਮ ਪਿਤਾ ਦੇ ਪਿਆਰ ਵਿਚ ਆਪਣੀ ਜਾਨ ਮਾਲ ਅਤੇ ਕਾਰੋਬਾਰ ਦੀ ਪ੍ਰਵਾਹ ਕੀਤੇ ਬਿਨਾ ਸਤਾਰਾਂ ਸੌ ਪੰਜ ਦੇ ਦਿਸੰਬਰ ਮਹੀਨੇ ਵਿਚ ਸ਼ਹੀਦ ਕਰ ਦਿੱਤੇ ਛੋਟੇ ਸਾਹਿਬ ਜਾਂਦੇ ਅਤੇ ਮਾਤਾ ਗੁਜਰੀ ਜੀ ਦੇ ਪੰਜ-ਭੂਤਕ ਸਰੀਰ ਇੱਕ ਬਹੁਤ ਵੱਡੀ ਕੀਮਤ ਚੁਕਾ ਕੇ ਆਪਣੀ ਝੋਲੀ ਪਵਾ ਲਏ ਸਨ..
ਸਰਹਿੰਦ ਸ਼ਹਿਰ ਦੇ ਐਨ ਵਿਚਕਾਰ ਉਸ ਦੇਵ ਪੁਰਸ਼ ਦੀ ਖੰਡਰ ਬਣੀ ਹਵੇਲੀ ਨੂੰ ਸਪਰਸ਼ ਕਰਦਿਆਂ ਪਤਾ ਨਹੀਂ ਕਿਓਂ ਸਾਡੇ ਅਤੇ ਸਾਡੇ ਪੰਥ ਰਤਨਾਂ ਦੇ ਲੂ-ਕੰਢੇ ਖੜੇ ਕਿਓਂ ਨਹੀਂ ਹੁੰਦੇੇ..?
ਦੱਸਦੇ ਮੁਗਲ ਦਰਬਾਰ ਵਿਚ ਇੱਕ ਹਿੰਦੂ ਵਿਦਵਾਨ ਔਰੰਗਜੇਬ ਦੇ ਬੇਟੇ ਸ਼ਹਿਜ਼ਾਦਾ ਮੋਅੱਜਮ ਨੂੰ ਅਰਬੀ ਅਤੇ ਫਾਰਸੀ ਦੀ ਟਿਊਸ਼ਨ ਪੜਾਇਆ ਕਰਦਾ ਸੀ!
ਇੱਕ ਵਾਰ ਅਰਬ ਦੇ ਖਲੀਫਾ ਦੀ ਇੱਕ ਚਿੱਠੀ ਦਾ ਤਰਜੁਮਾਂ ਕਰਨ ਲਈ ਕਿੰਨੇ ਸਾਰੇ ਰਾਜਸੀ ਮਹਾਰਥੀ ਦਰਬਾਰ ਵਿਚ ਸੱਦ ਲਏ ਗਏ..
ਉਸ ਹਿੰਦੂ ਵਿਦਵਾਨ ਨੇ ਉਸ ਚਿੱਠੀ ਦਾ ਬਾਕੀਆਂ ਦੇ ਮੁਕਾਬਲੇ ਏਨਾ ਸਟੀਕ ਅਤੇ ਦੁਰੁਸਤ ਤਰਜੁਮਾ ਕੀਤਾ ਕੇ ਔਰੰਗਜੇਬ ਹੱਕਾ-ਬੱਕਾ ਰਹਿ ਗਿਆ..
ਸੋਚਣ ਲੱਗਾ ਅਰਬੀ ਭਾਸ਼ਾ ਦਾ ਏਡਾ ਵੱਡਾ ਵਿਦਵਾਨ ਹੋਵੇ ਪਰ ਹੋਵੇ ਗੈਰ-ਇਸਲਾਮਿਕ..ਇਹ ਕਿੱਦਾਂ ਹੋ ਸਕਦਾ?
ਫੌਰਨ ਹੁਕਮ ਜਾਰੀ ਕਰ ਦਿੱਤਾ ਕੇ ਜਾਂ ਤੇ ਇਸ ਵਿਦਵਾਨ ਨੂੰ ਮੁਸਲਮਾਨ ਬਣਾ ਲਿਆ ਜਾਵੇ ਤੇ ਜੇ ਇਨਕਾਰ ਕਰਦਾ ਏ ਤਾਂ ਫੇਰ ਸਰ ਕਲਮ ਕਰ ਦਿੱਤਾ ਜਾਵੇ!
ਜਾਰੀ ਹੋਏ ਇਸ ਫਤਵੇ ਕਾਰਨ ਸਹਿਮ ਗਏ ਇਸ ਵਿਦਵਾਨ ਨੇ ਆਪਣੇ ਵਿਦਿਆਰਥੀ ਸ਼ਹਿਜ਼ਾਦੇ ਮੋਅੱਜਮ ਨਾਲ ਗੱਲ ਕੀਤੀ..
ਆਖਣ ਲੱਗਾ ਕੇ ਸ਼ਹਿਜ਼ਾਦੇ ਕੋਈ ਐਸੀ ਜਗਾ ਦੱਸ ਜਿਥੇ ਮੇਰਾ ਈਮਾਨ ਤੇ ਮੇਰੀ ਜਾਨ ਦੋਵੇਂ ਹੀ ਬਚੇ ਰਹਿਣ..ਮੈਂ ਇਸਲਾਮ ਧਾਰਨ ਨਹੀਂ ਕਰਨਾ ਚਾਹੁੰਦਾ!
ਔਰੰਗਜੇਬ ਦਾ ਪੁੱਤਰ ਸ਼ਹਿਜ਼ਾਦਾ ਮੋਅੱਜਮ ਆਖਣ ਲੱਗਾ ਕੇ ਉਸਤਾਦ ਜੀ ਤੁਹਾਡਾ ਈਮਾਨ ਅਤੇ ਜਾਨ ਬੱਸ ਇੱਕੋ ਥਾਂ ਤੇ ਹੀ ਸੁਰਖਿਅਤ ਰਹਿ ਸਕਦੀ ਏ..ਉਸ ਜਗਾ ਦਾ ਨਾਮ ਏ ਅਨੰਦਪੁਰ ਸਾਹਿਬ..!
ਉਹ ਓਸੇ ਰਾਤ ਹੀ ਕਿਸੇ ਅਹਿਲਕਾਰ ਦੀ ਮਦਦ ਨਾਲ ਦਿੱਲੀ ਤੋਂ ਨਿੱਕਲਿਆ ਅਤੇ ਰਾਤੋ ਰਾਤ ਅਨੰਦ ਪੁਰ ਸਾਹਿਬ ਪੁੱਜ ਗਿਆ..!
ਦਿੱਲੀ ਦਰਬਾਰ ਵਿਚੋਂ ਬਚ ਕੇ ਗੁਰੂ ਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਪੁੱਜਾ ਅਰਬੀ ਤੇ ਫਾਰਸੀ ਭਾਸ਼ਾ ਦਾ ਉਹ ਵਿਦਵਾਨ ਆਪਣੇ ਵੇਲੇ ਦੇ ਸਿਰਮੌਰ ਕਵੀ ਭਾਈ ਸਾਬ ਭਾਈ ਨੰਦ ਲਾਲ ਜੀ ਸਨ..ਓਹੀ ਨੰਦ ਲਾਲ ਜਿਹਨਾਂ ਨੇ ਆਪਣੇ ਜੀਵਨ ਕਾਲ ਵਿਚ ਗੁਰੂ ਗੋਬਿੰਦ ਸਿੰਘ ਜੀ ਸਿਫਤ ਸਲਾਹ ਵਿਚ ਕਿੰਨਾ ਕੁਝ ਲਿਖਿਆ!
ਦਸਮ ਪਿਤਾ ਦੇ ਦਰਬਾਰ ਦੀ ਸਿਫਤ ਸੀ..ਕਿਸੇ ਨੂੰ ਜਬਰਦਸਤੀ ਜੈਕਾਰੇ ਛੱਡਣ ਲਈ ਮਜਬੂਰ ਨਹੀਂ ਸੀ ਕੀਤਾ ਜਾਂਦਾ ਤੇ ਨਾ ਹੀ ਧੱਕੇ ਨਾਲ ਕਿਸੇ ਦਾ ਧਰਮ ਪਰਿਵਰਤਨ ਹੀ ਕੀਤਾ ਜਾਂਦਾ ਸੀ!
