Sub Categories
(ਇਹ ਕਹਾਣੀ ਅੱਜ ਤੋਂ ਦੋ ਸੌ ਸਾਲ ਬਾਅਦ ਦੀ ਕਲਪਨਾ ਹੈ)
ਜੰਗਲ਼ ਦੇ ਬਾਦਸ਼ਾਹ ਸ਼ੇਰ ਦਾ ਪੋਤਾ ਆਪਣੇ ਦਾਦੇ ਨੂੰ ਕਹਿਣ ਲੱਗਾ, “ਤੁਸੀਂ ਮੈਨੂੰ ਬੰਦੇ ਵਾਲ਼ੀ ਕਹਾਣੀ ਸੁਣਾਉਣ ਦਾ ਲਾਰਾ ਲਾਉਂਦੇ ਰਹਿੰਦੇ ਹੋ, ਅੱਜ ਮੈਂ ਇਹ ਕਹਾਣੀ ਸੁਣੇ ਬਗੈਰ ਨਹੀਂ ਸੌਣਾ।”
ਅਗਿਉਂ ਸ਼ੇਰ ਕਹਿੰਦਾ, “ਪੁੱਤ ਇਹ ਕੋਈ ਕਹਾਣੀ ਨਹੀਂ, ਇਕ ਇਤਿਹਾਸ ਹੈ। ਕਿਸੇ ਸਮੇਂ ਇਸ ਧਰਤੀ ਤੇ ‘ਬੰਦਾ’ ਨਾਂ ਦਾ ਜਾਨਵਰ ਵੀ ਰਹਿੰਦਾ ਹੁੰਦਾ ਸੀ ਜਿਵੇਂ ਅੱਜ ਆਪਾਂ ਜੰਗਲ਼ ਵਿੱਚ ਸਾਰੇ ਜਾਨਵਰ ਰਹਿੰਦੇ ਆਂ। ਪੁੱਤਰਾ, ਆਪਾਂ ਇੰਞ ਕਰਦੇ ਆਂ ਕਿ ਜੰਗਲ਼ ਦੇ ਸਾਰੇ ਜਾਨਵਰਾਂ ਨੂੰ ਭਲ਼ਕੇ ਥਰੀਕਿਆਂ ਵਾਲ਼ੇ ਬਰੋਟੇ ਥੱਲੇ ‘ਕੱਠੇ ਕਰ ਲੈਨੇ ਆਂ, ਉਹ ਵੀ ਸੁਣ ਲੈਣਗੇ।”
ਅਗਲੇ ਦਿਨ ਜੰਗਲ਼ ਦੇ ਰਾਜੇ ਸ਼ੇਰ ਦੇ ਹੁਕਮ ਤੇ ਸਾਰੇ ਜਾਨਵਰ ਆ ਗਏ। ਸ਼ੇਰ ਬਰੋਟੇ ਥੱਲੇ ਬਣੇ ਥੜ੍ਹੇ ਤੇ ਆਪਣੇ ਸਿੰਘਾਸਨ ਤੇ ਬੈਠ ਗਿਆ।
*ਸ਼ੇਰ* — “ਲਓ ਬਈ, ਆਉਣ ਵਾਲ਼ੇ ਸਾਰੇ ਜਾਨਵਰਾਂ ਦਾ ਮੈਂ ਸਵਾਗਤ ਕਰਦਾ ਹਾਂ। ਅੱਜ ਮੈਂ ਤਹਾਨੂੰ ਇੱਕ ਲੁਪਤ ਹੋਏ ਜੀਵ “ਬੰਦੇ” ਬਾਰੇ ਕੁਝ ਗੱਲਾਂ ਦੱਸਣੀਆਂ ਹਨ ਜੋ ਕਿ ਮੈਂ ਆਪਣੇ ਵੱਡੇ ਵਡੇਰਿਆਂ ਕੋਲ਼ੋਂ ਸੁਣੀਆਂ ਹੋਈਆਂ ਹਨ।”
“ਅੱਜ ਤੋ ਤਕਰੀਬਨ ਦੋ ਕੁ ਸੌ ਸਾਲ ਪਹਿਲਾਂ ਇਸ ਧਰਤੀ ਦਾ ਰਾਜਾ ਕੋਈ ਸ਼ੇਰ ਨਹੀਂ ਸੀ ਹੁੰਦਾ ਸਗੋਂ ਬੰਦਾ ਸਾਰੀ ਧਰਤੀ ਤੇ ਰਾਜ ਕਰਦਾ ਸੀ। ਉਸਨੇ ਸ਼ੇਰਾਂ ਨੂੰ ਪਿੰਜਰੇ ਵਿੱਚ ਬੰਦ ਕਰਕੇ ਕੈਦੀ ਬਣਾਇਆ ਹੋਇਆ ਸੀ।”
ਸਾਰੇ ਜਾਨਵਰ ਹੈਰਾਨੀ ਨਾਲ਼ ਇਕੋ ਸਮੇਂ ਬੋਲ ਪਏ,“ਹੈਂਅ !!! ਸ਼ੇਰ ਤੋਂ ਵੀ ਤਾਕਤਵਰ ਸੀ ਬੰਦਾ?”
ਸ਼ੇਰ —- “ਹਾਂ, ਸਾਡੇ ਤੋਂ ਵੀ ਤਕੜਾ ਸੀ, ਵੱਡਾ ਦਿਮਾਗ ਸੀ ਉਸ ਕੋਲ਼, ਆਪਣੀ ਅਕਲ ਨਾਲ਼ ਹਰ ਜਾਨਵਰ ਨੂੰ ਕੈਦ ਕਰਕੇ ਵਰਤ ਲੈਂਦਾ ਸੀ। ਪਹਿਲਾਂ ਪਹਿਲ ਉਸਨੇ ਊਠਾਂ, ਘੋੜਿਆਂ, ਹਾਥੀਆਂ ਦੀ ਸਵਾਰੀ ਕਰਨੀ ਸ਼ੁਰੂ ਕੀਤੀ। ਫਿਰ ਇਹਨਾਂ ਨੂੰ ਲੜਾਈਆਂ ਵਿੱਚ ਵਰਤਣਾ ਸ਼ੁਰੂ ਕੀਤਾ। ਖੇਤੀ ਦਾ ਕੰਮ ਕਰਵਾਉਣ ਲਈ ਊਠਾਂ, ਬਲ਼ਦਾਂ, ਝੋਟਿਆਂ ਨੂੰ ਜੰਗਲ਼ ਵਿਚੋਂ ਫੜ੍ਹ ਕੇ ਲੈ ਗਿਆ ਤੇ ਗਾਵਾਂ – ਮੱਝਾਂ ਨੂੰ ਕਿੱਲਿਆਂ ਨਾਲ਼ ਬੰਨ੍ਹ ਕੇ ਉਹਨਾਂ ਦਾ ਦੁੱਧ ਪੀਣ ਲੱਗ ਪਿਆ।”
ਸ਼ੇਰ ਦੀ ਗੱਲ ਸੁਣਕੇ ਮੱਥਿਓਂ ਬੱਲ੍ਹੀ ਝੋਟੀ ਸ਼ਰਮ ਨਾਲ਼ ਸੁੰਗੜ ਜਿਹੀ ਗਈ।
ਸ਼ੇਰ— “ਫੇਰ ਇਸਨੇ ਹੋਰ ਤਰੱਕੀ ਕੀਤੀ, ਖੇਤੀ ਕਰਨ ਲਈ ਟ੍ਰੈਕਟਰ ਬਣਾ ਲਏ, ਕੰਬਾਈਨਾਂ ਬਣਾ ਲਈਆਂ- ਫਸਲਾਂ ਦਾ ਝਾੜ ਵਧ੍ਹ ਗਿਆ ਤੇ ਇਹ ਰੱਜ ਕੇ ਰੋਟੀ ਖਾਣ ਜੋਗਾ ਹੋ ਗਿਆ। ਆਪਣੀ ਖੁਰਾਕ ਦੀ ਭਾਲ਼ ਲਈ ਇਸਨੇ ਏਧਰ-ਓਧਰ ਭਟਕਣਾ ਛੱਡ ਦਿਤਾ। ਆਹ ਥਰੀਕੇ, ਝਾਂਡੇ, ਲਲਤੋਂ, ਪਮਾਲ, ਸੁਨੇਤ – ਇਹਨਾਂ ਸਾਰੇ ਪਿੰਡਾਂ ਵਿੱਚ ਬੰਦੇ ਹੀ ਰਹਿੰਦੇ ਹੁੰਦੇ ਸੀ।”
ਸਾਰੇ ਜਾਨਵਰ ਹੈਰਾਨ ਹੋਏ ਬੈਠੇ ਸੁਣ ਰਹੇ ਸੀ।
ਸ਼ੇਰ— “ਫਿਰ ਇਸ ਬੰਦੇ ਦੀ ਲਾਲਸਾ ਹੋਰ ਵਧਦੀ ਗਈ, ਫਸਲਾਂ ਦਾ ਹੋਰ ਝਾੜ ਲੈਣ ਲਈ ਰਸਾਇਣੀ ਖਾਦਾਂ ਪਾਉਣ ਦੇ ਨਾਲ਼ ਸਪਰੇਆਂ ਵੀ ਕਰਨ ਲੱਗ ਪਿਆ। ਆਪਣੇ ਖਾਣ ਵਾਲ਼ੇ ਕਣਕ, ਚੌਲ਼, ਦਾਲਾਂ ਤੇ ਸਬਜੀਆਂ, ਸਭ ਜ਼ਹਿਰੀਲੇ ਕਰ ਲਏ ਬੰਦੇ ਨੇ। ਬਿਮਾਰੀਆਂ ਵਧ੍ਹਣ ਲੱਗੀਆਂ”
“ਨਾਲ਼ੇ ਕਹਿੰਦੇ ਆ ਕਿ ਬੰਦੇ ਦਾ ਦਿਮਾਗ ਬਹੁਤ ਤੇਜ਼ ਸੀ, ਫਿਰ ਆਪੇ ਹੀ ਆਪਣਾ ਭੋਜਨ ਜਹਿਰੀਲਾ ਕਿਉਂ ਕਰ ਲਿਆ ਇਸਨੇ”- ਸੂਝਵਾਨ ਲੂੰਬੜ ਬੈਠਾ ਸੋਚ ਰਿਹਾ ਸੀ।
ਸ਼ੇਰ—”ਇਸਨੇ ਆਉਣ ਜਾਣ ਲਈ ਸਾਈਕਲ ਤੋਂ ਲੈਕੇ ਉਡਣ ਵਾਲ਼ੇ ਜਹਾਜ ਤੱਕ ਬਣਾ ਲਏ।ਜਾਨਵਰਾਂ ਨੂੰ ਸਰਕਸ ਵਿੱਚ ਆਪਣੇ ਦਿਲਪਰਚਾਵੇ ਲਈ ਵਰਤਣ ਲੱਗ ਪਿਆ। ਤਹਾਨੂੰ ਪਤਾ ਈ ਆ ਕਿ ਭਾਂਵੇਂ ਮੈਂ ਜੰਗਲ਼ ਦਾ ਰਾਜਾ ਹਾਂ ਪਰ ਅੱਗ ਤੋਂ ਬਹੁਤ ਡਰਦਾ ਹਾਂ, ਪਰ ਇਹ ਚਾਲਾਕ ਬੰਦਾ ਮੇਰੇ ਵੱਡੇ ਵਡੇਰਿਆਂ ਨੂੰ ਅੱਗ ਵਿਚੋਂ ਛਾਲ਼ਾਂ ਮਾਰਨ ਲਈ ਮਜਬੂਰ ਕਰ ਦਿੰਦਾ ਸੀ। ਮੇਰਾ ਵੱਡਾ ਵੀਰ ਹਾਥੀ ਕਿੰਨਾ ਭਾਰਾ ਹੁੰਦਾ, ਪਰ ਬੰਦੇ ਦੀ ਦਹਿਸ਼ਤ ਕਾਰਨ ਇਹਨੂੰ ਵੀ ਦੋ ਪੈਰਾਂ ਤੇ ਤੁਰਨਾ ਪੈਂਦਾ ਸੀ। ਉਸਨੇ ਰਿੱਛ ਦੇ ਨੱਕ ਵਿੱਚ ਨਕੇਲ ਪਾਈ ਹੁੰਦੀ ਸੀ।”
“ਕਿੰਨਾ ਭੈੜਾ ਸੀ ਬੰਦਾ।” ਕਾਟੋ ਵੀ ਬੋਲਣੋਂ ਨਾ ਰਹਿ ਸਕੀ।
ਸ਼ੇਰ— “ਫੇਰ ਇਸਨੇ ਦਰਿਆਵਾਂ ਦਾ ਪਾਣੀ ਵੀ ਗੰਦਾ ਕਰ ਲਿਆ। ਜਾਨਵਰਾਂ ਨੂੰ ਮਾਰ ਕੇ ਖਾਣ ਲੱਗ ਪਿਆ। ਹਿਰਨ, ਮੁਰਗੇ, ਬੱਕਰੇ, ਮੱਛੀਆਂ, ਤਿੱਤਰ, ਬਟੇਰੇ, ਡੱਡੂ, ਸੱਪ, ਕਬੂਤਰ, ਕਾਂ, ਕੁੱਤੇ, ਬਿੱਲੀਆਂ, ਕਿਸੇ ਨੂੰ ਵੀ ਨਾ ਬਖਸ਼ਿਆ ਬੰਦੇ ਨੇ।”
ਸਹਿਮੇ ਹੋਏ ਜਾਨਵਰ ਚੁੱਪਚਾਪ ਬੰਦੇ ਦੀਆਂ ਕਰਤੂਤਾਂ ਸੁਣ ਰਹੇ ਸੀ।
ਸ਼ੇਰ—”ਫੇਰ ਬੰਦੇ ਨੇ ਕੰਪਿਊਟਰ ਤੇ ਮੋਬਾਈਲ ਫ਼ੋਨ ਬਣਾ ਲਿਆ ਤੇ ਚੰਦ ਉੱਪਰ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ।”
ਹਿਰਨ— “ਭਲਾ ਚੰਦ ਤੇ ਕਿਵੇਂ ਚੜ੍ਹਜੂ? ਹਜੂਰ, ਮੈ ਨਹੀਂ ਮੰਨਦਾ। ਐਡੀ ਵੱਡੀ ਛਾਲ਼ ਨਹੀਂ ਮਾਰ ਸਕਦਾ ਕੋਈ।”
ਘੋੜਾ— “ਕਮਲ਼ਿਆ! ਪੌੜੀ ਲਾ ਕੇ ਚੜ੍ਹਿਆ ਹੋਣਾ, ਗੱਲ ਸਮਝੀ ਦੀ ਹੁੰਦੀ ਆ।”
ਸ਼ੇਰ — “ਨਹੀਂ ਪੁੱਤਰੋ, ਪੌੜੀ ਕਾਹਨੂੰ, ਉਹ ਤਾਂ ਹਵਾ ਵਿੱਚ ਉੱਡ ਕੇ ਜਾਂਦਾ ਸੀ। ਸਮੁੰਦਰਾਂ ਤੋਂ ਪਾਰ ਵੀ ਉੱਡ ਜਾਂਦਾ ਸੀ।”
ਬਾਜ— “ਹਜੂਰ, ਮੈ ਤਾਂ ਸੋਚਿਆ ਮੈ ਹੀ ਉੱਚਾ ਉਡਦਾਂ, ਮਤਲਬ ਬੰਦੇ ਦੇ ਖੰਭ ਮੇਰੇ ਖੰਭਾਂ ਤੋਂ ਵੀ ਵੱਡੇ ਤੇ ਮਜਬੂਤ ਸਨ।”
ਸ਼ੇਰ— “ਕਾਹਨੂੰ, ਇਸ ਬੰਦੇ ਦੇ ਤੇ ਖੰਭ ਵੀ ਨਹੀਂ ਸੀ ਹੁੰਦੇ, ਇਹ ਤਾਂ ਦੋ ਪੈਰਾਂ ਤੇ ਤੁਰਨ ਵਾਲ਼ਾ ਜਾਨਵਰ ਸੀ। ਇਸਨੇ ਇੱਕ ਮਸ਼ੀਨ ਬਣਾਈ ਸੀ ਜਿਸਨੂੰ ਜਹਾਜ ਕਹਿੰਦੇ ਸੀ। ਉਸ ਵਿੱਚ ਬੈਠ ਕੇ ਇਹ ਦੂਰ ਦੁਰਾਡੇ ਉਡ ਜਾਂਦਾ ਸੀ।”
ਬਿੱਲੀ— “ਫੇਰ ਮਹਾਰਾਜ, ਐਨੇ ਅਕਲਮੰਦ ਬੰਦੇ ਦਾ ਅੰਤ ਕਿਵੇ ਹੋਇਆ?”
ਸ਼ੇਰ— “ਮਾਸੀ, ਇਸ ਬੰਦੇ ਨੇ ਆਪਣੇ ਸਵਾਰਥ ਖਾਤਰ ਸਾਰੇ ਜੰਗਲ਼ ਵੱਢਕੇ ਹਵਾ, ਪਾਣੀ, ਮਿੱਟੀ ਸਭ ਕੁਝ ਪਲੀਤ ਕਰ ਦਿੱਤਾ।”
ਬਲ਼ਦ — “ਨਾ ਇਹਨੂੰ ਕਿਸੇ ਨੇ ਰੋਕਿਆ ਨਾ ਸਭ ਕੁਝ ਗੰਧਲ਼ਾ ਕਰਨ ਤੋਂ??
