Sub Categories
ਸੱਭ ਦੀ ਜਿੰਦਗੀ ਚ ਕੋਈ ਨਾ ਕੋਈ ਪਿਆਰ ਕਹਾਣੀ ਹੁੰਦੀ ਹੈ..
ਇਵੇਂ ਹੀ ਮੇਰੀ ਜਿੰਦਗੀ ਵਿੱਚ ਵੀ ਇੱਕ ਉਹ ਮਨੁੱਖ ਆਇਆ ਜਿਸ ਨੇ ਮੇਰੀ ਸਾਰੀ ਜਿੰਦਗੀ ਹੀ ਬਦਲ ਦਿੱਤੀ ਸੀ।
ਮੈਂ ਸਕੂਲ ਵਿੱਚ ਪੜ੍ਹਦੀ ਸੀ ਤੇ ਨਾਲ ਹੀ ਆਪਣੇ ਪਿੰਡ ਵਿੱਚ ਟਿਊਸ਼ਨ ਜਾਂਦੀ ਸੀ। ਤੇ ਮੇਰਾ ਮਿਲਾਪ ਮੇਰੇ ਪਿੰਡ ਦੇ ਇੱਕ ਮੁੰਡੇ ਨਾਲ ਹੋਇਆ ਜਿਸ ਨੂੰ ਮੈਂ ਕਦੇ ਬੁਲਾਇਆ ਵੀ ਨਹੀਂ ਸੀ। ਉਸ ਮੁੰਡੇ ਨੇ ਆਪਣੇ ਦੋਸਤ ਰਾਹੀਂ ਜੋ ਕਿ ਮੇਰੇ ਨਾਲ ਟਿਊਸ਼ਨ ਪੜ੍ਹਦਾ ਸੀ, ਸੁਨੇਹਾ ਭੇਜੇਆ। ਇਸ ਸੁਨੇਹੇ ਤੋਂ ਬਾਅਦ ਅਸੀਂ ਫੇਸਬੁਕ ਤੇ ਗੱਲ ਕਰਨ ਲੱਗੇ। ਹੌਲੀ ਹੌਲੀ ਉਸ ਇਨਸਾਨ ਨਾਲ ਮੇਥਾ ਪਿਆਰ ਵੱਧ ਦਾ ਗਿਆ ਤੇ ਉਹ ਇਹਨਾਂ ਵੱਧ ਗਿਆ ਸੀ ਕਿ ਮੈਂ ਪਿੱਛੇ ਵੀ ਨਹੀਂ ਸੀ ਹੱਟ ਸਕਦੀ। ਫਿਰ ਇੱਕ ਦਿਨ ਇਸ ਬਾਰੇ ਮੇਰੇ ਘਰ ਪੱਤਾ ਲੱਗ ਗਿਆ ਤੇ ਉਸ ਮੁੰਡੇ ਨੇ ਮੈਨੂੰ ਛੱਡ ਦਿੱਤਾ। ਮੈਨੂੰ ਇੰਝ ਲੱਗ ਰਿਹਾ ਸੀ ਕਿ ਮੇਰੀ ਜਿੰਦਗੀ ਹੀ ਖ਼ਤਮ ਹੋ ਗਈ ਹੈ। ਪਰ ਮੈਂ ਆਪਣੇ ਆਪ ਨੂੰ ਸਾਂਭ ਲਿਆ ਸੀ। ਫਿਰ ਮੈਨੂੰ ਇੱਕ ਦਿਨ ਪਤਾ ਲੱਗਾ ਕਿ ਉਸ ਦਾ ਰਿਸ਼ਤਾ ਪੱਕਾ ਹੋ ਗਿਆ ਹੈ ਤੇ ਉਹ ਵੀ ਲਵ ਮੈਰਿਜ। ਕੁਝ ਕੁ ਸਮੇਂ ਬਾਅਦ ਕਿਸੇ ਕਾਰਨ ਪਿੱਛੇ ਉਸ ਦਾ ਮੰਗਣਾ ਟੁੱਟ ਗਿਆ। ਤੇ ਹੁਣ ਮੈਂ ਕਾਲਜ ਜਾਂਦੀ ਸੀ। ਅਤੇ ਅਚਾਨਕ ਮੈਨੂੰ ਉਸਦਾ ਮੈਸਿਜ਼ ਆਇਆ ਤੇ ਮੈਂ ਖੁਸ਼ੀ ਵਿੱਚ ਪਾਗਲ ਹੋ ਗਈ। ਤੇ ਮੇਰੀ ਫਿਰ ਉਹਦੇ ਨਾਲ ਗੱਲਬਾਤ ਸ਼ੁਰੂ ਹੋ ਗਈ ਮੇਰਾ ਪਿਆਰ ਅੱਜ ਵੀ ਉਵੇਂ ਹੀ ਸੀ ਜਿਵੇਂ ਪਹਿਲੇ ਦਿਨ ਸੀ। ਪਰ ਉਸ ਨੇ ਦੱਸ ਕੁ ਦਿਨ ਗੱਲ ਕਰਕੇ ਫਿਰ ਮੈਨੂੰ ਕੱਲੀ ਨੂੰ ਛੱਡ ਗਿਆ। ਤੇ ਮੈਂ ਅੱਜ ਫਿਰ ਉਸਦੇ ਪਿੱਛੇ ਉਂਝ ਹੀ ਰੋਂਦੀ। ਮੈਂ ਜਿੰਨੀ ਕੁ ਵਾਰ ਗਲਤੀ ਕੀਤੀ ਉਸ ਨੂੰ ਅਪਣਾ ਕੇ ਉਸ ਨੇ ਉੰਨੀ ਵਾਰ ਹੀ ਧੋਖਾ ਦਿੱਤਾ…
ਸੁੱਖ
ਤਕਰੀਬਨ ਇੱਕ ਵਰ੍ਹੇ ਪਹਿਲਾਂ ਦੀ ਗੱਲ ਹੈਂ….ਜਦੋ ਮੈਂ ਸਕੂਲ ਤੇ ਕਾਲਜ਼ ਦੀ ਪੜ੍ਹਾਈ ਪੂਰੀ ਕਰ ਸਰਕਾਰੀ ਨੋਕਰੀ ਦੀ ਤਿਆਰੀ ਲਈ ਕੋਚਿੰਗ ਲੈਣੀ ਸ਼ੁਰੂ ਕੀਤੀ ਸੀ….ਵੱਖੋ ਵੱਖਰੇ ਲੋਕਾਂ ਵੱਲੋ ਅੱਡੋ ਅੱਡ ਸਲਾਹਾਂ…ਕਿਸੇ ਮੈਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਆਖਿਆ,ਕਿਸੇ ਸਟੈਨੋ ਦੀ ਤਿਆਰੀ ਲਈ ਮੱਤ ਦਿੱਤੀ….ਸੱਭਦੇ ਆਪੋ ਆਪਣੇ ਵਿਚਾਰ ਸਨ…ਖ਼ੈਰ ਮੈਂ ਸੱਭਦੀ ਸੁਣੀ ਤੇ ਫ਼ੇਰ ਆਪ ਫ਼ੈਸਲਾ ਲੈਂਦੇ ਹੋਏ ਸਟੈਨੋ ਦੀ ਤਿਆਰੀ ਦਾ ਫ਼ੈਸਲਾ ਲਿਆ ਤੇ ਸ਼ਹਿਰ ਜਾ ਕੇ ਦਾਖਲਾ ਲੈ ਲਿਆ….ਇੱਥੇ ਹੀ ਜਿਸ ਦਿਨ ਮੈਂ ਦਾਖਲਾ ਲਿਆ ਸੀ ਉਸ ਦਿਨ ਹੀ ਮੇਰੇ ਨਾਲ ਇੱਕ ਮੁੰਡੇ ਨੇ ਵੀ ਦਾਖਲਾ ਲਿਆ ਸੀ….ਜੱਸ….ਸਾਨੂੰ ਦੋਵਾਂ ਨੂੰ ਇੱਕਠੇ ਹੀ ਦਾਖਲਾ ਮਿਲ ਗਿਆ…ਸ਼ੁਰੂ ਤੋ ਹੀ ਮੇਰੀ ਰੁਚੀ ਸੀ ਡੀ.ਸੀ ਆਫਿ਼ਸ ਵਿੱਚ ਕੰਮ ਕਰਨ ਦੀ…..ਸੋ ਮੇਰੀ ਖ਼ੁਸ਼ੀ ਦਾ ਠਿਕਾਣਾ ਨਹੀ ਸੀ….ਅਗਲੇ ਦਿਨ ਤੋ ਕਲਾਸਾਂ ਸ਼ੁਰੂ ਹੋ ਜਾਂਦੀਆ ਨੇ ਤੇ ਉਸੇ ਮੁੰਡੇ ਨਾਲ ਹੀ ਮੇਰਾ ਰੋਲ ਨੰਬਰ ਸੀ…ਸੋ ਅਸੀਂ ਦੋਵੇਂ ਇੱਕੋ ਸੀਟ ਤੇ ਬੈਠਦੇ ਸੀ…..ਪਰ ਅਸੀਂ ਕਦੀ ਆਪਸ ਵਿੱਚ ਗੱਲ ਨਹੀ ਕੀਤੀ ਤੇ ਨਾ ਹੀ ਗੱਲ ਕਰਨ ਦੀ ਕੋਸ਼ਸ਼ ਕੀਤੀ…..ਜੱਸ ਨਾਲ ਗੱਲ ਕਰਨ ਦਾ ਸਬੱਬ ਪਹਿਲੀ ਵਾਰ ਐਵੇ ਬਣਿਆ…ਮੈਂ ਇੱਕ ਦਿਨ ਬਹੁਤ ਕਾਹਲੀ ਵਿੱਚ ਸੀ…ਇਸ ਕਰਕੇ ਮੈਂ ਛੁੱਟੀ ਹੁੰਦੀਆਂ ਹੀ ਫਟਾਫਟ ਆਪਣਾ ਸਮਾਨ ਇੱਕਠਾ ਕੀਤਾ ਤੇ ਬੈੱਗ ਚ ਪਾ ਕੇ ਘਰ ਆ ਗਈ….ਸ਼ਾਮੀਂ ਜਦੋ ਮੈਂ ਪੜ੍ਹਨ ਲਈ ਬੈੱਗ ਖੋਲਿਆ ਤਾਂ ਦੇਖਿਆ ਕਿ ਗਲਤੀ ਨਾਲ ਮੇਰੇ ਕੋਲ਼ ਜੱਸ ਦੀ ਕਿਤਾਬ ਆ ਗਈ ਏ ਤੇ ਮੈਂ ਆਪਣੀ ਕਿਤਾਬ ਸ਼ਾਇਦ ਸੈਂਟਰ ਤੇ ਭੁੱਲ ਆਈ ਸੀ…ਮੈਂ ਕਿਤਾਬ ਉੱਤੇ ਜੱਸ ਦਾ ਨੰਬਰ ਦੇਖਿਆ ਤੇ ਉਸਨੂੰ ਫੋਨ ਕੀਤਾ ਤੇ ਫੋਨ ਕਰਕੇ ਉਸਨੂੰ ਦੱਸਿਆ ਕਿ ਉਸਦੀ ਕਿਤਾਬ ਮੇਰੇ ਕੋਲ਼ ਹੈਂ….ਗਲਤੀ ਨਾਲ ਆ ਗਈ ਮੇਰੇ ਕੋਲ਼…ਮੈਂ ਕੱਲ ਵਾਪਿਸ ਕਰ ਦਵਾਂਗੀ….ਜੱਸ ਨੇ ਉਕੇ ਕਹਿ ਜਿਆਦਾ ਗੱਲਬਾਤ ਨਹੀ ਕੀਤੀ.ਸੋ ਇਸੇ ਤਰ੍ਹਾਂ ਇੱਕ ਕਿਤਾਬ ਦੇ ਜ਼ਰੀਏ ਸਾਡੀ ਦੋਵਾਂ ਦੀ ਗੱਲਬਾਤ ਸ਼ੁਰੂ ਹੋ ਜਾਂਦੀ ਏ ਤੇ ਅਸੀਂ ਆਪਸ ਵਿੱਚ ਗੱਲ ਕਰਨ ਲੱਗ ਜਾਂਦੇ ਹਾਂ ਤੇ ਹੌਲੀ ਹੌਲੀ ਅਸੀ ਇੱਕ ਦੂਜੇ ਦੇ ਦੋਸਤ ਬਣ ਗਏ…ਜੱਸ ਮੇਰੀ ਬਹੁਤ ਸਹਾਇਤਾ ਕਰਦਾ ਸੀ ਤੇ ਮੇਰਾ ਬਹੁਤ ਖਿਆਲ ਰੱਖਣ ਲੱਗਾ….ਇੱਕ ਵਾਰ ਮੈਂ ਉਸਨੂੰ ਕਿਹਾ ਕਿ ਮੈਂ ਕਲਾਸ ਚ ਕੁੱਝ ਮੁੰਡਿਆਂ ਨੂੰ ਮੈਂ ਵੀਰਾ ਕਹਿੰਦੀ ਹਾਂ ਤੇ ਉਨ੍ਹਾਂ ਦੇ ਰੱਖੜੀ ਬੰਨਨੀ ਚਾਹੁੰਦੀ ਹਾਂ….ਤੂੰ ਉਨ੍ਹਾਂ ਕੋਲੋ ਪੁੱਛਦੇ ਵੀ ਉਨ੍ਹਾਂ ਨੂੰ ਕੋਈ ਏਤਰਾਜ਼ ਤਾਂ ਨਹੀ…ਜੱਸ ਨੇ ਪਹਿਲਾਂ ਮਜ਼ਾਕ ਚ ਕਿਹਾ ਕਿ ਤੂੰ ਆਪ ਈ ਪੁੱਛ ਲੈ…ਪਰ ਫੇਰ ਮੇਰੇ ਉਦਾਸ ਚੇਹਰੇ ਵੱਲ ਦੇਖ ਕੇ ਕਹਿੰਦਾ,ਚੱਲ ਚੰਗਾ ਮੈਂ ਪੁੱਛ ਦਵਾਂਗਾ ਤੇ ਫੇਰ ਜਾ ਕੇ ਉਹ ਉਨ੍ਹਾਂ ਮੁੰਡਿਆਂ ਤੋਂ ਪੁੱਛਦਾ ਕਿ ਲਵਲੀਨ ਤੁਹਾਡੇ ਰੱਖੜੀ ਬੰਨਣੀ ਚਾਹੁੰਦੀ ਏ….ਤਾਂ ਉਹ ਮੁੰਡੇ ਕਹਿੰਦੇ ਕਿ ਬੰਨ ਦੇਵੇਂ…ਫੇਰ ਕਿ ਏ,ਸਾਨੂੰ ਕੋਈ ਪਰੋਬਲਮ ਨਹੀ ਏ….ਲਵਲੀਨ ਵਧੀਆ ਕੁੜੀ ਏ..ਸਾਡੀ ਭੈਣਾਂ ਵਰਗੀ ਈ ਏ ਤੇ ਇਸ ਤਰ੍ਹਾਂ ਜੱਸ ਦੇ ਕਹਿਣ ਤੇ ਉਹ ਰੱਖੜੀ ਬਣਾਉਣ ਲਈ ਤਿਆਰ ਹੋ ਜਾਂਦੇ ਨੇ…ਮੈਨੂੰ ਸੱਚੀ ਬਹੁਤ ਖੁਸ਼ੀ ਹੋਈ….ਇਸ ਤਰ੍ਹਾਂ ਮੇਰੀ ਜੱਸ ਨਾਲ ਦੋਸਤੀ ਹੋਰ ਗਹਿਰੀ ਹੁੰਦੀ ਗਈ….ਸੱਭ ਤੋਂ ਜਿਆਦਾ ਜੋ ਮੈਂਨੂੰ ਜੱਸ ਚ ਪਸੰਦ ਸੀ ਕਿ ਉਹ ਮੇਰੀ ਹਰ ਗੱਲ ਮੰਨਦਾ ਸੀ ਤੇ ਮੇਰਾ ਬਹੁਤ ਖਿਆਲ ਵੀ ਰੱਖਦਾ ਸੀ….ਹੌਲੀ ਹੌਲੀ ਸਾਡੀ ਦੋਵਾਂ ਦੀ ਗੱਲ ਫੋਨ ਤੇ ਹੋਣ ਲੱਗੀ…ਅਸੀਂ ਕਲਾਸ ਤੋਂ ਬਾਅਦ ਘਰ ਆ ਜੇ ਰੋਜ਼ ਗੱਲ ਕਰਨ ਲੱਗੇ ਤੇ ਇਹ ਸਾਡਾ ਰੋਜ਼ ਦਾ ਰੁਟੀਨ ਬਣ ਗਿਆ ਸੀ…ਜੇ ਅਸੀਂ ਕਿਸੀ ਦਿਨ ਆਪਸ ਚ ਗੱਲ ਨਾ ਕਰਦੇਂ ਤਾਂ ਸਾਡਾ ਦਿਲ ਨਾ ਲੱਗਦਾ….ਮੇਰੇ ਦਿਨ ਦੀ ਸ਼ੁਰੂਆਤ ਜੱਸ ਦੇ ਮੈਸੇਜ਼ਾ ਤੋ ਸ਼ੁਰੂ ਹੁੰਦੀ ਤੇ ਰਾਤ ਉਸਦੇ ਨਾਲ ਗੱਲ ਕਰਦਿਆ ਖ਼ਤਮ ਹੁੰਦੀ….ਇਸ ਤਰ੍ਹਾਂ ਉਹ ਮੇਰੇ ਦਿਲ ਦੇ ਬਹੁਤ ਕਰੀਬ ਹੋ ਗਿਆ ਸੀ….ਇੱਕ ਦਿਨ ਅਸੀਂ ਕਲਾਸ ਚ ਬੈਠੇ ਸੀ ਤਾਂ ਮੇਰਾ ਸਿਰ ਅਚਾਨਕ ਬਹੁਤ ਦੁੱਖਣ ਲੱਗ ਗਿਆ ਤਾਂ ਮੈਂ ਰੋਣ ਲੱਗੀ….ਜਦੋ ਜੱਸ ਨੇ ਦੇਖਿਆ ਤਾਂ ਉਸਨੂੰ ਬਹੁਤ ਦੁੱਖ ਹੋਇਆ….ਉਸਨੇ ਪਹਿਲਾਂ ਤਾਂ ਮੈਨੂੰ ਪਾਣੀ ਪਿਆਇਆ ਫੇਰ ਆਪਣੇ ਬੈੱਗ ਚੋ ਕੱਡ ਕੇ ਦਵਾਈ ਦਿੱਤੀ….ਮੈਂ ਦਵਾਈ ਖਾ ਕੇ ਕੁੱਛ ਦੇਰ ਆਰਾਮ ਕੀਤਾ…..ਤੇ ਜਦੋ ਤੱਕ ਮੈਂ ਠੀਕ ਨਾ ਹੋਈ ਜੱਸ ਮੇਰਾ ਹਾਲ ਪੁੱਛਦਾ ਰਿਹਾ…..ਮੈਂਨੂੰ ਉਸ ਦੀ ਦੋਸਤੀ ਦੀ ਸੱਭ ਤੋਂ ਖ਼ਾਸ ਗੱਲ ਇਹੀ ਲੱਗਦੀ ਸੀ ਕਿ ਉਹ ਮੇਰਾ ਖਿਆਲ ਬਹੁਤ ਰੱਖਦਾ ਸੀ….ਅਸੀਂ ਦੋਵਾਂ ਆਪਸ ਚ ਮਿਲ ਕੇ ਪੜ੍ਹਨਾ ਵੀ ਤੇ ਮਸਤੀ ਵੀ ਕਰਨੀ….ਸਾਰੀ ਕਲਾਸ ਚ ਸਾਡੇ ਦੋਵਾਂ ਦੀ ਦੋਸਤੀ ਦੇ ਖ਼ੂਬ ਚਰਚੇ ਸਨ….ਇੱਕ ਦਿਨ ਜੱਸ ਸੈਂਟਰ ਨੀ ਆਇਆ ਤੇ ਨਾ ਹੀ ਉਹਨੇ ਮੈਂਨੂੰ ਦੱਸਿਆ ਕੁੱਛ ਛੁੱਟੀ ਮਾਰਨ ਬਾਰੇ…ਮੈਂਨੂੰ ਬਹੁਤ ਗੁੱਸਾ ਚੜਿਆ ਉਸ ਤੇ ਕਿ ਇਹ ਕਿ ਗੱਲ ਹੋਈ….