(ਦਸਮ ਪਿਤਾ ਦੇ ਜਨਮ ਦਿਵਸ ਮੌਕੇ ਤੇ ਓਹਨਾ ਨਾਲ ਸਬੰਧਿਤ ਸੱਚੀਆਂ ਸਾਖੀਆਂ ਦੇ ਸਮੁੰਦਰ ਵਿਚੋਂ ਲਏ ਗਏ ਕੁਝ ਤਰੁਬਕੇ)
ਹਰਪ੍ਰੀਤ ਸਿੰਘ ਜਵੰਦਾ
ਜੂਨ 84 ਮਗਰੋਂ ਚੜ੍ਹਦੀ ਉਮਰ ਦੇ ਕਈ ਨੌਜੁਆਨ ਰੂਪੋਸ਼ ਹੋ ਗਏ।
ਚੱਲ ਤੁਰੀ ਲਹਿਰ ਕਾਬੂ ਵਿਚ ਨਾ ਆਉਂਦੀ ਦੇਖ 1985-86 ਵਿਚ ਬਰਨਾਲਾ ਸਰਕਾਰ ਵੇਲੇ ਇਹਨਾਂ ਬਾਗੀਆਂ ਦੇ ਸਿਰਾਂ ‘ਤੇ ਇਨਾਮ ਰੱਖ ਦਿੱਤੇ ਗਏ।
ਨਾਲ ਹੀ ਟਾਊਟ ਤੇ ਕੈਟਾਂ ਦਾ ਇੱਕ ਐਸਾ ਖੁਫੀਆ ਤੰਤਰ ਤਿਆਰ ਕੀਤਾ ਜਿਹੜਾ ਪੈਸੇ,ਅਹੁਦੇ,ਤੱਰਕੀਆਂ ਅਤੇ ਐਸ਼ੋ-ਇਸ਼ਰਤ ਦੇ ਲਾਲਚ ਵਿਚ ਰੂਪੋਸ਼ ਹੋਏ ਨੌਜੁਆਵਾਂ ਦੇ ਪਿੰਡਾਂ ਘਰਾਂ ਤੇ ਘਰ ਵਾਲਿਆਂ ਦੀਆਂ ਪੈੜਾਂ ਨੱਪਦਾ ਰਹਿੰਦਾ।
1988-89 ਵੇਲੇ ਗੋਬਿੰਦ ਰਾਮ ਨਾਮ ਦਾ ਪੁਲਸ ਅਫਸਰ ਬਟਾਲਾ ਪੁਲਸ ਜਿਲੇ ਦਾ ਮੁਖੀ ਬਣ ਕੇ ਆਇਆ।
ਉਸਦੀ ਪੁੱਛਗਿੱਛ ਦੀ ਤਕਨੀਕ ਅਤੇ ਤਸ਼ੱਦਤ ਦੇ ਢੰਗ ਤਰੀਕੇ ਬੜੇ ਜਾਲਮਾਨਾ ਅਤੇ ਦਿਲ-ਕੰਬਾਊ ਹੋਇਆ ਕਰਦੇ ਸਨ!
ਉਹ ਅਕਸਰ ਹੀ ਰੂਪੋਸ਼ ਹੋ ਗਿਆਂ ਦੇ ਵੇਹੜਿਆਂ ਵਿਚ ਖਲੋ ਕੇ ਇਹ ਫੜ ਮਾਰਿਆ ਕਰਦਾ ਸੀ ਕੇ ਤੁਹਾਡੇ ਮੁੰਡੇ ‘ਗੋਬਿੰਦ ਸਿੰਘ’ ਨੂੰ ਭੁੱਲ ਕੇ ‘ਗੋਬਿੰਦ ਰਾਮ’ ਦਾ ਨਾਮ ਜਪਿਆ ਕਰਨਗੇ।
ਭਗੌੜੇ ਹੋ ਗਿਆਂ ਦੇ ਮਾਪੇ ਪਤਨੀ ਬੱਚੇ-ਬੱਚੀਆਂ ਅਤੇ ਇਥੋਂ ਤੱਕ ਦੂਰ ਨੇੜੇ ਦੇ ਰਿਸ਼ਤੇਦਾਰ ਨੂੰ ਚੁੱਕ ਲਿਆ ਜਾਂਦਾ..ਫੇਰ ਡਰਾਉਣੀ ਪੁੱਛਗਿੱਛ ਦਾ ਲੜੀ-ਵਾਰ ਸਿਲਸਿਲਾ ਸ਼ੁਰੂ ਕਰ ਦਿੱਤਾ ਜਾਂਦਾ..!
ਗੰਦੀ ਅਸਭਿਅਕ ਤੇ ਅਸ਼ਲੀਲ ਭਾਸ਼ਾ ਦੇ ਨਾਲ ਨਾਲ ਕਈ ਤਰਾਂ ਦੇ ਸਰੀਰਕ ਤੇ ਮਾਨਸਿਕ ਤਸੀਹੇ ਦਿੱਤੇ ਜਾਂਦੇ..ਛੋਟੇ ਬੱਚਿਆਂ ਨੂੰ ਭੁੱਖੇ ਪਿਆਸੇ ਤੇ ਸੌਣ ਤੋਂ ਵਾਂਝਿਆਂ ਰੱਖਿਆ ਜਾਂਦਾ ਸੀ।
ਰੂਪੋਸ਼ ਹੋਇਆਂ ਦੀਆਂ ਮਾਵਾਂ ਭੈਣਾਂ ਨੂੰ ਸ਼ਰੇਆਮ ਨੰਗਿਆਂ ਕਰ ਬੇਇੱਜ਼ਤ ਕੀਤਾ ਜਾਣਾ ਪੁੱਛਗਿੱਛ ਕਰਨ ਦੀ ਪ੍ਰਮਾਣਿਤ ਵਿਧੀ ਦਾ ਹਿੱਸਾ ਹੋਇਆ ਕਰਦਾ ਸੀ..
ਇਸ ਕੰਮ ਲਈ ਪੱਥਰ ਦਿਲ ਅਤੇ ਜਾਨਵਰ ਬਿਰਤੀ ਮੁਲਾਜਿਮਾਂ ਦੀ ਇੱਕ ਬਕਾਇਦਾ ਟੀਮ ਬਣਾਈ ਜਾਇਆ ਕਰਦੀ ਸੀ..ਫੜਿਆ ਬੰਦਾ ਓਹਨਾ ਦੇ ਹਵਾਲੇ ਇੰਝ ਕਰ ਦਿੱਤਾ ਜਾਂਦਾ ਸੀ ਜਿੱਦਾਂ ਕਸਾਈ ਹਵਾਲੇ ਬੱਕਰਾ..ਮਗਰੋਂ ਹੋਈਆਂ ਵਾਰਦਾਤਾਂ ਦਾ ਇਕਬਾਲ-ਏ-ਜੁਰਮ ਕਰਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਦੀ ਪੂਰੀ ਖੁੱਲ ਦੇ ਦਿੱਤੀ ਜਾਂਦੀ!
ਬਾਗੀਆਂ ਦੇ ਬੱਚਿਆਂ ਤੇ ਕੀਤੇ ਜਾ ਰਹੇ ਅਣਮਨੁੱਖੀ ਤਸ਼ੱਦਦ ਦੀ ਕਹਾਣੀ ਉਸ ਦੇ ਪਿੰਡ ਵਾਲਿਆਂ ਦੇ ਰਾਹੀਂ ਬਾਗੀਆਂ ਦੇ ਕੰਨੀ ਪਹੁੰਚਾਈ ਜਾਂਦੀ ਸੀ ਤਾਂ ਜੋ ਉਹ ਪਰਿਵਾਰ ਤੇ ਹੁੰਦੇ ਅਣਮਨੁੱਖੀ ਤਸ਼ੱਦਤ ਬਾਰੇ ਸੁਣ ਆਤਮ-ਸਮਰਪਣ ਕਰ ਦੇਣ..
ਫੇਰ ਮਨਮਰਜੀ ਦੇ ਪੈਸੇ ਵਸੂਲੇ ਜਾਂਦੇ..ਕਈ ਕੇਸਾਂ ਵਿਚ ਵਿਚੋਲੇ ਪਵਾ ਆਤਮ ਸਮਰਪਣ ਵੀ ਕਰਵਾਏ ਗਏ ਪਰ ਫੇਰ ਵੀ ਉਹ ਮੁਕਾਬਲਿਆਂ ਵਿਚ ਗਾਇਬ ਕਰ ਦਿੱਤੇ ਗਏ..ਕੋਈ ਰਿਕਾਰਡ ਨਹੀਂ ਰਖਿਆ ਗਿਆ..ਕੋਈ ਐੱਫ.ਆਈ.ਆਰ ਨਹੀਂ ਕੀਤੀ..ਅੰਨੀ ਪੀਸੇ ਤੇ ਕੁੱਤਾ ਚੱਟੇ ਵਾਲੀ ਗੱਲ ਸੱਚੀ ਹੋ ਗਈ..ਕੋਈ ਦੀਦ ਤੇ ਕੋਈ ਫਰਿਆਦ ਨਹੀਂ ਸੀ..ਆਟੇ ਦੇ ਨਾਲ ਨਾਲ ਕਿੰਨਾ ਸਾਰਾ ਘੁਣ ਵੀ ਪੀਸ ਦਿੱਤਾ ਗਿਆ!
