Sub Categories
ਬਤੌਰ ਐੱਸ.ਐਚ.ਓ ਇਹ ਮੇਰੀ ਪਹਿਲੀ ਪੋਸਟਿੰਗ ਸੀ..
ਛਿਆਸੀ ਸਤਾਸੀ ਦੇ ਦੌਰ ਵਿਚ ਮਾਨਸੇ ਤੋਂ ਸਿੱਧਾ ਇਥੇ ਬਦਲ ਕੇ ਆਉਣਾ ਇੰਝ ਸੀ ਜਿੱਦਾਂ ਕਿਸੇ ਨੂੰ ਅਮਰੀਕਾ ਤੋਂ ਸਿੱਧਾ ਅਫਗਾਨਿਸਤਾਨ ਭੇਜ ਦਿੱਤਾ ਗਿਆ ਹੋਵੇ!
ਘਰੇ ਗਮਗੀਨ ਮਾਹੌਲ..
ਬੀਜੀ ਦਾਰ ਜੀ ਦੀ ਫੋਟੋ ਦਾ ਵਾਸਤਾ ਪਾਉਂਦੇ ਹੋਏ ਆਖਣ ਲੱਗੇ “ਬੇਟਾ ਪੀ.ਐਚ ਡੀ ਕਰਕੇ ਅਮਰੀਕਾ ਜਾਂਦਾ ਤਾਂ ਚੰਗਾ ਸੀ..ਮੈਂ ਤੈਨੂੰ ਵੀ ਗਵਾਉਣਾ ਨਹੀਂ ਚਾਹੁੰਦੀ..”
ਮੈਂ ਓਹਨਾ ਨੂੰ ਕਲਾਵੇ ਵਿਚ ਲਿਆ ਤੇ ਹੌਂਸਲਾ ਦਿੱਤਾ..
ਘੜੀ ਕੂ ਮਗਰੋਂ ਸਾਡੀ ਜਿਪਸੀ ਅਮ੍ਰਿਤਸਰ ਵੱਲ ਨੂੰ ਦੌੜਨ ਲੱਗੀ..ਆਥਣੇ ਗੁਰੂ ਦੀ ਨਗਰੀ ਅੱਪੜ ਕਾਗਜੀ ਕਾਰਵਾਈ ਪੂਰੀ ਕੀਤੀ..!
ਅਗਲੇ ਦਿਨ ਠਾਣੇ ਦਾ ਚਾਰਜ ਲੈ ਲਿਆ..
ਸਾਰੇ ਸਟਾਫ ਨਾਲ ਜਾਣ-ਪਛਾਣ ਕਰਾਈ..ਮਗਰੋਂ ਮੁਨਸ਼ੀ ਨੇ ਫਾਈਲਾਂ ਦਾ ਵੱਡਾ ਢੇਰ ਅੱਗੇ ਕਰ ਦਿੱਤਾ..ਹਥਿਆਰਾਂ ਦੀ ਡਿਟੇਲ ਦੱਸੀ..!
ਫੇਰ ਵੇਹਂਦਿਆ ਵੇਹਂਦਿਆ ਹੀ ਪੰਦਰਾਂ ਵੀਹ ਫੋਟੋਆਂ ਮੇਰੇ ਸਾਮਣੇ ਖਲਾਰ ਦਿੱਤੀਆਂ..
ਆਖਣ ਲੱਗਾ ਜਨਾਬ ਇਹ ਮਾਝੇ ਦੇ ਸਾਰੇ ਵੱਡੇ ਨਾਮ ਨੇ..ਜਿਆਦਾਤਰ ਬਾਡਰ ਪਾਰ ਹੀ ਰਹਿੰਦੇ ਨੇ ਪਰ ਆਹ ਦੂਜੀ ਕਤਾਰ ਵਾਲੇ ਓਹਨਾ ਦੀਆਂ ਹਦਾਇਤਾਂ ਤੇ ਇਲਾਕੇ ਵਿਚ ਕੰਮ ਕਰਦੇ ਨੇ ਤੇ ਜਿਆਦਾਤਰ ਸਾਡੇ ਤੇ ਲਾਗਲੇ ਥਾਣਿਆਂ ਵਿਚ ਸਰਗਰਮ ਨੇ..!
ਸਾਰਿਆਂ ਦੇ ਸਿਰਾਂ ਤੇ ਰੱਖੇ ਇਨਾਮ ਉਸਨੂੰ ਮੂੰਹ ਜ਼ੁਬਾਨੀ ਯਾਦ ਸਨ..!
ਪੁੱਛਿਆ ਇਹ ਇਨਾਮ ਰੱਖਦਾ ਕੌਣ ਏ?
ਆਖਣ ਲੱਗਾ ਅਸੀ ਵਾਰਦਾਤਾਂ ਪਾਈ ਜਾਣੇ ਤੇ ਉਹ ਚੰਡੀਗੜ ਬੈਠੇ ਇਨਾਮ ਵਧਾਈ ਜਾਂਦੇ..!
ਪਹਿਲੇ ਅਫਸਰ ਦੇ ਢੰਗ ਤਰੀਕੇ ਦੱਸਦਾ ਹੋਇਆ ਆਖਣ ਲੱਗਾ ਜੀ ਆਹ ਦਸਾਂ ਬਾਰਾਂ ਦੀ ਲਿਸਟ ਏ..
ਸ੍ਰ ਰਘਬੀਰ ਸਿੰਘ ਹੂਰੀ ਲੰਘਦੇ ਵੜਦੇ ਇਹਨਾਂ ਦੇ ਟੱਬਰ ਦਾ ਇੱਕ ਅੱਧਾ ਜੀ ਚੁੱਕ ਹੀ ਲਿਆਇਆ ਕਰਦੇ ਸਨ..ਮਰਦ ਔਰਤ ਵਿਚ ਕੋਈ ਫਰਕ ਨਹੀਂ ਸਨ ਰਖਿਆ ਕਰਦੇ..!
ਸੱਤ ਮਹੀਨੇ ਦੀ ਨਿਯੁਕਤੀ ਦੇ ਦੌਰਾਨ ਤੇਈ ਮੁਕਾਬਲੇ ਤੇ ਲੱਖਾਂ ਦਾ ਇਨਾਮ..ਆਹ ਪਿਛਲੇ ਮਹੀਨੇ ਤੇ ਪੂਰੀ ਇੱਕ ਬੋਰੀ ਭਰ ਕੇ ਆਈ ਸੀ ਸਿਧੀ ਚੰਡੀਗੜੋਂ!
ਕਪੂਰਥਲੇ ਵਾਲਿਆਂ ਰਿਬੇਰੋ ਸਾਬ ਦੀ ਸਿਫਾਰਿਸ਼ ਪਵਾਈ ਸੀ ਬਦਲੀ ਲਈ..ਅਖ਼ੇ ਫੱਤੂਢੀਂਗੇ ਵਾਲਾ ਸੇਮਾਂ ਬੜਾ ਤੰਗ ਕਰਦਾ..ਨਾਲੇ ਇੱਕ ਸਟਾਰ ਹੋਰ ਲੱਗ ਗਿਆ ਤੇ ਟੌਹਰ ਵੱਖਰਾ..!
ਉਹ ਗੱਲ ਕਰੀ ਜਾ ਰਿਹਾ ਸੀ ਤੇ ਮੈਂ ਪਹਿਲੀ ਦੇ ਬੱਚੇ ਵਾਂਙ ਸਭ ਕੁਝ ਸੁਣੀ ਜਾ ਰਿਹਾ ਸਾਂ..!
ਏਨੇ ਨੂੰ ਇੱਕ ਫੋਟੋ ਤੇ ਆ ਕੇ ਮੇਰੀ ਨਜਰ ਟਿੱਕ ਗਈ..ਲਾਇਲਪੁਰ ਕਾਲਜ ਭੰਗੜੇ ਵਾਲਾ ਗੁਰਮੀਤ ਚੀਮਾ ਲੱਗਦਾ ਸੀ..!
ਮੁਨਸ਼ੀ ਨੂੰ ਵਾਜ ਮਾਰੀ..ਪੁੱਛਿਆ ਇਹ ਕੌਣ ਏ..?
ਆਖਣ ਲੱਗਾ ਜੀ ਪੰਜਵੜ ਗਰੁੱਪ ਦਾ ਖਾਸ ਬੰਦਾ ਏ..ਗੋਇੰਦਵਾਲ ਦੇ ਕੋਲ ਹੀ ਪਿੰਡ ਏ..ਮਾਰਾਂਗੇ ਛਾਪਾ ਕਿਸੇ ਦਿਨ..ਬਾਕੀ ਪਰਿਵਾਰ ਮੂੰਹ ਮੱਥੇ ਲੱਗਦਾ..ਇੱਕ ਨਿੱਕੀ ਭੈਣ..ਨਾਲੇ ਪੁੰਨ ਨਾਲੇ ਫਲੀਆਂ..
ਏਨੀ ਗੱਲ ਆਖਦਾ ਤੇ ਫੇਰ ਮੁਸ਼ਕੜੀਆਂ ਵਿਚ ਹੱਸਦਾ ਹੋਇਆ ਉਹ ਮੈਨੂੰ ਹੋਰ ਵੀ ਕਰੂਪ ਲੱਗ ਰਿਹਾ ਸੀ!
ਪਹਿਲੇ ਦਿਨ ਮੈਨੂੰ ਬਿਲਕੁਲ ਵੀ ਨੀਂਦ ਨਾ ਪਈ..ਇੰਝ ਲੱਗਿਆ ਕਿਸੇ ਦਲਦਲ ਵਿਚ ਆਣ ਫਸਿਆ ਹੋਵਾਂ..!
ਅਗਲੇ ਦਿਨ ਮੂੰਹ ਹਨੇਰੇ ਵਾਇਰਲੈੱਸ ਖੜਕ ਗਈ..
ਦਰਿਆ ਬਿਆਸ ਦੇ ਕੋਲ ਮੰਡ ਵਿਚ ਇੱਕ ਵਾਰਦਾਤ ਹੋ ਗਈ..!
ਸ਼ੱਕ ਦੇ ਅਧਾਰ ਤੇ ਪੰਦਰਾਂ ਵੀਹ ਮੁੰਡੇ ਚੁੱਕ ਲਿਆਂਦੇ..ਪਰ ਮੁਢਲੀ ਤਫਤੀਸ਼ ਮਗਰੋਂ ਮੈਨੂੰ ਸਾਰੇ ਦੇ ਸਾਰੇ ਬੇਕਸੂਰ ਲੱਗੇ..!
ਪਰ ਮੁਨਸ਼ੀ ਆਖਣ ਲੱਗਾ ਜੀ ਇੱਕ ਦੋ ਸ਼ੱਕੀਆਂ ਤੇ ਫਸਟ ਡਿਗਰੀ ਤੋਂ ਸ਼ੁਰੂ ਕਰਦੇ ਹਾਂ..ਜੇ ਥਰਡ ਡਿਗਰੀ ਦੀ ਲੋੜ ਪਈ ਤਾਂ ਸੀ.ਆਈ.ਏ ਅਮ੍ਰਿਤਸਰ ਲੈ ਚਲਾਂਗੇ..!
ਉਹ ਉੰਨੀਆਂ ਕੂ ਸਾਲਾਂ ਦਾ ਭਰਵੇਂ ਦਾਹੜੇ ਵਾਲਾ ਡਰਿਆ ਹੋਇਆ ਨੁੱਕਰੇ ਲੱਗਿਆ ਹੋਇਆ ਸੀ..
ਪੁੱਛਿਆ ਕੀ ਕਰਦਾ?
ਆਖਣ ਲੱਗਾ ਜੀ ਤਰਨਤਾਰਨ ਕਾਲਜ ਵਿਚ ਬਾਹਰਵੀਂ ਵਿਚ ਪੜਦਾ ਹਾਂ..
“ਬਾਪ ਕੀ ਕਰਦਾ”?
“ਜੀ ਗੁਜਰ ਗਿਆ..ਅੱਜ ਸਵਖਤੇ ਡੇਹਰੀ ਦੁੱਧ ਪਾਉਣ ਜਾਂਦੇ ਨੂੰ ਬਿਆਸ ਵਾਲੇ ਪੁਲ ਤੋਂ ਚੁੱਕ ਲਿਆਂਦਾ..ਮੈਂ ਬੇਕਸੂਰ ਹਾਂ..”
ਮੈਂ ਉਸਨੂੰ ਹਵਾਲਾਤ ਘੱਲ ਦਿੱਤਾ..!
ਅਗਲੇ ਦਿਨ ਸਵਖਤੇ ਵਾਇਰਲੈੱਸ ਤੇ ਉਸ ਬਾਰੇ ਸੁਨੇਹਾ ਆ ਗਿਆ..ਅਖ਼ੇ ਉਸਨੂੰ ਸੀ.ਆਈ.ਏ ਸਟਾਫ ਲੈ ਆਵੋ..”
ਜਿਪਸੀ ਵਿਚ ਭੁੰਝੇ ਬੈਠਿਆ ਹੋਇਆ ਉਹ ਮੈਨੂੰ ਇੰਝ ਲੱਗ ਰਿਹਾ ਸੀ ਜਿੱਦਾਂ ਮੈਂਥੋਂ ਛੋਟਾ ਸੁਖਦੀਪ ਮੈਨੂੰ ਪੁੱਛ ਰਿਹਾ ਹੋਵੇ ਕੇ ਵੀਰ ਜੀ ਡਾਕਟਰ ਟੀਕਾ ਤੇ ਨਾ ਲਾਊ..ਜਿਕਰਯੋਗ ਏ ਕੇ ਭਾਵੇਂ ਕਿੱਡਾ ਵੱਡਾ ਹੋ ਗਿਆ ਸੀ ਤਾਂ ਵੀ ਟੀਕੇ ਦੀ ਸੂਈ ਤੋਂ ਬਹੁਤ ਡਰਿਆ ਕਰਦਾ ਸੀ!
ਦੋ ਦਿਨਾਂ ਬਾਅਦ ਉਸਦੇ ਮੁਕਾਬਲੇ ਦੀ ਖਬਰ ਨੇ ਮੈਨੂੰ ਧੁਰ ਅੰਦਰੋਂ ਤੋੜ ਸੁੱਟਿਆ..ਇੰਝ ਲੱਗਿਆ ਜਿੱਦਾਂ ਮੈਥੋਂ ਛੋਟਾ ਸੁਖਦੀਪ ਮੇਰੇ ਹੱਥੋਂ ਹੀ ਕਤਲ ਹੋ ਗਿਆ ਹੋਵੇ..ਤੇ ਮੜੀ ਤੇ ਪਏ ਦੀ ਲੋਥ ਏਨੀ ਗੱਲ ਆਖ ਰਹੀ ਹੋਵੇ ਕੇ “ਓ ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ..ਨੀ ਮੈਂ ਫੇਰ ਤਾਰੀ ਲਾਊ ਸਿਵਿਆਂ ਚ ਸੜ ਕੇ..”
ਦੋਸਤੋ ਉਹ ਇੱਕ ਐਸੀ ਜੰਗ ਸੀ ਜਿਸ ਵਿਚ ਦੂਜੀ ਧਿਰ ਦਾ ਨਿਸ਼ਾਨਾ ਚਿੱਟੇ ਦਿਨ ਵਾਂਗ ਸਾਫ ਸੀ ਪਰ ਜਾਗਦੀ ਜਮੀਰ ਵਾਲੇ ਗਿਣੇ ਚੁਣੇ ਵਰਦੀ ਧਾਰੀ ਇਨਸਾਨ ਇੱਕੋ ਵੇਲੇ ਤਿੰਨ-ਤਿੰਨ ਜੰਗਾਂ ਲੜ ਰਹੇ ਸਨ..
ਇੱਕ ਜੰਗ ਸੀ “ਥੋਪ ਦਿੱਤੇ ਗਏ ਮਾਹੌਲ ਦੇ ਨਾਲ”..ਦੂਜੀ ਸੀ “ਆਪਣਿਆਂ ਦੀਆਂ ਲਾਸ਼ਾਂ ਦਾ ਮੁੱਲ ਵੱਟਦੇ ਭ੍ਰਿਸ਼ਟ ਮਹਿਕਮੇਂ ਦੇ ਨਾਲ” ਤੇ ਤੀਜੀ ਸੀ ਖ਼ੁਦ ਆਪਣੇ ਹੀ ਵਜੂਦ ਦੇ ਨਾਲ..ਆਪਣੀ ਜਮੀਰ ਨਾਲ!
ਮੈਂ ਪਹਿਲੀਆਂ ਦੋ ਜੰਗਾਂ ਵਿਚ ਕੁੱਦਣ ਤੋਂ ਪਹਿਲਾ ਹੀ ਤੀਜੀ ਜੰਗ ਹਰ ਗਿਆ ਸਾਂ..!