ਸ਼ੇਰ— “ਮੈਂ ਬਜੁਰਗਾਂ ਤੋਂ ਸੁਣਿਆ ਸੀ ਕਿ ਇੱਕ ਦਰਵੇਸ਼ ਸ਼ਖਸੀਅਤ ਨੇ ਸੱਤ ਸੌ ਸਾਲ ਪਹਿਲਾਂ ਧਰਤੀ ਤੇ ਜਨਮ ਲਿਆ ਸੀ। ਓਦੋਂ ਬੰਦੇ ਨੂੰ ਸਮਝਾਉਣ ਲਈ ਉਸਨੇ -ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ—ਦੀ ਗੱਲ ਇਕ ਗ੍ਰੰਥ ਵਿਚ ਲਿਖ ਦਿੱਤੀ ਸੀ ਪਰ ਖੁਦਗਰਜ਼ੀ ਦਾ ਮਾਰਿਆ ਬੰਦਾ ਉਸ ਗ੍ਰੰਥ ਨੂੰ ਸਵੇਰੇ ਸ਼ਾਮ ਪੜ੍ਹਦਾ ਤਾਂ ਰਿਹਾ ਪਰ ਕਦੇ ਉਸਦੀ ਸਿੱਖਿਆ ਤੇ ਅਮਲ ਨਾ ਕਰ ਸਕਿਆ। ਹੌਲ਼ੀ-ਹੌਲ਼ੀ ਕਈ ਤਰਾਂ ਦੀਆਂ ਬਿਮਾਰੀਆਂ ਨੇ ਇਸਨੂੰ ਘੇਰ ਲਿਆ। ਡਾਕਟਰ ਇੱਕ ਬਿਮਾਰੀ ਦਾ ਇਲਾਜ ਲੱਭਦੇ ਤਾਂ ਕੋਈ ਹੋਰ ਨਵੀਂ ਬਿਮਾਰੀ ਸ਼ੁਰੂ ਹੋ ਜਾਂਦੀ। ਆਹ ਜਿਹੜੇ ਬੁੱਢੇ ਦਰਿਆ ਦਾ ਪਾਣੀ ਆਪਾਂ ਸਾਰੇ ਪੀਨੇ ਆਂ, ਜਦੋਂ ਬੰਦਾ ਧਰਤੀ ਤੇ ਹੁੰਦਾ ਸੀ ਓਦੋਂ ਇਸ ਦਾ ਨਾਮ ਉਸਨੇ ਗੰਦਾ ਨਾਲ਼ਾ ਰੱਖਿਆ ਹੋਇਆ ਸੀ, ਨੱਕ ਮੂੰਹ ਢੱਕੇ ਬਗੈਰ ਇਸ ਕੋਲ਼ੋਂ ਲੰਘਣਾ ਵੀ ਮੁਸ਼ਕਿਲ ਹੁੰਦਾ ਸੀ।”
ਉੱਲੂ— “ਜਨਾਬ ਇਹ ਬੰਦਾ ਰਹਿੰਦਾ ਕਿਥੇ ਸੀ ?”
ਸ਼ੇਰ— “ਕਮਲ਼ਿਆ, ਆਹ ਜਿਹੜੇ ਮਕਾਨ ਖੰਡ੍ਹਰ ਬਣੇ ਪਏ ਨੇ, ਇਹ ਸਭ ਬੰਦੇ ਦੇ ਈ ਬਣਾਏ ਹੋਏ ਨੇ ਜਿੱਥੇ ਹੁਣ ਤੂੰ ਨਜਾਰੇ ਲੈਨੈਂ।”
ਸਾਰੇ ਜਾਨਵਰ ਖਿੜਖਿੜਾ ਕੇ ਹੱਸ ਪਏ ਤੇ ਉੱਲੂ ਬਗਲਾਂ ਝਾਕਣ ਲੱਗ ਪਿਆ।
ਕਾਂ— “ਮਹਾਰਾਜ, ਇਸ ਬੰਦੇ ਦੀ ਰਹਿਣੀ ਬਹਿਣੀ ਕਿਹੋ ਜਿਹੀ ਸੀ?”
ਸ਼ੇਰ— “ਹੌਲ਼ੀ-ਹੌਲ਼ੀ ਬੰਦੇ ਨੂੰ ਬੰਦਾ ਹੀ ਮਾਰਨ ਲੱਗ ਪਿਆ ਸੀ।ਅਮੀਰ ਤੇ ਗਰੀਬ ਦਾ ਪਾੜਾ ਵਧ੍ਹ ਗਿਆ ਸੀ। ਵੱਡੀਆਂ ਕੋਠੀਆਂ, ਮਹਿੰਗੀਆਂ ਕਾਰਾਂ, ਖਾਸ ਠੱਪਿਆਂ ਵਾਲ਼ੇ ਨਵੇਂ ਨਕੋਰ ਕੱਪੜੇ- ਸਭ ਸੋਸ਼ੇਬਾਜੀਆਂ ਕਰਨ ਲੱਗ ਪਿਆ ਸੀ ਬੰਦਾ। ਬੰਦੇ ਬੰਦਿਆਂ ਨਾਲ਼ ਤੇ ਔਰਤਾਂ ਔਰਤਾਂ ਨਾਲ਼ ਵਿਆਹ ਕਰਵਾਉਣ ਲੱਗ ਪਈਆਂ ਸਨ। ਭਲੇ ਲੋਕ ਉਸ ਸਮੇਂ ਨੂੰ ਕਲ਼ਯੁਗ ਕਹਿਣ ਲੱਗ ਪਏ ਸਨ।”
ਰਿੱਛ— “ਜੀ ਮੈਂ ਤਾਂ ਕਿਸੇ ਤੋਂ ਸੁਣਿਆ ਹੋਇਆ ਕਿ ਬੰਦਾ ਬਾਂਦਰ ਤੋਂ ਬਣਿਆ ਸੀ!”
ਬਾਂਦਰ — “ਮੂੰਹ ਸੰਭਾਲ਼ ਕੇ ਗੱਲ ਕਰ ਓਏ, ਆ ਗਿਆ ਵੱਡਾ ਸਿਆਣਾ! ਮਹਾਰਾਜ, ਅਸੀਂ ਤਾਂ ਇਹੋ ਜਿਹੇ ਕੁੱਤੇ “ਬੰਦੇ” ਦੀ ਮਕਾਣੇ ਨਾ ਜਾਈਏ।”
ਕੁੱਤਾ— “ਯਾਰ, ਮੈਨੂੰ ਕਾਹਤੋਂ ਵਿੱਚ ਘਸੀਟੀ ਜਾਨੇਂ ਓਂ? ਕੁੱਤਾ ਮੂੰਹ ‘ਤਾਂਹ ਕਰਕੇ ਗੁਰਰਾਇਆ।
ਸਾਰੇ ਜਾਨਵਰ ਇਕੱਠੇ ਈ ਬੋਲ ਪਏ — “ਫਿਰ ਤਾਂ ਬਾਂਦਰਾਂ ਨੂੰ ਖ਼ਤਮ ਕਰਨਾ ਪਊ, ਕਿਤੇ ਇਹਨਾਂ ਦੀਆਂ ਅਗਲੀਆਂ ਨਸਲਾਂ ਫੇਰ ਨਾ ਬੰਦੇ ਬਣ ਜਾਣ।”
ਬਾਂਦਰੀ—- “ਵੇ ਵੀਰੋ, ਰਹਿਮ ਕਰੋ ਸਾਡੇ ਤੇ, ਸਾਨੂੰ ਬਾਬੇ ‘ਵਧੂਤ ਦੀ ਸੌਂਹ ਲੱਗੇ ਜੇ ਅਸੀਂ ਕਦੇ ਭੁੱਲਕੇ ਵੀ ਬੰਦੇ ਬਣੀਏਂ।” ਬਾਂਦਰੀ ਨੇ ਖੜ੍ਹੀ ਹੋ ਕੇ ਦੋਵੇਂ ਹੱਥ ਜੋੜੇ।
ਬਿੱਲੀ— “ਮਹਾਰਾਜ, ਮੇਰਾ ਸਵਾਲ ਤਾਂ ਵਿੱਚੇ ਈ ਰਹਿ ਗਿਆ ਬਈ ਬੰਦਾ ਖਤਮ ਕਿਵੇਂ ਹੋਇਆ। ਇਹ ਆਪਦੀ ਈ ਕਾਂਵਾਂ ਰੌਲ਼ੀ ਜਿਹੀ ਪਾ ਕੇ ਬਹਿ ਗਏ।”
ਕਾਂ ਬਿੱਲੀ ਵੱਲ ਕੌੜਾ ਝਾਕਿਆ, ਪਰ ਉਹ ਗੁੱਸਾ ਪੀ ਗਿਆ ਤੇ ਚੁੱਪਚਾਪ ਬੈਠਾ ਰਿਹਾ।
ਗਧਾ— “ਹੋਣਾ ਕੋਈ ਹਾਥੀ ਵਰਗਾ ਤਕੜਾ ਜਾਨਵਰ ਜੋ ਸਾਰੇ ਬੰਦਿਆਂ ਨੂੰ ਖਾ ਗਿਆ ਹੋਊ।” ਗਧੇ ਨੇ ਆਪਣੀ ਸਿਆਣਪ ਘੋਟੀ।
ਘੋੜਾ — “ਰਿਹਾ ਨਾ ਗਧੇ ਦਾ ਗਧਾ।”
ਸ਼ੇਰ— “ਉਏ, ਮੇਰੀ ਮਾਸੀ ਨੇ ਵਾਕ ਆਊਟ ਕਰ ਜਾਣਾ, ਜੇ ਇਸ ਵਾਰ ਵੀ ਉਸਦੀ ਗੱਲ ਦਾ ਜਵਾਬ ਮੈਂ ਨਾ ਦਿੱਤਾ ਤਾਂ। ਲਓ ਫੇਰ ਸੁਣੋ ਅਸਲ ਕਹਾਣੀ। ਬੰਦੇ ਨੂੰ ਧਰਤੀ ਤੋਂ ਕਿਸੇ ਵੱਡੇ ਜਾਨਵਰ ਨੇ ਖ਼ਤਮ ਨਹੀਂ ਕੀਤਾ ਸੀ ਤੇ ਨਾ ਹੀ ਕੋਈ ਵੱਡਾ ਭੂਚਾਲ਼ ਆਇਆ ਸੀ ਜਿਵੇਂ ਦੇ ਵਿਚ ਡਾਇਨਾਸੋਰ ਮਰ ਮੁੱਕ ਗਏ ਸੀ। ਬੰਦੇ ਦੀਆਂ ਵਧੀਕੀਆਂ ਤੋਂ ਤੰਗ ਹੋਕੇ ਕੁਦਰਤ ਨੇ ਬੰਦੇ ਨੂੰ ਮਾਰਨ ਲਈ ਇੱਕ ਸੂਖਮ ਜਿਹਾ ਵਾਇਰਸ ਬਣਾਇਆ ਜਿਸਨੇ ਸਾਰੀ ਮਨੁੱਖੀ ਨਸਲ ਨੂੰ ਖ਼ਤਮ ਕਰ ਦਿੱਤਾ ਤੇ ਆਪਾਂ ਸਾਰੇ ਫਿਰ ਤੋਂ ਆਜਾਦ ਹੋ ਗਏ। ਨਾਲ਼ੇ ਹਵਾ, ਪਾਣੀ ਤੇ ਮਿੱਟੀ ਫਿਰ ਤੋਂ ਸਾਫ਼ ਸੁਥਰੇ ਹੋ ਗਏ।”
ਇੰਨਾ ਕਹਿਕੇ ਸ਼ੇਰ ਨੇ ਸਭਾ ਬਰਖ਼ਾਸਤ ਕਰ ਦਿੱਤੀ।
ਘਰਾਂ ਨੂੰ ਮੁੜ ਰਹੇ ਸਾਰੇ ਜਾਨਵਰਾਂ ਦੇ ਚਿਹਰੇੇ ਤੇ ਇਕ ਜੇਤੂ ਮੁਸਕਾਨ ਝਲਕ ਰਹੀ ਸੀ ਜਿਵੇਂ ਉਹ ਹੁਣੇ ਹੁਣੇ ਬੰਦੇ ਨੂੰ ਖ਼ਤਮ ਕਰਕੇ ਆ ਰਹੇ ਹੋਣ।
ਰਾਤ ਨੂੰ ਸੌਣ ਲੱਗਿਆਂ ਸ਼ੇਰ ਦਾ ਪੋਤਾ ਨੇੜੇ ਹੋ ਕੇ ਕਹਿਣ ਲੱਗਾ, ”ਦਾਦਾ ਜੀ, ਮੈਨੂੰ ਬੰਦੇ ਦੀ ਕਹਾਣੀ ਫੇਰ ਕਦੇ ਨਾ ਸਣਾਇਉ, ਮੈਨੂੰ ਬੰਦੇ ਤੋਂ ਬਹੁਤ ਡਰ ਲਗਣ ਲੱਗ ਪਿਆ।”
ਸ਼ੇਰ—— “ਪੁੱਤਰਾ ਡਰ ਨਾ, ਹੁਣ ਨੀ ਬੰਦਾ ਦੁਬਾਰੇ ਧਰਤੀ ਤੇ ਆਂਉਦਾ, ਨਾਲ਼ੇ ਆਪਾਂ ਭਲ਼ਕੇ ਬਾਂਦਰ ਨੂੰ ਸਭਾ ਵਿੱਚ ਬੁਲਾਕੇ ਸਮਝਾ ਦੇਵਾਂਗੇ ਕਿ ਹੁਣ ਉਹ “ਬੰਦਾ” ਬਣਨ ਦੀ ਕੋਸ਼ਿਸ਼ ਨਾ ਕਰੇ। ਅੱਗੇ ਤੋਂ ਜਿਹੜਾ ਵੀ ਬਾਂਦਰ ਦੋ ਲੱਤਾਂ ਤੇ ਤੁਰਦਾ ਫੜ੍ਹਿਆ ਗਿਆ, ਉਸਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇਗੀ।”
Submitted By:- ਜਰਮਲ ਸਿੰਘ ਬਰਾੜ
ਨਾਨਕੇ ਸ਼ਬਦ ਵੀ ਮਿਸਰੀ ਦੀ ਡਲੀ ਵਰਗਾ ਹੈ। ਅੱਜ ਦੀ ਦੌੜ ਭੱਜ ਦੀ ਜ਼ਿੰਦਗੀ ਵਿੱਚ ਜਦੋਂ ਕਦੇ ਉਹ ਬਚਪਨ ਦੇ ਉਹ ਦਿਨ ਯਾਦ ਆ ਜਾਂਦੇ ਹਨ ਤਾਂ ਇੱਕ ਮਿੱਠਾ ਜਿਹਾ ਅਹਿਸਾਸ ਚਾਰੇ ਪਾਸੇ ਫਿਰ ਜਾਂਦਾ ਹੈ। ਫਿਰ ਮਨ ਵਿੱਚ ਲੋਚਾ ਉਹਨਾਂ ਦਿਨਾਂ ਦੀ ਆ ਜਾਂਦੀ ਹੈ
