Posts Uploaded By Preet Singh

Sub Categories

ਅੰਦਾਜੇ ਮੁਤਾਬਿਕ ਕਿਸੇ ਵੱਡੇ ਸ਼ਹਿਰ ਦੇ ਅਲੂਣੇ ਜਿਹੇ ਦੋ ਜਵਾਕਾਂ ਨੂੰ ਇੱਕ ਜਖਮੀਂ ਕੁੱਤਾ ਦਿਸ ਪਿਆ..ਦੋਹਾਂ ਨੇ ਸਾਰਾ ਦਿਨ ਕਮਾਏ ਸੀਮਤ ਜਿਹੇ ਪੈਸਿਆਂ ਵਿਚ ਕੁਝ ਪੈਸੇ ਖਰਚ ਕਿੰਨੀਆਂ ਸਾਰੀਆਂ “ਬੈਂਡ-ਏਡ” ਲੈ ਆਂਦੀਆਂ ਤੇ ਮੁੜ ਰੱਬ ਦੇ ਇਸ ਨਿੱਕੇ ਜਿਹੇ ਜੀ ਨੂੰ ਆਪਣੇ ਪੱਟਾਂ ਤੇ ਬਿਠਾ ਐਨ ਬਣਾ ਸਵਾਰ ਕੇ ਲਾ ਦਿੱਤੀਆਂ..ਕਿਸੇ ਕੋਲੋਂ ਲੰਘਦੇ ਨੇ ਫੋਟੋ ਖਿੱਚ ਨੈਟ ਤੇ ਪਾ ਦਿੱਤੀ!

ਪਹਿਲੀ ਨਜ਼ਰੇ ਤਾਂ ਇਹ ਵਰਤਾਰਾ ਆਮ ਜਿਹਾ ਲੱਗਦਾ ਏ ਪਰ ਸੰਵੇਦਨਸ਼ੀਲਤਾ ਦੇ ਨਜਰੀਏ ਨਾਲ ਵੇਖਿਆਂ ਇਹ ਜਰੂਰ ਮਹਿਸੂਸ ਹੁੰਦਾ ਏ ਕੇ ਵਾਹੋਦਾਹੀ ਨੱਸੀ ਤੁਰੀ ਜਾਂਦੀ ਜਿੰਦਗੀ ਵਿਚ ਬੇਗਾਨੇ ਦੇ ਜਖਮਾਂ ਲਈ ਕੁਝ ਪਲ ਕੱਢ ਮਰਹਮ ਪੱਟੀ ਕਰਦੇ ਹੋਏ ਕੋਲ ਬੈਠੇ ਇਹਨਾਂ ਦੋ ਦੇਵ-ਪੁਰਸ਼ਾਂ ਨੂੰ ਪਤਾ ਨਹੀਂ ਕਿੰਨੀਆਂ ਕੂ ਦੁਆਵਾਂ ਦੇ ਰਿਹਾ ਹੋਣਾ ਏ ਇਹ ਰੱਬ ਦਾ ਜੀ..!

ਪੈਂਤੀ ਚਾਲੀ ਸਾਲ ਪਹਿਲਾਂ ਦੀ ਗੱਲ ਏ..ਇੱਕ ਰਿਸ਼ਤੇਦਾਰ ਕੋਲ ਫ਼ੀਏਟ ਕਾਰ ਹੋਇਆ ਕਰਦੀ ਸੀ..ਡਰਾਈਵਰ ਨੂੰ ਖਾਸ ਹਿਦਾਇਤ ਹੁੰਦੀ ਕੇ ਕਿਸੇ ਨੂੰ ਹੱਥ ਨੀ ਲਾਉਣ ਦੇਣਾ..ਪਿੰਡੀ-ਥਾਈਂ ਗਿਆਂ ਉਚੇਚਾ ਐਸੀ ਜਗਾ ਖੜੀ ਕਰਨੀ ਜਿਥੇ ਸਾਰਿਆਂ ਦੀ ਨਜਰ ਪਵੇ..
ਇੱਕ ਵਿਆਹ ਤੇ ਇੱਕ ਨਿੱਕੇ ਜੁਆਕ ਨੂੰ ਸਿਰ ਤੇ ਵੱਡੀ ਸੱਟ ਲੱਗ ਗਈ..ਮਾਂ ਨੇ ਤਰਲੇ ਪਾਏ ਕੇ ਕਾਰ ਤੇ ਪਾ ਕੇ ਹਸਪਤਾਲ ਲੈ ਚੱਲਦੇ ਹਾਂ ਪਰ ਇੱਕ ਅਫ਼ਸਰੀ ਤੇ ਦੂਜਾ ਉਸ ਵੇਲੇ ਦੇ ਟਾਵੇਂ ਟਾਵੇਂ ਦੌਲਤਮੰਦ ਹੋਣ ਦੀ ਖੁਮਾਰੀ..ਨਾ ਹੀ ਮੰਨੇ..ਆਖਣ ਕਾਰ ਦੀਆਂ ਸੀਟਾਂ ਖਰਾਬ ਹੋ ਜਾਣੀਆਂ!

ਫੇਰ ਪਿੰਡ ਵਿਚੋਂ ਹੀ ਇੱਕ ਜੁਆਨ ਆਪਣਾ ਨਵਾਂ ਨਕੋਰ ਫੋਰਡ ਟਰੈਕਟਰ ਕੱਢ ਲਿਆਇਆ..
ਹਵਾ ਨਾਲ ਗੱਲਾਂ ਕਰਦਾ ਹੋਇਆ ਅੱਧੇ ਘੰਟੇ ਵਿਚ ਕੋਲ ਹੀ ਪੈਂਦੇ “ਕਾਦੀਆਂ” ਸ਼ਹਿਰ ਤੋਂ ਟਾਂਕੇ ਲਵਾ ਕੇ ਮੋੜ ਵੀ ਲਿਆਇਆ..ਕਾਦਰ ਦੀ ਕੁਦਰਤ ਦਾ ਸਬੱਬ ਵੇਖੋ..ਆਥਣ ਵੇਲੇ ਮੁੜਦੇ ਹੋਇਆਂ ਦੀ ਓਹੀ ਫ਼ੀਏਟ ਕਾਰ ਮੀਂਹ ਨਾਲ ਗਿਲੇ ਹੋਏ ਕੱਚੇ ਪਹੇ ਤੋਂ ਤਿਲਕ ਕੇ ਸੜਕ ਤੋਂ ਥੱਲੇ ਲਹਿ ਗਈ..ਹੁਣ ਇਸ ਵਾਰੀ ਵੀ ਓਹੀ ਫੋਰਡ ਕੰਮ ਆਇਆ!

ਦੱਸਦੇ ਇੱਕ ਵਾਰ ਜੰਗਲ ਨੂੰ ਅੱਗ ਲੱਗ ਗਈ..
ਨਿੱਕੀ ਜਿਹੀ ਚਿੜੀ ਆਪਣੀ ਚੁੰਝ ਵਿਚ ਪਾਣੀ ਭਰ ਲਿਆਉਂਦੀ ਤੇ ਲਟ ਲਟ ਬਲਦੇ ਇੱਕ ਰੁੱਖ ਤੇ ਪਾ ਦਿਆ ਕਰਦੀ..ਕੋਲੋਂ ਨੱਸੀ ਜਾਂਦਾ ਹਾਥੀ ਮਖੌਲ ਜਿਹੇ ਨਾਲ ਆਖਣ ਲੱਗਾ “ਕਮਲੀਏ ਜਾਨ ਬਚਾ ਕੇ ਦੌੜ ਜਾ..ਤੇਰੇ ਚੁੰਝ ਭਰ ਪਾਣੀ ਨਾਲ ਏਡੀ ਵੱਡੀ ਅੱਗ ਥੋੜਾ ਬੁਝ ਜਾਣੀ ਏ”
ਆਖਣ ਲੱਗੀ ਭਰਾਵਾਂ ਆਹ ਗੱਲ ਮੈਨੂੰ ਵੀ ਪਤਾ ਏ..ਪਰ ਜਦੋਂ ਕਦੀ ਇਸ ਜੰਗਲ ਦੇ ਇਤਿਹਾਸ ਵਿਚ ਇਸ ਲੱਗੀ ਅੱਗ ਦਾ ਜਿਕਰ ਆਵੇਗਾ ਤਾਂ ਉਸ ਵੇਲੇ ਮੇਰਾ ਨਾਮ “ਨੱਸਣ ਵਾਲਿਆਂ” ਵਿਚ ਨਹੀਂ ਸਗੋਂ “ਬੁਝਾਉਣ ਵਾਲਿਆਂ” ਦੀ ਲਿਸਟ ਵਿਚ ਲਿਖਿਆ ਜਾਵੇਗਾ!

ਹਰਪ੍ਰੀਤ ਸਿੰਘ ਜਵੰਦਾ!

...
...

