Posts Uploaded By Preet Singh

Sub Categories

ਹਨੀਮੂਨ ਤੋਂ ਮੁੜਦਿਆਂ ਅਜੇ ਮਸਾਂ ਮਹੀਨਾ ਵੀ ਨਹੀਂ ਸੀ ਹੋਇਆ ਕਿ ਫੋਨ ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ..
ਮੈਨੂੰ ਸਿੱਧਾ ਤੇ ਕੋਈ ਸੁਆਲ ਨਹੀਂ ਸੀ ਪੁੱਛਿਆ ਜਾਂਦਾ ਪਰ ਹੋਰ ਸਰੋਤਾਂ ਤੋਂ ਇਹ ਖਬਰ ਦੀ ਪੁਸ਼ਟੀ ਹੋਣੀ ਸ਼ੁਰੂ ਹੋ ਗਈ ਕਿ “ਕੋਈ ਖੁਸ਼ੀ ਦੀ ਖਬਰ ਹੈ ਕਿ ਨਹੀ”..?

ਬੀਜੀ ਮੇਰੇ ਵਲ ਵੇਖਣਾ ਸ਼ੁਰੂ ਕਰ ਦੀਆ ਕਰਦੀ..
ਮੈਨੂੰ ਅਜੀਬ ਜਿਹਾ ਮਹਿਸੂਸ ਹੁੰਦਾ..ਇੰਝ ਲੱਗਦਾ ਕੋਈ ਨਿੱਜੀ ਡਾਇਰੀ ਸਾਂਝੀ ਕਰਨ ਲਈ ਜ਼ੋਰ ਪਾ ਰਿਹਾ ਹੋਵੇ!

ਫੇਰ ਦੋ ਮਹੀਨਿਆਂ ਮਗਰੋਂ ਇਹ ਸਿਲਸਿਲਾ ਤਿੱਖਾ ਹੋਣਾ ਸ਼ੁਰੂ ਹੋ ਗਿਆ..
ਨਾਲ ਨਾਲ “ਚੰਗੀ ਚੀਜ” ਬਾਰੇ ਵੀ ਸਨੌਤਾ ਸ਼ੁਰੂ ਹੋ ਗਈਆਂ!

“ਚੰਗੀ ਚੀਜ” ਤੋਂ ਭਾਵ “ਮੁੰਡੇ” ਤੋਂ ਸੀ..ਇਹ ਵੀ ਮੈਨੂੰ ਇੱਥੇ ਆ ਕੇ ਹੀ ਪਤਾ ਲੱਗਾ
ਕਦੀ ਆਖਿਆ ਜਾਂਦਾ ਕੇ ਸਾਡੇ ਤੇ ਸਾਰੀਆਂ ਨੂੰਹਾਂ ਨੇ ਪਹਿਲਾਂ ਚੰਗੀ ਚੀਜ ਹੀ ਘਰੇ ਲਿਆਂਦੀ..
ਕਦੀ ਸੁਣਾਇਆ ਜਾਂਦਾ ਕਿ ਪਹਿਲਾਂ ਮੁੰਡਾ ਹੋ ਜਾਣ ਨਾਲ ਸੰਸਾਰ ਨਾਲ ਗੰਢ ਹੋਰ ਪੀਡੀ ਹੋ ਜਾਂਦੀ ਏ..!
ਮੈਂ ਪਹਿਲਾ-ਪਹਿਲ ਚੁੱਪ ਰਹਿੰਦੀ ਫੇਰ ਜਦੋਂ ਪਾਣੀ ਸਿਰੋਂ ਲੰਘ ਗਿਆ ਤਾਂ ਸਾਡੀ ਆਪੋ ਵਿਚ ਖਿੱਚੋਤਾਣ ਰਹਿਣੀ ਸ਼ੁਰੂ ਹੋ ਗਈ..!
ਮੈਂ ਐਸੇ ਮਾਹੌਲ ਵਿਚੋਂ ਨਹੀਂ ਸੀ ਆਈ ਤੇ ਨਾ ਹੀ ਸਾਡੇ ਘਰੇ ਕੁੜੀਆਂ ਨੂੰ ਮੁੰਡਿਆਂ ਤੋਂ ਕਿਸੇ ਗੱਲੋਂ ਘੱਟ ਸਮਝਿਆ ਜਾਂਦਾ ਸੀ..!
ਮੈਂ ਨਾਲਦੇ ਨਾਲ ਕੋਈ ਗੱਲ ਕਰਦੀ ਤਾਂ ਉਹ ਅੱਗੋਂ ਚੁੱਪ ਰਹਿੰਦਾ ਤੇ ਮੈਨੂੰ ਵੀ ਚੁੱਪ ਰਹਿਣ ਲਈ ਪ੍ਰੇਰਿਤ ਕਰਦਾ!

ਫੇਰ ਜਦੋਂ ਤੀਜਾ ਮਹੀਨਾ ਸੀ ਤੇ ਜ਼ੋਰ ਪੈਣਾ ਸ਼ੁਰੂ ਹੋ ਗਿਆ ਕੇ “ਟੈਸਟ” ਕਰਵਾ ਲਿਆ ਜਾਵੇ..ਪਰ ਮੈਂ ਚੰਗੀ ਚੀਜ ਬਾਰੇ ਸੋਚ ਸਹਿਮ ਜਾਂਦੀ..ਜੇ ਨਾ ਹੋਈ ਫੇਰ ਕੀ ਹੋਊ..?..ਮਰਵਾ ਦੇਣਗੇ ਸ਼ਾਇਦ!

ਮੈਂ ਨਾਂਹ ਕਰ ਦਿੱਤੀ..ਬੜਾ ਕਲੇਸ਼ ਪਿਆ..ਹੈਰਾਨ ਸਾਂ ਕਿ ਪਰਿਵਾਰ ਦੀਆਂ ਕੁੱਝ ਕੁ ਪੜ੍ਹੀਆਂ-ਲਿਖੀਆਂ ਦੀ ਸੋਚ ਵੀ ਇਸੇ ਤਰਾਂ ਦੀ ਹੀ ਸੀ..!

ਅਖੀਰ ਜਦੋਂ ਧੀ ਨੇ ਜਨਮ ਲਿਆ ਤਾਂ ਜਵਾਲਾਮੁਖੀ ਫਟ ਪਿਆ..!

ਸਾਰੇ ਚੁੱਪ ਜਿਹੇ ਹੋ ਗਏ..ਪਰ ਨਾਲਦੇ ਦੇ ਚੁੱਪ ਮੈਨੂੰ ਸਭ ਤੋਂ ਵੱਧ ਵੱਢ ਵੱਢ ਖਾਂਦੀ..
ਇੱਕ ਅਜੀਬ ਜਿਹੀ ਸੋਚ ਸੀ..ਜਿਸਦੇ ਸਾਹਵੇਂ ਸਾਰੀ ਪੜ੍ਹਾਈ, ਸਾਰੀਆਂ ਡਿਗਰੀਆਂ ਅਤੇ ਔਰਤ ਜਾਤ ਦੀ ਸਿਫਤ ਕਰਦੀ ਸਾਰੀ ਗੁਰਬਾਣੀ ਹੌਲੀ ਜਿਹੀ ਪੈ ਜਾਇਆ ਕਰਦੀ..ਮੈਨੂੰ ਘਰ ਵਿਚ ਜਗ੍ਹਾ-ਜਗ੍ਹਾ ਰੱਖੇ ਗੁਟਕੇ ਅਤੇ ਗੁਰਬਾਣੀ ਦੀਆਂ ਤੁੱਕਾਂ ਦਿਖਾਵੇ ਲਈ ਕੀਤਾ ਜਾਂਦਾ ਇੱਕ ਵੱਡਾ ਢੋਂਗ ਲੱਗਦਾ..!

ਅਖੀਰ ਘੁਟਣ ਵਧਦੀ ਗਈ..!

ਸਾਲ ਮਗਰੋਂ ਹੀ ਮੁੜ ਪ੍ਰੇਗਨੈਂਟ ਕਰ ਦਿੱਤੀ ਗਈ।
“ਹੋ ਗਈ” ਇਸ ਲਈ ਨਹੀਂ ਆਖਾਂਗੀ ਕਿਓੰਕਿ ਕੁਝ ਬਲਾਤਕਾਰ ਵਿਆਹ ਦੀ ਆੜ ਵਿਚ ਵੀ ਹੋਇਆ ਕਰਦੇ ਨੇ!
ਇਸ ਵਾਰ ਅੱਗੇ ਨਾਲੋਂ ਵੀ ਜਿਆਦਾ ਪ੍ਰੈਸ਼ਰ ਸੀ..
ਕਈ ਹਕੀਮਾਂ ਦੀ ਦਵਾਈ ਖਾਣ ਲਈ ਦਿੱਤੀ ਜਾਂਦੀ..ਕਈ ਸਿਆਣਿਆਂ ਕੋਲ ਲਿਜਾਣ ਦੀ ਸਲਾਹ ਬਣਦੀ..ਮੈਂ ਨਾਂਹ ਕਰ ਦਿੰਦੀ..
ਟੈਸਟ ਕਰਵਾਉਣ ਲਈ ਵੀ ਅੱਗੇ ਨਾਲੋਂ ਜਿਆਦਾ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ..
ਵਿਆਹ ਮੰਗਣਿਆਂ ਅਤੇ ਭਰੀ ਸਭਾ ਵਿਚ ਜਾਣ ਬੁੱਝ ਕੇ ਇਸ ਚੀਜ ਦਾ ਜਿਕਰ ਛੇੜ ਲਿਆ ਜਾਂਦਾ..
ਮੈਨੂੰ ਚਾਰੇ ਪਾਸਿਆਂ ਤੋਂ ਸਵਾਲ ਪੁੱਛੇ ਜਾਂਦੇ..ਇਹ ਮਹਿਸੂਸ ਕਰਵਾਇਆ ਜਾਂਦਾ ਕਿ ਤੇਰੀ ਜਿੰਦਗੀ ਵਿਚ ਕੋਈ ਘਾਟ ਏ..ਅਤੇ ਇਸ ਘਾਟ ਦੀ ਪੂਰਤੀ ਲਈ ਕੋਈ ਵੀ ਕੁਰਬਾਨੀ ਕਰਨੀ ਪਵੇ ਤਾਂ ਕਰਨੀ ਪੈਣੀ ਏ!

ਇਹ ਵੀ ਆਖਿਆ ਜਾਂਦਾ ਕਿ ਕੱਲੇ ਕੱਲੇ ਪੁੱਤ ਦੇ ਘਰੇ ਦੋ ਕੁੜੀਆਂ ਆ ਜਾਣ..ਇਹ ਹਰਗਿਜ ਨਹੀਂ ਹੋ ਸਕਦਾ..
ਕਦੇ ਆਖਿਆ ਜਾਂਦਾ ਜਵਾਈ ਕਦੇ ਪੁੱਤ ਨਹੀਂ ਬਣਦੇ..
ਕਦੀ ਲੰਮੀ ਚੌੜੀ ਤੇ ਹਰੇਕ ਪਾਸੇ ਖਿੱਲਰੀ ਹੋਈ ਜਾਇਦਾਦ ਦਾ ਹਵਾਲਾ ਵੀ ਦਿੱਤਾ ਜਾਂਦਾ..!

ਅਖੀਰ ਦੂਜੀ ਧੀ ਦੇ ਜਨਮ ਮਗਰੋਂ ਸਾਡਾ ਤਲਾਕ ਹੋ ਗਿਆ..!

ਮੁੜ ਕੱਲੀ ਨੇ ਦੋਵੇਂ ਪੜ੍ਹਾ ਲਿਖਾ ਕੇ ਕਿੱਦਾਂ ਜੁਆਨ ਕੀਤੀਆਂ ਅਤੇ ਆਪਣੇ ਮੁਲਖ ਵਿਚ “ਛੁੱਟੜ” ਦਾ ਖਿਤਾਬ ਸਿਰ ਤੇ ਚੁੱਕੀ ਸੂਈ ਦੇ ਕਿਹੜੇ ਕਿਹੜੇ ਨੱਕਿਆਂ ਵਿਚੋਂ ਨਿੱਕਲਣਾ ਪਿਆ ਫੇਰ ਕਦੀ ਵੱਖਰੇ ਲੇਖ ਵਿਚ ਬਿਆਨ ਕਰਾਂਗੀ..

ਪਰ ਅੱਜ ਏਨੇ ਵਰ੍ਹਿਆਂ ਮਗਰੋਂ ਗੋਰਿਆਂ ਦੀ ਦੇਸ਼ ਵਿਚ ਡਾਕਟਰ ਬਣੀ ਨਿੱਕੀ ਧੀ ਨੇ ਜਦੋਂ ਘਰੇ ਆ ਕੇ ਦਸਿਆ ਕਿ ਆਪਣੀ ਪ੍ਰੇਗਨੈਂਟ ਨੂੰਹ ਨੂੰ ਕਲੀਨਿਕ ਲੈ ਕੇ ਆਈ ਇੱਕ “ਮਦਰ-ਇਨ-ਲਾਅ” ਨੇ ਵੀ ਕੁੱਖ ਵਿਚ ਪਲ ਰਹੀ ਕਿਸੇ “ਚੰਗੀ ਚੀਜ” ਬਾਰੇ ਗੱਲ ਕੀਤੀ ਤਾਂ ਮੇਰੇ ਕਾਲਜੇ ਨੂੰ ਧੂਹ ਪੈ ਗਈ ਕਿ ਹਜਾਰਾਂ ਕਿਲੋਮੀਟਰ ਦੂਰ ਸੱਭਿਅਕ ਸਮਾਜ ਵਿਚ ਪਰਵਾਸ ਕਰ ਜਾਣਾ ਇਸ ਚੀਜ ਦੀ ਗਰੰਟੀ ਨਹੀਂ ਦਿੰਦਾ ਕਿ ਇਨਸਾਨ ਦੀ ਸੋਚ ਵੀ ਬਦਲ ਜਾਵੇ!
(ਅਸਲ ਵਾਪਰਿਆ ਬਿਰਤਾਂਤ)

ਹਰਪ੍ਰੀਤ ਸਿੰਘ ਜਵੰਦਾ

...
...