ਕਿ ਕਾਸ਼ ! ਉਹ ਦਿਨ ਫਿਰ ਵਾਪਸ ਆ ਜਾਣ ਤੇ ਚਾਈਂ-ਚਾਈਂ ਨਾਨਕੇ ਪਿੰਡ ਜਾਈਏ। ਮੈਨੂੰ ਅੱਜ ਵੀ ਭਲੀ-ਭਾਂਤ ਯਾਦ ਹੈ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਛੁੱਟੀਆਂ ਮਿਲਣ ਤੋਂ ਪਹਿਲਾਂ ਹੀ ਨਾਨਕੇ ਜਾਣ ਦਾ ਚਾਅ ਚੜੵ ਜਾਂਦਾ ਸੀ। ਬੱਸ ਛੁੱਟੀਆਂ ਦੇ ਪਹਿਲੇ ਦੋ ਦਿਨਾਂ ਵਿੱਚ ਹੀ ਸਕੂਲ ਦਾ ਕੰਮ ਕਰਕੇ ਨਾਨਕਿਆਂ ਨੂੰ ਚਾਲੇ ਪਾ ਦੇਣੇ। ਓਦੋਂ ਕਿਹੜਾ ਅੱਜ ਵਾਂਗ ਗੱਡੀਆਂ ਤੇ ਮੋਟਰ ਸਾਇਕਲ ਹੁੰਦੇ ਸੀ। ਬੱਸ ਜੀ.ਟੀ. ਰੋਡ ਤੇ ਥੋੜ੍ਹੀਆਂ ਸਰਕਾਰੀ ਬੱਸਾਂ ਚਲਦੀਆਂ ਸੀ ਤੇ ਲਿੰਕ ਰੋਡ ਤੇ ਤਾਂ ਰਿਕਸ਼ੇ, ਤਾਂਗੇ ਤੇ ਟੈਂਪੂ ਹੀ ਚੱਲਦੇ ਸੀ। ਇਹ ਕੋਈ ਗੱਲ ਵੀ ਤੀਹ ਸਾਲ ਪੁਰਾਣੀ ਹੋਵੇਗੀ। ਮਾਤਾ ਸ੍ਰੀ ਨਾਲ ਪਹਿਲਾਂ ਘਰ ਤੋਂ ਅੱਡੇ ਤੇ ਪੈਦਲ ਜਾਣਾ ਤੇ ਫਿਰ ਕੋਈ ਰਿਕਸ਼ੇ ਜਾਂ ਟਾਂਗੇ ਤੇ ਮੇਨ ਰੋਡ ਤੇ ਪੈਂਦੇ ਪਿੰਡ ਉਤਰ ਜਾਣਾ। ਰਿਕਸ਼ੇ ਤੇ ਬੈਠ ਕੇ ਓਦੋਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਜਹਾਜ ਤੇ ਬੈਠੇ ਹੋਈਏ। ਫਿਰ ਅੱਗੋਂ ਕੋਈ ਸਰਕਾਰੀ ਬੱਸ ਫੜਨੀ ਤੇ ਕਿਤੇ ਜਾ ਕੇ ਦੋ ਤਿੰਨ ਘੰਟੇ ਪਿੱਛੋਂ ਸ਼ਹਿਰ ਅਪੜਨਾ। ਬੱਸ ਵੀ ਓਦੋਂ ਆਪਣੀ ਮਨ ਮਰਜ਼ੀ ਨਾਲ ਹੌਲੀ-ਹੌਲੀ ਚੱਲਦੀ ਸੀ ਤੇ ਕਿਸੇ ਨੂੰ ਕੋਈ ਕਾਹਲ ਨਹੀਂ ਹੁੰਦੀ ਸੀ, ਬੱਸ ਸ਼ਾਮ ਤੱਕ ਘਰ ਪਹੁੰਚਣ ਦਾ ਟੀਚਾ ਹੁੰਦਾ ਸੀ। ਅੱਗੋਂ ਸ਼ਹਿਰੋਂ ਨਾਨਕੇ ਪਿੰਡ ਨੂੰ ਚੱਲਦੇ ਟੈਂਪੂ ਤੇ ਬੈਠ ਜਾਣਾ ਤੇ ਆਲੇ ਦੁਆਲੇ ਦਾ ਸਾਰਾ ਦ੍ਰਿਸ਼ ਬੜੀ ਨੀਝ ਨਾਲ ਦੇਖਣਾ। ਟੈਂਪੂ ਦੇ ਹੁਲਾਰੇ ਇਸ ਤਰ੍ਹਾਂ ਜਾਪਦੇ ਸਨ ਜਿਵੇਂ ਸਵਰਗਾਂ ਦੇ ਝੂਟੇ ਹੋਣ ਤੇ ਨਾਨਕਾ ਪਿੰਡ ਜਿਵੇਂ ਪਰੀ ਲੋਕ ਹੋਵੇ। ਜਦੋਂ ਆਪਣੇ ਨਾਨਕੇ ਪਿੰਡ ਡਰੋਲੀ ਭਾਈ ਦੇ ਅੱਡੇ ਤੋਂ ਮਾਮੇ ਦੇ ਘਰ ਨੂੰ ਜਾਣਾ ਤਾਂ ਧਰਤੀ ਤੇ ਪੈਰ ਨਾ ਲੱਗਣੇ ਕਿਉਂਕਿ ਨਾਨਕੇ ਘਰੇ ਮਾਸੀ ਦੇ ਮੁੰਡਿਆਂ ਤੋ ਇਲਾਵਾ ਉਨ੍ਹਾਂ ਦੇ ਹੋਰ ਰਿਸ਼ਤੇਦਾਰ ਮੁੰਡਿਆਂ ਨਾਲ ਪੂਰਾ ਘਰ ਭਰਿਆ ਹੋਣਾ। ਇੱਕ ਮਹੀਨੇ ਦੀ ਮਸਤੀ ਕਿਹੜਾ ਕੋਈ ਥੋੜੀ ਹੁੰਦੀ ਤੇ ਉਹ ਵੀ ਅੱਠ ਦਸ ਇਕੋ ਜਿਹਿਆਂ ਨਾਲ। ਸਾਰਿਆਂ ਨੂੰ ਭੱਜ-ਭੱਜ ਸਤਿ ਸ੍ਰੀ ਅਕਾਲ ਬਲਾਉਣੀ ਤੇ ਅੱਜ ਦੇ ਜੁਆਕਾਂ ਵਾਂਗ ਐਂਵੇ ਨਹੀਂ ਲੁਕਦੇ ਫਿਰਨਾ। ਸਾਡਾ ਮਾਮੇ ਦਾ ਸੁਭਾਅ ਬੜਾ ਗਰਮ ਸੀ ਤੇ ਮਾਮੀ ਸਾਡੀ ਡਾਢੀ ਨਰਮ ਸੀ ਤੇ ਨਾਨੀ ਵੱਡੀ ਆਰਜਾ ਦੀ ਸੀ। ਉਸਨੂੰ ਨਾ ਕੋਈ ਗਰਮੀ ਲੱਗਣੀ ਤੇ ਨਾ ਹੀ ਠੰਢ। ਗਰਮੀ ਵਿੱਚ ਉਹ ਕਦੇ ਪੱਖੇ ਅੱਗੇ ਨਹੀਂ ਬੈਠੀ ਸੀ ਤੇ ਇੱਕ ਹਵਾ ਝੱਲਣ ਵਾਲੀ ਪੱਖੀ ਲੈ ਕੇ ਦਰੱਖਤ ਦੀ ਛਾਂਵੇਂ ਬੈਠ ਜਾਂਦੀ ਜਦੋਂ ਉਹ ਵਿਹਲੀ ਹੁੰਦੀ, ਨਹੀਂ ਤਾਂ ਸਾਰਾ ਦਿਨ ਮਾੜਾ ਮੋਟਾ ਕੰਮ ਕਰੀ ਜਾਂਦੀ। ਧੰਨ ਨੇ ਸਾਡੇ ਉਹ ਬਜ਼ੁਰਗ ਜਿਹੜੇ ਬੱਸ ਕੰਮ ਨਾਲ ਹੀ ਪਿਆਰ ਰੱਖਦੇ ਸਨ ਤੇ ਅੱਜ ਦਿਆਂ ਵਾਂਗ ਮੁਫਤ ਦੀਆਂ ਨਹੀਂ ਭੰਨਦੇ ਸਨ। ਮਾਮੇ ਨੇ ਜਦੋਂ ਕਿਸੇ ਕੰਮ ਤੋਂ ਅੱਕ ਜਾਣਾ ਤਾਂ ਭੜਾਸ ਹੋਰਾਂ ਉੱਤੇ ਉਹ ਕੱਢਦਾ ਸੀ। ਸਵਾਲ ਨਹੀਂ ਸੀ ਓਹਦੇ ਮੂਹਰੇ ਕੋਈ ਬੋਲ ਜਾਵੇ। ਸਭ ਨੇ ਉਹਦੇ ਅੱਗੇ ਲੁਕਦੇ ਫਿਰਨਾ ਜਾਂ ਭਿੱਜੀ ਬਿੱਲੀ ਬਣੇ ਰਹਿਣਾ। ਉਸ ਸਮੇਂ ਵੱਡਿਆਂ ਦੀ ਘੂਰ ਨੂੰ ਹਰ ਕੋਈ ਮੰਨਦਾ ਸੀ। ਅੱਜ ਵਾਂਗ ਨਹੀਂ ਮਾੜੀ ਜਿਹੀ ਕਿਸੇ ਨੂੰ ਗੱਲ ਆਖੋ ਤਾਂ ਅਗਲਾ ਮੂੰਹ ਮੋਟਾ ਕਰ ਲੈਂਦਾ ਹੈ। ਉਸ ਸਮੇਂ ਖੂੰਡੇ ਦਾ ਡਰ ਹੁੰਦਾ ਸੀ। ਪਰ ਇਹ ਸਥਿਤੀ ਗੁੱਸੇ ਸਮੇਂ ਹੁੰਦੀ ਸੀ ਉਂਝ ਬਥੇਰਾ ਲਾਡ ਕਰਦੇ ਸੀ ਉਹ ਪੁਰਾਣੇ ਬੰਦੇ। ਸਾਰਾ ਦਿਨ ਤੀਆਂ ਲੱਗੀਆਂ ਰਹਿਣੀਆਂ ਤੇ ਸ਼ਾਮ ਨੂੰ ਵਿਹੜੇ ਵਿੱਚ ਲੰਮੀ ਕਤਾਰ ਵਿੱਚ ਮਾਮੀ ਨੇ ਮੰਜੇ ਡਵਾ ਦੇਣੇ ਜਿਵੇਂ ਕੋਈ ਰੇਲ ਗੱਡੀ ਹੋਵੇਂ ਮੰਜਿਆਂ ਦੇ ਦੋਵੇਂ ਪਾਸੇ ਦਾਤੀ ਵਾਲੇ ਪੱਖੇ ਲਾ ਦੇਣੇ। ਰੋਟੀ ਦੇ ਥਾਲ ਸਾਰਿਆਂ ਨੂੰ ਆਏਂ ਵਰਤਾਉਣੇ ਜਿਵੇਂ ਕਣਕ ਦੀ ਮੰਗ ਪਾਈ ਹੋਵੇ। ਦੇਰ ਰਾਤ ਤੱਕ ਗੱਲਾਂ ਮਾਰੀ ਜਾਣੀਆਂ ਤੇ ਨਾਨੀ ਤੋਂ ਕਹਾਣੀਆਂ ਸੁਣਨੀਆਂ। ਤਕੜੇ ਉੱਠ ਕੇ ਚਾਹ ਪੀਣੀ ਤੇ ਖੇਤਾਂ ਨੂੰ ਜੰਗਲ ਪਾਣੀ ਨਿਕਲ ਜਾਣਾ। ਸਹਿਜੇ ਹੀ ਦੋ ਕਿਲੋਮੀਟਰ ਦੀ ਵਾਟ ਜਾਣ ਦੀ ਕਰਨੀ ਤੇ ਆਉਂਦੇ ਵਖਤ ਕਿੱਕਰਾਂ ਤੋਂ ਦਾਤਨਾਂ ਤੋੜ ਕੇ ਦੰਦ ਸਾਫ਼ ਕਰਨੇ। ਟੂਥਪੇਸਟ ਤੇ ਬੁਰਸ਼ ਵਾਲਾ ਕੰਮ ਓਦੋਂ ਨਹੀਂ ਸੀ ਤਾਹੀਓਂ ਤਾਂ ਦੰਦ ਮਜਬੂਤ ਸਨ। ਫਿਰ ਘਰੇ ਆ ਕੇ ਹੱਥ ਸਾਫ਼ ਕਰਨੇ ਤੇ ਮਗਰੋਂ ਰੋਟੀ ਖਾ ਕੇ ਖੇਤ ਨੂੰ ਪਸ਼ੂਆਂ ਵਾਸਤੇ ਪੱਠੇ ਲੈਣ ਜਾਣੇ। ਖੇਤ ਮੋਟਰ ਤੇ ਖੂਬ ਨਹਾਉਣਾ ਤੇ ਮਸਤੀ ਕਰਨੀ। ਹਾੜੀ ਸਮੇਂ ਮਾਮੇ ਨੇ ਕਣਕ ਵੱਢਣ ਖੇਤ ਲੈ ਜਾਣਾ ਤੇ ਸਾਰਾ ਦਿਨ ਸਾਰਿਆਂ ਨੇ ਮਿਲ ਕੇ ਦਾਤੀਆਂ ਨਾਲ ਕਣਕ ਵੱਢਣੀ ਤੇ ਭਰੀਆਂ ਵੀ ਪਾਉਣੀਆਂ। ਗਰਮੀ ਵੀ ਲੋਹੜੇ ਦੀ ਹੋਣੀ ਤੇ ਦੁਪਹਿਰ ਦੀ ਰੋਟੀ ਵੀ ਖੇਤ ਹੀ ਖਾਣੀ। ਰੋਟੀਆਂ ਇੰਨੀਆਂ ਸਵਾਦ ਲੱਗਣੀਆਂ ਜੋ ਫਾਈਵ ਸਟਾਰ ਹੋਟਲ ਨੂੰ ਮਾਤ ਦਿੰਦੀਆਂ ਸਨ। ਝੋਨੇ ਵੇਲੇ ਖੇਤਾਂ ਵਿੱਚੋਂ ਕੱਖ ਕੱਢਣਾ ਤੇ ਸਾਰਾ ਦਿਨ ਖੇਤਾਂ ਨੂੰ ਪਾਣੀ ਦੇਣਾ ਤੇ ਮੂੰਹ ਹਨੇਰੇ ਘਰੇ ਮੁੜਨਾ। ਗਰਮੀ ਵਿੱਚ ਦੁਪਹਿਰੇ ਛੱਪੜ ਤੇ ਪਸ਼ੂ ਲੈ ਕੇ ਜਾਣੇ ਤੇ ਦੋ-ਦੋ ਘੰਟੇ ਪਸ਼ੂ ਨਿਕਲਣ ਤੋਂ ਪਹਿਲਾਂ ਉੱਥੇ ਬੈਠੇ ਰਹਿਣਾ। ਸ਼ਾਮ ਹੋਈ ਤੋਂ ਨਲਕੇ ਤੇ ਪਸ਼ੂਆਂ ਨੂੰ ਪਾਣੀ ਪਿਲਾ ਕੇ ਸਾਰਿਆਂ ਨੇ ਸੱਥ ਵਿੱਚ ਚਲੇ ਜਾਣਾ ਤੇ ਤਾਸ਼ ਦੀ ਬਾਜੀ ਲਾਉਣੀ। ਇੰਝ ਇਕੱਠਿਆਂ ਦੇ ਮਨੋਰੰਜਨ ਕਰਦਿਆਂ ਪਤਾ ਹੀ ਨਾ ਲੱਗਣਾ ਕਦੋਂ ਛੁੱਟੀਆਂ ਪੂਰੀਆਂ ਹੋ ਜਾਣੀਆਂ। ਜਦੋਂ ਪਿੰਡ ਨੂੰ ਵਾਪਸ ਮੁੜਨਾ ਤਾਂ ਰੋਣੀ ਸੂਰਤ ਬਣਾ ਕੇ ਨਾਨਕੇ ਘਰ ਤੋਂ ਤੁਰਨਾ। ਮਾਮੇ-ਮਾਮੀ ਨੇ ਘਰੋਂ ਤੋਰਨ ਸਮੇਂ ਸਾਰਿਆਂ ਨੂੰ ਪੈਸੇ ਤੇ ਨਵੇਂ ਕੁੜਤੇ ਪਜਾਮੇ ਪਵਾ ਕੇ ਤੋਰਨਾ। ਅੱਜ ਭਾਵੇਂ ਵੱਡੇ ਹੋ ਕੇ ਸਾਰੀਆਂ ਸਹੂਲਤਾਂ ਮਾਣ ਰਹੇ ਹਾਂ ਪਰ ਨਾਨਕੇ ਪਿੰਡ ਵਰਗੇ ਉਹ ਨਜ਼ਾਰੇ ਅੱਜ ਵੀ ਦਿਲ ਅੰਦਰ ਧੂਹ ਪਾਉਂਦੇ ਹਨ।
ਸਰਬਜੀਤ ਸਿੰਘ ਜਿਉਣ ਵਾਲਾ,ਫਰੀਦਕੋਟ
ਮੋਬਾਇਲ — 9464412761
ਗੱਲ ਉਸ ਸਮੇਂ ਦੀ ਹੈ ਜਦੋਂ ਪੰਜਾਬ ਵਿੱਚ ਕਾਲਾ ਦੌਰ ਚਲ ਰਿਹਾ ਸੀ ਅਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਸੀ।ਉਸ ਸਮੇਂ ਦੀਆਂ ਸਰਕਾਰਾਂ ਨੇ ਐਲਾਨ ਕੀਤਾ ਹੋਇਆ ਸੀ ਕਿ ਕਿਸੇ ਵੀ ਸਿੱਖ ਯਾ ਮੁਸਲਮਾਨ ਨੂੰ ਕਿਸੇ ਵੀ ਰਾਜਨੀਤਿਕ ਨੇਤਾ ਦੀ ਸਕਿਯੋਰਟੀ ਦੀ ਡਿਊਟੀ ਨਹੀਂ ਦਿੱਤੀ ਜਾਵੇਗੀ।ਸਾਡੇ ਇਕ ਜਾਣਕਾਰ ਵੀਰ ਜੀ ਨੂੰ ਜੌ ਕਿ ਉਸ ਸਮੇ ਨੈਸ਼ਨਲ ਸਕਿਯੋਰਿਟੀ ਗਾਰਡ ਵਿੱਚ ਬਤੌਰ ਕੈਪਟਨ ਦੀ ਡਿਊਟੀ ਨਿਭਾ ਰਹੇ ਸਨ,ਕਿਸੇ ਰਾਜਨੀਤਿਕ ਨੇਤਾ ਦੀ ਸਕਿਯੋਰੀਟੀ ਦੀ ਡਿਊਟੀ ਦਿੱਤੀ ਗਈ ਸੀ ਜੋ ਕਿ ਨਾਲ ਦੇ ਨਾਲ ਹੀ ਵਾਪਿਸ ਲੈ ਲਿਤੀ ਗਈ।ਸਿੰਘ ਸਾਹਿਬ ਬੜੀ ਚੜਦੀਕਲਾ ਵਾਲੇ ਸਨ ਪਰ ਕਾਰਣ ਜਾਣ ਕੇ ਉਨ੍ਹਾਂ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਸਮੇਂ ਦੀ ਸਰਕਾਰਾਂ ਉਪਰ ਕੇਸ ਕਰ ਦਿੱਤਾ।ਉਸ ਸਮੇਂ ਦੀ ਸਿੱਖ ਜਥੇਬੰਦੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਆਪ ਜੀ ਇਨ੍ਹਾਂ ਚੱਕਰਾਂ ਵਿੱਚ ਨਾ ਪਵੋ ਅਤੇ ਜਥੇਦਾਰੀ ਨਿਭਾਓ। ਆਪ ਜੀ ਦੀ ਡਿਊਟੀ ਅਮ੍ਰਿਤ ਪਾਨ ਕਰਾਉਣ ਦੀ ਲਗਾ ਦਿੰਦੇ ਹਾਂ,ਆਪ ਵੱਖ ਵੱਖ ਥਾਵਾਂ ਤੇ ਜਾ ਕੇ ਸਿੱਖਾਂ ਨੂੰ ਅਮ੍ਰਿਤ ਛਕਾ ਕੇ ਸਿੰਘ ਸਜਾਇਆ ਕਰੋ ਉਨ੍ਹਾਂ ਨੇ ਸੇਵਾ ਸੰਭਾਲਣ ਲਈ ਹਾਮੀ ਭਰ ਦਿੱਤੀ।ਪਰ ਇਹ ਗੱਲ ਵੀ ਉਨ੍ਹਾਂ ਤੇ ਇਕ ਪ੍ਰੀਖਿਆ ਨਾਲੋਂ ਘੱਟ ਸਾਬਤ ਨਾ ਹੋਈ ਕਿਉਂਕਿ ਉਨ੍ਹਾਂ ਨੇ ਇਸ ਸੇਵਾ ਨੂੰ ਕੁਛ ਇਸ ਤਰ੍ਹਾਂ ਦੇ ਸਰਕਾਰੀ ਖਰਚੇ ਦਿਖਾਉਣ ਲਈ ਕਿਹਾ ਗਿਅਾ ਸੀ ਜੋ ਇਸ ਸੇਵਾ ਦੀ ਲੋੜ ਨਹੀਂ ਸਨ।ਸਿੰਘ ਸਾਹਿਬ ਨੂੰ ਇਹ ਆਮਦਨੀ ਦਾ ਜਰੀਆ ਆਪਣਾ ਜਮੀਰ ਵੇਚ ਕੇ ਯਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਿਖਾਏ ਮਾਰਗ ਜੌ ਕਿ ਸੱਚ ਤੇ ਪਹਿਰਾ ਦਿੰਦਾ ਹੈ ਉਸ ਤੋਂ ਦੂਰ ਦੀਖਿਆ।ਅਗਰ ਸਿੰਘ ਸਾਹਿਬ ਫੌਜ ਦੀ ਨੌਕਰੀ ਤੋਂ ਅਸਤੀਫਾ ਨਾਂ ਦਿੰਦੇ ਤਾਂ ਅਜ ਬ੍ਰਿਗੇਡੀਅਰ ਦਾ ਅਹੁਦਾ ਨਿਭਾ ਰਹੇ ਹੁੰਦੇ ਜਾਂ ਜਥੇਦਾਰੀ ਤੋਂ ਇਨਕਾਰ ਨਾ ਕਰਦੇ ਤਾਂ ਅੱਜ ਸ਼ਿਰੋਮਣੀ ਕਮੇਟੀ ਦੇ ਅੰਡਰ ਆਉਂਦੇ ਕਿਸੇ ਇਤਿਹਾਸਿਕ ਗੁਰੂਦਵਾਰਾ ਸਾਹਿਬ ਦੇ ਜਥੇਦਾਰ ਹੁੰਦੇ।ਪਰ ਜਮੀਰ ਦੇ ਪੱਕੇ ਅਤੇ ਸੱਚੇ ਮਾਰਗ ਤੇ ਚੱਲਣ ਵਾਲੇ ਗੁਰਸਿਖਾਂ ਨੂੰ ਭੁੱਖੇ ਗੱਲ ਉਸ ਸਮੇਂ ਦੀ ਹੈ ਜਦੋਂ ਪੰਜਾਬ ਵਿੱਚ ਕਾਲਾ ਦੌਰ ਚਲ ਰਿਹਾ ਸੀ ਅਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਸੀ।ਉਸ ਸਮੇਂ ਦੀਆਂ ਸਰਕਾਰਾਂ ਨੇ ਐਲਾਨ ਕੀਤਾ ਹੋਇਆ ਸੀ ਕਿ ਕਿਸੇ ਵੀ ਸਿੱਖ ਯਾ ਮੁਸਲਮਾਨ ਨੂੰ ਕਿਸੇ ਵੀ ਰਾਜਨੀਤਿਕ ਨੇਤਾ ਦੀ ਸਕਿਯੋਰਟੀ ਦੀ ਡਿਊਟੀ ਨਹੀਂ ਦਿੱਤੀ ਜਾਵੇਗੀ।ਸਾਡੇ ਇਕ ਜਾਣਕਾਰ ਵੀਰ ਜੀ ਨੂੰ ਜੌ ਕਿ ਉਸ ਸਮੇ ਨੈਸ਼ਨਲ ਸਕਿਯੋਰਿਟੀ ਗਾਰਡ ਵਿੱਚ ਬਤੌਰ ਕੈਪਟਨ ਦੀ ਡਿਊਟੀ ਨਿਭਾ ਰਹੇ ਸਨ,ਕਿਸੇ ਰਾਜਨੀਤਿਕ ਨੇਤਾ ਦੀ ਸਕਿਯੋਰੀਟੀ ਦੀ ਡਿਊਟੀ ਦਿੱਤੀ ਗਈ ਸੀ ਜੋ ਕਿ ਨਾਲ ਦੇ ਨਾਲ ਹੀ ਵਾਪਿਸ ਲੈ ਲਿਤੀ ਗਈ।ਸਿੰਘ ਸਾਹਿਬ ਬੜੀ ਚੜਦੀਕਲਾ ਵਾਲੇ ਸਨ ਪਰ ਕਾਰਣ ਜਾਣ ਕੇ ਉਨ੍ਹਾਂ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਸਮੇਂ ਦੀ ਸਰਕਾਰਾਂ ਉਪਰ ਕੇਸ ਕਰ ਦਿੱਤਾ।ਉਸ ਸਮੇਂ ਦੀ ਸਿੱਖ ਜਥੇਬਦੀਅਾਂ ਨੇ ਉਨ੍ਹਾਂ ਨੂੰ ਕਿਹਾ ਕਿ ਆਪ ਜੀ ਇਨ੍ਹਾਂ ਚੱਕਰਾਂ ਵਿੱਚ ਨਾ ਪਵੋ ਅਤੇ ਜਥੇਦਾਰੀ ਨਿਭਾਓ। ਆਪ ਜੀ ਦੀ ਡਿਊਟੀ ਅਮ੍ਰਿਤ ਪਾਨ ਕਰਾਉਣ ਦੀ ਲਗਾ ਦਿੰਦੇ ਹਾਂ,ਆਪ ਵੱਖ ਵੱਖ ਥਾਵਾਂ ਤੇ ਜਾ ਕੇ ਸਿੱਖਾਂ ਨੂੰ ਅਮ੍ਰਿਤ ਛਕਾ ਕੇ ਸਿੰਘ ਸਜਾਇਆ ਕਰੋ ਉਨ੍ਹਾਂ ਨੇ ਸੇਵਾ ਸੰਭਾਲਣ ਲਈ ਹਾਮੀ ਭਰ ਦਿੱਤੀ।ਪਰ ਇਹ ਗੱਲ ਵੀ ਉਨ੍ਹਾਂ ਤੇ ਇਕ ਪ੍ਰੀਖਿਆ ਨਾਲੋਂ ਘੱਟ ਸਾਬਤ ਨਾ ਹੋਈ ਕਿਉਂਕਿ ਉਨ੍ਹਾਂ ਨੇ ਇਸ ਸੇਵਾ ਨੂੰ ਕੁਛ ਇਸ ਤਰ੍ਹਾਂ ਦੇ ਸਰਕਾਰੀ ਖਰਚੇ ਦਿਖਾਉਣ ਲਈ ਕਿਹਾ ਗਿਅਾ ਸੀ ਜੋ ਇਸ ਸੇਵਾ ਦੀ ਲੋੜ ਨਹੀਂ ਸਨ।ਸਿੰਘ ਸਾਹਿਬ ਨੂੰ ਆਮਦਨੀ ਦਾ ਇਹ ਜਰੀਆ ਆਪਣਾ ਜਮੀਰ ਵੇਚ ਕੇ ਯਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਿਖਾਏ ਮਾਰਗ ਜੌ ਕਿ ਸੱਚ ਤੇ ਪਹਿਰਾ ਦਿੰਦਾ ਹੈ ਉਸ ਤੋਂ ਦੂਰ ਦੀਖਿਆ।ਅਗਰ ਸਿੰਘ ਸਾਹਿਬ ਫੌਜ ਦੀ ਨੌਕਰੀ ਤੋਂ ਅਸਤੀਫਾ ਨਾਂ ਦਿੰਦੇ ਤਾਂ ਅਜ ਬ੍ਰਿਗੇਡੀਅਰ ਦਾ ਅਹੁਦਾ ਨਿਭਾ ਰਹੇ ਹੁੰਦੇ ਜਾਂ ਜਥੇਦਾਰੀ ਤੋਂ ਇਨਕਾਰ ਨਾ ਕਰਦੇ ਤਾਂ ਅੱਜ ਸ਼ਿਰੋਮਣੀ ਕਮੇਟੀ ਦੇ ਅੰਡਰ ਆਉਂਦੇ ਕਿਸੇ ਇਤਿਹਾਸਿਕ ਗੁਰੂਦਵਾਰਾ ਸਾਹਿਬ ਦੇ ਜਥੇਦਾਰ ਹੁੰਦੇ।ਪਰ ਜਮੀਰ ਦੇ ਪੱਕੇ ਅਤੇ ਸੱਚੇ ਮਾਰਗ ਤੇ ਚੱਲਣ ਵਾਲੇ ਗੁਰਸਿਖਾਂ ਨੂੰ ਭੁੱਖੇ ਰਹਿਣਾ ਤਾਂ ਮਨਜੂਰ ਹੁੰਦਾ ਹੈ ਪਰ ਆਪਣੇ ਗੁਰੂ ਦੇ ਹੁਕਮ ਦੇ ਖਿਲਾਫ ਜਾਉਣਾ ਨਹੀ ਮਨਜੂਰ ਹੁੰਦਾ ਇਸ ਕਰਕੇ ਉਨ੍ਹਾਂ ਨੇ ਇਸ ਸੇਵਾ ਤੋਂ ਵੀ ਇਨਕਾਰ ਕਰ ਦਿਤਾ ਅਤੇ ਆਪਣੇ ਗੁਰੂ ਤੋਂ ਬੇਮੁੱਖ ਨਾ ਹੋਏ ਇਹ ਹੁੰਦੀ ਹੈ ਸੱਚੀ ਗੁਰਸਿੱਖੀ ਜਿਸ ਉਪਰ ਕੇਵਲ ਜਾਗਦੀ ਜ਼ਮੀਰ ਵਾਲੇ ਹੀ ਪਹਿਰਾ ਦੇ ਸਕਦੇ ਹਨ। ਇਸ ਲਈ ਹੀ ਗੁਰੂ ਸਾਹਿਬ ਨੇ ਫ਼ੁਰਮਾਇਆ ਹੈ
ਖਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗ ਜਾਣਾ।।
Submitted By:- ਸਤਨਾਮ ਕੌਰ
ਰੀਤ ਨਵੀਂ ਨਵੀਂ ਕਾਲਜ ਜਾਣ ਲੱਗੀ ਸੀ। ਉਸੇ ਕਾਲਜ ਵਿੱਚ ਉਹਦਾ ਗਵਾਂਢੀ ਮੁੰਡਾ ਰਵੀ ਵੀ ਪੜਦਾ ਸੀ। ਕਾਲਜ ਵਿੱਚ ਪੜ੍ਹਦਿਆਂ ਹੀ ਦੋਹਾ ਦੀ ਜਾਣ ਪਛਾਣ ਹੋਈ ਦੋਵੇਂ ਹੁਣ ਇਕੱਠੇ ਕਾਲਜੋ ਆਣ ਜਾਣ ਲੱਗ ਪਏ ।
ਹੌਲੀ ਹੌਲੀ ਜਾਣ ਪਛਾਣ ਪਿਆਰ ਵਿੱਚ ਬਦਲਣ ਲੱਗ ਪਈ ਹੁਣ ਦੋਵੇਂ ਆਪਣੀ ਜ਼ਿੰਦਗੀ ਵਿੱਚ ਮਸਤ ਸਨ।ਰਵੀ ਹੁਣ ਯਾਰਾ ਦੋਸਤਾਂ ਵਿੱਚ ਵੀ ਉਠਣੋ ਬੈਹਣੋ ਘੱਟ ਗਿਆ ਸੀ ਬੱਸ ਰੀਤ ਤੇ ਓਹ ਆਪਣੀ ਹੀ ਦੁਨੀਆ ਵਿੱਚ ਰੁੱਝੇ ਸੀ। ਯਾਰਾ ਦੋਸਤਾਂ ਨੇ ਥੋੜੀ ਥੋੜੀ ਗੱਲ ਚੱਕਣੀ ਸ਼ੁਰੂ ਕਰ ਦਿੱਤੀ ਹੁਣ ਪਿੰਡ ਵਿੱਚ ਦੋਹਾ ਦੀਆ ਗੱਲਾ ਹੋਣ ਲੱਗੀਆ ।ਬਸੰਤੀ ਬੁੜੀ ਦੇ ਕੰਨਾ ਵਿੱਚ ਵੀ ਗੱਲਾ ਪਈਆ ਓਹ ਗੱਲ ਨੂੰ ਵਧਾ ਚੜਾਂ ਕੇ ਪੇਸ਼ ਕਰਨ ਵਿੱਚ ਬੜੀ ਮਾਹਰ ਸੀ । ਉਸਨੇ ਵੀ ਗੱਲ ਫੈਲਾਉਣੀ ਸ਼ੁਰੂ ਕਰ ਦਿੱਤੀ ਗੱਲ ਹੌਲੀ ਹੌਲੀ ਰੀਤ ਤੇ ਰਵੀ ਦੇ ਘਰਵਾਲ਼ਿਆਂ ਤੱਕ ਪੁੱਜੀ ਉਹਨਾ ਨੇ ਆਪਣੇ ਬੱਚੇਆ ਤੋਂ ਪੁਛੇਆ ਉਹਨਾ ਨੇ ਸਾਫ਼ ਮਨਾ ਕਰ ਦਿੱਤਾ ਤੇ ਕਿਹਾ ਕੀ ਲੋਕੀ ਐਵੇਂ ਗੱਲਾ ਬਣਾਉਂਦੇ ਨੇ ਮਾਂ ਬਾਪ ਨੇ ਵੀ ਔਲਾਦ ਤੇ ਭਰੋਸਾ ਕਰ ਕੇ ਗੱਲ ਇੰਗਨੌਰ ਕਰ ਦਿੱਤੀ । ਥੋੜੇ ਦਿਨ ਉਹਨਾ ਨੇ ਵੀ ਇਕੱਠੇ ਔਣਾ ਜਾਣਾ ਬੰਦ ਕਰ ਦਿੱਤਾ । ਹੁਣ ਜੇ ਕੋਈ ਗੱਲ ਕਰਦਾ ਤਾ ਉਹਨਾ ਦੇ ਘਰ ਵਾਲੇ ਲੜਨ ਲੱਗ ਜਾਂਦੇ ਸੀ ਹੌਲੀ-ਹੌਲੀ ਸਭ ਕੁਝ ਠੀਕ ਹੋ ਰਿਹਾ ਸੀ।