ਬਿਨ੍ਹਾਂ ਦੱਸੇ ਛੁੱਟੀ ਕਰ ਲਈ…ਤੇ ਨਾ ਈ ਕੱਲ ਉਹਨੇ ਫੋਨ ਕੀਤਾ ਤੇ ਮੈਂ ਜਦੋ ਫੋਨ ਕੀਤਾ ਤਾਂ ਜਿਆਦਾ ਗੱਲ ਬਾਤ ਨੀ ਕੀਤੀ…..ਪੂਰਾ ਦਿਨ ਮੇਰਾ ਬੇਚੈੱਨੀ ਵਿੱਚ ਲੰਘਾ…ਮੈਂਨੂੰ ਸਮਝ ਨਹੀ ਸੀ ਆ ਰਿਹਾ ਕਿ ਉਹਨੇ ਐਂਵੇ ਕਿਉ ਕੀਤਾ….ਮੈਂਨੂੰ ਕਲਾਸ ਚ ਕੁੱਝ ਵੀ ਚੰਗਾ ਨੀ ਸੀ ਲੱਗ ਰਿਹਾ ਤੇ ਟਾਈਪ ਕਰਦਿਆਂ ਕਰਦਿਆਂ ਧਿਆਨ ਵਾਰ ਵਾਰ ਜੱਸ ਕਿੰਨੀ ਜਾਈਂ ਜਾਵੇਂ…ਪਤਾ ਨੀ ਕਿਉ….ਤੇ ਇਸੇ ਚੱਕਰ ਚ ਮੇਰੇ ਤੋ ਕਈ ਵਾਰ ਸ਼ਬਦ ਗਲਤ ਟਾਈਪ ਹੋ ਗਏ ਤੇ ਜਿਸ ਕਰਕੇ ਮੇਰੇ ਸਰ ਤੋ ਡਾਂਟ ਪਈ…ਖ਼ੈਰ ਜਿਵੇ ਕਿਵੇ ਮੈਂ ਕਲਾਸ ਚ ਸਮਾਂ ਲੰਘਾਇਆ ਤੇ ਕਲਾਸ ਖ਼ਤਮ ਹੋਣ ਤੇ ਮੈਂ ਤੁਰੰਤ ਜੱਸ ਨੂੰ ਫੋਨ ਕੀਤਾ ਪਰ ਉਸਨੇ ਫ਼ੋਨ ਨਾ ਚੁੱਕਿਆ…ਫੇਰ ਮੇਰੀ ਕਲਾਸ ਦੇ ਮੁੰਡੇ ਜੋ ਮੇਰੇ ਵੀਰ ਬਣੇ ਹੋਏ ਸੀ(ਗੁਰੀ ਤੇ ਹਰਜੋਤ) ਮੇਰੇ ਕੋਲ਼ ਆਏ ਤੇ ਆ ਕੇ ਮੈਨੂੰ ਹਾਲ ਚਾਲ ਪੁੱਛਣ ਲੱਗੇ ਤੇ ਫੇਰ ਮੈਂ ਉਨ੍ਹਾਂ ਤੋ ਜੱਸ ਬਾਰੇ ਪੁੱਛਿਆ…ਪਹਿਲਾਂ ਤਾਂ ਉਨ੍ਹਾਂ ਮੈਂਨੂੰ ਕੁੱਛ ਨਾ ਦੱਸਿਆ…ਸ਼ਾਇਦ ਜੱਸ ਨੇ ਮਨ੍ਹਾਂ ਕੀਤਾ ਹੋਇਆ ਸੀ…ਪਰ ਫੇਰ ਮੇਰੇ ਜ਼ੋਰ ਪਾਉਣ ਤੇ ਦੱਸਿਆ ਕਿ ਕੱਲ ਘਰੇ ਜਾਂਦਿਆ ਜੱਸ ਦਾ ਐਕਸੀਡੈਂਟ ਹੋ ਗਿਆ ਸੀ…ਸੁਣਦੇ ਹੀ ਮੇਰੇ ਪੈਰੋ ਜਮੀਨ ਖਿਸਕ ਗਈ…ਮੈਂਨੂੰ ਉਸਦੇ ਐਕਸੀਡੈਂਟ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ…..ਤੇ ਬਹੁਤ ਰੋਣਾ ਵੀ ਆਇਆ,ਘਰ ਆ ਕੇ ਵੀ ਮੈਂ ਬਸ ਜੱਸ ਬਾਰੇ ਹੀ ਸੋਚਦੀ ਰਹੀ…..ਮੈਂ ਪੂਰਾ ਦਿਨ ਕੁੱਝ ਨਾ ਖਾਂਦਾ ਤੇ ਬਸ ਵਾਰ ਵਾਰ ਰੱਬ ਅੱਗੇ ਅਰਦਾਸ ਕਰਦੀ ਰਹੀ ਕਿ ਬਸ ਜੱਸ ਠੀਕ ਹੋਵੇ ਤੇ ਫੇਰ ਸ਼ਾਮ ਨੂੰ ਮੈਂਨੂੰ ਜੱਸ ਦਾ ਫ਼ੋਨ ਆਇਆ…ਮੈਂ ਉਸਨੂੰ ਬਹੁਤ ਆਖਿਆ ਕਿ ਉਸਨੇ ਮੈਂਨੂੰ ਕਿਉ ਨਹੀ ਦੱਸਿਆ ਇਸ ਬਾਰੇ….ਕਿ ਮੈਂ ਇੰਨੀ ਬੇਗਾਨੀ ਜੋ ਤੁਸੀ ਮੈਂਨੂੰ ਆਪਣੇ ਬਾਰੇ ਦੱਸਣਾ ਵੀ ਜਰੂਰੀ ਨੀ ਸਮਝਿਆ…ਪਰ ਜੱਸ ਨੇ ਮੁਸਕਰਾ ਕੇ ਬਸ ਇੰਨਾ ਈ ਕਿਹਾ ਕਿ ਮੈਨੂੰ ਕੀ ਤੈਨੂੰ ਦੱਸ ਕੇ ਕਿਹੜਾ ਐਕਸੀਡੈਂਟ ਮੁੜ ਜਾਣਾ ਸੀ….ਵੈਸੇ ਵੀ ਮੈਂ ਠੀਕ ਆ….ਜਿਆਦਾ ਸੱਟਾਂ ਨਹੀ ਲੱਗਿਆ..ਬਸ ਬਚਾਅ ਹੋ ਗਿਆ…ਪਰ ਮੈਂਨੂੰ ਚੈੱਨ ਕਿੱਥੇ…….ਪਰ ਮੇਰੇ ਕਹਿਣ ਤੇ ਉਸਨੇ ਵੀਡਿਉ ਕਾੱਲ ਕੀਤੀ ਤਾਂ ਮੈਂਨੂੰ ਥੋੜੀ ਰਾਹਤ ਮਿਲੀ…..ਅਗਲੇ ਦਿਨ ਉਹ ਸੈਂਟਰ ਆਇਆ ਤਾਂ ਮੈਂ ਆਪਣੇ ਅੱਖੀ ਦੇਖਿਆ ਤਾਂ ਸਾਹ ਚ ਸਾਹ ਆਇਆ….ਮੈਂ ਜਿੰਨਾ ਚਿਰ ਉਸਨੂੰ ਆਪਣੇ ਅੱਖੀ ਨਾ ਦੇਖਿਆ,ਉਨ੍ਹਾਂ ਚਿਰ ਕੁੱਝ ਨਹੀ ਸੀ ਖਾਂਦਾ…..ਇਸ ਘਟਨਾ ਤੋ ਬਾਅਦ ਮੈਂ ਵੀ ਉਸਦੀ ਬਹੁਤ ਫ਼ਿਕਰ ਕਰਨ ਲੱਗੀ….ਤੇ ਅਸੀਂ ਹੁਣ ਹਰ ਰੋਜ਼ ਵੀਡਿਉ ਕਾੱਲ ਵੀ ਕਰਨ ਲੱਗ ਗਏ….ਕਲਾਸ ਚ ਬਾਕੀ ਹੋਰ ਵੀ ਮੇਰੇ ਕਾਫ਼ੀ ਦੋਸਤ ਸਨ….ਇੱਕ ਵਾਰ ਅਸੀਂ ਕਲਾਸ ਚ ਬੈਠੇ ਸੀ ਤਾਂ ਇੱਕ ਭਰਿੰਡ ਪਤਾ ਨਹੀ ਕਿੱਧਰੋ ਉਡਦੀ ਉਡਦੀ ਆਈ ਤੇ ਆ ਕੇ ਮੇਰੇ ਹੱਥ ਤੇ ਲੜ ਗਈ…..ਮੈਂ ਇੱਕ ਦਮ ਚੀਕ ਮਾਰੀ….
ਜੱਸ ਨੇ ਦੇਖਿਆ ਤਾਂ ਪੂਰੀ ਕਲਾਸ ਵਿੱਚੋ ਭੱਜਿਆ ਆਇਆ ਤੇ ਮੈਂਨੂੰ ਪਾਣੀ ਪਿਲਾਇਆ ਤੇ ਫੇਰ ਦਰਦ ਦੀ ਦਵਾਈ ਦਿੱਤੀ…..ਸਾਰੀ ਕਲਾਸ ਸਾਨੂੰ ਦੇਖਣ ਲੱਗੀ….ਇਉ ਹੀ ਇੱਕ ਦਿਨ ਅਸੀਂ ਆਪਸ ਚ ਬੈਠੇ ਚੈੱਟ ਕਰ ਕਰ ਰਹੇ ਸੀ ਤਾਂ ਜੱਸ ਦੇ ਵੀਰ ਨੇ ਸਾਡੀ ਚੈੱਟ ਪੜ੍ਹ ਲਈ..ਉਸ ਦਿਨ ਤੋਂ ਬਾਅਦ ਜੱਸ ਦਾ ਰਵੱਇਆ ਮੇਰੇ ਲਈ ਬਦਲ ਜਿਹਾ ਗਿਆ…..ਉਸਨੇ ਮੈਂਨੂੰ ਦੱਸਿਆ ਨਹੀ ਕਿ ਉਸਦੇ ਭਰਾ ਨੇ ਕੀ ਕਿਹਾ ਤੇ ਨਾ ਈ ਮੇਰੇ ਨਾਲ ਗੱਲ ਕੀਤੀ….ਉਹ ਹਰ ਵਕਤ ਮੇਰੇ ਤੋਂ ਦੂਰ ਦੂਰ ਜਿਹਾ ਰਹਿਣ ਲੱਗਾ….ਮੇਰੀ ਕਿਸੀ ਗੱਲ ਦਾ ਜਵਾਬ ਨਾ ਦੇਂਦਾ ਤੇ ਨਾ ਹੀ ਮੇਰੇ ਮੈਸੇਜ਼ ਸੀਨ ਕਰਦਾ…..ਇਸ ਤੋਂ ਇਲਾਵਾ ਨਾ ਹੀ ਉਹ ਮੈਂਨੂੰ ਆਪ ਕੋਈ ਮੈਸਜ਼ ਕਰਦਾ….ਮੈਂਨੂੰ ਸਮਝ ਨਹੀ ਸੀ ਆ ਰਿਹਾ ਕਿ ਇਹ ਸੱਭ ਕਿਉ ਕਰ ਰਿਹਾ ਉਹ…..ਮੈਂ ਹੀ ਉਸਨੂੰ ਹਰ ਵਾਰ ਫੋਨ ਕਰਦੀ ਤੇ ਉਹ ਘੱਟ ਹੀ ਗੱਲ ਕਰਦਾ….ਫੇਰ ਇੱਕ ਦਿਨ ਮੈਂ ਉਸਨੂੰ ਪੁੱਛ ਹੀ ਲਿਆ….ਤਾਂ ਪਹਿਲਾਂ ਤਾਂ ਨਾਂਹ ਨੁੱਕਰ ਜੀ ਕਰੀ ਗਿਆ ਤੇ ਫੇਰ ਆਖਣ ਲੱਗਾ ਕਿ ਲਵਲੀਨ ਯਾਰ…ਆਪਾਂ ਸਿਰਫ਼ ਦੋਸਤ ਹਾਂ…ਮੈਂ ਆਖਿਆ ਹਮਮ ਫੇਰ….ਤੇ ਆਪਣੀ ਗੱਲ ਪੂਰੀ ਕਰਦਾ ਜੱਸ ਆਖਣ ਲੱਗਾ ਕਿ ਸੈਂਟਰ ਤੇ ਸਾਰੇ ਆਪਣਿਆਂ ਗੱਲਾ ਕਰ ਰਹੇ ਕੀ ਆਪਣੇ ਦੋਹਾਂ ਦਾ ਚੱਕਰ ਚੱਲਦਾ….ਮੈਂ ਸੁਣ ਕੇ ਥੋੜਾ ਘਬਰਾ ਗਈ…ਤੇ ਉਹ ਆਪਣੀ ਗੱਲ ਜਾਰੀ ਕਰਦਾ ਆਖਣ ਲੱਗਾ ਕਿ ਮੈਂ ਨਹੀ ਚਾਹੁੰਦਾ ਕਿ ਆਪਾਂ ਨੂੰ ਕੋਈ ਵੀ ਗਲਤ ਸਮਝੇ…ਤੇ ਕੋਈ ਤੇਰੇ ਖਿਲਾਫ਼ ਗਲਤ ਬੋਲੇ…ਮੈਂਨੂੰ ਵਧੀਆ ਨਹੀ ਲੱਗਦਾ….ਤੂੰ ਮੇਰੀ ਵਧੀਆ ਦੋਸਤ ਹੈਂ….ਤੇ ਮੈਂ ਆਪਣੀ ਦੋਸਤ ਦੇ ਉੱਤੇ ਕੋਈ ਗਲਤ ਇਲਜ਼ਾਮ ਬਰਦਾਸਤ ਨਹੀ ਕਰ ਸਕਦਾ….ਸੋ ਆਪਾਂ ਹੁਣ ਘੱਟ ਹੀ ਗੱਲ ਕਰਿਆ ਕਰਾਂਗੇ…..ਜਦੋ ਉਹਨੇ ਬੋਲਣਾ ਬੰਦ ਕੀਤਾ ਤਾਂ ਮੈਂ ਇੱਕ ਲੰਮਾ ਸਾਹ ਲਿਆ ਤੇ ਫੇਰ ਬੋਲਣਾ ਸ਼ੁਰੂ ਕੀਤਾ ਕਿ ਸਿਰਫ਼ ਕੁੱਛ ਲੋਕਾਂ ਦੀ ਵਜਹਾਂ ਨਾਲ ਅਸੀਂ ਆਪਣੀ ਦੋਸਤੀ ਕਿਉ ਤੋੜਿਏ…ਜਦੋ ਕਿ ਉਹ ਲੋਕ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਨਹੀ…ਹਾਂ ਪਰ ਜੇ ਤੁਹਾਡੇ ਭਰਾ ਨੇ ਜਾਂ ਘਰਦੇ ਹੋਰ ਕਿਸੇ ਮੈਂਬਰ ਨੇ ਤੁਹਾਨੂੰ ਕੁੱਛ ਕਿਹਾ ਤਾਂ ਦੱਸੋ?….ਜੱਸ ਨਹੀ ਮੇਰੇ ਘਰਦੇ ਕਿਉ ਕੁੱਛ ਕਹਿਣਗੇ…ਉਨ੍ਹਾਂ ਨੂੰ ਤਾਂ ਪਤਾ ਈ ਹੈਂ ਕਿ ਮੈਂ ਤੁਹਾਡੇ ਨਾਲ ਗੱਲ ਕਰਦਾ….ਮੈਂ ਕਿਹਾ,ਬਸ ਫੇਰ ਠੀਕ ਹੈਂ…ਮੇਰੇ ਘਰਦਿਆਂ ਨੂੰ ਵੀ ਤੇਰੇ ਵਾਰੇ ਸੱਭ ਪਤਾ….ਬਲਕਿ ਮੇਰਾ ਭਰਾ ਤਾਂ ਤੈਨੂੰ ਮਿਲਣਾ ਵੀ ਚਾਹੁੰਦਾ ਸੀ…ਕਈ ਦਿਨ ਹੋ ਗਏ ਉਸਨੂੰ ਕਹਿੰਦੇ ਨੂੰ….ਪਰ ਤੂੰ ਬਾਂਦਰ ਜਿਹਾ ਮੂੰਹ ਫੁਲਾਈ ਬੈਠਾ….ਤੇ ਉਹ ਖਿੱਝ ਕੇ ਤੈਨੂੰ ਹਜ਼ਾਰ ਵਾਰ ਆਖਿਆ ਮੈਨੂੰ ਬਾਂਦਰ ਨਾ ਆਖਿਆ ਕਰ….ਤੇ ਫੇਰ ਅਸੀਂ ਦੋਵੇਂ ਹੱਸ ਪਏ ਤੇ ਮੈਂ ਉਸਨੂੰ ਆਖਿਆ ਕਿ ਵਾਅਦਾ ਕਰ ਅੱਜ ਤੋਂ ਬਾਅਦ ਕਦੀ ਵੀ ਤੈਨੂੰ ਮੇਰੇ ਤੋਂ ਕੋਈ ਗੱਲ ਲੁਕਾਉਣ ਦੀ ਲੋੜ ਨਹੀ….ਨਾਲੇ ਲੋਕਾਂ ਦੀ ਗੱਲਾ ਚ ਆ ਕੇ ਮੇਰੇ ਨਾਲ ਗੱਲ ਬੰਦ ਕਰਨ ਦੀ ਕੋਈ ਲੋੜ ਨਹੀ….ਸਮਾਂ ਬੀਤਦਾ ਗਿਆ…ਜੱਸ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਨੋਕਰੀਆਂ ਲਈ ਨਿਕਲਣ ਵਾਲੇ ਮੇਰੇ ਸਾਰੇ ਫ਼ਾਰਮ ਉਹ ਆਪ ਭਰ ਦੇਂਦਾ ਤੇ ਹਰ ਨਵੀਂ ਨਿੱਕਲਣ ਵਾਲੀ ਪੋਸਟ ਬਾਰੇ ਦੱਸ ਵੀ ਦੇਂਦਾ…..ਤੇ ਅਗਲੇ ਸਾਲ ਦੇ ਅੰਤ ਤੱਕ ਉਸਦਾ ਟੈਸਟ ਕਲੀਅਰ ਹੋ ਗਿਆ ਤੇ ਉਸਨੂੰ ਸਰਕਾਰੀ ਨੌਕਰੀ ਮਿਲ ਗਈ ਤੇ ਕੁੱਛ ਮਹੀਨਿਆਂ ਬਾਅਦ ਮੇਰੀ ਵੀ ਨੌਕਰੀ ਲੱਗ ਗਈ….ਕੋਚਿੰਗ ਸੈਂਟਰ ਤੇ ਮਿਲਿਆ ਜੱਸ ਮੇਰਾ ਅੱਜ ਤੱਕ ਦਾ ਸੱਭ ਤੋ ਚੰਗਾ ਦੋਸਤ ਸੀ,ਹੈਂ ਤੇ ਰਹੇਗਾ….ਅੱਜ ਕੱਲ ਜਿੱਥੇ ਲੋਕਾਂ ਦੀ ਸੋਚ ਜਿਸਮਾਂ ਤੋ ਉੱਪਰ ਨਹੀ ਉੱਠਦੀ..ਦੇ ਸਮੇਂ ਚ ਵੀ ਉਸਨੇ ਕਦੀ ਮੈਂਨੂੰ ਕੁੱਛ ਗਲਤ ਨਹੀ ਆਖਿਆ ਤੇ ਮੇਰੇ ਹਰ ਦੁੱਖ ਸੁੱਖ ਚ ਸਾਥ ਦਿੱਤਾ…ਵਾਹਿਗੁਰੂ ਜੀ ਉਸ ਤੇ ਮੇਹਰ ਕਰਨ ਤੇ ਉਸਦੇ ਸਾਰੇ ਸੁਪਨੇ ਪੂਰੇ ਕਰਨ….