ਅੱਜ ਏਨੇ ਵਰ੍ਹਿਆਂ ਮਗਰੋਂ ਅਮਰੀਕਾ ਦੀ ਧਰਤੀ ਤੇ ਬੈਠਿਆਂ ਅਕਸਰ ਸੋਚਦਾ ਹਾਂ ਕੇ ਪੰਚਨਵੇਂ ਵਿਚ ਜਦੋਂ ਕਤਲੋਗਾਰਦ ਦੀ ਇਸ ਅੰਨੀ ਹਨੇਰੀ ਨੂੰ ਇੱਕ ਵੱਡਾ ਰੁੱਖ ਹੇਠਾਂ ਡੇਗ ਕਾਫੀ ਹੱਦ ਤੱਕ ਠੱਲ ਪਾ ਦਿੱਤੀ ਗਈ ਤਾਂ ਸਭ ਤੋਂ ਵੱਧ ਨੁਕਸਾਨ ਉਸ ਵਰਦੀ ਧਾਰੀ ਧਿਰ ਨੂੰ ਹੀ ਪੁੱਜਾ ਜਿਹਨਾਂ ਦੇ ਖਾਤਿਆਂ ਵਿਚ ਹਰ ਮਹੀਨੇ ਆਉਂਦੀ ਲੱਖਾਂ ਦੀ ਇਨਾਮੀ ਰਾਸ਼ੀ ਇੱਕਦਮ ਬੰਦ ਹੋ ਗਈ ਸੀ..”ਬਹੁਤੇ ਰੋਣਗੇ ਦਿਲਾਂ ਦੇ ਜਾਨੀਂ..ਮਾਪੇ ਤੈਨੂੰ ਘੱਟ ਰੋਣਗੇ”
(ਉਸ ਦੌਰ ਦੇ ਇੱਕ ਸਮਕਾਲੀਨ ਵੱਲੋਂ ਦੱਸੀ ਇੱਕ ਹੱਡ ਬੀਤੀ)
ਹਰਪ੍ਰੀਤ ਸਿੰਘ ਜਵੰਦਾ
ਅਸੀ ਆਮ ਪੜਿਆ ਏ ਕਿ ਕੁੜੀਆ ਦੀ ਜਿੰਦਗੀ ਅਸਾਨ ਨਹੀ ਹੁੰਦੀ ਬਹੁਤ ਲੋਕ ਇਹ ਦਾਅਵਾ ਕਰਦੇ ਨੇ ਕਿ ਅੱਜ ਕੱਲ ਦੇ ਸਮੇ ਵਿੱਚ ਹਲਾਤ ਬਦਲ ਚੁੱਕੇ ਨੇ ਪਰ ਕੀ ਅਸੀ ਕਦੇ ਸੋਚਿਆ ਏ ਕਿ ਇਹ ਸੱਚ ਹੈ ਜਾ ਬੱਸ ਇਕ ਕਲਪਨਾ ਅਸਲ ਜਿੰਦਗੀ ਦੀ ਸਚਾਈ ਕੁਝ ਹੋਰ ਏ ਅੱਜ ਵੀ ਕੁੜੀਆ ਤੇ ਸਿਰਫ ਇਹ ਕਿਹ ਕਿ ਫੈਸਲੈ ਲਾਗੂ ਕੀਤੇ ਜਾਦੇ ਨੇ ਕਿ ਜੋ ਹੋ ਰਿਹਾ ਏ ਤੇਰੇ ਭਲੇ ਲਈ ਹੋ ਰਿਹਾ ਏ ਪਰ ਕਿ ਇਹ ਸੱਚਮੁਚ ਸਹੀ ਏ ਕਿਸੇ ਇਨਸਾਨ ਦੀ ਮਰਜੀ ਖਿਲਾਫ ਕੀਤਾ ਕੰਮ ਉਸ ਲਈ ਸਹੀ ਕਿਸ ਤਰਾ ਹੋ ਸਕਦਾ ਏ ਇਸੇ ਤਰਾ ਇਹ ਕਹਾਣੀ ਵੀ ਪੰਜਾਬ ਚ ਜਨਮੀ ਇਕ ਸਧਾਰਨ ਕੁੜੀ ਦੀ ਏ ਜੋ ਇਕ ਸਧਾਰਨ ਪਰਿਵਾਰ ਚ ਵੱਡੀ ਏ ਬਚਪਨ ਤੋ ਵੱਡਾ ਹੋਣ ਤੱਕ ਮਾਪੇ ਉਸਦੀਆ ਸਾਰੀਆ ਰੀਝਾ ਪੂਰੀਆ ਕਰਦੇ ਨੇ ਪਰ ਜਦ ਗੱਲ ਉਸਦੀ ਜਿੰਦਗੀ ਦੇ ਸਭ ਤੋ ਵੱਡੇ ਫੈਸਲਾ ਦੀ ਹੁੰਦੀ ਹੈ ਤਾ ਉਸਦੀ ਨਹੀ ਸੁਣੀ ਜਾਦੀ ਤੇ ਉਸਦੀ ਮਰਜੀ ਖਿਲਾਫ ਉਸਦਾ ਰਿਸਤਾ ਪੱਕਾ ਕੀਤਾ ਜਾਦਾ ਹੈ ਪਰ ਉਸਨੇ ਅਪਣਾ ਜੀਵਨਸਾਥੀ ਚੁਣ ਲਿਆ ਸੀ ਜਿਸਨੂੰ ਉਹ ਬਹੁਤ ਪਿਆਰ ਕਰਦੀ ਸੀ ਤੇ ਜਿਸਨੂੰ ਛੱਡ ਕੇ ਉਸ ਲਈ ਕਿਸੇ ਹੋਰ ਨਾਲ ਰਹਿਣਾ ਸੰਭਵ ਹੀ ਨਹੀ ਸੀ ਲੱਖ ਸਮਝਾਉਣ ਤੇ ਵੀ ਜਦ ਉਸਨੂੰ ਇਹ ਕਹਿ ਕਿ ਚੁੱਪ ਕਰਵਾ ਦਿੱਤਾ ਜਾਦਾ ਹੈ ਕਿ ਸਮਾਜ ਕੀ ਸੋਚੋ ਆਖਰ ਤੇ ਉਹ ਇਹ ਸੋਚ ਕਿ ਕੀ ਸਾਰੀ ਜਿੰਦਗੀ ਮਰ ਮਰ ਕਿ ਜਿਊਣ ਤੋ ਚੰਗਾ ਕਿ ਹੁਣ ਹੀ ਆਪਣੇ ਲਈ ਲੜਿਆ ਜਾਵੇ ਅਾਪਣੇ ਪਿਆਰ ਦਾ ਸਾਥ ਦਿੰਦੀ ਹੈ ਪੂਰੇ ਸਮਾਜ ਖਿਲਾਫ ਜਾ ਕੇ ਪਰ ਫਿਰ ਮਾਤਾ ਪਿਤਾ ਰਿਸਤੇਦਾਰੀਆ ਵੱਲੋ ਉਸ ਨਾਲੋ ਸਾਰੇ ਰਿਸਤੇ ਤੋੜ ਲਏ ਜਾਦੇ ਨੇ ਤੇ ਉਸ ਨੂੰ ਜਿਊਦੇ ਹੀ ਮਾਰ ਿਦੱਤਾ ਜਾਦਾ ਸਮਾਜ ਵੱਲੋ ਉਸ ਨੂੰ ਲੱਖਾ ਤਾਹਨੇ ਦਿਤੇ ਜਾਦੇ ਹਨ ਪਰ ਉਸਦੀ ਮਾਨਸਿਕ ਸਥਿਤੀ ਨੂੰ ਕੋਈ ਨਹੀ ਸਮਝਦਾ ਮੇਰਾ ਸਵਾਲ ਇਹ ਕਹਾਣੀ ਪੜਨ ਵਾਲਿਆ ਨੂੰ ਇਹ ਹੈ ਕਿ ਇਕ ਪਾਸੇ ਤਾ ਅਸੀ ਆਪਣੇ ਬੱਚਿਆ ਨੂੰ ਹੱਕਾ ਿਖਲਾਫ ਲੜਨ ਦੀ ਸਿੱਖਿਆ ਦਿੰਦੇ ਹਾ ਤੇ ਦੂਜੇ ਪਾਸੇ ਜਦ ਇਕ ਕੁੜੀ ਆਪਣੇ ਲਈ ਫੈਸਲਾ ਲੈਦੀ ਹੈ ਤਾ ਉਸਦਾ ਵਿਦਰੱਹ ਕੀਤਾ ਜਾਦਾ ਹੈ ਆਖਿਰ ਇਹ ਕਿੱਥੋ ਤੱਕ ਸਹੀ ਏ)?? ਕੀ ਪਿਆਰ ਕਰਨਾ ਜੁਰਮ ਏ ਜਾ ਕਿਸੇ ਕੁੜੀ ਵੱਲੋ ਆਪਣਾ ਜੀਵਨਸਾਥੀ ਖੁਦ ਚੁਣਨਾ ਇਹ ਗਲਤ ਹੈ?? ਅੱਜ ਲੋੜ ਹੈ ਸਮਾਜ ਨੂੰ ਇਸ ਪਰਤੀ ਆਪਣਾ ਨਜਰੀਆ ਬਦਲਣ ਦੀ।
Submitted By:- Prabh sidhu
ਗੋਆ ਟੂਰ ਜਾਣ ਲਈ ਰਮਨ ਬਹੁਤ ਹੀ ਉਤਸਕ ਸੀ। ਰਮਨ ਤੇ ਉਸਦੇ ਦੋਸਤ ਰਮੇਸ਼ ਨੇ ਪੱਕਾ ਵਾਅਦਾ ਕੀਤਾ ਸੀ ਜੇ ਅਸੀਂ ਟੂਰ ਤੇ ਗਏ ਤਾਂ ਇੱਕਠੇ ਜਾਵਾਂਗੇ ਨਹੀਂ ਤਾਂ ਨਹੀਂ ਜਾਵਾਂਗੇ। ਉਹ ਗੋਆ ਟੂਰ ਨੂੰ ਰੁਮਾਚਿਕ ਬਣਾਨ ਲਈ ਨਵੇ ਨਵੇ ਪਲਾਨ ਕਰਨ ਲੱਗੇ। ਰਮੇਸ਼ ਨੇ ਆਖਿਆ, ” ਚਲ ,ਯਾਰ ਟੂਰ ਦੇ ਰੁਪਏ ਜਮਾ ਕਰਵਾ ਆਉੰਦੇ ਹਾਂ। ਉਹ ਕਲਰਕ ਦੇ ਆਫਿਸ ਗਏ ਉਥੇ ਪਹਿਲਾ ਹੀ ਉਨ੍ਹਾਂ ਦੀ ਕਲਾਸ ਦੀ ਕੁੜੀ ਰੀਟਾ ਖੜੀ ਸੀ। ਉਹ ਕਾਲਜ ਫੀਸ ਜਮ੍ਹਾਂ ਨਹੀਂ ਕਰਵਾ ਸਕਦੀ ਸੀ। ਕਲਰਕ ਨੇ ਕਿਹਾ ਤੂੰ ਪੇਪਰ ਨਹੀਂ ਦੇ ਸਕੇਗੀ।
ਰੀਟਾ ਬਹੁਤ ਹੀ ਉਦਾਸ ਤੇ ਪਰੇਸ਼ਾਨ ਸੀ। ਉਹ ਚੁੱਪ -ਚਾਪ ਕਲਾਸ ਵੱਲ ਚਲੀ ਗਈ। ਰਮਨ ਨੇ ਉਸ ਵੱਲ ਦੇਖਿਆ ਤਾਂ ਉਹ ਬਿਨਾਂ ਟੂਰ ਦੇ ਰੁਪਏ ਜਮ੍ਹਾਂ ਕਰਵਾਏ ਬਿਨਾ ਵਾਪਸ ਆ ਗਏ।
“ਰਮਨ ਤੂੰ ਰੁਪਏ ਜਮਾ ਕਿਉੰ ਨਹੀਂ ਕਰਵਾਏ ? ” ਗੁੱਸੇ ਹੁੰਦੇ ਹੋਏ ਰਮੇਸ਼ ਨੇ ਕਿਹਾ ।
ਯਾਰ ਰੀਟਾ ਦੇ ਪਿਤਾ ਦੀ ਮੋਤ ਹੋ ਗਈ।ਉਹ ਇੱਟਲੀ ਵਿੱਚ ਡਰਾਈਵਰ ਸਨ। ਕੋਰੋਨਾ ਵਾੲਇਰਸ ਕਰਕੇ ਉਨ੍ਹਾਂ ਦੀ ਮੌਤ ਹੋਈ।
ਯਾਰ ਤੈਨੂੰ ਕਿਵੇਂ ਪਤਾ ਲੱਗਾ।
ਤੂੰ ਉਸ ਦਿਨ ਕਾਲਜ ਨਹੀਂ ਆਇਆ ਸੀ, ਦੋ ਚਾਰ ਦਿਨ ਰੀਟਾ ਵੀ ਕਾਲਜ ਨਹੀਂ ਆਈ ਸੀ।
ਰਮਨ ਰੀਟਾ ਕੌਲ ਗਿਆ ਉਸਨੇ ਆਪਣੇ ਰੁਪਏ ਉਸਨੂੰ ਦੇਣੇ ਚਾਹੇ। ਉਸਨੇ ਲੈਣ ਤੋਂ ਇਨਕਾਰ ਕਰ ਦਿੱਤਾ। ਰਮਨ ਨੇ ਕਿਹਾ ਇਨਸਾਨੀਅਤ ਦੇ ਨਾਤੇ ਰੱਖ ਲੈਂ। ਉਹ ਮੁਸਕਰਾੲਈ ਤੇ ਰੁਪਏ ਰੱਖ ਲਏ। ਉਸਨੇ ਫੀਸ ਜਮ੍ਹਾ ਕਰਵਾ ਦਿੱਤੀ।
ਪਵਨ ਰਮਨ ਨਾਲ ਗੁੱਸੇ ਹੋ ਗਿਆ। ਮੈਂ ਵੀ ਟੂਰ ਤੇ ਨਹੀਂ ਜਾਵਾਗਾ। ਤੂੰ ਮੇਰੀ ਦੋਸਤੀ ਨਹੀਂ ਨਿਭਾਈ। ਯਾਰ ਤੈਨੂੰ ਨਹੀਂ ਪਤਾ ਰੀਟਾ ਦੇ ਪਿਤਾ ਇੱਟਲੀ ਵਿਚ ਡਰਾੲਈਵਰ ਸਨ। ਉਹਨਾਂ ਦੀ ਉੱਥੇ ਮੌਤ ਹੋ ਗਈ। ਪਵਨ ਨੇ ਆਪਣੇ ਰੁਪਏ ਵੀ ਰੀਟਾ ਨੂੰ ਦੇ ਦਿੱਤੇ।
ਬੀ . ਟੈਕ ਫਾਈਨਲ ਵਿੱਚ ਉਨ੍ਹਾਂ ਦਾ ਟੂਰ ਗੋਆ ਜਾ ਰਿਹਾ ਹੈ। ਉਨ੍ਹਾਂ ਨੂੰ ਨਾ ਜਾ ਕੇ ਵੀ ਬਹੁਤ ਵਧੀਆ ਲੱਗ ਰਿਹਾ ਸੀ।
ਇਕ ਦਿਨ ਅਚਾਨਕ ਰੀਟਾ ਉਨਾਂ ਦੇ ਘਰ ਆ ਗਈ। ਉਸਦੀ ਮੰਮੀ ਨੂੰ ਮਿਠਾਈ ਦਾ ਡੱਬਾ ਦੇਂਦੇ ਕਹਿਣ ਲੱਗੀ, “ਆਂਟੀ ਜੀ ਮੇਰੀ ਕੰਪਨੀ ਵਿੱਚ ਨੋਕਰੀ ਲੱਗੀ ਹੈ ਤੇ ਉਸਨੇ ਪੈਂਸੇ ਦੇਣੇ ਚਾਹੇ। ਰਮਨ ਨੇ ਇਹ ਕਹਿੰਦੇ ਵਾਪਸ ਕਰ ਦਿੱਤੇ ਕਿਸੇ ਨੂੰ ਵੀ ਫੀਸ ਜਾਂ ਕਿਤਾਬਾਂ ਲਈ ਰੁਪਏ ਚਾਹੀਦੇ ਹੋਣਗੇ ਉਸਦੀ ਮੱਦਦ ਕਰ ਦੇਈ ।
ਭੁਪਿੰਦਰ ਕੌਰ ਸਢੌਰਾ
ਮਿਹਨਤ 6 ਮਹਿਨੇ ਸੀ ਕਰੀ
ਜਿਹੜੀ ਗਈ ਨਾ ਤੇਰੇ ਤੋ ਜਰੀ
ਪਾਣੀ ਖੜੀ ਫਸਲ ਤੇ ਫੇਰਿਆ
ਮਾਰ-ਮਾਰ ਗੜੇ ਬੱਲੀਆ ਨੂੰ ਕੇਰਿਆ
ਜੇ ਜੱਟ ਨੇ ਛੱਡ ਦਿੱਤਾ ਖੇਤੀ ਕਰਨਾ
ਦੱਸ ਫੇਰ ਦੁਨੀਆ ਦਾ ਢਿੱਡ ਕਿੱਥੋ ਭਰੇਗਾ
ਚੱਲ ਛੱਡ ਤੇਰੇ ਨਾਲ ਕੀ ਗੱਲ ਕਰਨਾ ਤੇਰੇ ਕਿਹੜਾ ਬਾਪ ਹੋਉ ਤਾਂ ਕਿ ਮੈਂ ਤੈਨੂੰ ਆਪਣੇ ਦਰਦ ਦਾ ਅਹਿਸਾਸ ਕਰਾ ਸਕਾ
ਜਦੋ ਮੇਰਾ ਬਾਪ ਹੱਥੀ ਬੀਜੀ ਫਸਲ ਤਬਾਹ ਹੁੰਦੀ ਦੇਖ ਰਿਹਾ ਸੀ। ਮੈਨੂੰ ਸਿਰਫ ਹੱਡਬੀਤੀ ਦਾ ਹੀ ਦੁੱਖ ਨਹੀਂ ਜੱਗਬੀਤੀ ਦਾ ਵੀ ਆ
ਬਾਕੀ ਦੁਨੀਆ ਤੇ ਵੀ ਜੁਲਮ ਤੂੰ ਘੱਟ ਨੀ ਕਰ ਰਿਹਾ
ਮੈ ਦੋ ਲਾਈਨਾਂ ਸੁਣੀਆ ਸੀ ਬਾਬੇ ਨਾਨਕ ਦੀਆਂ
ਪਰ ਅਫਸੋਸ ਤੇਰੇ ਤੇ ਨੀ ਟੁਕਦੀਆਂ
‘ਅਖੇ ਮਰਦਾਨਿਆ ਦੇਖੀ ਚੱਲ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੁਜਿਆਂ ਨੂੰ ਮਾਰਦੇ’
ਉਹਨਾਂ ਤੈਨੂੰ ਕਰਤਾਰ ਕਿਹਾ ਸੀ ਮੈ ਰੱਬ ਕਹਿ ਰਹੀਆ
ਸਾਨੂੰ ਜਮਾਂ ਵਧੀਆ ਨੀ ਲੱਗਦੇ ਤੇਰੇ ਰੰਗ ਤੈਨੂੰ ਕੁਝ ਦਿਖ ਨੀ ਰਿਹਾ ਦੁਨੀਆ ਤੇ ਕੀ ਹੋ ਰਿਹਾ ਕੀਤੇ ਤੂੰ ਲੀਡਰਾਂ ਵਰਗਾ ਤਾਂ ਨੀ ਬਣਗਿਆ ਜਿਹੜੇ ਜਿੱਤ ਕੇ ਸਾਰ ਨੀ ਲੈਦੇ ਲੋਕਾਂ ਦੀ। ਲਗਦੇ ਤੇਰਾ ਚਾਅ ਵੀ ਮੁੱਕ ਗਿਆ ਰੱਬ ਬਣਨ ਦਾ ਜਿਸ ਨੂੰ ਆਪਣੀ ਬਣਾਈ ਦੁਨੀਆ ਦੀ ਸਾਰ ਨੀ।
ਮੈ ਤਾਂ ਇਹ ਵੀ ਸੁਣਿਆ ਸੀ ਤੂੰ ਹਰ ਇੱਕ ਨਾਲ ਇਨਸਾਫ ਕਰਦੇ। ਪਰ ਸੁਣਿਆ ਹੀ ਅੇ ਕਦੇ ਦੇਖਿਆ ਨੀ। ਕਹਿੰਦੇ ਤਾਂ ਇਹ ਵੀ ਆ ਤੂੰ ਨਿਡਰ ਆ ਜਿਸ ਨੂੰ ਕਿਸੇ ਦਾ ਕੋਈ ਡਰ ਨੀ ਫੇਰ ਸਹਮਣੇ ਆਉਣ ਤੋ ਕਿਉ ਡਰਦੇ
ਇਕ ਵਾਰੀ ਆ ਕੇ ਦੁਨੀਆ ਨੂੰ ਡਰਾਏ ਜਾ ਤਾ ਕਿ ਇਥੇ ਰਿਸ਼ਵਤਖੋਰੀ ਬਲਾਤਕਾਰ ਨਾ ਹੋਵੇ। ਤੇਰੇ ਲਈ ਕਿੰਨੀ ਕੁ ਵੱਡੀ ਗੱਲ ਐ । ਜੇ ਤੂੰ ਕਹੇ ਮੈ ਸਪਾਰਸ਼ ਵੀ ਲਗਵਾ ਦਿਉ ਕਿਸੇ ਮੰਦਰ ਦੇ ਪੁਜਾਰੀ ਦੀ ਕਿਸੇ ਗੁਰੂ ਘਰ ਦੇ ਪਾਠੀ ਦੀ ਜਾ ਕਿਸੇ ਚੜਾਵੇ ਵਾਲੇ ਬਾਬੇ ਦੀ। ਹਾਂ ਪਰ ਮੇਰਾ ਕੰਮ ੳਸੇ ਟਾਈਮ ਪੱਕਾ ਹੋਣਾ ਚਾਹੀਦੇ।
ਕੀਤੇ ਤੇਰੀ ਉਡੀਕ ਕਰਦੇ ਕਰਦੇ ਮੈ ਹੀ ਨਾਂ ਮੁੱਕ ਜਾਵਾਂ।
ਇਹ ਤਾਂ ਕਿਹਾ ਹੁਣ ਤੂੰ ਬਹੁਤ ਹੋਲੀ ਹਿਸਾਬ ਕਿਤਾਬ ਕਰਦੇ।
ਤੇਰੀ ਦੁਨੀਆਂ ਦੀ ‘ਜੈਸਾ ਕਰੇਗਾ ਵੈਸਾ ਭਰੇਗਾ’ ਵਾਲੀ ਗੱਲ ਨੀ ਰਹੀ ਹੁਣ ਤਾਂ ਕਰਦਾ ਕੋਈ ਆ ਭਰਦਾ ਕੋਈ। ਜਿਵੇ ਤੂੰ ਤਾਂ ਕੀਤੇ ਜਾ ਕੇ ਸੋਂ ਗਿਆ।
ਪਰ ਤੂੰ ਵੀ ਕੀ ਕਰੇ ਦੁਨੀਆ ਹੋ ਏ ਵਾਲੀ ਗਈ ਕਿਸ ਕਿਸ ਦਾ ਹਿਸ਼ਾਬ ਰਖੇ ਤੂੰ ਪਰ ਕੁਝ ਤਾਂ ਤੈਨੂੰ ਕਰਣਾ ਪਉ।
ਮੈ ਸੁਣਿਆ ਤੇਰੇ ਬੰਦਿਆਂ ਤੋ ਕਿ ‘ਪੁੱਤ ਕਪੁੱਤ ਹੋ ਜਾਂਦਿਆ ਪਰ ਮਾਪੇ ਕੁਮਾਪੇ ਨਈ ਹੁੰਦੇ’ ਇਹ ਗੱਲ ਸੱਚ ਵੀ ਆ ਤੇਰੀ ਦੁਨੀਆ ਤੇ ਪਰ ਤੇਰੇ ਤੇ ਨੀ ਸਾਰੀ ਦੁਨੀਆ ਦਾ ਜਨਮਦਾਤਾ ਤੂੰ ਐ ਸਾਰੇ ਤੈਨੂੰ ਰੱਬ ਕਹਿੰਦੇ ਆ ਹੁਣ ਤੈਨੂੰ ਕੁਰੱਬ ਕਹਿਣ ਚ ਮੈਨੂੰ ਕੋਈ ਝਿਜਕ ਨਈ। ਹਾਂ ਜੇ ਤੂੰ ਥੱਕ ਗਿਆ ਜਾ ਬੁੱਢਾ ਹੋਗਿਆ ਤਾਂ ਵੀ ਦੱਸਦੇ। ਕਿ ਤੂੰ ਆਪਣੀ ਬਣਾਈ ਦੁਨੀਆਂ ਦੀ ਡੋਰ ਤੂੰ ਇਸਦੇ ਹੱਥ ਹੀ ਸ਼ੱਡ ਤੀ। ਅਸੀ ਤੇਰੇ ਤੌ ਆਸ ਰੱਖਣੀ ਛੱਡ ਦੇਵਾਗੇ ਤੇ ਆਪਣੀ ਜਿੰਮੇਵਾਰੀ ਖੁਦ ਚੱਕਾਗੇ ਤੇਰੀ ਹੋਂਦ ਨੂੰ ਯਾਦ ਰੱਖਕੇ। ਸ਼ਾਇਦ ਦੁਨੀਆ ਦਾ ਸੁਧਾਰ ਹੋ ਜਾਵੇ।
ਹਰਪੀ੍ਤ ਔਜਲਾ
ਪੜਨਾ ਜਰੂਰ!!!!