ਇਕ ਦਿਨ ਸ਼ਾਮ ਵੇਲੇ ਰੀਤ ਦੀ ਮਾ ਰੌਦੀ ਰੌਦੀ ਸਰਪੰਚ ਦੇ ਘਰ ਵੱਲ ਨੂੰ ਭੱਜੀ ਭੱਜੀ ਜਾਵੇ ਸਾਰੇ ਵਿਹੜੇ ਵਾਲੇ ਦੇਖ ਰਹੇ ਸੀ ਰੀਤ ਦੀ ਮਾ ਸਰਪੰਚ ਨੂੰ ਕਹਿ ਰਹੀ ਸੀ ਕੀ ਰੀਤ ਹਾਲੇ ਤੱਕ ਘਰ ਨਹੀਂ ਆਈ ਤੇ ਨਾ ਹੀ ਉਹਦਾ ਫ਼ੋਨ ਲੱਗ ਰਿਹਾ ਹੈ। ਪਤਾ ਨਹੀਂ ਕਿੱਥੇ ਗਈ ਮੇਰੀ ਕੁੜੀ ਰੱਬ ਸੱੁਖ ਰੱਖੇ ਕਿੰਨੀ ਵਾਰ ਸਮਝਾਏਆ ਜੇ ਦੇਰ ਸਵੇਰ ਹੋ ਜਾਏ ਘਰ ਫ਼ੋਨ ਕਰ ਦੀਆ ਕਰ ਪਰ ਅੱਜ ਉਸਦਾ ਫ਼ੋਨ ਵੀ ਨਹੀਂ ਲੱਗ ਰਿਹਾ ਮੈਨੂੰ ਤਾ ਬੜੀ ਟੈਸ਼ਨ ਹੋ ਰਹੀ ਏ।
ਸਾਰੇ ਜਣੇ ਇੱਧਰ ਉੱਧਰ ਲੱਭਣ ਲੱਗੇ ਕੋਈ ਦੋ ਤਿੰਨ ਘੰਟੇ ਬਾਅਦ ਨੇੜੇ ਦੇ ਮੁੰਡੇ ਬੋਲੇ ਰਵੀ ਦਾ ਵੀ ਕੋਈ ਪਤਾ ਨਹੀਂ ਚੱਲ ਰਿਹਾ ਘਰ ਤਾ ਹੈ ਨਹੀਂ ਓਹ।ਸਾਰੇ ਜਣੇ ਇੱਕਠੇ ਹੋ ਕੇ ਰਵੀ ਦੇ ਘਰ ਵੱਲ ਗਏ ਅੱਗੇ ਰਵੀ ਦੀ ਮਾ ਬਰਾਂਡੇ ਵਿੱਚ ਬੈਠੀ ਸਬਜ਼ੀ ਕੱਟ ਰਹੀ ਸੀ । ਇੰਨੇ ਸਾਰੇ ਲੋਕਾਂ ਨੂੰ ਇਕੱਠੇਆ ਦੇਖ ਕੇ ਉਹ ਘਬਰਾ ਗਈ ਕਹਿੰਦੀ ਕੀ ਹੋ ਗਿਆ ਕੋਈ ਕੁਝ ਬੋਲੇਗਾ ਵੀ ਰੀਤ ਦੀ ਮਾ ਬੋਲੀ ਭੈਣ ਜੀ ਤੁਹਾਡਾ ਰਵੀ ਕਿੱਥੇ ਹੈ ਰਵੀ ਦੀ ਮਾ ਬੋਲੀ ਉਹ ਤਾ ਸ਼ਾਮ ਦਾ ਹੀ ਨਹੀਂ ਦਿੱਖ ਰਿਹਾ।
ਹੁਣ ਨਾਲ ਦੇ ਲੋਕ ਦੱਬੀ ਅਵਾਜ਼ ਵਿੱਚ ਗੱਲਾ ਕਰ ਰਹੇ ਸੀ ਨਿਆਣੇ ਗੁਆਚੇ ਨਹੀਂ ਘਰੋਂ ਭੱਜ ਗਏ ਨੇ ਰਾਤ ਨੌਂ ਵਜੇ ਤੱਕ ਪੱਕਾ ਹੋ ਗਿਆ ਕੀ ਰੀਤ ਤੇ ਰਵੀ ਘਰੋਂ ਭੱਜ ਗਏ ਨੇ ਰੀਤ ਦੀ ਮਾਂ ਧਾਹਾਂ ਮਾਰ ਮਾਰ ਕੇ ਰੋਵੇ ਆਹ ਕੀ ਕਹਿਰ ਕਮਾ ਗਈ ਤੂੰ ਮਾਪੇਆ ਦੀ ਇੱਜਤ ਵਾਰੇ ਇਕ ਵਾਰ ਵੀ ਨਾ ਸੋਚੇਆ
ਰੀਤ ਦਾ ਬਾਪੂ ਰਵੀ ਦੇ ਬਾਪ ਨੂੰ ਗਾਲਾ ਕੱਢੇ ਤੇ ਕਹੇ ਤੇਰਾ ਮੁੰਡਾ ਜ਼ਬਰਦਸਤੀ ਮੇਰੀ ਧੀ ਨੂੰ ਭਜਾ ਕੇ ਲੈ ਗਿਆ ਹੁਣ ਨਹੀਂ ਬੱਚਦਾ ਮੈ ਸਾਰੇ ਟੱਬਰ ਨੂੰ ਸਬਕ ਸਿਖਾਉ।
ਨੇੜੇ ਵਾਲੇ ਲੋਕ ਸਮਝਾਣ ਤੁਸੀਂ ਆਪਸ ਵਿੱਚ ਨਾ ਲੜੋ ਦੀਮਾਗ ਤੋਂ ਕੰਮ ਲਓ ਸਰਪੰਚ ਨੂੰ ਨਾਲ ਲੈ ਕੇ ਪੁਲੀਸ ਨੂੰ ਸੁਚੀਤ ਕਰੋ।
ਅਗਲੇ ਦਿਨ ਰਵੀ ਦੇ ਘਰੇ ਪੁਲੀਸ ਆਈ ਤੇ ਉਸਦੇ ਬਾਪ ਤੇ ਭਾਈ ਨੂੰ ਫੜ ਕੇ ਥਾਣੇ ਲੈ ਗਈ। ਜਦੋ ਪਿੰਡ ਵਾਲੇਆ ਨੂੰ ਪਤਾ ਲੱਗਾ ਉਹ ਵੀ ਥਾਣੇ ਗਏ ਥਾਣੇਦਾਰ ਕਹਿੰਦਾ ਕਰਨੈਲ ਸਿੰਘ (ਰੀਤ ਦਾ ਬਾਪੂ)ਨੇ ਰਿਪੋਰਟ ਲਿਖਵਾਈ ਏ ਧਰਮ ਸਿੰਘ (ਰਵੀ ਦਾ ਬਾਪੂ)ਦਾ ਮੁੰਡਾ ਓਹਦੀ ਕੁੜੀ ਨੂੰ ਭਜਾ ਕੇ ਲੈ ਗਿਆ ਹੈ। ਪਿੰਡ ਦਾ ਸਰਪੰਚ ਬੋਲੇਆ ਥਾਣੇਦਾਰ ਸਾਹਿਬ ਧਰਮ ਸਿੰਘ ਤੇ ਬਾਕੀ ਫੈਮਿਲੀ ਦਾ ਕੋਈ ਹੱਥ ਨਹੀਂ ਮੁੰਡਾ ਕੁੜੀ ਦੋਵੇਂ ਬਾਲੀਗ ਹਨ ਦੋਹੇ ਆਪਣੀ ਮਰਜ਼ੀ ਨਾਲ ਘਰੋਂ ਗਏ ਨੇ। ਥਾਣੇਦਾਰ ਨੇ ਸਰਪੰਚ ਦੀ ਜ਼ੁੰਮੇਵਾਰੀ ਤੇ ਧਰਮ ਸਿੰਘ ਨੂੰ ਏਸ ਸ਼ਰਤ ਤੇ ਛੱਡ ਦਿੱਤਾ ਰਵੀ ਦੀ ਕੋਈ ਖ਼ਬਰ ਲੱਗੇਗੀ ਤਾ ਪਹਿਲਾ ਪੁਲੀਸ ਨੂੰ ਸੁਚੀਤ ਕਰੋਗੇ। ਉੱਧਰ ਕਰਨੈਲ ਸਿੰਘ ਨੂੰ ਲੋਕਾਂ ਨੇ ਚੱਕਣਾ ਸ਼ੁਰੂ ਕਰ ਦਿੱਤਾ ਕੀ ਤੂੰ ਧਰਮ ਸਿੰਘ ਤੇ ਕਾਰਵਾਈ ਪਾ। ਰਵੀ ਤੇ ਰੀਤ ਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ ਕੀ ਕਿੱਥੇ ਹਨ?ਹੌਲੀ ਹੌਲੀ ਵਕਤ ਨਿਕਲਣਾ ਸ਼ੁਰੂ ਹੋ ਗਿਆ ਇਕ ਦਿਨ ਰਵੀ ਦਾ ਧਰਮ ਸਿੰਘ ਨੂੰ ਫ਼ੋਨ ਆਏਆ ਹਾਲ ਚਾਲ ਦੱਸਣ ਤੋਂ ਬਾਅਦ ਰਵੀ ਕਹਿੰਦਾ ਬਾਪੂ ਮੈ ਪਿੰਡ ਮੁੜਨਾ ਚਾਹੁੰਦਾ ਵਾਪੀਸ ।ਧਰਮ ਸਿੰਘ ਕਹਿੰਦਾ ਕਾਕਾ ਪਿੰਡ ਤਾ ਹੁਣ ਤੂੰ ਭੁੱਲਜਾ ਤੂੰ ਕੋਈ ਬਹਾਦਰੀ ਵਾਲਾ ਕੰਮ ਨਹੀਂ ਕੀਤਾ ਜੋ ਲੋਕ ਤੈਨੂੰ ਸਬਾਸ਼ੀ ਦੇਣ। ਜਿੱਥੇ ਰਹਿ ਰਿਹਾ ਉੱਥੇ ਹੀ ਰਹਿ ਲੈ ਹੁਣ ਘਰ ਆ ਕੇ ਪਿੰਡ ਵਾਲੇਆ ਅੱਗੇ ਹੋਰ ਜ਼ਲੀਲ ਨਾ ਕਰੀ ਸਾਨੂੰ।
ਸਮਾ ਬੀਤਦਾ ਗਿਆ ਕੁਝ ਸਾਲਾ ਬਾਅਦ ਰੀਤ ਦੇ ਕੁੜੀ ਹੋਈ ।ਟੈਮ ਲੰਘਦਾ ਗਿਆ ਕੁੜੀ ਦੱਸ ਕੁ ਸਾਲਾ ਦੀ ਹੋ ਗਈ ਇਕ ਦਿਨ ਸਕੂਲੋਂ ਰੌਦੀ ਰੌਦੀ ਆਈ ਮਾ ਨੇ ਪੁਛੇਆ ਕੀ ਗੱਲ ਹੋਈ ਕਹਿੰਦੀ ਮਾ ਅੱਜ ਸਾਡੇ ਸਕੂਲ ਵਿੱਚ ਇਕ ਮਹੀਨੇ ਦੀਆ ਛੁੱਟੀਆਂ ਹੋਈਆ ਸਾਰੇ ਬੱਚੇ ਆਪਣੇ ਆਪਣੇ ਨਾਨਕਿਆਂ ਦੇ ਜਾ ਰਹੇ ਹਨ ਜਦੋ ਮੈ ਵੀ ਸਹੇਲੀਆਂ ਨੂੰ ਕਿਹਾ ਤਾ ਉਹ ਕਹਿੰਦੀਆਂ ਤੇਰੇ ਤਾ ਨਾਨਕੇ ਹੈ ਨੀ ਤੇਰੀ ਮੰਮੀ ਘਰੋਂ ਭੱਜ ਕੇ ਆਈ ਏ।
ਮੰਮੀ ਸੱਚੀ ਮੇਰੇ ਨਾਨਕੇ ਹੈ ਨਹੀਂ ?ਨਿਕੀ ਕੁੜੀ ਦੇ ਮੁੰਹੋ ਇਹ ਸਭ ਸੁਣ ਕੇ ਰੀਤ ਤਾ ਸੁੰਨਸਾਨ ਹੋ ਗਈ ਉਹਦੇ ਮੁਹਰੇ ਯਾਦਾਂ ਦਾ ਪਿਟਾਰਾ ਆ ਗਿਆ ਕਿਵੇਂ ਉਸਦੇ ਬਾਪੂ ਨੇ ਉਸਦੇ ਭਾਈਆ ਨੇ ਉਸਨੂੰ ਪਾਲੇਆ ਕਿੰਨਾ ਫਿਕਰ ਕਰਦੇ ਸੀ ਛੋਟੀ ਕੁੜੀ ਨੈ ਝੰਜੋੜਿਆ ਰੀਤ ਖਿਆਲਾਂ ਤੋਂ ਬਾਹਰ ਆਈ ਪਰ ਕੋਈ ਗੱਲ ਨਾ ਸੂਝੇ ਕੀ ਬੋਲੇ। ਉਸੇ ਵੇਲੇ ਰਵੀ ਆ ਗਿਆ ਕਿਵੇਂ ਨਾ ਕਿਵੇਂ ਕਰਕੇ ਉਸਨੇ ਕੁੜੀ ਨੂੰ ਟਾਲਿਆ ਕੁੜੀ ਵੀ ਬਾਹਰ ਖੇਡਣ ਚਲੀ ਗਈ।
ਅੱਜ ਦੋਹਾ ਦੇ ਬੁੱਲਾ ਤੇ ਖ਼ਾਮੋਸ਼ੀ ਛਾਈ ਹੋਈ ਸੀ ਆਖਰ ਬੋਲਣ ਵੀ ਤਾ ਕੀ? ਕੀ ਆਖੇ ਰੀਤ ਆਪਣੀ ਕੁੜੀ ਨੂੰ ਕੀ ਤੇਰੀ ਮਾ ਦੇ ਉਸੇ ਪਿੰਡ ਪੇਕੇ ਉਸੇ ਪਿੰਡ ਸੋਹਰੇ,,,,,,,,,।
Submitted By:- Sandeep Rajwalwala
ਇਕ ਲੜਕੀ ਜਿਸਦਾ ਮਾਂ ਬਾਪ ਨਹੀਂ ਸੀ।ਦਾਦਾ ਦਾਦੀ ਤੇ ਚਾਚੇ ਤਾਇਆਂ ਨੇ ਪੜਾ ਲਿਖਾ ਕੇ ਹਰ ਚਾ ਪੂਰੇ ਕੀਤੇ। ਵੱਡੀ ਹੋਈ ਵਿਆਹ ਕੀਤਾ।ਚੰਗਾ ਪਰਵਾਰ ਮਿਲਿਆ। ਪਤੀ ਫੋਜੀ ਸੀ । ਪਰਵਾਰ ਵਿੱਚ ਸੱਸ ਸਹੁਰਾ ਜੇਠ ਜਠਾਣੀ ਤੇ ਦਿਓਰ ਸੀ । ਸਹੁਰਾ ਪਰਿਵਾਰ ਨੇ ਕਦੇ ਮਾ ਬਾਪ ਦੀ ਕਮੀਂ ਮਹਿਸੂਸ ਨਹੀਂ ਹੋਣ ਦਿੱਤੀ। ਪਰਵਾਰ ਵਿੱਚ ਘੁਲ ਮਿਲ ਗਈ। ਤੇ ਫਿਰ ਉਸਦੇ ਘਰ ਮੁੰਡੇ ਨੇ ਜਨਮ ਲਿਆ। ਸਾਰੇ ਬਹੁਤ ਖੁਸ਼ ਸੀ। ਪਰ ਕੁਝ ਸਮੇਂ ਬਾਅਦ ਉਹ ਚਾਚੀ ਦੀਆ ਗੱਲਾ ਵਿਚ ਆ ਕੇ ਆਪਣੇ ਪਤੀ ਨੂੰ ਬੁਰਾ ਸਮਝਣ ਲੱਗੀ । ਚਾਚੀ ਨਾਲ ਰਲ ਕੇ ਉਸਨੂੰ ਛੱਡਣ ਦੀ ਸਕੀਮ ਬਣਾਉਣ ਲੱਗੀ । ਪਤੀ ਦੇ ਡਿਊਟੀ ਤੇ ਜਾਂਦਿਆ ਹੀ ਚਾਚੀ ਕੋਲ ਚਲੇ ਜਾਂਦੀ। ਤੇ ਹਰ ਟਾਇਮ ਫੋਨ ਤੇ ਪਤਾ ਨੀ ਕਿਹਦੇ ਨਾਲ ਗ਼ਲਾ ਕਰਦੀ ਰਹਿੰਦੀ। IELTS ਲਈ ਰੋਜ ਸ਼ਹਿਰ ਜਾਣ ਲੱਗੀ । ਪਤੀ ਤੋਂ ਪੈਸੇ ਮੰਗਵੋਂਦੀ । ਸ਼ਹਰ ਕਿਸੇ ਹੋਰ ਨੂੰ ਮਿਲਦੀ ਰਹੀ ਏਨਾ ਚੰਗਾ ਪਤੀ ਹੋਣ ਦੇ ਬਾਵਜੂਦ ਵੀ। ਤੇ ਫਿਰ ਜਦੋਂ ਫੌਜੀ ਨੇ ਛੁੱਟੀ ਓਨਾ ਘਰੇ ਲੜਾਈ ਰਹਿਣ ਲੱਗੀ। ਤੇ ਇਕ ਦਿਨ ਚਾਚਾ ਚਾਚੀ ਆਏ ਤੇ ਕੁੜੀ ਨੂੰ ਆਪਣੇ ਨਾਲ ਲੇ ਗਏ। ਤੇ ਤਲਾਕ ਦੀ ਮੰਗ ਕਰਨ ਲਗੇ। ਓ ਚਾਹੁੰਦੇ ਸਨ ਕਿ ਓਹਨਾ ਨੂ ਬਸ ਮਹੀਨੇ ਬਾਅਦ ਫੋਜੀ ਦੀ ਤਨਖਾਹ ਮਿਲਦੀ ਰਹੇ ਬਸ।
To Be Continue…..
