Posts Uploaded By Punjabi Stories

Sub Categories

ਮੰਗਣੀ ਮਗਰੋਂ ਮੈਂ ਵਾਪਿਸ ਸਕੂਲ ਮੁੜ ਆਈ ਤੇ ਓਹਨਾ ਵੀ ਜਮਨਾਨਗਰ ਲਾਗੇ ਆਪਣਾ ਸਕੂਲ ਜੋਇਨ ਕਰ ਲਿਆ!
ਕੁਝ ਦਿਨਾਂ ਬਾਅਦ ਹੀ ਸਕੂਲ ਦੇ ਪਤੇ ਤੇ ਇੱਕ ਚਿਠੀ ਆਈ…ਲਿਖਤੁਮ ਗੁਰਪਾਲ ਜੀ ਹੀ ਸਨ..
ਹੋਰਨਾਂ ਗੱਲਾਂ ਤੋਂ ਇਲਾਵਾ ਅਖੀਰ ਵਿਚ ਲਿਖਿਆ ਸੀ ਕੇ ਕਿਰਪਾ ਕਰਕੇ ਇਸ ਦਾ ਜੁਆਬ ਵੀ ਇੱਕ ਚਿਠੀ ਦੇ ਰਾਹੀਂ ਹੀ ਭੇਜਿਆ ਜਾਏ!
ਕਿੰਨੇ ਦਿਨ ਲੰਘ ਗਏ ਮੈਂ ਸ਼ਸ਼ੋਪੰਜ ਵਿਚ ਪਈ ਹੋਈ ਕੋਲੋਂ ਕੋਈ ਜੁਆਬ ਨਾ ਲਿਖਿਆ ਗਿਆ!

ਫੇਰ ਇੱਕ ਦਿਨ ਅਚਾਨਕ ਸਕੂਲ ਦਾ ਚੌਂਕੀਦਾਰ ਇੱਕ ਰੁੱਕਾ ਦੇ ਗਿਆ…ਆਖਣ ਲੱਗਾ ਕੇ ਕੋਈ ਬਾਹਰ ਗੇਟ ਤੇ ਤੁਹਾਡੇ ਲਈ ਫੜਾ ਗਿਆ ਸੀ !
ਅੰਦਰੋਂ ਅੰਦਰ ਡਰ ਗਈ..ਕੰਬਦੇ ਹੱਥਾਂ ਨਾਲ ਰੁੱਕਾ ਖੋਲਿਆ ਤਾਂ ਓਹਨਾ ਦਾ ਹੀ ਸੁਨੇਹਾ ਸੀ…ਸੁਨੇਹਾ ਕਾਹਦਾ ਗਿਲੇ ਸ਼ਿਕਵਿਆਂ ਦੀ ਪੂਰੀ ਦੀ ਪੂਰੀ ਪੰਡ ਵਰਕੇ ਤੇ ਉਤਾਰ ਦਿੱਤੀ ਸੀ ਕੇ ਏਨੇ ਦਿਨ ਉਡੀਕਦਾ ਰਿਹਾ…ਜੁਆਬ ਕਿਓਂ ਨਹੀਂ ਲਿਖਿਆ?

ਮੈਂ ਫੇਰ ਚੁੱਪ ਜਿਹੀ ਕਰ ਗਈ…ਪਰਿਵਾਰਿਕ ਮਾਹੌਲ ਵੀ ਐਸਾ ਕੇ ਲਾਵਾਂ ਫੇਰਿਆਂ ਤੋਂ ਪਹਿਲਾਂ ਇਹ ਸਬ ਕੁਝ ਵਰਜਿਤ….ਸੋ ਮੈਂ ਇੱਕ ਵਾਰ ਫੇਰ ਦੜ ਜਿਹੀ ਵੱਟ ਲਈ!

ਅਗਲੇ ਕੁਝ ਦਿਨਾਂ ਤੱਕ ਨਾ ਤਾ ਕੋਈ ਚਿੱਠੀ ਹੀ ਆਈ ਤੇ ਨਾ ਹੀ ਕੋਈ ਚੌਂਕੀਦਾਰ ਨੂੰ ਰੁੱਕਾ ਫੜਾ ਕੇ ਗਿਆ
ਮੈਨੂੰ ਪੱਕਾ ਯਕੀਨ ਹੋ ਗਿਆ ਸੀ ਕੇ ਇਸ ਵਾਰ ਉਹ ਸੱਚ-ਮੁੱਚ ਹੀ ਗੁੱਸਾ ਕਰ ਗਏ ਲੱਗਦੇ ਨੇ…

ਫੇਰ ਇੱਕ ਦਿਨ ਜਜਬਾਤਾਂ ਦੇ ਲੋਰ ਵਿਚ ਆਈ ਨੇ ਕਾਗਤ ਪੇਨ ਫੜ ਹੀ ਲਿਆ..ਕਿੰਨੀ ਵਾਰ ਕੁਝ ਲਿਖਦੀ ਤੇ ਫੇਰ ਕੁਝ ਸੋਚ ਫਾੜ ਦਿੰਦੀ….ਅਖੀਰ ਇੱਕ ਚਿੱਠੀ ਲਿਖ ਪੋਸਟ ਕਰ ਹੀ ਦਿੱਤੀ….
ਵਿਚ ਲਿਖਿਆ ਸੀ ਕੇ…
“ਬੜਾ ਜੀ ਕਰਦਾ ਏ ਕੇ ਕਿਸੇ ਦਿਨ ਕੱਲੀ ਬੈਠੀ ਹੋਈ ਆਪਣੇ ਧਿਆਨ ਕੰਮ ਕਰਦੀ ਹੋਵਾਂ ਤੇ ਤੁਸੀਂ ਪਿੱਛੋਂ ਦੀ ਦੱਬੇ ਪੈਰੀ ਆਵੋ ਤੇ ਆਪਣੇ ਦੋਵੇਂ ਹੱਥਾਂ ਨਾਲ ਮੇਰੀਆਂ ਦੋਵੇਂ ਅੱਖਾਂ ਢੱਕ ਦੇਵੋ ਤੇ ਜਦੋਂ ਮੈਂ ਹੱਥ ਪਰੇ ਹਟਾਉਣ ਵਿਚ ਨਾਕਾਮਯਾਬ ਹੋ ਜਾਵਾਂ ਤਾਂ ਤੁਸੀਂ ਅੱਗੋਂ ਸ਼ਰਤ ਰੱਖ ਦੇਵੋ ਕੇ ਤਾਂ ਹੀ ਹਟਾਵਾਂਗਾ ਜੇ ਮੇਰੀ ਪੱਗ ਦੀ ਪੂਣੀ ਕਰਵਾਓਗੇ ਤਾਂ…ਤੇ ਮੈਂ ਅੱਗੋਂ ਸ਼ਰਤ ਮੰਨਦੀ ਹੋਈ ਹਾਂ ਵਿਚ ਸਿਰ ਮਾਰ ਦੇਵਾਂ ਤੇ ਜਦੋਂ ਤੁਹਾਡੇ ਹੱਥਾਂ ਦੀ ਪਕੜ ਥੋੜੀ ਢਿੱਲੀ ਜਿਹੀ ਹੋ ਜਾਵੇ ਤਾਂ ਮੈਂ ਏਨਾ ਆਖਦੀ ਹੋਈ ਦੂਰ ਦੌੜ ਜਾਵਾਂ ਕੇ ਕੀ ਪਏ ਕਰਦੇ ਹੋ..ਬੱਚੇ ਦੇਖ ਰਹੇ ਨੇ”!

ਚਿਠੀ ਪੋਸਟ ਤੇ ਕਰ ਦਿੱਤੀ ਪਰ ਹਾਏ ਮੇਰੇ ਰੱਬਾ..ਮੁੜ ਕਿੰਨੇ ਦਿਨ ਅਰਦਾਸਾਂ ਕਰਦੀ ਰਹੀ ਕੇ ਚਿੱਠੀ ਮਿਲੇ ਹੀ ਨਾ..ਪਤਾ ਨੀ ਕੀ ਕੀ ਊਟਪਟਾਂਗ ਲਿਖ ਦਿੱਤਾ ਸੀ..ਜੇ ਕਿਸੇ ਹੋਰ ਦੇ ਹੱਥ ਆ ਗਈ ਤਾਂ ਫੇਰ…ਮੇਰੀ ਹੋਣ ਵਾਲੀ ਨਿੱਕੀ ਨਨਾਣ ਵੀ ਓਸੇ ਸਕੂਲ ਓਹਨਾ ਦੇ ਨਾਲ ਹੀ ਤਾਂ ਪੜਾਉਂਦੀ ਸੀ!

ਖੈਰ ਹਫਤਾ ਲੰਘਿਆ..ਫੇਰ ਦੋ ਹਫਤੇ…ਮਹੀਨਾ..ਦੋ ਮਹੀਨੇ…ਜਦੋਂ ਕੋਈ ਜੁਆਬ ਜਾਂ ਰੁੱਕਾ ਨਾ ਆਇਆ ਤਾਂ ਪੱਕਾ ਯਕੀਨ ਜਿਹਾ ਹੋ ਗਿਆ ਕੇ ਚਿੱਠੀ ਲਿਖੇ ਹੋਏ ਪਤੇ ਤੇ ਅੱਪੜੀ ਹੀ ਨਹੀਂ!

ਫੇਰ ਮੈਨੂੰ ਟੀਚਰਸ ਟ੍ਰੇਨਿੰਗ ਵਾਸਤੇ ਅੰਬਾਲੇ ਜਾਣਾ ਪੈ ਗਿਆ…ਸਾਰੇ ਹਰਿਆਣੇ ਚੋਂ ਤਕਰੀਬਨ ਸੌ ਕੂ ਟੀਚਰ ਆਏ ਹੋਏ ਸਨ..ਮਰਦ ਅਧਿਆਪਕ ਨਾਲਦੇ ਹੋਸਟਲ ਵਿਚ ਠਹਿਰੇ ਸੀ!

ਇੱਕ ਦਿਨ ਸੁਵੇਰੇ-ਸੁਵੇਰੇ ਟਰੇਨਿੰਗ ਕਲਾਸ ਲਈ ਤੁਰਨ ਹੀ ਲੱਗੀ ਸਾਂਂ ਕੇ ਕਾਹਲੀ ਵਿਚ ਚੁੰਨੀ ਤੇ ਸਬਜ਼ੀ ਡੁੱਲ ਗਈ..ਓਸੇ ਵੇਲੇ ਕੋਲ ਪਏ ਮੱਗ ਵਿਚ ਪਾਣੀ ਭਰ ਅਜੇ ਚੁੰਨੀ ਦੀ ਕਿਨਾਰੀ ਵਿਚ ਡੋਬੀ ਹੀ ਸੀ ਕੇੇ ਕਿਸੇ ਨੇ ਪਿੱਛੋਂ ਅਛੋਪਲੇ ਜਿਹੇ ਆ ਮੇਰੀਆਂ ਦੋਵੇਂ ਅੱਖਾਂ ਤੇ ਹੱਥ ਰੱਖ ਦਿੱਤੇ…ਇਸਤੋਂ ਪਹਿਲਾਂ ਕੇ ਮੈਨੂੰ ਕੁਝ ਸਮਝ ਆਉਂਦੀ..ਕਿਸੇ ਆਪਣੇ ਦੇ ਮਿਸ਼ਰੀ ਨਾਲੋਂ ਮਿੱਠੇ ਬੋਲ ਕੰਨੀ ਪੈਣੇ ਸ਼ੁਰੂ ਹੋ ਗਏ ਕੇ “ਅੱਜ ਪੂਣੀ ਕਰਵਾਏ ਬਗੈਰ ਨਾ ਤੇ ਨੇਤਰਾਂ ਤੋਂ ਹੱਥ ਹੀ ਹਟਣਗੇ ਤੇ ਨਾ ਹੀ ਦੌੜਨ ਦੇਣਾ..ਕਿਓੰਕੇ ਅੱਜ ਤੇ ਬੱਚੇ ਵੀ ਨਹੀਂ ਦੇਖ ਰਹੇ!

ਸੋ ਦੋਸਤੋ ਪੂਰਾਣੇ ਵੇਲੇ ਦੀਆਂ ਮੁਹੱਬਤਾਂ ਦੇ ਸਰੂਪ ਵੀ ਕੁਝ ਏਦਾਂ ਦੇ ਹੀ ਹੁੰਦੇ ਹੋਣਗੇ…ਕੀ ਖਿਆਲ ਹੈ ਤੁਹਾਡਾ?

ਹਰਪ੍ਰੀਤ ਸਿੰਘ ਜਵੰਦਾ

...
...

ਸ਼ਹਿਰ ਵਿੱਚ ਇਕ ਅਮੀਰ ਆਦਮੀ ਸੀ ਗੁਰਸੇਵਕ ਉਸਦੇ ਦੋ ਬੱਚੇ ਸਨ ਹੈਰੀ ਤੇ ਸੀਰਤ। ਗੁਰਸੇਵਕ ਦੋਨੋ ਬੱਚੇਆ ਦੀ ਪਰਵਰਿਸ਼ ਬਹੁਤ ਵਧੀਆ ਢੰਗ ਨਾਲ ਕਰ ਰਿਹਾ ਸੀ ਦੋਨੋ ਬੱਚੇ ਪੜਾਈ ਵਿੱਚ ਵੀ ਬਹੁਤ ਵਧੀਆਂ ਸਨ। ਇਕ ਰੋਜ ਐਤਵਾਰ ਗੁਰਸੇਵਕ ਦੋਨੋ ਬੱਚੇਆ ਨੂੰ ਨਾਲ ਲੈ ਕੇ ਝੁੱਗੀਆਂ ਨੇੜੇ ਮੈਦਾਨ ਵਿੱਚ ਖੇਡ ਰਿਹਾ ਸੀ ਅਚਾਨਕ ਸੀਰਤ ਤੋ ਹੈਰੀ ਦੀ ਗਲਤੀ ਨਾਲ ਕਮੀਜ਼ ਖਿੱਚੀ ਗਈ ਤੇ ਹੈਰੀ ਡਿਗ ਪਿਆਂ ਹੈਰੀ ਨੇ ਗ਼ੁੱਸੇ ਵਿੱਚ ਆ ਕੇ ਸੀਰਤ ਦੇ ਦੋ ਚਾਰ ਥੱਪੜ ਰਸੀਦ ਦਿੱਤੇ ਤੇ ਸੀਰਤ ਰੌਣ ਲੱਗ ਪਈ। ਗੁਰਸੇਵਕ ਨੂੰ ਵੀ ਗ਼ੁੱਸਾ ਚੜ ਗਿਆ ਉਸਨੇ ਹੈਰੀ ਦੀ ਪਿਟਾਈ ਕਰ ਦਿੱਤੀ ਨੇੜੇ ਹੀ ਇਕ ਬਜ਼ੁਰਗ ਆਦਮੀ ਸਾਰਾ ਕੁਝ ਦੇਖ ਰਿਹਾ ਸੀ ਉਸ ਨੇ ਗੁਰਸੇਵਕ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਬੇਟੇ ਆਹ ਸਹੀ ਗੱਲ ਨਹੀਂ ਬੱਚੇਆ ਨਾਲ ਮਾਰ ਕੁਟਾਈ ਠੀਕ ਨਹੀਂ ।ਗੁਰਸੇਵਕ ਨੇ ਕਿਹਾ ਕੁਟਾਪਾ ਨਾ ਚਾੜਾਂ ਤਾ ਕੀ ਕਰਾ ਕੁੜੀ ਛੋਟੀ ਹੈ ਇਹਨੂੰ ਸਮਝਣਾ ਚਾਹੀਦਾ ਕੀ ਉਹਨੂੰ ਨਾ ਮਾਰਾ ਮੈ। ਓਹ ਬਜ਼ੁਰਗ ਆਦਮੀ ਹੱਸੇਆ ਤੇ ਕਹਿਣ ਲੱਗਾ ਵੱਡੇ ਤਾ ਤੁਸੀਂ ਵੀ ਹੋ ਤੁਸੀਂ ਕਿਹੜਾ ਸਮਝਦਾਰੀ ਵਰਤੀ ਦੇਖੋ ਬੱਚੇਆ ਨੂੰ ਚੰਗੀ ਪੜਾਈ ਦੇ ਨਾਲ-ਨਾਲ ਚੰਗੇ ਸੰਸਕਾਰ ਦੇਣੇ ਵੀ ਜ਼ਰੂਰੀ ਨੇ ਮੈ ਥੋੜੇ ਦਿਨ ਪਹਿਲਾ ਏਸੇ ਝੁੱਗੀਆਂ ਵਿੱਚ ਇਕ ਘਟਨਾ ਦੇਖੀ ਜਿਹਨੇ ਮੇਰਾ ਸੋਚਣ ਦਾ ਨਜ਼ਰੀਆ ਹੀ ਬਦਲ ਦਿੱਤਾ ਚਾਰ ਛੋਟੇ-ਛੋਟੇ ਬੱਚੇ ਆਪਸ ਵਿੱਚ ਖੇਡ ਰਹੇ ਸੀ ਉਹਨਾ ਵਿੱਚੋਂ ਇਕ ਮੁੰਡੇ ਨੇ ਨਾਲ ਖੇਡਦੀ ਕੁੜੀ ਨੂੰ ਥੱਪੜ ਮਾਰ ਦਿੱਤਾ ਕੁੜੀ ਰੌਣ ਲੱਗ ਪਈ ਉਸ ਮੁੰਡੇ ਦੇ ਵੱਡੇ ਭਾਈ ਨੇ ਜੋ ਕੀ ਨਾਲ ਹੀ ਖੇਡ ਰਿਹਾ ਸੀ ਆਪਣੇ ਭਰਾ ਨੂੰ ਦੋ ਥੱਪੜ ਮਾਰੇ ਤੇ ਖਿੱਚ ਕੇ ਘਰੇ ਲੈ ਜਾਣ ਲੱਗਾ ਬਜ਼ੁਰਗ ਕਹਿੰਦਾ ਮੈ ਸਾਰਾ ਕੁਝ ਦੇਖ ਰਿਹਾ ਸੀ ਮੈਥੋ ਰਿਹਾ ਨਾ ਗਿਆ ਮੈ ਉਸ ਮੁੰਡੇ ਨੂੰ ਰੋਕ ਕੇ ਪੁਛੇਆ ਕੀ ਤੂੰ ਆਪਣੇ ਭਾਈ ਨੂੰ ਕਿਉਂ ਕੁਟੇਆ ਤਾ ਓਹ ਕਹਿਣ ਲੱਗਾ ਸਾਡੇ ਮਾਂ ਬਾਪ ਨੇ ਸਦਾ ਇਹ ਹੀ ਸਮਝਾਏਆ ਕੀ ਕੁੜੀਆ ਦੀ ਇੱਜਤ ਕਰਨੀ ਤੇ ਕਦੇ ਵੀ ਕਿਸੇ ਕੁੜੀਆ ਤੇ ਹੱਥ ਨਹੀ ਚੁੱਕਣਾ ਗਲਤੀ ਭਾਵੇਂ ਜਿਸਦੀ ਮਰਜ਼ੀ ਹੋਵੇ।ਮੇਰੇ ਭਰਾ ਤੋਂ ਗਲਤੀ ਹੋਈ ਤਾ ਮੈ ਏਸੇ ਲਈ ਇਹਨੂੰ ਥੱਪੜ ਮਾਰੇਆ।ਮੈਨੂੰ ਉਸ ਬੱਚੇ ਦੀ ਗੱਲ ਦਿਲ ਨੂੰ ਛੂਹ ਗਈ ਮੈ ਉਹਨੂੰ ਪੁੱਛੇਆ ਕਾਕਾ ਕਿਹੜੀ ਕਲਾਸ ਵਿੱਚ ਪੜਦਾ ਏ ਓਹਨੇ ਮੇਰੇ ਵੱਲ ਦੇਖੇਆ ਤੇ ਮਾਯੂਸ ਜਿਹਾ ਚੇਹਰਾ ਕਰ ਕੇ ਬੋਲੇਆ ਮੇਰੇ ਮਾਂ ਬਾਪ ਗਰੀਬ ਨੇ ਜੀ ਪੜਾ ਨਹੀਂ ਸਕਦੇ ਮੈ ਭੱਠੇ ਤੇ ਮਜ਼ਦੂਰੀ ਕਰਦਾ ਇਹ ਬੋਲਦਾ ਹੋਏਆ ਆਪਣੇ ਭਰਾ ਨੂੰ ਨਾਲ ਲੈ ਕੇ ਚਲਾ ਗਿਆ ।ਹੁਣ ਮੈਨੂੰ ਸਮਝ ਨਹੀਂ ਆ ਰਹੀ ਸੀ ਕੀ ਬੋਲਾ ਸਕੂਲ ਕਾਲਜ ਵੀ ਓਹ ਸਭ ਨਹੀਂ ਪੜਾ ਸਕਦੇ ਸੀ ਜੋ ਇਕ ਗਰੀਬ ਬੰਦਾ ਆਪਣੀ ਔਲਾਦ ਨੂੰ ਪੜਾ ਰਿਹਾ।ਬੇਸ਼ੱਕ ਕਿਤਾਬੀ ਗਿਆਨ ਨਹੀਂ ਓਹ ਦੇ ਪਾ ਰਿਹਾ ਆਪਣੇ ਬੱਚੇ ਨੂੰ ਪਰ ਦੁਨਿਆਵੀ ਗਿਆਨ ਦੇਣ ਵਿੱਚ ਕੋਈ ਕਮੀ ਨਹੀਂ ਛੱਡੀ।ਮਾਫ਼ ਕਰਨਾ ਤੁਸੀਂ ਆਪਣੇ ਬੱਚੇ ਨੂੰ ਚੰਗਾ ਕਿਤਾਬੀ ਗਿਆਨ ਤਾ ਦੇ ਰਹੇ ਹੋ ਪਰ ਚੰਗੇ ਸੰਸਕਾਰ ਨਹੀਂ ਦੇ ਰਹੇ ਹੋ।

Submitted By:- Sandeep Rajwalwala Mob 9878529408

...
...

“ਕੱਲਿਆ ਨਾ ਛੱਡ ਕੇ ਜਾਈ ਮੈਨੂੰ “ਸੈਂਲੀ ਦੇ ਵਿਆਹ ਬਾਰੇ ਸੁਣ ਕੇ ਉਦਾਸ ਹੁੰਦਿਆ ਸੰਜੀਵ ਨੇ ਕਿਹਾ। “ਸੰਜੀਵ ਤੇਰੇ ਲਈ ਮੈਂ ਕੁਝ ਵੀ ਕਰ ਸਕਦੀ ਹਾਂ। “ਭਾਵੁਕ ਹੁੰਦੀ ਸੈਂਲੀ ਨੋ ਕਿਹਾ।
ਵਾਜੇ ਵੱਜ ਰਹੇ ਸਨ। ਬਰਾਤ ਸ਼ੈਲੀ ਦੇ ਘਰ ਪਹੁੰਚ ਚੁੱਕੀ ਸੀ। ਸ਼ੈਲੀ ਦੀ ਭਾਲ ਜਾਰੀ ਸੀ। ਸ਼ੈਲੀ ਆਪਣਾ ਪਿਆਰ ਪਾਣ ਲਾਈ ਸੰਜੀਵ ਦੇ ਘਰ ਵੱਲ ਚਲ ਪਈ। ”
“ਸੰਜੀਵ, ਮੈਂ ਤੇਰੀ ਹਾਂ। “ਖੁਸ਼ੀ ਨਾਲ ਸੰਜੀਵ ਦੇ ਗਲ ਲੱਗਦੀ ਸ਼ੈਲੀ ਨੇ ਕਿਹਾ। ਸੰਜੀਵ ਆਪਣੀਆਂ ਸੋਚਾ ਵਿੱਚ ਡੁੱਬਿਆ ਹੋਇਆ ਸੀ। ਸ਼ੈਲੀ ਨੇ ਉਸਨੂੰ ਝੰਜੋੜਿਆ ਕਿਹਾ”ਇਹ ਸੁਪਨਾ ਨਹੀਂ ਮੈਂ ਵਿਆਹ ਦੀਆਂ ਰਸਮਾ ਛੱਡ ਕੇ ਤੇਰੇੇ ਲਈ ਆਈ ਹਾਂ ।”
‘ਪਰ—— ਪਰ——” ਸੰਜੀਵ ਦੇ ਬੋਲਣ ਤੋਂ ਪਹਿਲਾ ਹੀ ਸ਼ੈਲੀ ਬੋਲੀ”ਕੀ ਗੱਲ ਹੋ ਗਈ। ”
ਤੂੰ ਵਾਪਸ ਚਲੀ ਜਾ,,,,,,,,,,,
ਆਪਣੇ ਪਿਆਰ ਬਾਰੇ ਮੰਮੀ -ਡੈਡੀ ਨੂੰ ਪਤਾ ਲੱਗ ਗਿਆ “ਤਾਂ……… ਕੀ? ਸ਼ੈਲੀ ਨੇ ਪੁਛਿਆ
” ਡੈਡੀ ਦੀ ਸਖਤ ਤਾੜਨਾ ਹੈ ਜੇ ਤੂੰ ਸ਼ੈਲੀ ਨਾਲ ਵਿਆਹ ਕੀਤਾ ਤੈਨੂੰ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਜਾਵੇਗਾ। ਪਿਆਰ ਨਾਲ ਸਭ ਕੁਝ ਨਹੀਂ ਮਿਲਦਾ। ਧਨ ਜਰੂਰੀ ਹੁੰਦਾ ਹੈ ”
ਸ਼ੈਲੀ ਇਕਦਮ ਸੁੰਨ ਹੋ ਗਈ ।ਉਸਦੇ ਦਿਮਾਗ ਵਿੱਚ ਪਿਆਰ ਸ਼ਬਦ ਬਾਰ ਬਾਰ ਘੁੰਮਣ ਲੱਗਾ ।
ਉਸੇ ਸਮੇਂ ਸ਼ੈਲੀ ਦੇ ਡੈਡੀ ਪੁੱਜ ਗਏ। ਸ਼ੈਲੀ ਆਪਣੇ ਡੈਡੀ ਦੇ ਪੈਰਾਂ ਵਿੱਚ ਡਿੱਗ ਗਈ। ਉਹ ਰੋਣ ਲੱਗੀ ਡੈਡੀ ਜੀ ਮੈਨੂੰ ਮਾਫ ਕਰ ਦਿਉ। ਅਲੱੜਪੁਣੇ ਵਿਚ ਤੁਹਾਡਾ ਦਿਲ ਦੁਖਾਇਆ। ਮੈਂ ਤੁਹਾਡਾ ਤੇ ਮੰਮੀ ਜੀ ਦੇ ਸੱਚੇ ਪਿਆਰ ਨੂੰ ਸਮਝ ਗਈ ਹਾਂ ।

ਭੁਪਿੰਦਰ ਕੌਰ ਸਾਢੋਰਾ

...
...