ਪਿਤਾ ਦੀ ਮੌਤ ਤੋਂ ਬਾਅਦ ਉਹ ਆਦਮੀ ਆਪਣੀ ਮਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਇਆ । ਫਿਰ ਇੱਕ ਦਿਨ ਅਚਾਨਕ ਉਸ ਨੂੰ ਬਿਰਧ ਆਸ਼ਰਮ ਚੋਂ ਫੋਨ ਤੇ ਕਾਲ ਆਈ ਕਿ ਤੁਹਾਡੀ ਮਾਂ ਬਹੁਤ ਸੀਰੀਅਸ ਹੈ ਤੁਸੀਂ ਪਲੀਜ਼ ਇੱਕ ਵਾਰ ਆ ਜਾਓ । ਉਹ ਬਿਰਧ ਆਸ਼ਰਮ ਚਲਿਆ ਗਿਆ । ਉਸ ਨੇ ਵੇਖਿਆ ਉਸ ਦੀ ਮਾਂ ਬਹੁਤ ਨਾਜੁਕ ਹਾਲਤ ਵਿੱਚ ਸੀ । ਉਹ ਬਿਸਤਰ ਤੇ ਪਈ ਮੌਤ ਦੇ ਬਿਲਕੁਲ ਨਜ਼ਦੀਕ ਸੀ । ਮੁਸ਼ਕਿਲ ਨਾਲ ਬੋਲ ਸਕਦੀ ਸੀ । ਪੁੱਤ ਦਾ ਦਿਲ ਪਸੀਜ ਗਿਆ । ਉਸ ਨੇ ਭਰੇ ਮਨ ਨਾਲ ਕਿਹਾ ਮਾਂ ਮੈਂ ਤੇਰੇ ਲਈ ਕੀ ਕਰ ਸਕਦਾ ਹਾਂ । ਮਾਂ ਨੇ ਉੱਤਰ ਦਿੱਤਾ : ਬੇਟਾ ਤੂੰ ਜ਼ਰੂਰ ਇਹ ਕਰ ਕਿ ਇੱਥੇ ਇਸ ਬਿਰਧ ਆਸ਼ਰਮ ਵਿੱਚ ਪੱਖੇ ਲਗਵਾ ਦੇ, ਇੱਥੇ ਬਹੁਤ ਗਰਮੀ ਹੈ । ਇੱਕ ਫਰਿਜ਼ ਵੀ ਲੈ ਕੇ ਦੇ । ਇੱਥੇ ਅਕਸਰ ਖਾਣਾ ਖਰਾਬ ਹੋ ਜਾਂਦਾ ਹੈ ।ਮੈਨੂੰ ਇੱਥੇ ਗਰਮੀ ਵਿੱਚ ਬਹੁਤ ਤਕਲੀਫ ਰਹੀ ਹੈ । ਬਹੁਤ ਵਾਰ ਖਾਣਾ ਖਰਾਬ ਹੋਣ ਕਾਰਨ ਮੈਂ ਭੁੱਖੀ ਸੌਂਦੀ ਰਹੀ ਹਾਂ । ਪੁੱਤਰ ਹੈਰਾਨ ਹੋਇਆ : ਉਸ ਨੇ ਕਿਹਾ ਮਾਂ ਹੁਣ ਤੱਕ ਤੂੰ ਕਦੇ ਵੀ ਇਸ ਸਭ ਬਾਰੇ ਮੇਰੇ ਨਾਲ ਗੱਲ ਨਹੀਂ ਕੀਤੀ ।ਕੋਈ ਸ਼ਕਾਇਤ ਨਹੀਂ ਕੀਤੀ । ਹੁਣ ਬਿਲਕੁਲ ਆਪਣੇ ਆਖਰੀ ਸਮਂੇ ਤੂੰ ਇਹ ਕਿਉਂ ਕਹਿ ਰਹੀ ਹੈਂ । ਮਾਂ ਦਾ ਜਵਾਬ ਸੀ : ਕੋਈ ਗੱਲ ਨਹੀਂ ਪੁੱਤਰ । ਮੈਂ ਗਰਮੀ ਵਿੱਚ ਤਕਲੀਫ ਵਿੱਚ ਰਹੀ, ਦਰਦ ਹੰਢਾਇਆ ਭੁੱਖੀ ਸੌਂਦੀ ਰਹੀ ।ਮੈਂ ਤਾਂ ਕਿਵ਼ੇਂ ਨਾ ਕਿਵੇਂ ਜਿੰਦਗੀ ਕੱਟ ਲਈ, ਪਰ ਹੁਣ ਜਦੋਂ ਤੈਨੂੰ ਤੇਰੇ ਬੱਚੇ ਇੱਥੇ ਛੱਡ ਕੇ ਜਾਣਗੇ । ਤੈਨੂੰ ਤਕਲੀਫ ਹੋਵੇਗੀ । //// ਬੱਚੇ ਦੇ ਇੱਕ ਹੌਂਕੇ ਤੇ ਜ਼ੋ ਮਰ–ਮਰ ਜਾਂਦੀਆਂ ਨੇ ਮਾਵਾਂ ਤਾਂ ਮਰ ਕੇ ਵੀ ਤੁਹਾਨੂੰ ਜਿਉਣ ਜ਼ੋਗੇ ਕਰ ਜਾਂਦੀਆਂ ਨੇ ।
ਇੱਕ ਚੰਗੇ ਸੁਨੇਹੇ ਨੂੰ ਅੱਗੇ ਲਿਜਾਣ ਲਈ ਇਸ ਨੂੰ ਸ਼ੇਅਰ ਕਰਨ ਦੀ ਖੇਚਲ ਕੀਤੀ ਜਾਵੇ ਜੀ…
ਵੀਰੋ ਨੂੰ ਵਿਆਹੀ ਹੋਈ ਨੂੰ ਸੱਤ ਸਾਲ ਬੀਤ ਗਏ ਸਨ ਪਰ ਉਸਦੀ ਕੁੱਖ ਹਰੀ ਨਹੀਂ ਹੋਈ ਸੀ। ਇਸੇ ਗੱਲ ਦੀ ਚਿੰਤਾ ਨੇ ਉਸਦੀ ਜ਼ਿੰਦਗੀ ਬੇਰਸ ਕਰ ਦਿੱਤੀ ਸੀ। ਹੁਣ ਉਸਨੂੰ ਜ਼ਿੰਦਗੀ ਨਾਲ ਮੋਹ ਨਹੀਂ ਰਿਹਾ ਸੀ। ਬੱਸ ਸਾਰਾ ਦਿਨ ਉਦਾਸ-ਉਦਾਸ ਰਹਿੰਦੀ। ਉਸਨੇ ਔਲਾਦ ਦੀ ਪ੍ਰਾਪਤੀ ਲਈ ਬਥੇਰੀਆਂ ਅਰਦਾਸਾਂ ਕੀਤੀਆਂ ਸਨ ਤੇ ਸੁੱਖਾਂ ਸੁੱਖੀਆਂ ਸਨ ਪਰ ਅਜੇ ਤੱਕ ਕੋਈ ਭਾਗ ਨਹੀਂ ਲੱਗੇ ਸਨ। ਕਿਸੇ ਦੇ ਵਿਆਹ ਸ਼ਾਦੀ ਜਾਂ ਹੋਰ ਪ੍ਰੋਗਰਾਮ ਤੇ ਉਹ ਘੱਟ ਹੀ ਜਾਇਆ ਕਰਦੀ ਸੀ ਕਿਉਂਕਿ ਉੱਥੇ ਬੁੜੀਆਂ ਉਸਦੇ ਨਾ ਬੱਚਾ ਹੋਣ ਦੀ ਗੱਲ ਨੂੰ ਲੈ ਕੇ ਕਈ ਗੱਲਾਂ ਕਰਨ ਲੱਗ ਜਾਂਦੀਆਂ ਸਨ। ਕੋਈ ਇਸ ਸੰਬੰਧੀ ਰੱਬ ਨੂੰ ਕੋਸਣ ਲੱਗ ਜਾਂਦੀ ਤੇ ਕੋਈ ਕਹਿੰਦੀ ਕਿ ਉਸਦੇ ਘਰ ਅੰਧੇਰ ਨਹੀਂ ਹੈ। ਇਹ ਸਾਰੀਆਂ ਗੱਲਾਂ ਸੁਣ ਕੇ ਆਪਣੀ ਕਿਸਮਤ ਨੂੰ ਕੋਸਣ ਲੱਗ ਜਾਂਦੀ ਜਿਸਦਾ ਸਿੱਟਾ ਇਹ ਨਿਕਲਦਾ ਕਿ ਉਸਦਾ ਸਿਰ ਪਾਟਣ ਲੱਗ ਜਾਂਦਾ। ਇਸੇ ਕਰਕੇ ਹੀ ਉਸਨੂੰ ਡਾਕਟਰ ਮਾਈਗਰੇਨ ਬਿਮਾਰੀ ਹੋਣ ਦੀ ਗੱਲ ਕਰਦੇ ਤੇ ਭਵਿੱਖ ਵਿੱਚ ਨਾ ਟੈਨਸ਼ਨ ਦੀ ਸਲਾਹ ਦਿੰਦੇ। ਪਰ ਉਸਨੂੰ ਆਪਣੇ ਸਾਰੇ ਘਰ ਦਾ ਵਿਹੜਾ ਭਾਂਅ-ਭਾਅ ਕਰਦਾ ਦਿੱਸਦਾ। ਉਸਦਾ ਪਤੀ ਬਥੇਰੇ ਉਹਨੂੰ ਦਿਲਾਸੇ ਦਿੰਦਾ ਪਰ ਔਲਾਦ ਦੀ ਕਮੀ ਉਸ ਵਿੱਚ ਘਰ ਕਰ ਗਈ ਸੀ। ਮਾੜੀ-ਮਾੜੀ ਗੱਲ ਤੇ ਉਹ ਫਿਸ-ਫਿਸ ਜਾਂਦੀ ਤੇ ਅੱਖਾਂ ਭਰ ਆਉਂਦੀ।ਆਂਢ-ਗੁਆਂਢ ਤੇ ਰਿਸ਼ਤੇਦਾਰੀ ਤੋਂ ਘਰ ਵਿੱਚ ਆਉਂਦੇ ਲੋਕ ਉਸਨੂੰ ਬਿਲਕੁੱਲ ਪਸੰਦ ਨਹੀਂ ਸੀ। ਉਸਨੂੰ ਪਤਾ ਸੀ ਕਿ ਇਹ ਲੋਕ ਉਸਨੂੰ ਤਪਾਉਣ ਵਾਲੀ ਗੱਲ ਜਰੂਰ ਛੇੜਣਗੇ। ਉਹ ਇਹਨਾਂ ਤੋਂ ਕਿਨਾਰਾ ਕਰਨ ਲੱਗ ਗਈ ਸੀ। ਉਸਦਾ ਪਤੀ ਉਸਨੂੰ ਵਿਹਲੇ ਸਮੇਂ ਵਿੱਚ ਗੁਰਬਾਣੀ
ਪੜਨ ਲਈ ਕਹਿੰਦਾ ਸੀ ਤਾਂ ਕਿ ਉਸਨੂੰ ਮਾੜਾ ਮੋਟਾ ਧੀਰਜ ਬੱਝ ਜਾਵੇ। ਭਾਂਵੇਂ ਕਿ ਰੋਜ਼ਾਨਾ ਜਪੁਜੀ ਸਾਹਿਬ ਦਾ ਪਾਠ ਕਰਦੀ ਸੀ। ਹੁਣ ਵਿਹਲੇ ਸਮੇਂ ਵਿੱਚ ਪਤੀ ਦੇ ਕਹਿਣ ਤੇ ਸੁਖਮਨੀ ਸਾਹਿਬ ਦਾ ਪਾਠ ਵੀ ਸ਼ੁਰੂ ਕਰ ਦਿੱਤਾ ਸੀ। ਜਦੋਂ ਕਿਤੇ ਮਨ ਉਦਾਸ ਹੁੰਦਾ ਤਾਂ ਮਨੋਰੰਜਨ ਲਈ ਟੈਲੀਵੀਜਨ ਚਲਾ ਲੈਂਦੀ ਤੇ ਫਿਰ ਥੋੜੇ ਚਿਰ ਬਾਅਦ ਬੰਦ ਕਰ ਦਿੰਦੀ। ਸਦਾ ਇਹੀ ਸੋਚਦੀ ਰਹਿੰਦੀ ਕਿ ਔਲਾਦ ਬਿਨਾਂ ਜ਼ਿੰਦਗੀ ਵਿੱਚ ਕਿੱਥੇ ਸੁੱਖ ਹੈ। ਬੰਦਾ ਨੂੰ ਇਕੱਲਿਆਂ ਬੁਢਾਪਾ ਲੰਘਾਉਣਾ ਕਿਹੜਾ ਸੌਖਾ ਹੈ? ਆਪਣੀਆਂ ਆਢਣਾਂ-ਗੁਆਢਣਾਂ ਜਿਹੜੀਆਂ ਕੱਲ੍ਹ ਵਿਆਹੀਆਂ ਸੀ, ਉਹਨਾਂ ਦੇ ਬਾਲ ਬੱਚੇ ਦੇਖ ਕੇ ਉਸਨੂੰ ਝੋਰਾ ਲੱਗਾ ਰਹਿੰਦਾ ਸੀ। ਇੱਕ ਦਿਨ ਸੋਚਾਂ ਵਿੱਚ ਡੁੱਬੀ ਨੇ ਉਸਨੇ ਦਿਲ ਪਰਚਾਉਣ ਲਈ ਟੈਲੀਵੀਜ਼ਨ ਚਲਾ ਲਿਆ, ਅੱਗੇ ਇੱਕ ਪੰਜਾਬੀ ਚੈੱਨਲ ਤੇ ਕਥਾ ਚੱਲ ਰਹੀ ਸੀ। ਉਸਨੂੰ ਗੁਰਬਾਣੀ ਦੀ ਕਥਾ ਚੰਗੀ ਲੱਗ ਰਹੀ ਤੇ ਉਸ ਵਿੱਚੋਂ ਉਸਨੂੰ ਰਸ ਆਉਣ ਲੱਗਾ। ਬਾਬਾ “ਨਾਨਕ ਦੁਖੀਆ ਸਭੁ ਸੰਸਾਰੁ” ਸ਼ਬਦ ਦੀ ਵਿਆਖਿਆ ਕਰ ਰਿਹਾ ਸੀ ਕਿ ਦੁਨੀਆਂ ਤੇ ਕੋਈ ਵੀ ਸੁੱਖੀ ਨਹੀਂ ਹੈ ਭਾਂਵੇਂ ਉਹ ਮਹਿਲਾਂ ਦਾ ਮਾਲਕ ਹੋਵੇ ਜਾਂ ਫਿਰ ਲੱਖ ਪੁੱਤ-ਪੋਤਿਆਂ ਵਾਲਾ ਹੋਵੇ। ਹਰ ਕੋਈ ਆਪਣੇ ਸੁਆਰਥ ਲਈ ਰਿਸਤੇ ਨਿਭਾ ਰਿਹਾ ਹੈ। ਇੱਥੇ ਅਜਿਹੇ ਵੀ ਲੋਕ ਹਨ ਜੋ ਆਪਣੇ ਬੁੱਢੇ ਮਾਪਿਆਂ ਨੂੰ ਅਨਾਥ ਆਸ਼ਰਮਾਂ ਵਿੱਚ ਛੱਡ ਆਉਂਦੇ ਹਨ। ਬਹੁਤੇ ਘਰ ਮਾਪਿਆਂ ਦੀ ਸੇਵਾ ਹੀ ਨਹੀਂ ਕਰਦੇ। ਉਹ ਵਿਲਕਦੇ ਮਰ ਜਾਂਦੇ ਹਨ। ਕੋਈ ਨਾ ਕੋਈ ਦੁੱਖ ਤਾਂ ਹਰ ਕਿਸੇ ਨੂੰ ਹੈ। ਸੰਸਾਰ ਦੀ ਬੀਜ ਦੁੱਖ ਹੀ ਹੈ। ਜਿਹਨੂੰ ਮਨੁੱਖ ਅਸਲ ਵਿੱਚ ਸੁੱਖ ਸਮਝਦਾ ਹੈ, ਅਸਲ ਵਿੱਚ ਉਸ ਵਿੱਚ ਵੀ ਦੁੱਖ ਛੁਪਿਆ ਹੈ। ਸੰਸਾਰ ਵਿੱਚ ਦੁੱਖਾਂ ਦੀ ਦਾਰੂ ਪਰਮਾਤਮਾ ਦਾ ਨਾਮ ਹੈ। ਜਿਹੜਾ ਪਰਮਾਤਮਾ ਨਾਲ ਜੁੜ ਜਾਂਦਾ ਹੈ, ਉਹ ਕਦੇ ਵੀ ਦੁੱਖੀ ਨਹੀਂ ਹੁੰਦਾ। ਸ਼ਰਤ ਇਹ ਹੈ ਕਿ ਉਸਨੇ ਆਪਣੀਆਂ ਸਾਰੀਆਂ ਇੱਛਾਵਾਂ ਜਾਂ ਵਾਸ਼ਨਾਵਾਂ ਤਿਆਗੀਆਂ ਹੋਣ। ਸੰਸਾਰ ਵਿੱਚ ਵੱਡੇ-ਵੱਡੇ ਅਵਤਾਰਾਂ ਤੇ ਮਹਾਂਪੁਰਖਾਂ ਨੂੰ ਵੀ ਕੋਈ ਨਾ ਕੋਈ ਸਰੀਰਕ ਦੁੱਖ ਜਰੂਰ ਰਿਹਾ ਹੈ ਪਰ ਉਹ ਇਸ ਦੇਹ ਤੋਂ ਉੱਪਰ ਉੱਠ ਚੁੱਕੇ ਸਨ ਤਾਂ ਹੀ ਉਹਨਾਂ ਨੇ ਇਸਦੀ ਪਰਵਾਹ ਨਹੀਂ ਕੀਤੀ। ਦੋ-ਚਾਰ ਮਿੰਟਾਂ ਬਾਅਦ ਬਾਬੇ ਦੀ ਕਥਾ ਸਮਾਪਤ ਹੋ ਗਈ। ਇਸ ਤਰ੍ਹਾਂ ਦਾ ਅਨੰਦ ਪਹਿਲਾਂ ਉਸਨੇ ਕਦੀ ਮਾਣਿਆ ਨਹੀਂ ਸੀ। ਉਹ ਸੋਚ ਰਹੀ ਸੀ ਕਿ ਵਾਕਈ ਸੰਸਾਰ ਦੁੱਖੀ ਹੈ ਜਾਂ ਨਹੀਂ ਤਾਂ ਇਸਦੀ ਪ੍ਰੋੜਤਾ ਲਈ ਉਸ ਦੀਆਂ ਸੋਚਾਂ ਵਿੱਚ ਪੇਕਾ ਘਰ ਆ ਗਿਆ। ਉਸਨੇ ਵੇਖਿਆ ਕਿ ਉਸਦਾ ਇੱਕ ਭਰਾ ਜਿਆਦਾ ਨਸ਼ਾ ਕਰਦਾ ਹੋਣ ਕਰਕੇ ਉਸਦੀ ਨਨਾਣ ਦੁੱਖੀ ਸੀ। ਦੂਜੇ ਭਰਾ ਨੂੰ ਕੈਂਸਰ ਦਾ ਰੋਗ ਸੀ। ਜਿਸ ਕਾਰਨ ਉਸਦੇ ਮਾਂ-ਬਾਪ ਦੁੱਖੀ ਸਨ ਤੇ ਉੱਪਰੋਂ ਉਹਨਾਂ ਨੂੰ ਆਪਣੀ ਧੀ ਭਾਵ ਮੇਰਾ ਦੁੱਖ ਸੀ। ਉਸਦੇ ਮਾਂ-ਬਾਪ ਦੀ ਵੀ ਕਾਫੀ ਸਮੇਂ ਤੋਂ ਬਿਮਾਰੀ ਕਾਰਨ ਦਵਾਈ ਚੱਲਦੀ ਸੀ। ਉਸਨੇ ਪੇਕੇ ਘਰ ਦੇ ਆਂਢ-ਗੁਆਂਢ ਵੀ ਦੇਖਿਆ ਤਾਂ ਹਰ ਕੋਈ ਕਿਸੇ ਨਾ ਕਿਸੇ ਦੁੱਖ ਤੋਂ ਪੀੜਤ ਸੀ। ਫਿਰ ਅਚਾਨਕ ਉਸਦੀ ਨਜ਼ਰ ਸਹੁਰਾ ਘਰ ਦੇ ਗਲੀ ਮੁਹੱਲੇ ਵਿੱਚ ਪਈ। ਉਸਨੇ ਇੱਕ-ਇੱਕ ਘਰ ਨੂੰ ਬੜੀ ਨੀਝ ਨਾਲ ਦੇਖਿਆ ਤਾਂ ਸਭ ਦਾ ਹਾਲ ਇੱਕੋ ਜਿਹਾ ਹੀ ਸੀ। ਹਰ ਕੋਈ ਆਪਣਾ ਦੁੱਖ ਛੁਪਾ ਕੇ ਉੱਪਰੋਂ-ਉੱਪਰੋਂ ਹੱਸਣ ਦੀ ਕੋਸ਼ਿਸ਼ ਕਰਦਾ ਲੱਗਦਾ ਸੀ। ਉਸਨੂੰ ਹੁਣ ਅਸਲੀ ਰਮਜ਼ ਸਮਝ ਆ ਗਈ ਸੀ ਕਿ ਅਸਲ ਤ੍ਰਿਪਤੀ ਸੰਸਾਰਿਕ ਪਦਾਰਥਾਂ ਵਿੱਚ ਨਹੀਂ ਹੈ। ਅਸਲ ਵਿੱਚ ਸੰਤੁਸ਼ਟੀ ਉਸ ਮਾਲਕ ਨਾਲ ਅਭੇਦ ਹੋਣ ਵਿੱਚ ਹੈ। ਬਾਕੀ ਤਾਂ ਸਾਰਾ ਸੰਸਾਰ ਦੁੱਖਾਂ ਦਾ ਘਰ ਹੈ। ਇਹ ਗੱਲਾਂ ਸੋਚਦਿਆਂ-ਸੋਚਦਿਆਂ ਉਸਦੀ ਔਲਾਦ ਪ੍ਰਾਪਤੀ ਦੀ ਇੱਛਾ ਜਵਾਂ ਹੀ ਮਰ ਚੁੱਕੀ ਸੀ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ – 9464412761
ਕਹਾਣੀ ਥੋੜੀ ਲੰਬੀ ਹੈ ਪਰ ਪੜੀਉ ਜਰੂਰ
ਪੂੰਜੀ…( ਹਰਿੰਦਰ ਸਿੰਘ ਤੱਤਲਾ )
ਵਿਆਹ ਦੇ ਸੱਤਵੇਂ ਦਿਨ ਹੀ ਸ਼ਗਨਾਂ ਦੇ ਨਾਲ ਮਿੱਠੀਆਂ ਰੋਟੀਆਂ ਬਣਾ ਕੇ ਖੁਵਾਉਣ ਤੋਂ ਬਾਅਦ ..ਸਹੁਰੇ ਘਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ…।
ਸ਼ਹਿਰ ਵਿੱਚੋ ਆਈ ਨੂੰ ਚੁੱਲੇ ਤੇ ਕੰਮ ਕਰਨਾ ਬੜਾ ਅੌਖਾ ਲੱਗਦਾ….ਧੂੰਏਂ ਨਾਲ ਅੱਖਾਂ ਧੁਆਖੀੰਆਂ ਜਾਂਦੀਆਂ ..ਕਈ ਵਾਰ ਸਾਹ ਪੁੱਠਾ ਖਿੱਚੇ ਜਾਣ ਤੇ ਫੂਕਾਂ ਮਾਰਦੀ ਦੇ ਧੂਆਂ ਸੰਘ ਵਿੱਚ ਚਲਿਆ ਜਾਂਦਾ..।
ਸੁਆਹ ਨਾਲ ਭਾਂਡੇ ਮਾਂਜਣ ਨਾਲ ਆਪਣੇ ਹੱਥਾਂ ਦੀ ਮਹਿੰਦੀ ਨੂੰ ਫਿੱਕੀ ਹੋਣ ਤੋਂ ਪਹਿਲਾਂ ਹੀ ਘਸਮੈਲੀ ਜਿਹੀ ਹੋਈ ਦੇਖ ਮਨ ਮਾਯੂਸ ਜਿਹਾ ਹੋ ਜਾਂਦਾ..।
ਮੇਰੇ ਮਾਂ ਬਾਪ ਜਿਆਦਾ ਅਮੀਰ ਤਾਂ ਨਹੀਂ ਸਨ..ਪਰ ਉਨ੍ਹਾਂ ਦੇ ਘਰ ਕਮੀ ਵੀ ਨਹੀਂ ਸੀ ਕਿਸੇ ਚੀਜ ਦੀ ..। ਮੈਨੂੰ ਤੇ ਰੱਖਿਆ ਵੀ ਉਨ੍ਹਾਂ ਲਾਡ ਪਿਆਰ ਨਾਲ ਸੀ..।
ਪਰ ਇੱਥੇ ਸਹੁਰੇ ਘਰ ਆ ਕੇ ਤਾਂ ਲੱਗ ਰਿਹਾ ਸੀ ਜਿਵੇ ਅਰਸ਼ ਤੋਂ ਸਿੱਧੀ ਫ਼ਰਸ਼ ਤੇ ਆ ਗਈ ਹੋਵਾਂ ..ਫਰਸ਼ ਤੇ ਵੀ ਕਾਹਦੀ ਕੱਚੀ ਮਿੱਟੀ ਦੇ ਵਿਹੜੇ ਤੇ ..ਜਿਸਨੂੰ ਲਿੱਪਣਾ ਨਾ ਆਉਣ ਤੇ..ਦਾਦੀ ਸੱਸ ਦੇ ਨਾਲ ਲੱਗ ਕੇ ਲਿੱਪਣਾ ਸਿੱਖਿਆ ਸੀ..।
ਦਾਦੀ ਸੱਸ ਅਤੇ ਮੇਰੇ ਘਰ ਵਾਲੇ ਤੋਂ ਇਲਾਵਾ ਪੰਜਵੀਂ ਵਿੱਚ ਪੜ੍ਹਦੇ ਮੇਰੇ ਦੋ ਜੌੜੇ ਦਿਉਰ ਵੀ ਸਨ..ਏਸ ਘਰ ਵਿੱਚ..। ਦਾਦੇ ਸਹੁਰੇ ਨੂੰ ਗੁਜ਼ਰੇ ਕਈ ਸਾਲ ਹੋ ਗਏ ਸਨ ਅਤੇ ਕੁੱਝ ਸਾਲ ਪਹਿਲਾਂ ਇੱਕ
ਸੜਕ ਹਾਦਸੇ ਵਿੱਚ ਮੇਰੇ ਸੱਸ ਸਹੁਰਾ ਵੀ ਚਲ ਬਸੇ ਸਨ…।
ਕੰਧਾਂ ਤੇ ਲੱਗੀਆਂ ਉਨ੍ਹਾਂ ਤਿੰਨਾ ਦੀਆਂ ਫੋਟੋਆਂ ਹੀ ਦੇਖੀਆਂ ਸਨ ਮੈਂ ਤਾਂ…।
ਦਾਦੀ ਦੱਸਦੀ ਸੀ ਕਿ ਕੁੜੀ ਪੈਦਾ ਹੋਣ ਦੀ ਚਾਹਤ ਚ ਹੀ ਮੇਰੇ ਸੱਸ ਸਹੁਰੇ ਦੇ ਘਰ ਮੇਰੇ ਪਤੀ ਤੋਂ ਬਾਰਾਂ ਸਾਲ ਛੋਟੇ ਉਸਦੇ ਦੋਵੇਂ ਭਰਾਵਾਂ ਦਾ ਜਨਮ ਹੋ ਗਿਆ ਸੀ…।
ਤਿੰਨਾ ਪੋਤਿਆਂ ਨੂੰ ਇੱਕਲੀ ਪਾਲਦੀ ਦਾਦੀ ਹੁਣ ਢਿੱਲੀ ਰਹਿਣ ਲੱਗ ਪਈ ਸੀ..। ਏਸੇ ਲਈ ਮੇਰੇ ਪਤੀ ਨੂੰ ਸਕੂਲ ਕਲਰਕ ਦੀ
ਨੌਕਰੀ ਮਿਲਦੇ ਸਾਰ ਹੀ ਦਾਦੀ ਨੇ ਨੂੰਹ ਲਿਆਉਣ ਦਾ ਫੈਸਲਾ ਕੀਤਾ ਸੀ..।…ਤੇ ਸ਼ਾਇਦ ਨੌਕਰੀ ਦੇਖ ਕੇ ਹੀ ਮੇਰੇ ਮਾਪਿਆਂ ਨੇ ਮੇਰੇ ਲਈ ਇਹ ਵਰ ਚੁਣਿਆਂ ਸੀ..।ਝੱਟ ਮੰਗਣੀ ਤੇ ਪੱਟ ਵਿਆਹ ਹੋ ਗਿਆ ਸੀ..ਜਿਆਦਾ ਖਰਚ ਨਹੀਂ ਸੀ ਕੀਤਾ..ਬਸ ਚੁੰਨੀ ਚੜ੍ਹਾ
ਕੇ ਲਿਆਉਣ ਵਾਂਗ ਹੀ ਹੋਇਆ ਸੀ ਸਾਡਾ ਵਿਆਹ ।
” ਦਾਜ ਲੈਣ ਦੇ ਤਾਂ ਜਮਾਂ ਖਿਲਾਫ ਆ ਮੁੰਡਾ ਤੇ ਉਹਦੀ ਦਾਦੀ ..ਜਮਾਂ ਰੱਜੀਆਂ ਰੂਹਾਂ…ਬਸ ਕੁੜੀ ਪੜੀ ਲਿਖੀ ਤੇ ਸਮਝਦਾਰ ਭਾਲਦੇ ਆ..ਤੁਸੀਂ ਦੇਰ ਨਾ ਕਰੋ ਹਾਂ ਕਰਨ ਨੂੰ …ਕੁੜੀ ਤਾਂ ਰਾਜ ਕਰੂ ਰਾਜ..”
ਵਿਚੋਲਣ ਦੀਆਂ ਮੇਰੇ ਮਾਂ ਬਾਪ ਕੋਲ ਕਹੀਆਂ ਇਹ ਗੱਲਾਂ ਯਾਦ ਕਰਕੇ..ਉਸ ਉੱਤੇ ਬੜਾ ਗੁੱਸਾ ਆਉਂਦਾ.. ਸੋਚਦੀ ਪਤਾ ਨਹੀਂ ਕਿਹੜੇ ਜਨਮ ਦਾ ਬਦਲਾ ਲਿਆ ਡੁੱਬੜੀ ਨੇ ਮੈਨੂੰ ਇੱਥੇ ਫਸਾ ਕੇ..।
ਦਿਲ ਕਰਦਾ ਮੁੜ ਭੱਜ ਜਾਵਾਂ ਅੰਮੜੀ ਦੇ ਵਿਹੜੇ…….।
ਜਾ ਕੇ ਪੁੱਛਾਂ..ਆਹ ਪਾਥੀਆਂ ਪੱਥਣ ਲਈ ਪੜ੍ਹਾਇਆ ਸੀ ਮੈਨੂੰ ..?
ਕੀ ਏਸੇ ਨੂੰ ਕਹਿੰਦੇ ਆ ਰਾਜ ਕਰਨਾ …।
ਕਲਰਕ ਦੀ ਤਨਖਾਹ ਨਾਲੋਂ ਤਾਂ ਕਿਤੇ ਜਿਆਦਾ ਗਰਜਾਂ ਨੇ ਇਸ
ਘਰ ਦੀਆਂ ..। ਨੌਕਰੀ ਦੇ ਨਾਲ ਇਹਨਾਂ ਦੇ ਆਰਥਿਕ ਹਾਲਾਤ
ਕਿਉਂ ਨਹੀਂ ਦੇਖੇ ..ਤੁਸੀਂ ..!
ਫਿਰ ਸੋਚਦੀ ਮੇਰੇ ਇਹ ਸਭ ਕਹਿਣ ਨਾਲ ਮਾਪੇਆਂ ਦਾ
ਮਨ ਦੁਖੀ ਹੋਵੇਗਾ …..।ਪਰ ਇੱਕ ਦਿਨ ਪੇਕੇ ਮਿਲਣ ਗਈ ਆਪਣੇ ਤੇ ਕਾਬੂ ਨਾ ਰੱਖ ਸਕੀ ..ਸਮਾਂ ਜਿਹਾ ਦੇਖ ਘਰ ਵਾਲੇ ਤੋਂ ਪਾਸੇ ਹੋ ਕੇ ਮਾਂ ਨਾਲ ਮਨ ਦੇ ਸ਼ਿਕਵੇ ਸਾਂਝੇ ਕਰ ਹੀ ਲਏ..।
ਉਸਨੂੰ ਪਿੱਛੜੇ ਜਿਹੇ ਆਪਣੇ ਸਹੁਰੇ ਘਰ ਦੇ ਹਾਲਾਤ ਦੱਸੇ ਜੋ ਘਰ ਰੋਜ ਮਰਾਂ ਦੀਆਂ ਆਮ ਸਹੂਲਤਾਂ ਤੋਂ ਵੀ ਸੱਖਣਾ ਸੀ..ਫਰਿੱਜ ਅਤੇ ਗੈਸ ਕਨੈਕਸ਼ਨ ਤੱਕ ਵੀ ਨਹੀਂ ਸੀ ਉਨ੍ਹਾਂ ਕੋਲ..।
ਦਾਦੀ ਦੇ ਹਰ ਖਰਚੇ ਵਿੱਚ ਕੰਜੂਸੀ ਕਰਨ ਦੀਆਂ ਗੱਲਾਂ ਵੀ ਦੱਸੀਆਂ ..ਦਿਉਰਾਂ ਲਈ ਲੰਗਰ ਲਹੁਣ ਦੇ ਬੋਝ ਦੀਆਂ ਗੱਲਾਂ ਤੋਂ ਇਲਾਵਾ ਆਪਣੇ ਘਰ ਵਾਲੇ ਵੱਲੋਂ
ਪਹਿਲੀ ਰਾਤ ਸਿਰਫ ਚਾਂਦੀ ਦਾ ਛੱਲਾ ਦੇ ਕੇ ਸਾਰਨ ਵਰਗੀਆਂ ਕਈ ਹੋਰ ਸ਼ਿਕਾਇਤਾਂ ਵੀ ਕਰ ਦਿੱਤੀਆਂ …।
ਚੰਗੀ ਤਰ੍ਹਾਂ ਮੇਰੀਆਂ ਗੱਲਾਂ ਨੂੰ ਸੁਣ.. ਮਾਂ ਨੇ ਕੁੱਝ ਦੇਰ ਚੁੱਪ ਰਹਿਣ ਤੋਂ ਬਾਅਦ ਮੈਨੂੰ ਆਖਣਾ ਸ਼ੁਰੂ ਕੀਤਾ..
“ਦੇਖ ਪੁੱਤ.. ..ਉਨ੍ਹਾਂ ਕੋਲੇ ਭਾਵੇਂ ਅੱਜ ਜਰੂਰਤ ਦੇ ਸਮਾਨ ਦੀ ਘਾਟ ਆ ….ਪਰ ਸਬਰ ਨਾਲ..ਮਨ ਰੱਜਿਆ ਉਨ੍ਹਾਂ ਦਾ..।ਏਸੇ ਲਈ ਸਾਡੇ ਮਰਜੀ ਨਾਲ ਦੇਣ ਵਾਲੇ ਦਹੇਜ ਨੂੰ ਲੈਣ ਤੋਂ ਵੀ ਇਨਕਾਰ ਕਰ ਦਿੱਤਾ..ਉਨ੍ਹਾਂ ਨੇ…।
ਤੇਰੀ ਦਾਦੀ ਸੱਸ ਸੰਜਮ ਨਾਲ ਚੱਲਦੀ ਆ ..ਆਪਣੀ ਆਮਦਨ ਦੇਖ ਕੇ….ਮੇਰੀ ਮਾਂ ਵੀ ਏਵੇੰ ਹੀ ਕਰਦੀ ਹੁੰਦੀ ਸੀ ..ਇਹਨੂੰ ਕੰਜੂਸੀ ਨਹੀਂ ਕਹਿੰਦੇ..ਸਿਆਣਪ ਕਹਿੰਦੇ ਨੇ। ..