Submitted By:- K Sandhu
ਬਾਈਪਾਸ ਲੁਧਿਆਣਾ ਜਲੰਧਰ……ਬੱਸ ਗੋਬਿੰਦਗੜ੍ਹ ਅੱਡੇ ਤੇ ਆ ਕੇ ਰੁਕੀ ਤੇ ਕਿਰਨ ਬੱਸ ਵਿੱਚ ਬੈਠ ਗਿਆ ਅਤੇ ਉਸਦੇ ਨਾਲ ਹੀ ਇੱਕ ਬਹੁਤ ਹੀ ਪੜੀ ਲਿਖੀ ਲੱਗਦੀ ਕੁੜੀ ਆ ਕੇ ਬੈਠ ਗਈ ਜੋ ਕਿ ਬੱਸ ਦੇ ਆਉਣ ਤੋਂ ਪਹਿਲਾਂ ਕਿਰਨ ਦੇ ਸਾਹਮਣੇ ਖੜੀ ਬੱਸ ਦਾ ਹੀ ਇੰਤਜਾਰ ਕਰ ਰਹੀ ਸੀ।
ਬੱਸ ਵਿੱਚ ਬੈਠਦਿਆਂ ਹੀ ਕੁੜੀ ਨੇ ਅਪਣੇ ਬੈਗ ਵਿੱਚੋਂ ਇੱਕ ਰਸਾਲਾ ਕੱਢਿਆ ਤੇ ਪੜਨਾ ਸ਼ੁਰੂ ਕਰ ਦਿੱਤਾ। ਅਚਾਨਕ ਹੀ ਕਿਰਨ ਦੀ ਨਿਗ੍ਹਾ ਉਸ ਰਸਾਲੇ ਵਿੱਚ ਛਪੀ ਅਪਣੀ ਹੀ ਕਹਾਣੀ ਤੇ ਪਈ ਤੇ ਸੰਯੋਗ ਨਾਲ ਓਹ ਕੁੜੀ ਵੀ ਓਹੋ ਹੀ ਕਹਾਣੀ ਪੜ ਰਹੀ ਸੀ। ਇਹ ਦੇਖਕੇ ਕਿਰਨ ਨੂੰ ਬਹੁਤ ਖੁਸ਼ੀ ਹੋਈ ਕੇ ਕੁੜੀ ਉਸਦੀ ਲਿਖੀ ਕਹਾਣੀ ਪੜ ਰਹੀ ਹੈ ਤੇ ਨਾਲ ਹੀ ਓਹ ਸੋਚਣ ਲੱਗਾ ਕਿ ਕਾਸ਼ ਮੈਂ ਇਸਨੂੰ ਦੱਸ ਦੇਵਾਂ ਕੇ ਜੋ ਕਹਾਣੀ ਓਹ ਪੜ ਰਹੀ ਹੈ ਉਸਦਾ ਲੇਖਕ ਮੈਂ ਹਾਂ ਤਾਂ ਇਸਦੀ ਨਜਰ ਚ‘ ਮੇਰਾ ਆਹੁਦਾ ਕਿੰਨਾ ਊੱਚਾ ਹੋ ਜਾਏਗਾ। ਪਰ ਓਹ ਕਹਾਵਤ ਕੇਹੜਾ ਝੂਠੀ ਆ ਕਿ “ਮੇਰੇ ਮਨੁ ਕਛੁ ਔਰ, ਵਿਧਾਤਾ ਕੇ ਕਛੁ ਔਰ” ਉਸਨੂੰ ਸੋਚਦੇ ਹੋਏ ਪਤਾ ਹੀ ਨਾ ਲੱਗਾ ਕਿ ਕਦੋਂ ਉਸਦਾ ਪੈਰ ਉਸ ਕੁੜੀ ਦੇ ਪੈਰ ਨਾਲ ਟਕਰਾ ਕੇ ਪਿੱਛਾਂਹ ਹੱਟ ਗਿਆ ਤੇ ਕਿਰਨ ਦੇ ਬੋਲਣੋਂ ਪਹਿਲਾਂ ਹੀ ਕੁੜੀ ਨੇ ਲਾਲ ਪੀਲੀਆਂ ਜਿਹੀਆਂ ਅੱਖਾਂ ਦੀ ਘੂਰੀ ਵੱਟ ਕੇ ਉਸਨੂੰ ਨੀਵੀਂ ਪਾਉਣ ਲਈ ਮਜਬੂਰ ਕਰ ਦਿੱਤਾ।
ਨੀਵੀਂ ਪਾ ਕੇ ਕਿਰਨ ਸੋਚਣ ਲੱਗਾ ਕਿ ਸ਼ਾਇਦ ਓਹ ਕੁੜੀ ਉਸਨੂੰ ਇਹ ਕਹਿ ਰਹੀ ਸੀ ਕੇ ਇਸ ਕਹਾਣੀ ਦੇ ਲੇਖਕ ਦੇ ਵਿਚਾਰ ਤੇਰੀਆਂ ਹਰਕੱਤਾਂ ਨਾਲੋ ਕਿਤੇ ਜਿਆਦਾ ਵਧੀਆ ਨੇ ਤੇ ਤੂੰ ਤਾਂ ਓਹਦੇ ਪੈਰਾਂ ਵਰਗਾ ਵੀ ਨਹੀ? ਤੇਰਾ ਤੇ ਓਸਦਾ ਕਿੰਨਾ “ਫਰਕ” ਐ।
ਇਹ ਸੋਚਦੇ ਹੋਏ ਉਸਦੇ ਦਿਲ ਦੀ ਦਿਲ ਵਿੱਚ ਹੀ ਰਹਿ ਗਈ ਅਤੇ ਕੰਡੱਕਟਰ ਨੇ ਆ ਕੇ ਉਸਦੇ ਸੁਫਨਿਆਂ ਦੀ ਲੜੀ ਤੋੜ ਦਿੱਤੀ।
“ਹਾਂਜੀ ਬਾਈ ਜੀ, ਕਿੱਥੇ ਜਾਣੈਂ ?
ਕਿਰਨ ਨੇ ਹੱਥ ਵਿੱਚ ਫੜੇ ਚਾਰ ਰੁਪਏ ਉਸਨੂੰ ਫੜਾ ਦਿੱਤੇ ਬਾਹਰ ਵੱਲ ਨੂੰ ਝਾਕਿਆ, ਬੱਸ ਉਸਦੇ ਅੱਡੇ ਤੇ ਖੜੀ ਸੀ ਤੇ ਓਹ ਫਟਾਫਟ ਬੱਸ ਵਿੱਚੋਂ ਉੱਤਰਿਆ ਅਤੇ ਬੱਸ ਸਟੈਂਡ ਵਿੱਚੋਂ ਨਿੱਕਲਕੇ ਕਾਫੀ ਦੂਰ ਜਾਣ ਤੱਕ ਬੱਸ ਚ’ ਬੈਠੀ ਓਸ ਕੁੜੀ ਨੂੰ ਪਿਛਾਂਹ ਮੁੜ ਕੇ ਦੇਖਦਾ ਰਿਹਾ। ਬੱਸ ਸਟੈਂਡ ਓਹਲੇ ਹੋਣ ਮਗਰੋਂ ਉਸਨੂੰ ਇੰਝ ਲੱਗਾ ਜਿਵੇਂ ਕਾਲੇ ਬੱਦਲਾਂ ਨੇ ਆ ਕੇ ਚੰਨ ਨੂੰ ਲੁਕੋ ਲਿਆ ਹੋਵੇ। ਕੁੱਝ ਪਲਾਂ ਬਾਅਦ ਹੀ ਕਿਰਨ ਅਪਣੇ ਆਫਿੱਸ ਪੁੱਜ ਗਿਆ ਤੇ ਮੁੜ ਕਦੇ ਵੀ ਕਿਤੇ ਵੀ ਓਸ ਕੁੜੀ ਨੂੰ ਨਾ ਮਿਲ ਪਾਇਆ।
ਸੁੱਖਵਿੰਦਰ ਸਿੰਘ ਵਾਲੀਆ
+91-8699488504
ਵੱਟਸਐਪ ਨੰਬਰ
ਕੁਝ ਯਾਦਾਂ ਅਜਿਹੀਆਂ ਹੁੰਦੀਆਂ ਨੇ , ਜੋ ਉਮਰ ਭਰ ਜ਼ਿਹਨ ਵਿੱਚ ਤਾਜਾ ਰਹਿੰਦੀਆਂ ਨੇ । ਜਦੋਂ ਅਸੀਂ ਕੈਮਰੇ ਨਾਲ ਤਸਵੀਰਾਂ ਲੈਂਦੇ ਹਾਂ ਤਾਂ ਬਾਅਦ ਵਿੱਚ ਦੇਖਣ ਵਾਲੇ ਨੂੰ ਸਿਰਫ ਤਸਵੀਰ ਈ ਦਿਖਾਈ ਦੇਂਦੀ ਏ, ਪਰ ਤਸਵੀਰ ਖਿੱਚਣ ਵਾਲੇ ਨੂੰ ਓਸ ਤਸਵੀਰ ਨਾਲ ਜੁੜਿਆ ਹੋਰ ਕਈ ਕੁਝ ਯਾਦ ਰਹਿੰਦਾ ਏ ਜੋ ਯਾਦਾਂ ਵਿੱਚ ਜੁੜਿਆ ਰਹਿੰਦਾ ਏ। ਹੇਠਲੀ ਤਸਵੀਰ ਮੈ 2010 ਵਿੱਚ ਖਿੱਚੀ ਸੀ , ਜਦ ਮੈਂ ਫਰਾਂਸ ਰਹਿੰਦਾ ਸੀ। ਪੈਰਿਸ ਤੋਂ ਕੋਈ ਸੱਠ੍ਹ ਕੁ ਕਿਲੋਮੀਟਰ ਦੂਰ ਇੱਕ ਖ਼ੂਬਸੂਰਤ ਪਿੰਡ ਸੀ , ਨਾਮ ਸੀ ਗਾਰਜੌਵੀਲ ।ਜਿੱਥੇ ਅਸੀਂ ਕੰਮ ਕਰਦੇ ਸੀ , ਓਥੇ ਵਿਰਲੀ ਜਿਹੀ ਵਸੋਂ ਸੀ, ਸਰ੍ਹੋਂ ਅਤੇ ਕਣਕ ਦੇ ਖੇਤ ਕਿਸੇ ਸਵਰਗ ਦਾ ਨਜ਼ਾਰਾ ਪੇਸ਼ ਕਰਦੇ ਸਨ । ਸਾਡੇ ਕੰਮ ਕਰਨ ਵਾਲੀ ਸਾਈਟ ਜਿਸਨੂੰ ਫਰੈੰਚ ਵਿੱਚ ਸ਼ਾਂਤੀਏ ਕਹਿੰਦੇ ਨੇ ,ਦੇ ਨਾਲ ਲੱਗਦਾ ਇੱਕ ਸੋਹਣਾ ਜਿਹਾ ਘਰ ਸੀ । ਉਸ ਘਰ ਵਿੱਚ ਕੁੱਲ ਤਿੰਨ ਵਿਅਕਤੀ ਰਹਿੰਦੇ ਸਨ ,ਇੱਕ ਪਚਵੰਜਾ ਕੁ ਸਾਲ ਦੀ ਖ਼ੂਬਸੂਰਤ ਔਰਤ ਅਤੇ ਦੋ ਆਦਮੀ ,ਕਰੀਬ ਸੱਠ੍ਹਾਂ ਬਾਹਠਾਂ ਕੁ ਦੀ ਉਮਰ ਦੇ ।ਇੱਕ ਆਦਮੀ ਖੇਤੀ ਕਰਦਾ ਸੀ, ਜਦ ਵਿਹਲਾ ਹੁੰਦਾ ਤਾਂ ਘਰ ਦੇ ਪਿਛਵਾੜੇ ਬਗ਼ੀਚੇ ਵਿੱਚ ਕੰਮ ਕਰਦਾ ਸੀ । ਦੂਜਾ ਵਿਅਕਤੀ ਕਿਸੇ ਦੁਰਘਟਨਾ ਕਾਰਨ ਕੰਮ ਕਰਨ ਤੋਂ ਅਸਮਰੱਥ ਸੀ ,ਹਮੇਸ਼ਾਂ ਵੀਲ ਚੇਅਰ ਤੇ ਹੀ ਹੁੰਦਾ ਸੀ ।ਉਸ ਘਰ ਦਾ ਬਗ਼ੀਚਾ ਐਨਾ ਕੁ ਸੰਵਾਰਿਆ ਹੁੰਦਾ ਸੀ ਕਿ ਦਿਲ ਕਰਦਾ ਸੀ ,ਬਸ ਦੇਖੀ ਜਾਈਏ ।ਮਜਾਲ ਐ ਕਦੇ ਇੱਕ ਤੀਲਾ ਵੀ ਫਾਲਤੂ ਖਿੱਲਰਿਆ ਹੋਵੇ । ਮਿਰਚਾਂ , ਟਮਾਟਰ, ਸ਼ਿਮਲਾ ਮਿਰਚਾਂ ਤੇ ਹੋਰ ਮੌਸਮੀ ਸਬਜ਼ੀਆਂ ਫੀਤੇ ਨਾਲ ਮਿਣਕੇ ਬਰਾਬਰ ਫ਼ਾਸਲੇ ਤੇ ਲਾਈਆਂ ਹੋਈਆਂ ਅਤੇ ਸੁਪੋਟਾਂ ਨਾਲ ਸਹਾਰਾ ਦੇ ਕੇ ਸੱਜਾਈਆਂ ਹੋਈਆਂ ਸਨ । ਬਗ਼ੀਚੇ ਨੂੰ ਪਾਣੀ ਦੇਣ ਦਾ ਪ੍ਰਬੰਧ ਬਰਸਾਤੀ ਪਾਣੀ ਨੂੰ ਵੱਡੀ ਟੈਂਕੀ ਵਿੱਚ ਭੰਡਾਰ ਕਰਕੇ ਅੱਗੇ ਟੂਟੀ ਲਾ ਕੇ ਬੜੇ ਈ ਸਲੀਕੇ ਨਾਲ ਕੀਤਾ ਹੋਇਆ ਸੀ । ਘਰ ਵਿੱਚ ਰਹਿਣ ਵਾਲੇ ਤਿੰਨੇ ਜੀਅ ਇੱਕ ਦੂਜੇ ਨਾਲ ਬੇਹੱਦ ਪਿਆਰ ਇਤਫਾਕ ਨਾਲ ਰਹਿੰਦੇ ਸਨ , ਆਪਣੀ ਦੁਨੀਆਂ ਵਿੱਚ ਮਸਤ ਪਰ ਇੱਕ ਦੂਜੇ ਪ੍ਰਤੀ ਸਮਰਪਿਤ ।
ਇੱਕ ਦਿਨ ਓਹਨਾ ਵਿੱਚੋਂ ਇੱਕ ਵਿਅਕਤੀ ਜੋ ਵੀਲ ਚੇਅਰ ਤੇ ਸੀ , ਓਹਦੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ,ਜੋ ਉਸਨੇ ਦੱਸਿਆ, ਸੁਣਕੇ ਉਸ ਪਰੀਵਾਰ ਬਾਰੇ ਜਾਣਕੇ ਮਨ ਵਿਸਮਾਦ ਨਾਲ ਭਰ ਗਿਆ।
ਉਹਨੇ ਆਪਣਾ ਨਾਮ ਜੋਜ਼ੇ , ਉਸ ਔਰਤ ਦਾ ਨਾਮ ਲੀਜ਼ਾ ਅਤੇ ਦੂਜੇ ਆਦਮੀ ਦਾ ਨਾਮ ਦਾਵਿਦ ਦੱਸਿਆ । ਉਹਨੇ ਦੱਸਿਆ ਕਿ ਉਸਦਾ ਵਿਆਹ 38 ਸਾਲ ਦੀ ਉਮਰ ਚ ਲੀਜ਼ਾ ਨਾਲ ਹੋਇਆ ਸੀ , ਬੱਚਾ ਕੋਈ ਨਹੀਂ ਸੀ । 42 ਸਾਲ ਦੀ ਉਮਰ ਵਿੱਚ ਉਸਦਾ ਰੋਡ ਐਕਸੀਡੈਂਟ ਹੋਇਆ ਫਲਸਰੂਪ ਉਹਦੀਆਂ ਨਸਾਂ ਫਿੱਸ ਗਈਆਂ , ਹੇਠਲਾ ਧੜ ਨਕਾਰਾ ਹੋ ਗਿਆ । ਉਸਦੀ ਪਤਨੀ ਨੇ ਓਹਦੀ ਬਹੁਤ ਸੰਭਾਲ਼ ਕੀਤੀ , ਜਾਨ ਤਾਂ ਬਚ ਗਈ ਪਰ ਪੀੜਾਦਾਇਕ ਅਪੰਗਤਾ ਪੱਲੇ ਪੈ ਗਈ , ਸੈਕਸੁਅਲੀ ਹਮੇਸ਼ਾਂ ਲਈ ਨਕਾਰਾ ਹੋ ਗਿਆ । ਸਰਕਾਰੀ ਭੱਤਾ , ਪੈਨਸ਼ਨ ਵੀ ਲੱਗ ਗਈ, ਚਾਹੁੰਦਾ ਤਾਂ ਸਰਕਾਰੀ ਸੰਭਾਲ਼ ਕੇਂਦਰ ਚ ਚਲਾ ਜਾਂਦਾ ਪਰ ਉਸਦੀ ਪਤਨੀ ਨੇ ਖ਼ੁਦ ਸੰਭਾਲ਼ ਕਰਨ ਦਾ ਤਹੱਈਆ ਕਰ ਲਿਆ ।ਜ਼ਿੰਦਗੀ ਜਿਵੇਂ ਕਿਵੇਂ ਰਿੜ੍ਹ ਪਈ । ਪਰ ਉਸ ਤੋਂ ਆਪਣੀ ਪਤਨੀ ਦਾ ਇਕੱਲ੍ਹਾਪਨ ਝੱਲਿਆ ਨਹੀ ਸੀ ਜਾਂਦਾ ।ਸੋ ਉਸਨੇ ਲੀਜ਼ਾ ਨੂੰ ਕਿਹਾ ਕਿ ਆਪਣਾ ਘਰ ਵਸਾ ਲਵੇ , ਪਹਾੜ ਜਿੱਡੀ ਜ਼ਿੰਦਗੀ ਇੱਕ ਅਪੰਗ ਬੰਦੇ ਨਾਲ ਕਿਵੇਂ ਗੁਜ਼ਾਰੇਂਗੀ , ਜੋ ਉਸਨੂੰ ਕੋਈ ਵੀ ਸੁਖ ਦੇਣ ਦੇ ਅਸਮਰਥ ਏ । ਪਰ ਲੀਜ਼ਾ ਨੇ ਨਾਂਹ ਵਿੱਚ ਸਿਰ ਫੇਰ ਦਿੱਤਾ । ਫਿਰ ਦੋ ਕੁ ਸਾਲ ਬਾਅਦ ਉਸਨੂੰ ਦਾਵਿਦ ਮਿਲਿਆ ਜਿਸਦੀ ਪਤਨੀ ਕੈਂਸਰ ਕਾਰਨ ਗੁਜ਼ਰ ਗਈ ਸੀ ।ਜੋਜ਼ੇ ਨੇ ਦਾਵਿਦ ਨਾਲ ਗੱਲ ਕੀਤੀ ਤੇ ਫਿਰ ਲੀਜ਼ਾ ਨੂੰ ਫ਼ਰਿਆਦ ਕੀਤੀ ਕਿ ਦਾਵਿਦ ਨਾਲ ਗ਼੍ਰਹਿਸਥੀ ਵਸਾ ਲਵੇ । ਕਈ ਦਿਨਾਂ ਦੀ ਕਸ਼ਮਕਸ਼ ਤੋਂ ਬਾਅਦ ਲੀਜ਼ਾ ਏਸ ਸ਼ਰਤ ਤੇ ਰਾਜ਼ੀ ਹੋਈ ਕਿ ਉਹ ਦਾਵਿਦ ਨਾਲ ਤਾਂ ਰਹੇਗੀ ਅਗਰ ਜੋਜ਼ੇ ਵੀ ਨਾਲ ਈ ਰਹੇ। ਦਾਵਿਦ ਵੀ ਨੇਕ ਰੂਹ ਇਨਸਾਨ ਸੀ , ਓਹ ਵੀ ਇਵੇਂ ਹੀ ਰਹਿਣ ਨੂੰ ਮੰਨ ਗਿਆ । ਤੇ ਉਸਤੋਂ ਬਾਅਦ ਓਹ ਤਿੰਨੇ ਇਕੱਠੇ ਜ਼ਿੰਦਗੀ ਬਸਰ ਕਰ ਰਹੇ ਨੇ,ਇੱਕ ਦੂਜੇ ਦੇ ਸਹਾਰੇ ਬਣਕੇ , ਹਮਸਾਏ ਬਣਕੇ । ਅਗਰ ਦਾਵਿਦ ਟਰੈਕਟਰ ਵਾਹੁੰਦਾ ਹੁੰਦਾ ਤਾਂ ਜੋਜ਼ੇ ਬੈਟਰੀ ਚਾਲਿਤ ਵੀਲ ਚੇਅਰ ਤੇ ਬਾਹਰ ਬੈਠਾ ਹੁੰਦਾ ।ਕਦੀ ਕਦੀ ਤਿੰਨੇ ਈ ਬਗ਼ੀਚੇ ਵਿੱਚ ਹੱਸਦੇ ਦਿਖਾਈ ਦੇਂਦੇ । ਓਹਨਾ ਦੀ ਆਪਸੀ ਸੂਝ-ਬੂਝ ਅਤੇ ਇੱਕ ਦੂਜੇ ਦਾ ਖਿਆਲ ਰੱਖਣ ਦੀ ਸੱਚੀ ਭਾਵਨਾ ਵੇਖਕੇ ਦਿਲ ਗਦ-ਗਦ ਹੋ ਜਾਂਦਾ ।
ਅੱਜ ਫਰਾਂਸ ਛੱਡ ਕੇ ਆਇਆਂ ਨੂੰ ਵੀ ਨੌਂ ਸਾਲ ਹੋ ਚਲੇ ਨੇ । ਪਰ ਹੁਣ ਵੀ ਜਦ ਜੋਜ਼ੇ,ਲੀਜ਼ਾ,ਦਾਵਿਦ ਦੀ ਪਿਆਰੀ ਤਿੱਕੜੀ ਦਾ ਚੇਤਾ ਆਉਂਦਾ ਏ ਤਾਂ ਦਿਲ ਚੋਂ ਅਰਦਾਸ ਈ ਨਿਕਲਦੀ ਏ ਕਿ ਐ ਖੁਦਾ , ਓਹਨਾਂ ਨੇਕ ਬਖ਼ਤ ਇਨਸਾਨਾਂ ਨੂੰ ਹੋਰ ਨਵਾਂ ਸਦਮਾ ਨਾ ਦੇਵੀਂ , ਭਰਪੂਰ ਜ਼ਿੰਦਗੀ ਜਿਉਣ ਨੂੰ ਦੇਵੀਂ ਓਹਨਾਂ ਦੇਵਤਾ ਰੂਹਾਂ ਨੂੰ ।
ਦਵਿੰਦਰ ਸਿੰਘ ਜੌਹਲ
ਮੇਰਾ ਬੇਟਾ ਤੇ ਮੈਂ ਕੰਮ ਦੇ ਸਿਲਸਿਲੇ ਵਿੱਚ ਕਿਤੇ ਬਾਹਰ ਸੀ ,ਕੋਲ ਪਾਰਕ ਵਿੱਚ ਕੁਝ ਛੋਟੇ ਬੱਚੇ ਖੇਡ ਰਹੇ ਸਨ ।ਉਹ ਖੇਡਦੇ ਹੋਏ ਬੜੀ ਉੱਚੀ ਉੱਚੀ ਚੀਕਾਂ ਮਾਰ ਰਹੇ ਸਨ ।ਕਈਆਂ ਦੇ ਚਿਹਰੇ ਸੇਬ ਵਾਂਗ ਲਾਲ ਹੋਏ ਪਏ ਸਨ ।ਮੇਰਾ ਬੇਟਾ,ਜੋ ਕਿ ਬਹੁਤ ਸ਼ਾਂਤੀ ਪਸੰਦ ਐ,ਚੀਕ ਚਿਹਾੜਾ ਬਿਲਕੁਲ ਈ ਪਸੰਦ ਨਹੀਂ ਕਰਦਾ ,ਬੱਚਿਆਂ ਦੇ ਇਸ ਸ਼ੋਰ ਤੋੰ ਥੋੜ੍ਹਾ ਪ੍ਰੇਸ਼ਾਨ ਹੋ ਗਿਆ ।ਕਹਿੰਦਾ ਕਿ ਇਹਨਾਂ ਦੀਆਂ ਸ਼ਕਲਾਂ ਤਾਂ ਬਹੁਤ ਸੋਹਣੀਆਂ ਨੇ ਪਰ ਜਦ ਸ਼ੋਰ ਪਾਉਂਦੇ ਨੇ ਤਾਂ ਬਹੁਤ ਬੁਰੇ ਲੱਗਦੇ ਨੇ।
ਮੈਂ ਉਸਨੂੰ ਕਿਹਾ ਕਿ ਬੇਟਾ,ਅਗਰ ਇਹ ਬੱਚੇ ਏਸ ਉਮਰੇ ਸ਼ੋਰ ਨਹੀਂ ਕਰਨਗੇ ਤਾਂ ਫਿਰ ਕਦੋਂ ਕਰਨਗੇ ?