ਨੋਟ-ਇਸ ਕਹਾਣੀ ਦਾ ਮੇਰੇ ਨਿੱਜੀ ਜੀਵਨ ਨਾਲ ਕੋਈ ਸੰਬੰਧ ਨਹੀ ਹੈਂ….ਕਹਾਣੀ ਸਿਰਫ਼ ਕਲਪਨਾ ਤੇ ਹੀ ਆਧਾਰਿਤ ਸੀ🙂…ਪਰ ਇਹ ਸੱਭ ਕਿਤਾਬੀ ਗੱਲਾਂ ਹੀ ਹਨ,ਅਸਲ ਜ਼ਿੰਦਗੀ ਚ ਜੱਸ ਵਰਗੇ ਦੋਸਤ ਘੱਟ ਹੀ ਮਿਲਦੇ…ਕਹਾਣੀ ਬਾਰੇ ਆਪਣੇ ਵਿਚਾਰ ਕੰਮੈਂਟ ਬੋਕਸ ਚ ਜਰੂਰ ਲਿਖਣਾ..
ਪ੍ਰਵੀਨ ਕੌਰ
ਸ਼ਾਇਦ ਅਠਾਸੀ-ਉਣੰਨਵੇਂ ਦੀ ਗੱਲ ਏ..
ਜਸਬੀਰ ਸਿੰਘ ਉਰਫ ਪਿੰਕਾ ਮੁਹਾਲੀ ਨਾਮ ਦਾ ਬਿੱਲੀਆਂ ਅੱਖਾਂ ਵਾਲਾ ਇੱਕ ਗੱਭਰੂ ਰੁਟੀਨ ਚੈਕ-ਅੱਪ ਦੇ ਦੌਰਾਨ ਲੁਧਿਆਣਾ ਪੁਲਸ ਵੱਲੋਂ ਚੁੱਕ ਲਿਆ ਗਿਆ..!
ਸੁਮੇਧ ਸੈਣੀ ਉਸ ਵੇਲੇ ਲੁਧਿਆਣੇ ਦਾ ਐੱਸ.ਐੱਸ.ਪੀ ਹੋਇਆ ਕਰਦਾ ਸੀ..
ਉਸ ਵੇਲੇ ਦੇ ਦਸਤੂਰ ਮੁਤਾਬਿਕ ਸੀ ਆਈ ਏ ਸਟਾਫ ਦਾ ਅੰਨਾ ਤਸ਼ੱਦਤ ਸ਼ੁਰੂ ਹੋ ਗਿਆ..
ਡਾਂਗ,ਘੋਟਣੇ,ਸਿਕੰਜਾ..ਅਤੇ ਹੋਰ ਵੀ ਕਿੰਨੇ ਸਾਰੇ ਥਰਡ-ਡਿਗਰੀ..ਕੋਈ ਖਾਸ ਜਾਣਕਾਰੀ ਨਾ ਕਢਵਾ ਸਕੇ..!
ਅਖੀਰ ਕਮਾਨ ਸੈਣੀ ਨੇ ਖੁਦ ਆਪਣੇ ਹੱਥਾਂ ਵਿਚ ਲੈ ਲਈ..
ਜਦੋਂ ਪੂਰੀ ਵਾਹ ਲਾ ਕੇ ਵੀ ਗੱਲ ਨਾ ਬਣਦੀ ਦਿੱਸੀ ਤਾਂ ਸੈਣੀ ਨੇ ਖਿਝ ਕੇ ਸਾਈਨਾਈਡ (ਜਹਿਰ) ਦਾ ਕੈਪਸੂਲ ਉਸਦੇ ਮੂੰਹ ਵਿਚ ਤੁੰਨ ਦਿੱਤਾ..
ਕੈਪਸੂਲ ਗਿੱਲਾ ਹੋਣ ਕਰਕੇ ਅਸਰ ਨਾ ਵਿਖਾ ਸਕਿਆ..
ਫੇਰ ਫਸਲਾਂ ਤੇ ਛਿੜਕੀ ਜਾਣ ਵਾਲੀ ਕੀੜੇ ਮਾਰ ਦਵਾਈ ਦਾ ਡੱਬਾ ਮੰਗਵਾਇਆ..
ਅੱਧਮੋਏ ਹੋਏ ਨੂੰ ਜਬਰਦਸਤੀ ਅੱਧਾ ਡੱਬਾ ਪਿਆ ਦਿੱਤਾ..
ਇਸ ਵਾਰ ਵੀ ਜਿੰਦਗੀ ਮੌਤ ਤੇ ਭਾਰੂ ਰਹੀ..ਉਹ ਫੇਰ ਬਚ ਗਿਆ..!
ਪਰ ਜਾਨਵਰ ਬਿਰਤੀ ਵਾਲੇ ਬੇਰਹਿਮ ਇਨਸਾਨ ਏਨਾ ਚਿਰ ਕਿਥੇ ਉਡੀਕ ਕਰਦੇ..
ਸੈਣੀ ਨੇ ਇੱਕੋ ਦਮ ਨਾਲਦੇ ਦਾ ਸਰਵਿਸ ਰਿਵਾਲਵਰ ਫੜਿਆ ਤੇ ਮੁੰਡੇ ਦੀ ਪੁੜਪੁੜੀ ਤੇ ਰੱਖ ਘੋੜਾ ਦੱਬ ਦਿੱਤਾ..
ਸਿਰ ਉਚਾਈ ਤੋਂ ਡਿੱਗੇ ਹਦਵਾਣੇ ਵਾਂਙ ਖੱਖੜੀ-ਖੱਖੜੀ ਹੋ ਗਿਆ..!
ਚਾਰੇ ਪਾਸੇ ਚੁੱਪ ਛਾ ਗਈ..
ਦੱਸਦੇ ਉਸ ਵੇਲੇ ਮੌਕੇ ਤੇ ਕੋਲ ਖਲੋਤੇ ਸੈਣੀ ਦੇ ਇੱਕ ਚਹੇਤੇ ਨੇ ਦੱਬੀ ਅਵਾਜ ਵਿਚ ਅੱਖ ਦਿੱਤਾ ਕੇ ਸਾਬ ਜੀ ਲੱਗਦੇ ਹੱਥ ਮੇਰੀ ਪ੍ਰਮੋਸ਼ਨ ਦਾ ਨੰਬਰ ਲੁਆ ਦਿਓ..!
ਦੱਸਦੇ ਸੈਣੀ ਦੇ ਸਿਰ ਤੇ ਉਸ ਵੇਲੇ ਖੂਨ ਸਵਾਰ ਸੀ..
ਆਖਣ ਲੱਗਾ ਪ੍ਰੋਮੋਸ਼ਨ ਚਾਹੀਦੀ..ਇੰਝ ਕਰ ਆਹ ਜਿਹੜਾ ਦਵਾਈ ਵਾਲਾ ਅੱਧਾ ਕੈਨ ਬਚਿਆ..ਇਹ ਪੀ ਜਾ..ਹੁਣੇ ਨੰਬਰ ਆਡਰ ਕਰ ਦਿੰਨਾ..
ਸੈਣੀ ਦੇ ਆਖਣ ਦੇ ਲਹਿਜੇ ਤੋਂ ਉਹ ਮਤਾਹਿਤ ਬੇਹੱਦ ਡਰ ਗਿਆ ਕੇ ਕਿਧਰੇ ਸੱਚੀ ਹੀ ਨਾ ਪਿਆ ਦੇਵੇ..
ਮਗਰੋਂ ਉਸ ਨੇ ਛੇਤੀ ਨਾਲ ਓਥੋਂ ਖਿਸਕਣ ਵਿਚ ਹੀ ਭਲਾਈ ਸਮਝੀ!
ਇਹ ਘਟਨਾ ਦਾ ਵੇਰਵਾ ਉਸ ਵੇਲੇ ਦੇ ਕੋਲ ਖਲੋਤੇ ਮੌਕੇ ਦੇ ਚਸ਼ਮਦੀਦ ਗਵਾਹ ਪਿੰਕੀ ਕੈਟ ਨੇ ਖੁਦ ਚੈਨਲ ਤੇ ਆ ਕੇ ਦੱਸੀ..
ਇਹ ਉਸ ਵੇਲੇ ਦੇ ਦੌਰ ਦਾ ਆਮ ਜਿਹਾ ਵਰਤਾਰਾ ਹੋਇਆ ਕਰਦਾ ਸੀ..
ਜੋ ਜਿਆਦਾ ਉੱਚੇ ਢੇਰ ਲਾਇਆ ਕਰਦਾ..ਦਿਨਾਂ ਵਿਚ ਹੀ ਤਰੱਕੀ ਕਰ ਟੀਸੀ ਤੇ ਅੱਪੜ ਜਾਇਆ ਕਰਦਾ..!
ਦੱਸਦੇ ਜਦੋ ਸਤਾਨਵੇਂ ਵਿਚ ਪੰਥਕ ਸਰਕਾਰ ਬਣਨ ਤੇ ਬੀਬੀ ਪਰਮਜੀਤ ਕੌਰ ਖਾਲੜਾ ਪੰਥ ਰਤਨ ਕੋਲ ਪੇਸ਼ ਹੋਈ ਕੇ ਹੁਣ ਜਸਵੰਤ ਸਿੰਘ ਖਾਲੜੇ ਦੇ ਕਾਤਲਾਂ ਨੂੰ ਫਾਹੇ ਟੰਗਿਆ ਜਾਵੇ ਤਾਂ ਅੱਗੋਂ ਹੱਸਦਾ ਹੋਇਆ ਆਖਣ ਲੱਗਾ ਬੀਬੀ ਜੀ ਛੱਡੋ ਪਰਾਂ..ਹੁਣ ਤੇ ਗੱਲ ਪੂਰਾਣੀ ਹੋ ਗਈ..ਜੇ ਕੋਈ ਚੇਅਰਮੈਨੀ ਤੇ ਜਾ ਫੇਰ ਬਲਾਕ ਸੰਮਤੀ ਦੀ ਪ੍ਰਧਾਨਗੀ ਚਾਹੀਦੀ ਤਾਂ ਦੱਸੋ..ਹੁਣੇ ਆਡਰ ਕਰ ਦਿੰਨਾ ਹਾਂ..!
ਬੀਬੀ ਖਾਲੜਾ ਨੂੰ ਤੇ ਜਮੀਨੀ ਹਕੀਕਤ ਓਸੇ ਦਿਨ ਹੀ ਸਮਝ ਆ ਗਈ ਸੀ ਪਰ ਜਿਆਦਤਰ ਬੁਧੀਜੀਵੀ ਵਰਗ ਅਜੇ ਵੀ ਭੁਲੇਖੇ ਵਿਚ ਤੁਰਿਆ ਫਿਰਦਾ ਏ..!
ਦੱਸਦੇ ਇੱਕ ਵਾਰ ਭੇਡਾਂ ਦੇ ਵੱਗ ਨੂੰ ਇੱਕ ਖੁਸ਼ਖਬਰੀ ਸੁਣਾਈ ਗਈ ਕੇ ਤੁਹਾਨੂੰ ਛੇਤੀ ਹੀ ਗਰਮ ਕੰਬਲ ਵੰਡੇ ਜਾਣਗੇ..
ਏਨੀ ਗੱਲ ਸੁਣਦੇ ਸਾਰ ਸਾਰੀਆਂ ਭੇਡਾਂ ਖੁਸ਼ੀ ਵਿਚ ਨੱਚਣ ਲੱਗ ਪਈਆਂ..ਬਗੈਰ ਇਸ ਗੱਲ ਤੇ ਗੌਰ ਕੀਤੇ ਕੇ ਕੰਬਲ ਬਣਾਉਣ ਵੇਲੇ ਜਿਹੜੀ ਉੱਨ ਵਰਤੀ ਜਾਣੀ ਏ..ਉਹ ਖੁਦ ਓਹਨਾ ਦੀ ਹੀ ਚਮੜੀ ਤੋਂ ਮੁੰਨ ਕੇ ਲਾਹੀ ਜਾਣੀ ਏ!
ਹਰਪ੍ਰੀਤ ਸਿੰਘ ਜਵੰਦਾ
ਪਿੱਛਲੇ ਸਾਲ ਦੀ ਗੱਲ ਇਕ ਕੁੜੀ ਨਾਲ ਗੱਲ ਹੋਈ ਬਹੁਤ ਸਾਊ ਸੀ ਬਹੁਤ ਦੁੱਖੀ ਰਹਿੰਦੀ ਸੀ ਉਹ ਕਿਉਂਕਿ ਉਸਦੇ ਪਿਤਾ ਜੀ ਛੋਟੀ ਉਮਰੇ ਉਸਦਾ ਸਾਥ ਛੱਡ ਗਏ ਮੇਰੇ ਦਿਲ ਚ ਬਹੁਤ ਢੁਗੀ ਸੱਟ ਮਾਰਕੇ ਗਏ ਉਹਦੇ ਹੰਝੂ ਉਸਨੇ ਪਹਿਲੀ ਬਾਰ ਆਪਣੇ ਦਿਲ ਦੇ ਦਰਦਾ ਨੂੰ ਮੇਰੇ ਅੱਗੇ ਰਖਿਆ ਹੋਲੀ ਹੋਲੀ ਉਹ ਰੋਜ ਗੱਲ ਕਰਨ ਲੱਗੇ ਉਹ ਕੁੜੀ ਨੂੰ ਉਹਦੀਆਂ ਗੱਲ੍ਹਾਂ ਤੇ ਬਹੁਤ ਹਾਸਾ ਆਉਣਾ ਉਹਦੀ ਜਿੰਦਗੀ ਚ ਫਿਰ ਖੁਸ਼ੀਆ ਦੇ ਫੁੱਲ ਖਿੜਨ ਲੱਗੇ ਮੈ ਖੁਸ਼ਕਿਸਮਤ ਸੀ ਉਸਦੇ ਹਾਸੇ ਦੀ ਵਜ੍ਹਾ ਬਣਕੇ ਉਹਦਾ ਬਚਪਨਾ ਮੇਰੇ ਦਿਲ ਨੂੰ ਭਾਉਂਣ ਲੱਗਾਂ ਮੇਰੇ ਤੋਂ ਹੁਣ ਉਸ ਨਾਲ ਗੱਲ ਕਿਤੇ ਬਿਨਾਂ ਪਲ ਵੀ ਲਗਾਉਣਾ ਔਖਾ ਲੱਗਦਾ ਸੀ ਉਹ ਵੀ ਸਕੂਲ ਤੋਂ ਆਉਂਦੀ ਮੇਰੇ msg ਦੇਖਦੀ ਹੁੰਦੀ ਸਿਰ ਤੇ ਚੁੰਨੀ ਉਸਦੇ ਮੁੱਖ ਤੇ ਚਾਰ ਚੰਨ ਲਾ ਦਿੰਦੀ ਸੀ ਇੱਕ ਦਿਨ ਮੁੰਡੇ ਨੇ ਹਿੰਮਤ ਕਰਕੇ ਉਸਨੂੰ ਆਪਣੇ ਦਿਲ ਦੀ ਗੱਲ ਕਿਹ ਦਿਤੀ ਉਹ ਕੁੱਝ ਨਾ ਬੋਲੀ ਪਰ ਕੁੱਝ ਦੇਰ ਬਾਦ ਉਹਦਾ ਜਵਾਬ ਆਇਆ ਹਾਂ ਮੈਨੂੰ ਯਕੀਨ ਨੀ ਹੋਇਆ ਪਰ ਮੈ ਤੇ ਉਹ ਬਹੁਤ ਖੁਸ਼ ਸੀ ਉਸ ਦਿਨ ਪਰ ਸਾਨੂੰ ਨਹੀਂ ਪਤਾ ਸੀ ਏ ਪਿਆਰ ਕਰਨਾ ਅੱਜਕੱਲ੍ਹ ਗੁਨਾਹ ਹੁੰਦਾ ਆਪਾਂ ਦੋਵੇ ਆਣਜਾਣ ਇਸ ਰਸਤੇ ਤੇ ਤੁਰ ਚੱਲੇ ਪਤਾ ਨੀ ਕਿੱਥੇ ਲੈਕੇ ਜਾਵੇਗਾ ਸਾਨੂੰ ਬਸ ਇਕ ਦੁਸਰੇ ਦਾ ਦਿਲੋ ਕਰਦੇ ਸੀ ਇਕ ਦਿਨ ਸਾਡੇ ਪਿਆਰ ਚ ਇਕ ਮੋੜ ਆਇਆ ਉਹਦੇ 12th ਦੇ ਪੇਪਰ ਆਉਣ ਵਾਲੇ ਸੀ ਉਸਨੇ ਕੁੱਝ ਮਹੀਨੇ ਗੱਲ ਨਾ ਕਰਨ ਤੋ ਮਨਾਂ ਕੀਤਾ ਮੈ ਉਹਦੀ ਮਜਬੂਰੀ ਸਮਝ ਉਸਨੂੰ ਜਾਣ ਦਿੱਤਾ ਕੁੱਝ ਦਿਨਾਂ ਬਾਅਦ ਉਹਦੀਆਂ ਯਾਦਾਂ ਮੈਨੂੰ ਰੋਜ ਤੰਗ ਕਰਨ ਲੱਗੀਆਂ ਆਖਰ ਨੂੰ ਬਹੁਤ ਟਾਈਮ ਨਿਕਲ ਗਿਆ 12th ਦੇ ਪੇਪਰ ਵੀ ਮੁੱਕ ਗਏ ਪਰ ਉਹਦਾ ਮੈਸਜ ਨਾ ਉਹ ਬਹੁਤ ਟੈਨਸ਼ਨ ਚ ਰਹਿੰਦਾ ਇਕ ਦਿਨ ਰੱਬ ਨੀ ਉਸਦੇ ਪਿਆਰ ਨੂੰ ਦੇਖ ਕੇ ਉਸ ਕੁੜੀ ਦੀ ਪਿੰਡ ਦੀ ਕੁੜੀ ਮਿਲੀ ਉਹਨੇ ਜੋ ਦੱਸਿਆ ਉਹਨੂੰ ਅੰਦਰੋ ਅੰਦਰੀ ਬਹੁਤ ਤੋੜ ਗਿਆ ਉਹਦੇ ਘਰ ਵਾਲਿਆਂ ਨੂੰ ਸਾਡੇ ਇਸ ਰਿਸ਼ਤੇ ਬਾਰੇ ਪਤਾ ਲੱਗ ਗਿਆ ਜਿੰਨਾ ਦਿਨਾਂ ਚ ਉਹ ਇੰਤਜਾਰ ਕਰ ਰਿਹਾਂ ਸੀ ਉਹ ਉਹਨਾਂ ਦਿਨਾਂ ਚ ਭੁੱਲਾਂ ਰਹੀ ਸੀ ਉਸਨੂੰ ਉਹਨਾਂ ਦੀ ਆਖਰੀ ਬਾਰ ਗੱਲ ਹੋਈ ਤੇ ਉਹਨੇ ਆਪਣੀ life ਚੋ ਜਾਣ ਲਈ ਕਿਹਾ ਨਾ ਉਹ ਕੁੜੀ ਦੀਆ ਅੱਖਾਂ ਸਾਫ ਕਰ ਸਕਿਆ ਨਾ ਉਹ ਮੁੰਡਾ ਉਹਦੀਆਂ ਸਾਰੇ ਅਰਮਾਨ ਟੁੱਟ ਗਏ ਤੇ ਉਹ ਦੋਨੋ ਹਮੇਸ਼ਾ ਲਈ ਚੁੱਪ ਹੋਕੇ ਰਿਹ ਗਏ ਉਹ ਰੋਜ ਰੱਬ ਅੱਗੇ ਉਹਨੂੰ ਮੰਗਦਾ ਸ਼ਾਇਦ ਅੱਜ ਵੀ ਉਹ ਕੁੜੀ ਤੇ ਉਹ ਮੁੰਡਾ ਮਿਲਣ ਦੀ ਆਸ ਰੱਖਦੇ ਹੋਣ ਪਰ ਕਿ ਉਹਨਾਂ ਦੇ ਘਰਦੇ ਉਹਨਾਂ ਨੂੰ ਕਦੇ ਸਮਝਣਗੇ ਰੱਬ ਉਹਨਾਂ ਦੀ ਸੁਣੇਗਾ ?