ਅਮਰੀਕਾ ਗਏ ਇੱਕ ਬੇਹੱਦ ਹੋਸ਼ਿਆਰ ਭਾਰਤੀ ਇੰਜੀਨੀਅਰ ਨੇ ਜਦੋਂ ਇੱਕ ਦਿਨ ਸਣੇ ਪਰਿਵਾਰ ਖ਼ੁਦਕੁਸ਼ੀ ਕਰ ਲਈ ਤਾਂ ਹਰ ਕੋਈ ਸੋਚਣ ਤੇ ਮਜਬੂਰ ਹੋ ਗਿਆ ਕੇ ਅਸਲ ਵਿਚ ਕਹਾਣੀ ਬਣੀ ਕੀ?
ਉਸਦੇ ਲਿਖੇ ਸੁਸਾਈਡ ਨੋਟ ਤੇ ਖੋਜ ਕੀਤੀ ਤਾਂ ਪਾਇਆ ਕੇ ਹਮੇਸ਼ਾਂ ਹੀ ਅਵਲ ਰਹਿਣ ਵਾਲੇ ਇਸ ਇਨਸਾਨ ਨੂੰ ਕਿਸੇ ਨੇ ਵੀ ਹਾਰ ਬਰਦਾਸ਼ਤ ਕਰਨੀ ਨਹੀਂ ਸੀ ਸਿਖਾਈ..
ਬਸ ਏਹੀ ਸਿਖਾਇਆ ਕੇ ਜਿੰਦਗੀ ਵਿਚ ਹਮੇਸ਼ਾਂ ਹਰ ਕੀਮਤ ਤੇ ਅਵਵਲ ਹੀ ਆਉਣਾ ਏ..!

2008 ਦੀ ਆਰਥਿਕ ਮੰਦੀ ਵਿਚ ਨੌਕਰੀ ਚਲੀ ਗਈ..ਘਰ ਦੀਆਂ ਕਿਸ਼ਤਾਂ ਟੁੱਟ ਗਈਆਂ ਤੇ ਜਦੋਂ ਰੋਟੀ ਦੇ ਵੀ ਲਾਲੇ ਤੱਕ ਪੈ ਗਏ ਤਾਂ ਇਸਨੇ ਬਕਾਇਦਾ ਸਲਾਹ ਕਰਕੇ ਮਰਨ ਦਾ ਰਾਹ ਚੁਣਿਆ!

ਮੁੰਬਈ ਵਿਚ ਇੱਕ ਵੀਹ ਸਾਲ ਦੀ ਖੂਬਸੂਰਤ ਮਾਡਲ ਨੇ ਫਲੈਟ ਦੀ ਦਸਵੀਂ ਮੰਜਿਲ ਤੋਂ ਕੁੱਦ ਕੇ ਖ਼ੁਦਕੁਸ਼ੀ ਕਰ ਲਈ..ਕਾਰਨ ਇੱਕ ਕਮਰਸ਼ੀਅਲ ਵਿਚ ਉਸਦੀ ਜਗਾ ਇੱਕ ਹੋਰ ਖੂਬਸੂਰਤ ਕੁੜੀ ਨੂੰ ਲੈ ਲਿਆ ਗਿਆ ਸੀ..

ਪੰਝੀ ਕੂ ਸਾਲ ਪਹਿਲਾਂ ਬਟਾਲੇ ਇੱਕ ਜਾਣਕਾਰ ਦੀ ਨੌਜੁਆਨ ਕੁੜੀ ਨੇ ਗੱਡੀ ਹੇਠ ਸਿਰ ਦੇ ਦਿਤਾ…ਕਾਰਨ ਸੀ ਕੇ ਉਸਦੇ ਮਾਪੇ ਚੋਵੀ ਘੰਟੇ ਬੱਸ ਇੱਕੋ ਗੱਲ ਉਸਦੇ ਕੰਨ ਵਿਚ ਪਾਉਂਦੇ ਰਹਿੰਦੇ ਸਨ ਕੇ ਧੀਏ ਤੂੰ ਬੱਸ ਡਾਕਟਰ ਬਣਨਾ ਏ..ਫੇਰ ਅਗਲੀ ਦਾ ਜਦੋ ਪੀ.ਐਮ.ਟੀ (Pre Medical Test) ਵਿਚ ਨਾਮ ਨਹੀਂ ਆਇਆ ਤਾਂ ਚੁੱਪ ਚੁਪੀਤੇ ਇਹ ਕਦਮ ਚੁੱਕ ਲਿਆ..!

ਦੋਸਤੋ ਜਿੰਦਗੀ ਦੇ ਪੈਂਡੇ ਬੜੇ ਸਖਤ ਅਤੇ ਬੇਰਹਿਮ ਹੁੰਦੇ ਨੇ..ਸਕੂਲਾਂ ਵਿਚ ਕਿੰਨੇ ਨੰਬਰ ਲਏ..ਕਿੰਨੀਆਂ ਮੈਰਿਟ ਲਿਸਟਾਂ ਵਿਚ ਤੁਹਾਡਾ ਨਾਮ ਆਇਆ..ਕਿਹੜੇ ਮਜ਼ਮੂਨਾਂ ਵਿਚ ਤੁਹਾਡੀ ਫਸਟ ਡਿਵੀਜਨ ਆਈ..ਅਸਲ ਜਿੰਦਗੀ ਵਿਚ ਇਸ ਸਭ ਦਾ ਕੋਈ ਜਿਆਦਾ ਮਹੱਤਵ ਨਹੀਂ ਹੁੰਦਾ..

ਜਿੰਦਗੀ ਜਦੋਂ ਇਮਤਿਹਾਨ ਲੈਂਦੀ ਹੈ ਤਾਂ ਸਾਰੇ ਸੁਆਲ ਇਸਨੇ ਆਪ ਹੀ ਸੈੱਟ ਕੀਤੇ ਹੁੰਦੇ ਨੇ…ਸੁਆਲ ਵੀ ਆਉਟ-ਆਫ-ਸਿਲੇਬਸ ਹੀ ਹੁੰਦੇ ਨੇ..ਕੋਈ ਡੇਟ ਸ਼ੀਟ ਵੀ ਨਹੀਂ ਹੁੰਦੀ ਅਤੇ ਗ੍ਰੇਸ ਮਾਰਕਸ ਦੇਣ ਦਾ ਰਿਵਾਜ ਵੀ ਨਹੀਂ ਹੁੰਦਾ!

ਦੁਨੀਆ ਰੂਪੀ ਖਤਰਨਾਕ ਜੰਗਲ ਵਿਚ ਤਰਾਂ ਤਰਾਂ ਦੇ ਖੂੰਖਾਰ ਜਾਨਵਰਾਂ ਨਾਲ ਵਾਹ ਪੈਂਦਾ ਹੀ ਰਹਿੰਦਾ ਏ…ਇਥੇ ਇੱਕ ਜਿੱਤਦਾ ਹੈ ਅਤੇ ਅਨੇਕਾਂ ਹਾਰਦੇ ਵੀ ਨੇ..ਲਾਟਰੀ ਲੱਖਾਂ ਪਾਉਂਦੇ ਪਰ ਨਿੱਕਲਦੀ ਸਿਰਫ ਇੱਕ ਦੀ ਹੀ ਹੈ…

ਦੋਸਤੋ ਜੇ ਸਿਖਾ ਸਕਦੇ ਹੋ ਤਾਂ ਜੁਆਕਾਂ ਨੂੰ ਕਾਮਯਾਬ ਹੋਣ ਦੇ ਨਾਲ ਨਾਲ ਹਾਰ ਬਰਦਾਸ਼ਤ ਕਰਨੀ ਵੀ ਸਿਖਾਓ…ਢੇਰੀ ਢਾਹ ਦੇਣ ਨਾਲੋਂ ਹਾਰ ਤੋਂ ਸਬਕ ਸਿੱਖਣਾ ਸਿਖਾਓ…
ਘੱਟ ਨੰਬਰਾਂ ਵਾਲਾ ਰਿਪੋਰਟ ਕਾਰਡ ਲੈ ਕੇ ਜਦੋਂ ਤੁਹਾਡਾ ਧੀ ਪੁੱਤ ਤੁਹਾਡੇ ਕੋਲ ਆਉਂਦਾ ਹੈ ਤਾਂ ਉਹ ਬਾਹਰੀ ਦੁਨੀਆਂ ਦੀ ਤਾਹਨੇ ਮੇਹਣਿਆਂ ਤੋਂ ਬੁਰੀ ਤਰਾਂ ਅੱਕਿਆ ਤੇ ਟੁੱਟਿਆ ਹੋਇਆ ਹੁੰਦਾ ਏ…
ਉਸਦੀਆਂ ਅੱਖਾਂ ਵਿਚ ਤੁਹਾਡੀ ਸੁਪੋਰਟ ਅਤੇ ਹੱਲਾਸ਼ੇਰੀ ਲਈ ਇੱਕ ਤਰਲਾ ਜਿਹਾ ਹੁੰਦਾ ਏ…ਉਹ ਆਸ ਕਰਦਾ ਏ ਕੇ ਉਸਦਾ ਬਾਪ ਉਸਨੂੰ ਆਪਣੀ ਬੁੱਕਲ ਵਿਚ ਲੈ ਕੇ ਆਖੇ ਕੇ ਪੁੱਤਰਾ ਫੇਰ ਕੀ ਹੋਇਆ ਨੰਬਰ ਘੱਟ ਆਏ ਨੇ ਤਾਂ..ਅਗਲਾ ਦਿਨ ਵੀ ਤਾਂ ਚੜਣਾ ਏ..ਫੇਰ ਜ਼ੋਰ ਲਾ ਲਵੀਂ..ਮੈਂ ਤੇਰੇ ਨਾਲ ਹਾਂ…

ਉਹ ਓਦੋਂ ਅੰਦਰੋਂ ਬੁਰੀ ਤਰਾਂ ਟੁੱਟ ਭੱਜ ਜਾਂਦਾ ਹੈ ਜਦੋਂ ਉਸਦਾ ਮੁਕਾਬਲਾ ਸ਼ਰੇਆਮ ਕਿਸੇ ਹੋਰ ਹੋਸ਼ਿਆਰ ਬੱਚੇ ਨਾਲ ਕੀਤਾ ਜਾਂਦਾ ਏ ਤੇ ਉਸਦੇ ਸਵੈ-ਮਾਣ ਦੀਆਂ ਧੱਜੀਆਂ ਉਡਾ ਦਿੱਤੀਆਂ ਜਾਂਦੀਆਂ…!

ਸੋ ਦੋਸਤੋ ਮੁੱਕਦੀ ਗੱਲ..ਜਿੰਦਗੀ ਇੱਕ ਐਸਾ ਇਮਤਿਹਾਨ ਹੈ ਜਿਸ ਵਿਚੋਂ ਬਹੁਤੇ ਸਾਰੇ ਸ਼ਾਇਦ ਇਸ ਕਰਕੇ ਫੇਲ ਹੋ ਜਾਂਦੇ ਨੇ ਕਿਓੰਕੇ ਦੂਸਰਿਆਂ ਦੀ ਉੱਤਰ ਬੁੱਕ ਚੋਂ ਨਕਲ ਮਾਰਦਿਆਂ ਉਹ ਇਹ ਗੱਲ ਪੂਰੀ ਤਰਾਂ ਭੁੱਲ ਜਾਂਦੇ ਨੇ ਕੇ ਪਰਚਾ ਪਾਉਣ ਵਾਲੇ ਨੇ ਹਰੇਕ ਨੂੰ ਸੁਆਲ ਵੀ ਅੱਡੋ ਅੱਡ ਪਾਏ ਹੁੰਦੇ ਨੇ..!

Harpreet singh jawanda

...
...

ਸ਼ਰਾਬੀ ਹੋਇਆ ਉਹ ਜਦੋਂ ਵੀ ਗਲੀ ਵਿਚ ਦੀ ਲੰਘਦਾ..ਮਾਵਾਂ ਨਿਆਣੇ ਅੰਦਰ ਵਾੜ ਛੇਤੀ ਨਾਲ ਬੂਹਾ ਭੇੜ ਲੈਂਦੀਆਂ..
ਸ਼ਕਲ ਤੋਂ ਬੜਾ ਖੌਫਨਾਕ ਜਿਹਾ ਲੱਗਦਾ ਸੀ..ਬਦਲਦੇ ਮਾਹੌਲ ਵਿਚ ਉਸ ਬਾਰੇ ਜਿੰਨੇ ਮੂੰਹ ਓਨੀਆਂ ਹੀ ਗੱਲਾਂ ਹੁੰਦੀਆਂ!

ਉਸ ਰਾਤ ਉਹ ਨਸ਼ੇ ਵਿਚ ਟੱਲੀ ਹੋਇਆ ਕੰਧਾਂ ਨੂੰ ਹੱਥ ਪਾਉਂਦਾ ਹੋਇਆ ਗਲੀ ਦੇ ਮੋੜ ਤੇ ਆਣ ਪਹੁੰਚਿਆ..
ਅਚਾਨਕ ਬਲਬ ਦੀ ਰੋਸ਼ਨੀ ਨੂੰ ਚੀਰਦਾ ਹੋਇਆ ਇੱਕ ਪਰਛਾਵਾਂ ਉਸਦੇ ਅੱਗੋਂ ਦੀ ਲੰਗਿਆ ਤੇ ਕੰਧ ਓਹਲੇ ਗੁਆਚ ਗਿਆ!