ਅੌਰਤ ਚਾਹਵੇ ਤਾਂ ਇਸੇ ਸਿਆਣਪ ਤੇ ਸੰਜਮ ਨਾਲ ਸੂਈ ਦੇ ਨੱਕੇ ਵਿੱਚ ਦੀ ਘਰ ਬੰਨ ਸਕਦੀਆ..ਤੇ ਬਹੁਤੇ ਖੁੱਲ੍ਹੇ ਹੱਥ ਨਾਲ ਖਿੰਡਾ ਵੀ…ਤੂੰ ਵੀ ਆਪਣੀ ਦਾਦੀ ਤੋਂ ਘਰ ਬੰਨ੍ਹਣਾਂ ਸਿੱਖ..”
ਆਖਣ ਤੋਂ ਬਾਅਦ ਮਾਂ ਨੇ ਇੱਕ ਲੰਮਾ ਸਾਹ ਲਿਆ ..ਕੁੱਝ ਵਖਵਾ ਦੇ ਕੇ ਉਸਨੇ ਮੁੜ ਕਹਿਣਾ ਸ਼ੁਰੂ ਕੀਤਾ…।
” ਤੇਰੇ ਦਿਉਰ ਤਾਂ ਮਾਂ ਪਿਉ ਤੋਂ ਸੱਖਣੇ ਜਵਾਕ ਨੇ….ਅਨਾਥ ਨੇ ਵਿਚਾਰੇ..ਜੇ ਤੂੰ ਨਹੀਂ ਸਾਂਭੇਗੀ ..ਤਾਂ ਕੌਣ ਸੰਭਾਲੂ….?
..ਉਨ੍ਹਾਂ ਨੂੰ ਨੂੰ ਰੋਟੀ ਦੇਣੀ ਤੇ ਪਾਲਣਾ ਤਾਂ ਪੁੰਨ ਆਂ….। ਤੇ ਆਪਣੇ ਹਿੱਸੇ ਆਏ..ਪੁੰਨ ਨੂੰ ਇੰਝ ਬੋਝ ਕਹਿ ਕੇ ਪਾਪਾਂ ਦੀ ਭਾਗੀ ਨਾ ਬਣ..ਧੀਏ। ..ਕੰਮ ਨੂੰ ਦੇਖ ਕੇ ਕਦੇ ਮੱਥੇ ਵੱਟ ਨਹੀਂ ਪਾਈਦਾ..ਨਾ ਹੀ ਕੰਮ ਕਰਨ ਚ ਕੋਈ ਸ਼ਰਮ ਸਮਝੀ ਦੀ ਆ…!
ਬਾਕੀ ਰਹੀ ਪੁੱਤ ਛੱਲੇਆਂ ਦੀ ਗੱਲ….ਦੋਵੇਂ ਜੀਆਂ ਚ ਪਿਆਰ ਹੋਣਾ ਚਾਹੀਦਾ ..ਪਿਆਰ ਨਾਲ ਦਿੱਤੇ ਤੋਹਫੇਆਂ ਦਾ ਕੋਈ ਮੁੱਲ ਨਹੀਂ ਹੁੰਦਾ..! ਇਹਨਾਂ ਦੀ ….ਕੀਮਤ ਨਹੀਂ ਪਰਖੀ ਜਾਂਦੀ.. ”
ਆਖਦਿਆਂ ਮਾਂ ਗੰਭੀਰ ਜਿਹੀ ਹੋ ਗਈ ਸੀ…
..ਹਮੇਸ਼ਾਂ ਮੇਰੀ ਤਰਫਦਾਰੀ ਕਰਨ ਵਾਲੀ …ਅਤੇ ਮੇਰੀ ਹਾਂ ਵਿੱਚ ਹਾਂ ਮਿਲਾਉਣ ਵਾਲੀ ਮਾਂ ਦਾ ਅੱਜ ਇਹ ਅਜੀਵ ਜਿਹਾ ਰੂਪ ਦੇਖ ਕੇ ਮੈਂ ਹੈਰਾਨ ਸਾਂ….।
ਪਰ ਮਾਂ ਦੀਆਂ ਸਹਿਜਤਾ ਨਾਲ ਭਰੀਆਂ ਸੱਚੀਆਂ ਗੱਲਾਂ ਨੇ
ਜਿਵੇਂ ਮੇਰੀ ਸੋਚ ਦੀ ਟੇਡੀ ਹੋ ਰਹੀ ਸੂਈ ਕੁੱਝ ਮਿੰਟਾਂ ਵਿੱਚ ਹੀ ਸਿੱਧੀ ਕਰ ਦਿੱਤੀ ਸੀ..ਮੇਰੇ ਮਨ ਦਾ ਬੋਝ ਉਸਦੇ ਗਹਿਰੇ ਲਫ਼ਜ਼ਾਂ ਨੇ ਯਕਦਮ ਹਲਕਾ ਕਰ ਦਿੱਤਾ ਸੀ..।
ਮਾਂ ਨਾਲ ਗੱਲਾਂ ਕਰਕੇ ਮੈਨੂੰ ਇਹ ਵੀ ਸਪਸ਼ਟ ਹੋ ਗਿਆ ਸੀ ਕਿ ਮੇਰੇ ਸਹੁਰੇ ਘਰ ਦੀ ਆਰਥਿਕ ਹਾਲਤ ਬਾਰੇ ਮੇਰੇ ਮਾਂ ਬਾਪ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਪਤਾ ਸੀ..।
ਪੇਕੇ ਘਰ ਤੋਂ ਵਾਪਿਸ ਆਈ ਨੂੰ ਹਫ਼ਤਾ ਕੁ ਹੀ ਹੋਇਆ ਸੀ ਕਿ
ਇੱਕ ਦਿਨ ਦਾਦੀ ਨੇ ਅਵਾਜ ਮਾਰ ਕੋਲ ਬਹਾ ਆਪਣੇ ਹੱਥ ਵਿਚਲੀ ਪੋਟਲੀ ਜਿਹੀ ਮੈਨੂੰ ਖੋਲ ਕੇ ਫੜਾ ਦਿੱਤੀ ਜਿਸ ਵਿੱਚ ਉਸਦੀਆਂ ਅਤੇ ਮੇਰੀ ਸੱਸ ਦੀਆਂ ਵਾਲੀਆਂ ਤੋਂ ਇਲਾਵਾ
ਦੋ ਤਿੰਨ ਸੋਨੇ ਦੇ ਗਹਿਣੇ ਹੋਰ ਸਨ…।
ਫਿਰ ਉਹ ਮੈਨੂੰ ਪੇਟੀ ਵਿੱਚ ਰੱਖੇ ..ਬਿਸਤਰੇ.. ਭਾਂਡੇ ਅਤੇ ਹੋਰ ਸਮਾਨ ਦਿਖਾਉਣ ਲੱਗੀ..। ਪੇਟੀ ਦੀਆਂ ਕੁੰਜੀਆਂ ਦੇ ਨਾਲ ਉਸਨੇ ਗੁੱਛ -ਮੁੱਛ ਕਰ ਰੱਖੇ ਕੁੱਝ ਨੋਟ ਵੀ ਫੜਾ ਦਿੱਤੇ..। ਮੈਂ ਬਥੇਰੀ ਨਾਂਹ ਨੁੱਕਰ ਕੀਤੀ ਪਰ ਉਸਨੇ ਜੋਰ ਦੇ ਕੇ ਸਭ ਕੁੱਝ ਮੈਨੂੰ ਰੱਖ ਲੈਣ ਲਈ ਕਿਹਾ..।
ਇਹ ਸਭ ਸ਼ਾਇਦ ਉਹ ਆਪਣੀ ਵਿਗੜ ਰਹੀ ਸਿਹਤ ਵੱਲ ਦੇਖ
ਕੇ ਕਰ ਰਹੀ ਸੀ..। ਮੈਂ ਤੇ ਪਤੀ ਨੇ ਉਸਨੂੰ ਸ਼ਹਿਰ ਦੇ ਚੰਗੇ ਡਾਕਟਰ ਨੂੰ ਦਿਖਾਇਆ …ਅਰਾਮ ਨਾ ਆਉਂਦਾ ਦੇਖ ਡਾਕਟਰ ਬਦਲੇ..ਵੀ ਪਰ ਦਾਦੀ..ਬਚ ਨਾ ਸਕੀ..।
ਕੁੱਝ ਕੁ ਮਹੀਨਿਆਂ ਵਿੱਚ ਹੀ ਮੋਹ ਦਾ ਗੂੜ੍ਹਾ ਰਿਸ਼ਤਾ ਬਣ ਗਿਆ ਸੀ ਉਸ ਨਾਲ..ਉਸ ਦੇ ਰੁਖਸਤ ਹੋ ਜਾਣ ਤੋਂ ਬਾਅਦ ਮੈਨੂੰ ਉਸਦੀ ਅਹਿਮੀਅਤ ਅਤੇ ਚੰਗੇ ਸੁਭਾਅ ਦਾ ਚੇਤਾ ਆ ਰਿਹਾ ਸੀ..।
ਕਿਵੇਂ ..ਡਿੱਗਦੀ ਢਹਿੰਦੀ ਵੀ ਮੇਰੇ ਨਾਲ ਕੰਮ ਕਰਾਉਣ ਦੀ ਕੋਸ਼ਿਸ਼ ਕਰਦੀ ..ਰਹਿੰਦੀ ਸੀ। ਕਿਵੇਂ ਮੈਥੋਂ ਰੋਟੀ ਦਾ ਥਾਲ ਫੜਨ ਲੱਗੀ ..ਅਸੀਸਾਂ ਦੀ ਝੜੀ ਲਾ ਦਿੰਦੀ..
“ਜਿਉਂਦੀ ਰਹਿ ਧੀਏ..ਰੱਬ ਤੈਨੂੰ ਰਾਜੀ ਰੱਖੇ..ਰੰਗ ਭਾਗ ਲਾਵੇ …ਦੁੱਧੀਂ ਪੁੱਤੀੰ ਨਹਾਵੇਂ..ਬੁੱਢ ਸੁਹਾਗਣ ਹੋਵੇਂ.”..ਤੇ ਹੋਰ ਪਤਾ
ਨਹੀਂ ਕਿੰਨਾ ਕੁੱਝ ..।
ਦਾਦੀ ਦੇ ਜਾਣ ਤੋਂ ਬਾਅਦ …ਕਬੀਲਦਾਰੀ ਦੀਆਂ ਜਿੰਮੇਵਾਰੀਆਂ ਨਿਭਾਉੰਦੀ..ਇੰਨੀ ਘਟ ਉਮਰ ਵਿੱਚ ..ਕਦੇ ਕਦੇ ਮੈਂ ਆਪਣੇ ਆਪ ਨੂੰ ਦਾਦੀ ਬਣੀ ਮਹਿਸੂਸ ਕਰਦੀ..।
ਦਾਦੀ ਦੀ ਤਰਾਂ ਹੀ ਰੋਜ ਚੌਕਾਂ ਸਾਫ ਕਰਕੇ..ਰਸੋਈ ਵਿੱਚ ਨਿੰਮ ਦੇ ਪੱਤਿਆਂ ਦੀ ਧੂਫ ਦੇ ਕੇ ਕੰਮ ਸ਼ੁਰੂ ਕਰਦੀ.. ਦਾਦੀ ਦੀ ਤਰ੍ਹਾਂ ਹੀ ਰੋਟੀਆਂ ਪਕਾਉੰਦੀ ਵਾਹਿਗੁਰੂ ਵਾਹਿਗੁਰੂ ਆਖਦੀ..ਤੇ ਦਾਦੀ ਦੀ ਤਰ੍ਹਾਂ ਹੀ ਮੁੱਠੀ ਘੁੱਟ ਕੇ ਖਰਚਾ
ਕਰਦੀ..।
ਪਤੀ ਦੇ ਨਾਲ ਨਾਲ ਦਿਉਰਾਂ ਵੱਲ ਧਿਆਨ ਵੀ ਦਿੱਤਾ…ਦਿਉਰਾਂ ਨੂੰ ਮਾਂ ਬਣ ਕੇ ਪਿਆਰ ਨਾਲ ਹੈਂਡਲ ਕਰਦੀ ਪਰ ਪੜ੍ਹਾਈ ਵਿੱਚ ਢਿੱਲੇ ਹੋਣ ਤੇ ਉਨ੍ਹਾਂ ਨੂੰ ਘੂਰਦੀ ਵੀ..। ਕਦੇ ਕਦਾਈਂ ਆਖੇ ਨਾ ਲੱਗਦੇ ਤਾਂ ਇੱਕ ਅੱਧੀ ਜੜ ਵੀ ਦਿੰਦੀ..।
ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਉਂਦੀ ਨੂੰ ਦੇਖ ਕੁੱਝ ਗੁਆਂਢਣ ਅੌਰਤਾਂ ਮੇਰੇ ਤੇ ਮਤਰੇਈ ਵਾਲਾ ਸਲੂਕ ਕਰਨ ਦੀਆਂ ਗੱਲਾਂ ਆਸ ਗੁਆਂਢ ਵਿੱਚ ਕਰਦੀਆਂ …।
ਪਰ ਮੈਂ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਚੁੱਪ ਚਾਪ ਆਪਣੇ ਕੰਮ ਕਰਦੀ ਰਹੀ ..ਮਾਂ ਦੀ ਸਿੱਖਿਆ ਅਤੇ ਮੇਰੇ ਪਤੀ ਦਾ ਭਰੋਸਾ ਮੇਰੇ ਨਾਲ ਸੀ..। ਹੋਲੀ ਹੋਲੀ ਨਿੱਕੇ ਦਿਉਰ ਵੀ ਮੇਰੀ ਭਾਵਨਾ ਨੂੰ ਸਮਝ ਰਹੇ ਸਨ..।
ਪਤੀ ਦੀ ਤਨਖਾਹ ਤੇ ਹੀ ਨਿਰਭਰ ਨਾ ਰਹਿ ਕੇ .. .ਘਰ ਦੇ ਕੰਮਾਂ ਤੋਂ ਇਲਾਵਾ ਆਸ ਗੁਆਂਢ ਅਤੇ ਪਿੰਡ ਦੇ ਬੱਚਿਆਂ ਨੂੰ ਟਿਊਸ਼ਨ ਪੜਾਉੰਦੀ …ਪਤੀ ਦੇ ਨਾਲ ਡੰਗਰਾਂ ਨੂੰ ਸੰਭਾਲਣ ਵਿੱਚ ਮਦਦ ਕਰਦੀ..! ਮਹੀਨੇ ਚ ਤਿੰਨ ਚਾਰ ਸੂਟ ਵੀ ਸਿਉੰ ਦੇੰਦੀ..।
ਮਿਹਨਤ ਕਰਨ ਨਾਲ ਘਰ ਵਿੱਚ ਸਭ ਪਾਸੇ ਤੋਂ ਪੈ ਰਹੀ ਬਰਕਤ ਨੂੰ ਮਹਿਸੂਸ ਕਰ ਮੇਰਾ ਹੌਸਲਾ ਹੋਰ ਵੱਧ ਜਾਂਦਾ..।
ਸਮਾਂ ਇੱਕ ਦਮ ਨਹੀਂ ਬਦਲਦਾ ..ਮਸ਼ੱਕਤ ਕਰਨੀ ਪੈਂਦੀ ਹੈ …ਦੁੱਖਾਂ ..ਪਰੇਸ਼ਾਨੀਆਂ ਵਿੱਚੋਂ ਲੰਘਣਾ ਪੈਂਦਾ ਹੈ…ਪਰ ਆਖਿਰ ਮਿਹਨਤ ਦਾ ਮਿਲੇਆ ਮੁੱਲ ..ਸਭ ਪਰੇਸ਼ਾਨੀਆਂ
ਭੁਲਾ ਦਿੰਦਾ ਹੈ..।
ਅੱਜ ਪੜ੍ਹ ਲਿਖ ਕੇ ਬਾਹਰਲੇ ਮੁਲਕਾਂ ਚ ਸੈੱਟ ਹੋਏ ਵਿਆਹੇ ਵਰੇ ਦੋਵੇਂ ਦਿਉਰ ਤੇ ਉਨ੍ਹਾਂ ਦਾ ਪਰਿਵਾਰ ਮੇਰੇ ਖੁੱਦ ਦੇ ਦੋਵਾਂ ਬੱਚਿਆਂ ਤੋਂ ਵੀ ਵੱਧ ਆਦਰ ਕਰਦੇ ਨੇ ..ਸਾਡੇ ਦੋਵਾਂ ਜੀਆਂ ਦਾ ।..ਕੰਡਾ ਲੱਗਿਆ ਵੀ ਨਹੀਂ ਜਰਦੇ ..ਉਹ!
ਘਰ ਚ ਕਿਸੇ ਚੀਜ ਦੀ ਕੋਈ ਵੀ ਥੋੜ੍ਹ ਨਹੀਂ ਰਹੀ…ਸਭ ਕੁੱਝ ਸਮੇਂ ਨਾਲ ਬਣ ਗਿਆ ..।
ਪਰ ਇਹ ਜੋ ਆਪ ਮਿਹਨਤ ਕਰਕੇ ਬੰਨੇ ਘਰ ਵਿੱਚ ਰਹਿਣ ਦਾ ਸਕੂਨ ਮੈਨੂੰ ਮਿਲੇਆ..ਸ਼ਾਇਦ ਕਿਸੇ ਅਮੀਰ ਘਰ ਵਿੱਚ ਵਿਆਹੀ ਜਾਣ ਤੇ ਵੀ ਨਸੀਬ ਨਹੀਂ ਸੀ ਹੋਣਾ..।
ਇਹ ਮਿਹਨਤ ਕਰਨ ਅਤੇ ਥੋੜ੍ਹ ਅੌਖ ਸਮੇ ਵੀ ਚੜ੍ਹਦੀ ਕਲਾ ਵਿੱਚ
ਰਹਿਣ ਦੀ ਤਜੁਰਬੇ ਰੂਪੀ ਪੂੰਜੀ ਮੈਂ ਆਪਣੇ ਪੁੱਤ ਅਤੇ ਲਾਡਾਂ ਨਾਲ ਪਲ ਰਹੀ ਆਪਣੀ ਧੀ ਰਾਣੀ ਨੂੰ ਵੀ ਸਿੱਖਿਆ ਦੇ ਰੂਪ ਵਿੱਚ ਦੇਣਾ ਚਾਹਾਂਗੀ..ਬਿਲਕੁਲ ਉਵੇਂ ..ਜਿਵੇਂ ਮੈਨੂੰ ਮਾਂ ਅਤੇ ਦਾਦੀ ਸੱਸ ਤੋਂ ਇਹ ਪੂੰਜੀ ਨਸੀਬ ਹੋਈ ਸੀ।
ਹਰਿੰਦਰ ਸਿੰਘ ਤੱਤਲਾ
(ਇੱਕ ਸਤਿਕਾਰ ਯੋਗ ਸਖਸ਼ੀਅਤ ਨੂੰ ਸਮਰਪਿਤ )
ਅੱਗੇ ਸੈਰ ਨੂੰ ਸ਼ਾਮੀਂ ਪੰਜ ਵਜੇ ਨਿਕਲਿਆ ਕਰਦਾ ਸੀ ਪਰ ਉਸ ਦਿਨ ਤਿੰਨ ਵਜੇ ਹੀ ਜਾ ਬੇਂਚ ਮੱਲ ਲਿਆ..ਬੈਠਦਿਆਂ ਹੀ ਦਿਮਾਗ ਵਿਚ ਪੁੱਠੇ ਸਿਧੇ ਖਿਆਲ ਭਾਰੂ ਹੋਣੇ ਸ਼ੁਰੂ ਹੋ ਗਏ..