Jatinder singh
ਨਿੱਕੇ ਹੁੰਦਿਆਂ ਬਾਪੂ ਸਾਡੇ ਤੋਂ ਦੂਰ ਹੋ ਗਿਆ ਬੱਸ ਫਿਰ ਕੀ ਜ਼ਿੰਦਗੀ ਖਰਾਬ ਦਾ ਟਾਈਮ ਸ਼ੁਰੂ ਹੋ ਗਿਆ , ਮਾਂ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਸਾਨੂੰ ਰੋਟੀ ਦਿੰਦੀ , ਗੁਜ਼ਾਰਾ ਕਰਨਾ ਔਖਾ ਹੋ ਗਿਆ , ਉਦੋਂ ਮੈਂ 8 ਸਾਲ ਦੀ ਸੀ , ਅਸੀਂ ਪੰਜ ਭੈਣ ਭਰਾ ਸੀ , ਮੈਨੂੰ ਮੇਰੇ ਨਾਨਾ ਜੀ ਨਾਨਕੇ ਘਰ ਲੈ ਆਏ , ਨਾਨਾ ਜੀ ਨੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਨਾਨੀ ਨੂੰ ਇਹ ਮਨਜੂਰ ਨਹੀਂ ਸੀ ਉਹ ਕਹਿੰਦੇ ਸੀ ਕੁੜੀਆਂ ਨਹੀਂ ਪੜ੍ਹਦੀਆਂ , ਕੁੜੀਆਂ ਘਰ ਦਾ ਕੰਮ ਕਰਦੀਆਂ ਨੇ , ਫਿਰ ਮੈਂ ਮੇਰੇ ਨਾਨਾ ਜੀ ਮੈਨੂੰ ਸਕੂਲ ਭੇਜਦੇ ਸੀ , ਨਾਨੀ ਜੀ ਮੇਰੇ ਤੋਂ ਬਾਹਰ ਦਾ ਕੰਮ ਕਰਵਾਉਂਦੇ ਸੀ , ਕਿਸੇ ਦੇ ਘਰ ਦਾ ਗੋਹਾ ਚੁੱਕਦੇ ਉਹ ਵੀ 2 ਕਿਲੋ ਮੀਟਰ ਜਾ ਕੇ ਓਥੋਂ ਗੋਹਾ ਚੁੱਕ ਕੇ ਟੋਕਰਾ ਸਿਰ ਤੇ ਰੱਖ ਕੇ ਗੋਹਾ ਘਰ ਲੈ ਕੇ ਆਉਂਦੇ ਸੀ , 8 ਸਾਲ ਦੀ ਸੀ ਮੈਂ ਮੇਰੇ ਤੋਂ ਉਹ ਟੋਕਰੇ ਦਾ ਭਾਰ ਨਹੀਂ ਸੀ ਚੁੱਕ ਹੁੰਦਾ , ਉਹ ਸਾਰਾ ਮੇਰੇ ਤੇ ਹੀ ਚੋ ਜਾਂਦਾ , ਮੈਨੂੰ ਉਹ ਸਵੇਰੇ 4 ਬਜੇ ਜਗ੍ਹਾ ਦਿੰਦੇ ਮੈਂ 8 ਬਜੇ ਤੋਂ ਪਹਿਲਾਂ ਘਰ ਆਉਣਾ ਹੁੰਦਾ ਸੀ ਫਿਰ ਮੈਂ ਜਲਦੀ ਜਲਦੀ ਕੰਮ ਕਰਦੀ , 8 ਬਜੇ ਸਕੂਲ ਜਾਂਦੀ , ਕੁੜੀਆਂ ਤਿਆਰ ਹੋ ਕੇ ਮੈਨੂੰ ਘਰ ਉਡੀਕ ਦੀਆਂ ਹੁੰਦੀਆਂ ਸੀ , ਨਾਨੀ ਜੀ ਨੇ ਇੱਕ ਰੋਟੀ ਦੇਣੀ , ਦੂਜੀ ਮੰਗਣੀ ਤੇ ਨਾਨੀ ਜੀ ਨੇ ਵੇਲਣਾ ਮਾਰਨਾ , ਬਹੁਤ ਔਖਾ ਟਾਈਮ ਕੱਢਿਆ , ਮੇਰੇ ਨਾਨਾ ਜੀ ਨੇ ਮੈਨੂੰ 10ਵੀਂ ਕਰਵਾ ਦਿੱਤੀ , ਨਾਨੀ ਜੀ ਦੀ ਮੌਤ ਹੋ ਗਈ , ਜਦੋਂ ਮੈਂ ਨੌਂਵੀ ਵਿੱਚ ਸੀ , ਫਿਰ ਮੇਰਾ ਵਿਆਹ ਹੋ ਗਿਆ ਫਿਰ ਔਖਾ ਟਾਈਮ ਸ਼ੁਰੂ ਹੋ ਗਿਆ , ਪਤੀ ਬਹੁਤ ਗੁੱਸੇ ਵਾਲੇ ਸੀ , ਵਿਆਹ ਦੇ ਇੱਕ ਹਫਤੇ ਬਾਅਦ ਹੀ ਮੈਨੂੰ ਮਾਰਨ ਲੱਗ ਗਿਆ , 2 ਸਾਲ ਬਾਅਦ ਮੇਰੇ ਘਰ ਕੁੜੀ ਨੇ ਜਨਮ ਲਿਆ ਪਰ ਪਤੀ ਦਾ ਸੁਭਾਅ ਏਦਾਂ ਹੀ ਰਿਹਾ , ਮੇਰੀ ਦੂਜੀ ਕੁੜੀ ਨੇ ਜਨਮ ਲਿਆ , 2002 ਵਿੱਚ ਵਿਆਹ ਹੋਇਆ ਤੇ 2007 ਵਿੱਚ ਮੇਰੇ ਪਤੀ ਦੀ ਮੌਤ ਹੋ ਗਈ , ਫਿਰ ਮੈਂ ਵਿਆਹ ਨਹੀਂ ਕਰਵਾਇਆ , ਕੁੜੀਆਂ ਬਹੁਤ ਛੋਟੀਆਂ ਸੀ ਉਹਨਾਂ ਨੂੰ ਛੱਡ ਕੇ ਨਹੀਂ ਜਾ ਸਕਦੀ ਸੀ , ਇੱਕ ਕੁੜੀ 2 ਸਾਲ ਦੀ ਸੀ ਤੇ ਇੱਕ 8 ਮਹੀਨਿਆਂ ਦੀ , ਏਦਾਂ ਹੀ ਗੁਜਾਰਾ ਕਰਦੀ ਰਹੀ , ਦੁਕਾਨਾਂ ਤੇ ਸਫਾਈ ਦਾ ਕੰਮ ਕਰ ਕੇ ਕੁੜੀਆਂ ਨੂੰ ਪਾਲਿਆ , ਅੱਜ ਇੱਕ ਕੁੜੀ 12ਵੀਂ ਵਿੱਚ ਤੇ ਦੂਜੀ 9ਵੀਂ ਵਿੱਚ ਪੜ੍ਹਦੀ ਹੈ , ਉਹਨਾਂ ਦੀ ਪੜ੍ਹਾਈ ਦਾ ਖਰਚਾ ਮੇਰੇ ਕੋਲੋਂ ਚੁੱਕ ਨਹੀਂ ਸੀ ਹੁੰਦਾ , ਦੁਕਾਨ ਤੇ ਸਫਾਈ ਕਰਨ ਦੇ 2000 ਮਿਲਦੇ ਸਨ ਤੇ ਏਦਾਂ ਹੀ ਲੋਕਾਂ ਤੋਂ ਲੈ ਲੈ ਕੇ ਬੱਚੇ ਪੜ੍ਹਾ ਦਿੱਤੇ , ਮੇਰੇ ਤੇ 2 ਲੱਖ 50 ਹਜ਼ਾਰ ਦਾ ਕਰਜ਼ਾ ਚੜ੍ਹ ਗਿਆ ਜੋ ਹੁਣ ਤੱਕ ਮੇਰੇ ਤੋਂ ਨਹੀਂ ਉਤਰਿਆ , ਬਸ ਹੁਣ ਤਾਂ ਇਹੀ ਫਿਕਰ ਆ ਕੇ ਕਰਜ਼ਾ ਉੱਤਰ ਜਾਵੇ , ਕੁੜੀਆਂ ਦੇ ਚੰਗੀ ਜਗ੍ਹਾ ਵਿਆਹ ਹੋ ਜਾਣ , 13 ਸਾਲ ਹੋ ਗਏ ਮੈਨੂੰ ਵਿਧਵਾ ਹੋਈ ਨੂੰ , ਹੁਣ ਤਾਂ ਮੈਨੂੰ ਪਤਾ ਕੇ ਮੇਰੀ ਜ਼ਿੰਦਗੀ ਖਰਾਬ ਆ , ਦੁੱਖ ਤਾਂ ਬਹੁਤ ਆ ਪਰ ਮੈਂ ਦੱਸ ਨਹੀਂ ਸਕਦੀ ਕੁਝ। ..
ਜੋਤੀ ਭੱਟੀ
ਗੱਲ ਓਹਨਾ ਦਿੰਨਾ ਦੀ ਏ ਜਦੋਂ ਮੈਨੂੰ ਛੇਵਾਂ ਮਹੀਨਾ ਲੱਗਾ ਸੀ.ਇੱਕ ਦਿਨ ਅਚਾਨਕ ਇਹਨਾਂ ਦੀ ਅਸਾਮ ਬਦਲੀ ਦੇ ਆਡਰ ਆ ਗਏ..ਮੇਰਾ ਮਜਬੂਰਨ ਵਾਪਿਸ ਪਿੰਡ ਆਉਣ ਦਾ ਪ੍ਰੋਗਰਾਮ ਬਣਾਉਣਾ ਪੈ ਗਿਆ..! ਇਹਨਾਂ ਮੇਰੀ ਟਿਕਟ ਬੁੱਕ ਕਰਵਾ ਦਿੱਤੀ..ਤੇ ਆਪ ਦਿੱਲੀ ਵੱਲ ਦੀ ਗੱਡੀ ਤੇ ਚੜ ਗਏ..! ਮੇਰੀ ਰਾਤੀ ਗਿਆਰਾਂ ਕੂ ਵਜੇ ਚੱਲਣੀ ਸੀ..ਅੰਬਾਲਾ ਕੈਂਟ ਟੇਸ਼ਨ ਤੇ ਇੱਕ ਚਿੱਟ ਦਾਹੜੀਏ ਕੁੱਲੀ ਮੈਨੂੰ ਨਿਰੇ-ਪੂਰੇ ਆਪਣੇ ਬਾਪੂ ਹੁਰਾਂ ਵਰਗੇ ਹੀ ਲੱਗੇ..! ਓਹਨਾ ਨੂੰ ਦੱਸਿਆ ਤਾਂ ਆਖਣ ਲੱਗੇ ਧੀਏ ਘਬਰਾ ਨਾ..ਮੈਂ ਗੱਡੀ ਆਉਣ ਤੋਂ ਠੀਕ ਪੰਦਰਾਂ ਮਿੰਟ ਪਹਿਲਾਂ ਅੱਪੜ ਜਾਵਾਂਗਾ..ਮਗਰੋਂ ਕਦੀ ਆ ਕੇ ਪਾਣੀ ਪੁੱਛ ਜਾਇਆ ਕਰਨ ਤੇ ਕਦੀ ਚਾਹ..! ਵੇਟਿੰਗ ਰੂਮ ਵਿਚ ਮੇਰੀ ਅੱਖ ਲੱਗ ਗਈ..ਜਦੋਂ ਜਾਗ ਆਈ ਤਾਂ ਮੇਰੀ ਗੱਡੀ ਦੀ ਅਨੋਸਮੇਂਟ ਹੋ ਰਹੀ ਸੀ..ਐਨ ਮੌਕੇ ਤੇ ਗੱਡੀ ਦਾ ਪਲੇਟਫਾਰਮ ਵੀ ਬਦਲ ਦਿੱਤਾ ਗਿਆ..! ਮੈਂ ਫ਼ਿਕਰਮੰਦੀ ਦੇ ਆਲਮ ਵਿਚ ਏਧਰ ਓਧਰ ਵੇਖਣ ਲੱਗੀ..ਬਾਪੂ ਹੂਰੀ ਕਿਧਰੇ ਵੀ ਨਾ ਦਿਸੇ..!ਐਨ ਮੌਕੇ ਕੋਈ ਹੋਰ ਕੁੱਲੀ ਵੀ ਵੇਹਲਾ ਨਾ ਦਿਸਿਆ..! ਜਦੋਂ ਮਸੀਂ ਪੰਜ ਮਿੰਟ ਰਹਿ ਗਏ ਤਾਂ ਉਹ ਮੈਨੂੰ ਦੌੜਦੇ ਹੋਏ ਆਪਣੇ ਵੱਲ ਆਉਂਦੇ ਦਿਸੇ.. ਸਾਹੋ ਸਾਹੀ ਹੋਏ..ਕੁਝ ਪੁੱਛਣ ਲੱਗੀ ਤਾਂ ਆਖਣ ਲੱਗੇ ਹੁਣ ਗੱਲ ਕਰਨ ਦਾ ਟਾਈਮ ਹੈਨੀ..ਬੱਸ ਮੇਰੇ ਮਗਰ ਮਗਰ ਤੁਰੀ ਆ..! ਦੋ ਸੰਦੂਖ ਇੱਕ ਟੋਕਰੀ ਤੇ ਇੱਕ ਬਿਸਤਰਾ..ਸਾਰਾ ਕੁਝ ਸਿਰ ਤੇ ਲੱਦ ਵਾਹੋ ਡਾਹੀ ਪਲੇਟਫਾਰਮ ਨੰਬਰ ਪੰਜ ਵੱਲ ਨੂੰ ਤੁਰ ਪਏ..!ਮੈਂ ਢਿਡ੍ਹ ਤੇ ਹੱਥ ਰੱਖ ਮਸੀਂ ਕਿੰਨੀਆਂ ਸਾਰੀਆਂ ਪੌੜੀਆਂ ਚੜੀ..ਫੇਰ ਪੰਜ ਨੰਬਰ ਤੇ ਜਾ ਓਨੀਆਂ ਹੀ ਫੇਰ ਉੱਤਰਨੀਆਂ ਵੀ ਪਈਆਂ..!ਫੇਰ ਆਪਣਾ ਸਮਾਨ ਟਿਕਾ ਕੇ ਅਜੇ ਮੁਸ਼ਕਲ ਨਾਲ ਅੰਦਰ ਵੜੀ ਹੀ ਸਾਂ ਕੇ ਗੱਡੀ ਤੁਰ ਪਈ..! ਕਾਹਲੀ ਨਾਲ ਪਰਸ ਲੱਭਣ ਲੱਗੀ ਪਰ ਉਹ ਟੋਕਰੀ ਵਿਚ ਥੱਲੇ ਜਿਹੇ ਲੱਗਾ ਕਿਧਰੇ ਵੀ ਨਾ ਦਿਸਿਆ..! ਕੀ ਵੇਖਿਆ ਬਾਬਾ ਜੀ ਵੀ ਚੱਲਦੀ ਗੱਡੀ ਦੇ ਨਾਲ ਨਾਲ ਦੌੜੀ ਆ ਰਹੇ ਸਨ..ਪਰ ਹੈਰਾਨਗੀ ਦੀ ਗੱਲ ਇਹ ਸੀ ਕੇ ਓਹਨਾ ਦੇ ਚੇਹਰੇ ਤੇ ਪੈਸਿਆਂ ਦੀ ਚਿੰਤਾ ਘੱਟ ਅਤੇ ਇਸ ਗੱਲ ਦੀ ਤਸੱਲੀ ਕਿਧਰੇ ਜਿਆਦਾ ਸੀ ਕੇ ਮੈਂ ਸੁਖੀ ਸਾਂਦੀ ਗੱਡੀ ਚੜ ਗਈ ਸਾਂ..ਫੇਰ ਵਿੱਥ ਵਧਦੀ ਗਈ ਤੇ ਘੜੀ ਕੂ ਮਗਰੋਂ ਪਲੇਟਫਾਰਮ ਵੀ ਮੁੱਕ ਗਿਆ ਤੇ ਬਾਬਾ ਜੀ ਹਨੇਰੇ ਵਿਚ ਕਿਧਰੇ ਅਲੋਪ ਹੋ ਗਏ..! ਮੈਂ ਅੰਬਰਸਰ ਤੱਕ ਆਉਂਦੀ ਹੋਈ ਪਤਾ ਨੀ ਕਿੰਨੀ ਵਾਰ ਰੋਈ ਹੋਣੀ..ਵਾਰ ਵਾਰ ਆਪਣੇ ਆਪ ਤੇ ਗੁੱਸਾ ਆਈ ਜਾਵੇ ਕੇ ਮੈਂ ਪੰਜਾਹ ਰੁਪਈਏ ਪਹਿਲਾਂ ਹੀ ਕਿਓਂ ਨਹੀਂ ਸਨ ਕੱਢ ਕੇ ਰੱਖੇ..!