ਓਏ ਗੱਲਾਂ ਨਾ ਕਰੋ ਖਸਮੋ, ਤੂੜੀ ਦਾ ਕੰਮ ਤਾਂ ਆਪਾਂ ਔਖੇ ਸੌਖੇ ਹੋ ਕੇ ਨਿਬੇੜ ਲਿਆ ਹੈ ਤੇ ਹੁਣ ਛੇਤੀ ਖਿਲਰੀ ਤੂੜੀ ਇਕੱਠੀ ਕਰੋ ਤੇ ਕੋਈ ਜੀਰੀ ਜਾਂ ਝੋਨੇ ਦੀ ਪਨੀਰ ਲਾਉਣ ਦਾ ਪ੍ਰਬੰਧ ਕਰੀਏ, ਇਹ ਗੱਲ ਜੀਤੇ ਨੇ ਅਮਰੂ ਤੇ ਭਿੰਦੇ ਨੂੰ ਕਹੀ ਜਿਹੜੇ ਆਪਸ ਵਿੱਚ ਚੌੜ ਕਰੀ ਜਾਂਦੇ ਸੀ। ਅਮਰੂ ਤੜਕੇ ਦਾ ਗਰਮੀ ਨਾਲ ਸਤਿਆ ਹੋਇਆ ਬੋਲਿਆ, ਨਾ ਹੁਣ ਅਸੀਂ ਫਾਹਾ ਲੈ ਲਈਏ, ਸਾਰਾ ਦਿਨ ਤਾਂ ਤੂੜੀ ਢੋਦਿਆਂ ਨੂੰ ਹੋ ਗਿਆ ਹੈ, ਭਿੰਦਾ ਵੀ ਓਹਦੀ ਗਵਾਹੀ ਭਰਦਾ ਬੋਲਿਆ, ਨਾ ਅਸੀਂ ਬੰਦੇ ਹਾਂ, ਕੋਈ ਪਸ਼ੂ ਤਾਂ ਨਹੀਂ ਜਿਹੜੇ ਕੋਲੂ ਦੇ ਬੈਲ ਵਾਂਗ ਲੱਗੇ ਰਹੀਏ, ਸਾਡੀ ਵੀ ਕੋਈ ਜੂਨ ਹੈ। ਜੀਤਾ ਢੈਲਾ ਪੈਂਦਾ ਬੋਲਿਆ ਕਿ ਯਾਰ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਹ ਨਾ ਲਓ। ਮੈਂ ਤਾਂ ਉਸ ਡਾਢੇ ਰੱਬ ਤੋਂ ਡਰਦਾ ਹਾਂ, ਜਿਹੜਾ ਜੱਟਾਂ ਦੀ ਚੂੜੀ ਟਾਈਟ ਕਰੀ ਜਾਂਦਾ ਹੈ। ਉੱਤੋਂ ਚੰਦਰੀ ਕਰੋਨਾ ਦੀ ਮਾਰ, ਸਾਲਾ ਸਾਹ ਲੈਣਾ ਔਖਾ ਹੋਇਆ ਪਿਆ ਹੈ। ਪਹਿਲਾਂ ਤਾਂ ਮਸਾਂ ਕਣਕ ਵੱਢੀ ਤੇ ਫੇਰ ਆ ਸਰਕਾਰ ਦੇ ਕੂਪਨਾਂ ਵਾਲੇ ਕੰਜਰਖਾਨੇ ਨੇ ਭੰਬਲਭੂਸੇ ਪਾਈ ਰੱਖਿਆ। ਕਿਤੇ ਪੰਦਰਾਂ ਦਿਨਾਂ ਬਾਅਦ ਲੜ ਲੜਾ ਕੇ ਮੰਡੀ ਵਿੱਚ ਵਾਰੀ ਆਈ। ਉੱਤੋਂ ਮੱਛਰ ਆਖੇ ਤੇਰਾ ਦੇਣਾ ਕੀ ਹੈ? ਸਾਰੀਆਂ ਰਾਤਾਂ ਮੰਜੇ ਤੇ ਬੈਠ ਕੇ ਲੰਘਾਈਆਂ ਜਿਵੇਂ ਤੀਵੀਂ ਨੂੰ ਜਣੇਪਾ ਹੋਣ ਵਾਲਾ ਹੋਵੇ। ਹੁਣ ਤੂੜੀ ਦਾ ਕੰਮ ਮਸਾਂ ਮੁਕਾਇਆ ਤੇ ਅੱਗੇ ਝੋਨੇ ਦਾ ਸਿਆਪਾ ਸਿਰ ਤੇ ਆ ਗਿਆ। ਚਲੋ ਓਏ ਮਿੱਤਰੋ,ਘਰੇ ਚੱਲ ਕੇ ਬਜੁਰਗ ਨਾਲ ਸਲਾਹ ਬਣਾਈਏ ਕਿ ਜੀਰੀ ਦਾ ਕਿਵੇਂ ਕਰਨਾ ਹੈ। ਚਲੋ ਆਜੋ, ਨਾਲੇ ਠੰਡਾ ਪਾਣੀ ਪੀਵਾਂਗੇ ਤੇ ਨਾਲੇ ਭੋਰਾ ਚਾਹ ਪੀ ਲਵਾਂਗੇ। ਭਿੰਦੇ ਦਾ ਬਾਪੂ ਦੂਰੋਂ ਵੇਖ ਕੇ ਤਿੰਨਾਂ ਨੂੰ ਘਰ ਆਉਂਦਿਆਂ ਬੋਲਿਆ, ਆ ਗਏ ਥੀਰੀ ਇਡੀਅਟ, ਵੱਡੀ ਤਿੱਕੜੀ ਬਣੀ ਫਿਰਦੀ ਹੈ ਜਿਵੇਂ ਖੂਹ ਪੱਟ ਦੇਣਗੇ। ਤੂੜੀ ਦੇ ਕੰਮ ਨਿਬੇੜ ਆਏ ਵੱਡੇ ਤੀਸ ਮਾਰ ਖਾਂ, ਮੈਨੂੰ ਨਹੀਂ ਲੱਗਦਾ ਤੁਸੀਂ ਕੁਝ ਕੀਤਾ ਹੋਵੇਗੇ।
ਜੀਤਾ ਇਹ ਸੁਣ ਕੇ ਅੱਕਿਆ ਹੋਇਆ ਬੋਲਿਆ ਕਿ ਨਾ ਸਾਨੂੰ ਸੱਪ ਸੁੰਙਿਆ ਹੋਇਆ ਹੈ ਜਿਹੜਾ ਅਸੀਂ ਨਹੀਂ ਕਰ ਸਕਦੇ। ਐਵੇਂ ਲੋਕ ਸਾਡੀ ਯਾਰੀ ਤੋਂ ਸੜਦੇ ਹਨ। ਭਲਾਂ ਸਾਡੇ ਅੱਗੇ ਕਿਹੜਾ ਕੰਮ ਟਿਕ ਜੂ। ਜੀਤੇ ਦਾ ਬਾਪੂ ਮੁਸ਼ਕੜੀ ਹੱਸਦਾ ਹੋਇਆ ਬੋਲਿਆ ਕਿ ਵੇਖਾਂਗੇ ਪੁੱਤ, ਜੇ ਐਤਕੀਂ ਝੋਨੇ ਨੇ ਤੁਹਾਡੇ ਕੰਨੀ ਹੱਥ ਨਾ ਲਵਾਏ। ਅੱਗੋਂ ਅਮਰੂ ਬੋਲਿਆ ਕਿ ਤਾਇਆ ਜੀ ਅਸੀਂ ਕਿਹੜਾ ਇਕੱਲੇ ਹਾਂ, ਸਾਰਿਆਂ ਨੇ ਹੀ ਝੋਨਾ ਲਾਉਣਾ ਹੈ। ਜਿਵੇਂ ਦੂਜਿਆਂ ਨਾਲ ਹੋਊ, ਓਵੇਂ ਕਰਮਾਂ ਦੇ ਦੁੱਖ ਅਸੀਂ ਵੀ ਭੋਗੀ ਜਾਵਾਂਗੇ। ਓਏ ਆਹ ਤੀਜੇ ਤੋਂ ਵੀ ਪੁੱਛ ਲਓ ਜਿਹੜਾ ਘੋਗੜ ਕੰਨਾਂ ਜਿਹਾ ਬਣਿਆ ਬੈਠਾ ਹੈ, ਜੀਤੇ ਦੇ ਬਾਪੂ ਨੇ ਵਿਅੰਗ ਕਰਦੇ ਹੋਏ ਭਿੰਦੇ ਨੂੰ ਇਹ ਸ਼ਬਦ ਕਹੇ। ਭਿੰਦੇ ਕੰਮ ਦਾ ਭੰਨਿਆ ਹੋਇਆ ਮਸਾਂ ਹੀ ਬੋਲਿਆ ਕਿ ਕਾਹਦਾ ਤਾਇਆ ਜੀ, ਐਂਤਕੀ ਤਾਂ ਰੱਬ ਸੱਚੀ ਲੁੰਬ ਠਾਈ ਆਉਂਦਾ ਹੈ। ਦੁਨੀਆਂ ਤੇ ਕਰੋਨਾ ਕਾਹਦਾ ਫੈਲਿਆ ਹੈ, ਜੱਟਾਂ ਨੂੰ ਖੂੰਜੇ ਲਾਈ ਆਉਂਦਾ ਹੈ।
ਚਾਹ ਪੀ ਕੇ ਤਿੰਨੇ ਖੇਤ ਗੇੜਾ ਮਾਰਨ ਚਲੇ ਜਾਂਦੇ ਹਨ। ਰਾਹ ਵਿੱਚ ਮੋਟਰ ਸਾਈਕਲ ਤੇ ਤਿੰਨੇ ਜਾਣੇ ਜਾਂਦੇ ਗੱਲਾਂ ਕਰਦੇ ਹਨ ਕਿ ਜੇ ਪੁਲਿਸ ਵਾਲਿਆਂ ਦੀ ਗੱਡੀ ਆ ਗਈ ਤਾਂ ਵੇਖੀ ਮਿੱਤਰਾ ਕਿਵੇ ਪਟਾਕੇ ਪੈਂਦੇ। ਔਖੇ ਸੌਖੇ ਹੋ ਕੇ ਖੇਤ ਪਹੁੰਚ ਜਾਂਦੇ ਹਨ। ਤਿੰਨੇ ਸਲਾਹ ਬਣਾਉਂਦੇ ਹਨ ਕਿ ਐਂਤਕੀ ਜੀਰੀ ਦੀ ਪਨੀਰੀ ਜੀਤੇ ਕੇ ਖੇਤ ਇਕੱਠੇ ਮਿਲ ਕੇ ਲਾ ਦਿੰਦੇ ਹਾਂ, ਮਗਰੋਂ ਵਾਰੀ ਸਿਰ ਆਪਣੇ ਆਪਣੇ ਖੇਤ ਝੋਨਾ ਲਾ ਲਵਾਂਗੇ। ਅਮਰੂ ਕਹਿੰਦਾ ਕਿ ਜੀਤੇ ਕਾ ਖੇਤ ਠੀਕ ਹੈ, ਇੱਥੇ ਪਾਣੀ ਵਾਲੀ ਨਹਿਰ ਜਾਂ ਕੱਸੀ ਵੀ ਲਾਗੇ ਹੀ ਵਗਦੀ ਹੈ। ਅੱਗੋਂ ਭਿੰਦਾ ਮਜਾਕ ਵਿੱਚ ਕਹਿੰਦਾ ਹੈ ਕਿ ਪਾਣੀ ਨੂੰ ਅੱਗੇ ਇੱਥੇ ਦਰਿਆ ਵਗਿਆ ਆਉਂਦਾ ਹੈ, ਮਹੀਨਾ ਹੋ ਗਿਆ ਸਰਕਾਰ ਦਾ ਪਾਣੀ ਬੰਦ ਕੀਤੇ ਨੂੰ , ਤੇ ਐਨੇ ਦਿਨ ਹੀ ਹੋ ਗਏ ਮੋਟਰਾਂ ਵਾਲੀ ਬਿਜਲੀ ਕੱਟੀ ਨੂੰ। ਭਲਾਂ ਪੁੱਛੇ ਕਿ ਪੱਠਿਆਂ ਨੂੰ ਪਾਣੀ ਅਗਲਾ ਛੁਣਛਣੇ ਨਾਲ ਲਾਊ। ਪੱਠਿਆਂ ਨੂੰ ਪਾਣੀ ਤਾਂ ਲੱਗਦਾ ਨਹੀਂ, ਅਖੇ ਛੇਤੀ ਪਨੀਰੀ ਲਾਈਏ। ਪੱਠੇ ਤਾਂ ਸੁੱਕ ਕੇ ਕਮਲੀ ਦੇ ਝਾਟੇ ਵਰਗੇ ਹੋਏ ਪਏ ਨੇ। ਮੇਰੀ ਮੰਨੋ ਤਾਂ ਰੁੱਕ ਜਾਓ ਥੋੜਾ। ਹੋਰ ਦਸਾਂ ਦਿਨਾਂ ਨੂੰ ਪਾਣੀ ਆ ਜਾਊ ਫਿਰ ਲਾ ਲਵਾਂਗੇ। ਨਾ ਫੇਰ ਤਾਂ ਤੇਰਾ ਬਾਪੂ ਲਾ ਦਊ, ਜੀਤੇ ਨੇ ਭਿੰਦੇ ਨੂੰ ਨੰਨਾ ਪਾਉਣ ਤੇ ਕਹੇ। ਚੰਗਾ ਫੇਰ ਹੁਣ ਤੂੰ ਸਾਡੇ ਬੁੜੇ ਤੋਂ ਲਵਾਈ ਪਨੀਰੀ, ਮੈਂ ਤੇ ਚੱਲਿਆ ਘਰ ਨੂੰ। ਅੱਗੋਂ ਅਮਰੂ ਓਹਦੀ ਬਾਂਹ ਫੜਕੇ ਰੋਕਦਾ ਹੋਇਆ ਬੋਲਿਆ ਕਿ ਕਾਹਨੂੰ ਗੁੱਸਾ ਕਰਦਾ ਐਂਵੇ ਭਿੰਦਿਆਂ, ਓਹਨੇ ਤਾਂ ਹਾਸੇ ਨਾਲ ਕਿਹਾ ਸੀ। ਹੁਣ ਤਿੰਨੇ ਇਸ ਗੱਲ ਤੇ ਰਾਇ ਬਣਾ ਲੈਂਦੇ ਹਨ ਕਿ ਜੀਤੇ ਦੇ ਖੇਤ ਵਿੱਚ ਪਨੀਰੀ ਇਕੱਠੀ ਲਾ ਲਵਾਂਗੇ ਪਰ ਕਦੋਂ ਲਾਉਣੀ ਹੈ, ਇਹ ਰਾਇ ਜੀਤੇ ਦੇ ਡੈਡੀ ਨਾਲ ਕੱਲ ਨੂੰ ਕਰਾਂਗੇ, ਅੱਜ ਤਾਂ ਉਹ ਥੋੜਾ ਗਰਮ ਹੈ। ਤਿੰਨੇ ਜਾਣੇ ਮਸਤੀ ਕਰਦੇ ਹੋਏ ਮੋਟਰ ਸਾਇਕਲ ਤੇ ਬੱਬੂ ਮਾਨ ਦੇ ਗੀਤ “ਜੱਟ ਦੀ ਜੂਨ ਬੁਰੀ , ਰਿੜਕ ਰਿੜਕ ਮਰ ਜਾਣਾ” ਗਾਉਂਦੇ ਜਾਂਦੇ ਹਨ। ਕੱਲ ਨੂੰ ਦਸ ਵਜੇ ਜੀਤੇ ਕੇ ਘਰੇ ਆਉਣ ਦਾ ਵਾਅਦਾ ਕਰਦੇ ਹਨ। ਅਗਲੇ ਦਿਨ ਤੜਕੇ ਪੱਠੇ ਵੱਢ ਕੇ ਜੀਤਾ ਬਾਪੂ ਨੂੰ ਆਖਦਾ ਕਿ ਬਾਪੂ ਘਰੇ ਰਹੀ, ਤੇਰੇ ਨਾਲ ਅਸੀ ਤਿੰਨਾਂ ਨੇ ਜੀਰੀ ਦੀ ਪਨੀਰੀ ਲਾਉਣ ਬਾਰੇ ਸਲਾਹ ਕਰਨੀ ਹੈ। ਉਹ ਆਉਣ ਵਾਲੇ ਹੀ ਹੋਣਗੇ। ਥੋੜੇ ਚਿਰ ਬਾਅਦ ਅਮਰੂ ਤੇ ਭਿੰਦਾ ਜੀਤੇ ਕੇ ਘਰੇ ਆ ਜਾਂਦੇ ਹਨ। ਅੱਜ ਤੜਕੇ ਤੋਂ ਹੀ ਜੀਤੇ ਦਾ ਬਾਪੂ ਖੁਸ਼ ਸੀ ਕਿਉਂਕਿ ਉਹਦਾ ਪੁਰਾਣਾ ਮਿੱਤਰ ਜੈਲਾ ਥੋੜੀ ਜਿਹੀ ਅਫੀਮ ਖਵਾ ਗਿਆ ਸੀ। ਭਿੰਦਾ ਮਜਾਕ ਕਰਦਾ ਹੋਇਆ ਬੋਲਿਆ ਕਿ ਤਾਇਆ ਜੀ, ਅੱਜ ਤਾਂ ਉੱਡ- ਜੂੰ ਉੱਡ- ਜੂੰ ਕਰਦਾ ਹੈਂ। ਅੱਜ ਤਾਂ ਪੂਰੀ ਅੱਖ ਵੀ ਖੜੀ ਹੈ, ਕੀ ਗੱਲ ਹੈ? ਕੱਲ੍ਹ ਤਾਂ ਮਾਰਨ ਖੰਡੀ ਗਾਂ ਵਾਂਗ ਪੈਂਦਾ ਸੀ। ਕੀ ਕਰੀਏ ਭਤੀਜ, ਕਰੋਨਾ ਕਰਕੇ ਤੈਨੂੰ ਪਤਾ ਸਾਰਾ ਕੰਮ ਰੁਕਿਆ ਪਿਆ ਹੈ। ਸਾਲਾ ਕੁਝ ਮਿਲਦਾ ਹੀ ਨਹੀਂ। ਅੱਜ ਕਿਤੇ ਮਾੜੀ ਮੋਟੀ ਲੋਰ ਜਿਹੀ ਬੱਝੀ ਹੈ। ਹੁਣ ਨਹਾ ਕੇ ਜੀਤਾ ਵੀ ਤਿੰਨਾਂ ਕੋਲ ਆ ਜਾਂਦਾ ਹੈ। ਅਮਰੂ ਗੱਲ ਸ਼ੁਰੂ ਕਰਦਾ ਬੋਲਿਆ ਕਿ ਤਾਇਆ ਗੱਲ ਆਏਂ ਹੈ ਕਿ ਝੋਨੇ ਦੀ ਅਸਾਂ ਤਿੰਨਾਂ ਨੇ ਪਨੀਰੀ ਲਾਉਣ ਬਾਰੇ ਤੇਰੇ ਨਾਲ ਸਲਾਹ ਕਰਨੀ ਕਿ ਕਿਵੇਂ ਕਰੀਏ? ਨਾ ਲਾ ਲਓ, ਮੈਂ ਓਥੇਂ ਕੱਦੂ ਕਰਨਾ ਹੈ। ਜੀਤਾ ਨਰਮੀ ਨਾਲ ਬੋਲਿਆ ਕਿ ਕੱਦੂ ਤਾਂ ਤੈਂਅ ਨਹੀਂ ਕਰਨਾ ਸਾਨੂੰ ਰਾਇ ਤਾਂ ਦੇ ਹੀ ਸਕਦਾ, ਅਕਸਰ ਤੂੰ ਵੱਡਾ ਕਰਕੇ ਤਾਂ ਤੇਰੇ ਨਾਲ ਰਾਇ ਕਰਦੇ ਹਾਂ ਕਿ ਤੈਨੂੰ ਬਾਹਲਾ ਪਤਾ ਹੈ। ਹੁਣ ਆਨੇ ਆਲੀ ਗੱਲ ਤੇ ਆਇਆ ਹੋਇਆ ਜੀਤੇ ਦਾ ਬਾਪੂ ਬੋਲਦਾ ਹੈ ਕਿ ਪਨੀਰੀ ਤਾਂ ਭਾਵੇਂ ਪੁੱਤਰੋ ਲਾਓ ਪਰ ਐਤਕੀਂ ਮੈਨੂੰ ਭਈਏ ਨਹੀਂ ਆਉਂਦੇ ਦਿਸਦੇ। ਥੋਨੂੰ ਵੀ ਪਤਾ ਹੈ, ਸਾਰੀ ਜਨਤਾ ਤਾਂ ਕਰੋਨਾ ਨਾਲ ਸਹਿਮੀ ਪਈ ਹੈ। ਅਗਲੇ ਖਾਕੀ ਵਰਦੀਆਂ ਵਾਲੇ ਬਾਹਰ ਨਹੀਂ ਨਿਕਲਣ ਦਿੰਦੇ, ਜਿਹੜਾ ਇੱਕ ਵਾਰੀ ਡਿੱਕੇ ਚੜੵ ਜਾਂਦਾ ਹੈ, ਉਹਨੂੰ ਮੁੰਜ ਦੇ ਰੱਸੇ ਵਰਗਾ ਬਣਾ ਦਿੰਦੇ ਨੇ। ਸਾਰੀ ਦੁਨੀਆਂ ਤਾਂ ਕਰੋਨਾ ਕਰਕੇ ਕੁੱਕੜਾਂ ਦੇ ਖੁੱਡੇ ਵਿੱਚ ਤਾੜੀ ਪਈ ਹੈ। ਅਗਲਿਆਂ ਨੂੰ ਤਾਂ ਆਪਣੀ ਜਾਣ ਬਚਾਉਣ ਦੀ ਬਣੀ ਹੈ, ਤੁਹਾਡੇ ਝੋਨਾ ਲਾਉਣ ਕਿਹਨੇ ਆਉਣਾ ਹੈ। ਭਈ ਜੇ ਆਪ ਲਾ ਸਕਦੇ ਹੋ ਤਾਂ ਪਨੀਰੀ ਲਾ ਲਓ ਇੱਕ ਖੇਤ ਵਿੱਚ । ਭਿੰਦਾ ਕਹਿੰਦਾ ਤਾਇਆ ਆਪਾਂ ਤਾਂ ਨਹੀਂ ਲਾ ਸਕਦੇ ਝੋਨਾ, ਸਾਰੀ ਦਿਹਾੜੀ ਕੋਡੀ ਢੂਈ ਖੜੇ ਰਹਿਣਾ ਕੋਈ ਸੌਖੇ ਏ। ਆਪਣੇ ਤਾਂ ਮਣਕੇ ਦੁੱਖਦੇ ਹਨ। ਆਪਣੀ ਤਾਂ ਬਈ ਤੋਬਾ ਹੈ। ਅੱਗੋਂ ਅਮਰੂ ਵੀ ਬੋਲਿਆ ਕਿ ਮੇਰੇ ਵੀ ਵੱਸ ਦੀ ਗੱਲ ਨਹੀ, ਮੇਰੀ ਤਾਂ ਆਪ ਡਿਸਕ ਹਿੱਲੀ ਹੈ। ਨਾ ਆਹ ਸਾਡੇ ਵਾਲਾ ਕਿਹੜਾ ਸੁਖੀ ਸਾਂਦੀ ਹੈ, ਇਹਨੇ ਤਾਂ ਆਪ ਇੱਕ ਮਹੀਨਾ ਖਿੱਚ ਪਵਾਈ ਸੀ, ਜੀਤੇ ਦਾ ਬਾਪੂ ਬੋਲਿਆ। ਅੱਜ ਦੇ ਮੁੰਡਿਆਂ ਦੇ ਨਿਕੰਮੇਪਣ ਬਾਰੇ ਜੀਤੇ ਦੇ ਬਾਪੂ ਬੋਲਿਆ ਕਿ ਨਾ ਤਾਂ ਅੱਜ ਦੇ ਮੁੰਡੇ ਕੁਝ ਕਰਨੇ ਜੋਗੇ ਹੈ ਤੇ ਨਾ ਹੀ ਬੁੜੀਆਂ। ਮੈਨੂੰ ਤਾਂ ਆਏਂ ਲੱਗਦਾ ਹੈ ਕਿ ਐਂਤਕੀ ਕਣਕ ਵਾਂਗ ਮਸ਼ੀਨ ਨਾਲ ਹੀ ਝੋਨਾ ਬੀਜਣਾ ਪਊ। ਜਿਹਨੇ ਆਏਂ ਨਹੀਂ ਲਾਉਣਾ ਤਾਂ ਫੇਰ ਕਿੱਲੇ ਦਾ ਪੰਜ ਹਜਾਰ ਦੇਣ ਲਈ ਤਿਆਰ ਰਹਿਣ। ਪੰਜ ਹਜਾਰ ਪ੍ਰਤੀ ਕਿੱਲੇ ਦਾ ਨਾਂ ਸੁਣ ਕੇ ਤਿੰਨਾਂ ਦੀ ਲੇਰ ਨਿਕਲ ਜਾਂਦੀ ਹੈ। ਇਹ ਸੁਣ ਕੇ ਅਮਰੂ ਕਹਿੰਦਾ ਕਿ ਤਾਇਆ ਇਸਤੋਂ ਇਲਾਵਾ ਹੋਰ ਕੋਈ ਸੌਖਾ ਢੰਗ ਨਹੀਂ। ਹਾਂ ਹੈਗਾ ਅਮਰੂ , ਆਵਦੀ ਬੀਬੀ ਨੂੰ ਨਾਲ ਲੈ ਕੇ ਝੋਨਾ ਲਾਉਣ ਲੱਗ ਪਈਂ। ਆਥਣ ਨੂੰ ਦੋ ਤਿੰਨ ਕਨਾਲਾਂ ਤਾਂ ਲਾ ਹੀ ਦੇਵੋਗੇ। ਭਿੰਦਾ ਮਸ਼ਕਰੀ ਕਰਦਾ ਬੋਲਿਆ ਕਿ ਤਾਇਆ ਤੂੰ ਵੀ ਨਾਲ ਚਲਿਆ ਜਾਵੀਂ। ਨਾ ਆਵਦੀ ਬੁੜੀ ਨੂੰ ਭੇਜ ਦੇਈਂ, ਮੈਂ ਆਜੂ ਝੋਨਾ ਲਾਉਣ ਖੇਤ। ਜੀਤਾ ਗੁੱਸੇ ਹੋ ਕੋ ਬੋਲਿਆ ਕਿ ਕਿਉਂ ਭਕਾਈ ਕਰੀ ਜਾਂਦੇ ਹੋ। ਕੋਈ ਚੱਜ ਦੀ ਗੱਲ ਕਰੋ। ਹਾਂ ਦੱਸ ਫੇਰ ਬਾਪੂ ਚੱਜ ਦੀ ਗੱਲ , ਭਿੰਦਾ ਬੋਲਿਆ। ਨਾ ਮੈਂ ਕੀ ਦੱਸਾਂ, ਮੈਂ ਤਾਂ ਤੁਹਾਨੂੰ ਦੋਵੇਂ ਢੰਗ ਦੱਸ ਦਿੱਤੇ ਕਿ ਜਾਂ ਆਪ ਝੋਨਾ ਲਾਓ ਜਾਂ ਮਸ਼ੀਨ ਨਾਲ ਬੀਜੋ ਜਾਂ ਥੱਬਾ ਪੈਸਿਆਂ ਦਾ ਦੇਣ ਲਈ ਤਿਆਰ ਰਹੋ। ਤਿੰਨੇ ਮੂੰਹ ਲਟਕਾ ਕੇ ਬੈਠ ਜਾਂਦੇ ਹਨ। ਥੋੜੇ ਚਿਰ ਬਾਅਦ ਜੀਤੇ ਦਾ ਬਾਪੂ ਤਿੰਨਾਂ ਨੂੰ ਉਦਾਸ ਵੇਖ ਕੇ ਬੋਲਦਾ ਹੈ ਕਿ ਹੁਣ ਆਪਣੇ ਕੋਲ ਇੱਕ ਹੀ ਚਾਰਾ ਹੈ, ਜੋ ਅਸੀਂ ਸਾਰੇ ਕਰ ਸਕਦੇ ਹਾਂ। ਤਿੰਨੇ ਹੈਰਾਨੀ ਤੇ ਉਤਸੁਕਤਾ ਨਾਲ ਪੁੱਛਦੇ ਹਨ ਕਿ ਤਾਇਆ ਉਹ ਕੀ ਚਾਰਾ ਹੈ? ਬਾਪੂ ਕਹਿੰਦਾ ਹੈ ਕਿ ਉਹ ਪਰਮਾਤਮਾ ਅੱਗੇ ਅਰਦਾਸ ਹੈ ਜੋ ਅਸੀਂ ਮਿਲ ਕੇ ਕਰੀਏ ਕਿ ਹੇ ਪਰਮਾਤਮਾ ! ਇਸ ਕਰੋਨਾ ਨਾਮਕ ਭੈੜੀ ਮਹਾਂਮਾਰੀ ਨੂੰ ਖਤਮ ਕਰ ਤਾਂ ਜੋ ਸਾਰੇ ਆਪੋ ਆਪਣੇ ਕੰਮਾਂ ਤੇ ਮੁੜ ਪਰਤ ਆਉਣ ਤੇ ਲੋਕਾਈ ਨੂੰ ਸੁੱਖ ਦਾ ਸਾਹ ਆਵੇ। ਇਹ ਸੁਣ ਕੇ ਸਾਰੇ ਜਾਣੇ ਅਰਦਾਸ ਕਰਨ ਲੱਗ ਜਾਂਦੇ ਹਨ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761