ਜਦੋਂ ਪਿੰਡ ਦੇ ਵੀਹ ਚੌਧਰੀਆਂ ਨੇ ਇਕੱਠੇ ਹੋ ਕੇ, ਬਿਨਾਂ ਕਾਰਨ ਮੇਰੇ ਪਿਤਾ ਨੂੰ ਕਤਲ ਕੀਤਾ, ਮੇਰਾ ਭਰਾ ਮਾਰਿਆ, ਸਾਰੇ ਪਿੰਡ ਦੇ ‘ਇੱਜ਼ਤਦਾਰ ਚੌਧਰੀਆਂ’ ਨੇ ਸ਼ਰੇਆਮ ਮੇਰੀ ਇੱਜ਼ਤ ਲੁੱਟੀ, ਮੈਨੂੰ ਬੇਪਤ ਕਰ ਕੇ ਸਾਰੇ ਪਿੰਡ ਵਿੱਚ ਨੰਗੀ ਘੁਮਾਇਆ ਕਿਥੇ ਸੀ ੳੁਦੋਂ ਕਨੂੰਨ:- ਫੁਲਨਦੇਵੀ

ਇੱਕ ਵਾਰੀ ਡਾਕੂਆਂ ਦੀ ਸਰਦਾਰ ਫੂਲਣ ਦੇਵੀ, ਆਪਣੀ ਕੈਦ ਕੱਟ ਕੇ ਰਿਹਾਅ ਹੋ ਕੇ, ਮੈਂਬਰ ਪਾਰਲੀਮੈਂਟ ਬਣ ਕੇ ਚੰਡੀਗੜ੍ਹ ਫੇਰੀ ’ਤੇ ਆਈ। ਪੱਤਰਕਾਰਾਂ ਨਾਲ ਸਵਾਲ ਜਵਾਬ ਕਰਦਿਆਂ ਉਹ ਅਕਸਰ ਗਾਲਾਂ ਕੱਢ ਦਿੰਦੀ ਸੀ। ਉਸ ਨੇ ਕਈ ਵਾਰੀ ਜਦੋਂ ਕੌੜੇ ਬੋਲ ਬੋਲੇ, ਗਾਲਾਂ ਕੱਢੀਆਂ ਤਾਂ ਇੱਕ ਪੱਤਰਕਾਰ ਨੇ ਮੋੜਵਾਂ ਸਵਾਲ ਕਰ ਕੇ ਪੁੱਛਿਆ, ‘‘ਬੀਬੀ ਜੀ ਤੁਸੀਂ ਭਾਸ਼ਾ ਬਹੁਤ ਅਸੱਭਿਆ ਵਰਤਦੇ ਹੋ, ਗਾਲਾਂ ਕੱਢਦੇ ਹੋ, ਜ਼ਰਾ ਸਲੀਕੇ ਨਾਲ ਗੱਲ ਕਰੋ। ਕੀ ਤੁਸੀਂ ਇਸ ਨੂੰ ਠੀਕ ਸਮਝਦੇ ਹੋ?’’
ਫੂਲਣ ਦੇਵੀ ਸ਼ੇਰਨੀ ਵਾਂਗ ਗੁਰਰਾਈ, ਤੇ ਗਰਜ ਕੇ ਆਖਣ ਲੱਗੀ, ‘‘ਪੱਤਰਕਾਰੋ ਤੁਸੀਂ ਕਿਸ ਦੁਨੀਆਂ ਵਿੱਚ, ਕਿਸ ਧਰਤੀ ’ਤੇ ਰਹਿੰਦੇ ਹੋ? ਜਦੋਂ ਪਿੰਡ ਦੇ ਵੀਹ ਚੌਧਰੀਆਂ ਨੇ ਇਕੱਠੇ ਹੋ ਕੇ, ਬਿਨਾਂ ਕਾਰਨ ਮੇਰੇ ਪਿਤਾ ਨੂੰ ਕਤਲ ਕੀਤਾ। ਮੇਰਾ ਭਰਾ ਮਾਰਿਆ, ਸਾਰੇ ਪਿੰਡ ਦੇ ‘ਇੱਜ਼ਤਦਾਰ ਚੌਧਰੀਆਂ’ ਨੇ ਸ਼ਰੇਆਮ ਮੇਰੀ ਇੱਜ਼ਤ ਲੁੱਟੀ। ਮੈਨੂੰ ਬੇਪਤ ਕਰ ਕੇ ਸਾਰੇ ਪਿੰਡ ਵਿੱਚ ਨੰਗੀ ਘੁਮਾਇਆ। ਮੈਂ ਦਿਲ ’ਤੇ ਪੱਥਰ ਰੱਖ ਕੇ, ਖ਼ੂਨ ਦੇ ਹੰਝੂ ਕੇਰਦੀ ਡਾਕੂਆਂ ਦੇ ਟੋਲੇ ਵਿੱਚ ਸ਼ਾਮਲ ਹੋ ਗਈ। ਉਸ ਜੰਗਲੀ ਜੀਵਨ ਦੇ ਦੁੱਖ ਪ੍ਰਵਾਨ ਕੀਤੇ। ਹਥਿਆਰ ਚਲਾਉਣੇ ਸਿੱਖੇ, ਡਾਕੇ ਮਾਰੇ। ਫਿਰ ਮੌਕਾ-ਮੇਲ ਬਣਾ ਕੇ ਉਨ੍ਹਾਂ ਪਾਪੀ ਬਲਾਤਕਾਰੀਆਂ, ਆਪਣੇ ਪਿੰਡ ਦੇ ਵੀਹ ਚੌਧਰੀਆਂ, ਨੂੰ ਸਦਾ ਦੀ ਨੀਂਦੇ ਸੁਲਾ ਦਿੱਤਾ। ਗ੍ਰਿਫ਼ਤਾਰੀ ਦਿੱਤੀ, ਲੰਮੀ ਕੈਦ ਕੱਟੀ…। ਜੋ ਕੁੱਝ ਮੇਰੇ ਨਾਲ ਵਾਪਰਿਆ ਉਹਦਾ ਕਾਫ਼ੀ ਹਿੱਸਾ ਅਖ਼ਬਾਰਾਂ ਵਿੱਚ ਛਪਦਾ ਰਿਹਾ ਹੈ। ਮੈਨੂੰ ਸੱਭਿਅਤਾ ਸਿਖਾਉਣ ਵਾਲੇ ਪੱਤਰਕਾਰੋ ਜ਼ਰਾ ਦੱਸੋ। ਤੁਹਾਡੇ ਚੌਧਰੀਆਂ ਨੇ ਮੇਰੇ ਨਾਲ ਕਿੰਨਾ ਸੱਭਿਅਕ ਸਲੂਕ ਕੀਤਾ ਸੀ? ਮੇਰੇ ਵਰਗਾ ਨਰਕੀ ਜੀਵਨ ਜਿਉਂ ਕੇ, ਕੀ ਕੋਈ ਸੱਭਿਅਕ ਰਹਿ ਸਕਦਾ ਹੈ? ਇਹ ਸੱਭਿਅਤਾ ਦਾ ਪਾਠ ਕੀਹਨੂੰ ਪੜ੍ਹਾ ਰਹੇ ਹੋ…?’’
ਫੂਲਣ ਦੇਵੀ ਦਾ ਜਵਾਬ ਸੁਣ ਕੇ ਪੱਤਰਕਾਰਾਂ ਦੀ ਜ਼ਬਾਨ ਤਾਲੂ ਨਾਲ ਲੱਗ ਗਈ। ਮੁੜ ਸਵਾਲ ਪੁੱਛਣ ਦੀ ਹਿੰਮਤ ਨਾ ਪਈ। ਬੀਬੀ ਇਸੇ ਤਰਾਂ ਗਰਜਦੀ ਹੋਈ ਥਾਂ-ਥਾਂ ਸਰਕਾਰ ਵਿਰੁੱਧ ਬੋਲ ਰਹੀ ਸੀ। ਵਾਜਪਾਈ ਸਰਕਾਰ ਵੇਲੇ ‘ਅਣਪਛਾਤੇ ਵਿਅਕਤੀਆਂ’ ਨੇ ਫੂਲਾਂ ਰਾਣੀ ’ਤੇ ਮਸ਼ੀਨ ਗੰਨਾਂ ਨਾਲ ਹਮਲਾ ਕਰ ਦਿੱਤਾ। ਉਸ ਦੀ ਅਗਨ ਬਾਣ ਵਰਗੀ ਜ਼ਬਾਨ ਸਦਾ ਲਈ ਬੰਦ ਕਰ ਦਿੱਤੀ ਗਈ।
ਬਸ ਫ਼ਰਕ ਏਨਾ ਹੀ ਸੀ ਕਿ ਆਮ ਔਰਤਾਂ ਜ਼ੁਲਮ ਅੱਗੇ ਸਿਰ ਝੁਕਾ ਦਿੰਦੀਆਂ ਹਨ। ਉਸ ਸ਼ੇਰ ਬੀਬੀ ਨੇ ਆਪਣੇ ਨਾਲ ਹੋਏ ਦਿਲ ਕੰਬਾਊੁ ਹਾਦਸੇ ਨੂੰ ‘ਕਿਸਮਤ ਵਿੱਚ ਲਿਖਿਆ ਹੋਇਆ’ ਪ੍ਰਵਾਨ ਨਾ ਕੀਤਾ। ਸਗੋਂ ਵੀਹ ਬਲਾਤਕਾਰੀ ਹੈਸ਼ਿਆਰਿਆਂ ਦੀ ਕਿਸਮਤ ਵਿੱਚ ‘ਮੌਤ ਲਿਖ ਦਿੱਤੀ’। ਅਫ਼ਸੋਸਨਾਕ ਪਹਿਲੂ ਇਹ ਹੈ ਕਿ ਭਾਰਤ ਦੀਆਂ ਔਰਤਾਂ ਨੇ ਫੂਲਾਂ ਰਾਣੀ ਨੂੰ ਆਪਣੀ ਨਾਇਕਾ ਨਹੀਂ ਬਣਾਇਆ। ਉਸ ਦੇ ਹੱਕ ਵਿੱਚ ਕੋਈ ਰੋਸ ਪ੍ਰਗਟ ਨਾ ਕੀਤਾ। ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਜ਼ਨਾਨੀਆਂ ਦੇ ਮਨਾਂ ਅੰਦਰ ਰੋਹ ਦੀ ਜਵਾਲਾ ਨਾ ਭੜਕੀ, ਕਿਉਂਕਿ ਇੱਥੋਂ ਦੀਆਂ ਨਾਇਕਾਵਾਂ ਰੂਪਮਤੀਆਂ ਤੇ ਨਾਜ਼ੁਕ ਅਭਿਨੇਤਰੀਆਂ ਹਨ।
ਅਗਿਆਤ

...
...