ਬੇਟੇ ਦਾ ਬਚਪਨ ਦਿਮਾਗ ਵਿਚ ਘੁੰਮਣਾ ਸ਼ੁਰੂ ਹੋ ਗਿਆ..ਨਿੱਕਾ ਜਿਹਾ ਮੂੰਹੋਂ ਗੱਲ ਬਾਅਦ ਵਿਚ ਕੱਢਿਆ ਕਰਦਾ ਤੇ ਚੀਜ ਹਾਜਿਰ ਪਹਿਲਾ ਹੋ ਜਾਇਆ ਕਰਦੀ..ਕਮਰੇ ਤੇ ਅਲਮਾਰੀਆਂ ਕਪੜਿਆਂ ਬੂਟਾਂ ਖਿਡੌਣਿਆਂ ਅਤੇ ਹੋਰ ਕਿੰਨੀਆਂ ਸਾਰੀਆਂ ਸ਼ੈਵਾਂ ਨਾਲ ਨੱਕੋ ਨੱਕ ਭਰੇ ਰਹਿੰਦੇ..!
ਹੁਣ ਜੁਆਨ ਹੋ ਕੇ ਵਿਆਹਿਆ ਗਿਆ ਪਰ ਪਿਓ ਵਾਸਤੇ ਟਾਈਮ ਹੀ ਹੈਨੀ..
ਕੀ ਮੰਗ ਲਿਆ ਸੀ ਉਸਤੋਂ..ਸਿਰਫ ਬਾਗਬਾਨੀ ਨਾਲ ਸਬੰਧਿਤ ਕੁਝ ਸਮਾਨ..ਫੁੱਲ ਬੂਟੇ ਖਾਦ ਅਤੇ ਨਿੱਕਾ ਮੋਟਾ ਹੋਰ ਨਿੱਕ ਸੁੱਕ..ਅੱਗੋਂ ਘੜਿਆ ਹੋਇਆ ਜੁਆਬ..”ਡੈਡ ਬਿਜ਼ੀ ਹਾਂ..ਟਾਈਮ ਘੱਟ ਹੈ..ਦੋ ਤਿੰਨ ਦਿਨ ਉਡੀਕ ਲਵੋ..!”
ਘਰੋਂ ਆਏ ਫੋਨ ਨੇ ਖਿਆਲਾਂ ਦੀ ਲੜੀ ਤੋੜ ਸੁੱਟੀ..
ਆਖਣ ਲੱਗੀ ਡੈਡ ਕੋਈ ਗੁਰਦਿਆਲ ਸਿੰਘ ਅੰਕਲ ਨੇ ਕਹਿੰਦੇ ਮਿਲਣਾ ਤੁਹਾਨੂੰ..ਘਰੇ ਆ ਜਾਓ..ਗੁਰਦਿਆਲ ਸਿੰਘ..ਕਿਹੜਾ ਗੁਰਦਿਆਲ ਸਿੰਘ ਹੋ ਸਕਦਾ..ਦਿਮਾਗ ਤੇ ਬਥੇਰਾ ਜ਼ੋਰ ਪਾਇਆ ਪਰ..!
ਕਾਹਲੇ ਕਦਮੀਂ ਘਰੇ ਪਹੁੰਚਿਆ..ਅੱਗੇ ਵੇਹੜੇ ਵਿਚ ਨਵੇਂ ਪੂਰਾਣੇ ਦੋਸਤਾਂ ਦੀ ਰੌਣਕ ਲੱਗੀ ਹੋਈ ਸੀ..ਟੇਬਲ ਤੇ ਬਰਫ਼ੀਆਂ ਸਮੋਸੇ ਅਤੇ ਹੋਰ ਵੀ ਬੜੇ ਕੁਝ ਦਾ ਢੇਰ ਲਗਿਆ ਸੀ..
ਦਿਮਾਗ ਵਿਚ ਸੋਲਾਂ ਜੁਲਾਈ ਵਾਲੀ ਜਨਮ ਤਰੀਕ ਘੁੰਮਣ ਲੱਗੀ..ਹੈਰਾਨ ਸਾਂ ਕੇ ਏਨਾ ਸਾਰਾ ਕੁਝ ਏਡੀ ਛੇਤੀ ਅਰੇਂਜ ਕਿੱਦਾਂ ਕਰ ਲਿਆ..ਫੇਰ ਅਗਲੇ ਦੋ ਘੰਟੇ ਵਧਾਈਆਂ ਕਿਧਰੋਂ ਕਿਧਰੋਂ ਆਉਂਦੀਆਂ ਰਹੀਆਂ ਮੈਨੂੰ ਕੁਝ ਨਹੀਂ ਪਤਾ..!
ਫੇਰ ਗਿਫ਼੍ਟ ਦੀ ਵਾਰੀ ਆਈ ਤਾਂ ਨਿੱਕੀ ਪੋਤੀ ਉਂਗਲ ਫੜ ਬਾਹਰ ਨੂੰ ਲੈ ਤੁਰੀ..ਬਾਕੀ ਸਾਰੇ ਵੀ ਸਾਡੇ ਮਗਰ ਮਗਰ ਹੋ ਤੁਰੇ..ਬਾਹਰ ਲਾਅਨ ਵਿਚ ਤਾਜੀਆਂ ਗੋਡੀਆਂ ਕਿਆਰੀਆਂ ਵਿਚ ਨਰਸਰੀ ਤੋਂ ਲਿਆਂਦੇ ਕਿੰਨੇ ਸਾਰੇ ਫੁੱਲਾਂ ਦੇ ਬੂਟੇ ਤਰਤੀਬਵਾਰ ਕਰਕੇ ਰੱਖੇ ਹੋਏ ਸਨ..ਮੁਹੱਬਤਾਂ ਦੇ ਬੱਦਲ ਛਾ ਗਏ ਅਤੇ ਨਿੱਕੀਆਂ ਕਣੀਆਂ ਦੇ ਰੂਪ ਵਿਚ ਡਿੱਗਦੇ ਹੋਏ ਪਿਆਰ ਨੇ ਮੇਰੇ ਲੂ ਕੰਢੇ ਖੜੇ ਕਰ ਦਿੱਤੇ..!
ਕੁਝ ਚਿਰ ਪਹਿਲਾਂ ਹੀ ਜ਼ਿਹਨ ਤੇ ਭਾਰੂ ਹੋ ਗਈਆਂ ਗਲਤ ਫਹਿਮੀਂ ਦੀਆਂ ਕਿੰਨੀਆਂ ਸਾਰੀਆਂ ਪੰਡਾ ਆਪਣੇਪਣ ਦੀ ਅਚਨਚੇਤ ਵਗੀ ਇੱਕ ਤੇਜ ਹਨੇਰੀ ਵਿਚ ਖਿੱਲਰ ਪੁੱਲਰ ਗਈਆਂ ਅਤੇ ਕੋਲ ਹੀ ਪੁੰਗਰ ਆਇਆ ਇੱਕ ਨਿੱਕਾ ਜਿਹਾ ਬੂਟਾ ਮੇਰੀ ਪਿੱਠ ਥਾਪੜਦਾ ਹੋਇਆ ਇੰਝ ਆਖਦਾ ਮਹਿਸੂਸ ਹੋ ਰਿਹਾ ਸੀ ਕੇ ਬਾਬਾ ਜੀ ਕੱਲ ਨੂੰ ਜੇ ਸਾਡੀਆਂ ਟਹਿਣੀਆਂ ਤੇ ਵੀ ਫੁਲ ਨਿੱਕਲਣੇ ਥੋੜੇ ਲੇਟ ਹੋ ਗਏ ਤਾਂ ਸਾਥੋਂ ਵੀ ਨਾ ਰੁੱਸ ਜਾਇਓ..!
ਹਰਪ੍ਰੀਤ ਸਿੰਘ ਜਵੰਦਾ
ਪੰਜਾਬ ਪੁਲਿਸ ਦੀ ਇੱਕ ਗੱਡੀ ਮੇਨ ਰੋਡ ਤੇ ਬਣੇ ਇੱਕ ਸੋਹਣੇ ਘਰ ਦੇ ਬਾਹਰ ਆ ਕੇ ਰੁਕੀ।
ਪੁਲਿਸ ਕਾਂਸਟੇਬਲ ਨੂੰ ਫੋਨ ਤੇ ਇਹੀ ਪਤਾ ਲਿਖਵਾਇਆ ਗਿਆ ਸੀ, ਪਰ ਇਥੇ ਤਾਂ ਸਾਰੇ ਵਧੀਆ ਮਕਾਨ ਹਨ। ਇਥੇ ਖਾਣਾ ਕਿਸਨੇ ਮੰਗਵਾਇਆ ਹੋਣਾ?
ਇਹ ਸੋਚਦੇ ਹੋਏ ਪੁਲਿਸ ਵਾਲੇ ਨੇ ਉਸੇ ਨੰਬਰ ਤੇ ਬੈਕ ਕਾਲ ਕੀਤੀ ਕਿ ਤੁਸੀਂ ਦਸ ਮਿੰਟ ਪਹਿਲਾ 112 ਤੇ ਕਾਲ ਕੀਤੀ ਸੀ ਤੇ ਖਾਣਾ ਮੰਗਵਾਇਆ ਸੀ। ਅਸੀਂ ਤੁਹਾਡੇ ਦਿੱਤੇ ਪਤੇ ਦੇ ਬਾਹਰ ਹੀ ਖੜ੍ਹੇ ਹਾਂ, ਕਿੱਥੇ ਆਉਣਾ ਹੈ? ਦੂਜੇ ਪਾਸੇਓ ਆਵਾਜ਼ ਆਈ ‘ਜਨਾਬ ਤੁਸੀਂ ਬਾਹਰ ਹੀ ਰੁੱਕੋ ਮੈਂ ਆਉਦਾ ਹਾਂ।”
ਇੱਕ ਮਿੰਟ ਬਾਅਦ ਇੱਕ 60-65 ਸਾਲ ਦਾ ਬੰਦਾ ਆਪਣੇ ਘਰੋਂ ਬਾਹਰ ਆਇਆ।
ਉਸਨੂੰ ਦੇਖ ਕੇ ਪੁਲਿਸ ਕਾਂਸਟੇਬਲ ਨੂੰ ਗੁੱਸਾ ਆ ਗਿਆ ਤੇ ਬੋਲਿਆ “ਤੁਹਾਨੂੰ ਸ਼ਰਮ ਨਹੀਂ ਆਉਂਦੀ, ਇਸ ਤਰਾਂ ਖਾਣਾ ਮੰਗਵਾਉਂਦੇ ਹੋਏ, ਗਰੀਬਾਂ ਦੇ ਹੱਕ ਦਾ ਖਾਣਾ ਜਦ ਤੁਹਾਡੇ ਵਰਗੇ ਅਮੀਰ ਬੰਦੇ ਖਾਣਗੇ ਤਾਂ ਗਰੀਬਾਂ ਤੱਕ ਖਾਣਾ ਕਿਵੇਂ ਪੁਹੰਚੇਗਾ।”
ਮੇਰਾ ਤਾਂ ਇਥੇ ਆਉਣਾ ਹੀ ਖ਼ਰਾਬ ਗਿਆ।”
ਬਜ਼ੁਰਗ ਨੇ ਕਿਹਾ ਜਨਾਬ ਇਹ ਸ਼ਰਮ ਹੀ ਸੀ ਜੋ ਸਾਨੂੰ ਇਥੇ ਤੱਕ ਲੈ ਆਈ। ਨੌਕਰੀ ਲੱਗਦੇ ਸਾਰ ਹੈ ਲੋਨ ਲੈ ਕੇ ਘਰ ਬਣਵਾ ਲਿਆ, ਅੱਧੇ ਤੋਂ ਵੀ ਜਿਆਦਾ ਕਮਾਈ ਲੋਨ ਦੀ ਕਿਸ਼ਤ ਲਈ ਜਾਂਦੀ ਰਹੀ ਤੇ ਬਾਕੀ ਜੋ ਬਚਦਾ ਉਸ ਨਾਲ ਬੱਚਿਆਂ ਦੀ ਪਰਵਰਿਸ਼ ਹੁੰਦੀ ਰਹੀ।
ਹੁਣ ਰਿਟਾਇਰਮੈਂਟ ਤੋਂ ਬਾਅਦ ਕੋਈ ਪੈਨਸ਼ਨ ਨਹੀਂ ਹੈ ਤੇ ਨਾ ਹੀ ਕੋਈ ਹੋਰ ਕਮਾਈ, ਇਸ ਲਈ ਮਕਾਨ ਦਾ ਇੱਕ ਹਿੱਸਾ ਕਿਰਾਏ ਤੇ ਦਿੱਤਾ ਸੀ, ਹੁਣ ਲਾਕ ਡਾਉਣ ਚ ਕਿਰਾਇਆ ਵੀ ਨਹੀਂ ਮਿਲਿਆ। ਮੁੰਡੇ ਦੀ ਨੌਕਰੀ ਨਹੀਂ ਲੱਗ ਰਹੀ ਸੀ ਇਸ ਲਈ ਜੋ ਫੰਡ ਮਿਲਿਆ ਸੀ ਉਸ ਪੈਸੇ ਨੂੰ ਉਸਦੇ ਕੰਮ ਕਾਰ ਚ ਲਗਾ ਦਿੱਤਾ, ਮੁੰਡਾ ਜੋ ਕਮਾਉਂਦਾ ਉਸ ਨੂੰ ਕੰਮਕਾਰ ਵੱਡਾ ਕਰਨ ਦੇ ਚੱਕਰ ਚ ਖਰਚ ਕਰਦਾ ਰਿਹਾ, ਹੁਣ 20 ਦਿਨ ਹੋ ਗਏ ਉਹ ਵੀ ਠੱਪ ਹੈ, ਕਦੇ ਬਚਤ ਕਰਨ ਦੀ ਸੋਚੀ ਹੀ ਨਹੀ। ਪਹਿਲੇ ਪੂਰੇ ਸਾਲ ਦੀ ਕਣਕ ਤੇ ਚੌਲ ਭਰ ਲਈਦੇ ਸੀ ਪਰ ਨੂੰਹ ਨੇ ਕਿਹਾ ਇਹ ਸਭ ਓਲ੍ਡ ਫੈਸ਼ਨ ਆ ਤਾਂ ਸ਼ਰਮ ਦੇ ਮਾਰੇ ਦੋਵੇਂ ਢੋਲ ਕਬਾੜ ਵਾਲੇ ਨੂੰ ਵੇਚ ਦਿੱਤੇ। ਹੁਣ ਬਾਜ਼ਾਰੋਂ ਰਾਸ਼ਨ ਦੇ ਨਾਲ 10 ਕਿੱਲੋ ਆਟੇ ਦੀ ਥੈਲੀ ਤੇ 5 ਕਿੱਲੋ ਚੋਲ ਲੈ ਆਉਂਦੇ ਹਾਂ। ਮਕਾਨ ਵਧੀਆ ਹੋਣ ਕਰਕੇ ਕਿਸੇ ਸਮਾਜਿਕ ਸੰਸਥਾ ਤੋਂ ਮਦਦ ਨਹੀਂ ਮੰਗ ਸਕਦੇ ਸੀ। ਕੱਲ ਤੋਂ ਕੋਈ ਰਸਤਾ ਨਹੀਂ ਦਿੱਖ ਰਿਹਾ ਸੀ ਅਤੇ ਜਦੋਂ ਸਵੇਰੇ ਪੋਤੀ ਨੂੰ ਭੁੱਖ ਨਾਲ ਰੋਂਦੇ ਦੇਖਿਆ ਤਾਂ ਸਾਰੀ ਸ਼ਰਮ ਇੱਕ ਪਾਸੇ ਰੱਖ ਕੇ 112 ਤੇ ਫੋਨ ਕਰ ਦਿੱਤਾ। ਇਸ ਤਰਾਂ ਇੱਟਾਂ ਦੇ ਬਣੇ ਘਰ ਨੇ ਸਾਨੂੰ ਅਮੀਰ ਕਰ ਦਿੱਤਾ ਪਰ ਅੰਦਰੋਂ ਬਿਲਕੁਲ ਖੋਖਲਾ ਕਰ ਦਿੱਤਾ। ਹੁਣ ਮਜਦੂਰੀ ਤਾਂ ਕਰ ਨਹੀਂ ਸਕਦਾ ਤੇ ਕਦੇ ਵੀ ਏਨੀ ਕਮਾਈ ਨਹੀਂ ਹੋਈ ਕੇ ਬੈਂਕ ਖਾਤੇ ਚ ਇੰਨੇ ਪੈਸੇ ਬਚਾ ਲੈਂਦੇ ਕੇ ਕੁਝ ਦਿਨ ਬਹਿ ਕੇ ਖਾ ਲੈਂਦੇ। ਕੱਲ੍ਹ ਬੇਟਾ ਕਹਿੰਦਾ ਪਾਪਾ ਮੇਰੇ account ਵਿਚੋਂ ਮਕਾਨ, ਸਕੂਟਰ ਤੇ ਇਕ ਮੋਬਾਈਲ ਦੀਆਂ ਕਿਸ਼ਤਾਂ ਬੈਂਕ ਚੋਂ ਨਿੱਕਲ ਗਈਆਂ ਹਨ। ਸੱਤ ਅੱਠ ਸੌ ਰੁਪਏ ਬਾਕੀ ਰਹਿ ਗਏ ਹਨ, ਸਵੇਰੇ ਕਢਵਾ ਕੇ ਆਟਾ ਤੇ ਕੁਛ ਹੋਰ ਲਿਆਵਾਂਗਾ। ਜਦੋਂ ਸਵੇਰੇ ਬੈਂਕ ਜਾਣ ਲੱਗਿਆਂ ਮੋਬਾਈਲ ਉਤੇ ਮੈਸੇਜ ਦੇਖਿਆ ਤਾਂ ਹੋਸ਼ ਉੱਡ ਗਏ। ਬੈਂਕ ਦੇ ਮੈਸੇਜ ਵਿਚ ਲਿਖਿਆ ਸੀ ਕਿ ਤੁਹਾਡੇ ਅਕਾਊਂਟ ਵਿਚੋਂ ਮਿਨੀਮਮ ਬੈਲੈਂਸ ਨਾ ਹੋਣ ਕਾਰਨ 590 ਰੁਪਏ ਕੱਟ ਲਏ ਗਏ ਹਨ, ਹੁਣ ਤੁਹਾਡੇ ਅਕਾਊਂਟ ਵਿਚ 134 ਰੁਪਏ ਬਕਾਇਆ ਹਨ।
ਹੁਣ ਤੁਸੀਂ ਦੱਸੋ ਮੈਂ ਕੀ ਕਰਦਾ? ਇਹ ਕਹਿ ਕੇ ਬਜ਼ੁਰਗ ਰੌਂਣ ਲੱਗ ਗਿਆ। ਪੁਲਿਸ ਵਾਲੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਬੋਲੇ, ਉਹ ਚੁੱਪਚਾਪ ਗੱਡੀ ਤਕ ਗਿਆ ਤੇ ਲੰਚ ਦਾ ਪੈਕੇਟ ਕੱਢਣ ਲੱਗਾ। ਫਿਰ ਉਸਨੂੰ ਯਾਦ ਆਇਆ ਕੇ ਜੋ ਜਰੂਰੀ ਸਮਾਨ ਤੇ ਰਾਸ਼ਨ ਉਸਦੀ ਪਤਨੀ ਨੇ ਮੰਗਵਾਇਆ ਸੀ ਉਹ ਕਲ ਘਰ ਨਾ ਜਾਣ ਕਰਕੇ ਗੱਡੀ ਦੀ ਡਿੱਗੀ ਵਿਚ ਹੀ ਪਿਆ ਸੀ। ਉਸਨੇ ਡਿੱਗੀ ਖੋਲੀ ਸਮਾਨ ਕੱਢਿਆ ਤੇ ਲੰਚ ਪੈਕੇਟ ਦੇ ਨਾਲ ਬਜ਼ੁਰਗ ਦੇ ਗੇਟ ਤੇ ਰੱਖ ਦਿੱਤਾ ਤੇ ਬਿੰਨਾ ਕੁਝ ਬੋਲੇ ਪੁਲਿਸ ਵਾਲਾ ਗੱਡੀ ਚ ਆ ਕੇ ਬੈਠ ਗਿਆ।
ਅੱਜ ਸਾਡੇ ਸਾਮਜ ਵਿੱਚ ਮਧਿਅਮ ਵਰਗ ਦੇ ਜਿਆਦਾਤਰ ਲੋਕਾਂ ਦੀ ਇਹੀ ਹਾਲਾਤ ਹੈ। ਸ਼ਰਮ ਦੇ ਮਾਰੇ ਨਾ ਤਾਂ ਕਿਸੇ ਤੋਂ ਕੁਝ ਮੰਗ ਈ ਸਕਦੇ ਆ ਤੇ ਨਾ ਹੀ ਪੱਲੇ ਕੁਝ ਬਚਿਆ ਏ। ਆਉਣ ਵਾਲੇ ਸਮੇਂ ਵਿੱਚ ਜੇਕਰ ਸਰਕਾਰਾਂ ਨੇ ਮੱਧਮ ਵਰਗ ਵੱਲ ਧਿਆਨ ਨਾ ਦਿੱਤਾ ਤਾਂ ਕਿਤੇ ਅਜਿਹੇ ਹਾਲਾਤ ਹਰ ਪਾਸੇ ਨਾ ਹੋ ਜਾਣ। 🙏
ਰਾਏ ਬੁਲਾਰ ਦੇ ਵਾਰਿਸਾਂ ਨੇ ਜਮੀਨ ਦੇ ਲਾਲਚ ਵਿਚ ਅਦਾਲਤ ਵਿਚ ਮੁਕੱਦਮਾ ਕਰ ਦਿਤਾ ਕਿ ਸਾਡੇ ਬਜੁਰਗ ਰਾਏ ਬੁਲਾਰ ਦਾ ਦਿਮਾਗ ਉਦੋਂ ਸਹੀ ਨਹੀ ਸੀ ਜਦ ਉਸਨੇ ਆਪਣੀ ਅੱਧੀ ਜਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ ਸੀ ਤੇ ਹੁਣ ਉਹ ਪੈਲੀ ਸਾਨੂੰ ਮਿਲਣੀ ਚਾਹੀਦੀ ਹੈ-ਇਸ ਮਗਰੋਂ ਜੋ ਕੁਝ ਹੋਇਆ,ਉਹ ਜਾਨਣ ਲਈ ਇਹ ਲੇਖ ਪੜੋ-ਕਮਾਲ -ਕਮਾਲ-ਵਿਸਮਾਦ…!