ਖੈਰ ਸਾਲ ਬਾਅਦ ਇੱਕ ਵਾਰ ਫੇਰ ਅੰਬਾਲੇ ਕੈਂਟ ਜਾਣ ਦਾ ਮੌਕਾ ਮਿਲਿਆ ਤਾਂ ਖਹਿੜੇ ਪੈ ਗਈ..ਕੇ ਬਾਬਾ ਜੀ ਦਾ ਪਤਾ ਕਰੋ..! ਇਹਨਾਂ ਭੱਜ ਦੌੜ ਕੀਤੀ..ਪਤਾ ਲੱਗਾ ਕੇ ਉਹ ਤਾਂ ਦੋ ਮਹੀਨੇ ਹੋਏ ਚੜਾਈ ਕਰ ਗਏ.. ਹੰਜੂਆਂ ਵਿਚ ਗੜੁੱਚ ਹੋਈ ਇੱਕ ਵਾਰ ਫੇਰ ਮਗਰ ਪੈ ਗਈ..ਆਖਿਆ ਪਰਿਵਾਰ ਬਾਰੇ ਪੁੱਛ ਪੜਤਾਲ ਕਰੋ..! ਇਸ ਵਾਰ ਏਨੀ ਗੱਲ ਦੱਸਦਿਆਂ ਇਹਨਾਂ ਦਾ ਵੀ ਰੋਣ ਨਿੱਕਲ ਗਿਆ ਕੇ ਚੁਰਾਸੀ ਵੇਲੇ ਸਭ ਕੁਝ ਖਤਮ ਹੋ ਗਿਆ ਸੀ..ਕੱਲੇ ਹੀ ਰਹਿੰਦੇ ਸਨ..! ਮਗਰੋਂ ਜਿੰਦਗੀ ਵਿਚ ਜਿੰਨੀ ਵਾਰ ਵੀ ਕੁੱਲੀ ਕਰਨਾ ਪਿਆ..ਕਦੀ ਭਾਅ ਨਾ ਕਰਦੀ ਤੇ ਨਾ ਹੀ ਇਹਨਾਂ ਨੂੰ ਹੀ ਕਰਨ ਦਿਆ ਕਰਦੀ..ਮੈਨੂੰ ਲਾਲ ਵਰਦੀ ਪਾਈ ਹਰੇਕ ਇਨਸਾਨ ਵਿੱਚ ਬਾਬਾ ਜੀ ਹੀ ਵਿਖਾਈ ਦਿੰਦੇ! ਅੱਜ ਏਨੇ ਵਰ੍ਹਿਆਂ ਬਾਅਦ ਵੀ ਕਦੀ ਕਦੀ ਸੋਚਦੀ ਹਾਂ ਕੇ ਜਿੰਦਗੀ ਦੇ ਕੁਝ ਕਰਜੇ ਐਸੇ ਵੀ ਹੁੰਦੇ ਜਿਹੜੇ ਜਿੰਨੇ ਮਰਜੀ ਲਾਹੀ ਜਾਵੋ ਕਦੀ ਘੱਟ ਨਹੀਂ ਹੁੰਦੇ..!
ਹਰਪ੍ਰੀਤ ਸਿੰਘ ਜਵੰਦਾ
ਉਹ ਦਸ ਕੁ ਸਾਲ ਦਾ ਸੀ ਜਦੋ ਉਸਦੇ ਪਿਤਾ ਜੀ ਨੇ ਪਰਿਵਾਰ ਸਮੇਤ ਕੈਨੇਡਾ ਦੀ ਨਾਗਰਿਕਤਾ ਲੈ ਲਈ ਸੀ| ਲੈਂਦੇ ਵੀ ਕਿਉਂ ਨਾ, ਬਹੁਤ ਜਿਆਦਾ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਓਹਨਾ ਨੂੰ ਕੋਈ ਚੱਜ ਦੀ ਪੱਕੀ ਨੌਕਰੀ ਨਹੀਂ ਸੀ ਮਿਲੀ| ਉਸਦੇ ਪਿਤਾ ਨੇ ਐਮ ਐੱਸ ਸੀ ਗਣਿਤ , ਐਮ ਫਿਲ ਗਣਿਤ ਤੇ ਬੀ ਐਡ ਕੀਤੀ ਹੋਈ ਸੀ| ਉਸਦੇ ਛੋਟੇ ਹੁੰਦੇਆ ੩੦ ਕੁ ਸਾਲ ਪਹਿਲਾਂ ਜਦੋ ਪ੍ਰਕਾਸ਼ ਸਿੰਘ ਬਾਦਲ ਤੇ ਕਪਤਾਨ ਅਮਰਿੰਦਰ ਸਿੰਘ ਜਦੋ ਪੰਜਾਬ ਦੇ ਮੁਖ ਮੰਤਰੀ ਸੀ, ਉਸਦੇ ਪਿਤਾ ਜੀ ਨੇ ਬਹੁਤ ਵਾਰ ਚੰਡੀਗੜ੍ਹ ਮਟਕਾ ਚੌਕ ਤੇ ਫਿਰ ਸੈਕਟਰ ੨੫ ਚੰਡੀਗੜ੍ਹ ਦੀ ਗ੍ਰਾਉੰਡ ਵਿਚ ਬਹੁਤ ਵਾਰ ਪੱਕੀ ਨੌਕਰੀ ਲਈ ਧਰਨੇ ਦਿੱਤੇ ਸੀ| ਕਈ ਵਾਰ ਲਾਠੀਆਂ ਖਾਧੀਆਂ ਸੀ ਤੇ ਇੱਕ ਦੋ ਵਾਰ ਜੇਲ ਵੀ ਗਏ ਸੀ| ਫਿਰ ਓਹਨਾ ਨੇ ਦੇਸ਼ ਛੱਡ ਜਾਣ ਦਾ ਮਨ ਬਣਾ ਲਿਆ ਤੇ ਪੱਕੇ ਕੈਨੇਡਾ ਵਿਚ ਜਾ ਵਸੇ| ਕਨੇਡਾ ਦੀ ਸਰਕਾਰ ਦੂਜੇ ਦੇਸ਼ਾਂ ਪੜੇ ਲਿਖੇ ਲੋਕਾਂ ਦਾ ਸਵਾਗਤ ਕਰਦੀ ਸੀ ਤੇ ਸੌਖੀ ਹੀ ਨਾਗਰਿਕਤਾ ਦੇ ਦਿੰਦੀ ਸੀ|
ਉਸਦੇ ਬਚਪਨ ਦੇ ਪਹਿਲੇ ਦਸ ਸਾਲ ਪਿੰਡ ਵਿਚ ਹੀ ਬੀਤੇ ਸੀ ਤੇ ਉਹ ਹੁਣ ਪੈਂਤੀ ਕੁ ਸਾਲਾਂ ਬਾਅਦ ੨੦੪੦ ਵਿਚ ਕਨੇਡਾ ਤੋਂ ਪੰਜਾਬ ਪਰਤਿਆ ਸੀ|ਉਸਦੇ ਘਰ ਤੋਂ ਗੁਰਦਵਾਰਾ ੧੦੦ ਕੁ ਮੀਟਰ ਦੀ ਵਿਥ ਤੇ ਸੀ| ਉਹ ਸੈਰ ਕਰਨ ਜਾਂਦੇ ਹੋਏ ਸ਼ਾਮ ਦੇਖਿਆ ਕੇ ਉਸ ਗੁਰਦਵਾਰੇ ਦੇ ਨਾਲ ਇਕ ਮੰਦਿਰ ਵੀ ਬਣਿਆ ਹੋਇਆ ਹੈ ਜਿਸ ਵਿਚ ਪੁਜਾਰੀ ਭੋਲੇ ਨਾਥ ਪਾੰਡੇ ਸ਼ਾਮ ਸਵੇਰ ਪੂਜਾ ਕਰਦਾ ਹੈ| ਭੋਲੇ ਨਾਥ ਦੀ ਪਿੰਡ ਵਿਚ ਕਾਫੀ ਇਜ੍ਜਤ ਹੈ| ਗੁਰਦਵਾਰੇ ਦੀ ਇਕ ਕੰਧ ਦੇ ਇੱਕ ਪਾਸੇ ਇੱਕ ਜਗਰਾਤੇ ਦਾ ਹਿੰਦੀ ਵਿਚ ਬੈਨਰ ਲੱਗਾ ਸੀ |ਆਸ ਪਾਸ ਦੇ ਘਰ ਹੁਣ ਉੱਤਰ ਪ੍ਰਦੇਸ਼, ਬਿਹਾਰ ਤੇ ਹਿਮਾਚਲ ਦੇ ਲੋਕਾਂ ਨੇ ਖਰੀਦ ਲਏ ਹਨ| ਕਾਫੀ ਲੋਕ ਮੰਦਿਰ ਜਾਂਦੇ ਹਨ| ਓਹਨਾ ਦੇ ਪਿੰਡ ਵਿਚ ਪਹਿਲਾ ਜਾਤ ਦੇ ਅਧਾਰ ਤੇ ੩ ਗੁਰਦਵਾਰੇ ਸਨ ਪਰ ਹੁਣ ਸਿੱਖ ਘਟ ਗਿਣਤੀ ਹੋਣ ਕਰਕੇ ਇੱਕ ਹੀ ਰਹਿ ਗਿਆ ਹੈ| ਹੁਣ ਜਾਤ ਦੇ ਅਧਾਰ ਤੇ ਚਰਚ ਬਣ ਚੁੱਕੇ ਹਨ| ਪਿੰਡ ਦੀਆ ਛੋਟੀਆਂ ਜਾਤਾਂ ਜਿੰਨਾ ਨੂੰ ਉਸ ਸਮੇ ਉੱਚੀ ਜਾਤ ਵਾਲੇ ਨਫਰਤ ਕਰਦੇ ਸਨ, ਉਹ ਹੁਣ ਈਸਾਈ ਬਣ ਚੁਕੇ ਸਨ| ਗੁਰਦਵਾਰੇ ਸਾਹਮਣੇ ਜਾਂਦੇ ਹੀ ਉਸਦੀਆਂ ਅੱਖਾਂ ਸਾਹਮਣੇ ਉਸਦਾ ਸਾਰਾ ਬਚਪਨ ਦਾ ਦ੍ਰਿਸ਼ ਨਿਕਲ ਜਾਂਦਾ ਹੈ| ਉਸਨੂੰ ਯਾਦ ਆਉਂਦਾ ਹੈ ਕੇ ਉਹ ਕਿਸ ਤਰਾਹ ਗੁਰਦਵਾਰੇ ਦੇ ਵਿਚ ਛੋਟੇ ਹੁੰਦੇ ਖੇਲਦੇ ਹੁੰਦੇ ਸੀ| ਹੁਣ ਵਿਚ ਗੁਰਦਵਾਰੇ ਵਿਚਲਾ ਬੋਹੜ ਕੱਟ ਦਿੱਤਾ ਹੈ| ਉਸਨੂੰ ਯਾਦ ਆਉਂਦਾ ਹੈ ਕੇ ਕਿਵੇਂ ਛੋਟੇ ਹੁੰਦਿਆਂ ਉਹ ਬੋਹੜ ਦੀ ਦਾੜ੍ਹੀ ਨਾਲ ਝੂਟਦੇ ਹੁੰਦੇ ਸੀ| ਓਹਨਾ ਦੀ ਸਾਰੀ ਦੁਪਹਿਰ ਰੱਸੀ ਟੱਪਦੇ ਜਾ ਟਾਇਰ ਚਲਾਉਂਦੇ ਨਿਕਲ ਜਾਂਦੀ ਸੀ| ਉਹ ਗੁਰਦਵਾਰੇ ਦੀ ਕੰਧ ਦੇ ਨਾਲ ਜਿਥੇ ਮੰਦਿਰ ਦਾ ਦਰਵਾਜਾ ਹੈ ਓਥੇ ਬੰਟੇ ਵੀ ਖੇਲਦੇ ਹੁੰਦੇ ਸੀ| ਸਿਖਾਂ ਦੇ ਜਵਾਕਾਂ ਦੀ ਪੈਦਾਇਸ਼ ਵਿਚ ਗੁਰਦਵਾਰੇ ਬਹੁਤ ਹੀ ਜਿਆਦਾ ਮਹੱਤਵਪੂਰਨ ਹੁੰਦੇ ਹਨ| ਛੋਟੇ ਹੁੰਦੇ ਉਹ ਓਥੇ ਖੇਲਦੇ ਵੀ ਹਨ ਤੇ ਦਿਨ ਤਿਹਾਰ ਤੇ ਸੇਵਾ ਵੀ ਕਰਾਉਂਦੇ ਹਨ| ਉਸਨੂੰ ਉਹ ਵੀ ਸਮਾਂ ਯਾਦ ਆਉਂਦਾ ਹੈ ਕੇ ਜਦੋ ਕਿਸੇ ਨੀਵੀ ਜਾਤ ਵਾਲੇ ਗੁਰਦਵਾਰੇ ਦੇ ਕਿਸੇ ਨਗਰ ਕੀਰਤਨ ਦੇ ਸਮੇ ਕਿਸੇ ਔਰਤ ਨੇ ਉਸ ਜਾਤ ਦਾ ਨਾਮ ਲੈ ਕੇ ਬੋਲਿਆ ਸੀ ਕੇ ਓਹਨਾ ਨੇ ਆਉਣਾ ਹੈ, ਹੱਥਾਂ ਤੇ ਰੋਟੀਆਂ ਦਿਓ| ਇਹਨਾ ਦੇ ਭਾਂਡੇ ਕੌਣ ਮੰਜੁਗਾ| ਓਹਨੀ ਦਿਨੀ ਦੋਆਬੇ ਦੇ ਪਿੰਡਾਂ ਵਿਚ ਇਹ ਪਾੜਾ ਕਾਫੀ ਜਿਆਦਾ ਸੀ| ਇਸ ਆਪਸੀ ਨਫਰਤ ਦਾ ਨਤੀਜਾ ਇਹ ਨਿਕਲਿਆ ਸੀ ਕੇ ਪਿੰਡ ਦੀਆ ਜਿਆਦਾ ਜਮੀਨਾ ਪੰਜਾਬ ਦੇ ਬਾਹਰੋਂ ਆਏ ਲੋਕਾਂ ਨੇ ਖਰੀਦ ਲਈਆਂ ਸਨ , ਕਿਉਂਕਿ ਪੰਜਾਬੀ ਲੋਕ ਆਪਸੀ ਨਫਰਤ ਕਰਕੇ ਪੰਜਾਬੀਆਂ ਨੂੰ ਜਮੀਨਾ ਨੂੰ ਨਹੀਂ ਵੇਚਦੇ ਸੀ| ਇਹ ਬਾਹਰੋਂ ਆਏ ਹੋਏ ਲੋਕ ਪੰਜਾਬ ਵਿਚ ਠੇਕੇਦਾਰੀ ਕਰਦੇ ਹਨ, ਇਹਨਾ ਨਾਲ ਮਜਦੂਰੀ ਪੰਜਾਬ ਦੇ ਲੋਕ ਹੀ ਕਰਦੇ ਹਨ| ਪੰਜਾਬ ਦੇ TV ਚੰਨਲਾਂ ਤੇ ਅੱਜ ਕਲ ਇਹ ਵਿਵਾਦ ਚਲਦਾ ਹੈ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਇਕ ਵਿਸ਼ਨੂੰ ਮੰਦਿਰ ਹੈ ਜਾ ਨਹੀਂ| ਪੰਜਾਬ ਵਿਚ ਸਿਖਾਂ ਦੀ ਅਬਾਦੀ ੨੦ ਪ੍ਰਤੀਸ਼ਤ ਰਹਿ ਗਈ ਹੈ ੩੦ ਕੁ ਪ੍ਰਤੀਸ਼ਤ ਈਸਾਈ ਤੇ ੫੦ ਕੁ ਪ੍ਰਤੀਸ਼ਤ ਹਿੰਦੂ ਹਨ
ਉਸਨੂੰ ਇਹ ਵੀ ਪਤਾ ਲੱਗਿਆ ਕੇ ਹੁਣ ਸਿੱਖ ਘਟ ਗਿਣਤੀ ਹੋਣ ਕਰਕੇ ਪਹਿਲਾ ਦੀ ਤਰਾਹ ਨਫਰਤ ਨਹੀਂ ਕਰਦੇ ਹਨ| ਸਾਰੇ ਵਿੱਚੋ ਸਿਰਫ ਹੀ ਗੱਲ ਚੰਗੀ ਸੀ | ਉਹ ਜਿਨ੍ਹਾਂ ਨੂੰ ਉਹ ਔਰਤ ਛੋਟੀ ਜਾਤ ਵਾਲੇ ਕਹਿੰਦੀ ਸੀ ਓਹਨਾ ਦੇ ਅੱਗੇ ਬੱਚੇ ਜਿਆਦਾਤਰ ਈਸਾਈ ਬਣ ਚੁੱਕੇ ਹਨ| ਸਿਖਾਂ ਲਈ ਕੋਈ ਵੀ ਨਰਮ ਰਵਈਆ ਨਹੀਂ ਰੱਖਦੇ, ਕਿਓੰਕੇ ਓਹਨਾ ਨੇ ਈਸਾਈ ਧਰਮ ਵਿਚ ਹੀ ਜਨਮ ਲਿਆ ਹੈ| ਕਈ ਵਾਰ ਉਹ ਸਿਖਾਂ ਨੂੰ ਤੰਗ ਵੀ ਕਰਦੇ ਹਨ | ਉਸਦੇ ਦਿਮਾਗ ਵਿਚ ਇੱਕ ਪੰਕਤੀ ਬਹੁਤ ਰੜਕਦੀ ਹੈ: ਜਬ ਇਹ ਗਏ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ | ਪਿੰਡ ਦੇ ਓਹਨਾ ਹੀ ਰਾਹਾਂ ਤੇ ਚੱਲ ਕੇ ਉਸਨੂੰ ਯਾਦ ਆਉਂਦਾ ਹੈ ਕੇ ਓਦੋ ਇਹ ਰਾਹ ਕੱਚੇ ਹੁੰਦੇ ਸਨ, ਉਸਦੇ ਨੰਗੇ ਪੈਰੀ ਭੱਜਦਿਆਂ ਕਈ ਵਾਰ ਪੈਰਾਂ ਵਿਚ ਭਖੜਾ ਵੀ ਖੁਭ ਜਾਂਦਾ ਸੀ| ਉਸਨੂੰ ਉਹ ਭਖਦੇ ਦੇ ਪੀਲੇ ਪੀਲੇ ਫੁੱਲ ਵੀ ਯਾਦ ਆਉਂਦੇ ਹਨ ਤੇ ਖਬਲ ਦੀਆ ਤਿੜ੍ਹਾ ਵੀ, ਜਿਸ ਨਾਲ ਉਹ ਛੋਟੇ ਹੁੰਦੇ ਖੇਲਦਾ ਹੁੰਦਾ ਸੀ| ਪਰ ਹੁਣ ਪਿੰਡ ਪੂਰਾ ਬਦਲ ਚੁਕਾ ਸੀ| ਪਿੰਡ ਦੇ ਵਿਚ ਪਹਿਲਾ ਇੱਕ ਸ਼ਰਾਬ ਦਾ ਠੇਕਾ ਹੁੰਦਾ ਸੀ| ਉਸਦੇ ਪਿਤਾ ਜੀ ਨੇ ਕਈ ਵਾਰੀ ਉਹ ਠੇਕਾ ਉਠਾਉਣ ਦੀ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ| ਹੁਣ ਪਿੰਡ ਵਿਚ ਹੁਣ ਪਾਨ ਦੀਆ ਦੁਕਾਨਾਂ ਖੁਲ ਗਈਆਂ ਹਨ|