ਸਾਰੀ ਪੀਤੀ ਹੋਈ ਲਹਿ ਗਈ..ਅੱਗੇ ਹੋ ਕੇ ਵੇਖਿਆ..ਪਾਣੀ ਨਾਲ ਗੜੁੱਚ ਹੋਇਆ ਇਕ ਵਜੂਦ ਗੋਡਿਆਂ ਵਿਚ ਸਿਰ ਦੇਈ ਸੁੰਗੜ ਕੇ ਕੰਧ ਨੂੰ ਢੋਅ ਲਾਈ ਬੈਠਾ ਸੀ..

ਹੱਥ ਨਾਲ ਟੋਹਿਆ ਤਾਂ ਚੋਦਾ-ਪੰਦਰਾਂ ਵਰ੍ਹਿਆਂ ਦੀ ਕੁੜੀ ਸੀ..ਡਰੀ ਹੋਈ ਤੇ ਠੰਡ ਨਾਲ ਪੂਰੀ ਤਰਾਂ ਕੰਬਦੀ ਹੋਈ!
ਬਾਂਹ ਫੜ ਉਠਾ ਲਿਆ ਤੇ ਪੁੱਛਿਆ ਕੌਣ ਹੈ ਤੂੰ?
ਅੱਗੋਂ ਚੁੱਪ ਰਹੀ..ਫੇਰ ਗੁੱਸੇ ਨਾਲ ਚੀਕਿਆ “ਕੌਣ ਹੈ ਤੇ ਕਿਥੇ ਜਾਣਾ ਏਂ ਦੱਸ ਮੈਨੂੰ..ਦੱਸਦੀ ਕਿਓਂ ਨਹੀਂ ਤੂੰ?

ਇਸ ਵਾਰ ਸ਼ਾਇਦ ਉਹ ਡਰ ਗਈ ਸੀ..
ਆਖਣ ਲੱਗੀ “ਸ਼ਹਿਰ ਅਨਾਥ ਆਸ਼ਰਮ ਚੋਂ ਭੱਜ ਕੇ ਗੱਡੀ ਚੜ੍ਹ ਇਥੇ ਆਣ ਉੱਤਰੀ ਹਾਂ..ਉਹ ਚਾਰ ਬੰਦੇ ਟੇਸ਼ਨ ਤੋਂ ਹੀ ਮੇਰੇ ਪਿੱਛੇ..ਨਾਲ ਹੀ ਉਸਨੇ ਕੰਧ ਨਾਲ ਲੱਗ ਖਲੋਤੇ ਚਾਰ ਪਰਛਾਵਿਆਂ ਵੱਲ ਨੂੰ ਉਂਗਲ ਕਰ ਦਿੱਤੀ!

ਉਹ ਚੀਕਿਆ “ਕੌਣ ਹੋ ਓਏ ਤੁਸੀਂ..ਦੌੜ ਜਾਓ ਨਹੀਂ ਤੇ ਗੋਲੀ ਮਾਰ ਦਿਆਂਗਾ..ਆਹ ਦੇਖੋ ਮੇਰੇ ਡੱਬ ਵਿਚ ਪਿਸਤੌਲ”

ਏਨਾ ਸੁਣ ਉਹ ਚਾਰੇ ਪਰਛਾਵੇਂ ਹਨੇਰੇ ਵਿਚ ਕਿਧਰੇ ਅਲੋਪ ਹੋ ਚੁਕੇ ਸਨ!

ਉਸ ਨੇ ਫੇਰ ਸਵਾਲ ਕੀਤਾ..”ਕਿਥੇ ਜਾਵੇਂਗੀ?..ਕੱਲੀ ਜਾਵੇਂਗੀ ਤਾਂ ਉਹ ਚਾਰ ਭੇੜੀਏ ਨਹੀਂ ਛੱਡਣਗੇ ਤੈਨੂੰ…ਨੋਚ ਨੋਚ ਖਾ ਜਾਣਗੇ”
ਏਨਾ ਸੁਣ ਉਹ ਰੋ ਪਈ ਤੇ ਹੱਥ ਜੋੜ ਆਖਣ ਲੱਗੀ ਕੇ “ਮੇਰਾ ਕੋਈ ਨਹੀਂ ਏ..ਕੱਲੀ ਹਾਂ..ਮਾਂ ਮਰ ਗਈ ਤੇ ਪਿਓ ਦੂਜਾ ਵਿਆਹ ਤੇ ਅਨਾਥ ਆਸ਼ਰਮ ਵਾਲੇ ਗੰਦੇ ਲੋਕ”

ਏਨਾ ਸੁਣ ਉਸਨੇ ਕੁਝ ਸੋਚਿਆ ਤੇ ਮੁੜ ਆਖਣ ਲੱਗਾ “ਚੱਲੇਂਗੀ ਮੇਰੇ ਨਾਲ..ਮੇਰੇ ਘਰ ਵਿਚ..ਹਮੇਸ਼ਾਂ ਲਈ..ਰੋਟੀ ਦੇਵਾਂਗਾ..ਬਿਸਤਰਾ ਦੇਵਾਂਗਾ ਤੇ ਹੋਰ ਵੀ ਬਹੁਤ ਕੁਝ”
“ਹੋਰ ਵੀ ਬਹੁਤ ਕੁਝ” ਸੁਣ ਉਹ ਅਨਾਥ ਆਸ਼ਰਮ ਵਾਲੇ ਰਸੋਈਏ ਪਹਿਲਵਾਨ ਬਾਰੇ ਸੋਚਣ ਲੱਗੀ..ਉਸਨੇ ਨੇ ਵੀ ਸ਼ਾਇਦ ਏਹੀ ਕੁਝ ਹੀ ਆਖਿਆ ਸੀ ਪਹਿਲੀ ਵਾਰ!

ਅਗਲੇ ਹੀ ਪਲ ਉਹ ਉਸਨੂੰ ਬਾਹੋਂ ਫੜ ਆਪਣੇ ਨਾਲ ਲਈ ਜਾ ਰਿਹਾ ਸੀ..ਬਾਹਰ ਖੇਤਾਂ ਵਿਚ ਬਣੇ ਇੱਕ ਸੁੰਨਸਾਨ ਜਿਹੇ ਘਰ ਦਾ ਬੂਹਾ ਪਹਿਲਾਂ ਤੋਂ ਹੀ ਖੁੱਲ੍ਹਾ ਸੀ..ਉਹ ਉਸਨੂੰ ਅੰਦਰ ਲੈ ਆਇਆ ਤੇ ਬੂਹੇ ਨੂੰ ਕੁੰਡੀ ਲਾ ਦਿੱਤੀ..ਮੀਂਹ ਝੱਖੜ ਕਾਰਨ ਹੁਣ ਬਿਜਲੀ ਵੀ ਜਾ ਚੁਕੀ ਸੀ..ਘੁੱਪ ਹਨੇਰਾ!

ਉਹ ਉਸਨੂੰ ਇੱਕ ਹਨੇਰੇ ਕਮਰੇ ਵੱਲ ਨੂੰ ਲੈ ਤੁਰਿਆ ਤੇ ਨੁੱਕਰ ਵੱਲ ਖੜਾ ਕਰ ਬੋਝੇ ਵਿਚੋਂ ਤੀਲਾਂ ਵਾਲੀ ਡੱਬੀ ਕੱਢੀ..
ਫੇਰ ਅੱਗ ਦੀ ਲੋ ਵਿਚ ਦੂਜੇ ਪਾਸੇ ਨੂੰ ਮੂੰਹ ਕਰ ਆਖਣ ਲੱਗਾ..”ਉੱਠ ਪਿਆਰ ਕੁਰੇ..ਆ ਵੇਖ ਕੀ ਲਿਆਇਆ ਹਾਂ ਤੇਰੇ ਜੋਗਾ..”ਧੀ” ਲਿਆਇਆਂ ਹਾਂ “ਧੀ”..ਉਹ ਵੀ ਜਿਉਂਦੀ ਜਾਗਦੀ ਗੱਲਾਂ ਕਰਦੀ ਧੀ..ਤੇਰੇ ਤੇ ਆਪਣੇ ਦੋਹਾਂ ਲਈ..ਹੁਣ ਕੋਈ ਮਾਈ ਦਾ ਲਾਲ ਸਾਨੂੰ “ਬੇਔਲਾਦਾ’ ਆਖ ਕੇ ਤਾਂ ਦਿਖਾਵੇ”

ਬਾਹਰ ਗਰਜਦੇ ਹੋਏ ਬੱਦਲ ਪੂਰੀ ਤਰਾਂ ਸ਼ਾਂਤ ਹੋ ਚੁਕੇ ਸਨ ਤੇ ਆਸਮਾਨੀ ਚੜਿਆ ਪੂਰਨਮਾਸ਼ੀ ਦਾ ਚੰਨ ਪੂਰੇ ਜਲੌਅ ਤੇ ਅੱਪੜ ਪੂਰੀ ਕਾਇਨਾਤ ਨੂੰ “ਚਾਨਣ” ਵੰਡ ਰਿਹਾ ਸੀ..!

ਹਰਪ੍ਰੀਤ ਸਿੰਘ ਜਵੰਦਾ

...
...

ਵਿਦਵਾਨਾਂ ਦਾ ਮੰਨਣਾ ਹੈ ਕਿ ਗਰੀਬ ਨੂੰ ਬਿਜਲੀ ਉਪਲੱਬਧ ਕਰਾਉਣ ਲਈ ਉਤਪਾਦਨ ਵਿੱਚ ਵਾਧਾ ਜਰੂਰੀ ਹੈ . ਪਹਿਲੀ ਨਜ਼ਰੇ ਗੱਲ ਠੀਕ ਲੱਗਦੀ ਹੈ . ਲੇਕਿਨ ਪੇਚ ਇਹ ਹੈ ਕਿ ਉਤਪਾਦਨ ਵਿੱਚ ਵਾਧਾ ਕਰ ਅਮੀਰ ਵਰਗ ਨੂੰ ਬਿਜਲੀ ਦਿੱਤੀ ਜਾਵੇ ਤਾਂ ਵੀ ਆਮ ਆਦਮੀ ਹਨ੍ਹੇਰੇ ਵਿੱਚ ਹੀ ਰਹੇਗਾ . ਯਾਨੀ ਸਵਾਲ ਬਿਜਲੀ ਉਤਪਾਦਨ ਵਧਾਉਣ ਦਾ ਨਹੀਂ , ਉਪਲੱਬਧ ਬਿਜਲੀ ਦੀ ਵੰਡ ਦਾ ਹੈ . ਸਰਕਾਰ ਦੀ ਰਣਨੀਤੀ ਹੈ ਕਿ ਆਮ ਆਦਮੀ ਨੂੰ ਹਨ੍ਹੇਰੇ ਵਿੱਚ ਰੱਖਿਆ ਜਾਵੇ . ਇਸ ਨਾਲ ਬਿਜਲੀ ਉਤਪਾਦਨ ਵਧਾਉਣ ਦੇ ਪੱਖ ਵਿੱਚ ਜਨਮਤ ਬਣਾਇਆ ਜਾ ਸਕੇਗਾ . ਗਰੀਬ ਨੂੰ ਸਮਝਾਇਆ ਜਾ ਸਕੇਗਾ ਕਿ ਉਤਪਾਦਨ ਦੇ ਦੁਸ਼ਪ੍ਰਭਾਵਾਂ ਨੂੰ ਉਹ ਸਹਤਾ ਰਹੇ . ਇਸਦੇ ਬਾਅਦ ਉਤਪਾਦਿਤ ਬਿਜਲੀ ਮਾਲਦਾਰ ਲੋਕਾਂ ਨੂੰ ਦਿੱਤੀ ਜਾਵੇਗੀ .

ਜੇਕਰ ਗਰੀਬ ਨੂੰ ਬਿਜਲੀ ਸਪਲਾਈ ਕਰ ਦਿੱਤੀ ਗਈ ਤਾਂ ਉਤਪਾਦਨ ਵਿੱਚ ਵਾਧੇ ਦੇ ਪੱਖ ਵਿੱਚ ਜਨਮਤ ਖ਼ਤਮ ਹੋ ਜਾਵੇਗਾ ਅਤੇ ਅਮੀਰ ਵਰਗ ਨੂੰ ਬਿਜਲੀ ਨਹੀਂ ਮਿਲ ਸਕੇਗੀ .