ਅਸੀਂ ਤੜਕੇ ਮੂੰਹ ਹਨੇਰੇ ਪਿੰਡੋਂ ਬਾਹਰਵਾਰ ਉਸ ਵਿਆਹ ਵਾਲੇ ਘਰ ਜਾ ਛਾਪਾ ਮਾਰਿਆ..
ਨਿੱਘੀਆਂ ਰਜਾਈਆਂ ਵਿਚ ਕਿੰਨੇ ਸਾਰੇ ਲੋਕ ਗੂੜੀ ਨੀਂਦਰ ਸੁੱਤੇ ਪਏ ਸਨ..ਥਾਣੇਦਾਰ ਨੇ ਦੂਰ ਖਲਿਆਰੀ ਜਿਪਸੀ ਵਿਚੋਂ ਦੋ ਸਿਪਾਹੀ ਅਤੇ ਇੱਕ ਹੌਲਦਾਰ ਨੂੰ ਅੰਦਰ ਘਲਿਆ..
ਹੌਲਦਾਰ ਨੇ ਗੇਟ ਤੋਂ ਅੰਦਰ ਵੜਦਿਆਂ ਹੀ ਆਪਣੀ ਸੰਤਾਲੀ ਲੋਡ ਕਰ ਲਈ ਤੇ ਐਨ ਵਿਚਕਾਰ ਜਾ ਕੇ ਆਖਣ ਲੱਗਾ..”ਓਏ ਮੁਗਲ ਚੱਕ ਵਾਲਾ “ਲਾਡੀ” ਕੌਣ ਏ ਤੁਹਾਡੇ ਵਿਚੋਂ..?

“ਜੀ ਮੈਂ ਹੀ ਹਾਂ ਦੱਸੋ ਕੀ ਗੱਲ ਹੋਈ”..ਇੱਕ ਚੌਦਾਂ ਪੰਦਰਾਂ ਸਾਲਾਂ ਦਾ ਅਣ-ਦਾਹੜੀਆਂ ਮੁੰਡਾ ਅੱਖਾਂ ਮਲਦਾ ਹੋਇਆ ਉੱਠ ਖਲੋਤਾ..!

ਹੌਲਦਾਰ ਨੇ ਉਸਨੂੰ ਅਸਾਲਟ ਦੀ ਨੋਕ ਤੇ ਅੱਗੇ ਲਾ ਲਿਆ ਤੇ ਜਿਪਸੀ ਵੱਲ ਤੋਰ ਲਿਆ..ਫੇਰ ਮੇਰੇ ਕੋਲ ਬਿਠਾ ਛੇਤੀ ਨਾਲ ਉਸਦੀਆਂ ਅੱਖਾਂ ਤੇ ਪੱਟੀ ਬੰਨ ਦਿਤੀ!

ਸਾਰੇ ਰਾਹ ਜਿਪਸੀ ਵਿਚ ਚੁੱਪੀ ਜਿਹੀ ਛਾਈ ਰਹੀ..
ਅੱਧੇ ਘੰਟੇ ਮਗਰੋਂ ਡਰਾਈਵਰ ਨੇ ਤਰਨਤਾਰਨ ਸ਼ਹਿਰ ਤੋਂ ਬਾਹਰ ਇੱਕ ਢਾਬੇ ਤੇ ਬ੍ਰੇਕ ਮਾਰ ਲਈ..ਸਾਰੇ ਚਾਹ-ਪਾਣੀ ਪੀਣ ਥੱਲੇ ਉੱਤਰ ਗਏ..ਮੈਨੂੰ ਉਸਦੇ ਕੋਲ ਅੰਦਰ ਹੀ ਬਿਠਾ ਗਏ..!

ਮੈਂ ਗਹੁ ਨਾਲ ਤੱਕਿਆ..
ਉਹ ਮੈਨੂੰ ਆਪਣੇ ਦਸਵੀਂ ਚ ਪੜ੍ਹਦੇ ਪੁੱਤ ਵਰਗਾ ਲੱਗਾ..
ਮੌਕਾ ਪਾ ਕੇ ਉਸਨੂੰ ਹੌਲੀ ਜਿਹੀ ਪੁੱਛ ਲਿਆ..”ਜਦੋਂ ਹੌਲਦਾਰ ਨੇ ਵਾਜ ਮਾਰੀ ਸੀ ਤਾਂ ਤੂੰ ਕਾਹਤੋਂ ਬੋਲ ਪਿਆ ਕੇ ਮੈਂ ਹੀ ਲਾਡੀ ਹਾਂ..ਘੇਸ ਮਾਰ ਵੜੇ ਰਹਿਣਾ ਸੀ ਰਜਾਈ ਅੰਦਰ..ਤੈਨੂੰ ਕਿਹੜਾ ਕੋਈ ਪਛਾਣਦਾ ਸੀ..”

“ਸਾਬ ਜੀ ਮੈਂ ਕਿਹੜਾ ਕੋਈ ਗਲਤ ਕੰਮ ਕੀਤਾ..ਮੈਨੂੰ ਕਾਹਦਾ ਡਰ..ਸਿਰਫ ਰਾਹ ਹੀ ਤਾਂ ਦੱਸਿਆ ਸੀ ਓਹਨਾ ਨੂੰ..ਰਾਹ ਦੱਸਣਾ ਕਿਹੜਾ ਕੋਈ ਗੁਨਾਹ ਏ”
“ਇਸ ਵਗਦੀ ਹਨੇਰੀ ਵਿਚ “ਗਲਤ ਠੀਕ” ਵੇਖਣ ਦੀ ਵੇਹਲ ਕਿਸਦੇ ਕੋਲ ਏ ਪੁੱਤਰਾ”..ਮੇਰੇ ਅੰਦਰੋਂ ਵਾਜ ਨਿੱਕਲੀ!

ਫੇਰ ਜਦੋਂ ਚਾਰ ਦਿਨਾਂ ਦੀ ਪੁੱਛਗਿੱਛ ਮਗਰੋਂ ਇੱਕ ਸੁਵੇਰ ਤੜਕੇ ਮੂੰਹ ਹਨੇਰੇ ਉਸਨੂੰ ਮੁੜ ਜਿਪਸੀ ਵਿਚ ਪਾ ਕੇ ਤੁਰਨ ਲੱਗੇ ਤਾਂ ਉਸਤੋਂ ਖਲੋਤਾ ਵੀ ਨਹੀਂ ਸੀ ਜਾ ਰਿਹਾ..ਮੈਂ ਆਸਰਾ ਦੇ ਕੇ ਉਸਨੂੰ ਅੰਦਰ ਬਿਠਾਇਆ!

ਮੈਨੂੰ ਪੁੱਛਣ ਲੱਗਾ..”ਭਾਊ ਕਿਥੇ ਕੂ ਖੜ ਕੇ ਕਰਨਾ ਕੰਮ..ਮੈਥੋਂ ਜੁਆਬ ਨਾ ਦਿੱਤਾ ਗਿਆ..ਅੱਧੇ ਕੂ ਘੰਟੇ ਦੀ ਵਾਟ ਮਗਰੋਂ ਨਹਿਰ ਵਾਲੀ ਲਿੰਕ ਰੋਡ ਤੇ ਗੱਡੀ ਮੋੜ ਲਈ ਗਈ..ਤੇ ਫੇਰ ਥੋੜੀ ਦੂਰ ਅਗਾਂਹ ਜਾ ਰੁੱਖਾਂ ਦੇ ਝੁੰਡ ਕੋਲ ਜਾ ਬ੍ਰੇਕ ਮਾਰ ਲਈ!
ਕਿਸੇ ਨੇ ਕਿਸੇ ਨੂੰ ਕੁਝ ਵੀ ਨਹੀਂ ਸੀ ਆਖਿਆ..ਸਭ ਨੂੰ ਚੰਗੀ ਤਰਾਂ ਪਤਾ ਸੀ ਕੇ ਓਹਨਾ ਕੀ ਕਰਨਾ ਏ..!

ਫੇਰ ਓਹੀ ਹੌਲਦਾਰ ਇੱਕ ਵਾਰ ਫੇਰ ਥੱਲੇ ਉੱਤਰਿਆ..ਐਸ.ਐੱਲ.ਆਰ ਲੋਡ਼ ਕਰਕੇ ਆਸੇ ਪਾਸੇ ਵੇਖਿਆ..ਫੇਰ ਆਖਣ ਲੱਗਾ ਲੈ ਆਓ ਜੀ ਬਾਹਰ..ਉਸਨੂੰ ਹੇਠਾਂ ਲਾਹੁਣ ਲੱਗੇ ਤਾਂ ਮੈਨੂੰ ਆਖਣ ਲੱਗਾ “ਭਾਉ ਕੰਮ ਤੇ ਕਰੀਂ ਇੱਕ ਮੇਰਾ..ਮੇਰੀ ਮਾਂ ਨੂੰ ਇੱਕ ਸੁਨੇਹਾ ਜਰੂਰ ਦੇ ਦੇਵੀਂ..ਆਖੀਂ ਲਾਡੀ ਬੜਾ ਚੇਤੇ ਕਰਦਾ ਸੀ ਜਾਣ ਲਗਿਆਂ..ਫੇਰ ਸਾਰਿਆਂ ਵੱਲ ਹੱਥ ਜੋੜਦਾ ਹੋਇਆ ਆਖਣ ਲੱਗਾ “ਚੰਗਾ ਭਰਾਵੋ..ਵਾਗਰੂ ਜੀ ਕਾ ਖਾਲਸਾ..ਵਾਗੁਰੁ ਜੀ ਕੇ ਫਤਹਿ..”