ਇਹੀ ਤਾਂ ਉਮਰ ਐ ਜਿਵੇਂ ਮਰਜੀ ਅੰਦਰਲਾ ਗੁਬਾਰ ਕੱਢ ਸੁੱਟਣ ਦੀ ।ਅੰਦਰਲਾ ਸ਼ੋਰ ਬਾਹਰ ਆਏਗਾ ਤਾਂ ਈ ਅੰਦਰ ਸ਼ਾਂਤੀ ,ਖੁਸ਼ੀ ਲਈ ਯਗ੍ਹਾ ਬਣੇਗੀ ,ਬਚਪਨਾ ਕਾਇਮ ਰਹੇਗਾ।ਇਹੀ ਤਾਂ ਫਰਕ ਹੁੰਦਾ ਬੱਚੇ ਅਤੇ ਬੰਦੇ ਦਾ ।
ਦਰ ਅਸਲ ਜਿੰਦਗੀ ਦਾ ਇਹ ਬਹੁਤ ਵੱਡਾ ਸੱਚ ਐ ,ਇਨਸਾਨ ਤੇ ਜਿਵੇਂ ਜਿਵੇਂ ਬਾਹਰੀ ਬੋਝ ਵਧਦਾ ਏ ,ਉਹ ਤਿਵੇਂ ਤਿਵੇਂ ਅੰਦਰੋਂ ਅਸ਼ਾਂਤ ਹੋ ਜਾਂਦਾ ਏ ਪਰ ਬਾਹਰੋਂ ਚੁੱਪ ਦਿਖਾਈ ਦੇਂਦਾ ਏ ।
ਸਭ ਤੋਂ ਵੱਡਾ ਰੋਗ ,ਕੀ ਕਹਿਣਗੇ ਲੋਕ।
ਲੋਕ ਲਾਜ ,ਇਨਸਾਨ ਦੀ ਮੌਲਿਕਤਾ ਖੋਹ ਕੇ ਉਸਨੂੰ ਇੱਕ ਢਾਂਚੇ ਵਿੱਚ ਬੰਦ ਹੋਣ ਨੂੰ ਮਜਬੂਰ ਕਰ ਦੇਂਦੀ ਐ ।ਕਈ ਵਾਰ ਇਨਸਾਨ ਦਾ ਇਸ ਢਾਂਚੇ ਵਿੱਚ ਦਮ ਘੁੱਟਦਾ ਏ ,ਜਾਪਦਾ ਜਿਵੇਂ ਉਹ ਇੱਕ ਬਹੁਤ ਵੱਡੀ ਚੀਕ ਆਪਣੇ ਸੀਨੇ ਵਿੱਚ ਦੱਬੀ ਫਿਰਦਾ ਏ,ਇੱਕ ਸ਼ੂਕਦਾ ਤੂਫਾਨ ਘੁੱਟੀ ਬੈਠਾ ਏ ।ਏਸੇ ਘੁਟਣ ਨੂੰ ਖਾਰਜ ਕਰਨ ਲਈ ਕਈ ਵਾਰ ਨੈਣਾਂ ਦੀ ਗੰਗਾ ਵਹਿ ਤੁਰਦੀ ਏ ,ਕਈ ਸ਼ਰਾਬ ਦੇ ਨਸ਼ੇ ਵਿੱਚ ਆਪਣਾ ਗਰਦੋ ਗੁਬਾਰ ਹਲਕਾ ਕਰਦੇ ਨੇ ।ਕਈ ਇਨਸਾਨ ਏਸੇ ਦਬਾਅ ਨੂੰ ,ਬੋਝ ਨੂੰ ਹਲਕਾ ਨਹੀਂ ਕਰ ਪਾਉਂਦੇ ਤਾਂ ਪਾਗਲਪਨ ਦੇ ਸ਼ਿਕਾਰ ਹੋ ਜਾਂਦੇ ਨੇ,ਉੱਚੀ ਉੱਚੀ ਰੌਲਾ ਪਾਉਂਦੇ ਨੇ ,ਸ਼ੱਰੇਆਮ,ਫਿਰ ਇਹੀ ਸਮਾਜ ਉਸ ਸ਼ੋਰ ਨੂੰ ਬਰਦਾਸ਼ਤ ਵੀ ਕਰਦਾ ਐ ,ਪ੍ਰਵਾਨ ਵੀ ਕਰਦੈ ,ਇਹ ਕਹਿਕੇ ਕਿ ਇਸ ਵਿਚਾਰੇ ਦਾ ਕੋਈ ਦੋਸ਼ ਨਹੀਂ ,ਪਾਗਲ ਦਾ ਕੀ ਕਸੂਰ ।
ਪਰ ਸ਼ਾਇਦ ਥੋੜ੍ਹੇ ਬਹੁਤ ਪਾਗਲਪਨ ਦਾ ਸ਼ਿਕਾਰ ਤਾਂ ਅਸੀਂ ਸਾਰੇ ਈ ਆਂ ।ਬਾਹਰੋਂ ਸ਼ਾਂਤ ਦਿਖਾਈ ਦੇਂਦੇ ਮਨੁੱਖ ਦੇ ਧੁਰ ਅੰਦਰ ,ਮਨ ਵਿੱਚ ਪਤਾ ਨਹੀਂ ਕੀ ਕੀ ਜਵਾਰ ਭਾਟੇ ਚੱਲਦੇ ਨੇ ,ਵਾਰਤਾਲਾਪ ਚੱਲਦੀ ਐ ,ਅਗਰ ਇਹੀ ਵਾਰਤਾਲਾਪ ਸ਼ਰੇਆਮ ਬਾਹਰ ਆ ਜਾਵੇ ਤਾਂ ਇਨਸਾਨ ਪਾਗਲ ਅਖਵਾਉਂਦਾ ਏ।
ਜਿੰਦਗੀ ਦਾ ਪੱਧਰ ਉੱਚਾ ਚੁੱਕਦਿਆਂ ਅਸੀਂ ਜੀਵਨਜਾਚ ਈ ਭੁੱਲ ਗਏ ਆਂ।ਸਿਹਤ ਗਵਾ ਕੇ ਪੈਸਾ ਕਮੌਂਦੇ ਆਂ ਫਿਰ ਪੈਸਾ ਲੁਟਾ ਕੇ ਸਿਹਤ ਲੱਭਣ ਦੀ ਕੋਸ਼ਿਸ਼ ਕਰਦੇ ਆਂ ।ਸਾਡੇ ਅੰਦਰਲਾ ਇਨਸਾਨ ਸਮੇਂ ਤੋਂ ਬਹੁਤ ਪਹਿਲਾਂ ਰੁੱਖਾ ਹੋ ਜਾਂਦਾ ਏ ਤੇ ਬੁੱਢਾ ਵੀ । ਅਸੀਂ ਕੰਮ ਕਰਦੇ ਹਾਂ ਜਾਂ ਆਰਾਮ ਕਰਦੇ ਆਂ,ਜਿੰਦਗੀ ਨੂੰ ਕਦੇ ਜੀਉੰਦੇ ਈ ਨਹੀਂ ,ਸਿਰਫ ਸਾਹ ਲੈਂਦੇ ਆਂ ।ਖੁਦ ਨਾਲ ਵਾਰਤਾਲਾਪ ਤਾਂ ਕਦੀ ਹੁੰਦੀ ਈ ਨਹੀਂ ,ਕੋਈ ਬੱਚਿਆਂ ਦੀ ਖੇਡ ਵਰਗੀ ਕਿਰਿਆ ਤਾਂ ਰਹਿ ਈ ਨਹੀਂ ਗਈ ।
ਆਪਣੇਚੌਗਿਰਦੇ ਨਿਗਾਹ ਮਾਰੀਏ ਤਾਂ ਸਿਰਫ ਓਹੀ ਇਨਸਾਨ ਤੰਦਰੁਸਤ ,ਸੰਤੁਸ਼ਟ ,ਖੁਸ਼ ਨਜਰ ਆਉਣਗੇ ਜਿੰਨ੍ਹਾਂ ਨੇ ਆਪਣੇ ਅੰਦਰਲੇ ਬਚਪਨੇ ਨੂੰ ਕਾਇਮ ਰੱਖਿਆ ਹੋਇਆ,ਲੋੜੋਂ ਵੱਧ ਸਿਆਣੇ ਹੋਣ ਦੇ ਭਰਮ ਤੋਂ ਬਚੇ ਹੋਏ ਨੇ ,ਜਿੰਦਗੀ ਦੇ ਉਤਰਾਅ ਚੜ੍ਹਾਅ ਨੂੰ ਵੀ ਬੱਚਿਆਂ ਦੀ ਖੇਡ ਈ ਸਮਝਦੇ ਨੇ।ਜਿੰਦਗੀ ,ਓਨੀ ਦੇਰ ਈ ਅਸਲ ਜਿੰਦਗੀ ਐ ਜਦ ਤੱਕ ਇਸ ਵਿੱਚ ਸ਼ਰਾਰਤਾਂ ਨੇ ,ਚੁਲਬੁਲਾਪਨ ਐ ।ਜਦ ਸ਼ਰਾਰਤਾਂ ,ਸਾਜਿਸ਼ਾਂ ਬਣ ਜਾਣ ਤਾਂ ਉਹ ਜਿੰਦਗੀ ਨਹੀਂ ,ਸਜਾ ਬਣ ਜਾਂਦੀ ਏ ।
ਦਵਿੰਦਰ ਸਿੰਘ ਜੌਹਲ
ਨਿੰਮਾ ਜਨਰਲ ਵਰਗ ਨਾਲ ਸੰਬੰਧਿਤ ਹੋਣ ਕਰਕੇ ਅਠੱਤੀ ਸਾਲ ਦੀ ਉਮਰ ਵਿੱਚ ਹੀ ਓਵਰੇਜ ਹੋ ਗਿਆ ਸੀ। ਉਹਦੀ ਮਿਹਨਤ ਨਾਲ ਕੀਤੀ ਸਾਰੀ ਪੜਾਈ ਤੇ ਪਾਣੀ ਫਿਰ ਗਿਆ ਸੀ ਤੇ ਉਹਦੇ ਬਾਪੂ ਦੀਆਂ ਉਮੀਦਾਂ ਤੇ ਬੂਰ ਨਹੀਂ ਪਿਆ ਸੀ। ਉਹਦਾ ਬਾਪੂ ਆਪ ਤਾਂ ਭਾਵੇਂ ਅਨਪੜ੍ਹ ਸੀ ਪਰ ਉਸਨੇ ਆਪਣੇ ਪੁੱਤ ਨਿੰਮੇ ਨੂੰ ਪੜਾਉਣ ਲਈ ਡਾਢੀ ਮਸ਼ੱਕਤ ਕੀਤੀ ਸੀ ਕਿਉਂਕਿ ਉਹਨਾਂ ਕੋਲ ਆਪਣੀ ਜੱਦੀ ਜ਼ਮੀਨ ਤਾਂ ਤਿੰਨ ਕਿੱਲੇ ਸੀ ਪਰ ਦਸ ਕਿੱਲੇ ਠੇਕੇ ਤੇ ਲੈ ਕੇ ਘਰ ਦਾ ਗੁਜ਼ਾਰਾ ਔਖੇ ਸੌਖੇ ਰੋੜੀ ਜਾਂਦੇ ਸੀ। ਉਹਦੇ ਬਾਪੂ ਨੇ ਆਪਣੇ ਨਿੰਮੇ ਪੁੱਤ ਨੂੰ ਖੇਤੀ ਦਾ ਕੰਮ ਬਿਲਕੁੱਲ ਵੀ ਨਹੀਂ ਕਰਵਾਇਆ ਸੀ ਤਾਂ ਕਿ ਨਿੰਮਾ ਪੜਾਈ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਜਾਵੇ ਤੇ ਕਿਸੇ ਸਰਕਾਰੀ ਨੌਕਰੀ ਤੇ ਲੱਗ ਜਾਵੇ ਪਰ ਜਦੋਂ ਨਿੰਮੇ ਦੇ ਬਾਪੂ ਨੂੰ ਓਹਦੇ ਓਵਰੇਜ ਹੋਣ ਭਾਵ ਨੌਕਰੀ ਲਈ ਅਪਲਾਈ ਨਾ ਕਰਨ ਦੀ ਅਸਮਰਥਤਾ ਬਾਰੇ ਪਤਾ ਲੱਗਿਆ ਤਾਂ ਓਹਦਾ ਦਮ ਘੁੱਟਣ ਲੱਗਿਆ। ਹੁਣ ਨਿੰਮਾ ਉਹਨਾਂ ਦੋ ਬੇੜੀਆਂ ਤੇ ਸਵਾਰ ਹੋ ਗਿਆ ਸੀ ਜਿਹੜੀਆਂ ਪਾਰ ਲਾਉਣ ਵਿੱਚ ਅਸਮਰਥ ਸਨ। ਹੁਣ ਵੱਡਾ ਹੋਣ ਕਾਰਨ ਨਾ ਤਾਂ ਉਹ ਖੇਤੀ ਕਰ ਸਕਦਾ ਸੀ ਕਿਉਂਕਿ ਉਹਦੀ ਰੁਚੀ ਖੇਤੀ ਕਰਨ ਵਿੱਚ ਨਹੀਂ ਸੀ। ਕੰਮ ਵੀ ਭਲਾਂ ਬੰਦਾ ਓਹੀ ਕਰ ਸਕਦਾ ਹੈ ਜੋ ਉਸਨੇ ਛੋਟੀ ਉਮਰ ਵਿੱਚ ਸਿੱਖਿਆ ਹੋਵੇ। ਨਿੰਮੇ ਦੀ ਸਰਕਾਰੀ ਨੌਕਰੀ ਲਈ ਅਯੋਗਤਾ ਕਰਕੇ ਓਹਦਾ ਬਾਪੂ ਵੀ ਡਾਢਾ ਨਿਰਾਸ਼ ਰਹਿਣ ਲੱਗ ਪਿਆ ਸੀ ਤੇ ਘਰ ਦੀ ਜਿੰਮੇਵਾਰੀ ਉਸ ਉੱਪਰ ਆ ਗਈ ਸੀ। ਜੇਕਰ ਉਹ ਪ੍ਰਾਈਵੇਟ ਨੌਕਰੀ ਵੀ ਕਰਦਾ ਸੀ ਤਾਂ ਪੰਜ ਸੱਤ ਹਜਾਰ ਤੋਂ ਵੱਧ ਪੈਸੇ ਮਿਲਣੇ ਨਹੀਂ ਸਨ ਤੇ ਇੰਨੇ ਮਹਿੰਗਾਈ ਦੇ ਯੁੱਗ ਵਿੱਚ ਐਨੇ ਥੋੜਿਆਂ ਪੈਸਿਆਂ ਨਾਲ ਗੁਜ਼ਾਰਾ ਹੋਣਾ ਮੁਸ਼ਕਲ ਸੀ। ਹੁਣ ਦੁਬਿਧਾ ਦੀ ਸਥਿਤੀ ਵਿੱਚ ਉਸਦੇ ਅੰਦਰ ਬਾਗੀ ਵਿਚਾਰ ਘਰ ਕਰ ਰਹੇ ਸਨ। ਉਹ ਸੋਚ ਰਿਹਾ ਸੀ ਕਿ ਜੇਕਰ ਉਹ ਅਠੱਤੀ ਸਾਲ ਦਾ ਅਯੋਗ ਕਰਾਰ ਹੋ ਸਕਦਾ ਹੈ ਤਾਂ ਸਾਡੇ ਦੇਸ ਦੇ ਸਾਰੇ ਨੇਤਾ ਵੀ ਅਯੋਗ ਹੋਣੇ ਚਾਹੀਦੇ ਹਨ ਜੋ ਬੁਢਾਪੇ ਵਿੱਚ ਵੀ ਦੇਸ ਦੀ ਵਾਗਡੋਰ ਸੰਭਾਲੀ ਬੈਠੇ ਹਨ। ਸਭ ਤੋਂ ਪਹਿਲੀ ਨਿਗਾ ਤਾਂ ਉਸਦੀ ਆਪਣੇ ਗੁਆਂਢ ਦੇ ਅੱਸੀ ਸਾਲਾਂ ਦੇ ਨਿਹਾਲੇ ਤੇ ਪਈ ਜੋ ਕਈ ਵਾਰੀ ਐਮ.