ਨੈਸ਼ਨਲ ਪਾਵਰ ਟ੍ਰੇਨਿੰਗ ਇੰਸਟੀਚਿਊਟ ਦੇ ਅਧਿਅਨ ਵਿੱਚ ਦੱਸਿਆ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਰਾਜ ਵਿੱਚ 2004 ਵਿੱਚ ਹੀ 95 ਫ਼ੀਸਦੀ ਜਨਤਾ ਨੂੰ ਬਿਜਲੀ ਉਪਲੱਬਧ ਸੀ . ਮੱਧ ਪ੍ਰਦੇਸ਼ ਵਰਗੇ ’ਗਰੀਬ‘ ਰਾਜ ਵਿੱਚ 70 ਫ਼ੀਸਦੀ ਲੋਕਾਂ ਨੂੰ ਬਿਜਲੀ ਉਪਲੱਬਧ ਹੈ . ਵਿਕਸਿਤ ਰਾਜਾਂ ਦੀ ਹਾਲਤ ਹੀ ਕਮਜੋਰ ਵਿੱਖਦੀ ਹੈ . ਅਤੇ ਮੁੱਦਾ ਰਾਜਨੀਤਕ ਸੰਕਲਪ ਦਾ ਦਿਸਦਾ ਹੈ , ਨਾ ਕਿ ਬਿਜਲੀ ਦੇ ਉਤਪਾਦਨ ਦਾ . ਦੇਸ਼ ਵਿੱਚ ਲੱਗਭੱਗ ਚਾਰ ਕਰੋੜ ਲੋਕਾਂ ਦੇ ਘਰਾਂ ਵਿੱਚ ਬਿਜਲੀ ਨਹੀਂ ਪਹੁੰਚੀ ਹੈ . ਇਨ੍ਹਾਂ ਨੂੰ 30 ਯੂਨਿਟ ਪ੍ਰਤੀ ਮਾਹ ਬਿਜਲੀ ਉਪਲੱਬਧ ਕਰਾਉਣ ਲਈ 1 . 2 ਬਿਲਿਅਨ ਯੂਨਿਟ ਬਿਜਲੀ ਪ੍ਰਤੀ ਮਾਹ ਦੀ ਲੋੜ ਹੈ . ਇਸ ਸਮੇਂ ਦੇਸ਼ ਵਿੱਚ ਬਿਜਲੀ ਦਾ ਉਤਪਾਦਨ ਲੱਗਭੱਗ 67 ਬਿਲਿਅਨ ਯੂਨਿਟ ਪ੍ਰਤੀ ਮਹੀਨਾ ਹੈ . ਇਸ ਤਰ੍ਹਾਂ ਉਪਲੱਬਧ ਬਿਜਲੀ ਵਿੱਚੋਂ ਕੇਵਲ ਦੋ ਫ਼ੀਸਦੀ ਬਿਜਲੀ ਹੀ ਇਨ੍ਹਾਂ ਗਰੀਬਾਂ ਘਰਾਂ ਨੂੰ ਰੋਸ਼ਨ ਕਰਨ ਲਈ ਸਮਰੱਥ ਹੈ .

ਸਮੱਸਿਆ ਇਹ ਹੈ ਕਿ ਬਿਜਲੀ ਦੀ ਵਰਤੋ ਅਮੀਰ ਵਰਗ ਦੀ ਐਸ਼ਪ੍ਰਸਤੀ ਦੀਆਂ ਅੰਤਹੀਣ ਜਰੂਰਤਾਂ ਨੂੰ ਪੂਰਾ ਕਰਨ ਲਈ ਕੀਤਾ ਜਾ ਰਿਹਾ ਹੈ . ਇਸ ਤਰ੍ਹਾਂ ਗਰੀਬ ਦੇ ਘਰ ਵਿੱਚ ਪਹੁੰਚਾਣ ਲਈ ਬਿਜਲੀ ਨਹੀਂ ਬਚਦੀ ਹੈ . ਮੁੰਬਈ ਵਿੱਚ ਇੱਕ ਪ੍ਰਮੁੱਖ ਉਦਯੋਗਪਤੀ ਦੇ ਘਰ ਦਾ ਬਿਜਲੀ ਦਾ ਮਾਸਿਕ ਬਿਲ 70 ਲੱਖ ਰੁਪਏ ਹੈ . ਇਸ ਪ੍ਰਕਾਰ ਦੇ ਦੁਰਪਯੋਗ ਤੋਂ ਬਿਜਲੀ ਦਾ ਸੰਕਟ ਪੈਦਾ ਹੋ ਰਿਹਾ ਹੈ . ਘਰ ਵਿੱਚ ਜੇਕਰ ਮਾਤਾ ਹਿਫਾਜ਼ਤ ਨਾ ਦੇਵੇ ਤਾਂ ਤਾਕਤਵਰ ਬੱਚੇ ਭੋਜਨ ਹੜਪ ਜਾਣਗੇ ਅਤੇ ਕਮਜੋਰ ਬੱਚਾ ਭੁੱਖਾ ਰਹਿ ਜਾਵੇਗਾ . ਇਸ ਪ੍ਰਕਾਰ ਭਾਰਤ ਸਰਕਾਰ ਦੁਆਰਾ ਹਿਫਾਜ਼ਤ ਨਾ ਦੇਣ ਦੇ ਕਾਰਨ ਗਰੀਬ ਅੰਧਕਾਰ ਵਿੱਚ ਹਨ .

ਅਮੀਰ ਵਰਗ ਦੁਆਰਾ ਇਸ ਪ੍ਰਕਾਰ ਦੀ ਖਪਤ ਦੇ ਲਾਭਕਾਰੀ ਹੋਣ ਵਿੱਚ ਸ਼ੱਕ ਹੈ . ਗਰੀਬ ਦੁਆਰਾ ਬਿਜਲੀ ਦੀ ਖਪਤ ਰੋਸ਼ਨੀ , ਪਖੇ , ਕੂਲਰ , ਫਰਿਜ਼ ਅਤੇ ਟੀਵੀ ਲਈ ਕੀਤੀ ਜਾਂਦੀ ਹੈ . ਇਸ ਨਾਲ ਜੀਵਨ ਪੱਧਰ ਵਿੱਚ ਸੁਧਾਰ ਹੁੰਦਾ ਹੈ . ਪਰ ਇਸਦੇ ਅੱਗੇ ਏ ਸੀ , ਵਾਸ਼ਿੰਗ ਮਸ਼ੀਨ , ਡਿਸ਼ ਵਾਸ਼ਰ , ਫਰੀਜਰ , ਗੀਜਰ ਆਦਿ ਵਿੱਚ ਹੋ ਰਹੀ ਖਪਤ ਨਾਲ ਜੀਵਨ ਪੱਧਰ ਜ਼ਿਆਦਾ ਸੁਧਰਦਾ ਨਹੀਂ ਦਿਸਦਾ ਹੈ . ਸੰਯੁਕਤ ਰਾਸ਼ਟਰ ਵਿਕਾਸ ਪਰੋਗਰਾਮ ਦੁਆਰਾ ਮਨੁੱਖ ਵਿਕਾਸ ਸੂਚਕ ਅੰਕ ਬਣਾਇਆ ਜਾਂਦਾ ਹੈ . ਇਸਨੂੰ ਬਣਾਉਣ ਵਿੱਚ ਜਨਤਾ ਦੀ ਕਮਾਈ , ਵਿਦਿਅਕ ਪੱਧਰ ਅਤੇ ਸਵਾਸਥ ਨੂੰ ਵੇਖਿਆ ਜਾਂਦਾ ਹੈ . ਯੂਨੀਵਰਸਿਟੀ ਆਫ ਕੇਪ ਟਾਉਨ ਦੇ ਵਿਸ਼ੇਸ਼ਗਿਆਤਿਆਂ ਨੇ ਬਿਜਲੀ ਦੀ ਖਪਤ ਅਤੇ ਮਨੁੱਖ ਵਿਕਾਸ ਦੇ ਸੰਬੰਧ ਉੱਤੇ ਸ਼ੋਧ ਕੀਤੀ ਹੈ . ਵਿਸ਼ੇਸ਼ਗਿਆਤਿਆਂ ਨੇ ਪਾਇਆ ਕਿ ਬਿਜਲੀ ਦੀ ਖਪਤ ਸਿਫ਼ਰ ਤੋਂ 1000 ਯੂਨਿਟ ਪ੍ਰਤੀ ਵਿਅਕ‍ਤੀ ਪ੍ਰਤੀ ਸਾਲ ਪੁੱਜਣ ਤੋਂ ਮਨੁੱਖ ਵਿਕਾਸ ਸੂਚਕ ਅੰਕ 0 . 2 ਤੋਂ ਵਧਕੇ 0 . 75 ਹੋ ਜਾਂਦਾ ਹੈ . ਪਰ ਪ੍ਰਤੀ ਵਿਅਕ‍ਤੀ ਖਪਤ 1000 ਤੋਂ 9000 ਯੂਨਿਟ ਉੱਤੇ ਪੁੱਜਣ ਤੋਂ ਮਨੁੱਖ ਵਿਕਾਸ ਸੂਚਕ ਅੰਕ 0 . 75 ਤੋਂ ਵਧਕੇ ਸਿਰਫ 0 . 82 ਤੇ ਪੁੱਜਦਾ ਹੈ . ਪਹਿਲੀ 1000 ਯੂਨਿਟ ਬਿਜਲੀ ਨਾਲ ਸੂਚਕ ਅੰਕ 0 . 55 ਵਧਦਾ ਹੈ . ਬਾਅਦ ਦੀ 8000 ਯੂਨਿਟ ਨਾਲ ਸੂਚਕ ਅੰਕ ਸਿਰਫ 0 . 07 ਵਧਦਾ ਹੈ , ਜੋ ਨਿਗੂਣਾ ਹੈ . ਸਾਫ਼ ਹੈ ਕਿ ਅਮੀਰ ਵਰਗ ਦੁਆਰਾ ਜ਼ਿਆਦਾ ਖਪਤ ਐਸ਼ ਵਿਲਾਸ ਲਈ ਹੈ , ਵਿਕਾਸ ਲਈ ਨਹੀਂ . ਉਨ੍ਹਾਂ ਦੁਆਰਾ ਬਿਜਲੀ ਦੀ ਖਪਤ ਵਿੱਚ ਕਟੌਤੀ ਤੋਂ ਉਨ੍ਹਾਂ ਦੇ ਸਟੈਂਡਰਡ ਵਿੱਚ ਘੱਟ ਹੀ ਗਿਰਾਵਟ ਆਵੇਗੀ , ਜਦੋਂ ਕਿ ਉਹ ਬਿਜਲੀ ਗਰੀਬ ਨੂੰ ਦੇਣ ਨਾਲ ਉਸਦੇ ਸਟੈਂਡਰਡ ਵਿੱਚ ਭਾਰੀ ਵਾਧਾ ਹੋਵੇਗਾ . ਇਸ ਤਰ੍ਹਾਂ ਸਵਾਲ ਖਪਤ ਵਿੱਚ ਸੰਤੁਲਨ ਦਾ ਹੈ . ਓਵਰ ਈਟਿੰਗ ਕਰਨ ਵਾਲੇ ਦੀ ਖੁਰਾਕ ਕੱਟਕੇ ਭੁੱਖੇ ਗਰੀਬ ਨੂੰ ਦੇ ਦਿੱਤੀ ਜਾਵੇ ਤਾਂ ਦੋਨੋਂ ਸੁਖੀ ਹੋਣਗੇ . ਕੁੱਝ ਇਸ ਪ੍ਰਕਾਰ ਬਿਜਲੀ ਦੇ ਬਟਵਾਰੇ ਦੀ ਜ਼ਰੂਰਤ ਹੈ . ਅਮੀਰ ਜੇਕਰ ਏ ਸੀ ਕਮਰੇ ਤੋਂ ਬਾਹਰ ਨਿਕਲਕੇ ਸਵੇਰੇ ਸੈਰ ਕਰੇ ਤਾਂ ਉਸਦਾ ਸਵਾਸਥ ਵੀ ਸੁਧਰੇਗਾ ਅਤੇ ਗਰੀਬ ਨੂੰ ਬਿਜਲੀ ਵੀ ਉਪਲੱਬਧ ਹੋ ਜਾਵੇਗੀ .

ਬਿਜਲੀ ਦਾ ਵੱਧ ਤੋਂ ਵੱਧ ਉਤਪਾਦਨ ਆਰਥਕ ਵਿਕਾਸ ਲਈ ਵੀ ਜਰੂਰੀ ਨਹੀਂ ਦਿਸਦਾ . ਭਾਰਤ ਸਰਕਾਰ ਦੇ ਕੇਂਦਰੀ ਬਿਜਲਈ ਪ੍ਰਾਧਿਕਰਣ ਦੁਆਰਾ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ਬਿਜਲੀ ਦੀ ਖਪਤ ਉਤਪਾਦਨ ਲਈ ਘੱਟ ਅਤੇ ਘਰੇਲੂ ਵਰਤੋਂ ਲਈ ਜ਼ਿਆਦਾ ਵੱਧ ਰਹੀ ਹੈ . ਘਰੇਲੂ ਖਪਤ 7 . 4 ਫ਼ੀਸਦੀ ਦੀ ਦਰ ਤੋਂ , ਜਦੋਂ ਕਿ ਉਤਪਾਦਨ ਲਈ ਖਪਤ ਸਿਰਫ 2 . 7 ਫ਼ੀਸਦੀ ਦੀ ਦਰ ਤੋਂ ਵੱਧ ਰਹੀ ਹੈ . ਅਰਥਾਤ ਵਿਕਾਸ ਲਈ ਬਿਜਲੀ ਦੀ ਜ਼ਰੂਰਤ ਘੱਟ ਹੀ ਹੈ .

ਦੇਸ਼ ਦੇ ਆਰਥਕ ਵਿਕਾਸ ਵਿੱਚ ਸੇਵਾ ਖੇਤਰ ਦਾ ਹਿੱਸਾ ਵੱਧ ਰਿਹਾ ਹੈ . ਇਸ ਖੇਤਰ ਵਿੱਚ ਸਿਹਤ , ਸਿੱਖਿਆ , ਸਾਫਟਵੇਅਰ , ਮੂਵੀ , ਰਿਸਰਚ ਆਦਿ ਆਉਂਦੇ ਹਨ . ਇਸ ਖੇਤਰ ਦਾ ਸਾਡੀ ਕਮਾਈ ਵਿੱਚ ਹਿੱਸਾ 1951 ਵਿੱਚ 30 ਫ਼ੀ ਸਦੀ ਸੀ . ਅੱਜ ਇਹ 60 ਫ਼ੀਸ ਦੀ ਹੈ . ਅਮਰੀਕਾ ਜਿਵੇਂ ਦੇਸ਼ਾਂ ਵਿੱਚ ਸੇਵਾ ਖੇਤਰ ਦਾ ਹਿੱਸਾ ਕਰੀਬ 90 ਫ਼ੀਸਦੀ ਹੈ . ਇਸ ਖੇਤਰ ਵਿੱਚ ਬਿਜਲੀ ਦੀ ਖਪਤ ਘੱਟ ਹੁੰਦੀ ਹੈ . ਸਾਫਟਵੇਅਰ ਇੰਜੀਨੀਅਰਾਂ ਦੀ ਫੌਜ ਕੰਪਿਊਟਰਾਂ ਉੱਤੇ ਬੈਠ ਕੇ ਕਰੋੜਾਂ ਰੁਪਏ ਦਾ ਉਤਪਾਦਨ ਕਰ ਲੈਂਦੀ ਹੈ . ਸੀਮੈਂਟ ਅਤੇ ਸਟੀਲ ਦੇ ਉਤਪਾਦਨ ਵਿੱਚ ਬਿਜਲੀ ਦੀ ਖਪਤ ਲੱਗਭੱਗ 10 ਗੁਣਾ ਜ਼ਿਆਦਾ ਹੁੰਦੀ ਹੈ . ਹਾਲਾਂਕਿ ਦੇਸ਼ ਦੇ ਆਰਥਕ ਵਿਕਾਸ ਵਿੱਚ ਸੇਵਾ ਖੇਤਰ ਦਾ ਹਿੱਸਾ ਵੱਧ ਰਿਹਾ ਹੈ , ਇਸ ਲਈ ਆਰਥਕ ਵਿਕਾਸ ਲਈ ਬਿਜਲੀ ਦੀ ਜ਼ਰੂਰਤ ਘੱਟ ਹੋ ਰਹੀ ਹੈ

ਡਾ. ਭਰਤ ਝੁਨਝੁਨਵਾਲਾ

...
...

ਸ਼ਹਿਰ ਦਾ ਇੱਕ ਕੋਨਾ ,, ਜਿੱਥੇ ਸਾਰੇ ਸ਼ਹਿਰ ਦੀ ਗੰਦਗੀ ਕੂੜਾ ਕਰਕਟ ਸੁੱਟਿਆ ਜਾਂਦਾ ਸੀ ,, ਗੰਦਗੀ ਦਾ ਢੇਰ ਲੱਗਿਆ ਹੋਇਆ ਸੀ ,, ਰਾਬਿੰਦਰ ਨਾਥ ਟੈਗੋਰ ਉਸ ਕੂੜੇ ਦੇ ਢੇਰ ਅੱਗੋਂ ਲੰਘ ਰਹੇ ਸੀ , ਅਚਾਨਕ ਰੁਕ ਗਏ ,, ਰੁਕਕੇ ਕੁੱਦਣ ਲੱਗ ਪਏ ,, ਨੱਚਣ ਲੱਗ ਪਏ ,, ਸਾਥੀਆਂ ਨੇ ਪੁੱਛਿਆ ,, ਕੀ ਹੋ ਗਿਆ ਹੈ ?,, ਗੰਦਗੀ ਦੇ ਢੇਰ ਨੂੰ ਦੇਖ ਕੇ ਨੱਚ ਕਿਉਂ ਰਹੇ ਹੋ ,, ? ਰਾਬਿੰਦਰ ਨਾਥ ਟੈਗੋਰ ਕਹਿਣ ਲੱਗੇ ,, ਜਿੰਦਗੀ ਦਾ ਇੱਕ ਬਹੁਤ ਵੱਡਾ ਰਾਜ ਲਭ ਪਿਆ ਹੈ ,, ਕਿਹੜਾ ਰਾਜ ਲਭ ਗਿਆ ਹੈ , ਦੱਸੋ ,,?,, ਪ੍ਰਮਾਤਮਾ ਦੇ ਨਿਰਲੇਪ ਹੋਣ ਦਾ ਰਾਜ ਲਭ ਪਿਆ ਹੈ ,, ਸਾਥੀ ਪੁੱਛਦੇ , ਕਿਵੇਂ ?,, ਰਾਬਿੰਦਰ ਨਾਥ ਟੈਗੋਰ ਕਹਿਣ ਲੱਗੇ ,, ਦੇਖੋ ਇਹ ਸੂਰਜ ਦੀਆਂ ਕਿਰਨਾ ਗੰਦਗੀ ਦੇ ਢੇਰ ਉੱਤੇ ਪੈ ਰਹੀਆਂ ਨੇ ,, ਇਸ ਗੰਦਗੀ ਦੇ ਢੇਰ ਨੂੰ ਛੂਹ ਰਹੀਆਂ ਹਨ ,, ਪਰ ਸੂਰਜ ਗੰਦਾ ਨਹੀਂ ਹੋ ਰਿਹਾ ,, ਸੂਰਜ ਦੀਆਂ ਕਿਰਨਾ ਗੰਦੀਆਂ ਨਹੀਂ ਹੋ ਰਹੀਆਂ ਹਨ ,, ਸਾਥੀ ਕਹਿਣ ਲੱਗੇ ਮਤਲਵ ,,?, ਰਾਬਿੰਦਰ ਨਾਥ ਟੈਗੋਰ ਬੋਲੇ ,, ਪ੍ਰਮਾਤਮਾ ਇਸ ਗੰਦੇ ਸ਼ਰੀਰ ਵਿੱਚ ਰਹਿਕੇ ਵੀ ਗੰਦਾ ਨਹੀਂ ਹੋ ਰਿਹਾ ਹੈ ,, ਪ੍ਰਮਾਤਮਾ ਨਿਰਲੇਪ ਹੈ ,,

...
...

ਓਹਨੀ ਦਿਨੀ ਸ਼ਹਿਰ ਰਹਿੰਦੇ ਹੁੰਦੇ ਸਾਂ..ਜਦੋਂ ਵੀ ਲਵੇਰੇ ਲਈ ਰੱਖੀ ਹੋਈ ਇੱਕ ਵਲੈਤੀ ਗਾਈਂ ਦੇ “ਵੱਛਾ” ਜੰਮ ਪੈਂਦਾ ਤਾਂ ਕੁਝ ਦਿਨ ਦੁੱਧ ਚੁੰਗਾਉਣ ਮਗਰੋਂ ਵੱਛੇ ਨੂੰ ਸਾਡੇ ਨਾਨਕੇ ਪਿੰਡ ਭੇਜ ਦਿੱਤਾ ਜਾਂਦਾ ਸੀ..ਉਹ ਅੱਗੋਂ ਉਸਦਾ ਕੀ ਕਰਦੇ ਸਾਨੂੰ ਨਹੀਂ ਸੀ ਦੱਸਿਆ ਜਾਂਦਾ..!

ਮਗਰੋਂ ਕਿੱਲੇ ਤੇ ਬੱਝੀ ਦਾ ਬੜਾ ਬੁਰਾ ਹਾਲ ਹੁੰਦਾ..ਕਿੰਨੇ ਦਿਨ ਅੜਿੰਗਦੀ ਰਹਿੰਦੀ..ਕਈ ਵਾਰ ਕੋਲ ਜਾ ਕੇ ਵੇਖਦੇ ਤਾਂ ਅਥਰੂ ਵੀ ਵਗਾ ਰਹੀ ਹੁੰਦੀ..
ਇੱਕ ਵਾਰ ਤੀਜੇ ਸੂਏ ਫੇਰ ਵੱਛਾ ਦੇ ਦਿੱਤਾ..

ਬੜਾ ਹੀ ਸੋਹਣਾ..ਭੂਰੇ ਰੰਗ ਦਾ..ਉਹ ਹਮੇਸ਼ਾਂ ਕੋਲ ਬੰਨੇ ਆਪਣੇ ਪੁੱਤ ਨੂੰ ਚੱਟਦੀ ਰਹਿੰਦੀ..ਉਸਦਾ ਗੰਦ ਮੰਦ ਸਾਫ ਕਰਦੀ..ਕਈ ਵਾਰ ਕਿੱਲੇ ਤੇ ਬੱਝੀ ਔਖੀ ਹੋ ਕੇ ਵੀ ਉਸਨੂੰ ਆਪਣਾ ਸਾਰਾ ਦੁੱਧ ਚੁੰਘਾ ਦਿਆ ਕਰਦੀ..ਫੇਰ ਉਹ ਪਤਲਾ ਗੋਹਾ ਕਰਿਆ ਕਰਦਾ..ਮੈਨੂੰ ਝਿੜਕਾਂ ਪੈਂਦੀਆਂ..ਫੇਰ ਮੈਂ ਦੋਹਾਂ ਨੂੰ ਬੁਰਾ ਭਲਾ ਆਖਦਾ..ਉਹ ਸਾਰਾ ਕੁਝ ਚੁੱਪ ਚਾਪ ਸਹਿ ਲਿਆ ਕਰਦੀ..

ਕੁਝ ਦਿਨਾਂ ਬਾਅਦ ਨਾਨਕਿਓਂ ਇੱਕ ਭਾਈ ਨਵਾਂ ਜੰਮਿਆ ਵੱਛਾ ਲੈਣ ਆ ਗਿਆ..
ਉਸਨੇ ਸਾਈਕਲ ਦੀ ਪਿੱਛੇ ਵੱਡੀ ਸਾਰੀ ਸੀਟ ਤੇ ਵੱਡਾ ਸਾਰਾ ਟੋਕਰਾ ਬੰਨਿਆ ਹੋਇਆ ਸੀ..!

ਜਦੋਂ ਉਹ ਉਸਨੂੰ ਉਸ ਨੂੰ ਟੋਕਰੀ ਵਿਚ ਬਿਠਾ ਕੇ ਤੁਰਨ ਲੱਗਾ ਤਾਂ ਕਿੱਲੇ ਤੇ ਬੱਝੀ ਬਹੁਤ ਹੀ ਜਿਆਦਾ ਅੜਿੰਗੀ..ਬੜੀ ਦੁਹਾਈ ਦਿੱਤੀ..ਇੰਝ ਦਾ ਵਰਤਾਰਾ ਕਰੇ ਜਿੱਦਾਂ ਕੋਈ ਜਾਨ ਹੀ ਕੱਢ ਕੇ ਲਈ ਜਾਂਦਾ ਹੋਵੇ..ਟੋਕਰੇ ਵਿਚ ਬੰਨਿਆ ਵੱਛਾ ਵੀ ਮਾਂ ਵੱਲ ਵੇਖ ਕਿੰਨੀ ਦੇਰ ਮਿਮਿਆਕਦਾ ਰਿਹਾ..!

ਫੇਰ ਕੁਝ ਦੇਰ ਬਾਰ ਉਹ ਅੱਖੋਂ ਓਹਲੇ ਹੋ ਗਿਆ..ਉਹ ਜਿਧਰ ਨੂੰ ਗਿਆ ਸੀ ਉਹ ਉਸ ਦਿਸ਼ਾ ਵੱਲ ਵੇਖ ਲੈਂਦੀ..ਕਿੱਲੇ ਦਾ ਚੱਕਰ ਕੱਟਦੀ ਤੇ ਫੇਰ ਰੌਲਾ ਪਾਉਣ ਲੱਗ ਜਾਂਦੀ..ਪੱਠਿਆਂ ਨਾਲ ਭਰੀ ਖੁਰਲੀ ਵੱਲ ਮੂੰਹ ਨਾ ਕਰੇ..

ਮੈਂ ਸਕੂਲੋਂ ਮੁੜ ਕੇ ਆਕੇ ਰੋਟੀ ਪਾਣੀ ਖਾਦਾ..ਫੇਰ ਰੁਟੀਨ ਮੁਤਾਬਿਕ ਕਿਲੇ ਤੋਂ ਬੱਝੀ ਹੋਈ ਨੂੰ ਖੋਹਲ ਲਿਆ ਤੇ ਘਾਹ ਚਾਰਨ ਲਈ ਖੁੱਲ੍ਹਾ ਛੱਡ ਲਿਆ..!
ਉਹ ਸੰਗਲ ਛੁਡਾ ਕੇ ਇੱਕਦਮ ਓਧਰ ਨੂੰ ਭੱਜ ਤੁਰੀ ਜਿਧਰ ਨੂੰ ਉਸਦੇ ਪੁੱਤ ਨੂੰ ਲਿਜਾਇਆ ਗਿਆ ਸੀ..ਤੇ ਫੇਰ ਕੁਝ ਚਿਰ ਮਗਰੋਂ ਦੌੜੀ ਜਾਂਦੀ ਮੇਰੇ ਅੱਖੋਂ ਓਹਲੇ ਹੋ ਗਈ..!

ਮੈਂ ਘਰੇ ਆ ਕੇ ਸਾਈਕਲ ਚੁੱਕਿਆ ਤੇ ਆਪ ਵੀ ਕਾਹਲੀ ਨਾਲ ਓਧਰ ਨੂੰ ਹੀ ਹੋ ਤੁਰਿਆ..ਕਿਲੋਮੀਟਰ ਦੂਰ ਜਾ ਕੇ ਕੀ ਵੇਖਿਆ ਸੜਕ ਦੇ ਇੱਕ ਪਾਸੇ ਖਲੋਤੀ ਆਪਣੇ ਪੁੱਤ ਨੂੰ ਦੁੱਧ ਚੁੰਘਾ ਰਹੀ ਸੀ ਤੇ ਉਹ ਵੀ ਆਖਰੀ ਵਾਰ ਦੇ ਦੁੱਧ ਦੀ ਆਖਰੀ ਬੂੰਦ ਤੱਕ ਨਿਚੋੜ ਲੈਣ ਦੀ ਖਾਤਿਰ ਮਾਂ ਦੇ ਹਵਾਨੇ ਨੂੰ ਕਾਹਲੀ ਨਾਲ ਢੁੱਡਾਂ ਮਾਰੀ ਜਾ ਰਿਹਾ ਸੀ..ਤੇ ਉਹ ਉਸਦਾ ਪਿੰਡਾਂ ਚੱਟਦੀ ਹੋਈ ਮਾਂ ਹੋਣ ਦਾ ਫਰਜ ਨਿਭਾ ਰਹੀ ਸੀ..