ਮੈਂ ਫਤਹਿ ਦਾ ਜੁਆਬ ਫਤਹਿ ਨਾਲ ਦਿੱਤਾ..ਗਾਤਰਾ ਪਾਇਆ ਹੋਣ ਕਰਕੇ ਮਹਿਕਮੇ ਵਿਚ ਸਾਰੇ ਮੈਨੂੰ ਨਿਹੰਗ ਆਖ ਬੁਲਾਇਆ ਕਰਦੇ ਸਨ..!
ਥਾਣੇਦਾਰ ਗਲ਼ ਪੈ ਗਿਆ..ਆਖਣ ਲੱਗਾ “ਨਿਹੰਗਾਂ ਤੈਨੂੰ ਕੀ ਲੋੜ੍ਹ ਸੀ ਫਤਹਿ ਦਾ ਜੁਆਬ ਦੇਣ ਦੀ..”
ਮੈਂ ਨਿਸੰਗ ਹੋ ਕੇ ਆਖ ਦਿੱਤਾ..”ਗੁਰੂਆਂ ਦੀ ਬਕਸ਼ੀ ਹੋਈ ਫਤਹਿ ਹੈ..ਜੁਆਬ ਦੇਣਾ ਤਾਂ ਹਰੇਕ ਸਿੱਖ ਦਾ ਫਰਜ ਬਣਦਾ ਏ..”

ਇਸਤੋਂ ਪਹਿਲਾਂ ਕੇ ਸਾਡੀ ਬਹਿਸ ਕੋਈ ਹੋਰ ਰੂਪ ਧਾਰਨ ਕਰਦੀ..”ਠਾਹ”..”ਠਾਹ” ਦੀਆਂ ਕਿੰਨੀਆਂ ਸਾਰੀਆਂ ਅਵਾਜਾਂ ਨਾਲ ਰੁੱਖਾਂ ਤੇ ਬੈਠੇ ਕਿੰਨੇ ਸਾਰੇ ਪੰਛੀ ਰੌਲਾ ਪਾਉਂਦੇ ਹੋਏ ਜਿਧਰ ਨੂੰ ਰਾਹ ਲੱਭਾ..ਉੱਡ ਗਏ..!

ਘੰਟੇ ਕੂ ਮਗਰੋਂ ਅਸੀ ਵਾਪਿਸ ਆ ਗਏ..ਨੌ ਕੂ ਵਜੇ ਕਿੰਨਿਆਂ ਦਿਨਾਂ ਤੋਂ ਠਾਣੇ ਦੇ ਬਾਹਰ ਬੈਠੇ ਉਸਦੇ ਪਿਓ ਨੂੰ ਕੋਲ ਸੱਦ ਉਸਦੇ ਲੀੜੇ ਕੱਪੜੇ ਫੜਾ ਦਿੱਤੇ..!
ਉਹ ਬਿਲਕੁਲ ਵੀ ਰੋਇਆ ਨਹੀਂ..ਨਾ ਹੀ ਉਸਨੇ ਕਿਸੇ ਨੂੰ ਮੰਦਾ ਚੰਗਾ ਹੀ ਆਖਿਆ..ਬੱਸ ਚੁੱਪ ਚਾਪ ਓਥੋਂ ਚਲਾ ਗਿਆ!

ਭਾਵੇਂ ਮਹਿਕਮੇ ਵਿਚੋਂ ਤੇ ਮੈਂ ਓਸੇ ਹਫਤੇ ਹੀ ਅਸਤੀਫਾ ਦੇ ਦਿੱਤਾ ਸੀ ਪਰ ਅੱਜ ਤਕਰੀਬਨ ਤੀਹਾਂ ਵਰ੍ਹਿਆਂ ਮਗਰੋਂ ਵੀ ਓਹੋ ਅਣ-ਦਾਹੜੀਆਂ ਲਾਡੀ ਕਿੰਨੀ ਵਾਰ ਮੇਰੇ ਸੁਫਨਿਆਂ ਵਿਚ ਆ ਜਾਂਦਾ ਏ ਤੇ ਬੱਸ ਏਹੀ ਗੱਲ ਪੁੱਛੀ ਜਾਂਦਾ ਏ ਕੇ ਭਾਊ ਉਸ ਦਿਨ ਮੇਰੀ ਮਾਂ ਨੂੰ ਸੁਨੇਹਾ ਦੇ ਦਿੱਤਾ ਸੀ ਕੇ ਨਹੀਂ?

“ਮੇਰੇ ਪਿੰਡ ਦੀ ਉਹ ਨਹਿਰ ਨੂੰ ਸੁਨੇਹਾ ਦੇ ਦਿਓ..ਨੀ ਮੈਂ ਫੇਰ ਤਾਰੀ ਲਾਊਂ ਸਿਵਿਆਂ ਚ ਸੜ ਕੇ”

ਦੋਸਤੋ ਇਹ ਓਹਨਾ ਵੇਲਿਆਂ ਦੀ ਗੱਲ ਏ ਜਦੋਂ ਅੱਤਵਾਦ ਰੋਕਣ ਅਤੇ ਤਰੱਕੀਆਂ ਲੈਣ ਦੀ ਖਾਤਿਰ ਸਦਾ ਦੀ ਨੀਂਦ ਸਵਾ ਦਿੱਤੇ ਗਏ ਕਈ ਮਾਵਾਂ ਦੇ ਪੁੱਤਾਂ ਨੂੰ ਸਿਵਿਆਂ ਦੀ ਅੱਗ ਵੀ ਨਸੀਬ ਨਹੀਂ ਸੀ ਹੋਈ..”

(ਅਸਲ ਵਾਪਰੀ ਦਾ ਵਾਰਤਕ ਰੂਪ)

ਹਰਪ੍ਰੀਤ ਸਿੰਘ ਜਵੰਦਾ

...
...

ਬਰਫੀਲੀ ਠੰਡ ਦੀ ਇੱਕ ਰਾਤ ,
ਇੱਕ ਅਮੀਰ ਆਦਮੀ ਆਪਣੇ ਘਰ ਦੇ ਬਾਹਰ ਇੱਕ ਗ਼ਰੀਬ ਬਜ਼ੁਰਗ ਵਿਅਕਤੀ ਨੂੰ ਮਿਲਦਾ ਹੈ ।
ਪੁੱਛਦਾ ਹੈ ਕਿ ਤੈਨੂੰ ਠੰਡ ਮਹਿਸੂਸ ਨਹੀਂ ਹੁੰਦੀ?
ਪਿੰਡੇ ਉੱਪਰ ਕੋਈ ਗਰਮ ਕੱਪੜਾ ਵੀ ਨਹੀਂ ਪਾਇਆ?
ਬਜ਼ੁਰਗ ਆਦਮੀ ਨੇ ਜਵਾਬ ਦਿੱਤਾ,
“ਮੇਰੇ ਕੋਲ ਗਰਮ ਕੋਈ ਗਰਮ ਕੱਪੜਾ ਨਹੀਂ ਹੈ ਪਰ ਮੈਨੂੰ ਇਸ ਤਰ੍ਹਾਂ ਰਹਿਣ ਦੀ ਆਦਤ ਹੋ ਗਈ ਹੈ ਫ਼ਰਕ ਨਹੀਂ ਪੈਂਦਾ।
ਅਮੀਰ ਆਦਮੀ ਕਹਿੰਦਾ ,
“ਇੰਤਜ਼ਾਰ ਕਰ ਮੇਰੇ ਵਾਪਸ ਆਉਣ ਤੱਕ ,
ਮੈਂ ਹੁਣ ਆਪਣੇ ਘਰ ਅੰਦਰ ਜਾਵਾਂਗਾ ਅਤੇ ਤੇਰੇ ਲਈ ਕੁਝ ਗਰਮ ਕੱਪੜਾ ਲੈਕੇ ਆਉਂਦਾ ਹਾਂ।
ਗ਼ਰੀਬ ਆਦਮੀ ਖੁਸ਼ ਹੋਇਆ,
ਅਤੇ ਕਿਹਾ ਉਹ ਇੰਤਜ਼ਾਰ ਕਰੇਗਾ। ਅਮੀਰ ਆਦਮੀ ਆਪਣੇ ਘਰ ਵਿੱਚ ਦਾਖ਼ਲ ਹੁੰਦਾ ਹੈ ਅਤੇ ਆਪਣੇ ਕਿਸੇ ਕੰਮ ਵਿੱਚ ਵਿਅਸਤ ਹੋ ਜਾਂਦਾ ਹੈ ਅਤੇ ਗਰੀਬ ਆਦਮੀ ਦਾ ਚੇਤਾ ਭੁੱਲ ਜਾਂਦਾ ਹੈ।
ਸਵੇਰੇ ਹੀ ਉਸਨੂੰ ਓਹ ਗਰੀਬ ਆਦਮੀ ਚੇਤੇ ਆਉਂਦਾ ਹੈ ਅਤੇ ਬਾਹਰ ਆ ਕੇ ਉਹਨੂੰ ਲੱਭਦਾ ਹੈ ਅਤੇ ਉਹ ਉਸ ਬਜ਼ੁਰਗ ਨੂੰ ਠੰਡ ਨਾਲ ਮਰਿਆ ਹੋਇਆ ਪਾਉਂਦਾ ਹੈ।
ਪਰ ਉਹ ਇੱਕ ਕਾਗਜ਼ ਤੇ ਇੱਕ ਨੋਟ ਲਿਖਕੇ ਛੱਡ ਜਾਂਦਾ ਹੈ , ” ਜਦੋਂ ਮੇਰੇ ਕੋਲ ਗਰਮ ਕੱਪੜੇ ਨਹੀਂ ਸਨ ਤਾਂ ਮੇਰੇ ਕੋਲ ਠੰਡ ਵਿੱਚ ਜ਼ਿੰਦਾ ਰਹਿਣ ਦੀ ਆਤਮ ਸ਼ਕਤੀ ਸੀ ।
ਪਰ ਜਦੋਂ ਤੂੰ ਮੇਰੀ ਮੱਦਦ ਕਰਨ ਦਾ ਵਾਅਦਾ ਕੀਤਾ ਤਾਂ ਮੈਂ ਤੇਰੇ ਵਾਅਦੇ ਨਾਲ ਬੰਨ੍ਹਿਆ ਗਿਆ ਅਤੇ ਮੇਰੀ ਸਹਿਣਸ਼ਕਤੀ ਨੂੰ ਮੇਰੇ ਤੋਂ ਖੋਹ ਲਿਆ।