ਉਹ ਆਪਣੇ ਪਿੰਡ ਵਿਚ ਹੀ ਇੱਕ ਬਚਪਨ ਦੇ ਦੋਸਤ ਸ਼ੰਭੂ ਯਾਦਵ , ਜਿਸਦਾ ਪ੍ਰਵਿਰ ਉਸਦੇ ਛੋਟੇ ਹੁੰਦੇ ਬਿਹਾਰ ਤੋਂ ਪਰਵਾਸ ਕਰਕੇ ਆਇਆ ਸੀ ਉਸਨੂੰ ਵੀ ਮਿਲਿਆ| ਉਸਨੂੰ ਛਠ ਪੂਜਾ ਦੀ ਛੁਟੀ ਸੀ| ਉਹ ਛੋਟੇ ਹੁੰਦੇ ਕੱਠੇ ਖੇਲਦੇ ਸੀ| ਸ਼ੰਭੂ ਨੇ ਦੱਸਿਆ,”ਹਮ ਕੋ ਤੋਂ ਅੱਛੀ ਨੌਕਰੀ ਮਿਲ ਗਈ| ਗਾਓ ਕੇ ਸਕੂਲ ਮੈਂ ਪੰਜਾਬੀ ਪੜ੍ਹਤੇ ਹੈਂ ਹਮ| ਕੁਛ ਦੀਨੋ ਕੇ ਬਾਅਦ ਹਮ ਹੈਡ ਮਾਸਟਰ ਬਨ ਜਾਏਗੇ ” | ਆਪਣੀ ਪਤਨੀ ਬਲਜੀਤ ਕੌਰ ਦੇ ਵਾਰੇ ਦੱਸਿਆ,” ਬਹੁਤ ਧਾਰਮਿਕ ਹੈ, ਰੋਜ ਮੰਦਿਰ ਮੈ ਜਾ ਕੇ ਪੂਜਾ ਕਰਤੀ ਹੈ ਔਰ ਕਭੀ ਕਭੀ ਗੁਰਦਵਾਰਾ ਵੀ ਜਾਤੀ ਹੈ “| ਹੋਰ ਅੱਗੇ ਬੋਲਦਿਆਂ ਦੱਸਿਆ,” ਵੋਹ ਮੇਰੀ ਬੀ .ਐਡ ਕਿ ਦੋਸਤ ਥੀ, ਇਸਕੇ ਪਾਪਾ ਬਹੁਤ ਸ਼ਰਾਬ ਪੀਤੇ ਥੇ ਔਰ ਬਾਈ ਕਿ ਚਿੱਟਾ ਪੀਨੇ ਸੇ ਮੌਤ ਹੋ ਗਈ ਥੀ, ਫਿਰ ਪਾਪਾ ਕੀ ਵੀ ਮੌਤ ਹੋ ਗਈ | ਮੁਝ ਮੈਂ ਤ੍ਰਾਸ ਆ ਗਿਆ ਔਰ ਸ਼ਾਦੀ ਕਰ ਲਈ “| ਉਸਨੇ ਇਹ ਵੀ ਦੱਸਿਆ ਕੇ ਪਹਿਲਾਂ ਪੰਜਾਬ ਵਿਚ ਨੌਕਰੀ ਲੈਣ ਲਾਇ ਦਸਵੀ ਕਲਾਸ ਵਿਚ ਪੰਜਾਬੀ ਪੜ੍ਹੀ ਹੋਣੀ ਜਰੂਰੀ ਸੀ, ਪਰ ਇਹ ਹੁਣ ਸਰਕਾਰ ਨੇ ਹਟਾ ਦਿੱਤੀ ਹੈ| ਉਸਨੇ ਇਹ ਵੀ ਦੱਸਿਆ ਕੇ ਅੱਜਕਲ ਭਾਖੜਾ ਡੈਮ ਦੀ ਬਿਜਲੀ ਪੰਜਾਬ ਨੂੰ ਹੀ ਮਿਲਦੀ ਹੈ |ਫਿਰ ਕਹਿੰਦਾ ਕੇ ਆਪਕਾ ਤੋਂ ਅੱਛਾ ਹੈ ਕੈਨੇਡਾ ਮੈ|
ਉਸਦੇ ਘਰ ਦੇ ਸਾਹਮਣੇ ਸੜਕ ਦੇ ਦੂਸਰੇ ਪਾਸੇ ਓਹਨਾ ਦਾ ਕਨਾਲ ਕੁ ਥਾਂ ਸੀ ਜੋ ਕੇ ਉਤਰਪ੍ਰਦੇਸ਼ ਤੋਂ ਆਏ ਇਕ ਰਾਮ ਯਾਦਵ ਨੇ ਕਬਜਾ ਕੀਤਾ ਹੋਇਆ ਸੀ| ਜੋ ਕੇ ਛੱਡ ਨਹੀਂ ਰਿਹਾ ਸੀ| ਪੰਜਾਬ ਦੇ ਇਸ ਤਰਾਹ ਦੇ ਪੰਗੈਆ ਲਈ ਉਹ ਬਿਲਕੁਲ ਅਣਜਾਣ ਸੀ|
ਉਹ ਆਪਣਾ ਥਾਂ ਛਡਾਉਣ ਲਈ ਪੁਲਿਸ ਠਾਣੇ ਗਿਆ| ਪੁਲਿਸ ਦਾ ਇੰਸਪੈਕਟਰ ਜਿਸਦਾ ਨਾ ਪਲੇਟ ਤੇ ਪ੍ਰਸ਼ਾਂਤ ਮਿਸ਼ਰਾ ਲਿਖਿਆ ਹੋਇਆ ਸੀ ਬਹੁਤ ਹੀ ਕੱਬੇ ਸੁਭਾਹ ਦਾ ਸੀ| ਉਹ ਉਸਨੂੰ ਮਿਲਿਆ ਤੇ ਜਲਦੀ ਕੰਮ ਕਰਾਉਣ ਨੂੰ ਕਿਹਾ | ਉਸਨੇ ਗੁੱਸੇ ਵਿਚ ਕਿਹਾ ਕੇ ਜਿਹ ਹਮਾਰਾ ਪੰਜਾਬ ਹੈ , ਤੁਮਾਰਾ ਕਨੇਡਾ ਨਹੀਂ| ਯਹਾਂ ਕਾਮ ਸਿਸਟਮ ਸੇ ਹੋਤਾ ਹੈ| ਉਹ ਚਾਹੇ ਕੈਨੇਡਾ ਦੀ ਯੂਨੀਵਰਸਟੀ ਵਿਚ ਰਸਾਇਣਿਕ ਵਿਗਿਆਨ ਦਾ ਪ੍ਰੋਫੈਸਰ ਹੈ ਪਰ ਇੰਸਪੈਕਟਰ ਦੇ ਸਾਹਮਣੇ ਆਪਣੀ ਔਕਾਤ ਜ਼ੀਰੋ ਹੀ ਲੱਗੀ| ਕਾਫੀ ਚੱਕਰ ਮਾਰੇ ਪਰ ਗੱਲ ਨਾ ਬਣੀ| ਉਸਦੀਆਂ ਛੁਟੀਆਂ ਖਤਮ ਹੋਣ ਵਾਲਿਆਂ ਸੀ ਤੇ ਮਨ ਬਹੁਤ ਉਦਾਸ ਹੋ ਚੁਕਾ ਸੀ | ਉਸਨੇ ਟਿਕਟ ਲਾਇ ਤੇ ਵਾਪਸ ਕਨੇਡਾ ਨੂੰ ਚੱਲ ਪਿਆ| ਉਸਨੇ ਸੋਚਿਆ ਕੇ ਉਹ ਦੁਬਾਰਾ ਪੰਜਾਬ ਨਹੀਂ ਆਵੇਗਾ|
ਕੇਵਲ ਸਿੰਘ
ਫ਼ੈਜ ਭੋਲਾਭਾਲਾ ਲੜਕਾ ਸੀ। ਕਸਮੀਰ ਦੀਆਂ ਪਹਾੜੀਆਂ ਵਿੱਚ ਉਹਨਾਂ ਦਾ ਨਿੱਕਾ ਜਿਹਾ ਝੌਂਪੜੀ ਨੁਮਾ ਘਰ ਸੀ। ਉਸਦੀ ਅੰਮੀ ਜਾਨ ਆਬਿਦਾ ਅੱਲਾ ਨੂੰ ਪਿਆਰ ਕਰਨ ਵਾਲੀ ਸੀ ਤੇ ਉਸਦਾ ਅੱਬੂ ਪਰਵੇਜ ਭੱਟ ਹਮੇਸ਼ਾ ਹੀ ਇੱਕ ਬਾਗੀ ਕਿਸਮ ਦਾ ਇਨਸਾਨ ਸੀ। ਉਹ ਦੇਸ ਵਿਰੋਧੀ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਭਾਗ ਲੈਂਦਾ ਸੀ ਤੇ ਅੱਤਵਾਦੀ ਸੰਗਠਨਾਂ ਨਾਲ ਰਲ ਕੇ ਆਮ ਖ਼ਲਕਤ ਦੀ ਮਾਰਾ-ਮਰਾਈ ਕਰਦਾ ਸੀ। ਪਹਿਲਾਂ ਉਹ ਘਰ ਦਾ ਮਾੜਾ ਮੋਟਾ ਕੰਮ ਕਰਦਾ ਸੀ ਪਰ ਹੁਣ ਉਸਦੇ ਤਾਲੁਕਾਤ ਕੱਟੜਪੰਥੀ ਮਜਬੀ ਤਾਕਤਾਂ ਨਾਲ ਵਧਣ ਕਰਕੇ ਉਹ ਘਰ ਘੱਟ ਹੀ ਆਇਆ ਕਰਦਾ ਸੀ। ਉਸਨੂੰ ਡਰ ਸੀ ਕਿ ਸਰਕਾਰ ਉਸਦੀਆਂ ਗਤੀਵਿਧੀਆਂ ਤੇ ਨਜਰ ਰੱਖ ਰਹੀ ਹੈ ਤੇ ਉਸਨੂੰ ਗ੍ਰਿਫਤਾਰ ਕਰ ਲਵੇਗੀ। ਬਾਕੀ ਉਸਦੇ ਕਤਲੋਗਾਰਤ ਦੇ ਕਈ ਅਹਿਮ ਮਾਮਲੇ ਸਾਹਮਣੇ ਆ ਗਏ ਸਨ। ਪੁਲਿਸ ਵੇਲੇ ਕੁਵੇਲੇ ਉਹਨੇ ਦੇ ਘਰੇ ਆਉਂਦੀ ਰਹਿੰਦੀ ਸੀ ਤਾਂ ਕਿ ਉਸਨੂੰ ਫੜਿਆ ਜਾ ਸਕੇ। ਪਰ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਸੀ ਉਸਨੂੰ ਘਰ ਆਏ ਹੋਏ ਨੂੰ। ਹੁਣ ਆਬਿਦਾ ਤੇ ਫ਼ੈਜ ਨੂੰ ਉਸਦੇ ਜਿਉਂਦੇ ਹੋਣ ਉਮੀਦ ਨਹੀਂ ਸੀ। ਫ਼ੈਜ ਓਦੋਂ ਬਾਰਾਂ ਸਾਲਾਂ ਦਾ ਸੀ ਜਦੋਂ ਉਸਦਾ ਅੱਬੂ ਰਾਤ ਨੂੰ ਚੋਰੀ ਦੋ ਵਜੇ ਘਰ ਆਇਆ ਸੀ ਤੇ ਦੋ ਘੰਟੇ ਬਾਅਦ ਹੀ ਆਪਣੇ ਸਾਥੀ ਨਾਲ ਚਲਾ ਗਿਆ ਸੀ। ਉਸ ਵਕਤ ਉਹਨਾਂ ਕੋਲ ਕਾਫੀ ਹਥਿਆਰ ਸਨ ਜਿਹਨਾਂ ਨੂੰ ਵੇਖ ਕੇ ਫ਼ੈਜ ਡਰ ਗਿਆ ਸੀ। ਆਬਿਦਾ ਦੀ ਆਪਣੇ ਸ਼ੌਹਰ ਨਾਲ ਓਦੋਂ ਬਹੁਤ ਤੂੰ-ਤੂੰ ਮੈਂ-ਮੈਂ ਹੋਈ ਸੀ ਕਿਉਂਕਿ ਉਸਨੂੰ ਇਹ ਮਾਰ-ਮਰਾਈ ਦੀਆਂ ਗੱਲਾਂ ਬਿਲਕੁੱਲ ਪਸੰਦ ਨਹੀਂ ਸਨ ਪਰ ਪਰਵੇਜ ਇਸਨੂੰ ਅੱਲਾ ਦੀ ਇਬਾਦਤ ਸਮਝਦਾ ਸੀ। ਗੈਰ ਮਜਬੀ ਲੋਕਾਂ ਨੂੰ ਮਾਰਨਾ ਉਸਦੀ ਨਜਰ ਵਿੱਚ ਜੰਨਤ ਸੀ। ਆਬਿਦਾ ਉਸਨੂੰ ਸਮਝਾਉਂਦੀ ਸੀ ਕਿ ਤੈਨੂੰ ਗਲਤ ਲੋਕ ਵਰਤ ਰਹੇ ਹਨ ਅਤੇ ਤੇਰੇ ਖਿਆਲਾਂ ਵਿੱਚ ਗਲਤ ਵਿਚਾਰ ਭਰ ਰਹੇ ਜੋ ਸਾਰੇ ਆਵਾਮ ਲਈ ਚੰਗੇ ਨਹੀਂ ਹਨ। ਇਹ ਦੇਸ ਵਿਰੋਧੀ ਗਤੀਵਿਧੀਆਂ ਤੈਨੂੰ ਇੱਕ ਦਿਨ ਮੌਤ ਦੇ ਮੂੰਹ ਵਿੱਚ ਧਕੇਲ ਦੇਣਗੀਆਂ ਪਰ ਪਰਵੇਜ਼ ਕੱਟੜਪੰਥੀ ਤਾਕਤਾਂ ਦੇ ਹੱਥ ਚੜੵ ਗਿਆ ਸੀ ਤੇ ਉਸ ਲਈ ਵਾਪਸ ਪਰਤਣਾ ਮੁਸ਼ਕਲ ਸੀ। ਅੱਜ ਫ਼ੈਜ ਪੰਦਰਾਂ ਸਾਲ ਦਾ ਹੋ ਗਿਆ ਸੀ ਤੇ ਪਹਾੜਾਂ ਵਿੱਚੋਂ ਲੱਕੜੀ ਕੱਟ ਕੇ ਮਾਂ ਨਾਲ ਘਰ ਦਾ ਗੁਜਾਰਾ ਮਸਾਂ ਹੀ ਚਲਾ ਰਿਹਾ ਸੀ। ਉਸਦੀ ਮਾਂ ਨੂੰ ਡਰ ਰਹਿੰਦਾ ਸੀ ਕਿ ਫ਼ੈਜ ਵੀ ਆਪਣੇ ਬਾਪ ਵਾਲੇ ਵਿਚਾਰਾਂ ਦਾ ਧਾਰਨੀ ਨਾ ਬਣ ਜਾਵੇ ਕਿਉਂਕਿ ਉਹ ਵੀ ਬਹੁਤਾ ਪੜਿਆ ਲਿਖਿਆ ਨਹੀਂ ਸੀ। ਹੁਣ ਉਮਰ ਵਧਣ ਕਾਰਨ ਉਸਦਾ ਆਉਣਾ ਜਾਣਾ ਬਾਹਰ ਕਾਫੀ ਵਧ ਗਿਆ ਸੀ। ਉਹ ਕਈ ਵਾਰ ਲੱਕੜਾਂ ਲੈਣ ਗਿਆ ਸ਼ਾਮ ਤੱਕ ਘਰ ਨਹੀਂ ਮੁੜਦਾ ਸੀ। ਘਰ ਆ ਕੇ ਉਹ ਆਪਣੀ ਮਾਂ ਨੂੰ ਕਈ ਤਰ੍ਹਾਂ ਦੇ ਸਵਾਲ ਕਰਦਾ ਸੀ ਜਿਵੇਂ ਕਿ ਮਾਂ ਜੰਨਤ ਕੀ ਹੁੰਦੀ ਹੈ ਤੇ ਕਾਫਰ ਕਿਸਨੂੰ ਕਹਿੰਦੇ ਹਨ ਤੇ ਜਹਾਦ ਤੋਂ ਕੀ ਭਾਵ ਹੈ ਤੇ ਆਪਣੇ ਫਿਰਕੇ ਲਈ ਮਰ ਮਿਟਣਾ ਕੀ ਹੈ? ਉਸਦੀ ਮਾਂ ਗੁੱਸੇ ਹੋ ਕੇ ਪੁੱਛਦੀ ਕਿ ਤੈਨੂੰ ਇਹ ਗੱਲਾਂ ਕੌਣ ਸਿਖਾਉਂਦਾ ਹੈ ਤਾਂ ਉਹ ਜਵਾਬ ਦਿੰਦਾ ਕਿ ਮੇਰੇ ਦੋਸਤ ਇਹ ਗੱਲਾਂ ਅਕਸਰ ਕਰਦੇ ਹਨ। ਉਹ ਕਹਿੰਦੇ ਹਨ ਕਿ ਅਸੀਂ ਪੂਰੀ ਤਰ੍ਹਾਂ ਅਜ਼ਾਦ ਨਹੀਂ ਹਾਂ, ਸਾਨੂੰ ਆਪਣੇ ਹਕੂਕ ਲੜੵ ਕੇ ਲੈਣੇ ਪੈਣਗੇ। ਫ਼ੈਜ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਆਬਿਦਾ ਦੇ ਪੈਰਾਂ ਹੇਠੋਂ ਜਮੀਨ ਨਿਕਲਦੀ ਜਾਪੀ। ਉਸਨੇ ਫ਼ੈਜ ਨੂੰ ਬਾਹਰ ਜਾਣ ਤੋਂ ਰੋਕਣ ਲਈ ਉਸਦੇ ਲੱਕੜੀਆਂ ਲਿਆਉਣ ਦੇ ਕੰਮ ਤੇ ਵੀ ਰੋਕ ਲਗਾ ਦਿੱਤੀ ਸੀ ਪਰ ਫ਼ੈਜ ਜਵਾਨੀ ਦੀ ਦਹਿਲੀਜ਼ ਤੇ ਹੋਣ ਕਰਕੇ ਆਪਣੀ ਮਾਂ ਦੀਆਂ ਗੱਲਾਂ ਨਹੀਂ ਸਮਝਦਾ ਸੀ। ਉਸ ਅੰਦਰ ਵੀ ਬਾਪ ਵਾਂਗ ਖੂਨ ਉਬਾਲੇ ਖਾਣ ਲੱਗ ਪਿਆ ਸੀ। ਉਸਨੂੰ ਦੂਜੇ ਲੋਕਾਂ ਦੇ ਆਲੀਸ਼ਾਨ ਮਕਾਨ ਤੇ ਗੱਡੀਆਂ ਵੇਖ ਕੇ ਨਫਰਤ ਹੋਣ ਲੱਗ ਪਈ ਸੀ। ਉਹ ਮਾਂ ਨਾਲ ਇਸ ਗੱਲ ਤੇ ਅਕਸਰ ਬਹਿਸ ਪੈਂਦਾ ਕਿ ਲੋਕਾਈ ਦੇ ਦੁੱਖਾਂ ਦਰਦਾਂ ਨੂੰ ਸਮਝਣਾ ਤੇ ਉਹਨੂੰ ਦਾ ਭਲਾ ਕਰਨਾ ਜੰਨਤ ਨਹੀਂ ਸਗੋਂ ਆਪਣੇ ਮਜ਼ਹਬ ਲਈ ਅਖੀਰ ਤੱਕ ਲੜਨਾ ਮਰਨਾ ਹੀ ਜੰਨਤ ਹੈ। ਉਸਦੀ ਮਾਂ ਉਸਨੂੰ ਸਮਝਾਉਂਦੀ ਕਿ ਕੋਈ ਵੀ ਮਜ਼ਬ ਸਾਨੂੰ ਕਿਸੇ ਨਾਲ ਲੜਨਾ ਨਹੀਂ ਸਿਖਾਉਂਦਾ ਸਗੋਂ ਸਾਰੀ ਖ਼ਲਕਤ ਨਾਲ ਪਿਆਰ ਕਰਨਾ ਸਿਖਾਉਂਦਾ ਹੈ। ਮਜਬੀ ਕੱਟੜਤਾ ਹਰ ਕਿਸੇ ਧਰਮ ਲਈ ਮਾੜੀ ਹੈ ਭਾਂਵੇਂ ਉਹ ਕੋਈ ਵੀ ਧਰਮ ਹੋਵੇ। ਇਹ ਸਾਡੀ ਆਪਣੀ ਸੰਕੀਰਨਤਾ ਹੈ ਜੋ ਅਸੀਂ ਮਜਬਾਂ ਦੇ ਅਧਾਰ ਤੇ ਆਪਣੇ ਦਿਲਾਂ ਵਿੱਚ ਵੰਡੀਆਂ ਪਾਈ ਫਿਰਦੇ ਹਾਂ ਤੇ ਇੱਕ-ਦੂਜੇ ਨੂੰ ਮਾਰਨ ਤੇ ਤੁਲੇ ਹੋਏ ਹਾਂ। ਆਹ ਜਿਹੜੀ ਜੰਨਤ ਦੀ ਪ੍ਰੇਰਨਾ ਦੇ ਕੇ ਲੱਖਾਂ ਮਜ਼ਲੂਮਾਂ ਦਾ ਖੂਨ ਵਹਾਇਆ ਜਾ ਰਿਹਾ ਹੈ, ਇਹ ਕੋਈ ਅੱਲਾ ਦੀ ਵਿਸ਼ੇਸ਼ ਜਗਾ ਨਹੀਂ ਹੈ ਜਿੱਥੇ ਮਨੁੱਖ ਨੂੰ ਅਨੇਕਾਂ ਸੁੱਖ ਮਿਲਦੇ ਹਨ ਸਗੋਂ ਇਹ ਤਾਂ ਮਨੁੱਖ ਨੂੰ ਸ਼ੁੱਭ ਕੰਮਾਂ ਦੀ ਪ੍ਰੇਰਨਾ ਦੇਣ ਦਾ ਇੱਕ ਜਰੀਆ ਹੈ ਜਿਵੇਂ ਮਾਂ ਆਪਣੇ ਨਿੱਕੇ ਬੱਚੇ ਨੂੰ ਵਰਾਉਣ ਲਈ ਚੀਜ਼ੀਆਂ ਦੇਣ ਦਾ ਲਾਰਾ ਲਾਉਂਦੀ ਹੈ। ਇਹ ਸੁਣ ਕੇ ਬੱਚਾ ਤਾਂ ਚੁੱਪ ਕਰ ਜਾਂਦਾ ਹੈ ਪਰ ਕੱਟੜਪੰਥੀ ਆਮ ਭੋਲੇਭਾਲੇ ਲੋਕਾਂ ਨੂੰ ਉਕਸਾ ਕੇ ਜੰਨਤ ਦਾ ਅਜਿਹਾ ਲਾਰਾ ਲਾਉਂਦੇ ਹਨ ਕਿ ਉਹ ਅਨੇਕਾਂ ਮਾਸੂਮ ਲੋਕਾਂ ਤੋਂ ਉਹਨਾਂ ਦੀ ਮਾਂ-ਪਿਓ,ਭੈਣ-ਭਰਾ, ਪਤੀ-ਪਤਨੀ ਤੇ ਹੋਰ ਬਹੁਤ ਸਾਰੀਆਂ ਸੁੰਦਰ ਨਿਆਮਤਾਂ ਰੂਪੀ ਜੰਨਤ ਨੂੰ ਖੋਹ ਲੈਂਦੇ ਹਨ ਤੇ ਆਪ ਸਦਾ ਲਈ ਦੋਜ਼ਖ਼ ਦੀ ਘੁੰਮਣਘੇਰੀ ਵਿੱਚ ਜਾ ਪੈਂਦੇ ਹਨ। ਹੁਣ ਫ਼ੈਜ ਪੁੱਤ ਤੇਰੇ ਲਈ ਦੋ ਰਾਹ ਹਨ ਕਿ ਤੂੰ ਖੁਦਾ ਵਾਲੀ ਜੰਨਤ ਦੇ ਰਸਤੇ ਪੈਣਾ ਹੈ ਜਾਂ ਮਜਬੀ ਕੱਟੜਪੰਥੀਆਂ ਦੁਆਰਾ ਲੋਕਾਂ ਦਾ ਖੂਨ ਵਹਾ ਕੇ ਉਸਾਰੀ ਦਿਖਾਵੇ ਦੀ ਫੋਕੀ ਜੰਨਤ ਦੇ ਰਾਹੇ, ਇਹ ਫੈਸਲਾ ਹੁਣ ਤੇਰੇ ਹੱਥ ਹੈ ਤੇ ਨਤੀਜਾ ਆਪਣੇ ਅੱਬਾ ਨਾਲ ਹੋਏ ਅੰਜਾਮ ਬਾਰੇ ਤੂੰ ਆਪ ਭਲੀ ਭਾਂਤ ਜਾਣਦਾ ਹੈ।
ਸਰਬਜੀਤ ਸਿੰਘ ਜਿਉਣ ਵਾਲਾ , ਫਰੀਦਕੋਟ
ਨਿੱਕਾ ਜਿਹਾ ਬੱਚਾ ਬਾਪੂ ਨਾਲ ਟਰੈਕਟਰ ਤੇ ਸ਼ਹਿਰ ਜਾਂਦਾ, ਭਮੱਤਰਿਆ ਵੱਡੀਆਂ ਵੱਡੀਆਂ ਦੁਕਾਨਾਂ ਦੇਖਦਾ, ਕਦੇ ਕਿਸੇ ਦੁਕਾਨ ਮੂਹਰੇ ਖੜ ਜਾਂਦਾ ਕਦੇ ਕਿਸੇ ਮੂਹਰੇ। ਜਦੋਂ ਖੇਡਾਂ ਮਿਲਦੀਆਂ ਤਾਂ ਚਾਂਭਲਿਆ ਫਿਰਦਾ ਜਿਵੇਂ ਭਾਪੇ ਦੀ ਜੇਬ ਚੋਂ ਸਾਰਾ ਸ਼ਹਿਰ ਖ਼ਰੀਦ ਲੈਣਾ ਹੋਵੇ। ਅਖੀਰ ਘਰ ਨੂੰ ਮੁੜਨ ਲੱਗਿਆ ਯਾਦ ਆਉਂਦਾ ਕਿ ਹਾਏ ਯਾਰ ਜਿਹੜੀ ਚੀਜ ਸਭ ਤੋਂ ਜ਼ਰੂਰੀ ਸੀ ਉਹ ਤਾਂ ਚਾਅ ਚਾਅ ਚ ਭੁੱਲ ਹੀ ਗਏ ਸੀ ਫੇਰ ਦੁਕਾਨ ਮੂਹਰੇ ਜਿੱਦ ਕਰਦਾ ..ਰੋਂਦਾ.. ਬਾਪੂ ਤੇ ਗੁੱਸਾ ਵੀ ਚੜਦਾ , ਪਰ ਫੇਰ ਬਾਪੂ ਦਾ ਬਾਹਲਾ ਮੋਹ ਆਉਂਦਾ ਜਦੋਂ ਬਾਪੂ ਦੁਕਾਨ ਅੰਦਰ ਜਾ ਕੇ ਕਹਿੰਦਾ… “ਲਾਲਾ ਇਹਨੂੰ ਆ ਗੁੱਡੀ ਬਣਾਉਣ ਆਲੇ ਤਾਅ ਦੇ ਦੇ ਯਾਰ .. ਰੰਗ ਬੇਰੰਗ ਜੇਹੇ .. ਨਾਲੇ ਡੋਰ ਆਲ਼ੀਆ ਦੋ ਅੱਟੀਆ ਜੀਆਂ ਵੀ ਦੇ ਦੀਂ ..
ਪਿੰਡ ਮੁੜਦਿਆਂ ਰੇਹ ਆਲ਼ੀ ਟਰਾਲੀ ਤੇ ਬੈਠਾ ਤਾਅ ਤੇ ਡੋਰ ਆਲ਼ੇ ਲਫਾਫੇ ਨੂੰ ਸੰਭਾਲ ਸੰਭਾਲ ਰੱਖਦਾ. ਘਰੇ ਵੜਦਿਆਂ ਹੀ ਟਰਾਲੀ ਦੇ ਡਾਲ਼ੇ ਤੋਂ ਛਾਲ ਮਾਰਦਾ .. ਖ਼ੁਸ਼ੀ ਚ ਸੈਕਲ ਚੱਕ ਬਾਹਰ ਨਿਕਲ ਜਾਂਦਾ ਹਾਣੀਆਂ ਨੂੰ ਦੱਸਣ ਲਈ। ਫੇਰ ਤਾਅ ਨਾਲ ਰੰਗ ਬੇਰੰਗ ਲੰਮੇ ਲੰਮੇ ਪੂੰਝਿਆਂ ਆਲ਼ੀ ਦੋ ਰੰਗੀ ਬਾਹਲ਼ੀ ਸੋਹਣੀ ਗੁੱਡੀ ਬਣਾਉਂਦਾ ,, ਵੱਡੀ ਬੇਬੇ ਤੋਂ ਡੋਰ ਆਲ਼ੀ ਅੱਟੀ ਨੂੰ ਡੱਕੇ ਤੇ ਵਲ੍ਹੇਟਣਾ ਸਿੱਖਦਾ ,, ਲੰਮਾ ਤੋਣਾ ਪਾਕੇ ਜਦੋਂ ਗੁੱਡੀ ਉਡਾਉਂਦਾ ਤਾਂ ਉਹ ਪਹਿਲਾਂ ਨਾਂਹ ਨੁਕਰ ਜਿਹੀ ਕਰਦੀ ਆ ਫੇਰ ਕੋਠਿਆਂ ਤੋਂ ਹੁੰਦੀ ਹੋਈ ਅੰਬਰੀ ਚੜ ਜਾਂਦੀ ਆ। .. ਆਸੇ ਪਾਸੇ ਗਲੀ ਗਵਾਂਢ ਦੇ ਜਵਾਕਾਂ ਚ ਚਰਚਾ ਹੁੰਦੀ ਆ ਕੇ ਆਹ ਐਡੀ ਸੋਹਣੀ ਗੁੱਡੀ ਕਿਸਦੀ ਆ ਯਾਰ।
ਇਕ ਦਿਨ ਜਵਾਕ ਚਾਈਂ ਚਾਈਂ ਕੋਠੇ ਚੜਦਾ ਹਵਾ ਦਾ ਰੁਖ ਦੇਖ ਗੁੱਡੀ ਚੜਾਉਦਾ, ਅੱਜ ਉਸਦੀਂ ਗੁੱਡੀ ਐਸੀ ਚੜੀ ਕੇ ਅਸਮਾਨੀ ਗੱਲਾਂ ਕਰਦੀ ਆ, ਸਭ ਤੋਂ ਉਚੀ ਸਭ ਤੋਂ ਸੋਹਣੀ। ਸਾਰੇ ਕੋਠਿਆਂ ਤੋਂ ਆਵਾਜ਼ਾਂ ਦਿੰਦੇ ਆ… “ਚੜਗੀ ਅੰਬਰੀ-ਚੜਗੀ ਅੰਬਰੀ”। ਅੱਜ ਜਿਵੇਂ ਉਸਦਾ ਹੀ ਦਿਨ ਹੋਵੇ, ਹਵਾ ਟਿਕ ਜਾਂਦੀ ਏ, ਥੱਲੇ ਤੋਂ ਆਵਾਜ਼ ਪੈਂਦੀਂ ਆ.. ਉਹ ਡੋਰ ਕੋਠੇ ਤੇ ਪਏ ਗੱਡੇ ਦੇ ਵਿੱਢ ਨਾਲ ਬੰਨ੍ਹ ਕੇ ਥੱਲੇ ਤੁਰ ਜਾਂਦਾ.. ਮੱਝਾਂ ਨੂੰ ਪੱਠੇ ਪਾਉਂਦਾ, ਤੂੜੀ ਦੀਆਂ ਪਿੰਡਾਂ ਭਰਦਾ ਪਰ ਧਿਆਨ ਅੰਬਰੀਂ ਚੜੀ ਗੁੱਡੀ ਚ ਹੀ ਹੁੰਦਾ। ਕੰਮ ਨਬੇੜ ਜਦੋਂ ਉਹ ਗੁੱਡੀ ਲਾਉਣ ਲੱਕੜ ਦੀ ਪੌੜੀ ਚੜਦਾ ਤਾਂ ਹਾਲੇ ਅੱਧ ਚ ਹੀ ਹੁੰਦਾ ਕਿ ਡੋਰ ਟੁੱਟਦੀ ਉਸ ਦੇ ਸਿਰ ਉੱਤੋਂ ਹੁੰਦੀ ਹੋਈ ਵਿਹੜਾ ਟੱਪ ਜਾਂਦੀ ਆ, ਉਹ ਭਮੱਤਰਿਆ ਅੱਧ ਚੋ ਛਾਲ ਮਾਰਦਾ ਟੁੱਟੀ ਡੋਰ ਤੇ ਹੱਥੋਂ ਛੁੱਟੀ ਗੁੱਡੀ ਵੱਲ ਭੱਜਦਾ, ਫਿਰ ਬਾਰ ਚੋ ਕਮਲਿਆ ਵਾਂਗ ਮੁੜਦਾ ਸੈਕਲ ਚੱਕਦਾ, ਪਿੱਛੇ ਭੱਜਦੀ ਬੀਬੀ ਨੂੰ ਬਸ ਐਨਾ ਹੀ ਸੁਣਦਾ… “ਉਹ ਬੀਬੀਏ ਮੇਰੀ ਗੁੱਡੀ ਤਾਂ ਗਈ…
ਖੇਤਾਂ ਖਾਲਾਂ ਕੰਡਿਆਂ ਰੋੜਿਆਂ ਉੱਤੋਂ ਦੀ ਠੇਡੇ ਵੱਜਦੇ ਆ ਫਿਰ ਵੀ ਉਹ ਵਾਹੋ ਵਾਹੀ ਭੱਜਦਾ ਵਾਹਣਾ ਵਿੱਚ ਦੀ ਡਿੱਗਦਾ ਜਦੋਂ ਆਪਣੀ ਗੁੱਡੀ ਤੱਕ ਪਹੁੰਚਦਾ ਤਾਂ ਉਹ ਸਾਰੀ ਇਉਂ ਪਾਟੀ ਹੁੰਦੀ ਆ ਜਿਵੇਂ ਰੋਈਆਂ ਚ ਚਾਂਭਲੇ ਕੁੱਤੇ ਮੂੰਹ ਚ ਲੀਰਾਂ ਫਸਾ ਫਸਾ ਪਾੜਦੇ ਆ। ਉਦਾਸ ਮਨ ਨਾਲ ਠੇਡੇ ਵੱਜੇ ਪੈਰਾਂ ਚੋਂ ਕੰਡੇ ਕੱਢਦਾ, ਅੱਧ ਪਚੱਧੀ ਡੋਰ ਕੱਠੀ ਕਰਦਾ ਉਹ ਵੀ ਉੱਥੇ ਮੱਝਾਂ ਚਾਰਦੇ ਮਸ਼ਟੰਡੇ ਖੋਹ ਲੈਂਦੇ ਆ। ਭਰੀਆਂ ਅੱਖਾਂ ਨਾਲ ਬਾਪੂ ਦੀ ਕੁੱਟ ਤੋਂ ਡਰਦਾ ਤੇ ਪਾਟੀ ਗੁੱਡੀ ਦੇ ਦਰਦ ਲਈ ਚੋਰੀ ਚੋਰੀ ਘਰੇ ਵੜਦਾ, ਭੁੱਬਾਂ ਮਾਰ ਉਡੀਕ ਰਹੀ ਬੀਬੀ ਦੀ ਬੁੱਕਲ ਚ ਵੜ ਜਾਂਦਾ ਜਿਵੇਂ ਸਾਰਿਆਂ ਤੋਂ ਲੁੱਕ ਜਾਣਾ ਚਾਹੁੰਦਾ ਹੋਵੇ। ਦੱਸਦੇ ਦਾ ਗੱਚ ਭਰ ਜਾਂਦਾ, ਫਿਰ ਲੋਕਾਂ ਦੀਆਂ ਚੜ੍ਹੀਆਂ ਗੁੱਡੀਆਂ ਵੱਲ ਦੇਖਦਾ ਕਹਿੰਦਾ… ”ਮੇਰੇ ਕੋਲ ਤਾਂ ਕੁਝ ਵੀ ਨੀ ਬਚਿਆ ਬੀਬੀਏ”।
ਬੀਬੀ ਘੁੱਟਕੇ ਕਾਲਜੇ ਨਾਲ ਲਾਉਂਦੀ ਦਿਲਾਸੇ ਦਿੰਦੀ ਆ, ਪੈਰ ਦੇ ਗੁੰਠੇ ਚੋਂ ਸਿਮਦੇ ਲਹੂ ਵੱਲ ਦੇਖ ਬੀਬੀ ਦੀਆਂ ਅੱਖਾਂ ਭਰ ਆਉਂਦੀਆਂ, ਚੁੰਨੀ ਦੇ ਪੱਲੇ ਨਾਲ ਲੀਰ ਪਾੜ ਕੇ ਗੂਠੇ ਤੇ ਬੰਨ੍ਹਦੀ ਆ ਫਿਰ ਛੇਈ ਦੇਣੇ ਅੰਦਰੋਂ ਪੇਟੀ ਤੇ ਵਿਛੀ ਚਾਦਰ ਥੱਲੋਂ ਪੈਸੇ ਕੱਢ ਕੇ ਜੇਬ ‘ਚ ਪਾਉਂਦੀ ਬਾਪੂ ਦਾ ਡਰ ਲਾਉਂਦੀ ਬੋਲਦੀ ਆ… “ਵੇਖ ਲਾ ਬੋਲਦਾ ਨੀ ਮੇਰਾ ਪੁੱਤ ਲੰਮੇ ਲੰਮੇ ਰੰਗ ਬਰੰਗੇ ਪਹੁੰਚਿਆਂ ਆਲੀ ਬਾਹਲੀ ਸੋਹਣੀ ਗੁੱਡੀ ਬਣਾਊਗਾ, ਇੱਕ ਦਿਨ ਫਿਰ ਮੇਰੇ ਪੁੱਤ ਦੀ ਗੁੱਡੀ ਸਾਰਿਆਂ ਤੋਂ ਉੱਚੀ ਜਾਊਗੀ , ਵੇਖ ਲਈ ਕਰਨੇ ਦੇ ਭਾਪੇ ਅੰਬਰਾਂ ਤੇ ਜਾਊ ਮੇਰੇ ਪੁੱਤ ਦੀ ਗੁੱਡੀ ਇਕ ਦਿਨ.. ਬੋਲਦਾ ਨੀ ਵੇਖੀ ਜਾਈਂ…!