ਆਓ ਗੁਰੂ ਸਾਹਿਬ ਵੇਲੇ ਦੇ ਬਾਗੀ ਅਖਵਾਉਂਦੇ ਸਿੰਘਾਂ ਪ੍ਰਤੀ ਉਸ ਵੇਲੇ ਦੀਆਂ ਸਰਕਾਰਾਂ ਦੀ ਸੋਚ ਅਤੇ ਪੁੱਛਗਿੱਛ ਦੇ ਤੌਰ ਤਰੀਕਿਆਂ ਦਾ ਇੱਕ ਨਿੱਕਾ ਜਿਹਾ ਮੁੱਲ-ਅੰਕਣ ਕਰੀਏ…
ਕਲਪਨਾ ਕਰਿਓ ਜਦੋਂ ਗੰਗੂ ਰਸੋਈਏ ਨੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਮੋਰਿੰਡੇ ਦੇ ਹਾਕਮ ਕੋਲ ਫੜਾ ਦਿੱਤੇ ਹੋਣਗੇ ਤਾਂ ਵੱਡੇ ਬਾਗੀ ਦੇ ਬੱਚੇ ਹੋਣ ਦੇ ਨਾਤੇ ਉਸਨੂੰ ਕਿੰਨਾ ਵੱਡਾ ਇਨਾਮ ਮਿਲਿਆ ਹੋਵੇਗਾ..ਗੁਰੂ ਸਾਬ ਦੇ ਫ਼ਰਜ਼ੰਦਾ ਪ੍ਰਤੀ ਕਿੰਨੀ ਗੰਦੀ,ਕੁਰੱਖਤ ਅਤੇ ਅਸੱਬੀਅਕ ਭਾਸ਼ਾ ਵਰਤੀ ਗਈ ਹੋਵੇਗੀ..ਮੋਰਿੰਡੇ ਅਤੇ ਸਰਹੰਦ ਦੇ ਦਰਬਾਰਾਂ ਵਿਚ ਦਸਵੇਂ ਪਾਤਸ਼ਾਹ,ਸਿੱਖ ਧਰਮ ਤੇ ਸਿੱਖੀ ਫਲਸਫੇ ਦਾ ਕਿੰਨਾ ਮਜ਼ਾਕ ਉੱਡਿਆ ਹੋਵੇਗਾ।
ਇਸ ਪਕੜ ਤੇ ਉਸ ਦਿਨ ਦਿੱਲੀ ਦਰਬਾਰ ਵਿਚ ਕਿੰਨੀ ਆਤਿਸ਼ਬਾਜੀ ਹੋਈ ਹੋਵੇਗੀ..ਖੁਸ਼ੀਆਂ ਮੰਨੀਆਂ ਹੋਣਗੀਆਂ..ਠੀਕ ਓਸੇ ਤਰਾਂ ਹੀ ਜਿਸ ਤਰਾਂ ਖਾੜਕੂਵਾਦ ਦੇ ਦੌਰਾਨ ਕਿਸੇ ਵੱਡੇ ਬਾਗੀ ਦੇ ਫੜੇ ਜਾਂ ਮਾਰੇ ਜਾਣ ਮਗਰੋਂ ਨਾਲ ਹੀ ਪੁਲਿਸ ਹੈਡ-ਕੁਆਰਟਰਾਂ,ਸਰਕਟ ਹਾਊਸਾਂ ਅਤੇ ਪ੍ਰੈਸ-ਕਲੱਬਾਂ ਵਿਚ ਵਿਚ ਸ਼ਰਾਬ ਤੇ ਸ਼ਬਾਬ ਦੇ ਜਸ਼ਨ ਸ਼ੁਰੂ ਹੋ ਜਾਇਆ ਕਰਦੇ ਸਨ..!
ਕੈਟ ਗੁਰਮੀਤ ਪਿੰਕੀ ਦੱਸਦਾ ਏ ਕੇ ਜਦੋਂ ਕੋਈ ਵੱਡਾ ਇਨਾਮੀ ਫੜਿਆਂ ਜਾਂਦਾ ਤਾਂ ਨਾਲ ਹੀ ਸਬੰਧਿਤ ਠਾਣੇ,ਚੋਂਕੀ ਅਤੇ ਜਿਲਾ ਹੈੱਡ-ਕਵਾਟਰਾਂ ਵਿਚ ਮਿਲਣ ਵਾਲੀ ਤੱਰਕੀ ਅਤੇ ਹਾਸਿਲ ਹੋਣ ਵਾਲੇ ਵੱਡੇ ਨਕਦ ਇਨਾਮ ਦੇ ਹਿੱਸਾਬ ਕਿਤਾਬ ਵੀ ਲੱਗਣੇ ਸ਼ੁਰੂ ਹੋ ਜਾਇਆ ਕਰਦੇ ਸੀ!
ਮਾਤਾ ਗੁਜਰੀ ਨੂੰ “ਬਾਗੀ” ਤੇ ”ਭਗੌੜੇ ਦੀ ਮਾਂ” ਆਖ ਜ਼ਲੀਲ ਕੀਤਾ ਗਿਆ ਹੋਵੇਗਾ।
ਦਾਦੀ ਦੀ ਮਾਨਸਿਕਤਾ ਘੁੰਮਣਘੇਰੀਆਂ ਵੀ ਜ਼ਰੂਰ ਖਾਂਦੀ ਹੋਵੇਗੀ ਕੇ ਬੱਚੇ ਛੋਟੇ ਨੇ..ਏਡੇ ਵੱਡੇ ਦਰਬਾਰ ਵਿਚ ਕੱਲੇ ਕਾਰੇ ਖਲੋਤੇ ਕਿਤੇ ਥਿੜਕ ਹੀ ਨਾ ਜਾਵਣ!
ਭੁੱਖ,ਨੀਦ ਤੇ ਹੱਡ-ਚੀਰਵੀਂ ਠੰਡ..ਤੇ ਉੱਤੋਂ ਕੱਟੜ ਦੁਸ਼ਮਣ ਦੀ ਕੈਦ ਵਿਚ ਪੂਰੇ ਤਿੰਨ ਦਿਨ..ਐਸੇ ਹਾਲਾਤਾਂ ਵਿਚ ਬੜੇ ਬੜੇ ਵੱਡੇ ਸਿਦਕਵਾਨ ਵੀ ਅਕਸਰ ਡੋਲ ਹੀ ਜਾਇਆ ਕਰਦੇ ਨੇ ਪਰ ਧੰਨ ਸਨ ਉਹ ਅਰਸ਼ੋਂ ਉਤਰੀਆਂ ਸਿੱਖੀ ਸਿਧਾਂਤਾਂ ਵਿਚ ਪਰਪੱਕ ਪਵਿੱਤਰ ਰੂਹਾਂ ਤੇ ਧੰਨ ਸਨ ਓਹਨਾ ਦੇ ਜਜਬੇ ਨੂੰ ਨਿੱਕੀ ਉਮਰੇ ਏਨਾ ਪਰਪੱਕ ਕਰਨ ਵਾਲੇ ਦੇਵ ਪੁਰਸ਼..!
ਕਸ਼ਮੀਰੀ ਬ੍ਰਾਹਮਣਾ ਦੀ ਸਲਾਮਤੀ ਦੀ ਖਾਤਿਰ ਦਾਦੇ ਤੇਗ ਬਹਾਦੁਰ ਜੀ ਦੀ ਚਾਂਦਨੀ ਚੋਂਕ ਵਿਚ ਹੋਈ ਕੁਰਬਾਨੀ ਪਤਾ ਨਹੀਂ ਕਿਸ ਵਿਧੀ-ਵਿਧਾਨ ਮੁਤਾਬਿਕ ਹਰ ਵੇਲੇ ਓਹਨਾ ਦੇ ਕੰਨੀ ਪਾਈ ਜਾਂਦੀ ਹੋਵੇਗੀ..ਕੇ ਜਿਸ ਉਮਰੇ ਖੇਡਦਾ-ਮੱਲਦਾ ਅਣਜਾਣ ਬਚਪਨ ਇੱਕ ਚੌਕਲੇਟ ਦੀ ਖਾਤਿਰ ਆਪਣੇ ਮਾਪਿਆਂ ਤੱਕ ਨੂੰ ਭੁੱਲ ਜਾਣ ਦੀ ਗਫ਼ਲਤ ਕਰ ਬੈਠਦਾ ਏ ਉਸ ਉਮਰੇ ਓਹਨਾ ਆਪਣੇ ਹੋਣ ਵਾਲੇ ਅੰਜਾਮ ਤੱਕ ਦੀ ਪ੍ਰਵਾਹ ਨਹੀਂ ਕੀਤੀ..!
ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿਚ ਚੋਰੀ ਦੁੱਧ ਪਿਲਾਉਣ ਵਾਲਾ “ਮੋਤੀ ਰਾਮ ਮਹਿਰਾ”..ਮਗਰੋਂ ਫੜੇ ਜਾਣ ਤੇ ਪਰਿਵਾਰ ਸਮੇਤ ਜਿਉਂਦੇ ਨੂੰ ਕੋਹਲੂ ਵਿਚ ਪੀੜ ਦਿੱਤਾ ਗਿਆ..ਦਸਮ ਪਾਤਸ਼ਾਹ ਦੇ ਫਲਸਫੇ ਦੇ ਦੀਵਾਨੇ ਅਤੇ ਖੁਦ ਦਾ ਘਰ ਫੂਕ ਤਮਾਸ਼ਾ ਵੇਖਣ ਵਾਲੇ ਕਿੰਨੇ ਸਾਰੇ ਅਜੋਕੇ ਦੀਵਾਨ ਟੋਡਰ ਮੱਲਾਂ ਦੀਆਂ ਬੇਆਬਾਦ ਹਵੇਲੀਆਂ ਅੱਜ ਵੀ ਕਿੰਨੀਂ ਜਗਾ ਵੇਖੀਆਂ ਜਾ ਸਕਦੀਆਂ!
ਕਈ “ਮੋਤੀ ਰਾਮ ਮਹਿਰੇ” ਦਹਿਸ਼ਤ ਦੇ ਉਸ ਮਾਹੌਲ ਵਿਚ ਟੌਰਚਰ ਸੈਂਟਰਾਂ ਵਿਚ ਖੁਦ ਅੱਖੀਂ ਦੇਖੇ..ਜਿਹਨਾਂ ਨੇ ਉਸ ਦੌਰ ਵਿਚ ਰੂਪੋਸ਼ “ਬਾਗੀਆਂ” ਦੇ ਹਿਰਾਸਤ ਵਿਚ ਰੱਖੇ ਹੋਏ ਭੁੱਖ-ਪਿਆਸ ਨਾਲ ਵਿਲਕਦੇ ਬੱਚਿਆਂ ਤੇ ਪਰਿਵਾਰਾਂ ਨੂੰ ਚੋਰੀ ਰੋਟੀ ਖੁਆਈ,ਕੰਬਲ ਦਿੱਤੇ,ਸੁਨੇਹੇ ਪੁਚਾਏ ਤੇ ਮਗਰੋਂ ਫੜੇ ਜਾਣ ਤੇ ਪਰਿਵਾਰਾਂ ਸਮੇਤ ਮੁਕਾਬਲਿਆਂ ਵਿਚ ਖਤਮ ਕਰ ਦਿਤੇ ਗਏ..ਅਕਸਰ ਆਖਿਆ ਜਾਂਦਾ ਕੇ ਇਤਿਹਾਸ ਆਪਣੇ ਆਪ ਨੂੰ ਦੁਰਹਾਇਆ ਕਰਦਾ..!