...
...

ਮਤਰੇਈ ਮਾਂ ਕਈ ਦਿਨਾਂ ਤੋਂ ਦੇਖ ਰਿਹਾ ਸੀ ਕਿ ਇੱਕ ਨਰਸਰੀ ਕਲਾਸ ਵਿੱਚ ਪੜ੍ਹਦੀ 6 ਕੋ ਸਾਲ ਦੀ ਮਾਸੂਮ ਜਿਹੇ ਚੇਹਰੇ ਵਾਲੀ ਕੁੜੀ ਛੁੱਟੀ ਹੋਣ ਤੋਂ ਬਾਅਦ ਵੀ ਕਦੇ ਘਰ ਜਾਣ ਨੂੰ ਕਾਹਲੀ ਨਹੀਂ ਸੀ, ਬਾਕੀ ਬੱਚਿਆਂ ਦੀ ਤਰਾਂ ਛੁੱਟੀ ਹੋਣ ਤੇ ਕਦੇ ਖੁਸ਼ ਨਹੀਂ ਸੀ ਹੋਈ ਉਹ, ਘਰ ਜਾਣ ਨੂੰ ਕਦੇ ਕਾਹਲੇ ਨਹੀਂ ਸਨ ਪੈਰ ਉਸਦੇ ਨਾਂ ਹੀ ਕਦੇ ਉਸਨੂੰ ਅਗਾਊਂ ਛੁੱਟੀ ਦੀ ਖੁਸ਼ੀ ਮਹਿਸੂਸ ਹੋਈ ਸੀ, ਕਈਆਂ ਦਿਨਾਂ ਤੋਂ ਮੇਰੇ ਮਨ ਦੇ ਵਿੱਚ ਵਿਚਾਰ ਆ ਰਹੇ ਸਨ ਕਿ ਕੀ ਵਜਾ ਹੋ ਸਕਦੀ, ਫਿਰ ਇੱਕ ਦਿਨ ਸਕੂਲ ਵਿੱਚ ਕੋਈ ਅਚਾਨਕ ਛੁੱਟੀ ਕਰਨੀ ਪਈ ਜਦੋਂ ਬੱਚਿਆਂ ਅਚਾਨਕ ਛੁਟੀ ਦੀ ਅਨਾਉਂਸਮੈਂਟ ਸੁਣੀ ਤਾਂ ਬਹੁਤ ਖ਼ੁਸ਼ ਹੋ ਕੇ ਆਪਣੇ ਬੈਗ ਲੈ ਕੇ ਬੱਸ ਵੈਨਾ ਵਿੱਚ ਬੈਠਣ ਨੂੰ ਕਾਹਲੇ ਸਨ ਪਰ ਓਹ ਕੁੜੀ ਨੂੰ ਮੈਂ ਕਿਹਾ ਤੁਸੀਂ ਵੀ ਜਾਓ ਆਪਣੇ ਘਰ ਤਾਂ ਬਿਨਾਂ ਕੁਝ ਬੋਲਣ ਤੋਂ ਮੇਰੇ ਮੂੰਹ ਵੱਲ ਝਾਕੀ ਜਾ ਰਹੀ, ਪਰ ਕੁਛ ਬੋਲਦੀ ਨਹੀਂ ਸੀ, ਮੇਰੇ ਵਾਰ ਵਾਰ ਕਹਿਣ ਤੇ ਉਹ ਨਹੀਂ ਬੋਲੀ ਅਤੇ ਆਪਣੀ ਨਿਗ੍ਹਾ ਆਪਣੇ ਬੈਗ ਵਿੱਚ ਰੱਖੀ, ਜਦੋਂ ਮੈਂ ਕੋਲ ਜਾ ਕੇ ਸਿਰ ਉੱਪਰ ਹੱਥ ਰੱਖਦੇ ਨੇ ਉਹੀ ਗੱਲ ਦੁਰਹਾਈ ਤਾਂ ਉਸ ਬੱਚੀ ਦੀਆਂ ਅੱਖਾਂ ਵਿੱਚੋਂ ਪਤਾ ਨਹੀਂ ਕਿੰਨੇ ਕੋ ਅਥਰੂ ਵਹਿ ਤੁਰੇ, ਮੇਰੀ ਸਮਝ ਤੋਂ ਗੱਲ ਬਾਹਰ ਸੀ, ਜਦੋਂ ਮੈਂ ਉਸਦੇ ਇੱਕ ਕਲਾਸ ਮੇਟ ਬੱਚੇ ਨੂੰ ਪੁੱਛਿਆ ਜੋ ਉਸਦਾ ਗੁਆਂਢੀ ਸੀ ਤਾਂ ਉਸਨੇ ਜੋ ਉੱਤਰ ਦਿੱਤਾ ਉਸਨੇ ਮੈਨੂੰ ਵੀ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ, ਜਿਸਨੇ ਉਸਦੀ ਕਹਾਣੀ ਦਸਦਿਆਂ ਕਿਹਾ ਕਿ ਸਰ ਜੀ ਇਹ ਕੁੜੀ ਨੂੰ ਮਤਰੇਈ ਮਾਂ ਪਾਲ ਰਹੀ ਹੈ, ਜੋ ਘਰ ਜਾਣ ਤੇ ਇਸ ਬੱਚੀ ਤੇ ਕਈ ਤਰ੍ਹਾਂ ਦੇ ਤਸ਼ੱਦਦਤ ਕਰਦੀ, ਹਾਲਾਂਕਿ ਬਾਪ ਮਤਰੇਆ ਨਹੀਂ ਪਰ ਪਿਓ ਦੀ ਕੋਈ ਵੁੱਕਤ ਨਹੀਂ ਘਰ ਵਿੱਚ ਇਸਦੀ ਮਾਂ ਦੀ ਚੱਲਦੀ, ਜਦੋਂ ਇਹ ਕੁੜੀ ਘਰ ਹੋਏ ਤਾਂ ਇਸਨੂੰ ਘਰ ਵਿੱਚ ਹਰ ਰੋਜ ਕੁੱਟਿਆ ਜਾਂਦਾ, ਅਤੇ ਕਈ ਵਾਰ ਤਾਂ ਰੋਟੀ ਵੀ ਨਹੀਂ ਦਿੱਤੀ ਜਾਂਦੀ, ਇਹ ਸਭ ਕੁਝ ਸੁਣ ਕੇ ਮੈਂ ਸੁਨ ਹੋ ਗਿਆ, ਸਭ ਕੁਛ ਸੁਣਨ ਤੋਂ ਬਾਅਦ ਮੇਰੇ ਕੋਲ ਕੋਈ ਸ਼ਬਦ ਨਹੀਂ ਸੀ ਕੁੜੀ ਨੂੰ ਦੁਬਾਰਾ ਘਰ ਜਾਣ ਨੂੰ ਕਹਾ, ਅਤੇ ਉਹ ਮਾਸੂਮ ਕੁੜੀ ਆਪਣੀ ਆਪ ਬੀਤੀ ਸੁਣ ਕੇ ਹੋਰ ਜਿਆਦਾ ਭਾਵੁਕ ਹੋ ਕੇ ਰੋਣ ਲੱਗੀ। ਅਤੇ ਮੇਰੇ ਪੈਰਾਂ ਵਿੱਚ ਡਿੱਗ ਕੇ ਕਹਿਣ ਲੱਗੀ ਮੈਂ ਘਰ ਨਹੀਂ ਜਾਣਾ ਨਹੀਂ ਜਾਣਾ ਮੈਂ ਪੂਰੀ ਛੁੱਟੀ ਹੀ ਜਾਊਂ।।।

ਲੇਖਕ ਜਗਜੀਤ ਸਿੰਘ ਡੱਲ

...
...