ਸੋ ਦੋਸਤੋ ਕੌਣ ਕਹਿੰਦਾ ਏ ਕੇ ਇਹ ਬੇਜੁਬਾਨ ਜਜਬਾਤ ਹੀਣ ਹੁੰਦੇ ਨੇ..ਇਹਨਾਂ ਦੇ ਕਾਲਜਿਆਂ ਵਿਚੋਂ ਵੀ ਓਨੀ ਪੀੜ ਹੀ ਉਜਾਗਰ ਹੁੰਦੀ ਏ ਜਿੰਨੀ ਇੱਕ ਆਮ ਇਨਸਾਨ ਅੰਦਰ ਆਪਣੀ ਔਲਾਦ ਤੋਂ ਵਿਛੜਣ ਲੱਗਿਆਂ ਉੱਠਦੀ ਏ..!

(ਕਿਸੇ ਨਾਲ ਵਾਪਰੇ ਅਸਲੀ ਵਰਤਾਰੇ ਦਾ ਬਿਰਤਾਂਤ)
ਹਰਪ੍ਰੀਤ ਸਿੰਘ ਜਵੰਦਾ

...
...

ਉਸਦੀ ਸਕੂਟੀ ਖਰਾਬ ਹੋ ਗਈ…..ਉਸਨੇ ਭੈਣ ਨੂੰ ਫੋਨ ਕੀਤਾ..

“ਸਕੂਟੀ ਨੂੰ ਸਾਈਡ ਤੇ ਲਗਾ ਕੇ ਕੈਬ ਕਰ ਲੈ” ਉਸਦੀ ਭੈਣ ਨੇ ਜੁਆਬ ਦਿੱਤਾ…

” ਆ ਸਾਹਮਣੇ ਤੋਂ ਕੁਛ ਲੋਕ ਆ ਰਹੇ ਨੇ…ਸ਼ਾਇਦ ਮਦਦ ਮਿਲ ਜਾਵੇਗੀ ” ਪ੍ਰਿਅੰਕਾ ਨੇ ਜੁਆਬ ਦਿੱਤਾ….ਤੇ ਕਾਲ ਡਿਸਕੋਨੇਕਟ ਕਰ ਦਿੱਤੀ…

ਪ੍ਰਿਅੰਕਾ ਦੀ ਭੈਣ ਨੇ ਕੁਛ ਮਿੰਟ ਬਾਅਦ ਫੇਰ ਆਪਣੀ ਭੈਣ ਨੂੰ ਫੋਨ ਲਗਾਇਆ….ਕਿ ਪਤਾ ਕਰੇ ਕਿ ਪ੍ਰਿਅੰਕਾ ਨੂੰ ਮਦਦ ਮਿਲ ਗਈ ਕਿ ਨਹੀਂ….ਪਰ ਫੋਨ ਦੀ ਬਸ ਰਿੰਗ ਜਾ ਰਹੀ ਸੀ….ਫੋਨ ਨਹੀਂ ਅਟੈਂਡ ਕੀਤਾ ਗਿਆ…

ਦੇਰ ਬਾਅਦ ਪ੍ਰਿਅੰਕਾ ਦੀ ਅੱਗ ਨਾਲ ਸੜੀ ਹੋਈ ਲਾਸ਼ ਮਿਲੀ…..ਉਸਨੂੰ ਸਮੂਹਿਕ ਬਲਾਤਕਰ ਤੋਂ ਬਾਦ ਮਾਰ ਦਿੱਤਾ ਗਿਆ ਸੀ…

ਇਕ ਸਕੂਟੀ ਖਰਾਬ ਹੋਣ ਦੀ ਦੇਰ ਸੀ ਕਿ ਇਕ ਨੌਜਵਾਨ ਕੁੜੀ ਅਤੇ ਉਸਦੇ ਪਰਿਵਾਰ ਦੀ ਜ਼ਿੰਦਗੀ ਹੀ ਬਦਲ ਗਈ…ਮਦਦਗਾਰ ਜਾਪਦੇ ਲੋਕ ਬਲਾਤਕਾਰੀ ਸਾਬਤ ਹੋਏ…

ਦਿਲ ਦੁਖਦਾ ਹੈ ਐਦਾਂ ਦੀਆਂ ਖਬਰਾਂ ਪੜ੍ਹ ਕੇ….

ਬੜੀ ਵਾਰ ਮੇਰੇ ਨਾਲ ਜਦੋਂ ਵੀ ਮੇਰੀ ਭੈਣ ਸੀ….ਜਾਂ ਮੇਰੀ ਕੁੜੀ ਮਿੱਤਰ ਸੀ…ਜਦੋਂ ਵੀ ਕੋਈ ਉਹਨਾਂ ਵੱਲ ਗੰਦੀਆਂ ਨਜ਼ਰਾਂ ਦੇ ਨਾਲ ਦੇਖ ਵੀ ਲੈਂਦਾ ਸੀ…ਮਨ ਬਹੁਤ ਦੇਰ ਤੱਕ ਡਿਸਟਰਬ ਹੀ ਰਹਿੰਦਾ ਰਿਹਾ….ਜਿੰਨਾ ਦੀ ਕੁੜੀ ਨਾਲ ਇਹ ਦਰਿੰਦਗੀ ਹੋਈ ਹੋਵੇਗੀ….ਉਹਨਾਂ ਦੇ ਮਨ ਬਾਰੇ ਸੋਚ ਕੇ ਹੀ ਦਿਲ ਉਦਾਸ ਹੋ ਜਾਂਦਾ ਹੈ…ਸ਼ਰੀਰ ਚ ਕਮਜ਼ੋਰੀ ਭਰ ਜਾਂਦੀ ਹੈ…

ਨਹੀਂ ਪਤਾ ਕਿ ਇਸ ਸਭ ਦਾ ਹੱਲ ਕੀ ਹੈ….ਬਸ ਦਿਲ ਦੁਖਦਾ ਹੈ….ਤੇ ਅੱਖਾਂ ਚ ਹੰਝੂ ਆ ਜਾਂਦੇ ਨੇ…ਆਪਣੀਆਂ ਪਛਾਣ ਦੀਆਂ ਕੁੜੀਆਂ ਲਈ ਫਿਕਰ ਪੈਦਾ ਹੋ ਜਾਂਦੀ ਹੈ….ਰੱਬ ਅੱਗੇ ਏਹੀ ਅਰਦਾਸ ਹੁੰਦੀ ਹੈ ਕਿ ਹਰ ਧੀ ਆਪਣੇ ਘਰ…ਆਪਣਿਆਂ ਚ ਟੈਮ ਸਿਰ ਪੁੱਜ ਜਾਵੇ….ਕਿਸੇ ਦਾ ਵਹੀਕਲ ਨਾ ਖਰਾਬ ਹੋਵੇ…ਕੋਈ ਅਣਜਾਣ ਲੋਕਾਂ ਦੀ ਭੀੜ ਚ ਨਾ ਫਸੇ….ਕਿਸੇ ਨਾਲ ਕੁਝ ਬੁਰਾ ਨਾ ਹੋਵੇ..

ਸਾਡੇ ਆਲੇ ਦੁਆਲੇ ਬੜੇ ਨੌਜਵਾਨ ਐਦਾਂ ਦੇ ਹੁੰਦੇ ਨੇ…ਜੋ ਤੁਰੀ ਆਂਦੀਆਂ ਕੁੜੀਆਂ ਬਾਰੇ…ਦਿਖਦੀਆਂ ਕੁੜੀਆਂ ਬਾਰੇ ਗੰਦੇ ਭੱਦੇ ਕੋਮੈਂਟ ਕਰਦੇ ਨੇ…ਇਹ ਲੋਕ ਓਹੀ ਨੇ ਜੋ ਬਲਾਤਕਾਰ ਕਰਨ ਦਾ ਮੌਕਾ ਮਿਲਣ ਤੇ ਬਲਾਤਕਾਰ ਜਰੂਰ ਹੀ ਕਰਨਗੇ….ਏਨਾ ਨਾਲ ਯਰਾਨਾ ਖਤਮ ਕਰ ਦੇਣਾ ਚਾਹੀਦਾ ਹੈ…ਜੇ ਆਪਾਂ ਐਦਾਂ ਨਹੀਂ ਕਰਦੇ…ਤਾਂ ਸਾਨੂੰ ਕੋਈ ਹੱਕ ਨਹੀਂ ਕਿਸੇ ਵੀ ਬਲਾਤਕਾਰ ਲਈ ਹੰਝੂ ਵਗਾਉਣ ਦਾ…

ਬਲਾਤਕਾਰ ਤੋਂ ਬਾਦ ਮੋਮਬੱਤੀਆਂ ਜਗਾਉਣ ਦਾ ਕੋਈ ਮਤਲਬ ਨਹੀਂ….ਜੇ ਅਸੀਂ ਇਕੱਠੇ ਹੋ ਕੇ ਕਿਸੇ ਜਿਉਂਦੇ ਨੂੰ ਗੰਦੇ ਲੋਕਾਂ ਤੋਂ ਸੁਰੱਖਿਅਤ ਨਹੀਂ ਰੱਖ ਸਕਦੇ…ਤਾਂ ਉਸਦੇ ਕਤਲ ਤੋਂ ਬਾਦ ਇਕੱਠੇ ਹੋ ਕੇ ਰੋਸ਼ਨੀਆਂ ਕਰਨੀਆਂ ਬੇਅਸਰ ਨੇ….ਜਿਸਦੇ ਨਾਲ ਕਿਸੇ ਦਾ ਜੀਵਨ ਰੋਸ਼ਨ ਨਹੀਂ ਹੁੰਦਾ….ਜੋ ਚਲਾ ਜਾਂਦਾ ਹੈ ਵਾਪਸ ਨਹੀਂ ਆਂਦਾ..

...
...

ਟਾਲਸਟਾਏ ਦੀ ਇੱਕ ਪ੍ਰਸਿੱਧ ਕਹਾਣੀ ਹੈ। ਕਹਿੰਦੇ ਕੇਰਾਂ ਇੱਕ ਆਦਮੀ ਦੇ ਘਰ ਇੱਕ ਸੰਨਿਆਸੀ ਮਹਿਮਾਨ ਹੋਇਆ।

ਰਾਤ ਨੂੰ ਖਾਣਾ ਖਾਕੇ ਬੈਠਿਆਂ ਦਾ ਹਾਸੀ-ਮਜਾਕ ਚੱਲ ਰਿਹਾ ਸੀ, ਸੰਨਿਆਸੀ ਨੇ ਸਹਿਜ ਸੁਭਾਏ ਹੀ ਕਹਿਤਾ ਕਿ ਤੂੰ ਕੀ ਐਥੇ ਖੇਤੀ ਕਰਨ ਲੱਗਿਆਂ। ਸਾਇਬੇਰੀਆ ਜਾ ! ਜ਼ਮੀਨ ਬਹੁਤ ਸਸਤੀ ਆ ਉੱਥੇ – ਮੁਫ਼ਤ ਹੀ ਮੰਨ । ਐਥੋਂ ਬੇਚ ਕੇ ਸਾਇਬੇਰੀਆ ਚਲਾ ਜਾ, ਹਜਾਰਾਂ ਏਕੜ ਜਮੀਨ ਆਜੂ ਓਧਰ, ਫੇਰ ਐਸ਼ ਕਰੀਂ। ਉੱਥੇ ਲੋਕ ਐਨੇ ਭੋਲ਼ੇ ਨੇ ਕਿ ਸਮਝ ਲੈ ਜਮੀਨ ਮੁਫ਼ਤ ਵਾਂਗੂ ਹੀ ਦੇ ਦਿੰਦੇ ਨੇ।

ਉਸ ਆਦਮੀ ਚ ਵਾਸਨਾ ਜਗੀ। ਅਗਲੇ ਦਿਨ ਤੜਕੇ ਹੀ ਜਮੀਨ ਬੇਚ ਕੇ, ਜੁੱਲੀ-ਬਿਸਤਰਾ ਬੰਨ੍ਹ ਕੇ ਚੜ੍ਹ ਗਿਆ ਗੱਡੇ ਤੇ ਪਹੁੰਚ ਗਿਆ ਆਥਣ ਨੂੰ ਸਾਇਬੇਰੀਆ।

ਜਦ ਪਹੁੰਚਿਆ ਤਾਂ ਗੱਲ ਉਸਨੂੰ ਸੱਚੀ ਲੱਗੀ ਸੰਨਿਆਸੀ ਦੀ। ਆਦਮੀ ਨੇ ਜਾਕੇ ਕਿਹਾ ਕਿ ਮੈਂ ਐਥੇ ਜਮੀਨ ਖਰੀਦਣੀ ਚਾਹੁੰਨਾ, ਤਾਂ ਉੱਥੋਂ ਦੇ ਲੋਕਾਂ ਨੇ ਕਿਹਾ ਕਿ ਜੇਕਰ ਜਮੀਨ ਖਰੀਦਣੀ ਹੈ, ਤਾਂ ਪਹਿਲਾਂ ਤਾਂ ਆਹ ਪੈਸਿਆਂ ਦੀ ਪੋਟਲੀ ਪਾਸੇ ਰੱਖਦੇ।