ਮੈ ਜ਼ਿੰਦਗੀ ਦੀਆਂ ਪੈਤੀ ਕੁ ਪੱਤਝੜਾਂ ਤੇ ਬਹਾਰਾਂ ਵੇਖ ਆਇਆ, ਬਹੁਤ ਧੋਖੇ ਖਾਧੇ ਤੇ ਬਥੇਰੀਆਂ ਯਾਰੀਆਂ ਨਿਭਾਈਆਂ , ਬੜੀ ਵਾਰ ਡਿੱਗੇ ਹਾਂ ਬੜੀ ਵਾਰ ਉੱਠੇ ਆ, ਪਿੰਡ ਰਹਿੰਦਿਆਂ ਰਿਸ਼ਤਿਆਂ ਦਾ ਨਿੱਘ ਵੀ ਰੱਜ ਕੇ ਮਾਣਿਆ ਤੇ ਪਰਦੇਸਾਂ ਚ ਆਪਣਿਆਂ ਦੇ ਵਿਛੋੜੇ ਵੀ ਝੱਲੇ ਆ, ਘਾਟੇ ਵੀ ਬੜੇ ਆ ਜ਼ਿੰਦਗੀ ਚ ਤੇ ਬਹੁਤ ਕੁਝ ਔਕਾਤ ਨਾਲੋਂ ਵੀ ਵੱਧ ਮਿਲਿਆ ਪਰ ਕਦੇ ਬਹੁਤੀ ਚੜ੍ਹੇ ਲਹਿੰਦੇ ਦੀ ਪਰਵਾਹ ਨੀ ਕਰੀ ਦੀ।
ਮੈਂ ਜ਼ਿੰਦਗੀ ਦੀਆਂ ਮੁਸ਼ਕਲਾਂ ਵਾਲੀ ਡੋਰ ਬਾਹਲੇ ਆਰੀ ਹੁਣ ਵੀ ਕੋਠੇ ਤੇ ਪਏ ਗੱਡੇ ਦੇ ਵਿੱਢ ਨਾਲ ਬੰਨ੍ਹਕੇ ਪਰਵਾਰ ਦੀਆਂ ਖੁਸ਼ੀਆਂ ਤੇ ਬੱਚਿਆਂ ਦੇ ਹਾਸਿਆਂ ਦੀਆਂ ਪੰਡਾਂ ਭਰਨ ਥੱਲੇ ਆ ਜਾਨਾ.. ਕਿਉਂਕਿ ਮੈਨੂੰ ਬਹੁਤੀ ਫ਼ਿਕਰ ਨੀ ਹੁੰਦੀ ਕੇ ਪਿੱਛੋ ਕੋਈ ਮੇਰੀ ਚੜ੍ਹੀ ਗੁੱਡੀ ਦੀ ਡੋਰ ਕੱਟ ਦੇਊਗਾ “ਵਾਹਿਗੁਰੂ” ਕਰਕੇ ਮੇਰੇ ਕੋਲ ਰੱਬ ਦੇ ਆਸਰੇ ਵਰਗੀ ਉਹ “ਮਾਂ” ਹੈਗੀ ਆ… ਜੋ ਛੇਤੀ ਦੇਣੇ ਮੇਰੇ ਜ਼ਖ਼ਮਾਂ ਤੇ ਚੁੰਨੀ ਦੇ ਪੱਲੇ ਨਾਲੋਂ ਲੀਰ ਪਾੜ ਕੇ ਬੰਨਦੀ ਮੈਨੂੰ ਹਿੱਕ ਨਾਲ ਲਾਕੇ ਬੋਲੂਗੀ… “ਵੇਖ ਲਾ ਬੋਲਦਾ ਨੀ ਮੇਰਾ ਪੁੱਤ ਬਾਹਲੀ ਸੋਹਣੀ ਗੁੱਡੀ ਬਣਾਊਗਾ, ਇੱਕ ਦਿਨ ਫਿਰ ਮੇਰੇ ਪੁੱਤ ਦੀ ਗੁੱਡੀ ਸਾਰਿਆਂ ਤੋਂ ਉੱਚੀ ਜਾਓਗੀ, ਵੇਖ ਲਈ ਕਰਨੇ ਦੇ ਭਾਪੇ ਅੰਬਰਾਂ ਤੇ ਜਾਊ ਮੇਰੇ ਪੁੱਤ ਦੀ ਗੁੱਡੀ ਇਕ ਦਿਨ.. ਬੋਲਦਾ ਨੀ ਵੇਖੀ ਜਾਈਂ…!
ਕਰਨ ਬਰਾੜ ਹਰੀ ਕੇ ਕਲਾਂ
+61430850045
ਸਾਡੀ ਮਾਨਸਿਕਤਾ ਐਨੀ ਗਿਰ ਚੁੱਕੀ ਏ ਕਿ ਅਸੀਂ ਜਾਨਵਰਾਂ ਨੂੰ ਵੀ ਧਰਮਾਂ ਅਨੁਸਾਰ ਵੰਡ ਲਿਆ। ਘੱਟੋ ਘੱਟ ਉਹਨਾਂ ਨੂੰ ਤਾਂ ਛੱਡਦੋ। ਲਾਹਣਤ ਏ ਇਹੋ ਜਿਹੇ ਸਮਾਜ ‘ਤੇ ਜਿੱਥੇ ਪੜ੍ਹੇ ਲਿਖੇ ਵੀ ਅਨਪੜ੍ਹ ਬਣ ਚੁੱਕੇ ਨੇ।
ਅਸਲ ‘ਚ ਜਿਹੜੇ ਪਾਖੰਡਾਂ ਚ ਲੋਕ ਪਏ ਨੇ, ਉਸ ਪਾਖੰਡ ‘ਚ ਧਰਮ ਦਾ ਠੇਕੇਦਾਰ ਨਹੀਂ ਪਵੇਗਾ ਕਿਉੰਕਿ ਉਹਨੂੰ ਸੱਚਾਈ ਦਾ ਪਤਾ। ਪਰ ਸਾਡੇ ਲੋਕਾਂ ਨੂੰ ਉਸ ਦੁਆਰਾ ਮੂਰਖ ਬਣਾਇਆ ਜਾ ਰਿਹਾਂ ਤਾਂ ਜੋ ਧਰਮ ਦੀ ਆੜ ‘ਚ ਕਮਾਈ ਕੀਤੀ ਜਾ ਸਕੇ ਤੇ ਸਾਡੇ ਲੋਕ ਸ਼ਰਧਾ ‘ਚ ਅੰਨ੍ਹੇ ਨੇ, ਉਹ ਸਮਝਣਾ ਨਹੀਂ ਚਾਹੁੰਦੇ।
ਦੂਰ ਕੀ ਜਾਣਾ ਨਿੱਕੀ ਜਿਹੀ ਉਦਾਹਰਣ ਦੇਂਦਾ। ਸਾਡੇ ਪਿੰਡਾਂ-ਸ਼ਹਿਰਾਂ ਵੱਲ ਸਹੀ ਸਲਾਮਤ ਹੋਣ ਦੇ ਬਾਵਜੂਦ ਵੀ ਕੁਝ ਦਿਮਾਗੀ ਲੋਕ ਗਾਂ ਤੇ ਹਾਥੀਆਂ ਦੇ ਗਲ਼ ਟੱਲੀ ਬੰਨ੍ਹ ਕੇ ਤੁਰ ਪੈਂਦੇ। ਘਰ ਘਰ ਮੰਗਦੇ ਫਿਰਦੇ। ਨਾਲੇ ਰਾਸ਼ਣ ਨਾਲੇ ਕਮਾਈ। ਇਹ ਗੱਲ ਸਿਰਫ ਉਹ ਮੰਗਤੇ ਹੀ ਜਾਣਦੇ ਨੇ। ਪਰ ਅਸੀਂ ਸ਼ਰਧਾ ਚ ਅੰਨ੍ਹੇ ਹੋ ਜਾਂਦੇ ਸੁ਼ਰੂ। ਉਹਨਾਂ ਨੂੰ ਪਤਾ ਕਿ ਸਾਡੇ ਲੋਕਾਂ ਚ ਮੂਰਖਾਂ ਦੀ ਕਮੀ ਥੋੜੀ ਆ। ਜੇ ਇਹਨਾਂ ਬੇਜੁਬਾਨਾਂ ਦਾ ਸਹਾਰਾ ਲੈਕੇ ਜੇਬ ਗਰਮ ਹੁੰਦੀ ਕੰਮ ਜਰੂਰੀ ਕਰਨਾ ਫੇਰ। ਕੁਝ ਲੋਕ ਅੰਗਹੀਣ ਹੋਣ ਦੇ ਬਾਵਜੂਦ ਵੀ ਹੱਥੀਂ ਕੰਮ ਕਰਕੇ ਮਿਹਨਤ ਦੀ ਕਮਾਈ ਖਾਣ ਨੂੰ ਤਵੱਜੋਂ ਦਿੰਦੇ ਨੇ ਤੇ ਕੁਝ ਫੋਟੋਆਂ ਦਿਖਾ ਕੇ ਈ ਲੁੱਟੀ ਜਾਂਦੇ ਨੇ।
ਗਊਸਾ਼ਲਾ ਵਾਲੇ, ਜਿਹੜੀ ਕੰਮ ਦੀ ਗਊ ਨਹੀਂ ਰਹਿੰਦੀ ਉਹਨੂੰ ਸੜਕਾਂ ਤੇ ਛੱਡ ਦਿੰਦੇ, ਹੋਰ ਕੀ ਬਾਕੀ ਰਹਿ ਗਿਆ ਫੇਰ ਪਿੱਛੇ ਦੱਸਣ ਨੂੰ। ਤੇ ਐਕਸੀਡੈਂਟ ਕਿੰਨੇ ਹੁੰਦੇ ਸੜਕਾਂ ਤੇ ਘੁੰਮ ਰਹੀਂਆਂ ਗਾਂਵਾਂ ਕਰਕੇ ਅਸੀਂ ਸਭ ਜਾਣੂ ਹਾਂ, ਉਹਨਾਂ ਨੂੰ ਕਿਉਂ ਨਹੀਂ ਸਾਂਭਦੇ। ਕਿਉਂ ਗਾਂਵਾਂ ਦੇ ਟਰੱਕ ਭਰਕੇ ਰਾਤਾਂ ਨੂੰ ਸੜਕਾਂ ਤੇ ਛੱਡ ਦਿੱਤਾ ਜਾਂਦਾ। ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ਼ ਫਸਲ ਨੂੰ ਬਰਬਾਦ ਹੁੰਦਿਆਂ ਮਿੰਟ ਨੀ ਲਗਦਾ ਤੇ ਉਹ ਮਿਹਨਤ ਕਰਦੇ ਮਰ ਜਾਂਦੇ। ਕਿਸੇ ਜਾਨਵਰ ਨਾਲ ਮੇਰਾ ਕੋਈ ਵੈਰ ਨਹੀਂ। ਜਿਵੇਂ ਮੱਝ ਏ ਉਵੇਂ ਗਾਂ। ਪਰ ਧਰਮ ਦੇ ਠੇਕੇਦਾਰੋ ਜੇ ਤੁਸੀਂ ਆਪਣੇ ਫਾਇਦੇ ਲਈ ਗਾਂ ਦੀ ਵਰਤੋਂ ਕਰ ਰਹੇ ਓ ਤਾਂ ਉਸਦੀ ਸੰਭਾਲ ਵੀ ਕਰੋ ਨਾ ਕਿ ਧਰਮ ਦਾ ਸਹਾਰਾ ਲੈ ਕੇ ਠੱਗੀਆਂ ਕਰੋ।
ਪਰ ਸਾਡੇ ਲੋਕ ਸਮਝਣਾ ਹੀ ਨਹੀਂ ਚਾਹੁੰਦੇ। ਸੱਚ ਕੌੜਾ ਏ ਇਸ ਲਈ ਹਜ਼ਮ ਕਰਨਾ ਮੁਸ਼ਕਿਲ ਏ।
ਜਿਹੜੇ ਲੋਕ ਸੱਚ ਤੋਂ ਭੜਕਦੇ ਨੇ ਉਹਨਾਂ ਨੂੰ ਬੇਨਤੀ ਏ ਕਿ ਜੇ ਗਾਂ ਨੂੰ ਮਾਂ ਮੰਨਦੇ ਓ, ਤਾਂ ਲਾਹਣਤ ਏ ਤੁਹਾਡੇ ਤੇ ਤੁਸੀਂ ਉਸਨੂੰ ਅਵਾਰਾ ਘੁੰਮਣ ਤੇ ਮਰਨ ਲਈ ਸੜਕ ਤੇ ਛੱਡ ਦਿੱਤਾ ਏ।
ਚੂਹਿਆਂ ਨੂੰ ਨਾ ਮਾਰੋ, ਉਹਨਾਂ ਨੂੰ ਘਰਾਂ ‘ਚ ਜੋ ਕਰਦੇ ਏ ਕਰਨ ਦੋ। ਸੱਪ ਘਰ ਚ ਆਉਂਦਾ ਭਜਾਉਂਦੇ ਕਿਉਂ ਹੋ। ਪੂਜਾ ਕਰੋ ਉਸਦੀ। ਪਰ ਨਹੀਂ ਤੁਸੀਂ ਇਹ ਨਹੀਂ ਕਰ ਸਕਦੇ ਕਿਉਂਕਿ ਉਸ ਵਕਤ ਜਾਨ ਪਿਆਰੀ ਹੋ ਜਾਂਦੀ। ਦੋਗਲੇ ਲੋਕ।
ਜੇ ਤੁਸੀਂ ਕਿਸੇ ਧਰਮ ਨੂੰ ਮੰਨਦੇ ਓ ਤਾਂ ਜਰੂਰ ਮੰਨੋ, ਪਰ ਜਾਨਵਰਾਂ ਨੂੰ ਉਹਨਾਂ ਦੀ ਜਿੰਦਗੀ ਜੀਣ ਦੋ। ਐਵੇਂ ਨਾ ਵਿਵਾਦ ਖੜੇ ਕਰ ਲਿਆ ਕਰੋ। ਸੱਚਾਈ ਤੋਂ ਮੂੰਹ ਨਾ ਫੇਰੋ। ਅਸਲ ‘ਚ ਜਿਹੜੇ ਲੋਕ ਭੜਕਦੇ ਨੇ ਇਹ ਉਹੀ ਲੋਕ ਨੇ ਜਿਹਨਾਂ ਨੂੰ ਪਤਾ ਕਿ ਜਾਨਵਰਾਂ ਦੇ ਨਾਂ ਤੇ ਅਤੇ ਪਾਖੰਡਵਾਦ ਕਰਕੇ ਕੀਤੀ ਜਾ ਰਹੀ ਕਮਾਈ ਦੇ ਕਾਰੋਬਾਰ ‘ਚ ਰੁਕਾਵਟ ਆ ਸਕਦੀ ਤੇ ਜਾਣਦੇ ਨੇ ਲੋਕ ਸੂਝਵਾਨ ਹੋ ਜਾਣਗੇ।
ਇੱਥੇ ਮਕਸਦ ਕਿਸੇ ਖਾਸ ਧਰਮ ਨੂੰ ਟਾਰਗੇਟ ਕਰਨਾ ਨਹੀਂ ਸਗੋਂ ਹਰ ਉਸ ਧਰਮ ਲਈ ਏ ਜਿਸ ਵਿੱਚ ਪਾਖੰਡਵਾਦ ਜੋੜਿਆ ਗਿਆ ਹੈ। ਫਿਲਹਾਲ ਜੋ ਮੁੱਦਾ ਭਖਿਆ ਤੇ ਲੋਕਾਂ ਨੇ ਵਿਰੋਧ ਕਰਕੇ ਸੱਚ ਨੂੰ ਦਬਾਉਣ ਦੀ ਕੋਸਿ਼ਸ਼ ਕੀਤੀ ਉਹਨਾਂ ਲਈ ਇਹ ਇੱਕ ਸੰਦੇਸ਼ ਹੈ।
ਪਾਖੰਡ ਤਾਂ ਹੋਰ ਵੀ ਬਹੁਤ ਨੇ ਜਿਵੇਂ ਦਿਨਾਂ ਬਾਰੇ, ਖਾਣ-ਪੀਣ ਦੇ ਪਰ ਫਿਰ ਸਹੀ।
ਸੋ ਆਖਰ ‘ਚ ਇਹੀ ਕਹਾਂਗਾ ਕਿ ਪਾਖੰਡਵਾਦ ਤੇ ਧਰਮ ਨੂੰ ਇਕੱਠਾ ਕਰਕੇ ਜੇਬ ਕਿਵੇਂ ਗਰਮ ਕਰਨੀ ਇਹ ਧਰਮ ਦੇ ਠੇਕੇਦਾਰ ਬਾਖੂਬੀ ਜਾਣਦੇ ਨੇ। ਸੋ ਬਚੋ ਇਹੋ ਜਿਹੇ ਠੱਗਾਂ ਤੋਂ ਜੋ ਤੁਹਾਨੂੰ ਮੂਰਖ ਬਣਾ ਕੇ ਲੜਵਾਉਂਦੇ ਨੇ ਤੇ ਜੇਬਾਂ ਗਰਮ ਕਰਦੇ ਨੇ।