ਅੰਮ੍ਰਿਤਸਰ ਤੋਂ ਟਰੇਨ ਸੁਭਾ ਦੇ ਦੋ ਵਜੇ ਚੱਲੀ ਅਤੇ ਅੱਠ ਘੰਟਿਆਂ ਤੋਂ ਬਾਅਦ ਮੁਗਲਪੁਰਾ ਪਹੁੰਚੀ । ਰਸਤੇ ਵਿੱਚ ਕਈ ਆਦਮੀ ਮਾਰੇ ਗਏ। ਅਨੇਕ ਜ਼ਖਮੀ ਹੋਏ ਅਤੇ ਕੁੱਝ ਇੱਧਰ-ਉੱਧਰ ਭਟਕ ਗਏ।
ਸੁਭਾ ਦਸ ਵਜੇ ਕੈਂਪ ਦੀ ਠੰਡੀ ਜ਼ਮੀਨ ਉੱਤੇ ਜਦੋਂ ਸਰਾਜੁਦੀਨ ਨੇ ਅੱਖਾਂ ਖੋਲ੍ਹੀਆਂ ਅਤੇ ਆਪਣੇ ਚਾਰੇ ਪਾਸੇ ਮਰਦਾਂ, ਔਰਤਾਂ ਅਤੇ ਬੱਚਿਆਂ ਦਾ ਇੱਕ ਉਮੜਦਾ ਸਮੁੰਦਰ ਦੇਖਿਆ ਤਾਂ ਉਸ ਦੀਆਂ ਸੋਚਣ ਸਮਝਣ ਦੀਆਂ ਤਾਕਤਾਂ ਹੋਰ ਵੀ ਬੁੱਢੀਆਂ ਹੋ ਗਈਆਂ ਅਤੇ ਉਹ ਦੇਰ ਤੱਕ ਗੰਧਲੇ ਅਸਮਾਨ ਨੂੰ ਟਿਕਟਿਕੀ ਬੰਨ੍ਹੀ ਦੇਖਦਾ ਰਿਹਾ। ਉਂਝ ਤਾਂ ਕੈਂਪ ਵਿੱਚ ਰੌਲ਼ਾ ਪੈ ਰਿਹਾ ਸੀ, ਪਰ ਬੁੱਢੇ ਸਰਾਜੁਦੀਨ ਦੇ ਕੰਨ ਜਿਵੇਂ ਬੰਦ ਸਨ। ਜਿਵੇਂ ਕੁੱਝ ਸੁਣਾਈ ਨਹੀਂ ਦਿੰਦਾ ਸੀ। ਕੋਈ ਉਸਨੂੰ ਦੇਖਦਾ ਤਾਂ ਇਹ ਖਿਆਲ ਕਰਦਾ ਕਿ ਉਹ ਕਿਸੇ ਗਹਿਰੀ ਨੀਂਦ ਵਿੱਚ ਗਰਕ ਹੈ ਪਰ ਅਜਿਹਾ ਨਹੀਂ ਸੀ। ਉਸਦੇ ਹੋਸ਼-ਹਵਾਸ਼ ਗਾਇਬ ਸਨ। ਉਸਦੀ ਸਾਰੀ ਹੋਂਦ ਖਲਾਅ ਵਿੱਚ ਲਟਕੀ ਹੋਈ ਸੀ।
ਗੰਧਲੇ ਅਸਮਾਨ ਵੱਲ ਬਗੈਰ ਕਿਸੇ ਇਰਾਦੇ ਦੇ ਦੇਖਦਿਆਂ ਸਰਾਜੁਦੀਨ ਦੀਆਂ ਨਜ਼ਰਾਂ ਸੂਰਜ ਨਾਲ਼ ਟਕਰਾਈਆਂ। ਤੇਜ਼ ਰੌਸ਼ਨੀ ਉਸਦੀ ਹੋਂਦ ਦੀ ਰਗ-ਰਗ ਵਿੱਚ ਉੱਤਰ ਗਈ ਅਤੇ ਉਹ ਜਾਗ ਉੱਠਿਆ। ਉੱਪਰ-ਥੱਲੇ ਉਸਦੇ ਦਿਮਾਗ਼ ਵਿੱਚ ਕਈ ਤਸਵੀਰਾਂ ਦੌੜ ਗਈਆਂ — ਲੁੱਟ, ਅੱਗ, ਭੱਜਾ-ਦੌੜੀ, ਸਟੇਸ਼ਨ-ਗੋਲ਼ੀਆਂ, ਰਾਤ ਅਤੇ ਸਕੀਨਾ … ਸਰਾਜੁਦੀਨ ਇੱਕ ਦਮ ਉੱਠ ਖੜਾ ਹੋਇਆ ਅਤੇ ਪਾਗ਼ਲਾਂ ਦੀ ਤਰ੍ਹਾਂ ਉਸਨੇ ਚਾਰੇ ਪਾਸੇ ਫੈਲੇ ਹੋਏ ਇਨਸਾਨਾਂ ਦੇ ਸਮੁੰਦਰ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ।
ਪੂਰੇ ਤਿੰਨ ਘੰਟੇ ਉਹ ‘ਸਕੀਨਾ, ਸਕੀਨਾ’ ਪੁਕਾਰਦਾ ਰਿਹਾ, ਕੈਂਪ ਦੀ ਖਾਕ ਛਾਣਦਾ ਰਿਹਾ ਪਰ ਉਸਨੂੰ ਆਪਣੀ ਜਵਾਨ ਇਕਲੌਤੀ ਧੀ ਦਾ ਕੋਈ ਪਤਾ ਨਾ ਲੱਗਿਆ। ਚਾਰੇ ਪਾਸੇ ਇੱਕ ਧਾਂਦਲੀ ਜਿਹੀ ਮੱਚੀ ਹੋਈ ਸੀ। ਕੋਈ ਆਪਣਾ ਬੱਚਾ ਲੱਭ ਰਿਹਾ ਸੀ, ਕੋਈ ਮਾਂ, ਕੋਈ ਪਤਨੀ ਕੋਈ ਬੇਟੀ। ਸਰਾਜੁਦੀਨ ਥੱਕ ਹਾਰ ਕੇ ਇੱਕ ਪਾਸੇ ਬੈਠ ਗਿਆ ਅਤੇ ਦਿਮਾਗ਼ ਉੱਤੇ ਜ਼ੋਰ ਦੇ ਕੇ ਸੋਚਣ ਲੱਗਾ ਕਿ ਸਕੀਨਾ ਉਸ ਨਾਲ਼ ਕਦੋਂ ਅਤੇ ਕਿੱਥੇ ਅਲੱਗ ਹੋਈ, ਪਰ ਸੋਚਦੇ-ਸੋਚਦੇ ਉਸਦਾ ਦਿਮਾਗ਼ ਸਕੀਨਾ ਦੀ ਮਾਂ ਦੀ ਲਾਸ਼ ਉੱਤੇ ਜੰਮ ਜਾਂਦਾ, ਜਿਸ ਦੀਆਂ ਸਾਰੀਆਂ ਆਂਤਾਂ ਬਾਹਰ ਨਿੱਕਲ਼ੀਆਂ ਹੋਈਆਂ ਸਨ। ਉਸ ਤੋਂ ਅੱਗੇ ਉਹ ਹੋਰ ਕੁੱਝ ਨਾ ਸੋਚ ਸਕਿਆ।
ਸਕੀਨਾ ਦੀ ਮਾਂ ਮਰ ਚੁੱਕੀ ਸੀ। ਉਸਨੇ ਸਰਾਜੁਦੀਨ ਦੀਆਂ ਅੱਖਾਂ ਦੇ ਸਾਹਮਣੇ ਦਮ ਤੋੜਿਆ ਸੀ, ਪਰ ਸਕੀਨਾ ਕਿੱਥੇ ਸੀ, ਜਿਸ ਬਾਰੇ ਉਸਦੀ ਮਾਂ ਨੇ ਮਰਦੇ ਹੋਏ ਕਿਹਾ ਸੀ, “ਮੈਨੂੰ ਛੱਡ ਦਿਓ ਅਤੇ ਸਕੀਨਾ ਨੂੰ ਲੈ ਕੇ ਜਲਦੀ ਇੱਥੋਂ ਭੱਜ ਜਾਓ।”
ਸਕੀਨਾ ਉਸਦੇ ਨਾਲ਼ ਹੀ ਸੀ। ਦੋਵੇਂ ਨੰਗੇ ਪੈਰੀਂ ਭੱਜ ਰਹੇ ਸਨ। ਸਕੀਨਾ ਦਾ ਦੁਪੱਟਾ ਡਿਗ ਪਿਆ ਸੀ, ਉਸਨੂੰ ਉਠਾਉਣ ਲਈ ਉਸਨੇ ਰੁਕਣਾ ਚਾਹਿਆ ਸੀ। ਸਕੀਨਾ ਨੇ ਚੀਕ ਕੇ ਕਿਹਾ ਸੀ, “ਅੱਬਾ ਜੀ ਛੱਡੋ।” ਪਰ ਉਸਨੇ ਦੁਪੱਟਾ ਚੁੱਕ ਲਿਆ ਸੀ। … ਇਹ ਸੋਚਦੇ-ਸੋਚਦੇ ਉਸਨੇ ਆਪਣੀ ਉੱਭਰੀ ਹੋਈ ਕੋਟ ਦੀ ਜੇਬ ਵੱਲ ਵੇਖਿਆ ਅਤੇ ਉਸ ਵਿੱਚ ਹੱਥ ਪਾ ਕੇ ਇੱਕ ਕੱਪੜਾ ਕੱਢਿਆ, ਇਹ ਸਕੀਨਾ ਦਾ ਉਹੀ ਦੁਪੱਟਾ ਸੀ, ਪਰ ਸਕੀਨਾ ਕਿੱਥੇ ਸੀ?
ਸਰਾਜੁਦੀਨ ਨੇ ਆਪਣੇ ਥੱਕੇ ਹੋਏ ਦਿਮਾਗ਼ ਉੱਤੇ ਬਹੁਤ ਜ਼ੋਰ ਦਿੱਤਾ ਪਰ ਉਹ ਕਿਸੇ ਨਤੀਜੇ ਉੱਤੇ ਨਾ ਪਹੁੰਚ ਸਕਿਆ। ਕੀ ਉਹ ਸਕੀਨਾ ਨੂੰ ਆਪਣੇ ਨਾਲ਼ ਸਟੇਸ਼ਨ ਤੱਕ ਲੈ ਆਇਆ ਸੀ? ਕੀ ਉਹ ਉਸਦੇ ਨਾਲ਼ ਹੀ ਗੱਡੀ ਵਿੱਚ ਸਵਾਰ ਸੀ? ਰਸਤੇ ਵਿੱਚ ਜਦੋਂ ਗੱਡੀ ਰੋਕੀ ਗਈ ਸੀ ਅਤੇ ਬਲਵਾਈ ਅੰਦਰ ਵੜ ਆਏ ਸਨ, ਤਾਂ ਕੀ ਉਹ ਬੇਹੋਸ਼ ਹੋ ਗਿਆ ਸੀ, ਜੋ ਉਹ ਸਕੀਨਾ ਨੂੰ ਚੁੱਕ ਕੇ ਲੈ ਗਏ?
ਸਰਾਜੁਦੀਨ ਦੇ ਦਿਮਾਗ਼ ਵਿੱਚ ਸਵਾਲ ਹੀ ਸਵਾਲ ਸਨ, ਜਵਾਬ ਕੋਈ ਵੀ ਨਹੀਂ ਸੀ। ਉਸਨੂੰ ਹਮਦਰਦੀ ਦੀ ਲੋੜ ਸੀ। ਸਰਾਜੁਦੀਨ ਨੇ ਰੋਣਾ ਚਾਹਿਆ ਪਰ ਅੱਖਾਂ ਨੇ ਉਸਦੀ ਮਦਦ ਨਹੀਂ ਕੀਤੀ। ਹੰਝੂ ਪਤਾ ਨਹੀਂ ਕਿੱਥੇ ਅਲੋਪ ਹੋ ਗਏ ਸਨ।
ਛੇ ਦਿਨਾਂ ਬਾਅਦ ਜਦੋਂ ਹੋਸ਼ੋ-ਹਵਾਸ ਕਿਸੇ ਹੱਦ ਤੱਕ ਦਰੁਸਤ ਹੋਏ ਤਾਂ ਸਰਾਜੁਦੀਨ ਉਨ੍ਹਾਂ ਲੋਕਾਂ ਨੂੰ ਮਿਲ਼ਿਆ ਜੋ ਉਸਦੀ ਮਦਦ ਕਰਨ ਲਈ ਤਿਆਰ ਸਨ। ਅੱਠ ਨੌਜਵਾਨ ਸਨ, ਜਿਨ੍ਹਾਂ ਕੋਲ਼ ਡਾਂਗਾਂ ਸਨ, ਬੰਦੂਕਾਂ ਸਨ। ਸਰਾਜੁਦੀਨ ਨੇ ਉਨ੍ਹਾਂ ਨੂੰ ਲੱਖ-ਲੱਖ ਦੁਆਵਾਂ ਦਿੱਤੀਆਂ ਅਤੇ ਸਕੀਨਾ ਦਾ ਹੁਲੀਆ ਦੱਸਿਆ, “ਗੋਰਾ ਰੰਗ ਹੈ ਅਤੇ ਬਹੁਤ ਖੂਬਸੂਰਤ ਹੈ … ਮੇਰੇ ਉੱਤੇ ਨਹੀਂ ਆਪਣੇ ਮਾਂ ਉੱਤੇ ਸੀ … ਉਮਰ ਸਤਾਰਾਂ ਵਰ੍ਹਿਆਂ ਦੇ ਕਰੀਬ ਹੈ। … ਅੱਖਾਂ ਵੱਡੀਆਂ-ਵੱਡੀਆਂ … ਵਾਲ਼ ਸਿਆਹ … ਸੱਜੀ ਗੱਲ੍ਹ ਉੱਤੇ ਮੋਟਾ ਜਿਹਾ ਤਿਲ … ਮੇਰੀ ਇਕਲੌਤੀ ਧੀ ਹੈ। ਲੱਭ ਲਿਆਓ ਖੁਦਾ ਤੁਹਾਡਾ ਭਲਾ ਕਰੇਗਾ।”
ਰਜਾਕਾਰ ਨੌਜਵਾਨਾਂ ਨੇ ਬੜੇ ਜਜ਼ਬੇ ਨਾਲ਼ ਬੁੱਢੇ ਸਰਾਜੁਦੀਨ ਨੂੰ ਯਕੀਨ ਦਿਵਾਇਆ ਕਿ ਜੇ ਉਸਦੀ ਧੀ ਜਿਉਂਦੀ ਹੋਈ ਤਾਂ ਕੁੱਝ ਦਿਨਾਂ ਵਿੱਚ ਹੀ ਉਸਦੇ ਕੋਲ਼ ਹੋਵੇਗੀ।
ਅੱਠਾਂ ਨੌਜਵਾਨਾਂ ਨੇ ਕੋਸ਼ਿਸ਼ ਕੀਤੀ। ਜਾਨ ਹਥੇਲ਼ੀ ਉੱਤੇ ਰੱਖ ਕੇ ਉਹ ਅੰਮ੍ਰਿਤਸਰ ਗਏ। ਕਈ ਥਾਵਾਂ ਅਤੇ ਬੱਚਿਆਂ ਨੂੰ ਕੱਢ-ਕੱਢ ਕੇ ਉਨ੍ਹਾਂ ਨੇ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ। ਦਸ ਦਿਨ ਗੁਜ਼ਰ ਗਏ ਪਰ ਉਹਨਾਂ ਨੂੰ ਸਕੀਨਾ ਨਾ ਮਿਲ਼ੀ।
ਇੱਕ ਦਿਨ ਇਸੇ ਸੇਵਾ ਦੇ ਲਈ ਲਾਰੀ ਉੱਤੇ ਅੰਮ੍ਰਿਤਸਰ ਜਾ ਰਹੇ ਸਨ ਕਿ ਛੇਹਰਟਾ ਦੇ ਕੋਲ਼ ਸੜਕ ਉੱਤੇ ਉਨ੍ਹਾਂ ਨੂੰ ਇੱਕ ਕੁੜੀ ਦਿਖਾਈ ਦਿੱਤੀ। ਲਾਰੀ ਦੀ ਅਵਾਜ਼ ਸੁਣ ਕੇ ਉਹ ਬਿਦਕੀ ਤੇ ਭੱਜਣਾ ਸ਼ੁਰੂ ਕਰ ਦਿੱਤਾ। ਰਜਾਕਾਰਾਂ ਨੇ ਮੋਟਰ ਰੋਕੀ ਅਤੇ ਸਾਰੇ ਦੇ ਸਾਰੇ ਉਸਦੇ ਪਿੱਛੇ ਭੱਜੇ। ਇੱਕ ਖੇਤ ਵਿੱਚ ਉਹਨਾਂ ਨੇ ਲੜਕੀ ਨੂੰ ਫੜ ਲਿਆ। ਦੇਖਿਆ ਤਾਂ ਬਹੁਤ ਖੂਬਸੂਰਤ ਸੀ। ਸੱਜੀ ਗੱਲ ਉੱਤੇ ਬਹੁਤ ਮੋਟਾ ਕਾਲ਼ਾ ਤਿਲ ਸੀ। ਇੱਕ ਮੁੰਡੇ ਨੇ ਉਸਨੂੰ ਕਿਹਾ, “ਘਬਰਾ ਨਾ, ਕੀ ਤੇਰਾ ਨਾਮ ਸਕੀਨਾ ਹੈ?”
ਕੁੜੀ ਦਾ ਰੰਗ ਹੋਰ ਵੀ ਪੀਲ਼ਾ ਪੈ ਗਿਆ। ਉਸਨੇ ਕੋਈ ਜਵਾਬ ਨਹੀਂ ਦਿੱਤਾ। ਪਰ ਜਦੋਂ ਬਾਕੀ ਮੁੰਡਿਆਂ ਨੇ ਉਸਨੂੰ ਦਮ ਦਿਲਾਸਾ ਦਿੱਤਾ ਤਾਂ ਉਸਦੀ ਦਹਿਸ਼ਤ ਦੂਰ ਹੋਈ ਅਤੇ ਉਸਨੇ ਮੰਨ ਲਿਆ ਕਿ ਉਹ ਸਰਾਜੁਦੀਨ ਦੀ ਧੀ ਸਕੀਨਾ ਹੈ।
ਅੱਠ ਰਜਾਕਾਰ ਨੌਜਵਾਨਾਂ ਨੇ ਇਸ ਤਰ੍ਹਾਂ ਸਕੀਨਾ ਦੀ ਦਿਲਜੋਈ ਕੀਤੀ। ਉਸਨੂੰ ਖਾਣਾ ਖੁਆਇਆ, ਦੁੱਧ ਪਿਆਇਆ ਅਤੇ ਲਾਰੀ ਵਿੱਚ ਬਿਠਾ ਦਿੱਤਾ। ਇੱਕ ਨੇ ਆਪਣਾ ਕੋਟ ਲਾਹ ਕੇ ਉਸਨੂੰ ਦੇ ਦਿੱਤਾ, ਕਿਉਂਕਿ ਦੁਪੱਟਾ ਨਾ ਹੋਣ ਕਾਰਨ ਉਹ ਬਹੁਤ ਉਲ਼ਝਣ ਮਹਿਸੂਸ ਕਰ ਰਹੀ ਸੀ ਅਤੇ ਵਾਰ-ਵਾਰ ਆਪਣੀਆਂ ਬਾਹਾਂ ਨਾਲ਼ ਆਪਣੇ ਸੀਨੇ ਨੂੰ ਢਕਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਸੀ।
ਕਈ ਦਿਨ ਬੀਤ ਗਏ, ਸਰਾਜੁਦੀਨ ਨੂੰ ਸਕੀਨਾ ਦੀ ਕੋਈ ਖ਼ਬਰ ਨਾ ਮਿਲ਼ੀ। ਉਹ ਦਿਨ ਭਰ ਵੱਖ-ਵੱਖ ਕੈਂਪਾਂ ਅਤੇ ਦਫ਼ਤਰਾਂ ਦੇ ਚੱਕਰ ਕੱਟਦਾ ਰਹਿੰਦਾ, ਪਰ ਕਿਤੋਂ ਵੀ ਉਸਦੀ ਧੀ ਦਾ ਪਤਾ ਨਾ ਚੱਲਿਆ। ਰਾਤ ਨੂੰ ਉਹ ਬਹੁਤ ਦੇਰ ਤੱਕ ਉਨ੍ਹਾਂ ਰਜਾਕਾਰ ਨੌਜਵਾਨਾਂ ਦੀ ਕਾਮਯਾਬੀ ਲਈ ਦੁਆ ਮੰਗਦਾ ਰਹਿੰਦਾ ਜਿਨ੍ਹਾਂ ਨੇ ਉਸਨੂੰ ਯਕੀਨ ਦਿਵਾਇਆ ਸੀ ਕਿ ਜੇ ਸਕੀਨਾ ਜਿਉਂਦੀ ਹੋਈ ਤਾਂ ਕੁੱਝ ਦਿਨਾਂ ਵਿੱਚ ਉਸਨੂੰ ਲੱਭ ਲਿਆਉਣਗੇ।
ਇੱਕ ਦਿਨ ਸਰਾਜੁਦੀਨ ਨੇ ਕੈਂਪ ਵਿੱਚ ਉਨ੍ਹਾਂ ਰਜਾਕਾਰ ਨੌਜਵਾਨਾਂ ਨੂੰ ਦੇਖਿਆ। ਲਾਰੀ ਵਿੱਚ ਬੈਠੇ ਸਨ। ਸਰਾਜੁਦੀਨ ਭੱਜਿਆ-ਭੱਜਿਆ ਉਨ੍ਹਾਂ ਕੋਲ਼ ਗਿਆ। ਲਾਰੀ ਚੱਲਣ ਹੀ ਵਾਲ਼ੀ ਸੀ ਕਿ ਉਸਨੇ ਪੁੱਛਿਆ — “ਬੇਟਾ ਮੇਰੀ ਸਕੀਨਾ ਦਾ ਪਤਾ ਲੱਗਾ?”
ਸਭ ਨੇ ਇੱਕ ਜਵਾਬ ਹੋਕੇ ਕਿਹਾ, “ਲੱਗ ਜਾਵੇਗਾ, ਲੱਗ ਜਾਵੇਗਾ।” ਅਤੇ ਲਾਰੀ ਅੱਗੇ ਵਧਾ ਦਿੱਤੀ। ਸਰਾਜੁਦੀਨ ਨੇ ਇੱਕ ਵਾਰ ਫੇਰ ਉਨ੍ਹਾਂ ਨੌਜਵਾਨਾਂ ਦੀ ਕਾਮਯਾਬੀ ਲਈ ਦੁਆ ਮੰਗੀ ਅਤੇ ਉਸਦਾ ਜੀਅ ਕੁੱਝ ਹਲਕਾ ਹੋਣ ਲੱਗਾ।
ਸ਼ਾਮ ਦੇ ਕਰੀਬ ਚਾਰ ਵਜੇ ਕੈਂਪ ਵਿੱਚ ਜਿੱਥੇ ਸਰਾਜੁਦੀਨ ਬੈਠਾ ਸੀ ਉਸਦੇ ਕੋਲ਼ ਹੀ ਕੁੱਝ ਗੜਬੜ ਜਿਹੀ ਹੋਈ। ਚਾਰ ਆਦਮੀ ਕੁੱਝ ਚੁੱਕ ਕੇ ਲਿਆ ਰਹੇ ਸਨ। ਉਸ ਨੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਇੱਕ ਕੁੜੀ ਰੇਲਵੇ ਲਾਈਨ ਦੇ ਕੋਲ਼ ਬੇਹੋਸ਼ ਪਈ ਸੀ। ਲੋਕ ਉਸਨੂੰ ਚੁੱਕ ਕੇ ਲਿਆਏ ਹਨ। ਸਰਾਜੁਦੀਨ ਉਨ੍ਹਾਂ ਦੇ ਪਿੱਛੇ ਹੋ ਲਿਆ। ਲੋਕਾਂ ਨੇ ਕੁੜੀ ਨੂੰ ਹਸਪਤਾਲ ਵਾਲ਼ਿਆਂ ਦੇ ਸਪੁਰਦ ਕੀਤਾ ਅਤੇ ਚਲੇ ਗਏ।
ਕੁੱਝ ਦੇਰ ਉਹ ਇੰਝ ਹੀ ਹਸਪਤਾਲ ਦੇ ਬਾਹਰ ਲੱਗੇ ਹੋਏ ਲੱਕੜਾਂ ਦੇ ਖੰਭੇ ਨਾਲ਼ ਲੱਗ ਕੇ ਖੜਾ ਰਿਹਾ। ਫੇਰ ਹੌਲ਼ੀ-ਹੌਲ਼ੀ ਅੰਦਰ ਚਲਾ ਗਿਆ। ਕਮਰੇ ਵਿੱਚ ਕੋਈ ਨਹੀਂ ਸੀ। ਇੱਕ ਸਟਰੈਚਰ ਸੀ, ਜਿਸ ਉੱਤੇ ਇੱਕ ਲਾਸ਼ ਪਈ ਸੀ। ਸਰਾਜੁਦੀਨ ਛੋਟੇ-ਛੋਟੇ ਕਦਮ ਚੁੱਕਦਾ ਹੋਇਆ ਉਸ ਵੱਲ ਵਧਿਆ। ਕਮਰੇ ਵਿੱਚ ਰੌਸ਼ਨੀ ਹੋਈ। ਸਰਾਜੁਦੀਨ ਨੇ ਲਾਸ਼ ਦੇ ਚਿਹਰੇ ਉੱਤੇ ਚਮਕਦਾ ਹੋਇਆ ਤਿਲ ਦੇਖਿਆ ਅਤੇ ਚੀਕਿਆ, “ਸਕੀਨਾ।”
ਸਰਾਜੁਦੀਨ ਦੇ ਹਲ਼ਕ ਵਿੱਚੋਂ ਸਿਰਫ਼ ਇੰਨਾ ਨਿੱਕਲ਼ ਸਕਿਆ, “ਜੀ ਮੈਂ … ਜੀ ਮੈਂ … ਇਸਦਾ ਬਾਪ ਹਾਂ।”
ਡਾਕਟਰ ਨੇ ਸਟਰੈਚਰ ‘ਤੇ ਪਈ ਲਾਸ਼ ਦੀ ਨਬਜ਼ ਦੇਖੀ ਅਤੇ ਸਰਾਜੁਦੀਨ ਨੂੰ ਕਿਹਾ, “ਖਿੜਕੀ ਖੋਲ੍ਹ ਦੋ।”
ਸਕੀਨਾ ਦੇ ਮੁਰਦਾ ਜਿਸਮ ਵਿੱਚ ਹਲਚਲ ਹੋਈ। ਬੇਜਾਨ ਹੱਥਾਂ ਨਾਲ਼ ਉਸਨੇ ਨਾਲ਼ਾ ਖੋਲ੍ਹ ਦਿੱਤਾ ਅਤੇ ਸਲਵਾਰ ਹੇਠਾਂ ਖਿਸਕਾ ਦਿੱਤੀ। ਬੁੱਢਾ ਸਰਾਜੁਦੀਨ ਖ਼ੁਸ਼ੀ ਨਾਲ਼ ਚੀਕਿਆ, “ਜਿਉਂਦੀ ਹੈ — ਮੇਰੀ ਧੀ ਜਿਉਂਦੀ ਹੈ।”
ਡਾਕਟਰ ਸਿਰ ਤੋਂ ਪੈਰ ਤੱਕ ਪਸੀਨੇ ਵਿੱਚ ਗਰਕ ਹੋ ਗਿਆ।