ਜਮੀਨ ਖਰੀਦਣ ਦਾ ਇੱਕੋ ਉਪਾਅ ਆ ਬਸ ! ਕੱਲ ਸਵੇਰੇ ਤੁਰਪੀਂ ਐਥੋਂ, ਜਿੱਥੇ ਤੱਕ ਜਮੀਨ ਤੁਰਕੇ ਘੇਰ ਲਵੇਂ ਉਹ ਤੇਰੀ, ਬਸ ਸ਼ਰਤ ਇਹ ਆ ਕਿ ਸੂਰਜ ਡੁੱਬਣ ਤੋਂ ਪਹਿਲਾਂ ਵਾਪਸ ਆਉਣਾ ਪੈਣਾ ਜਿੱਥੋਂ ਚੱਲਿਆ ਸੀ। ਜਿੰਨੀ ਜਮੀਨ ਦਾ ਚੱਕਰ ਲੱਗਾ ਕੇ ਵਾਪਸ ਆਜੇ ਉਹ ਤੇਰੀ।

ਰਾਤ ਭਰ ਨਾ ਸੋ ਸਕਿਆ ਉਹ ਆਦਮੀ। ਤੁਸੀ ਹੁੰਦੇ ਤਾਂ ਵੀ ਸੋ ਨਾ ਸਕਦੇ, ਏਹਜੇ ਸਮੇਂ ਚ ਕੋਈ ਸੌਂਦਾ ਹੈ ਭਲਾ ? ਯੋਜਨਾਵਾਂ ਬਣਾਉਂਦਾ ਰਿਹਾ ਸਾਰੀ ਰਾਤ ਕਿ ਕਿੰਨੀ ਜਮੀਨ ਘੇਰ ਲਵਾਂ। ਸਵੇਰ ਹੁੰਦੇ ਹੀ ਭੱਜ ਲਿਆ, ਨਾਲ ਸਭ ਰੋਟੀ ਪਾਣੀ ਚੱਕ ਕੇ।

ਸੋਚਿਆ ਸੀ ਕਿ ਬਾਰਾਂ ਵਜੇ ਮੁੜ ਪਊਂ ਵਾਪਸ, ਤਾਂ ਕਿ ਸੂਰਜ ਡੁੱਬਦੇ ਡੁੱਬਦੇ ਪਹੁੰਚ ਜਾਵਾਂ ਵਾਪਸ ਪਿੰਡ। ਬਾਰਾਂ ਵੱਜ ਗਏ, ਕਿੰਨੇ ਹੀ ਮੀਲ ਚੱਲ ਚੁੱਕਿਆ ਸੀ, ਪਰ… ਵਾਸਨਾ ਦਾ ਕੋਈ ਅੰਤ ਹੈ ?

ਉਸਨੇ ਸੋਚਿਆ ਕਿ ਬਾਰਾਂ ਵੱਜ ਗਏ, ਹੁਣ ਮੁੜਨਾ ਚਾਹੀਦਾ। ਪਰ ਫੇਰ ਅਚਾਨਕ ਦਿਮਾਗ ਚ ਆਇਆ ਕਿ ਥੋੜੀ ਜਿਹੀ… ਬਸ ਥੋੜੀ ਜਿਹੀ ਜਮੀਨ ਹੋਰ ਘੇਰ ਲਵਾਂ। ਮੁੜਨ ਲੱਗੇ ਬਸ ਥੋੜਾ ਤੇਜ ਭੱਜਣਾ ਪਊ – ਐਨੀ ਕ੍ ਹੀ ਤਾਂ ਗੱਲ ਐ, ਇੱਕ ਹੀ ਦਿਨ ਦੀ ਤਾਂ ਗੱਲ ਐ !

ਉਸਨੇ ਪਾਣੀ ਵੀ ਨਾ ਪੀਤਾ, ਕਿਉਂਕਿ ਰੁਕਣਾ ਪੈਂਦਾ ਪੀਣ ਲਈ। ਇੱਕ ਦਿਨ ਦੀ ਹੀ ਤਾਂ ਗੱਲ ਐ, ਪਹੁੰਚ ਕੇ ਪੀ ਲਊ, ਫੇਰ ਸਾਰੀ ਉਮਰ ਪੀਂਦੇ ਰਹਾਂਗੇ। ਖਾਣਾ ਵੀ ਨਾ ਖਾਇਆ, ਰੋਟੀ ਪਾਣੀ ਸਭ ਰਸਤੇ ਚ ਹੀ ਸੁੱਟ ਦਿੱਤੇ, ਕਿਉਂਕਿ ਉਹਨਾਂ ਦਾ ਭਾਰ ਚੱਕਣਾ ਪੈ ਰਿਹਾ ਸੀ, ਭੱਜਿਆ ਨੀ ਸੀ ਜਾ ਰਿਹਾ ਚੰਗੀ ਤਰ੍ਹਾਂ।

ਕਰਦਾ ਕਰਦਾ ਦੋ ਵਜੇ ਵਾਪਸ ਮੁੜਿਆ, ਹੁਣ ਘਬਰਾਇਆ। ਸਾਰਾ ਜੋਰ ਲਗਾਇਆ – ਲੇਕਿਨ ਕਿੰਨਾ ਕ੍ ਭੱਜਦਾ ਸਾਰੀ ਤਾਕਤ ਖਤਮ ਹੋ ਚੁੱਕੀ ਸੀ।

ਉਹ ਪੂਰੀ ਜਾਨ ਲਗਾ ਕੇ ਦੌੜਿਆ, ਸਭ ਦਾਅ ਤੇ ਲਗਾ ਕੇ। ਸੂਰਜ ਡੁੱਬਣ ਲੱਗਿਆ। ਲੋਕ ਵੀ ਦਿਖਾਈ ਦੇਣੇ ਸ਼ੁਰੂ ਹੋਗੇ ਸੀ। ਜਿਆਦਾ ਦੂਰੀ ਨਹੀਂ ਸੀ ਰਹਿ ਗਈ।

ਪਿੰਡ ਦੇ ਲੋਕ ਖੜੇ ਸੀ, ਅਵਾਜ਼ਾਂ ਮਾਰ ਰਹੇ ਸੀ, ਉਤਸਾਹ ਵਧਾ ਰਹੇ ਸੀ। ਅਜੀਬ ਸਿੱਧੇ ਸਾਦੇ ਲੋਕ ਨੇ – ਸੋਚਣ ਲੱਗਿਆ ਮਨ ਚ – ਇਨ੍ਹਾਂ ਨੂੰ ਤਾਂ ਸੋਚਣਾ ਚਾਹੀਦਾ ਕਿ ਮੈਂ ਮਰ ਹੀ ਜਾਵਾਂ, ਇਹਨਾਂ ਨੂੰ ਧਨ ਵੀ ਮਿਲ ਜਾਵੇ ਟੇ ਜਮੀਨ ਵੀ ਨਾ ਦੇਣੀ ਪਵੇ।

ਉਸਨੇ ਇੱਕ ਲੰਬਾ ਸਾਹ ਲਿਆ – ਭੱਜਿਆ ਭੱਜਿਆ ਭੱਜਿਆ …! ਸੂਰਜ ਡੁੱਬਣ ਲੱਗਿਆ, ਡੁੱਬਦੇ ਡੁੱਬਦੇ ਆਦਮੀ ਉਹ ਡਿੱਗ ਪਿਆ ਧਰਤੀ ਤੇ। ਬਸ ਪੰਜ-ਸੱਤ ਗਜ ਦੂਰੀ ਹੀ ਬਾਕੀ ਸੀ।

ਘਸੀਟ ਘਸੀਟ ਕੇ ਓਹ ਉਸ ਰੇਖਾ ਤੱਕ ਪਹੁੰਚਿਆ ਜਿੱਥੋਂ ਭੱਜਿਆ ਸੀ। ਸੂਰਜ ਡੁੱਬ ਗਿਆ, ਤੇ ਏਧਰ ਇਹ ਆਦਮੀ ਵੀ ਮਰ ਗਿਆ।

ਪਿੰਡ ਦੇ ਸਿੱਧੇ-ਸਾਦੇ ਲੋਕ ਜਿੰਨਾ ਨੂੰ ਉਹ ਸਮਝਦਾ ਸੀ, ਹੱਸਣ ਲੱਗੇ – ਕਿ ਪਾਗਲ ਲੋਕ ਐਥੇ ਆਉਂਦੇ ਹੀ ਰਹਿੰਦੇ ਨੇ। ਇਹ ਕੋਈ ਪਹਿਲੀ ਘਟਨਾ ਨਹੀਂ ਸੀ, ਅਕਸਰ ਲੋਕ ਆਉਂਦੇ ਸੀ, ਤੇ ਇਸੇ ਤਰਾਂ ਮਰਦੇ ਸੀ। ਕੋਈ ਵੀ ਅੱਜ ਤੱਕ ਜਮੀਨ ਘੇਰ ਕੇ ਮਾਲਿਕ ਨਹੀਂ ਬਣ ਪਾਇਆ।

ਇਹ ਕਹਾਣੀ ਤੁਹਾਡੀ ਕਹਾਣੀ ਹੈ, ਸਭ ਦੀ ਜਿੰਦਗੀ ਦੀ ਕਹਾਣੀ ਹੈ। ਇਹੀ ਤਾਂ ਤੁਸੀਂ ਕਰ ਰਹੇ ਹੋਂ – ਦੌੜ ਰਹੇ ਓ ਕਿ ਸਭ ਕੁੱਝ ਪਾ ਲਈਏ – ਸਮਾਂ ਵੀ ਪੂਰਾ ਹੋਣ ਲੱਗਦਾ – ਪਰ ਸੋਚਦੇ ਹਾਂ ਕਿ ਥੋੜਾ ਹੋਰ ਦੌੜ ਲਈਏ। ਜਿਉਣ ਦਾ ਸਮਾਂ ਕਿੱਥੇ ਹੈ।

ਗਰੀਬ ਮਰ ਜਾਂਦੇ ਨੇ ਭੁੱਖੇ , ਅਮੀਰ ਮਰ ਜਾਂਦੇ ਨੇ ਭੁੱਖੇ, ਕਦੇ ਕੋਈ ਨਹੀਂ ਜੀ ਪਾਉਂਦਾ। ਜੀਉਣ ਲਈ ਥੋੜੀ ਸਮਝ ਚਾਹੀਦੀ ਆ, ਥੋੜੀ ਸਹਿਜਤਾ।

ਸਿਰਫ ਬੁੱਧ ਪੁਰਸ਼ ਜਿਉਂ ਪਾਉਂਦੇ ਨੇ। ਕਿਉਂਕਿ ਉਹ ਠਹਿਰ ਗਏ, ਕਿਉਂਕਿ ਉਹਨਾਂ ਦਾ ਚਿੱਤ ਹੁਣ ਚੰਚਲ ਨਹੀਂ। ਜਮੀਨ ਘੇਰ ਕੇ ਕਰੋਗੇ ਕੀ ? ਸਭ ਇੱਥੇ ਹੀ ਰਹਿ ਜਾਂਦਾ, ਨਾ ਕੁੱਛ ਲੈਕੇ ਆਉਂਦੇ ਹਾਂ , ਨਾ ਲੈਕੇ ਜਾਵਾਂਗੇ।

– ਓਸ਼ੋ

...
...