ਸੋ ਦੋਸਤੋ ਆਓ ਠੰਡੇ ਬੁਰਜ ਵਿਚ ਵਾਪਰੀ ਦੁਨੀਆ ਦੀ ਉਸ ਵਿਲੱਖਣ ਘਟਨਾ ਨੂੰ ਵਿਸ਼ਵ ਦੇ ਕੋਨੇ ਕੋਨੇ ਵਿਚ ਹਰੇਕ ਦੇ ਕੰਨਾਂ ਤੱਕ ਪਹੁੰਚਾਇਆ ਜਾਵੇ..ਆਪਣੀ ਉਸ ਅਗਲੀ ਪੀੜ੍ਹੀ ਦੀ ਆਤਮਾਂ ਨੂੰ ਵੀ ਝੰਜੋੜਿਆ ਜਾਵੇ ਜਿਹੜੀ ਕ੍ਰਿਸਮਸ ਮਨਾਉਣ ਦੇ ਚੱਕਰਾਂ ਵਿਚ ਇਥੋਂ ਤੱਕ ਵੀ ਨਹੀਂ ਜਾਣਦੀ ਕੇ ਸਾਹਿਬਜਾਦਿ ਗਿਣਤੀ ਵਿਚ ਚਾਰ ਸਨ ਕੇ ਸੱਤ..!
ਅਜੋਕੇ ਸਮੇ ਵਿਚ ਸਾਡੇ ਆਸ ਪਾਸ ਵਿਚਰਦੇ ਹੋਏ ਕਿੰਨੇ ਸਾਰੇ ਸਰਹੰਦ ਦੇ ਸੂਬੇਦਾਰਾਂ ਅਤੇ ਮੋਰਿੰਡੇ ਦੇ ਅਹਿਲਕਾਰਾਂ ਦੇ ਦਿਲ ਕੰਬਾਊ ਕਾਰਨਾਮਿਆਂ ਨੂੰ ਵੀ ਟਿੱਕ-ਟੌਕ ਖੇਡਦੀ ਪੀੜੀ ਤੱਕ ਪਹੁੰਚਾਇਆ ਜਾਵੇ..
ਇਸ ਤਰਾਂ ਦੀ ਅਲਖ ਜਗਾਉਣ ਵੇਲੇ ਕਿਸੇ ਪੰਥਿਕ ਪਾਰਟੀ ਤੇ ਜਾਂ ਫੇਰ ਨਾਗਪੁਰ ਵਾਲਿਆਂ ਦੇ ਪਿੰਜਰੇ ਦਾ ਤੋਤਾ ਬਣ ਚੁਕੀ ਕਿਸੇ ਸ਼੍ਰੋਮਣੀ ਕਮੇਟੀ ਤੋਂ ਕੋਈ ਝਾਕ ਨਾ ਰੱਖੀ ਜਾਵੇ ਕਿਓੁਂਕਿ ਸਾਲਾਨਾ ਅਰਬਾਂ ਰੁਪਈਆਂ ਦੀ ਗੋਲਕ ਸਾਂਭਣ ਵਾਲੀ ਇਸ ਸੰਸਥਾ ਕੋਲ ਡੇਰਾ ਸਿਰਸਾ ਦੇ ਝੂਠੇ ਸਾਧ ਨੂੰ ਪੰਥ ਰਤਨ ਵੱਲੋਂ ਦਵਾਈ ਮੁਆਫੀ ਨੂੰ ਸਹੀ ਸਾਬਿਤ ਕਰਨ ਲਈ ਨੱਬੇ ਲੱਖ ਦੇ ਅਖਬਾਰੀ ਇਸ਼ਿਤਿਹਾਰ ਦੇਣ ਜੋਗੇ ਪੈਸੇ ਤਾਂ ਹੈਨ ਪਰ ਟੋਡਰ ਮੱਲ ਦੀ ਹਵੇਲੀ ਦੀ ਮੁਰੰਮਤ ਲਈ ਕੋਈ ਫ਼ੰਡ ਨਹੀਂ..ਕਿੰਨੀ ਵੱਡੀ ਤ੍ਰਾਸਦੀ ਹੈ!
ਅਕਸਰ ਦੋਸ਼ ਲੱਗਦੇ ਹਨ ਕਿ ਸਿੱਖ ਕੌਮ ਕੁਰਬਾਨੀ ਕਰਨਾ ਤੇ ਜਾਣਦੀ ਹੈ ਪਰ ਕੁਰਬਾਨੀਆਂ ਦਾ ਹਿਸਾਬ-ਕਿਤਾਬ ਰੱਖਣ ਦੇ ਮਾਮਲੇ ਵਿਚ ਹੋਰਨਾਂ ਕੌਮਾਂ ਦੇ ਮੁਕਾਬਲੇ ਅਜੇ ਵੀ ਬਹੁਤ ਫਾਡੀ ਹੈ !
ਵਾਹੇਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ
ਹਰਪ੍ਰੀਤ ਸਿੰਘ ਜਵੰਦਾ
ਚੜ੍ਹਦੀ ਉਮਰੇ ਜੁਆਨੀ ਦੀ ਦਹਿਲੀਜ ਤੇ ਪੈਰ ਰੱਖਦੀਆਂ ਇੱਕੋ ਜਿੱਡੀਆਂ ਤਿੰਨ ਧੀਆਂ….
ਉਹ ਹਰ ਰੋਜ ਸੁਵੇਰੇ ਕੱਲੀ-ਕੱਲੀ ਨੂੰ ਖੁਦ ਸਕੂਟਰ ਪਿੱਛੇ ਬਿਠਾ ਕੇ ਉਸ ਢਾਬੇ ਕੋਲੋਂ ਅਗਾਂਹ ਲੰਗਾ ਕੇ ਆਇਆ ਕਰਦਾ ਤੇ ਫੇਰ ਮੁੜ ਆਪ ਹੀ ਸਾਰੀਆਂ ਨੂੰ ਘਰੇ ਵਾਪਿਸ ਲਿਆਉਂਦਾ!
ਉਸਨੂੰ ਨੁੱਕਰ ਵਾਲੇ ਢਾਬੇ ਤੇ ਹਰ ਵੇਲੇ ਬੈਠੀ ਰਹਿੰਦੀ ਮੰਡੀਰ ਅਤੇ ਹਰ ਵੇਲੇ ਮੁੱਛਾਂ ਨੂੰ ਵੱਟ ਚਾੜਦੇ ਹੋਏ ਢਾਬੇ ਦੇ ਮਾਲਕ ਦੀਆਂ ਘੂਰ ਘੂਰ ਤੱਕਦੀਆਂ ਹੋਈਆਂ ਜ਼ਹਿਰੀ ਅੱਖੀਆਂ ਜਰਾ ਵੀ ਚੰਗੀਆਂ ਨਾ ਲੱਗਦੀਆਂ..!
ਕਈ ਵਾਰ ਰੱਬ ਨੂੰ ਉਲਾਹਮਾਂ ਦਿੰਦਾ ਹੋਇਆ ਆਖਦਾ ਕੇ ਕਿੰਨਾ ਜਰੂਰੀ ਸੀ ਇਸ ਵੇਲੇ ਇਹਨਾਂ ਦੀ ਮਾਂ ਦਾ ਇਹਨਾਂ ਦੇ ਕੋਲ ਹੋਣਾ..ਮਾਵਾਂ ਧੀਆਂ ਦੇ ਕਿੰਨੇ ਸਾਰੇ ਓਹਲੇ,ਸਲਾਹਾਂ ਅਤੇ ਨਸੀਹਤਾਂ..ਪਤਾ ਨੀ ਕਿਓਂ ਤੁਰ ਗਈ ਸੀ ਉਹ ਇਸ ਵੇਲੇ?
ਕਈ ਵਾਰ ਤਾਂ ਉਸਦਾ ਜੀ ਕਰਦਾ ਕੇ ਉਹ ਆਵਦੀਆਂ ਧੀਆਂ ਦੇ ਵਜੂਦ ਨੂੰ ਚੀਰਦੀਆਂ ਹੋਈਆਂ ਗੰਦੀਆਂ ਨਜਰਾਂ ਨੂੰ ਤੱਤੀਆਂ ਸਲਾਈਆਂ ਲਾ ਹਮੇਸ਼ਾਂ ਲਈ ਦਾਗ ਦੇਵੇ ਪਰ ਫੇਰ ਇਹ ਸੋਚ ਸਬਰ ਦਾ ਘੁੱਟ ਭਰ ਲਿਆ ਕਰਦਾ ਕੇ ਜੇ ਉਸਨੂੰ ਖੁਦ ਨੂੰ ਕੁਝ ਹੋ ਗਿਆ ਤਾਂ ਇਹਨਾਂ ਦੀ ਸਾਰ ਲੈਣ ਵਾਲਾ ਕੌਣ ਹੋਵੇਗਾ!
ਫੇਰ ਇੱਕ ਦਿਨ ਅਚਾਨਕ ਉਸਨੂੰ ਇੰਝ ਲਗਿਆ ਕੇ ਜਿੱਦਾਂ ਉਸ ਢਾਬੇ ਤੇ ਲੱਗਦੀਆਂ ਮਹਿਫ਼ਿਲਾਂ ਬੰਦ ਜਿਹੀਆਂ ਹੋ ਗਈਆਂ ਸਨ..!
ਹੁਣ ਨਾ ਤੇ ਕੋਈ ਅਸ਼ਲੀਲ ਟਿੱਪਣੀ ਹੀ ਹੁੰਦੀ ਤੇ ਨਾ ਹੀ ਕੋਈ ਭੈੜੀ ਨਜਰ ਨਾਲ ਤੱਕਿਆ ਹੀ ਕਰਦਾ..