...
...

ਨ੍ਹਾ ਰਾਮ ਨੰਨ੍ਹਾ ਤਾਂ ਸੀ ਪਰ ਸ਼ਰਾਰਤਾਂ ਦੇ ਲਿਹਾਜ਼ ਨਾਲ ਬਹੁਤ ਵੱਡਾ ਸੀ। ਚਿਹਰੇ ਤੋਂ ਬੇਹੱਦ ਭੋਲਾ ਭਾਲਾ ਜਾਪਦਾ। ਕੋਈ ਨਕਸ਼ ਅਜਿਹਾ ਨਹੀਂ ਸੀ ਜਿਸ ਤੋਂ ਸ਼ੋਖੀ ਦਾ ਪਤਾ ਲਗਦਾ ਹੋਵੇ। ਉਸ ਦੇ ਸਰੀਰ ਦਾ ਹਰ ਅੰਗ ਭੱਦੇਪਣ ਦੀ ਹਾਲਤ ਤਕ ਮੋਟਾ ਸੀ। ਜਦੋਂ ਤੁਰਦਾ ਤਾਂ ਇਉਂ ਲਗਦਾ ਜਿਵੇਂ ਫੁੱਟਬਾਲ ਲੁੜ੍ਹਕ ਰਿਹਾ ਹੈ। ਉਮਰ ਮੁਸ਼ਕਿਲ ਨਾਲ ਅੱਠ ਵਰ੍ਹਿਆਂ ਦੀ ਹੋਵੇਗੀ, ਮਗਰ ਅੰਤਾਂ ਦਾ ਜ਼ਹੀਨ ਤੇ ਚਲਾਕ ਸੀ। ਐਪਰ ਉਸ ਦੀ ਜ਼ਹਾਨਤ ਤੇ ਚਲਾਕੀ ਦਾ ਪਤਾ ਉਸ ਦੇ ਸ਼ਕਲ-ਸੂਰਤ ਤੋਂ ਲਾਉੇਣਾ ਬਹੁਤ ਮੁਸ਼ਕਿਲ ਸੀ। ਰਾਮ ਦੇ ਪਿਤਾ ਮਿਸਟਰ ਰਾਮਾ ਸ਼ੰਕਰ ਅਚਾਰੀਆ ਐਮ[ਏ[ ਐਲ਼ਐਲ਼ਬੀ[ ਕਿਹਾ ਕਰਦੇ ਸਨ, “ਮੂੰਹ ਵਿਚ ਰਾਮ ਰਾਮ ਅਤੇ ਬਗ਼ਲ ਵਿਚ ਛੁਰੀ” ਵਾਲੀ ਮਿਸਾਲ ਇਸ ਰਾਮ ਲਈ ਹੀ ਬਣਾਈ ਗਈ ਹੈ।
ਰਾਮ ਦੇ ਮੂੰਹ ਤੋਂ ਰਾਮ ਰਾਮ ਤਾਂ ਕਿਸੇ ਨੇ ਸੁਣਿਆ ਨਹੀਂ ਸੀ। ਹਾਂ, ਉਸ ਦੀ ਬਗ਼ਲ ਵਿਚ ਛੁਰੀ ਦੀ ਥਾਂ ਇਕ ਛੋਟੀ ਜਿਹੀ ਛੜੀ ਜ਼ਰੂਰ ਹੁੰਦੀ ਸੀ ਜਿਸ ਨਾਲ ਉਹ ਕਦੇ ਕਦੇ ਡਗਲਸ ਫੇਅਰਬੈਂਕਸ ਯਾਨਿ ਬਗ਼ਦਾਦੀ ਚੋਰ ਦੀ ਤਲਵਾਰਬਾਜ਼ੀ ਦੀ ਨਕਲ ਕਰਿਆ ਕਰਦਾ ਸੀ।
ਜਦੋਂ ਰਾਮ ਦੀ ਮਾਂ ਮਿਸਿਜ਼ ਰਾਮਾ ਸ਼ੰਕਰ ਅਚਾਰੀਆ ਉਸ ਨੂੰ ਕੰਨਾਂ ਤੋਂ ਫੜ ਕੇ ਉਸ ਦੇ ਬਾਪ ਦੇ ਸਾਹਮਣੇ ਲਿਆਈ ਤਾਂ ਉਹ ਬਿਲਕੁਲ ਖਾਮੋਸ਼ ਸੀ। ਅੱਖਾਂ ਖੁਸ਼ਕ ਸਨ। ਉਸ ਦਾ ਇਕ ਕੰਨ ਜੋ ਮਾਂ ਦੇ ਹੱਥ ਵਿਚ ਸੀ, ਦੂਜੇ ਕੰਨ ਨਾਲੋਂ ਵੱਡਾ ਜਾਪਦਾ ਸੀ। ਉਹ ਮੁਸਕਰਾ ਰਿਹਾ ਸੀ ਪਰ ਉਸ ਦੀ ਮੁਸਕਰਾਹਟ ਵਿਚ ਅੰਤਾਂ ਦਾ ਭੋਲਾਪਣ ਸੀ। ਮਾਂ ਦਾ ਚਿਹਰਾ ਗੁੱਸੇ ਨਾਲ ਲਾਲ ਪੀਲ਼ਾ ਹੋਇਆ ਪਿਆ ਸੀ। ਜਦਕਿ ਉਸ ਦੇ ਚਿਹਰੇ ਤੋਂ ਲਗਦਾ ਸੀ ਕਿ ਉਹ ਆਪਣੀ ਮਾਂ ਨਾਲ ਖੇਡ ਰਿਹਾ ਹੈ ਅਤੇ ਆਪਣੇ ਕੰਨ ਨੂੰ ਮਾਂ ਦੇ ਹੱਥ ਵਿਚ ਦੇ ਕੇ ਇਕ ਖਾਸ ਕਿਸਮ ਦਾ ਸੁਆਦ ਲੈ ਰਿਹਾ ਹੈ ਜਿਸ ਨੂੰ ਉਹ ਦੂਜਿਆਂ ਅੱਗੇ ਜ਼ਾਹਿਰ ਨਹੀਂ ਕਰਨਾ ਚਾਹੁੰਦਾ।
ਜਦ ਰਾਮ ਮਿਸਟਰ ਸ਼ੰਕਰ ਆਚਾਰੀਆ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਹ ਆਰਾਮ ਕੁਰਸੀ ਉਤੇ ਜਚ ਕੇ ਬੈਠ ਗਏ ਕਿ ਇਸ ਨਾਲਾਇਕ ਦੇ ਕੰਨ ਖਿੱਚਣ। ਹਾਲਾਂਕਿ ਉਹ ਉਸ ਦੇ ਕੰਨ ਖਿੱਚ ਖਿੱਚ ਕੇ ਕਾਫੀ ਜ਼ਿਆਦਾ ਲੰਮੇ ਕਰ ਚੁੱਕੇ ਸਨ ਤੇ ਉਸ ਦੀਆਂ ਸ਼ਰਾਰਤਾਂ ਵਿਚ ਕੋਈ ਫਰਕ ਨਹੀਂ ਆਇਆ ਸੀ। ਉਹ ਅਦਾਲਤ ਵਿਚ ਕਾਨੂੰਨ ਦੇ ਜ਼ੋਰ ਨਾਲ ਬਹੁਤ ਕੁਝ ਕਰ ਲੈਂਦੇ ਸਨ ਪਰ ਇਥੇ ਛੋਟੇ ਜਿਹੇ ਬੱਚੇ ਦੇ ਸਾਹਮਣੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਸੀ ਚਲਦੀ।
ਇਕ ਵਾਰ ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਕਿਸੇ ਸ਼ਰਾਰਤ ਉਤੇ ਉਸ ਨੂੰ ਪਰਮੇਸ਼ਰ ਦੇ ਨਾਂ ‘ਤੇ ਡਰਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ, “ਦੇਖ ਰਾਮ, ਤੂੰ ਚੰਗਾ ਮੁੰਡਾ ਬਣ ਜਾਹ, ਨਹੀਂ ਤਾਂ ਮੈਨੂੰ ਡਰ ਹੈ ਪਰਮੇਸ਼ਰ ਤੇਰੇ ਨਾਲ ਖਫਾ ਹੋ ਜਾਣਗੇ।”
ਰਾਮ ਨੇ ਜਵਾਬ ਦਿੱਤਾ ਸੀ, “ਤੁਸੀਂ ਵੀ ਤਾਂ ਖਫਾ ਹੁੰਦੇ ਹੀ ਹੋ ਤੇ ਮੈਂ ਤੁਹਾਨੂੰ ਮਨਾ ਲੈਂਦਾ ਹਾਂ।” ਅਤੇ ਫਿਰ ਥੋੜ੍ਹੀ ਦੇਰ ਸੋਚਣ ਬਾਅਦ ਉਸ ਨੇ ਪੁੱਛਿਆ ਸੀ, “ਬਾਪੂ ਜੀ, ਇਹ ਪਰਮੇਸ਼ਰ ਕੌਣ ਹਨ?”
ਮਿਸਟਰ ਸ਼ੰਕਰ ਅਚਾਰੀਆ ਨੇ ਉਸ ਨੂੰ ਸਮਝਾਉਣ ਲਈ ਜਵਾਬ ਦਿੱਤਾ ਸੀ, “ਭਗਵਾਨ, ਹੋਰ ਕੌਣ। ਸਾਡੇ ਸਭ ਤੋਂ ਵੱਡੇ।”
“ਇਸ ਮਕਾਨ ਜਿੱਡੇ।”
“ਇਸ ਤੋਂ ਵੀ ਵੱਡੇ। ਦੇਖ ਹੁਣ ਤੂੰ ਕੋਈ ਸ਼ਰਾਰਤ ਨਾ ਕਰੀਂ, ਨਹੀਂ ਤਾਂ ਉਹ ਤੈਨੂੰ ਮਾਰ ਸੁੱਟਣਗੇ।” ਮਿਸਟਰ ਸ਼ੰਕਰ ਅਚਾਰੀਆ ਨੇ ਆਪਣੇ ਬੇਟੇ ਨੂੰ ਭੈਅ ਭੀਤ ਕਰਨ ਲਈ ਪਰਮੇਸ਼ਰ ਨੂੰ ਕੁਝ ਜ਼ਿਆਦਾ ਹੀ ਡਰਾਉਣੀ ਸ਼ਕਲ ਵਿਚ ਪੇਸ਼ ਕਰਨ ਪਿੱਛੋਂ ਇਹ ਖਿਆਲ ਕਰ ਲਿਆ ਸੀ ਕਿ ਹੁਣ ਰਾਮ ਸੁਧਰ ਜਾਵੇਗਾ, ਕੋਈ ਸ਼ਰਾਰਤ ਨਹੀਂ ਕਰੇਗਾ। ਐਪਰ ਰਾਮ ਨੇ ਜੋ ਇਸ ਵਕਤ ਖਾਮੋਸ਼ ਬੈਠਾ ਸੀ ਤੇ ਆਪਣੇ ਜ਼ਿਹਨ ਦੀ ਤੱਕੜੀ ਵਿਚ ਪਰਮੇਸ਼ਰ ਨੂੰ ਤੋਲ ਰਿਹਾ ਸੀ, ਕੁਝ ਦੇਰ ਵਿਚਾਰ ਕਰਨ ਪਿੱਛੋਂ ਜਦ ਬੜੇ ਭੋਲ਼ੇਪਣ ਨਾਲ ਕਿਹਾ ਸੀ, “ਬਾਪੂ ਜੀ, ਤੁਸੀਂ ਮੈਨੂੰ ਪਰਮੇਸ਼ਰ ਦਿਖਾ ਦਿਉ”, ਤਾਂ ਮਿਸਟਰ ਸ਼ੰਕਰ ਅਚਾਰੀਆ ਦੀ ਸਾਰੀ ਕਾਨੂੰਨਦਾਨੀ ਤੇ ਵਕਾਲਤ ਧਰੀ ਦੀ ਧਰੀ ਰਹਿ ਗਈ ਸੀ।
ਕਿਸੇ ਮੁਕੱਦਮੇ ਦਾ ਹਵਾਲਾ ਦੇਣਾ ਹੁੰਦਾ ਤਾਂ ਉਹ ਉਸ ਨੂੰ ਫਾਈਲ ਕੱਢ ਕੇ ਦਿਖਾ ਦਿੰਦੇ ਜਾਂ ਜੇ ਕੋਈ ਭਾਰਤੀ ਦੰਡਾਵਲੀ ਦੀ ਕਿਸੇ ਧਾਰਾ ਸੰਬੰਧੀ ਸਵਾਲ ਕਰਦਾ ਤਾਂ ਉਹ ਆਪਣੀ ਮੇਜ਼ ਤੋਂ ਉਹ ਮੋਟੀ ਕਿਤਾਬ ਚੁੱਕ ਕੇ ਖੋਲ੍ਹਣਾ ਸ਼ੁਰੂ ਕਰ ਦਿੰਦੇ ਜਿਸ ਦੀ ਜਿਲਦ ‘ਤੇ ਉਨ੍ਹਾਂ ਦੇ ਇਸ ਮੁੰਡੇ ਨੇ ਚਾਕੂ ਨਾਲ ਬੇਲ ਬੂਟੇ ਬਣਾ ਰੱਖੇ ਸਨ। ਐਪਰ ਉਹ ਪਰਮੇਸ਼ਰ ਨੂੰ ਫੜ ਕੇ ਕਿੱਥੋਂ ਲਿਆਉਂਦੇ ਜਿਸ ਬਾਰੇ ਉਨ੍ਹਾਂ ਨੂੰ ਖੁਦ ਵੀ ਪਤਾ ਨਹੀਂ ਸੀ ਕਿ ਉਹ ਕੀ ਹੈ, ਕਿੱਥੇ ਰਹਿੰਦਾ ਹੈ ਤੇ ਕੀ ਕਰਦਾ ਹੈ!
ਜਿਸ ਤਰ੍ਹਾਂ ਉਨ੍ਹਾਂ ਨੂੰ ਪਤਾ ਸੀ ਕਿ ਧਾਰਾ ੩੨੯ ਚੋਰੀ ਦੇ ਮਾਮਲੇ ਵਿਚ ਲਾਗੂ ਹੁੰਦੀ ਹੈ, ਇਸੇ ਤਰ੍ਹਾਂ ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਮਾਰਨ ਤੇ ਪੈਦਾ ਕਰਨ ਵਾਲੇ ਨੂੰ ਪਰਮੇਸ਼ਰ ਕਹਿੰਦੇ ਹਨ। ਤੇ ਜਿਸ ਤਰ੍ਹਾਂ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਉਹ ਜਿਸ ਦੇ ਕਾਨੂੰਨ ਬਣੇ ਹੋਏ ਹਨ, ਦੀ ਅਸਲੀਅਤ ਕੀ ਹੈ, ਠੀਕ ਇਸੇ ਤਰ੍ਹਾਂ ਉਨ੍ਹਾਂ ਨੂੰ ਪਰਮੇਸ਼ਰ ਦੀ ਅਸਲੀਅਤ ਦਾ ਪਤਾ ਨਹੀਂ ਸੀ। ਉਹ ਐਮ[ਏ[ ਐਲਐਲਬੀ[ ਤਾਂ ਸਨ ਪਰ ਇਹ ਡਿਗਰੀ ਉਨ੍ਹਾਂ ਨੇ ਅਜਿਹੀਆਂ ਉਲਝਣਾਂ ਵਿਚ ਫਸਣ ਲਈ ਨਹੀਂ ਸਗੋਂ ਦੌਲਤ ਕਮਾਉਣ ਲਈ ਹਾਸਲ ਕੀਤੀ ਸੀ। ਉਹ ਰਾਮ ਨੂੰ ਪਰਮੇਸ਼ਰ ਨਾ ਦਿਖਾ ਸਕੇ ਅਤੇ ਨਾ ਉਸ ਨੂੰ ਕੋਈ ਢੁਕਵਾਂ ਜਵਾਬ ਹੀ ਦੇ ਸਕੇ। ਇਸ ਲਈ ਕਿ ਇਹ ਸਵਾਲ ਹੀ ਕੁਝ ਇਸ ਤਰ੍ਹਾਂ ਅਚਾਨਕ ਤੌਰ ‘ਤੇ ਕੀਤਾ ਗਿਆ ਸੀ ਕਿ ਉਨ੍ਹਾਂ ਦਾ ਦਿਮਾਗ਼ ਬਿਲਕੁਲ ਖਾਲੀ ਹੋ ਗਿਆ ਸੀ। ਉਹ ਸਿਰਫ ਇਹੀ ਕਹਿ ਸਕੇ ਸਨ, “ਜਾਹ ਰਾਮ, ਮੇਰਾ ਦਿਮਾਗ਼ ਨਾ ਚੱਟ, ਮੈਂ ਬਹੁਤ ਕੰਮ ਕਰਨਾ ਹੈ।”
ਇਸ ਸਮੇਂ ਉਨ੍ਹਾਂ ਨੇ ਕੰਮ ਸੱਚਮੁੱਚ ਬਹੁਤ ਕਰਨਾ ਸੀ ਪਰ ਉਹ ਆਪਣੀਆਂ ਪੁਰਾਣੀਆਂ ਹਾਰਾਂ ਭੁੱਲ ਕੇ ਝੱਟ ਹੀ ਇਸ ਮੁਕੱਦਮੇ ਦਾ ਫੈਸਲਾ ਕਰ ਦੇਣਾ ਚਾਹੁੰਦੇ ਸਨ। ਉਨ੍ਹਾਂ ਨੇ ਰਾਮ ਵੱਲ ਕੈਰੀਆਂ ਨਿਗਾਹਾਂ ਨਾਲ ਦੇਖ ਕੇ ਆਪਣੀ ਧਰਮ ਪਤਨੀ ਨੂੰ ਕਿਹਾ, “ਅੱਜ ਇਸ ਨੇ ਕਿਹੜੀ ਨਵੀਂ ਸ਼ਰਾਰਤ ਕੀਤੀ ਹੈ, ਮੈਨੂੰ ਛੇਤੀ ਦੱਸ, ਮੈਂ ਅੱਜ ਇਹਨੂੰ ਡਬਲ ਸਜ਼ਾ ਦੇਵਾਂਗਾ।”
ਮਿਸਿਜ਼ ਅਚਾਰੀਆ ਨੇ ਰਾਮ ਦਾ ਕੰਨ ਛੱਡ ਦਿੱਤਾ ਤੇ ਕਿਹਾ, “ਇਸ ਮੋਟੇ ਨੇ ਤਾਂ ਜੀਣਾ ਦੁੱਭਰ ਕਰ ਰੱਖਿਆ ਹੈ, ਜਦੋਂ ਦੇਖੋ ਨੱਚਣਾ, ਟੱਪਣਾ। ਨਾ ਆਏ ਦੀ ਸ਼ਰਮ, ਨਾ ਗਏ ਦਾ ਲਿਹਾਜ਼। ਸਵੇਰ ਤੋਂ ਮੈਨੂੰ ਸਤਾ ਰਿਹਾ ਹੈ। ਕਈ ਵਾਰ ਕੁਟਾਪਾ ਚਾੜ੍ਹ ਚੁੱਕੀ ਹਾਂ, ਪਰ ਇਹ ਆਪਣੀਆਂ ਸ਼ਰਾਰਤਾਂ ਤੋਂ ਬਾਜ਼ ਨਹੀਂ ਆਉਂਦਾ। ਰਸੋਈ ਵਿਚੋਂ ਦੋ ਕੱਚੇ ਟਮਾਟਰ ਚੁੱਕ ਕੇ ਖਾ ਗਿਆ ਹੈ, ਹੁਣ ਮੈਂ ਸਲਾਦ ਵਿਚ ਇਹਦਾ ਸਿਰ ਪਾਵਾਂ।”