ਸੰਗਤ ਦੇ ਪਿਛਲੇ ਪਾਸੇ ਬੈਠਾ ਸੀ ‘ਸੁਥਰੇ ਸ਼ਾਹ’ ਤੇ ਸੰਗਤ ਨੂੰ ਦੋ ਚਾਰ ਗਾਲਾੑਂ ਕੱਢ ਕੇ ਨੱਸ ਗਿਆ। ਗਾਲਾੑਂ ਵੀ ਭੱਦੀਆਂ। ਸੰਗਤਾਂ ਅੈਤਕੀਂ ਅੌਖੀਆਂ ਹੋ ਗਈਆਂ ਤੇ ਸਤਿਗੁਰਾਂ ਨੂੰ ਕਹਿ ਦਿੱਤਾ ਕਿ ਹੁਣ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ। ਇਸ ਦੇ ਛੋਟੇ ਮੋਟੇ ਮਜ਼ਾਕ ਤਾਂ ਅਸੀਂ ਬਰਦਾਸ਼ਤ ਕਰ ਲੈਂਦੇ ਹਾਂ, ਪਰ ਅੱਜ ਇਹ ਗਾਲਾੑਂ ਕੱਢ ਕੇ ਗਿਆ ਹੈ, ਬਹੁਤ ਭੈੜੀਆਂ ਗਾਲਾੑਂ ਕੱਢ ਕੇ ਗਿਆ ਹੈ। ਸਤਿਗੁਰੂ ਜੀ ਕਹਿਣ ਲੱਗੇ- “ਆਉਣ ਦਿਓ ਸੁਥਰੇ ਨੂੰ।” ਸੁਥਰੇ ਨੂੰ ਵੀ ਪਤਾ ਸੀ ਕਿ ਮਹੌਲ ਬਹੁਤ ਗਰਮ ਹੈ। 15-20 ਦਿਨ ਤਕ ਸੰਗਤ ਵਿਚ ਵੜਿਆ ਹੀ ਨਹੀਂ। ਜਦ 20 ਦਿਨ ਲੰਘ ਗਏ ਤੇ ਪਤਾ ਚੱਲਿਆ ਕਿ ਹਾਲਾਤ ਕੁਝ ਠੀਕ ਹੋ ਗਏ ਹਨ, ਦਰਬਾਰ ਵਿਚ ਆਇਆ। ਸੰਗਤਾਂ ਉਸੇ ਤਰੀਕੇ ਨਾਲ ਉਸ ਨੂੰ ਦੇਖ ਕੇ ਬਿਫ਼ਰ ਪਈਆਂ। ਸੁਥਰੇ ਨੂੰ ਪਕੜ ਕੇ ਸਤਿਗੁਰਾਂ ਪਾਸ ਲੈ ਗਈਆਂ ਤੇ ਕਹਿਣ ਲੱਗੀਆਂ ਕਿ ਮਹਾਰਾਜ! ਜਿਸ ਨੂੰ ਆਪ ਬਹੁਤ ਸਤਿਕਾਰ ਦਿੰਦੇ ਹੋ, ਇਸ ਨੇ ਸਾਨੂੰ ਬਹੁਤ ਭੱਦੀਆਂ ਗਾਲਾੑਂ ਕੱਢੀਆਂ ਨੇ। ਉਸ ਸੰਗਤ ਨੂੰ ਗਾਲਾੑਂ,ਜਿਸ ਨੂੰ ਤੁਸੀਂ ਗੁਰੂ-ਰੂਪ ਕਹਿੰਦੇ ਹੋ। ਸਤਿਗੁਰੂ ਕਹਿਣ ਲੱਗੇ- “ਸੁਥਰਿਆ ! ਇਤਨੀ ਅਵੱਗਿਆ ਤਾਂ ਨਹੀਂ ਸੀ ਕਰਨੀ ਚਾਹੀਦੀ। ਤੈਨੂੰ ਪਾਲਿਆ ਤਾਂ ਬੜੇ ਪਿਆਰ ਤੇ ਲਾਡ ਨਾਲ ਸੀ, ਤੂੰ ਗਾਲੑ ਕਿਉਂ ਕੱਢੀ ਹੈ?” ਸੁਥਰੇ ਨੇ ਕਿਹਾ- “ਮਹਾਰਾਜ ! ਨਹੀਂ ਕੱਢੀ,ਮੈਂ ਨਹੀਂ ਕੱਢੀ। ਇਹ ਸਾਰੇ ਝੂਠ ਪਏ ਬੋਲਦੇ ਨੇ। ਮਹਾਰਾਜ ! ਮੇਰਾ ਚੇਤਾ ਕਮਜ਼ੋਰ ਹੈ, ਇਨਾੑਂ ਸਾਰਿਆਂ ਕੋਲੋਂ ਪੁੱਛ ਲਵੋ, ਜਿਸ ਦਿਨ ਮੈਂ ਗਾਲੑ ਕੱਢੀ ਸੀ, ਜੋ ਇਹ ਕਹਿੰਦੇ ਨੇ,ਉਸ ਦਿਨ ਤੁਸੀਂ ਜਿਹੜੇ ਸ਼ਬਦ ਦੀ ਵਿਚਾਰ ਕਰ ਰਹੇ ਸੀ, ਜੇ ਇਨਾੑਂ ਨੂੰ ਸ਼ਬਦ ਯਾਦ ਹੈ ਤਾਂ ਸ਼ਾਇਦ ਮੈਨੂੰ ਕੱਢੀ ਹੋਈ ਗਾਲੑ ਵੀ ਯਾਦ ਆ ਜਾਵੇ।” ਤੇ ਸਤਿਗੁਰੂ ਇਕ ਨੂੰ ਪੁੱਛਦੇ ਨੇ, ਦੂਜੇ ਨੂੰ ਪੁੱਛਦੇ ਨੇ, ਤੀਜੇ ਕੋਲੋਂ ਪੁੱਛਦੇ ਨੇ, ਚੌਥੇ, ਪੰਜਵੇਂ ਕਲੋਂ ਪੁੱਛਦੇ ਨੇ,ਯਾਦ ਕਿਸੇ ਨੂੰ ਨਹੀਂ। ਉੱਚੀਆਂ ਬਾਹਵਾਂ ਕਰਕੇ ਸੁੁਥਰਾ ਕਹਿਣ ਲੱਗਾ- “ਸਤਿਗੁਰੂ ! ਇਹ ਮੇਰੀਆਂ ਗਾਲਾੑਂ ਸੁਣਨ ਆਉਂਦੇ ਨੇ, ਤੁਹਾਡੀ ਕਥਾ ਸੁਣਨ ਥੋੜਾੑ ਆਉਂਦੇ ਨੇ। ਮੇਰੀਆਂ ਗਾਲਾਂ ਯਾਦ ਹੈ ੲਿਹਨਾ ਨੂੰ, ਤੁਹਾਡੀ ਕਥਾ ਕੌਣ ਯਾਦ ਰੱਖਦਾ ਹੈ। ਤੇ ਜੋ ਕੁਝ ਇਹ ਯਾਦ ਕਰਦੇ ਨੇ, ਮੈਂ ਇਨਾੑਂ ਨੂੰ ਸੁਣਾਇਆ ਹੈ, ਗਾਲੑ ਕੱਢੀ ਹੈ।” ਸਤਿਗੁਰ ਜੀ ਨੇ ਮੁਆਫ਼ ਕਰ ਦਿੱਤਾ। ਗੁਰੂ ਨਾਨਕ ਪੰਥ ਦਾ ਇਸ ਸੁਥਰੇ ਨੇ ਬੜੇ ਬੜੇ ਸੁਚੱਜੇ ਢੰਗ ਨਾਲ ਪ੍ਚਾਰ ਕੀਤਾ।

ਸੰਤ ਸਿੰਘ ਜੀ ਮਸਕੀਨ

...
...

ਦੋ ਹਜਾਰ ਦੋ ਦੀ ਗੱਲ ਏ..ਆਪਣੇ ਆਪ ਨੂੰ ਮਹਾਰਾਸ਼ਟਰ ਕਾਡਰ ਦਾ ਆਈ.ਪੀ.ਐੱਸ ਦੱਸਦਾ ਇੱਕ ਆਕਰਸ਼ਿਤ ਮੁੰਡਾ ਹੋਟਲ ਠਹਿਰਿਆ!
ਲੋਕਲ ਪੁਲਸ ਨੇ ਕਿੰਨੀ ਸਾਰੀ ਸਿਕਿਓਰਿਟੀ ਲਾ ਦਿੱਤੀ..ਜਿਥੇ ਵੀ ਜਾਂਦਾ ਸਲਿਊਟ,ਬੱਤੀ ਵਾਲੀਆਂ ਗੱਡੀਆਂ ਅਤੇ ਹੋਰ ਵੀ ਬਹੁਤ ਕੁਝ!
ਮਗਰੋਂ ਇੱਕ ਦਿਨ ਬਿਲ ਲੈਣ ਕਮਰੇ ਵਿਚ ਬੰਦਾ ਭੇਜਿਆ ਤਾਂ ਅੰਦਰ ਇੱਕ ਖਾਲੀ ਅਟੈਚੀ ਅਤੇ ਅੰਗਰੇਜੀ ਦੀਆਂ ਅਖਬਾਰਾਂ ਤੋਂ ਇਲਾਵਾ ਕੁਝ ਵੀ ਨਹੀਂ ਸੀ..ਮਗਰੋਂ ਪਤਾ ਲੱਗਾ ਨਕਲੀ ਵਰਦੀ ਵਾਲਾ ਇਹ ਨਕਲੀ ਪੁਲਸ ਅਫਸਰ ਹੋਰ ਵੀ ਬਹੁਤ ਸਾਰੇ ਚੰਨ ਚਾੜ ਕੇ ਗਿਆ ਸੀ..!

ਇੰਝ ਹੀ ਕਾਫੀ ਅਰਸਾ ਪਹਿਲਾਂ ਕਨੇਡਾ ਤੋਂ ਆਇਆ ਇੱਕ ਨਕਲੀ ਐੱਨ.ਆਰ ਆਈ ਕਿੰਨੀ ਦੇਰ ਤਕ ਪਿੰਡਾਂ ਥਾਵਾਂ ਵਿਚ ਭੋਲੇ ਭਾਲੇ ਲੋਕਾਂ ਨੂੰ ਕੁੜੀਆਂ ਵੇਖਣ ਦੀ ਬਹਾਨੇ ਬੇਵਕੂਫ ਬਣਾਉਂਦਾ ਰਿਹਾ..ਅਖੀਰ ਮੇਂਹਗੀ ਕਾਰ ਕਿਰਾਏ ਦੀ ਨਿਕਲੀ..ਨਾਲ ਲਿਜਾਏ ਜਾਂਦੇ ਮਾਂ ਪਿਓ ਭੂਆ ਫੁੱਫੜ ਕਨੇਡਾ ਦਾ ਐਡਰੈੱਸ ਸਭ ਕੁਝ ਨਕਲੀ ਨਿੱਕਲੇ ਤੇ ਅਖੀਰ ਨੱਕ ਨਾਲ ਲਕੀਰਾਂ ਕੱਢ ਖਲਾਸੀ ਹੋਈ!

ਦੋਸਤੋ ਇਹ ਇੱਕ ਐਸੀ ਮਾਨਸਿਕਤਾ ਏ..ਜਿਹੜੀ ਆਪਣੇ ਸ਼ਿਕਾਰ ਨੂੰ ਵਕਤੀ ਤੌਰ ਤੇ ਮਸ਼ਹੂਰ ਹੋਣ ਅਤੇ ਦੂਜਿਆਂ ਤੋਂ ਵੱਡੇ ਦਿਸਣ ਦੀ ਜੱਦੋ-ਜਹਿਦ ਵਿਚ ਕਿਸੇ ਹੱਦ ਤੱਕ ਵੀ ਲੈ ਜਾਣ ਤੋਂ ਗੁਰੇਜ ਨਹੀਂ ਕਰਦੀ..!

ਕਾਫੀ ਸਾਲ ਪਹਿਲਾਂ ਜਗਾਧਰੀ ਤੋਂ ਗੁਰੂ ਰਾਮਦਾਸ ਦੀ ਨਗਰੀ ਆਉਂਦੇ ਇੱਕ ਆਮ ਜਿਹੇ ਬਜ਼ੁਰਗ ਸ੍ਰਦਾਰਜੀ ਬਾਰੇ ਇੱਕ ਦਿਨ ਓਹਨਾ ਦੇ ਡਰਾਈਵਰ ਤੋਂ ਪਤਾ ਲੱਗਾ ਕੇ ਜਗਾਧਰੀ,ਨੋਇਡਾ ਫਰੀਦਾਬਾਦ ਅਤੇ ਹੋਰ ਕਿੰਨੀਆਂ ਥਾਵਾਂ ਤੇ ਕਿੰਨੇ ਸਾਰੇ ਕਾਰੋਬਾਰਾਂ ਦੇ ਮਾਲਕ ਹਨ..
ਪੁੱਛਣ ਤੇ ਹੱਸਦੇ ਹੋਏ ਆਖਣ ਲੱਗੇ ਕੇ ਜੇ ਮੈਂ ਆਪਣੇ ਬਾਰੇ ਸਾਰਾ ਕੁਝ ਦੱਸ ਦਿੰਦਾ ਤਾਂ ਪਹਿਲੀ ਗੱਲ ਤੁਹਾਡਾ ਮੇਰੇ ਨਾਲ ਗੱਲ ਕਰਨ ਦਾ ਲਹਿਜਾ ਬਦਲ ਜਾਣਾ ਸੀ ਤੇ ਦੂਜਾ ਜਿਸ ਗੁਰੂ ਦੇ ਦਰਸ਼ਨ ਕਰਨ ਆਇਆ ਹਾਂ ਉਸਦੇ ਹਰ ਵੇਲੇ “ਸਹਿਜ” ਵਿਚ ਰਹਿਣ ਵਾਲੇ ਹੁਕਮ ਦੀ ਹੁਕਮ ਅਦੂਲੀ ਹੋ ਜਾਣੀ ਸੀ..!

ਜੰਗਲੀ ਬਾਂਦਰਾਂ ਤੋਂ ਸਤਾਏ ਹੋਏ ਆਂਧਰਾ ਪ੍ਰਦੇਸ਼ ਦੇ ਇੱਕ ਕਿਰਸਾਨ ਨੇ ਆਪਣੇ ਕੁੱਤੇ ਉੱਤੇ ਸ਼ੇਰ ਦੀ ਖੱਲ ਵਾਲੀਆਂ ਕਿੰਨੀਆਂ ਸਾਰੀਆਂ ਧਾਰੀਆਂ ਵਾਹ ਦਿੱਤੀਆਂ..ਫੋਰਮੁੱਲਾ ਕਾਮਯਾਬ ਰਿਹਾ..ਹੁਣ ਕੋਈ ਬਾਂਦਰ ਡਰਦਾ ਮਾਰਾ ਲਾਗੇ ਨਹੀਂ ਲੱਗਦਾ..
ਪਰ “ਕੰਨਨ” ਨਾਮ ਦਾ ਇਹ ਕੁੱਤਾ ਅੱਜਕੱਲ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਚਿੰਤਤ ਰਹਿੰਦਾ ਹੈ ਸ਼ਾਇਦ ਸੋਚਦਾ ਹੋਵੇਗਾ ਕੇ ਜਿਸ ਦਿਨ ਬਾਂਦਰਾਂ ਨੂੰ ਮੇਰੀ ਅਸਲੀਅਤ ਪਤਾ ਲੱਗੀ ਪਤਾ ਨਹੀਂ ਕੀ ਹਾਲ ਕਰਨਗੇ!

ਹਰਪ੍ਰੀਤ ਸਿੰਘ ਜਵੰਦਾ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)