ਰਾਇ ਬੁਲਾਰ ਖ਼ਾਨ ਸਾਹਿਬ ਨਾਲ ਗੁਰੂ ਨਾਨਕ ਦੇਵ ਜੀ ਦੀ ਇੱਕ ਸਾਂਝ ਦਾ ਜ਼ਿਕਰ ਸਾਡੀਆਂ ਸਾਖੀਆਂ ਵਿੱਚ ਨਹੀਂ ਆਉਂਦਾ। ਵੱਡੀ ਘਟਨਾ ਵਾਪਰੀ ਪਰ ਸਾਖੀਆਂ ਵਿੱਚ ਦਰਜ ਨਹੀਂ ਕੀਤੀ ਗਈ। ਇਹ ਸਾਖੀ ਮੈਨੂੰ ਗੁਰੂ ਨਾਨਕ ਗੌਰਮਿੰਟ ਡਿਗਰੀ ਕਾਲਜ ਨਨਕਾਣਾ ਸਾਹਿਬ ਦੇ ਠੇਕੇਦਾਰ ਨੇ ਸੁਣਾਈ।
ਹੋਇਆ ਇੰਜ ਕਿ 10 ਅਪਰੈਲ 1993 ਨੂੰ ਨਨਕਾਣਾ ਸਾਹਿਬ ਮੱਥਾ ਟੇਕਿਆ, ਕੀਰਤਨ ਸੁਣਿਆ ਤੇ ਲੰਗਰ ਛਕਿਆ। ਸੋਚਿਆ ਕਿ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਮਿਲਾਂ, ਗੱਲਾਂ ਕਰਾਂ। ਕਾਲਜ ਤਾਂ ਹੋਣਾ ਨਹੀਂ ਇੱਥੇ, ਸਕੂਲ ਹੋਏਗਾ। ਕਿਸੇ ਮਾਸਟਰ ਨੂੰ ਮਿਲੀਏ। ਪੁਲੀਸ ਅਫ਼ਸਰ ਨੂੰ ਦੱਸਿਆ ਕਿ ਮੈਂ ਪ੍ਰੋਫੈਸਰ ਹਾਂ। ਕਿਸੇ ਪ੍ਰੋਫ਼ੈਸਰ ਜਾਂ ਮਾਸਟਰ ਨੂੰ ਮਿਲਣਾ ਚਾਹੁੰਦਾ ਹਾਂ। ਡੀ.ਐੱਸ.ਪੀ. ਨੇ ਦੱਸਿਆ, ‘‘ਅਹਿ ਇਧਰ ਦੋ ਕੁ ਫਰਲਾਂਗ ’ਤੇ ਕਾਲਜ ਹੈ, ਚਲੇ ਜਾਓ।’’ ਤੁਰਦਾ ਗਿਆ। ਅੱਗੇ ਗੇਟ ਆ ਗਿਆ। ਅੰਗਰੇਜ਼ੀ ਅਤੇ ਉਰਦੂ ਅੱਖਰਾਂ ਵਿੱਚ ਲਿਖਿਆ ਹੋਇਆ ਸੀ- ਗੁਰੂ ਨਾਨਕ ਗੌਰਮਿੰਟ ਡਿਗਰੀ ਕਾਲਜ ਨਨਕਾਣਾ ਸਾਹਿਬ। ਅੰਦਰ ਲੰਘਿਆ, ਕੋਈ ਦਿਸਿਆ ਨਹੀਂ। ਚੌਕੀਦਾਰ ਨੇ ਸਲਾਮਾਲੇਕਮ ਆਖਿਆ ਤੇ ਕਿਹਾ, ‘‘ਜੀ ਖਿਦਮਤ?’’ ਮੈਂ ਕਿਹਾ, ‘‘ਕੋਈ ਪ੍ਰੋਫ਼ੈਸਰ ਹੈ?’’ ਉਸ ਨੇ ਕਿਹਾ, ‘‘ਹਨ, ਇਮਤਿਹਾਨ ਹੋ ਰਹੇ ਹਨ। ਡਿਊਟੀਆਂ ’ਤੇ ਹਨ। ਕੰਮ ਹੈ ਤਾਂ ਜਿਸ ਨੂੰ ਕਹੋ ਬੁਲਾ ਲਿਆਉਂਦਾ ਹਾਂ।’’ ਮੈਂ ਕਿਹਾ, ‘‘ਕੰਮ ਤਾਂ ਕੋਈ ਨਹੀਂ। ਘੰਟੇ ਨੂੰ ਫੇਰ ਆ ਜਾਵਾਂਗਾ ਪੰਜ ਵਜੇ।’’ ਵਾਪਸ ਤੁਰ ਪਿਆ। ਸਾਢੇ ਛੇ ਫੁੱਟ ਲੰਮਾ 65-70 ਸਾਲ ਦਾ ਬਜ਼ੁਰਗ ਸਲਵਾਰ ਕਮੀਜ਼ ਦਸਤਾਰ ਪਹਿਨੀ ਮੇਰੇ ਵੱਲ ਤੇਜ਼ੀ ਨਾਲ ਆਇਆ, ‘‘ਸਰਦਾਰ ਜੀ ਸਤਿ ਸ੍ਰੀ ਅਕਾਲ। ਪਰਤ ਕਿਉਂ ਚਲੇ? ਮੈਂ ਤੁਹਾਨੂੰ ਦੇਖਿਆ ਤਾਂ ਲੇਬਰ ਨੂੰ ਛੁੱਟੀ ਦੇ ਦਿੱਤੀ। ਮੈਂ ਠੇਕੇਦਾਰ ਹਾਂ। ਮੁੰਡਿਆਂ ਲਈ ਹੋਸਟਲ ਬਣਾ ਰਿਹਾ ਹਾਂ। ਆਉ ਇਧਰ ਬੈਠੀਏ। ਗੱਲਾਂ ਕਰਾਂਗੇ।’’ ਦੋ-ਤਿੰਨ ਕੁਰਸੀਆਂ ਮੰਗਵਾ ਲਈਆਂ। ਕੋਈ ਮਜ਼ਦੂਰ ਛੁੱਟੀ ਕਰਕੇ ਘਰ ਨਹੀਂ ਗਿਆ, ਸਾਰੇ ਸਾਡੇ ਇਰਦ-ਗਿਰਦ ਜ਼ਮੀਨ ਉਪਰ ਬੈਠ ਗਏ। ਗੱਲਾਂ ਦੌਰਾਨ ਮੈਂ ਪੁੱਛਿਆ, ‘‘ਗੁਰਦੁਆਰਾ ਸਾਹਿਬ ਦੇ ਨਾਮ ਕਿੰਨੀ ਜ਼ਮੀਨ ਹੈ ਇੱਥੇ?’’ ਉਸ ਨੇ ਕਿਹਾ, ‘‘ਜੀ ਕਿਉਂ ਪੁੱਛੀ ਇਹ ਗੱਲ? ਰਹਿਣ-ਸਹਿਣ ਖਾਣ-ਪੀਣ ਵਿੱਚ ਕੋਈ ਦਿੱਕਤ ਆਈ?’’ ਮੈਂ ਕਿਹਾ, ‘‘ਨਹੀਂ। ਕੋਈ ਕਮੀ ਨਹੀਂ ਰਹੀ। ਇਹ ਮੇਰੇ ਬਾਬੇ ਦਾ ਜਨਮ ਸਥਾਨ ਹੈ ਨਾ। ਇਸ ਵਾਸਤੇ ਕੀ ਮੇਰਾ ਫ਼ਿਕਰਮੰਦ ਹੋਣ ਦਾ ਹੱਕ ਨਹੀਂ?’’ ਉਸ ਨੇ ਕਿਹਾ, ‘‘ਬਿਲਕੁਲ ਨਹੀਂ। ਫ਼ਿਕਰ ਕਰਨ ਦਾ ਹੱਕ ਵੱਡਿਆਂ ਦਾ ਹੈ। ਸਾਡਾ ਤੁਹਾਡਾ ਹੱਕ ਬੰਦਗੀ ਕਰਨ ਦਾ ਹੈ। ਹਜ਼ਰਤ ਬਾਬਾ ਨਾਨਕ ਅਲਹਿ ਸਲਾਮ ਸਾਡਾ ਫ਼ਿਕਰ ਕਰਦਾ ਹੈ।’’
ਮੈਂ ਕਿਹਾ, ‘‘ਦਰੁਸਤ। ਅੱਛਾ ਇਹ ਦੱਸੋ ਕਿ ਜਾਣਨ ਦਾ ਹੱਕ ਤਾਂ ਹੈ?’’ ਉਸ ਨੇ ਕਿਹਾ, ‘‘ਹਾਂ, ਜਾਣਨ ਦਾ ਹੱਕ ਹੈ। ਸਾਢੇ ਸੱਤ ਸੌ ਮੁਰੱਬਾ ਜ਼ਮੀਨ ਗੁਰਦੁਆਰੇ ਦੇ ਨਾਮ ਹੈ।’’ ਫਿਰ ਪੁੱਛਿਆ, ‘‘ਕੀ ਮਹਾਰਾਜਾ ਰਣਜੀਤ ਸਿੰਘ ਨੇ ਲੁਆਈ ਸੀ ਇਹ ਜ਼ਮੀਨ?’’ ਠੇਕੇਦਾਰ ਨੇ ਕਿਹਾ, ‘‘ਬਿਲਕੁਲ ਨਹੀਂ। ਇੰਨੀ ਜ਼ਮੀਨ ਕਿਸੇ ਗੁਰਦੁਆਰੇ ਦੇ ਨਾਮ ਮਹਾਰਾਜੇ ਨੇ ਨਹੀਂ ਲੁਆਈ। ਇਹ ਸਾਡੇ ਭੱਟੀਆਂ ਦੇ ਸਰਦਾਰ ਨੇ ਲੁਆਈ ਸੀ।’’ ਮੈਂ ਫਿਰ ਪੁੱਛਿਆ, ‘‘ਭੱਟੀਆਂ ਦਾ ਸਰਦਾਰ ਕੌਣ?’’ ਉਸ ਨੇ ਕਿਹਾ, ‘‘ਭੱਟੀਆਂ ਦੇ ਸਰਦਾਰ ਨੂੰ ਨਹੀਂ ਜਾਣਦੇ? ਇੱਥੇ ਪੰਜਾਹ ਪਿੰਡਾਂ ਵਿੱਚ ਬੱਚੇ-ਬੱਚੇ ਨੂੰ ਉਸ ਦਾ ਤੇ ਬਾਬੇ ਦੇ ਨਾਮ ਦਾ ਪਤਾ ਹੈ। ਉਸ ਦਾ ਨਾਮ ਸੀ ਰਾਇ ਬੁਲਾਰ ਖ਼ਾਨ ਸਾਹਿਬ। ਇੱਥੇ ਬੜੇ ਪਿੰਡ ਹਨ ਜੀ ਭੱਟੀਆਂ ਦੇ। ਤੁਸਾਂ ਨਹੀਂ ਸਰਦਾਰ ਦਾ ਨਾਮ ਸੁਣਿਆ?’’ ਮੈਂ ਕਿਹਾ, ‘‘ਇਸ ਸਰਦਾਰ ਦਾ ਨਾਮ ਤਾਂ ਸਾਡੇ ਕਣ-ਕਣ ਵਿੱਚ ਰਸਿਆ ਹੋਇਆ ਹੈ ਭਰਾ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਰਾਇ ਸਾਹਿਬ ਭੱਟੀ ਸਨ।’’
ਠੇਕੇਦਾਰ ਨੇ ਕਿਹਾ, ‘‘ਜੀ ਅਸੀਂ ਭੱਟੀ, ਆਮ ਨਹੀਂ ਹਾਂ। ਮੈਂ ਵੀ ਭੱਟੀ ਹਾਂ। ਸਾਰਿਆਂ ਜਹਾਨਾਂ ਦੇ ਮਾਲਕ ਗੁਰੂ ਬਾਬੇ ਨੂੰ ਸਭ ਤੋਂ ਪਹਿਲਾਂ ਸਾਡੇ ਸਰਦਾਰ ਨੇ ਪਛਾਣਿਆ ਸੀ। ਇੱਕ ਕੋਹਿਨੂਰ ਦੀ ਸ਼ਨਾਖਤ ਕਰ ਲਈ ਸੀ….!