ਸਿੱਖਿਆ- ਕਦੇ ਕਿਸੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਵਾਅਦਾ ਨਾ ਕਰੋ ਜੋ ਤੁਸੀਂ ਨਿਭਾ ਨਹੀਂ ਸਕਦੇ ,
ਇਹ ਗੱਲ ਤੁਹਾਡੇ ਲਈ ਸ਼ਾਇਦ ਮਾਇਨੇ ਨਾ ਰੱਖੇ ਪਰ ਦੂਜੇ ਇਨਸਾਨ ਲਈ ਬਹੁਤ ਮਾਇਨੇ ਰੱਖਦੀ ਹੈ।
ਦੂਜੀ ਗੱਲ ਇਹ ਕਿ ਕਦੇ ਵੀ ਕਿਸੇ ਦੇ ਕੀਤੇ ਵਾਅਦੇ ਆਸਰੇ ਤਦ ਤੱਕ ਨਾ ਬੈਠੋ ਜਦੋਂ ਤੱਕ ਕੋਈ ਤੁਹਾਡੇ ਲਈ ਕੁਝ ਕਰ ਨਹੀਂ ਦਿੰਦਾ ।
ਓਦੋਂ ਤੱਕ ਆਪਣੀ ਹਿੰਮਤ ਨਾਲ ਆਪਣੀ ਸਮਰੱਥਾ ਅਨੁਸਾਰ ਜ਼ਿੰਦਗੀ ਜੀਓ।

ਮੀਤ ਨਿਮਾਨ

...
...

ਵਰ੍ਹਿਆਂ ਤੋਂ ਚੱਲਦੇ ਆਏ ਸਾਂਝੇ ਘਰ ਦੀ ਅਖੀਰ ਉਸ ਦਿਨ ਵੰਡ ਕਰ ਦਿੱਤੀ ਗਈ..
ਵੰਡ ਵਾਲੇ ਸੰਤਾਪ ਦਾ ਭੰਨਿਆ ਅਗਲੇ ਦਿਨ ਉੱਠ ਅਜੇ ਪੱਗ ਬੰਨ੍ਹਣ ਹੀ ਲੱਗਾ ਸੀ ਕੇ ਸਾਮਣੇ ਪਾਏ ਸ਼ੀਸ਼ੇ ਉੱਤੇ ਪਈ “ਤਰੇੜ” ਦੇਖ ਮੇਰੀ ਧਾਹ ਜਿਹੀ ਨਿੱਕਲ ਗਈ !
ਪੱਗ ਦੇ ਲੜ ਦਾ ਇੱਕ ਸਿਰਾ ਮੂੰਹ ਚ ਪਾਈ ਸੋਚਣ ਲੱਗਾ ਕੇ “ਜਮੀਨ ਵੰਡੀ ਗਈ..ਵੇਹੜਾ ਵੰਡਿਆ ਗਿਆ..ਡੰਗਰ..ਸੰਦ..ਟਿਊਬਵੈੱਲ..ਕੋਠੇ..ਰੁੱਖ..ਨੌਕਰ ਚਾਕਰ..ਗੱਲ ਕੀ ਬੀ ਘੜੀਆਂ-ਪਲਾਂ ਵਿਚ ਹੀ ਸਭ ਕੁਝ ਵੰਡ ਦਿੱਤਾ ਗਿਆ..ਤੇ ਅੱਜ ਇਹ ਵਰ੍ਹਿਆਂ ਤੋਂ ਨਾਲ ਨਿਭਦਾ ਆਉਂਦਾ ਸ਼ੀਸ਼ਾ ਵੀ..ਪਤਾ ਨੀ ਕਿਹੜੇ ਵੇਲੇ ਕਿਹੜੀ ਭੁੱਲ ਹੋ ਗਈ ਸੀ ਮੇਰੇ ਕੋਲੋਂ..”

ਸੋਚਾਂ ਦੀ ਘੁੰਮਣ-ਘੇਰੀ ਵਿਚ ਪਏ ਨੇ ਅਜੇ ਪੱਗ ਦਾ ਦੂਜਾ ਲੜ ਹੀ ਮੋੜ ਕੇ ਲਿਆਂਦਾ ਸੀ ਕੇ ਅਚਾਨਕ ਧਿਆਨ ਥੱਲੇ ਕੰਧ ਮਾਰ ਰਹੇ ਮਿਸਤਰੀਆਂ ਦੇ ਕੋਲ ਦੀ ਗਲਾਸ ਫੜੀ ਤੁਰੀ ਜਾਂਦੀ ਤਿੰਨਾਂ ਵਰ੍ਹਿਆਂ ਦੀ ਧੀ ਵੱਲ ਚਲਾ ਗਿਆ..ਸਾਹ ਸੂਤੇ ਜਿਹੇ ਗਏ..ਸੋਚਣ ਲੱਗਾ ਕੇ ਪਤਾ ਨੀ ਹੁਣ ਕੀ ਭਾਣਾ ਵਰਤੂ?

ਦੂਜੇ ਪਾਸੇ ਇਸ ਸਾਰੇ ਵਰਤਾਰੇ ਤੋਂ ਅਣਜਾਣ ਨਿੱਕੀ ਧੀ ਨੇ ਰਵਾਂ-ਰਵੀਂ ਜਾ ਧਾਰ ਚੋ ਰਹੇ ਆਪਣੇ ਚਾਚੇ ਅੱਗੇ ਖਾਲੀ ਗਲਾਸ ਕਰ ਦਿੱਤਾ..ਤੇ ਫੇਰ ਨਿੰਮਾਂ ਨਿੰਮਾਂ ਹਾਸਾ ਹੱਸਣ ਲੱਗ ਪਈ..
ਅਕਸਰ ਹੀ ਰੋਜ ਸੁਵੇਰੇ ਸੁਵੇਰੇ ਧਾਰਾਂ ਚੋਂਦੇ ਚਾਚੇ ਕੋਲੋਂ ਤਾਜੇ ਦੁੱਧ ਦਾ ਗਲਾਸ ਭਰਵਾ ਕੇ ਪੀਂਦੀ ਹੁੰਦੀ ਨਿੱਕੀ ਜਿਹੀ ਨੂੰ ਕੀ ਪਤਾ ਸੀ ਕੇ ਹੁਣ ਘਰ ਦਾ “ਲਵੇਰਾ” ਤੱਕ ਵੀ ਦੋ ਹਿੱਸਿਆਂ ਵਿਚ ਵੰਡਿਆ ਜਾ ਚੁੱਕਾ ਸੀ..

ਹੁਣ ਚੁਬਾਰੇ ਤੇ ਖਲੋਤੇ ਦਾ ਮੇਰਾ ਦਿੱਲ ਫੜਕ ਫੜਕ ਵੱਜਣ ਲੱਗਾ !
ਅੰਦਾਜੇ ਦੇ ਉਲਟ ਨਿੱਕੇ ਨੇ ਧੀ ਦਾ ਮੂੰਹ ਚੁੰਮ ਉਸਨੂੰ ਆਪਣੀ ਬੁੱਕਲ ਵਿਚ ਲੈ ਲਿਆ ਤੇ ਉਸਦਾ ਗਲਾਸ ਦੁੱਧ ਨਾਲ ਨੱਕੋ ਨੱਕ ਭਰ ਦਿੱਤਾ !
ਨਿੱਕੀ ਨੇ ਵੀ ਰੋਜ ਵਾਂਙ ਚਾਚੇ ਦੇ ਮੂੰਹ ਤੇ ਹਲਕੇ ਬੁਲਾਂ ਨਾਲ ਪਾਰੀ ਕੀਤੀ ਤਾਜੇ ਦੁੱਧ ਦਾ ਗਲਾਸ ਮੂੰਹ ਨੂੰ ਲਾ ਪਿਛਾਂਹ ਨੂੰ ਪਰਤ ਆਈ..