ਹਰ ਵੇਲੇ ਮੁੱਛਾਂ ਨੂੰ ਵੱਟ ਚਾੜਨ ਵਾਲਾ ਉਹ ਢਾਬੇ ਦਾ ਮਾਲਕ ਵੀ ਹੁਣ ਹਮੇਸ਼ਾਂ ਹੀ ਆਪਣੀ ਧੌਣ ਨੀਵੀਂ ਕਰਕੇ ਕੰਮ-ਧੰਦੇ ਵਿਚ ਲਗਿਆ ਰਹਿੰਦਾ!
ਇਹ ਸਭ ਕੁਝ ਵੇਖ ਅੰਦਰੋਂ ਅੰਦਰੀ ਉਸਨੂੰ ਢੇਰ ਸਾਰਾ ਸੁਕੂਨ ਮਿਲਦਾ..ਫਿਕਰਾਂ ਦੀ ਪੰਡ ਜਿਹੀ ਵੀ ਹੌਲੀ ਹੁੰਦੀ ਜਾਪੀ..
ਇਕ ਦਿਨ ਕੋਈ ਚੀਜ ਲੈਣ ਦੇ ਬਹਾਨੇ ਉਸਨੇ ਗੱਲ ਛੇੜ ਲਈ..
ਆਖਣ ਲੱਗਾ “ਪੁੱਤ ਪਹਿਲਾਂ ਇਥੇ ਹਰ ਵੇਲੇ ਲੱਗਦੀਆਂ ਰਹਿੰਦੀਆਂ ਕਿੰਨੀਆਂ ਸਾਰੀਆਂ ਮਹਿਫ਼ਿਲਾਂ ਇੱਕਦਮ ਬੰਦ ਕਿੱਦਾਂ ਹੋ ਗਈਆਂ?
ਨਾਲੇ ਤੇਰੀ ਖ਼ੁਦ ਆਪਣੇ ਆਪ ਦੀ ਤੱਕਣੀ ਵਿਚ ਵੀ ਏਡਾ ਵੱਡਾ ਫਰਕ ਕਿਦਾਂ ਆ ਗਿਆ?
ਉਹ ਅੱਗੋਂ ਧੌਣ ਨੀਵੀਂ ਕਰ ਆਪਣਾ ਕੰਮ ਕਰਦਾ ਰਿਹਾ ਤੇ ਕੁਝ ਨਾ ਬੋਲਿਆ..!
ਫੇਰ ਕੁਝ ਦੇਰ ਮਗਰੋਂ ਏਨੀ ਗੱਲ ਆਖ ਉਸਨੇ ਆਪਣਾ ਧਿਆਨ ਫੇਰ ਥੱਲੇ ਕਰ ਲਿਆ ਕੇ “ਅੰਕਲ ਜੀ ਕੁਝ ਦਿਨ ਪਹਿਲਾਂ ਮੇਰੇ ਘਰ ਵੀ ਇੱਕ ਨਿੱਕੀ ਜਿਹੀ ਧੀ ਨੇ ਜਨਮ ਲਿਆ ਏ”
ਏਨੀ ਗੱਲ ਸੁਣ ਚਾਰੇ ਪਾਸੇ ਚੁੱਪ ਜਿਹੀ ਪੱਸਰ ਗਈ..
ਕਿੰਨੇ ਸਾਰੇ ਸਵਾਲ ਇਸ ਪੱਸਰੀ ਹੋਈ ਚੁੱਪ ਵਿਚੋਂ ਨਿੱਕਲ ਸਾਰੀ ਕਾਇਨਾਤ ਵਿਚ ਖਿੱਲਰ ਜਿਹੇ ਗਏ..!
ਉਸਨੂੰ ਇੰਝ ਲੱਗ ਰਿਹਾ ਸੀ ਜਿੱਦਾਂ ਨੀਵੀਂ ਪਾਈ ਢਾਬੇ ਵਾਲਾ ਇਸ ਵਾਰ ਸ਼ਾਇਦ ਆਪਣੇ ਕੀਤੇ ਤੇ ਪਛਤਾ ਰਿਹਾ ਹੋਵੇ ਤੇ ਉਸਦੇ ਵੇਹੜੇ ਜੰਮੀ ਨਿੱਕੀ ਜਿਹੀ ਧੀ ਉਸਨੂੰ ਆਉਣ ਵਾਲੇ ਟਾਈਮ ਦਾ ਹਵਾਲਾ ਦੇ ਕੇ ਡਰਾਵਾ ਜਿਹਾ ਦੇਈ ਜਾ ਰਹੀ ਹੋਵੇ !
ਸੋ ਦੋਸਤੋ ਘਰ ਵਿਚ ਧੀ ਦਾ ਹੋਣਾ ਅਤੇ ਵੇਹੜੇ ਵਿਚ ਧਰੇਕ ਦਾ ਹੋਣਾ ਓਨਾ ਹੀ ਜਰੂਰੀ ਏ ਜਿੰਨਾ ਕੇ ਜਿਉਂਦੇ ਰਹਿਣ ਲਈ ਵਜੂਦ ਵਿਚ ਸਾਹਾਂ ਦੀ ਤੰਦ ਦਾ ਬਰਕਰਾਰ ਰਹਿਣਾ!
ਹਰਪ੍ਰੀਤ ਸਿੰਘ ਜਵੰਦਾ
ਸੁਵੇਰੇ ਦਸ ਕੂ ਵਜੇ ਮੈਕਡੋਨਲ ਤੇ ਕੌਫੀ ਦਾ ਕੱਪ ਫੜ ਇੱਕ ਵੱਡੇ ਸਾਰੇ ਸੋਫੇ ਤੇ ਆਣ ਬੈਠਾ..
ਕੀ ਦੇਖਿਆ ਇੱਕ ਬਜ਼ੁਰਗ ਪੋਤਰੇ ਪੋਤਰੀਆਂ ਨਾਲ ਖਲੋਤਾ ਵੱਡਾ ਟੇਬਲ ਲੱਭ ਰਿਹਾ ਸੀ…
ਮੈਂ ਜੈਕਟ ਚੁਕੀ ਅਤੇ ਸਿੰਗਲ ਕੁਰਸੀ ਤੇ ਆਣ ਬੈਠਾ..
ਉਹ ਸਾਰਾ ਟੱਬਰ ਉਸ ਵੱਡੇ ਸੋਫੇ ਤੇ ਬੈਠ ਗਿਆ..ਓਹਨਾ ਦੇ ਮਨ ਵਿਚ ਖੁਸ਼ੀ ਅਤੇ ਨਜਰਾਂ ਵਿਚ ਧੰਨਵਾਦ ਵਾਲੀ ਭਾਵਨਾ ਦੇਖ ਮੇਰਾ ਦਿਲ ਸੰਤੁਸ਼ਟੀ ਵਾਲੇ ਸਮੁੰਦਰ ਵਿਚ ਗੋਤੇ ਖਾਣ ਲੱਗਾ..!
ਬਾਹਰ ਨਿੱਕਲਿਆਂ ਤਾਂ -30 ਡਿਗਰੀ ਵਾਲੀ ਹੱਡ-ਚੀਰਵੀਂ ਠੰਡ ਵਿਚ ਆਪਣਾ ਹੌਲੀ ਜਿਹੀ ਉਮਰ ਦਾ ਪੰਜਾਬੀ ਮੁੰਡਾ ਗੈਸ-ਸਟੇਸ਼ਨ ਤੇ ਤੇਲ ਪਾ ਰਿਹਾ ਸੀ..!
ਆਖਿਆ “ਮਿੱਤਰਾ ਸਿਰਫ ਪਿਛਲੇ ਸ਼ੀਸ਼ੇ ਸਾਫ ਕਰ ਦੇ..ਬਾਕੀ ਕੰਮ ਮੈਂ ਆਪੇ ਕਰ ਲੂਂ..ਖੁਸ਼ ਹੋ ਗਿਆ..ਫੇਰ ਪੁੱਛਿਆ ਠੰਡ ਲੱਗਦੀ?..ਕਹਿੰਦਾ ਬਹੁਤ ਜਿਆਦਾ ਅੰਕਲ ਜੀ..”
ਆਖਿਆ ਪੁੱਤ ਪਿੱਛੇ ਸਰਕਾਰਾਂ ਬੰਦੇ ਦਾ ਇਮਤਿਹਾਨ ਲੈਂਦੀਆਂ ਤੇ ਇਥੇ ਠੰਢ ਬੰਦੇ ਨੂੰ ਪੜਨੇ ਪਾਈ ਰੱਖਦੀ..ਘਬਰਾਵੀਂ ਨਾ..ਡਟਿਆ ਰਹੀਂ..ਬਸ ਇੱਕ ਸਿਆਲ ਕੱਢ ਲੈ ਕਿਸੇ ਤਰਾਂ ਇਸ ਮੁਲਖ ਵਿਚ..ਏਦੂੰ ਅੱਗੇ ਬੱਸ ਕਾਮਯਾਬੀ ਹੀ ਹੈ..
ਬੱਸ ਦੋ ਕੂ ਗੱਲਾਂ ਕੀਤੀਆਂ ਤਾਂ ਉਦਾਸ ਦਿਸਦਾ ਪੈਰਾਂ ਸਿਰ ਹੋ ਗਿਆ..!
ਏਨੇ ਨੂੰ ਇੱਕ ਹੌਲੀ ਜਿਹੀ ਉਮਰ ਦੀ ਕੁੜੀ ਬੈਗ ਫੜੀ ਮੈਕਡੋਨਲ ਦੇ ਅੰਦਰ ਜਾਂਦੀ ਦਿਸ ਪਈ ਪਾਰਕਿੰਗ ਵਿਚ ਸ਼ੀਸ਼ਾ ਬਣੀ ਬਰਫ ਉੱਪਰੋਂ ਤਿਲਕਦੀ ਹੋਈ ਮਸਾਂ ਬਚੀ..