ਐਲ. ਏ. ਤੇ ਦੋ ਵਾਰੀ ਕੈਬਨਿਟ ਮੰਤਰੀ ਬਣਿਆ ਸੀ। ਉਹ ਸੋਚਦਾ ਸੀ ਕਿ ਜੇਕਰ ਇੰਨਾਂ ਬੁੜਿਆਂ ਲਈ ਮੰਤਰੀ ਬਣਨ ਦੀ ਕੋਈ ਉਮਰ ਸੀਮਾ ਨਹੀਂ ਤਾਂ ਦੂਜਿਆਂ ਸਾਰਿਆਂ ਲਈ ਨੌਕਰੀ ਦੀ ਉਮਰ ਸੀਮਾ ਕਾਹਦੀ। ਇਹ ਸਾਡੇ ਨੇਤਾ ਸਿਵਿਆਂ ਵਿੱਚ ਪਏ ਮਰਨ ਤੱਕ ਵੀ ਆਪ ਕੁਰਸੀ ਨਹੀਂ ਛੱਡਦੇ ਤੇ ਨੌਜਵਾਨਾਂ ਨੂੰ ਆਪਣਾ ਹੁਨਰ ਵਰਤਣ ਤੋਂ ਵੀ ਬਾਂਝ ਕਰੀ ਜਾਂਦੇ ਨੇ। ਉਹ ਸੋਚਦਾ ਕਿ ਜੇ ਇਹ ਸਾਡੇ ਮਗਰੋਂ ਛੇਤੀ ਲਹਿਣ ਤਾਂ ਹੀ ਨੌਜਵਾਨਾਂ ਨੂੰ ਕੋਈ ਮੌਕਾ ਮਿਲੇ। ਨਾਲੇ ਇਹ ਜਿਹੜੀਆਂ ਚਾਰ ਪੰਜ ਪੈਨਸ਼ਨਾਂ ਲੈਂਦੇ ਹਨ, ਉਹਨਾਂ ਵਿੱਚ ਤਾਂ ਕਈ ਨੌਜਵਾਨ ਭਰਤੀ ਕੀਤੇ ਜਾ ਸਕਦੇ ਹਨ। ਪਰ ਅਫਸੋਸ ਸਾਡੇ ਦੇਸ ਵਿੱਚ ਕਿਸੇ ਦੀ ਕੋਈ ਸੁਣਦਾ ਵੀ ਨਹੀਂ ਹੈ। ਬੋਲਿਆਂ ਅੱਗੇ ਬੀਨ ਵਜਾਉਣ ਦਾ ਵੀ ਕੋਈ ਫਾਇਦਾ ਨਹੀਂ। ਇਹ ਤਾਂ ਉਹ ਗੱਲ ਹੈ ਕਿ ਅੰਨਾ ਵੰਡੇ ਰਿਉੜੀਆਂ ਮੁੜ-ਮੁੜ ਆਪਣਿਆਂ ਨੂੰ ਦੇ ਤੇ ਦੂਜਾ ਭਾਵੇਂ ਢੱਥੇ ਖੂਹ ਵਿੱਚ ਪਏ। ਉਹ ਨਿਰਾਸ ਹੋਇਆ ਸੋਚਦਾ ਹੈ ਕਿ ਇਹ ਕਾਣੀ ਵੰਡ ਭਾਵੇਂ ਸਾਨੂੰ ਤਾਂ ਲੈ ਹੀ ਡੁੱਬੀ ਹੈ ਪਰ ਇਹ ਸਾਡੇ ਆਉਣ ਵਾਲਿਆਂ ਬੱਚਿਆਂ ਦਾ ਵੀ ਭਵਿੱਖ ਵੀ ਜਰੂਰ ਤਬਾਹ ਕਰੇਗੀ।
ਸੋ ਦੋਸਤੋ, ਇਹ ਇੱਕ ਨਿੰਮੇ ਦੀ ਕਹਾਣੀ ਨਹੀਂ, ਸਗੋਂ ਉਸ ਵਰਗਿਆਂ ਅਨੇਕਾਂ ਦੀ ਦਾਸਤਾਨ ਹੈ ਜੋ ਮੱਧ ਵਰਗ ਨਾਲ ਸੰਬੰਧਤ ਰੱਖਦੇ ਹਨ ਭਾਵ ਥੋੜੀ ਪੂੰਜੀ ਦੇ ਮਾਲਕ ਹਨ। ਪਰ ਇਹਨਾਂ ਦਾ ਮੁਕਾਬਲਾ ਚੰਗੇ ਅਮੀਰਾਂ ਦੇ ਬੱਚਿਆਂ ਜੋ ਚੰਗੇ ਸ਼ਹਿਰੀ ਕਾਨਵੈਂਟ ਸਕੂਲਾਂ ਵਿੱਚ ਪੜਦੇ ਹਨ, ਉਹਨਾਂ ਬੱਚਿਆਂ ਨਾਲ ਹੁੰਦਾ ਹੈ। ਪਹਿਲਾਂ ਤਾਂ ਇਹ ਵਿਚਾਰੇ ਮਸਾਂ ਵੀਹ ਪੱਚੀ ਸਾਲ ਤੱਕ ਆਪਣੀ ਪੜ੍ਹਾਈ ਪੂਰੀ ਕਰਦੇ ਹਨ ਤੇ ਮਗਰੋਂ ਕਿਤੇ ਜਾ ਕੇ ਇੱਕ ਦੋ ਪ੍ਰਤੀਯੋਗਤਾ ਟੈਸਟ ਦਿੰਦੇ ਹਨ। ਜਦੋਂ ਨੂੰ ਕਿਤੇ ਇਹ ਪ੍ਰਤੀਯੋਗਤਾ ਟੈਸਟ ਦੇ ਨੇੜੇ ਪਹੁੰਚਦੇ ਹਨ, ਓਦੋਂ ਨੂੰ ਓਵਰੇਜ ਹੋ ਜਾਂਦੇ ਹਨ। ਸੋ ਦੁੱਖਦਾਈ ਗੱਲ ਇਹ ਹੈ ਕਿ ਜੇਕਰ ਇੰਨਾਂ ਨੂੰ ਉਮਰ ਵਿੱਚ ਛੋਟ ਨਹੀਂ ਤਾਂ ਸਾਡੇ ਨੇਤਾਵਾਂ ਲਈ ਵੀ ਉਮਰ ਦੇ ਕੋਈ ਨਾ ਕੋਈ ਮਾਪਦੰਡ ਹੋਣੇ ਚਾਹੀਦੇ ਹਨ। ਉਹ ਤਾਂ ਮਰਨ ਤੱਕ ਰਾਜ ਕਰੀ ਜਾਂਦੇ ਹਨ ਅਤੇ ਨਾਲੇ ਪੰਜ-ਛੇ ਪੈਨਸ਼ਨਾਂ ਲਈ ਜਾਦੇ ਹਨ। ਇਹ ਭੈੜੀਆਂ ਨੀਤੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਵੀ ਮਾਰੂ ਹੋਣਗੀਆਂ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ – 9464412761
ਇਸ ਸਮੇਂ ਸੋਸ਼ਲ ਮੀਡੀਆ ਦਾ ਚਲਨ ਹੋਣ ਕਾਰਣ ਕੋਈ ਵੀ ਕਿੱਥੇ ਬੈਠੇ ਹੋਏ ਵੀ ਟੀਕਾ ਟਿੱਪਣੀ ਕਰਨ ਲਈ ਤਿਆਰ ਹੈ।
ਇਸੇ ਤਰ੍ਹਾਂ ਹੀ ਸਾਡੇ ਨਾਲ ਵੀ ਇੱਕ ਵਾਕਿਆ ਹੋਇਆ ਜਿਸਨੇ ਮੈਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਅੱਜ ਸਾਡੀ ਕੌਮ ਐਸੀ ਜਗ੍ਹਾ ਤੇ ਖੜ੍ਹੀ ਹੈ ਜਿੱਥੇ ਅਸੀ ਆਪ ਨਾਲ ਆਪ ਲੜਦੇ ਪਏ ਹਾਂ।
ਗਲ ਇਸ ਤਰ੍ਹਾਂ ਹੋਈ ਕਿ ਭਰਾ ਦੇ ਇੱਕ ਫੇਸਬੁੱਕ ਮਿੱਤਰ ਨੇ ਪਟਿਆਲਾ ਵਿਖੇ ਹੋਏ ਨਿਹੰਗ ਸਿੰਘਾਂ ਦੇ ਮਾਮਲੇ ਤੇ ਕਮੈਂਟ ਕਰਦੇ ਹੋਏ ਲਿਖਿਆ ਕਿ ਸਿੱਖ ਧਰਮ ਸਾਡੇ ਦੇਸ਼ ਦਾ ਦੁਸ਼ਮਣ ਹੈ ਅਤੇ ਇਨ੍ਹਾਂ ਦੇ ਗੁਰੂਦਵਾਰੇ ਹਥਿਆਰਾਂ ਦੇ ਸਪਲਾਅਰ ਹਨ ਇਨ੍ਹਾਂ ਨੂੰ ਦੇਸ਼ ਤੋਂ ਬਾਹਰ ਕਢ ਦੇਣਾ ਚਾਹੀਦਾ ਹੈ। ਵੀਰ ਜੀ ਵੀ ਉੱਚੀ ਸੋਚ ਰੱਖਦੇ ਹਨ, ਉਨ੍ਹਾਂ ਉਸ ਮਿੱਤਰ ਨੂੰ ਸਮਝਾਇਆ ਕਿ ਬਿਨਾ ਪੂਰੀ ਗੱਲ ਬਾਤ ਜਾਣੇ ਕਿਸੇ ਦੇ ਧਰਮ ਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਅਤੇ ਸਿੱਖ ਧਰਮ ਤੇ ਬਣਿਆ ਹੀ ਮਨੁੱਖਤਾ ਦੀ ਭਲਾਈ ਲਈ ਹੈ।ਇਨ੍ਹਾਂ ਦੇ ਗੁਰੂਦੁਆਰਿਆ ਵਿਚ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਦਿੱਤਾ ਜਾਉਂਦਾ ਹੈ ਤੇ ਪ੍ਰੇਮ ਪਿਆਰ ਨਾਲ ਲੰਗਰ ਅਤੇ ਭਾਈਚਾਰੇ ਦਾ ਨਾ ਖਤਮ ਹੋਣ ਵਾਲਾ ਪ੍ਰਵਾਹ ਚਲਦਾ ਹੈ।ਵੀਰੇ ਨੇ ਪਿਆਰ ਨਾਲ ਉਸਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦਿਤੀ ਕਿ ਸਿੱਖ ਧਰਮ ਅਤੇ ਇਸਦੇ ਯੋਧਾ ਸਿੰਘਾਂ ਨੇ ਹਮੇਸ਼ਾ ਮਜਲੂਮਾਂ ਦੀ, ਭਾਵੇਂ ਉਹ ਕਿਸੇ ਵੀ ਧਰਮ ਦਾ ਹੀ ਕਿਉਂ ਨਾ ਹੋਵੇ ਸਦਾ ਆਪਣੀ ਜਾਨ ਤੇ ਖੇਡ ਕੇ ਯਾ ਜਾਨ ਦੇ ਕੇ ਰਾਖੀ ਕੀਤੀ ਹੈ। ਗੁਰੂ ਇਤਿਹਾਸ ਜਾਨ ਕੇ ਉਸ ਮਿੱਤਰ ਨੇ ਮਾਫ਼ੀ ਮੰਗੀ ਅਤੇ ਆਪਣੀ ਪੋਸਟ ਡਿਲੀਟ ਵੀ ਕੀਤੀ।
ਦੂਜੇ ਪਾਸੇ ਪਤੀ ਨਾਲ ਵੀ ਇੱਕ ਵ੍ਹਟਸਐਪ ਗਰੁੱਪ ਜਿਸ ਵਿਚ ਇਕ ਸਿੱਖ ਭਰਾ ਦੇ ਦਸ਼ਮ ਪਿਤਾ ਦੀ ਬਾਣੀ ਦੇ ਵਿਰੋਧ ਚ ਕੀਤੀ ਲੰਬੀ ਬਹਿਸ ਜਿਸ ਵਿਚ ਉਹ ਕਿਸੇ ਵੀ ਹਦ ਤਕ ਜਾਉਣ ਲਈ ਤਿਆਰ ਹੋ ਗਏ ਨੇ ਮੈਨੂੰ ਹੁਣ ਪਾ ਦਿੱਤਾ ਕਿ ਅਸੀ ਬਾਹਰ ਹੋ ਰਹੀ ਜੰਗ ਤੋਂ ਤਾਂ ਜੀਤ ਜਾਵਾਂਗੇ,ਦੂਜੇ ਲੋਕਾਂ ਨੂੰ ਆਪਣੇ ਧਰਮ ਦੇ ਪ੍ਰਤੀ ਜਾਣਕਾਰੀ ਦੇ ਕੇ ਸ਼ਰਧਾਲੂ ਬਣਾ ਲਵਾਂਗੇ ਪਰ ਧਰਮ ਅੰਦਰ ਚਲਦੇ ਵਿਚਾਰਾਂ ਦੇ ਮਤਭੇਦ ਨੂੰ ਕਿਵੇਂ ਖਤਮ ਕੀਤਾ ਜਾਵੇ ਕੇ ਆਪਣੇ ਭੈਣ ਭਰਾ ਇਕੋ ਛੱਤ ਹੇਠਾਂ ਕਠੇ ਹੋ ਕੇ ਧਰਮ ਨੂੰ ਅੱਗੇ ਵਧਾ ਸਕੀਏ। ਜੋ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਸੀ ਮਤਭੇਦ ਖਤਮ ਕਰਕੇ ਆਪਣੇ ਗੁਰੂਆਂ ਦੀ ਬਾਣੀ ਦਾ ਸੱਚਾ ਸੰਦੇਸ਼ ਸਾਰੀ ਲੁਕਾਈ ਨੂੰ ਪਹੁੰਚਾ ਕੇ ਆਪਣੇ ਧਰਮ ਤੇ ਉਠਦੇ ਸਵਾਲਾਂ ਅਤੇ ਵਿਰੋਧ ਨੂੰ ਖਤਮ ਕਰਕੇ ਅੱਗੇ ਵਧਣ ਲਈ ਉਤਸ਼ਾਹਿਤ ਹੋਵੀਏ।
Submitted By:- ਸਤਨਾਮ ਕੌਰ