ਫੇਰ ਕੀ ਵੇਖਿਆ ਕੇ ਮੇਰੇ ਨਾਲਦੀ ਅੰਦਰੋਂ ਛੇਤੀ ਨਾਲ ਨਿੱਕਲ ਕੁੜੀ ਵੱਲ ਨੂੰ ਦੌੜ ਪਈ ਏ..ਮੈਂ ਅੰਦਾਜਾ ਲਾ ਲਿਆ ਕੇ ਹੁਣ ਪੱਕਾ ਨਿਆਣੀ ਦੀਆਂ ਕੂਲ਼ੀਆਂ ਗੱਲਾਂ ਤੇ ਕੱਸ ਕੇ ਚਪੇੜ ਮਾਰੂ ਤੇ ਫੇਰ ਉਸਦੇ ਹੱਥੋਂ ਦੁੱਧ ਦਾ ਗਲਾਸ ਖੋਹ ਪਰਾਂ ਵਗਾਹ ਮਾਰੂਗੀ..!.
ਪਰ ਚੋਰ ਅਖ੍ਹ ਨਾਲ ਚੁਬਾਰੇ ਵੱਲ ਤੱਕਦੀ ਹੋਈ ਨੇ ਦੁੱਧ ਪੀਂਦੀ ਨਿਆਣੀ ਨੂੰ ਕੁੱਛੜ ਚੁੱਕ ਛੇਤੀ ਨਾਲ ਆਪਣੀ ਬੁੱਕਲ ਵਿਚ ਲਕੋ ਲਿਆ ਤੇ ਕਾਹਲੀ ਨਾਲ ਨਾਲ ਕਮਰੇ ਅੰਦਰ ਵੜ ਗਈ..ਸ਼ਇਦ ਸੋਚ ਰਹੀ ਹੋਣੀ ਕੇ ਕਿਤੇ ਇਹ ਸਭ ਕੁਝ ਤੇ ਚੁਬਾਰੇ ਵਿਚ ਪੱਗ ਬੰਨ੍ਹਦੇ ਘਰ ਵਾਲੇ ਦੀ ਨਜਰ ਹੀ ਨਾ ਪੈ ਜਾਵੇ..!

ਇਹ ਸਭ ਕੁਝ ਦੇਖ ਮੇਰੇ ਦਿੱਲ ਤੇ ਪਿਆ ਮਣਾਂ-ਮੂੰਹੀ ਭਾਰ ਇਕਦੰਮ ਉੱਤਰ ਜਿਹਾ ਗਿਆ..
ਫੇਰ ਸਹਿ ਸੁਭਾ ਹੀ ਸ਼ੀਸ਼ੇ ਤੇ ਹੱਥ ਰੱਖ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕੇ ਦੇਖਾ ਤਾਂ ਸਹੀ “ਤਰੇੜ” ਕਿੰਨੀ ਕੁ ਡੂੰਗੀ ਹੈ..ਪਰ ਹੱਕਾ-ਬੱਕਾ ਰਹਿ ਗਿਆ ਕਿਓੰਕੇ ਸ਼ੀਸ਼ੇ ਤੇ ਕੋਈ ਤਰੇੜ ਹੈ ਹੀ ਨਹੀਂ ਸੀ ਸਗੋਂ ਇਹ ਤਾਂ ਸ਼ੀਸ਼ੇ ਦੇ ਐਨ ਵਿਚਕਾਰ ਚਿਪਕਿਆ ਹੋਇਆ ਲੰਮਾ ਸਾਰਾ ਇੱਕ ਸਿਰ ਦਾ ਕਾਲਾ ਵਾਲ ਸੀ ਜਿਹੜਾ ਪਹਿਲੀ ਨਜ਼ਰੇ ਸ਼ੀਸ਼ੇ ਤੇ ਪਈ “ਤਰੇੜ” ਦਾ ਭੁਲੇਖਾ ਪਾ ਰਿਹਾ ਸੀ !

ਕੰਧ ਤੇ ਟੰਗੀ ਬਜ਼ੁਰਗਾਂ ਦੀ ਫੋਟੋ ਮੂਹਰੇ ਖਲੋ ਇੱਕ ਲੰਮਾ ਸਾਰਾ ਸਾਹ ਅੰਦਰ ਨੂੰ ਖਿਚਿਆ ਅਤੇ ਫੇਰ ਆਪ ਮੁਹਾਰੇ ਵੱਗ ਆਏ ਕਿੰਨੇ ਸਾਰੇ ਹੰਜੂ ਪੂਝਦੇ ਹੋਏ ਦੇ ਅੰਦਰੋਂ ਇੱਕ ਵਾਜ ਜਿਹੀ ਨਿਕਲੀ..”ਕੇ ਸ਼ੁਕਰ ਏ ਪਰਮਾਤਮਾ ਤੇਰਾ..ਤੂੰ ਅਜੇ ਵੀ ਮੇਰਾ ਬਹੁਤ ਕੁਝ ਵੰਡੇ,ਟੁੱਟੇ ਅਤੇ ਗਵਾਚ ਜਾਣ ਤੋਂ ਬਚਾ ਲਿਆ ਏ ”

ਦੋਸਤੋ ਸਾਂਝੇ ਘਰਾਂ ਵਿਚ ਵੱਸਦੀਆਂ ਬਰਕਤਾਂ ਬਾਰੇ ਓਹ ਇਨਸਾਨ ਹੀ ਚੰਗੀ ਤਰਾਂ ਜਾਣ ਸਕਦਾ ਹੈ ਜਿਸਨੇ ਉਸ ਸੁਨਹਿਰੀ ਦੌਰ ਦੀਆਂ ਚੁੱਲੇ ਦੁਆਲੇ ਲੱਗਦੀਆਂ ਬਹੁਮੁੱਲੀਆਂ ਰੌਣਕਾਂ ਆਪਣੇ ਅੱਖੀਂ ਦੇਖੀਆਂ ਹੋਣ..ਅਤੇ ਵੇਹੜੇ ਵਿਚ ਉੱਗੇ ਰੁੱਖਾਂ ਦੀ ਠੰਡੀ ਛਾਂ ਥੱਲੇ ਗੁਜ਼ਾਰੀਆਂ ਜਾਂਦੀਆਂ ਸਿਖਰ ਦੁਪਹਿਰਾਂ ਅਤੇ ਤਾਰਿਆਂ ਢੱਕੀ ਕਾਲੀ ਬੋਲੀ ਰਾਤ ਵਿਚ ਕੋਠੇ ਤੇ ਵਿਛੇ ਮੰਜਿਆਂ ਉੱਤੇ ਆਉਂਦੀ ਮੱਲੋ ਮੱਲੀ ਨੀਂਦਰ ਦਾ ਮਿੱਠਾ ਜਿਹਾ ਸੁਆਦ ਆਪਣੀ ਰੂਹ ਤੇ ਮਾਣਿਆ ਹੋਵੇ!

ਹਰਪ੍ਰੀਤ ਸਿੰਘ ਜਵੰਦਾ.

...
...