ਉਸਦੇ ਫਲੈਟ ਬੂਟ ਪਾਏ ਹੋਏ ਦੇਖ ਵਾਜ ਮਾਰ ਰੋਕ ਲਿਆ..ਆਖਿਆ ਕੇ ਸਿਆਲ ਵਿਚ ਭਾਰੇ ਤੇ ਥੱਲਿਓਂ ਝਿਰੀਆਂ ਵਾਲੇ ਸਨੋ-ਬੂਟ ਪੌਣੇ ਬਹੁਤ ਜਰੂਰੀ ਨੇ..ਨਹੀਂ ਤੇ ਸੱਟ ਬੜੀ ਭੈੜੀ ਲੱਗਦੀ ਏ..
ਅੱਗੋਂ ਆਖਣ ਲੱਗੀ ਠੀਕ ਏ ਅੰਕਲ ਜੀ..ਆਪਣਾ ਨੰਬਰ ਦੇ ਦਿੱਤਾ ਤੇ ਆਖਿਆ ਘਬਰਾਵੀਂ ਨਾ..ਮੁਸ਼ਕਿਲ ਵਿਚ ਭਾਵੇਂ ਅੱਧੀ ਰਾਤ ਨੂੰ ਕਾਲ ਕਰੀਂ..ਵੱਸ ਵਿਚ ਹੋਇਆ ਤਾਂ ਜਰੂਰ ਮਦਦ ਕਰੂੰਗਾ!
ਇੱਕ ਸਟੋਰ ਤੋਂ ਸਟੈਂਪਾਂ ਲੈਣੀਆਂ ਸਨ..ਬਾਹਰ ਇੱਕ ਗੋਰਾ ਬੈਠਾ ਮਿਲ ਗਿਆ..ਆਖਣ ਲੱਗਾ ਕੋਈ ਚੇਂਜ ਹੈ ਤੇ ਦੇ ਦੇ ਭੁੱਖ ਲੱਗੀ..ਕੁਝ ਖਾਣਾ ਏ..ਤਿੰਨ ਡਾਲਰਾਂ ਵਾਲੀ ਡੀਲ ਲੈ ਦਿੱਤੀ..
ਆਖਣ ਲੱਗਾ ਹੁਣ ਕੌਫੀ ਵੀ ਪੀਣੀ ਏ..ਮੈਂ ਸੋਚਿਆ ਸਾਲ ਦੀ ਆਖਰੀ ਸ਼ਾਮ ਏ..ਨਰਾਜ ਕਾਹਨੂੰ ਕਰਨਾ..ਉਹ ਵੀ ਲੈ ਦਿੱਤੀ..ਖੁਸ਼ ਹੋ ਕੇ ਆਖਣ ਲੱਗਾ ਹੈਪੀ ਨਿਯੁ-ਯੀਅਰ!
ਫੇਰ ਘਰੇ ਜਾਣ ਲੱਗਾ ਤਾਂ ਫਿਲਪੀਨੋ ਗੁਆਂਢੀ ਨੇ ਹੱਥ ਦੇ ਕੇ ਰੋਕ ਲਿਆ ਕਹਿੰਦਾ ਕਾਰ ਸਟਾਰਟ ਨਹੀਂ ਹੁੰਦੀ..ਬੂਸਟ ਦੇਣਾ ਪੈਣਾ ਏ..ਪਾਰਟੀ ਤੇ ਜਾਣਾ ਲੇਟ ਹੋ ਰਿਹਾ ਹਾਂ..ਪੰਜ ਕੂ ਮਿੰਟ ਹੀ ਹੱਥ ਬਾਹਰ ਰਹੇ..ਦਸਤਾਨਿਆਂ ਦੇ ਵਿਚੋਂ ਵੀ ਉਂਗਲਾਂ ਫ੍ਰੀਜ ਹੋ ਗਈਆਂ..ਪੋਟੇ ਦੁਖਣ ਲੱਗ ਪਏ..ਪਰ ਉਸਦੀ ਮੁਸਕੁਰਾਹਟ ਨੇ ਸਾਰੀ ਪੀੜ ਭੁਲਾ ਦਿੱਤੀ..!
ਸੋ ਦੋਸਤੋ ਸਾਲ ਦਾ ਮੇਰਾ ਆਖਰੀ ਦਿਨ ਕੁਝ ਇਸ ਤਰਾਂ ਨਾਲ ਬੀਤਿਆ..
ਅੱਜ ਹੀ ਮੈਂ ਕਿਤੇ ਪੜਿਆ ਸੀ ਕੇ ਦੋ ਮਿੱਠੇ ਬੋਲ ਬੋਲਣ ਨਾਲ ਜੇ ਕਿਸੇ ਦਾ ਖੂਨ ਵੱਧ ਜਾਵੇ ਤਾਂ ਇਹ ਵੀ ਇੱਕ ਤਰਾਂ ਨਾਲ ਖੂਨ ਦਾਨ ਹੀ ਹੁੰਦਾ ਏ!
ਕਿਸੇ ਨੇ ਅੱਠ ਗੱਲਾਂ ਲਿਖ ਕੇ ਭੇਜੀਆਂ..ਸੋਚਿਆ ਸਾਂਝੀਆਂ ਕਰ ਲਵਾਂ..ਕੱਲ ਪਹਿਲੀ ਜਨਵਰੀ ਏ..ਟਰਾਈ ਕਰ ਕੇ ਦੇਖ ਲਿਓ..
1.ਜਿਥੋਂ ਤੱਕ ਹੋ ਸਕੇ ਅਤੀਤ (ਭੂਤ-ਕਾਲ) ਦੇ ਨਾਂਹ-ਪੱਖੀ ਘਟਨਾ ਕਰਮ ਨੂੰ ਆਪਣੇ ਵਰਤਮਾਨ ਅਤੇ ਭਵਿੱਖ ਦੀ ਸੋਚ ਤੇ ਕਦੇ ਵੀ ਹਾਵੀ ਨਾ ਹੋਣ ਦਿੱਤਾ ਜਾਵੇ!
2.ਬਾਕੀ ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ ਇਸ ਵੱਲ ਧਿਆਨ ਦੇਣਾ ਅਤੇ ਆਪਣੀ ਐਨਰਜੀ ਬਰਬਾਦ ਕਰਨੀ ਬਹੁਤ ਵੱਡੀ ਬੇਵਕੂਫੀ ਏ..!
3.ਤੁਹਾਡੀ ਜਿੰਦਗੀ ਵਿਚ ਖੁਸ਼ੀਆਂ ਲਿਆਉਣ ਵਾਲੀ ਬੱਸ ਨੂੰ ਕੋਈ ਹੋਰ ਨਹੀਂ ਸਗੋਂ ਤੁਸੀਂ ਖੁਦ ਚਲਾ ਰਹੇ ਹੁੰਦੇ ਹੋ..ਸੋ ਦੋਵੇਂ ਹੱਥ ਸਟੇਰਿੰਗ ਤੇ ਅਤੇ ਦੋਵੇਂ ਅੱਖਾਂ ਆਉਣ ਵਾਲੇ ਰਾਹਾਂ ਤੇ ਟਿੱਕੀਆਂ ਰਹਿਣ ਦਿਓ!
4.ਪੈਰ ਪੈਰ ਤੇ ਆਪਣੀ ਖੁਦ ਦੀ ਜਿੰਦਗੀ ਦੀ ਤੁਲਨਾ ਕਿਸੇ ਹੋਰ ਨਾਲ ਕਰਨੀ ਛੱਡ ਦਿੱਤੀ ਜਾਵੇ..ਆਮ ਤੌਰ ਤੇ ਵਾਪਰਦੇ ਇਸ ਵਰਤਾਰੇ ਨੂੰ ਅਕਸਰ ਹੀ ਸਾਡੀ ਜਿੰਦਗੀ ਦੀਆਂ ਬੇਸ਼ਕੀਮਤੀ ਖੁਸ਼ੀਆਂ ਖ਼ੇੜੇ ਚੋਰੀ ਕਰਨ ਦੀ ਆਦਤ ਹੁੰਦੀ ਏ!
5.ਸਮੇਂ ਵਿਚ ਜਿੰਦਗੀ ਦੇ ਵੱਡੇ ਤੋਂ ਵੱਡੇ ਜਖਮ ਭਰਨ ਦੀ ਸਮਰੱਥਾ ਹੁੰਦੀ ਏ..ਜਿਥੇ ਡਾਕਟਰੀ ਇਲਾਜ ਫੇਲ ਹੋਣ ਜਾਣ ਓਥੇ “ਸਮੇਂ” ਨੂੰ ਇੱਕ ਮੌਕਾ ਦੇ ਕੇ ਦੇਖ ਲੈਣਾ ਚਾਹੀਦਾ ਏ!
6.ਬਹੁਤ ਜਿਆਦਾ ਅਤੇ ਹਰ ਵੇਲੇ ਸੋਚਾਂ ਵਿਚ ਡੁੱਬੇ ਰਹਿਣਾ ਛੱਡ ਦਿੱਤਾ ਜਾਵੇ..ਦੁਨੀਆਂ ਵਿਚ ਰੱਬ ਤੋਂ ਇਲਾਵਾ ਅਜੇ ਤੱਕ ਕੋਈ ਐਸਾ ਵਜੂਦ ਪੈਦਾ ਨਹੀਂ ਹੋਇਆ ਜਿਸ ਕੋਲ ਦੁਨੀਆ ਦੇ ਹਰ ਸੁਆਲ ਦਾ ਜੁਆਬ ਹੋਵੇ!