ਭੱਟੀ ਸਰਦਾਰ ਨੇ ਉਦੋਂ ਹੀ, ਜਦੋਂ ਉਹ ਬਚਪਨ ਵਿੱਚ ਸੀ। ਹੁਣ ਸੁਣੋ ਜ਼ਮੀਨ ਦੇਣ ਦੀ ਗੱਲ। ਰਾਇ ਬੁਲਾਰ ਖ਼ਾਨ ਪੰਦਰਾਂ ਸੌ ਮੁਰੱਬਿਆਂ ਦਾ ਤਕੜਾ ਰਈਸ ਅਤੇ ਖ਼ੁਦਦਾਰ ਇਨਸਾਨ ਸੀ ਪਰ ਸੀ ਨੇਕੀ ਦਾ ਮੁਜੱਸਮਾ। ਬਾਬਾ ਜੀ ਦਾ ਕਦਰਦਾਨ ਸੀ ਪੂਰਾ। ਉਸ ਦੀ ਉਮਰ ਚਾਲੀਆਂ ਤੋਂ ਟੱਪ ਚੱਲੀ ਪਰ ਔਲਾਦ ਨਹੀਂ ਸੀ। ਘੋੜੇ ’ਤੇ ਸਵਾਰ ਹੋ ਕੇ ਮੁਰੱਬਿਆਂ ਦਾ ਦੌਰਾ ਕਰਨ ਗਿਆ। ਗੁਰੂ ਬਾਬੇ ਦੀ ਉਮਰ 12-13 ਸਾਲ ਸੀ। ਬਾਬਾ ਮੱਝਾਂ ਚਾਰ ਰਿਹਾ ਸੀ। ਰਾਇ ਸਾਹਿਬ ਘੋੜੇ ਤੋਂ ਉਤਰੇ। ਜੋੜੇ ਉਤਾਰੇ। ਬਾਬਾ ਜੀ ਦੇ ਨਜ਼ਦੀਕ ਹੱਥ ਜੋੜ ਕੇ ਖਲੋ ਗਏ ਤੇ ਕਿਹਾ- ਬਾਬਾ ਮੇਰੀ ਮੁਰਾਦ ਪੂਰੀ ਕਰ।
ਜੀ ਕਦੀ ਬਾਲ ਘਰ ਵਿੱਚ ਖੇਡੇ, ਇਹ ਮੁਰਾਦ ਮਨ ਵਿੱਚ ਲੈ ਕੇ ਅਰਜ਼ ਗੁਜ਼ਾਰਨ ਗਏ ਸਨ। ਬਾਬਾ ਜੀ ਨੇ ਅਸੀਸਾਂ ਦਿੱਤੀਆਂ ਅਤੇ ਕਿਹਾ- ਰਾਇ ਤੁਸਾਂ ਦੀ ਮੁਰਾਦ ਪੂਰੀ ਹੋਈ, ਸ਼ੱਕ ਨਾ ਕਰਨਾ।
ਸਾਲ ਬਾਅਦ ਰਾਇ ਸਾਹਿਬ ਦੇ ਘਰ ਬੇਟੇ ਦਾ ਜਨਮ ਹੋਇਆ। ਸਰਦਾਰ ਏਨਾ ਖ਼ੁਸ਼ ਕਿ ਬੜੀ ਵੱਡੀ ਦਾਅਵਤ ਦਿੱਤੀ। ਜੀ ਨਵਾਬ ਦੌਲਤ ਖ਼ਾਨ ਸਾਹਿਬ ਖ਼ੁਦ ਆਏ ਸਨ ਇਸ ਜਸ਼ਨ ਵਿੱਚ ਸ਼ਿਰਕਤ ਕਰਨ। ਪਿੰਡਾਂ ਦੇ ਪਿੰਡ ਆਣ ਉਤਰੇ ਸਨ। ਇਸ ਭਾਰੀ ਇਕੱਠ ਵਿੱਚ ਸ਼ੁਕਰਾਨਾ ਕਰਨ ਮਗਰੋਂ ਰਾਇ ਸਾਹਿਬ ਨੇ ਆਪਣੀ ਅੱਧੀ ਜ਼ਮੀਨ ਹਜ਼ਰਤ ਬਾਬਾ ਨਾਨਕ ਦੇ ਨਾਮ ਇੰਤਕਾਲ ਤਬਦੀਲ ਕਰ ਦੇਣ ਦਾ ਐਲਾਨ ਕੀਤਾ। ਸੋ ਉਦੋਂ ਸਾਢੇ ਸੱਤ ਸੌ ਮੁਰੱਬੇ ਬਾਬਾ ਜੀ ਦੇ ਨਾਮ ਹੋਏ ਜੋ ਹੁਣ ਤਕ ਤੁਰੇ ਆਂਵਦੇ ਹਨ। ਸਾਡੇ ਖਿਆਲ ਵਿੱਚ ਇਹ ਗੱਲ ਆਈ ਪਈ ਮਾਲਕ ਅਸੀਂ, ਕਾਬਜ਼ ਅਸੀਂ, ਕਾਸ਼ਤਕਾਰ ਅਸੀਂ ਪਰ ਨਾਮ ਸਾਡਾ ਮਾਲ ਰਿਕਾਰਡ ਵਿੱਚ ਬੋਲਦਾ ਨਹੀਂ। ਅਸੀਂ ਇਸ ਜ਼ਮੀਨ ਉਪਰ ਕਬਜ਼ੇ ਪੁਸ਼ਤਾਂ ਤੋਂ ਕੀਤੇ ਹੋਏ ਹਨ। ਸੌ ਕੁ ਕਿੱਲੇ ਜ਼ਮੀਨ ਬਚੀ ਹੋਈ ਹੈ ਗੁਰਦਵਾਰੇ ਦੇ ਕਬਜ਼ੇ ਵਿੱਚ। ਬਾਕੀ ਦੀ ਭੱਟੀ ਵਾਹੁੰਦੇ ਬੀਜਦੇ ਹਨ। ਅਸੀਂ ਸ਼ੇਖਪੁਰੇ ਅਦਾਲਤ ਵਿੱਚ ਮੁਕੱਦਮਾ ਦਾਇਰ ਕਰ ਦਿੱਤਾ ਕਿ ਪਿਛਲੀ ਉਮਰੇ ਸਾਡੇ ਬਜ਼ੁਰਗਾਂ ਦੇ ਬਜ਼ੁਰਗ ਰਾਇ ਬੁਲਾਰ ਸਾਹਿਬ ਦਾ ਦਿਮਾਗ਼ ਹਿੱਲ ਗਿਆ ਸੀ। ਉਸ ਨੇ ਅੱਧੀ ਜ਼ਮੀਨ ਇੱਕ ਫ਼ਕੀਰ ਨਾਨਕ ਦੇ ਨਾਮ ਕਰਵਾ ਦਿੱਤੀ ਪਰ ਉਸ ਦੇ ਹੱਕਦਾਰ ਅਸੀਂ ਹਾਂ। ਕਾਬਜ਼ ਕਾਸ਼ਤਕਾਰ ਵੀ ਖ਼ੁਦ ਹਾਂ। ਸਾਡੇ ਨਾਮ ਇੰਤਕਾਲ ਤਬਦੀਲ ਹੋਵੇ। ਲਉ ਜੀ ਤਲਬੀਆਂ, ਇਤਲਾਹਾਂ, ਰਿਕਾਰਡ, ਬਹਿਸਾਂ ਸਭ ਹੋ ਗਈਆਂ। ਚਾਰ ਸਾਲ ਮੁਕੱਦਮੇ ਦੀ ਕਾਰਵਾਈ ਚੱਲੀ। ਫ਼ੈਸਲੇ ਦੀ ਤਰੀਕ ਆਈ ਤਾਂ ਫ਼ੈਸਲਾ ਸਾਡੇ ਖ਼ਿਲਾਫ਼। ਇੰਤਕਾਲ ਤਬਦੀਲ ਨਹੀਂ ਹੋ ਸਕਦਾ। ਅਸੀਂ ਲਾਹੌਰ ਹਾਈਕੋਰਟ ਵਿੱਚ ਅਪੀਲ ਦਾਇਰ ਕਰ ਦਿੱਤੀ। ਤਿੰਨ ਚਾਰ ਸਾਲ ਉਥੇ ਸੁਣਵਾਈ ਹੁੰਦੀ ਰਹੀ। ਜਜਮੈਂਟ ਹੋਈ, ਇੰਤਕਾਲ ਤਬਦੀਲ ਨਹੀਂ ਹੋ ਸਕਦਾ। ਅਪੀਲ ਖਾਰਜ ਦਾਖ਼ਲ ਦਫ਼ਤਰ। ਅਸੀਂ ਜੀ ਸੁਪਰੀਮ ਕੋਰਟ ਇਸਲਾਮਾਬਾਦ ਅਪੀਲ ਦਾਇਰ ਕੀਤੀ। ਤਿੰਨ ਸਾਲ ਸੁਣਵਾਈ ਹੋਈ। ਅਖ਼ੀਰ ਜਦੋਂ ਫ਼ੈਸਲਾ ਸੁਣਾਉਣ ਦਾ ਵਕਤ ਆਇਆ ਤਾਂ ਬੈਂਚ ਨੇ ਕਿਹਾ- ਆਪਣੇ ਪੰਜ ਚਾਰ ਮੁਹਤਬਰ ਬੰਦੇ ਲੈ ਕੇ ਆਉਣਾ। ਵਕੀਲਾਂ ਨੂੰ ਨਹੀਂ ਲਿਆਉਣਾ। ਕੋਈ ਜ਼ਰੂਰੀ ਗੱਲ ਕਰਨੀ ਹੈ। ਅਸੀਂ ਪੁੱਛਿਆ ਜੀ ਕੀ ਗੱਲ ਕਰਨੀ ਹੈ, ਰਤਾ ਦੱਸੋ ਤਾਂ ਕਿ ਤਿਆਰੀ ਕਰਕੇ ਆਈਏ। ਆਪਸ ਵਿੱਚ ਸਲਾਹ ਜੋ ਕਰਨੀ ਹੋਈ। ਸਾਂਝਾ ਕੰਮ ਹੈ। ਜੱਜਾਂ ਨੇ ਕਿਹਾ- ਤੁਸੀਂ ਇਹ ਮੁਕੱਦਮਾ ਕਰਕੇ ਚੰਗਾ ਕੰਮ ਨਹੀਂ ਕੀਤਾ। ਇਹ ਦੱਸਣਾ ਹੈ। ਮਹੀਨਾ ਤਾਰੀਕ ਪਾ ਦਿੱਤੀ।
ਪਿੰਡਾਂ ਦੇ ਆਪਣੇ-ਆਪਣੇ ਇਕੱਠ ਹੋਏ। ਫਿਰ ਸਾਂਝੇ ਇਕੱਠ ਹੋਏ। ਅੱਠ ਬੰਦੇ ਚੁਣੇ ਗਏ ਜਿਹੜੇ ਬੈਂਚ ਨਾਲ ਗੱਲ ਕਰਨ ਅਦਾਲਤ ਜਾਣਗੇ। ਤਰੀਕ ਆ ਗਈ। ਸੈਂਕੜੇ ਬੰਦੇ ਅਦਾਲਤ ਦੇ ਬਾਹਰ ਪੁੱਜ ਗਏ। ਸਾਡੀ ਵਾਰੀ ਆਈ ਤਾਂ ਅੰਦਰ ਦਾਖਲ ਹੋਏ। ਇੱਕ ਮੈਂ ਵੀ ਸਾਂ। ਜੱਜਾਂ ਨੇ ਇੱਕ ਘੰਟੇ ਲਈ ਅਦਾਲਤ ਮੁਲਤਵੀ ਕਰ ਦਿੱਤੀ। ਸਾਨੂੰ ਪਿਛਲੇ ਕਮਰੇ ਵਿੱਚ ਲੈ ਗਏ। ਚਾਹ ਪਾਣੀ ਮੰਗਵਾ ਲਿਆ। ਫਿਰ ਗੱਲ ਤੋਰੀ। ਜੱਜ ਸਾਹਿਬਾਨ ਨੇ ਕਿਹਾ- ਅਸੀਂ ਬੜੀ ਬਾਰੀਕੀ ਨਾਲ ਕੇਸ ਦੇਖਿਆ ਹੈ। ਤੁਸੀਂ ਗਲਤ ਕੰਮ ਛੇੜ ਬੈਠੇ। ਜਿਨ੍ਹਾਂ ਫ਼ਕੀਰਾਂ ਉਪਰ ਮੁਕੱਦਮੇ ਦਾਇਰ ਕੀਤੇ ਉਨ੍ਹਾਂ ਤੋਂ ਮੁਰਾਦਾਂ ਮੰਗਦੇ ਤਾਂ ਠੀਕ ਸੀ। ਉਹ ਨੇਕਬਖ਼ਤ ਇਨਸਾਨ ਜਿਨ੍ਹਾਂ ਦੀ ਬਦੌਲਤ ਤੁਸੀਂ ਦੁਨੀਆਂ ਦੀ ਰੋਸ਼ਨੀ ਦੇਖੀ, ਤੁਸੀਂ ਉਨ੍ਹਾਂ ਉਪਰ ਮੁਕੱਦਮੇ ਕੀਤੇ, ਦਿਮਾਗ਼ ਹੱਲ ਜਾਣ ਵਰਗੇ ਬਦ ਇਲਜ਼ਾਮ ਲਾਏ। ਸਰਦਾਰ ਰਾਇ ਬੁਲਾਰ ਖ਼ਾਨ ਸਾਹਿਬ ਦਾ ਦਿਮਾਗ਼ ਅੱਧਾ ਤਾਂ ਕਾਇਮ ਰਿਹਾ ਜੋ ਅੱਧੀ ਜ਼ਮੀਨ ਬਚਾ ਲਈ। ਜਿਸ ਫ਼ਕੀਰ ਦੇ ਨਾਮ ਅੱਧੀ ਜ਼ਮੀਨ ਦਾ ਇੰਤਕਾਲ ਕਰਵਾਇਆ, ਉਸ ਨੇ ਕਦੇ ਇਸ ਜ਼ਮੀਨ ਵੱਲ ਦੇਖਿਆ ਭੀ ਨਹੀਂ। ਉਸ ਦੀ ਔਲਾਦ ਨੇ ਇਸ ਉਪਰ ਹੱਕ ਨਹੀਂ ਜਮਾਇਆ। ਸਿੱਖਾਂ ਨੇ ਕਦੀ ਨਾ ਇਹ ਜ਼ਮੀਨ ਰੋਕੀ, ਨਾ ਦਾਅਵੇ ਅਦਾਲਤਾਂ ਵਿੱਚ ਕੀਤੇ। ਤੁਸੀਂ ਇਸ ਉਪਰ ਪੁਸ਼ਤਾਂ ਤੋਂ ਕਬਜ਼ੇ ਕੀਤੇ ਹੋਏ ਹਨ, ਹੁਣ ਅਦਾਲਤਾਂ ਵਿੱਚ ਦਾਅਵੇ ਕੀਤੇ। ਦਸ ਬਾਰਾਂ ਸਾਲਾਂ ਤੋਂ ਤੁਸੀਂ ਵੱਡਿਆਂ ਦੀ ਬੇਅਦਬੀ ਕਰਦੇ ਆਏ ਹੋ, ਕਿਸੇ ਨੇ ਅਕਲ ਨਹੀਂ ਦਿੱਤੀ ਕਿ ਗੁਨਾਹ ਨਾ ਕਰੋ? ਜ਼ਮੀਨ ਤੋਂ ਵਧੀਕ ਉਹ ਤੁਹਾਨੂੰ ਪਿਆਰ ਕਰਦੇ ਸਨ। ਤੁਸੀਂ ਉਨ੍ਹਾਂ ਦਰਵੇਸ਼ਾਂ ਨੂੰ ਨਫ਼ਰਤ ਕਰਦੇ ਹੋ ਤੇ ਜ਼ਮੀਨ ਨਾਲ ਪਿਆਰ ਪਾ ਲਿਆ। ਤੁਹਾਡੇ ਕੋਲ ਹੀ ਰਹੇਗੀ ਜ਼ਮੀਨ। ਮੁਕੱਦਮਾ ਨਾ ਕਰਦੇ ਤਾਂ ਠੀਕ ਹੁੰਦਾ।
ਅਸੀਂ ਕਿਹਾ, ਜੀ ਜ਼ਮੀਨ ਸਾਡੇ ਈ ਕਬਜ਼ੇ ਵਿੱਚ ਹੈ ਪਰ ਰਿਕਾਰਡ ਮਾਲ ਵਿੱਚ ਸਾਡਾ ਨਾਮ ਨਹੀਂ। ਜੱਜਾਂ ਨੇ ਕਿਹਾ- ਨਾਮ ਨਹੀਂ ਰਹੇਗਾ। ਨਾ ਤੁਹਾਡਾ ਨਾ ਸਾਡਾ। ਨਾਮ ਰਹੇਗਾ ਅੱਲਾਹ ਪਰਵਰਦਗਾਰ ਦਾ। ਨਾਮ ਰਹੇਗਾ ਉਸ ਦੀ ਬੰਦਗੀ ਕਰਨ ਵਾਲਿਆ ਦਰਵੇਸ਼ਾਂ ਦਾ। ਉਹ ਜਿਹੜੇ ਚੰਦ ਤਾਰਿਆਂ ਦੇ ਮਾਲਕ ਹਨ ਉਹੀ ਰਹਿਣਗੇ, ਹੋਰ ਨਹੀਂ ਰਹੇਗਾ ਕੋਈ। ਸਾਡੀ ਤੁਹਾਨੂੰ ਇਹੀ ਸਲਾਹ ਹੈ ਕਿ ਮੁਕੱਦਮਾ ਵਾਪਸ ਲੈ ਲਉ। ਅਸੀਂ ਕਿਹਾ, ਜੀ ਬਾਹਰ ਸਾਡਾ ਭਾਈਚਾਰਾ ਖਲੋਤਾ ਹੈ, ਉਸ ਨਾਲ ਸਲਾਹ ਕਰ ਲਈਏ। ਜੱਜਾਂ ਨੇ ਕਿਹਾ- ਜ਼ਰੂਰ ਕਰੋ। ਹੁਣ ਸਾਢੇ ਗਿਆਰਾਂ ਵੱਜੇ ਹਨ। ਸ਼ਾਮੀਂ ਚਾਰ ਵਜੇ ਤਕ ਸਲਾਹ ਕਰ ਲਉ। ਜੇ ਮੁਕੱਦਮਾ ਵਾਪਸ ਨਾ ਲਿਆ ਤਾਂ ਫਿਰ ਅਸੀਂ ਫ਼ੈਸਲਾ ਸੁਣਾ ਦਿਆਂਗੇ। ਅਦਾਲਤ ਤੋਂ ਬਾਹਰ ਤੁਹਾਨੂੰ ਅਸੀਂ ਇਹ ਇੱਕ ਸਲਾਹ ਦਿੱਤੀ ਹੈ। ਇਹ ਸਲਾਹ ਮੰਨਣ ਦੇ ਤੁਸੀਂ ਪਾਬੰਦ ਨਹੀਂ। ਫ਼ੈਸਲਾ ਸ਼ਾਮੀ ਸੁਣਾਵਾਂਗੇ।
ਅਸੀਂ ਬਾਹਰ ਆ ਗਏ। ਭਾਈਚਾਰਾ ਉਡੀਕ ਰਿਹਾ ਸੀ। ਸਾਰੀ ਗੱਲ ਦੱਸੀ। ਸੋਚਣ ਵਿਚਾਰਨ ਲੱਗੇ। ਦਿਮਾਗ਼ ਰਿੜਕੇ। ਅਖ਼ੀਰ ਵਿੱਚ ਫ਼ੈਸਲਾ ਹੋਇਆ ਕਿ ਦੋਵਾਂ ਵਿੱਚੋਂ ਇੱਕ ਦੀ ਚੋਣ ਕਰਨੀ ਹੈ। ਅਪੀਲ ਵਾਪਸ ਲੈਣੀ ਹੈ ਕਿ ਮੁਕੱਦਮਾ ਹਾਰਨ ਦੀ ਜੱਜਮੈਂਟ ਲੈਣੀ ਹੈ। ਜੱਜਾਂ ਦੀਆਂ ਗੱਲਾਂ ਤੋਂ ਦਿਸ ਗਿਆ ਸੀ ਕਿ ਜਿੱਤਣ ਦਾ ਸਵਾਲ ਨਹੀਂ ਪੈਦਾ ਹੁੰਦਾ। ਅਸਾਂ ਸਾਰਿਆਂ ਨੇ ਮੁਕੱਦਮਾ ਵਾਪਸ ਲੈਣ ਦਾ ਫ਼ੈਸਲਾ ਕੀਤਾ। ਸ਼ਾਮੀਂ ਚਾਰ ਵਜੇ ਵਕੀਲਾਂ ਸਣੇ ਹਾਜ਼ਰ ਹੋ ਕੇ ਅਪੀਲ ਵਾਪਸ ਲੈ ਲਈ। ਅਸੀਂ ਬਚ ਗਏ ਸਰਦਾਰ ਜੀ। ਅਪੀਲ ਵਾਪਸ ਨਾ ਲੈਂਦੇ ਤਾਂ ਹਾਰਨਾ ਸੀ। ਦੁਨੀਆਂ ਵੀ ਜਾਣੀ ਸੀ ਦੀਨ ਵੀ। ਹੁਣ ਦੋਵੇਂ ਬਚ ਗਏ। ਅਗਲੀ ਦਰਗਾਹ ਵਿੱਚ ਇਨ੍ਹਾਂ ਦਰਵੇਸ਼ਾਂ ਸਾਹਮਣੇ ਖਲੋ ਕੇ ਗੁਨਾਹਾਂ ਦੀ ਮੁਆਫ਼ੀ ਮੰਗਣ ਜੋਗੇ ਰਹਿ ਗਏ। ਉਹ ਬੜੇ ਰਹਿਮਦਿਲ ਹਨ ਜੀ। ਆਪਣੀ ਔਲਾਦ ਦੀਆਂ ਗਲਤੀਆਂ ਮਾਪੇ ਬਖਸ਼ ਦਿਆ ਕਰਦੇ ਹਨ। ਦੇਖੋ ਭਰਾ ਜੀ ਕਿੰਨੀਆਂ ਤਾਕਤਾਂ ਦੇ ਮਾਲਕ ਹਨ ਹਜ਼ਰਤ ਬਾਬਾ ਨਾਨਕ। ਸਦੀਆਂ ਬੀਤ ਗਈਆਂ ਪਰ ਨੇਕੀ ਕਰਨ ਦਾ ਹੁਕਮ ਅਜੇ ਕਿਸੇ ਨਾ ਕਿਸੇ ਜ਼ਰੀਏ ਪੁਚਾ ਰਹੇ ਹਨ। ਸੁਪਰੀਮ ਕੋਰਟ ਨੂੰ ਕਿਹਾ ਕਿ ਇਨ੍ਹਾਂ ਨੂੰ ਗਲਤ ਰਸਤੇ ਭਟਕਣ ਤੋਂ ਰੋਕ। ਸੁਪਰੀਮ ਕੋਰਟ ਨੇ ਰੋਕਿਆ। ਬਾਬਾ ਜੀ ਨੇ ਸੁਪਰੀਮ ਕੋਰਨ ਤੋਂ ਸਾਡੀ ਹੱਤਕ ਨਹੀਂ ਕਰਵਾਈ। ਵਰਜਿਆ ਵੀ, ਇੱਜ਼ਤ ਵੀ ਰੱਖੀ। ਉਸ ਦੇ ਨਾਮ ਨੂੰ ਲੱਖ ਸਲਾਮ। ਅੱਜ ਵੀ ਮਾਲ ਰਿਕਾਰਡ ਅਨੁਸਾਰ ਇਹਨਾਂ ਮੁਰੱਬਿਆਂ ਵਿੱਚ ਗੁਰੂ ਬਾਬਾ ਨਾਨਕ ਖੇਤੀ ਕਰਦਾ ਹੈ…!
ਹਰਪਾਲ ਸਿੰਘ ਪੰਨੂ