ਨਹਿਲੇ ਤੇ ਦਹਿਲਾ
ਇਕ ਬਜੁਰਗ ਰੇਲ ਗੱਡੀ ਰਾਹੀਂ ਕਿਤੇ ਜਾ ਰਿਹਾ ਸੀ । ਰੇਲ ਗੱਡੀ ਦੇ ਡੱਬੇ ਵਿੱਚ ਉਸ ਤੋਂ ਬਿਨਾਂ ਹੋਰ ਕੋਈ ਸਵਾਰੀ ਨਹੀਂ ਸੀ ।
ਅਚਾਨਕ 10-12 ਮੁੰਡੇ ਡੱਬੇ ਵਿੱਚ ਆਏ ਤੇ ਚੌੜ ਕਰਨ ਲੱਗ ਪਏ । ਇਕ ਨੇ ਕਿਹਾ ਜੰਜੀਰ ਖਿੱਚਦੇ ਹਾਂ, ਦੂਜਾ ਕਹਿਣ ਲੱਗਾ ਕਿ ਯਾਰ ਲਿਖਿਆ ਹੈ ਕਿ ਜੰਜੀਰ ਖਿਚਣ ਤੇ 500 ਰੁਪਏ ਜੁਰਮਾਨਾ ਤੇ 6 ਮਹੀਨੇ ਦੀ ਕੈਦ ਹੋ ਸਕਦੀ ਹੈ ।
ਤੀਜਾ ਕਹਿਣ ਲੱਗਾ ਕਿ ਯਾਰ ਆਪਾਂ ਐਨੇ ਜਣੇ ਹਾਂ ਸਾਰੇ ਰਲ ਮਿਲ ਕੇ 500 ਰੁਪਏ ਜੁਰਮਾਨਾ ਭਰ ਦੇਵਾਂਗੇ । ਪੈਸੇ ਇਕੱਠੇ ਕੀਤੇ ਤਾਂ 1200 ਰੁਪਏ ਹੋ ਗਏ ,ਸਾਰੇ ਪੈਸੇ ਪਹਿਲੇ ਲੜਕੇ ਨੇ ਆਪਣੀ ਜੇਬ ਵਿਚ ਰਖ ਲਏ । ਤੀਜੇ ਨੇ ਕਿਹਾ ਹੁਣ ਜੰਜੀਰ ਖਿੱਚਦੇ ਹਾਂ, ਜੇਕਰ ਕੋਈ ਪੁੱਛੇਗਾ ਤਾਂ ਆਖ ਦੇਵਾਂਗੇ ਕਿ ਐਸ ਬੁੜ੍ਹੇ ਨੇ ਖਿੱਚੀ ਹੈ ਆਪਾਂ ਨੂੰ ਪੈਸੇ ਨਾਂਅ ਦੇਣੇ ਪੈਣਗੇ । ਬਜੁਰਗ ਨੇ ਹੱਥ ਜੋੜ ਕੇ ਕਿਹਾ ਕਿ ਮੈਂ ਤੁਹਾਡਾ ਕੀ ਬੁਰਾ ਕੀਤਾ ਹੈ ਮੈਨੂੰ ਕਿਉਂ ਫਸਾ ਰਹੇ ਹੋ । ਪਰ ਉਨ੍ਹਾਂ ਬਜੁਰਗ ਤੇ ਭੋਰਾ ਤਰਸ ਨਾ ਕੀਤਾ ਤੇ ਜੰਜੀਰ ਖਿੱਚ ਦਿੱਤੀ, ਗੱਡੀ ਰੁੱਕ ਗਈ ਤੇ ਟੀ ਟੀ ਪੁਲਿਸ ਵਾਲੇ ਨੂੰ ਲੈਕੇ ਆ ਗਿਆ ਜਦ ਉਸਨੇ ਪੁੱਛਿਆ ਕਿ ਜੰਜੀਰ ਕਿਸ ਨੇ ਖਿੱਚੀ ਹੈ ਤਾਂ ਸਾਰੇ ਮੁੰਡਿਆ ਨੇ ਕਿਹਾ ਕਿ ਇਸ ਬੁੜ੍ਹੇ ਨੇ ਖਿੱਚੀ ਹੈ । ਟੀ ਟੀ ਨੇ ਬਜੁਰਗ ਨੂੰ ਕਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਸ ਉਮਰ ਵਿਚ ਇਹੋ ਜਿਹੀ ਹਰਕਤ ਕਰਦੇ ਹੋ ਬਜੁਰਗ ਨੇ ਹੱਥ ਜੋੜ ਕੇ ਕਿਹਾ ਕਿ ਜੀ ਮੇਰੀ ਮਜਬੂਰੀ ਸੀ ।
ਟੀ ਟੀ ਨੇ ਪੁੱਛਿਆ ਕਿ ਕੀ ਮਜਬੂਰੀ ਸੀ?
ਤਾਂ ਬਜੁਰਗ ਕਹਿਣ ਲੱਗਾ ਕਿ ਜਨਾਬ ਮੇਰੇ ਕੋਲ ਸਿਰਫ 1200ਰੁਪਏ ਸਨ ਜੋ ਇਨ੍ਹਾਂ ਨੇ ਮੈਥੋਂ ਖੋਹ ਲਏ ਤੇ ਇਸ ਲੜਕੇ ਨੇ ਆਪਣੀ ਜੇਬ ਵਿਚ ਰਖ ਲਏ, ਟੀ ਟੀ ਨੇ ਸਿਪਾਹੀ ਨੂੰ ਕਿਹਾ ਕਿ ਇਸ ਦੀ ਤਲਾਸ਼ੀ ਲਵੋ, ਲੜਕੇ ਦੀ ਜੇਬ ਵਿੱਚੋਂ 1200 ਰੁਪਏ ਬਰਾਮਦ ਹੋ ਗਏ । ਜੋ ਬਜੁਰਗ ਨੂੰ ਦੇ ਦਿੱਤੇ , ਤੇ ਮੁੰਡਿਆ ਨੂੰ ਅਗਲੇ ਸਟੇਸ਼ਨ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ । ਜਾਂਦੇ ਹੋਏ ਮੁੰਡਿਆ ਨੇ ਬਜੁਰਗ ਵਲ ਵੇਖਿਆ ਤਾਂ ਬਜੁਰਗ ਨੇ ਦਾਹੜੀ ਤੇ ਹੱਥ ਫੇਰ ਦੀਆਂ ਕਿਹਾ ਕਿ—-
ਇਹ ਬਾਲ ਐਂਵੇ ਧੁੱਪ ਵਿੱਚ ਹੀ ਨੀ ਚਿੱਟੇ ਹੋਏ 😅😂👍
-ਅਗਿਆਤ

...
...

ਹਥੀਂ ਚੂੜਾ..ਸਿਰ ਤੇ ਗੋਟੇ ਵਾਲੀ ਚੁੰਨੀ ਦਾ ਲੰਮਾ ਸਾਰਾ ਘੁੰਡ..ਪੈਰੀ ਝਾਂਜਰਾਂ ਤੇ ਪੰਜੇਬਾਂ..ਹੱਥਾਂ ਤੇ ਬੂਟੀਆਂ ਵਾਲੀ ਮਹਿੰਦੀ ਤੇ ਕਲੀਰੇ ਅਤੇ ਹੋਰ ਵੀ ਕਿੰਨਾ ਕੁਝ..
ਨਿੱਕੀ ਉਮਰੇ ਵਿਆਹ ਦਿੱਤੀ ਗਈ ਨੇ ਜਦੋਂ ਪਹਿਲੀ ਵਾਰ ਅਗਲੇ ਘਰ ਦੀਆਂ ਬਰੂਹਾਂ ਟੱਪੀਆਂ ਤਾਂ ਗ੍ਰਹਿਸਥ ਦਾ ਕੀ ਮਤਲਬ ਹੁੰਦਾ ..ਉੱਕਾ ਹੀ ਪਤਾ ਨਹੀਂ ਸੀ..!

ਪਹਿਲੀ ਵਾਰ ਜਦੋਂ ਇਹਨਾਂ ਘੁੰਡ ਚੁੱਕ ਗੱਲ ਕਰਨੀ ਚਾਹੀ ਤਾਂ ਛੇਤੀ ਨਾਲ ਹੱਥ ਛੁਡਾ ਪਰਾਂ ਨੁੱਕਰੇ ਲੱਗ ਗਈ..ਫੇਰ ਇਹਨਾਂ ਪਿਆਰ ਨਾਲ ਸੈਨਤ ਮਾਰ ਕੋਲ ਸੱਦ ਮੰਜੇ ਤੇ ਸਵਾਂ ਦਿੱਤਾ ਤੇ ਉੱਤੇ ਚਾਦਰ ਪਾ ਦਿੱਤੀ..!
ਫੇਰ ਜਦੋਂ ਮਾੜਾ ਮੋਟਾ ਹਾਂ-ਹੁੰਗਾਰਾ ਜਿਹਾ ਭਰਨਾ ਸ਼ੁਰੂ ਕੀਤਾ ਤਾਂ ਇੱਕ ਦਿਨ ਸਾਗ ਚੀਰਦੀ ਦੇ ਕੋਲ ਆ ਕੇ ਪੁੱਛਣ ਲੱਗੇ ਕੇ ਕਿਤੇ ਬਾਹਰ ਵਾਂਢੇ ਜਾਣ ਨੂੰ ਜੀ ਕਰਦਾ ਏ ਤਾਂ ਦੱਸ?
ਮੇਰਾ ਚਾਚਾ ਫੌਜ ਵਿਚ ਸੀ..ਜਦੋਂ ਪਿੰਡ ਆਉਂਦਾ ਹਮੇਸ਼ਾਂ ਡਲਹੌਜੀ ਦੀਆਂ ਗੱਲਾਂ ਕਰਿਆ ਕਰਦਾ..ਪਤਾ ਨੀ ਕਿੱਦਾਂ ਉਸਦਾ ਚੇਤਾ ਆ ਗਿਆ ਤੇ ਮੂਹੋਂ ਆਪ ਮੁਹਾਰੇ ਹੀ ਨਿੱਕਲ ਗਿਆ..”ਹਾਂ ਡਲਹੌਜੀ ਜਾਣ ਨੂੰ ਬੜਾ ਜੀ ਕਰਦਾ”!
ਇਹਨਾਂ ਅਗਲੇ ਦਿਨ ਪੁੱਛ ਲਿਆ ਪਰ ਬਾਪੂ ਬੇਬੇ ਹੁਰਾਂ ਨੇ ਸਾਫ ਨਾਂਹ ਕਰ ਦਿੱਤੀ..ਉਸ ਮਗਰੋਂ ਮੈਨੂੰ ਸਾਰਾ ਕੁਝ ਭੁੱਲ ਭੁਲਾ ਗਿਆ ਪਰ ਇਹਨਾਂ ਡਲਹੌਜੀ ਵਾਲੀ ਗੱਲ ਚੇਤੇ ਰੱਖੀ.

ਫੇਰ ਇੱਕ ਦਿਨ ਘਰੇ “ਬਲੈਕ ਐਂਡ ਵਾਈਟ” ਟੀਵੀ ਲੈ ਆਂਦਾ ਗਿਆ..
ਫੇਰ ਚਿੱਤਰਹਾਰ..ਰੰਗੋਲੀ..ਸੰਦਲੀ ਪੈੜਾਂ..ਸ਼ਨਿਚਰਵਾਰ..ਐਤਵਾਰ ਨੂੰ ਕਦੇ ਕਦੇ ਆਉਂਦੀ ਪੰਜਾਬੀ ਫਿਲਮ..ਸਾਰਾ ਕੁਝ ਬੱਸ ਪਰਦੇ ਪਿੱਛੇ ਲੁਕ ਓਹਲੇ ਹੋ ਕੇ ਵੇਖਣਾ ਪੈਂਦਾ..ਸਾਰੇ ਜਾਣੇ ਕੱਠੇ ਜੂ ਬੈਠੇ ਵੇਖ ਰਹੇ ਹੁੰਦੇ..!