7.ਹਮੇਸ਼ਾਂ ਮੁਸਕੁਰਾਉਂਦੇ ਰਹੋ..ਯਾਦ ਰੱਖੋ ਦੁਨੀਆ ਦੀ ਹਰੇਕ ਮੁਸ਼ਕਿਲ ਤੁਹਾਡੀ ਸਹੇੜੀ ਹੋਈ ਨਹੀਂ ਏ..!
8.ਬਦਮਾਸ਼ ਓਨੀ ਦੇਰ ਤੱਕ ਬਦਮਾਸ਼ ਹੈ ਜਦੋਂ ਤੱਕ ਤੁਸੀਂ ਸ਼ਰੀਫ ਹੋ..!
(Reposting)
ਨਵਾਂ ਸਾਲ ਮੁਬਾਰਕ ਹੋਵੇ..Harpreet Singh Jawanda
ਅੱਜ ਦੇ ਦਿਨ 8 ਪੋਹ ਨੂੰ ਕਲਗੀਧਰ ਦਸ਼ਮੇਸ਼ ਪਿਤਾ ਦੇ ਵਡੇ ਸਾਹਿਬਜ਼ਾਦੇ ਸਾਹਿਬ ਜਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ,ਤਿੰਨ ਪਿਆਰੇ ਭਾਈ ਹਿਮੰਤ ਸਿੰਘ ਜੀ,ਭਾਈ ਸਾਹਿਬ ਸਿੰਘ ਜੀ ,ਭਾਈ ਮੋਹਕਮ ਸਿੰਘ ਜੀ ਅਤੇ 37(ਹੇਠਾ ਲਿਖੇ ) ਹੋਰ ਸਿੰਘਾਂ ਸੂਰਮਿਆਂ ਨੇ ਚਮਕੌਰ ਦੀ ਗੜੀ ‘ਚ ਸ਼ਹੀਦੀ ਦੇ ਜਾਮ ਪੀਤੇ । ਓਹਨਾ ਸਾਰੇ 42 ਸ਼ਹੀਦਾ ਨੂੰ ਕੋਟਾਨ-ਕੋਟ ਪ੍ਰਣਾਮ
ਚਮਕੌਰ ਗੜੀ ਵਿਚ ਸ਼ਹੀਦ ਹੋਏ ਸਿੰਘਾਂ ਦੇ ਨਾਮ
1. ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ
2. ਸਾਹਿਬਜਾਦਾ ਬਾਬਾ ਜੁਝਾਰ ਸਿੰਘ ਜੀ
3. ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ (ਪੰਜ ਪਿਆਰਿਆਂ ਵਿਚੋਂ)
4. ਭਾਈ ਸਾਹਿਬ ਭਾਈ ਸਾਹਿਬ ਜੀ (ਪੰਜ ਪਿਆਰਿਆਂ ਵਿਚੋਂ)
5. ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ (ਪੰਜ ਪਿਆਰਿਆਂ ਵਿਚੋਂ)
6. ਭਾਈ ਸਾਹਿਬ ਭਾਈ ਸਨਮੁਖ ਸਿੰਘ ਜੀ
7. ਭਾਈ ਸਾਹਿਬ ਭਾਈ ਕਿਰਪਾ ਸਿੰਘ ਜੀ
8. ਭਾਈ ਸਾਹਿਬ ਭਾਈ ਨਾਨੂੰ ਸਿੰਘ ਦਿਲਵਾਲੀ
9. ਭਾਈ ਸਾਹਿਬ ਭਾਈ ਦੇਵਾ ਸਿੰਘ
10. ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ
11. ਭਾਈ ਸਾਹਿਬ ਭਾਈ ਰਾਮ ਸਿੰਘ ਜੀ
12. ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ
13. ਭਾਈ ਸਾਹਿਬ ਭਾਈ ਟਹਿਲ ਸਿੰਘ ਜੀ
14. ਭਾਈ ਸਾਹਿਬ ਭਾਈ ਮੁਕੰਦ ਸਿੰਘ ਜੀ
15. ਭਾਈ ਸਾਹਿਬ ਭਾਈ ਈਸ਼ਰ ਸਿੰਘ
16. ਭਾਈ ਸਾਹਿਬ ਭਾਈ ਫਤਿਹ ਸਿੰਘ ਜੀ
17. ਭਾਈ ਸਾਹਿਬ ਭਾਈ ਖਜਾਨ ਸਿੰਘ ਜੀ
18. ਭਾਈ ਸਾਹਿਬ ਭਾਈ ਲਾਲ ਸਿੰਘ ਜੀ
19. ਭਾਈ ਸਾਹਿਬ ਭਾਈ ਜਵਾਹਰ ਸਿੰਘ ਜੀ
20. ਭਾਈ ਸਾਹਿਬ ਭਾਈ ਕੀਰਤ ਸਿੰਘ ਜੀ
21. ਭਾਈ ਸਾਹਿਬ ਭਾਈ ਸ਼ਾਮ ਸਿੰਘ ਜੀ
22. ਭਾਈ ਸਾਹਿਬ ਭਾਈ ਹੁਕਮ ਸਿੰਘ ਜੀ
23. ਭਾਈ ਸਾਹਿਬ ਭਾਈ ਕੇਸਰਾ ਸਿੰਘ ਜੀ
24. ਭਾਈ ਸਾਹਿਬ ਭਾਈ ਧੰਨਾ ਸਿੰਘ ਜੀ
25. ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ
26. ਭਾਈ ਸਾਹਿਬ ਭਾਈ ਮਦਨ ਸਿੰਘ ਜੀ
27. ਭਾਈ ਸਾਹਿਬ ਭਾਈ ਬੁੱਢਾ ਸਿੰਘ ਜੀ
28. ਭਾਈ ਸਾਹਿਬ ਭਾਈ ਕਥਾ ਸਿੰਘ ਜੀ
29. ਭਾਈ ਸਾਹਿਬ ਭਾਈ ਆਨੰਦ ਸਿੰਘ ਜੀ
30. ਭਾਈ ਸਾਹਿਬ ਭਾਈ ਨਾਹਰ ਸਿੰਘ ਜੀ
31. ਭਾਈ ਸਾਹਿਬ ਭਾਈ ਸੰਤ ਸਿੰਘ ਬੰਗਸ਼ੇਰੀ ਜੀ
32. ਭਾਈ ਸਾਹਿਬ ਭਾਈ ਸ਼ੇਰ ਸਿੰਘ ਜੀ
33. ਭਾਈ ਸਾਹਿਬ ਭਾਈ ਸੰਗਤ ਸਿੰਘ ਜੀ (ਜੋ ਹੋ ਬਾ ਹੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗੂੰ ਦਿਖਾਈ ਦਿੰਦੇ ਸਨ)
34. ਭਾਈ ਸਾਹਿਬ ਭਾਈ ਮੁਕੰਦ ਸਿੰਘ ਜੀ (2)
35. ਭਾਈ ਸਾਹਿਬ ਭਾਈ ਅਨੇਕ ਸਿੰਘ ਜੀ ( ਬੰਦ ਬੰਦ ਕਟਾ ਕੇ ਸ਼ਹੀਦ ਹੋਣ ਵਾਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪੁੱਤਰ)
36. ਭਾਈ ਸਾਹਿਬ ਭਾਈ ਅਜਬ ਸਿੰਘ ਜੀ ( ਬੰਦ ਬੰਦ ਕਟਾ ਕੇ ਸ਼ਹੀਦ ਹੋਣ ਵਾਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪੁੱਤਰ)
37. ਭਾਈ ਸਾਹਿਬ ਭਾਈ ਅਜੀਬ ਸਿੰਘ ਜੀ ( ਬੰਦ ਬੰਦ ਕਟਾ ਕੇ ਸ਼ਹੀਦ ਹੋਣ ਵਾਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪੁੱਤਰ)
38. ਭਾਈ ਸਾਹਿਬ ਭਾਈ ਦਾਨ ਸਿੰਘ ਜੀ ( ਬੰਦ ਬੰਦ ਕਟਾ ਕੇ ਸ਼ਹੀਦ ਹੋਣ ਵਾਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪੁੱਤਰ)
39. ਭਾਈ ਸਾਹਿਬ ਭਾਈ ਆਲੀਮ ਸਿੰਘ ਜੀ
40. ਭਾਈ ਸਾਹਿਬ ਭਾਈ ਵੀਰ ਸਿੰਘ ਜੀ (ਭਾਈ ਸਾਹਿਬ ਭਾਈ ਆਲੀਮ ਸਿੰਘ ਜੀ ਦੇ ਸਪੁੱਤਰ)
41. ਭਾਈ ਸਾਹਿਬ ਭਾਈ ਮੋਹਰ ਸਿੰਘ ਜੀ (ਭਾਈ ਸਾਹਿਬ ਭਾਈ ਆਲੀਮ ਸਿੰਘ ਜੀ ਦੇ ਸਪੁੱਤਰ)
42. ਭਾਈ ਸਾਹਿਬ ਭਾਈ ਅਮੋਲਕ ਸਿੰਘ ਜੀ (ਭਾਈ ਸਾਹਿਬ ਭਾਈ ਆਲੀਮ ਸਿੰਘ ਜੀ ਦੇ ਸਪੁੱਤਰ)
—
ਪੜ੍ਹਿਓ ਜ਼ਰੂਰ 🙏🙏
ਜਿਸ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਚਮਕੌਰ ਦੇ ਮੈਦਾਨ ਵਿੱਚ ਜੂਝ ਰਹੇ ਸੀ ਤਾਂ ਦੁਸ਼ਮਣ ਦੀ ਫ਼ੌਜ ਦਾ ਹਰ ਸਿਪਾਹੀ ਚਾਹੁੰਦਾ ਸੀ ਕਿ ਮੇਰਾ ਵਾਰ ਸਾਹਿਬਜ਼ਾਦਾ ਅਜੀਤ ਸਿੰਘ ਤੇ ਲੱਗੇ…. ਅਤੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਮੌਤ ਮੇਰੇ ਹੱਥੋਂ ਹੋਵੇ ਤਾਂ ਕਿ ਮੈਂ ਬਾਦਸ਼ਾਹ ਤੋਂ ਵੱਡਾ ਇਨਾਮ ਲੈ ਸਕਾਂ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੂੰ ਮੈਂ ਕਤਲ ਕੀਤਾ…. ਹਰ ਪਾਸਿਓਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਵਾਰ ਹੋ ਰਹੇ ਸੀ..! ਇਤਿਹਾਸ ਵਿੱਚ ਜ਼ਿਕਰ ਮਿਲਦਾ ਕਿ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜ਼ਮੀਨ ਤੇ ਡਿੱਗੇ ਸੀ ਤਾਂ ਉਹਨਾਂ ਦੇ ਸਰੀਰ ਉੱਪਰ ਤਿੰਨ ਸੌ ਤੋਂ ਵੱਧ ਫੱਟਾਂ ਦੇ ਵਾਰ ਸੀ,
ਚਮਕੌਰ ਦੀ ਗੜ੍ਹੀ ਦੀ ਮੰਮਟੀ ਤੇ ਖੜ੍ਹਕੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸ਼ਹੀਦ ਹੁੰਦਾ ਦੇਖਕੇ ਕਹਿ ਰਹੇ ਹਨ
“ ਕੁਰਬਾਨ ਪਿਦਰ ਸ਼ਾਬਾਸ਼ ਖ਼ੂਬ ਲੜੇ ਹੋ,
ਕਿਉਂ ਨਾ ਹੋ ਗੋਬਿੰਦ ਕੇ ਫ਼ਰਜ਼ੰਦ ਬੜੇ ਹੋ “
( ਮੈਂ ਤੇਰੇ ਤੋਂ ਕੁਰਬਾਨ ਜਾਨਾਂ ਪੁੱਤਰ, ਸ਼ਾਬਾਸ਼ ਬਹੁਤ ਸੋਹਣਾ ਲੜਿਆ ਹੈਂ
ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਸੀ, ਤੂੰ ਇੰਝ ਹੀ ਲੜਨਾ ਸੀ, )
ਸਾਹਿਬਜ਼ਾਦਾ ਅਜੀਤ ਸਿੰਘ ਜੀ ਜਦੋਂ ਸ਼ਹੀਦ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ
“ ਪੀਓ ਪਿਆਲਾ ਪਿਰਮ ਕਾ ਸੁਮਨ ਭਏ ਅਸਵਾਰ
ਆਜ ਖਾਲਸਾ ਖ਼ਾਸ ਭਇਓ ਸਤਿਗੁਰ ਕੇ ਦਰਬਾਰ “
( ਏ ਅਕਾਲ ਪੁਰਖ ਵਾਹਿਗੁਰੂ ਮੈਂ ਤੇਰੀ ਇਮਾਨਤ ਤੈਨੂੰ ਸੌਂਪ ਦਿੱਤੀ
ਮੈਂ ਉਸ ਕਰਜ਼ੇ ਦੀ ਇੱਕ ਕਿਸ਼ਤ ਅਦਾ ਕਰ ਦਿੱਤੀ ਹੈ ਜਿਸਦਾ ਪ੍ਰਣ ਮੈਂ ਖਾਲਸੇ ਨਾਲ ਕੀਤਾ ਸੀ )
ਦੁਨੀਆਂ ਦਾ ਕੋਈ ਰਹਿਬਰ ਆਪਣੇ ਪੁੱਤਰ ਦੀ ਮੌਤ ਬਰਦਾਸ਼ਤ ਨਹੀਂ ਕਰ ਸਕਿਆ…. ਪਰ ਗੁਰੂ ਗੋਬਿੰਦ ਸਿੰਘ ਜੀ ਨੇ ਰੱਬੀ ਅਵਤਾਰ ਰਹਿਬਰ ਹੋਣ ਦੇ ਮਾਇਨੇ ਹੀ ਬਦਲ ਦਿੱਤੇ
ਇਹ ਕਹਾਣੀ ਤਾਮਿਲਨਾਡੂ ਦੀ ਕੇ. ਜਯਾਲਕਸ਼ਮੀ ਦੀ। ਇਸ ਬੱਚੀ ਦਾ ਬਾਪ ਟੱਬਰ ਤੋਂ ਅੱਡ ਰਹਿੰਦਾ ਹੈ। ਉਹ ਕਦੇ-ਕਦੇ ਪੈਸੇ ਘੱਲਦਾ ਹੈ। ਜਯਾਲਕਸ਼ਮੀ ਗਿਆਰਵੀਂ ਦੀ ਸਾਇੰਸ ਦੀ ਵਿਦਿਆਰਥਣ ਹੈ – ਤੇ ਕਾਜੂ ਵੇਚ ਕੇ ਘਰ ਚਲਾਉਣ ‘ਚ ਹਿੱਸਾ ਪਾਉਂਦੀ ਏ। ਇਕ ਰੋਜ਼ ਕੈਰਮ ਮੈਚ ਦੀ ਰਿਹਰਸਲ ਕਰਦਿਆਂ ਇਸ ਬੱਚੀ ਨੇ ਅਖ਼ਬਾਰ ਦੀ ਇਕ ਕਾਤਰ ਵੇਖੀ ਕਿ ਨਾਸਾ ਜਾਣ ਵਾਸਤੇ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਜਾ ਰਹੀ ਹੈ। ਜਯਾਲਕਸ਼ਮੀ ਦੀ ਅੱਖਾਂ ਵਿਚ ਉਸੇ ਵੇਲੇ ਨਾਸਾ ਜਾਣ ਦਾ ਖ਼ਾਬ ਛੱਲ ਮਾਰ ਕੇ ਨਿੱਤਰ ਆਇਆ। ਪਰ ਜਯਾਲਕਸ਼ਮੀ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ। ਜਯਾਲਕਸ਼ਮੀ ਨੇ ਹਿੰਮਤ ਨੇ ਹਾਰੀ; ਪਹਿਲਾਂ ਦੋ ਮਹੀਨੇ ਦਿਨ-ਰਾਤ ਮਿਹਨਤ ਕਰਕੇ ਉਸ ਨੇ ਅੰਗਰੇਜ਼ੀ ਸਿੱਖੀ- ਤੇ ਫੇਰ ਪ੍ਰੀਖਿਆ ਵਿਚ ਨਾਸਾ ਦੀ ਐਂਟਰੀ ਜਿੱਤ ਲਈ।
ਪਰ ਬਹਾਦਰਾਂ ਦੇ ਕਦੇ ਇਮਤਿਹਾਨ ਥੋੜ੍ਹਾ ਮੁੱਕਦੇ ਆ …!!!! ਜਯਾਲਕਸ਼ਮੀ ਕੋਲ ਪਾਸਪੋਰਟ ਬਣਾਉਣ ਜੋਗੇ ਪੈਸੇ ਨਹੀਂ ਸਨ, ਹੌਂਸਲਾ ਵੇਖ ਕੇ ਜਯਾਲਕਸ਼ਮੀ ਦੇ ਅਧਿਆਪਕਾਂ ਤੇ ਸਾਹਿਪਾਠੀਆਂ ਨੇ ਸਹਿਯੋਗ ਕਰਕੇ ਪਾਸਪੋਰਟ ਬਣਾ ਦਿੱਤਾ। ਪਰ ਅਸਲ ਟੀਚਾ ਸੀ ਪੌਣੇ ਦੋ ਲੱਖ ਦੇ ਕਰੀਬ ਫੀਸ ਭਰਨੀ, ਜਯਾਲਕਸ਼ਮੀ ਨੇ ਫੇਰ ਹਿੰਮਤ ਨਹੀਂ ਹਾਰੀ ਤੇ ਸੋਸ਼ਲ ਮੀਡੀਆ ‘ਤੇ ਆਵਦੇ ਸੁਫ਼ਨੇ ਬਾਰੇ ਅਪੀਲ ਕੀਤੀ। ਮਿਹਨਤ ਤੇ ਰਹਿਮਤ, ਦੋਵੇਂ ਸਕੀਆਂ ਭੈਣਾਂ ਨੇ। ਜਯਾਲਕਸ਼ਮੀ ਨੇ ਇਹ ਅੜਿੱਕਾ ਵੀ ਦੂਰ ਕਰ ਲਿਆ। ਹੁਣ ਜਯਾਲਕਸ਼ਮੀ ਨਾਸਾ ਜਾ ਰਹੀ ਹੈ। ਹਾਲਾਤ ਜਿਹੋ ਜਿਹੇ ਮਰਜ਼ੀ ਹੋਣ ਸੁਫ਼ਨਿਆਂ ਦਾ ਸਵੈਟਰ ਬੁਣਦੇ ਰਹੋ ; ਪਰ ਇਹ ਨਹੀਂ ਆ ਕਿ ਪਾ ਕੇ ਖਾ ਕੇ ਸਾਗ ਨਾਲ ਪੰਜ-ਸੱਤ ਰੋਟੀਆਂ ਤੇ ਸੁਫ਼ਨਿਆਂ ਦਾ ਸਵਾਟਰ ਪਾ ਕੇ ਸੁੱਤੇ ਰਹੋ- ਹਿੰਮਤ ਦਾ ਹਥੌੜਾ ਚੁੱਕ ਕੇ ਮੈਦਾਨ ਵਿਚ ਵੀ ਆਉਣਾ ਪਏਗਾ !!!!!!!
-ਮਿੰਟੂ ਗੁਰੂਸਰੀਆ