ਫੇਰ ਕੁਝ ਅਰਸੇ ਮਗਰੋਂ ਬੇਬੇ ਬਾਪੂ ਅੱਗੜ ਪਿੱਛੜ ਹੀ ਜਹਾਨੋ ਤੁਰ ਗਏ..
ਕੁਝ ਮਹੀਨਿਆਂ ਮਗਰੋਂ ਪਿਛਲੇ ਪਿੰਡੋਂ ਵੀ ਸੁਨੇਹਾਂ ਆ ਗਿਆ..ਪਿਛਲੀ ਪੀੜੀ ਨਾਲ ਬੱਝੀ ਗੰਢ ਖੁਲ ਗਈ..!
ਨਿਆਣੇ ਜੁਆਨ ਹੋਣ ਲੱਗੇ..ਜੁਮੇਵਾਰੀਆਂ ਵੱਧ ਗਈਆਂ..ਫੇਰ ਪਤਾ ਹੀ ਨਾ ਲੱਗਾ ਕਦੋਂ ਉਹ ਪੜਾਈਆਂ ਪੂਰੀਆਂ ਕਰ ਆਪੋ ਆਪਣੀ ਮੰਜਿਲ ਵੱਲ ਉਡਾਰੀ ਮਾਰ ਗਏ ਤੇ ਅਸੀਂ ਦੋਵੇਂ ਕੱਲੇ-ਕਾਰੇ ਰਹਿ ਗਏ..!
ਸਾਰੀ ਦਿਹਾੜੀ ਗਲੀ ਵਿਚ ਬੈਠੇ ਬਾਹਰ ਖੇਡਦੇ ਜੁਆਕ ਵੇਖਦੇ ਰਹਿੰਦੇ..ਇਹਨਾਂ ਦੀ ਸਾਹ ਦੀ ਤਕਲੀਫ ਵੱਧ ਗਈ..ਡਾਕਟਰਾਂ ਸੁਵੇਰ ਦੀ ਸੈਰ ਬੰਦ ਕਰ ਦਿੱਤੀ..!

ਇੱਕ ਦਿਨ ਅੱਧੀ ਰਾਤ ਨੂੰ ਜਾਗ ਖੁੱਲੀ ਤਾਂ ਦੇਖਿਆ ਕੱਲੇ ਬੈਠੇ ਟੀ.ਵੀ ਦੇਖ ਰਹੇ ਸਨ..ਇੱਕ ਡਾਕੂਮੈਂਟਰੀ ਫਿਲਮ ਵਿਚ ਡਲਹੌਜੀ ਸ਼ਹਿਰ ਦੀ ਸੈਰ ਕਰਵਾਈ ਜਾ ਰਹੀ ਸੀ..!

ਅਗਲੇ ਦਿਨ ਪਤਾ ਨੀ ਕਿ ਸੁਝਿਆ..ਸਵਖਤੇ ਹੀ ਬਾਹਰ ਨਿੱਕਲ ਗਏ..ਵਾਪਿਸ ਮੁੜੇ ਤਾਂ ਹੱਥ ਵਿਚ ਕਾਗਜ ਦੇ ਦੋ “ਟੋਟੇ” ਸਨ..
ਪੁੱਛਿਆ ਤਾਂ ਆਖਣ ਲੱਗੇ ਤਿਆਰੀ ਖਿੱਚ ਲੈ ਬੱਸ..ਟੈਕਸੀ ਅੱਪੜ ਜਾਣੀ ਏ ਥੋੜੇ ਚਿਰ ਨੂੰ..ਆਪਾਂ ਡਲਹੌਜੀ ਜਾਣਾ..ਚਿਰਾਂ ਤੋਂ ਲਮਕਦੀ ਹੋਈ ਕੋਈ ਆਪਣੀ ਖਾਹਿਸ਼ ਪੁਗਾਉਣੀ ਏ..!

ਥੋੜੇ ਚਿਰ ਮਗਰੋਂ ਚੰਡੀਗੜੋਂ ਤੁਰੀ ਟੈਕਸੀ ਹੋਸ਼ਿਆਰਪੁਰ ਹੁੰਦੀ ਹੋਈ ਡਲਹੌਜੀ ਵੱਲ ਨੂੰ ਵੱਧ ਰਹੀ ਸੀ..ਪੁੱਛ ਲਿਆ ਕੇ ਜੇ ਉੱਚੀਆਂ ਪਹਾੜੀਆਂ ਵਿਚ ਸਾਹ ਦੀ ਤਕਲੀਫ ਵੱਧ ਗਈ ਤਾਂ ਫੇਰ ਕੀ ਕਰਾਂਗੇ?
ਮੇਰੇ ਸਿਰ ਹੇਠ ਆਪਣੀ ਬਾਂਹ ਦਿੰਦੇ ਹੋਏ ਆਖਣ ਲੱਗੇ ਕਿ “ਤੂੰ ਨਾਲ ਏ ਨਾ ਮੇਰੇ..ਕੁਝ ਨਹੀਂ ਹੁੰਦਾ ਮੇਰੇ ਸਾਹਾਂ ਦੀ ਲੜੀ ਨੂੰ”

ਫੇਰ ਨਿਆਣਿਆਂ ਦੀ ਅਕਸਰ ਹੀ ਆਖੀ ਜਾਂਦੀ ਚੇਤੇ ਕਰ ਬੋਲ ਪਏ..”ਸਾਰੇ ਆਖਦੇ ਨੇ ਕੇ ਅਸੀਂ “ਬੁੱਢੇ” ਹੋ ਗਏ ਹਾਂ..ਕਮਲਿਆਂ ਨੂੰ ਕੌਣ ਸਮਝਾਵੇ ਕੇ ਬੁੱਢੇ “ਇਨਸਾਨ” ਹੁੰਦੇ ਨੇ ਨਾ ਕੇ ਓਹਨਾ ਦੇ “ਸੁਫ਼ਨੇ”

ਹਰਪ੍ਰੀਤ ਸਿੰਘ ਜਵੰਦਾ

...
...

ਸਰਕਾਰਾਂ ਨੂੰ ਪਿੱਟਣ ਵਾਲ਼ੇ ਤੇ ਆਪ ਭੋਲ਼ੇ ਕਬੂਤਰ ਬਣਨ ਵਾਲ਼ੇ ਅਸੀਂ ਲੋਕ ਅਸਲ ਵਿਚ ਹਾਂ ਸਿਰੇ ਦੇ ਕਮੀਨੇ। ਲੀਡਰਾਂ ਨਾਲ਼ੋਂ ਫਰਕ ਸਾਡਾ ਬੱਸ ਏਨਾ ਇਆ ਕਿ ਉਹ ਪੰਜ ਸਾਲ ਸੰਵਿਧਾਨਕ ਲਸੰਸ ਲੈ ਕੇ ਫੁੱਲ ਲੁੱਟ ਕਰਦੇ ਆ ਤੇ ਅਸੀਂ ਲੋਕ ਜਿੱਥੇ ਲੱਗਣ ਓਥੇ ਨਿੱਕੇ – ਨਿੱਕੇ ਦਾਅ ਲਾਈ ਜਾਨੇ ਆਂ ; ਕਦੇ ਪਹਿਆ ਛਾਂਗ ਲਿਆ , ਕਦੇ ਰੁੱਖ ਚੋਰੀ ਕਰ ਲਏ, ਕਦੇ ਸਰਕਾਰੀ ਸਮਾਨ ਨੂੰ ਹੱਥ ਮਾਰ ਲਿਆ, ਕਦੇ ਨਾਜਾਇਜ਼ ਕਬਜ਼ਾ ਕਰ ਲਿਆ। ਸਾਡੇ ਪਿੰਡਾਂ ਦਾ ਹਾਲ ਵੇਖੋ ; ਬੁਰਜਾ ਸਿੱਧਵਾਂ ਪਿੰਡ ਤੋਂ ਛਾਪਿਆਂਵਾਲੀ ਨੂੰ ਜਾਣ ਵਾਲ਼ੀ ਸੜਕ ਵਿਚ ਰੂੜੀ ਸੁੱਟ ਕੇ ਅੱਧੀ ਤੋਂ ਵੱਧ ਸੜਕ ਰੋਕ ਰੱਖੀ ਐ। ਮੇਰੇ ਪਿੰਡ ਵੀ ਕਈ ਵੱਡੇ – ਵੱਡੇ ਘਰਾਂ ਨੇ ਫਿਰਨੀ ਤੇ ਰੂੜਖ਼ਾਨਾ ਬਣਾ ਰੱਖਿਆ ਹੈ। ਕੁਲ ਮਿਲਾ ਕੇ ਇਸ ਗੱਲੋਂ ਅਕਲ ਦੀ ਘਾਟ ਇਆ ਸਾਨੂੰ ਕਿ ਸਮਾਜ ਵਿਚ ਅਧਿਕਾਰ ਲੈਣ ਤੋਂ ਇਲਾਵਾ ਸਾਡੇ ਆਪਣੇ ਵੀ ਕੁਝ ਫਰਜ਼ ਵੀ ਹੁੰਦੇ ਨੇ। ਮਾਫ਼ ਕਰਨਾ ਮੇਰੀ ਗੱਲ ਜੇ ਕਿਸੇ ਨੂੰ ਚੁੱਭੇ ਤਾਂ, ਵਿਚ ਮੈਨੂੰ ਵੀ ਰੱਖ ਲਿਓ , ਅਸੀਂ ਆਵਦਾ ਬੇੜਾ ਕਰਨ ਵਿਚ ਪੂਰਾ ਹਿੱਸਾ ਪਾ ਰਹੇ ਹਾਂ !!!!!!
– ਮਿੰਟੂ ਗੁਰੂਸਰੀਆ

...
...

Punjabi munda

...
...
...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)