ਇਹ ਸੁਣ ਕੇ ਮਿਸਟਰ ਰਾਮਾ ਸ਼ੰਕਰ ਨੂੰ ਧੱਕਾ ਜਿਹਾ ਲੱਗਿਆ। ਉਹ ਖਿਆਲ ਕਰ ਰਹੇ ਸਨ ਕਿ ਰਾਮ ਖਿਲਾਫ ਕੋਈ ਸੰਗੀਨ ਇਲਜ਼ਾਮ ਹੋਵੇਗਾ ਪਰ ਇਹ ਸੁਣ ਕੇ ਕਿ ਉਸ ਨੇ ਰਸੋਈ ਵਿਚੋਂ ਸਿਰਫ ਦੋ ਕੱਚੇ ਟਮਾਟਰ ਚੁੱਕ ਕੇ ਖਾਧੇ ਹਨ, ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ। ਰਾਮ ਨੂੰ ਝਿੜਕਣ-ਝਾੜਨ ਦੀ ਉਨ੍ਹਾਂ ਦੀ ਸਾਰੀ ਤਿਆਰੀ ਇਕਦਮ ਠੰਢੀ ਪੈ ਗਈ। ਉਨ੍ਹਾਂ ਨੂੰ ਇਉਂ ਮਹਿਸੂਸ ਹੋਇਆ ਕਿ ਉਨ੍ਹਾਂ ਦਾ ਸੀਨਾ ਇਕਦਮ ਖਾਲੀ ਹੋ ਗਿਆ ਹੈ ਜਿਵੇਂ ਇਕ ਵਾਰ ਉਨ੍ਹਾਂ ਦੀ ਮੋਟਰ ਦੇ ਪਹੀਏ ਦੀ ਸਾਰੀ ਹਵਾ ਨਿਕਲ ਗਈ ਸੀ।
ਟਮਾਟਰ ਖਾਣਾ ਕੋਈ ਜੁਰਮ ਨਹੀਂ। ਇਸ ਤੋਂ ਬਿਨਾਂ ਮਿਸਟਰ ਸ਼ੰਕਰ ਅਚਾਰੀਆ ਦੇ ਇਕ ਮਿੱਤਰ, ਜੋ ਜਰਮਨੀ ਤੋਂ ਡਾਕਟਰੀ ਦੀ ਉਚੀ ਸਨਦ ਲੈ ਕੇ ਆਇਆ ਸੀ, ਨੇ ਉਨ੍ਹਾਂ ਨੂੰ ਕਿਹਾ ਸੀ ਕਿ ਆਪਣੇ ਬੱਚਿਆਂ ਨੂੰ ਖਾਣੇ ਵਿਚ ਕੱਚੇ ਟਮਾਟਰ ਜ਼ਰੂਰ ਦਿਆ ਕਰੋ, ਕਿਉਂਕਿ ਉਨ੍ਹਾਂ ਵਿਚ ਵਿਟਾਮਿਨ ਬਹੁਤ ਹੁੰਦੇ ਹਨ ਪਰ ਹੁਣ ਕਿਉਂ ਜੁ ਉਹ ਰਾਮ ਦੀ ਝਾੜ-ਝੰਬ ਲਈ ਤਿਆਰ ਹੋ ਚੁੱਕੇ ਸਨ ਅਤੇ ਉਨ੍ਹਾਂ ਦੀ ਬੀਵੀ ਦੀ ਵੀ ਇਹੀ ਖਾਹਿਸ਼ ਸੀ, ਇਸ ਲਈ ਉਨ੍ਹਾਂ ਨੇ ਥੋੜ੍ਹੀ ਦੇਰ ਵਿਚਾਰ ਕੇ ਇਕ ਕਾਨੂੰਨੀ ਨੁਕਤਾ ਲੱਭਿਆ ਅਤੇ ਇਸ ਲੱਭਤ ਉਤੇ ਦਿਲ ਹੀ ਦਿਲ ਵਿਚ ਖੁਸ਼ ਹੋ ਕੇ ਆਪਣੇ ਬੇਟੇ ਨੂੰ ਕਿਹਾ, “ਮੇਰੇ ਨੇੜੇ ਆ, ਅਤੇ ਜੋ ਕੁਝ ਮੈਂ ਤੈਥੋਂ ਪੁੱਛਾਂ, ਸੱਚ ਸੱਚ ਦੱਸ।”
ਮਿਸਿਜ਼ ਰਾਮਾ ਸ਼ੰਕਰ ਅਚਾਰੀਆ ਚਲੀ ਗਈ ਅਤੇ ਰਾਮ ਚੁੱਪਚਾਪ ਆਪਣੇ ਬਾਪ ਦੇ ਸਾਹਮਣੇ ਖੜ੍ਹਾ ਹੋ ਗਿਆ। ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਪੁੱਛਿਆ, “ਤੂੰ ਰਸੋਈ ਵਿਚੋਂ ਦੋ ਕੱਚੇ ਟਮਾਟਰ ਕੱਢ ਕੇ ਕਿਉਂ ਖਾਧੇ?”
ਰਾਮ ਨੇ ਜਵਾਬ ਦਿੱਤਾ, “ਦੋ ਕਿੱਥੇ ਸੀ, ਮਾਂ ਝੂਠ ਬੋਲਦੀ ਹੈ।”
“ਤੂੰ ਹੀ ਦੱਸ ਕਿੰਨੇ ਸੀ।”
“ਡੇਢ। ਇਕ ਅਤੇ ਅੱਧਾ”, ਰਾਮ ਨੇ ਇਹ ਲਫਜ਼ ਉਂਗਲ਼ੀਆਂ ਨਾਲ ਅੱਧੇ ਦਾ ਨਿਸ਼ਾਨ ਬਣਾ ਕੇ ਬੋਲੇ, “ਦੂਜੇ ਅੱਧੇ ਨਾਲ ਮਾਤਾ ਜੀ ਨੇ ਦੁਪਹਿਰ ਨੂੰ ਚਟਣੀ ਬਣਾਈ ਸੀ।”
“ਚਲੋ ਡੇਢ ਹੀ ਸਹੀ, ਪਰ ਤੂੰ ਇਹ ਉਥੋਂ ਚੁੱਕੇ ਕਿਉਂ?”
ਰਾਮ ਨੇ ਜਵਾਬ ਦਿੱਤਾ, “ਖਾਣ ਲਈ।”
“ਠੀਕ ਹੈ, ਪਰ ਤੂੰ ਚੋਰੀ ਕੀਤੀ”, ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਕਾਨੂੰਨੀ ਨੁਕਤਾ ਪੇਸ਼ ਕੀਤਾ।
“ਚੋਰੀ! ਬਾਪੂ ਜੀ ਮੈਂ ਚੋਰੀ ਨਹੀਂ ਕੀਤੀ, ਟਮਾਟਰ ਖਾਧੇ ਹਨ, ਇਹ ਚੋਰੀ ਕਿਵੇਂ ਹੋਈ?” ਇਹ ਕਹਿੰਦਾ ਉਹ ਫਰਸ਼ ‘ਤੇ ਬੈਠ ਗਿਆ ਅਤੇ ਗਹੁ ਨਾਲ ਆਪਣੇ ਪਿਉ ਵੱਲ ਦੇਖਣ ਲੱਗਿਆ।
“ਇਹ ਚੋਰੀ ਸੀ। ਦੂਜੇ ਦੀ ਚੀਜ਼ ਨੂੰ ਉਸ ਦੀ ਇਜਾਜ਼ਤ ਤੋਂ ਬਿਨਾਂ ਚੁੱਕ ਲੈਣਾ ਚੋਰੀ ਹੁੰਦੀ ਹੈ।” ਮਿਸਟਰ ਸ਼ੰਕਰ ਅਚਾਰੀਆ ਨੇ ਇਉਂ ਆਪਣੇ ਬੱਚੇ ਨੂੰ ਸਮਝਾਇਆ ਅਤੇ ਖਿਆਲ ਕੀਤਾ ਕਿ ਉਹ ਉਨ੍ਹਾਂ ਦਾ ਸਾਰ-ਤੱਤ ਚੰਗੀ ਤਰ੍ਹਾਂ ਸਮਝ ਗਿਆ ਹੈ। ਰਾਮ ਨੇ ਤੁਰੰਤ ਕਿਹਾ, “ਪਰ ਟਮਾਟਰ ਤਾਂ ਸਾਡੇ ਆਪਣੇ ਸਨ, ਮੇਰੀ ਮਾਤਾ ਜੀ ਦੇ।”
ਸ਼੍ਰੀਮਾਨ ਸ਼ੰਕਰ ਅਚਾਰੀਆ ਝੁੰਜਲਾ ਗਏ। ਫਿਰ ਵੀ ਉਨ੍ਹਾਂ ਝੱਟ ਆਪਣਾ ਮਤਲਬ ਸਮਝਾਉਣ ਦੀ ਕੋਸ਼ਿਸ਼ ਕੀਤੀ, “ਤੇਰੀ ਮਾਤਾ ਜੀ ਦੇ ਸਨ, ਠੀਕ ਹੈ, ਪਰ ਉਹ ਤੇਰੇ ਤਾਂ ਨਹੀਂ ਨਾ ਹੋਏ। ਜੋ ਚੀਜ਼ ਉਨ੍ਹਾਂ ਦੀ ਹੈ, ਉਹ ਤੇਰੀ ਕਿਵੇਂ ਹੋ ਸਕਦੀ ਹੈ? ਦੇਖ ਸਾਹਮਣੇ ਮੇਜ਼ ‘ਤੇ ਤੇਰਾ ਖਿਡੌਣਾ ਪਿਆ ਹੈ, ਚੁੱਕ ਲਿਆ, ਮੈਂ ਤੈਨੂੰ ਚੰਗੀ ਤਰ੍ਹਾਂ ਸਮਝਾਉਂਦਾ ਹਾਂ।”
ਰਾਮ ਉਠਿਆ ਅਤੇ ਭੱਜ ਕੇ ਲੱਕੜੀ ਦਾ ਘੋੜਾ ਚੁੱਕ ਲਿਆਇਆ ਅਤੇ ਆਪਣੇ ਪਿਉ ਦੇ ਹੱਥ ਵਿਚ ਫੜਾ ਦਿੱਤਾ, “ਇਹ ਲਉ।”
ਮਿਸਟਰ ਰਾਮਾ ਸ਼ੰਕਰ ਅਚਾਰੀਆ ਬੋਲੇ, “ਹਾਂ! ਤਾਂ ਦੇਖ, ਇਹ ਘੋੜਾ ਤੇਰਾ ਹੈ ਨਾ?”
“ਜੀ ਹਾਂ।”
“ਜੇ ਮੈਂ ਇਹਨੂੰ ਤੇਰੀ ਇਜਾਜ਼ਤ ਤੋਂ ਬਗ਼ੈਰ ਚੁੱਕ ਕੇ ਆਪਣੇ ਕੋਲ਼ ਰੱਖ ਲਵਾਂ ਤਾਂ ਇਹ ਚੋਰੀ ਹੋਵੇਗੀ।” ਮਿਸਟਰ ਰਾਮਾ ਸ਼ੰਕਰ ਨੇ ਹੋਰ ਵਿਆਖਿਆ ਕਰਦਿਆਂ ਕਿਹਾ, “ਅਤੇ ਮੈਂ ਚੋਰ।”
“ਨਹੀਂ ਪਿਤਾ ਜੀ, ਤੁਸੀਂ ਇਸ ਨੂੰ ਆਪਣੇ ਕੋਲ਼ ਰੱਖ ਸਕਦੇ ਹੋ। ਮੈਂ ਤੁਹਾਨੂੰ ਚੋਰ ਨਹੀਂ ਕਹਾਂਗਾ। ਮੇਰੇ ਕੋਲ਼ ਖੇਡਣ ਲਈ ਹਾਥੀ ਜੁ ਹੈ। ਤੁਸੀਂ ਹੁਣ ਤਕ ਦੇਖਿਆ ਨਹੀਂ? ਕਲ੍ਹ ਹੀ ਮੁਣਸ਼ੀ ਦਾਦਾ ਨੇ ਲੈ ਕੇ ਦਿੱਤਾ ਹੈ। ਰੁਕੋ, ਮੈਂ ਹੁਣੇ ਤੁਹਾਨੂੰ ਦਿਖਾਉਂਦਾ ਹਾਂ।” ਇਹ ਕਹਿ ਕੇ ਤਾੜੀਆਂ ਵਜਾਉਂਦਾ ਹੋਇਆ ਉਹ ਦੂਜੇ ਕਮਰੇ ਵਿਚ ਚਲਿਆ ਗਿਆ ਅਤੇ ਮਿਸਟਰ ਰਾਮਾ ਸ਼ੰਕਰ ਅਚਾਰੀਆ ਅੱਖਾਂ ਝਪਕਦੇ ਰਹਿ ਗਏ।
ਦੂਜੇ ਦਿਨ ਮਿਸਟਰ ਰਾਮਾ ਸ਼ੰਕਰ ਨੂੰ ਇਕ ਖਾਸ ਕੰਮ ਲਈ ਪੂਨੇ ਜਾਣਾ ਪਿਆ। ਉਨ੍ਹਾਂ ਦੀ ਵੱਡੀ ਭੈਣ ਉਥੇ ਰਹਿੰਦੀ ਸੀ। ਕਾਫੀ ਚਿਰ ਤੋਂ ਉਹ ਛੋਟੇ ਰਾਮ ਨੂੰ ਦੇਖਣ ਲਈ ਬੇਕਰਾਰ ਸੀ। ਇੰਜ ਇਕ ਪੰਥ ਦੋ ਕਾਜ ਦੇ ਸਨਮੁਖ ਰਾਮਾ ਸ਼ੰਕਰ ਅਚਾਰੀਆ ਆਪਣੇ ਬੇਟੇ ਨੂੰ ਵੀ ਨਾਲ ਲੈ ਗਏ ਪਰ ਇਸ ਸ਼ਰਤ ‘ਤੇ ਕਿ ਉਹ ਰਸਤੇ ਵਿਚ ਕੋਈ ਇੱਲਤ ਨਹੀਂ ਕਰੇਗਾ। ਨੰਨ੍ਹਾ ਰਾਮ ਇਸ ਸ਼ਰਤ ਉਤੇ ਪੋਰੀਬੰਦਰ ਦੇ ਸਟੇਸ਼ਨ ਤਕ ਹੀ ਕਾਇਮ ਰਹਿ ਸਕਿਆ। ਉਧਰ ਦੱਕਨ ਕੁਈਨ ਚੱਲੀ ਤੇ ਇਧਰ ਰਾਮ ਦੇ ਛੋਟੇ ਜਿਹੇ ਸੀਨੇ ਵਿਚ ਸ਼ਰਾਰਤਾਂ ਨੇ ਮਚਲਣਾ ਸ਼ੁਰੂ ਕਰ ਦਿੱਤਾ।
ਮਿਸਟਰ ਰਾਮਾ ਸ਼ੰਕਰ ਅਚਾਰੀਆ ਸੈਕੰਡ ਕਲਾਸ ਕੰਪਾਰਟਮੈਂਟ ਦੀ ਚੌੜੀ ਸੀਟ ਉਤੇ ਬੈਠੇ ਆਪਣੇ ਨਾਲ ਵਾਲ਼ੇ ਮੁਸਾਫਿਰ ਦਾ ਅਖਬਾਰ ਪੜ੍ਹ ਰਹੇ ਸਨ। ਤੇ ਸੀਟ ਦੇ ਆਖਰੀ ਹਿੱਸੇ ਉਤੇ ਰਾਮ ਖਿੜਕੀ ਤੋਂ ਬਾਹਰ ਝਾਕ ਰਿਹਾ ਸੀ ਤੇ ਹਵਾ ਦਾ ਦਬਾਅ ਦੇਖ ਕੇ ਇਹ ਸੋਚ ਰਿਹਾ ਸੀ ਕਿ ਜੇ ਉਹ ਉਸ ਨੂੰ ਲੈ ਉਡੇ ਤਾਂ ਕਿੰਨਾ ਮਜ਼ਾ ਆਵੇ।
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਆਪਣੀ ਐਨਕ ਦੇ ਕੋਣਿਆਂ ਵਿਚੀਂ ਰਾਮ ਵੱਲ ਦੇਖਿਆ ਤੇ ਉਸ ਨੂੰ ਬਾਹੋਂ ਫੜ ਕੇ ਹੇਠਾਂ ਬਿਠਾ ਦਿੱਤਾ। “ਤੂੰ ਚੈਨ ਵੀ ਲੈਣ ਦੇਵੇਂਗਾ ਜਾਂ ਨਹੀਂ, ਆਰਾਮ ਨਾਲ ਬਹਿ ਜਾ।” ਇਹ ਕਹਿੰਦਿਆਂ ਉਨ੍ਹਾਂ ਦੀ ਨਜ਼ਰ ਰਾਮ ਦੀ ਟੋਪੀ ‘ਤੇ ਪਈ ਜੋ ਉਸ ਦੇ ਸਿਰ ਉਤੇ ਚਮਕ ਰਹੀ ਸੀ, “ਇਹਨੂੰ ਲਾਹ ਕੇ ਰੱਖ ਨਾਲਾਇਕ, ਹਵਾ ਇਹਨੂੰ ਉਡਾ ਕੇ ਲੈ ਜਾਵੇਗੀ।”
ਉਨ੍ਹਾਂ ਨੇ ਰਾਮ ਦੇ ਸਿਰ ਤੋਂ ਟੋਪੀ ਲਾਹ ਕੇ ਉਸ ਦੀ ਗੋਦ ਵਿਚ ਰੱਖ ਦਿੱਤੀ। ਪਰ ਥੋੜ੍ਹੀ ਦੇਰ ਬਾਅਦ ਟੋਪੀ ਫੇਰ ਰਾਮ ਦੇ ਸਿਰ ਉਤੇ ਸੀ ਅਤੇ ਉਹ ਖਿੜਕੀ ਤੋਂ ਬਾਹਰ ਸਿਰ ਕੱਢੀ ਦੌੜਦੇ ਹੋਏ ਦਰਖਤਾਂ ਨੂੰ ਗਹੁ ਨਾਲ ਦੇਖ ਰਿਹਾ ਸੀ। ਦਰਖਤਾਂ ਦੀ ਭੱਜ ਦੌੜ ਰਾਮ ਦੇ ਜ਼ਿਹਨ ਵਿਚ ਲੁਕਣਮੀਚੀ ਦੀ ਦਿਲਚਸਪ ਖੇਡ ਦਾ ਨਕਸ਼ਾ ਖਿੱਚ ਰਹੀ ਸੀ।
ਹਵਾ ਦੇ ਬੁੱਲੇ ਨਾਲ ਅਖਬਾਰ ਦੂਹਰਾ ਹੋ ਗਿਆ ਅਤੇ ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਆਪਣੇ ਬੇਟੇ ਦੇ ਸਿਰ ਨੂੰ ਫੇਰ ਖਿੜਕੀ ਤੋਂ ਬਾਹਰ ਦੇਖਿਆ। ਗ਼ੁੱਸੇ ਵਿਚ ਉਨ੍ਹਾਂ ਨੇ ਉਸ ਦੀ ਬਾਂਹ ਖਿੱਚ ਕੇ ਆਪਣੇ ਕੋਲ਼ ਬਿਠਾਇਆ ਅਤੇ ਕਿਹਾ, “ਜੇ ਤੂੰ ਇਥੋਂ ਇਕ ਇੰਚ ਵੀ ਹਿੱਲਿਆ ਤਾਂ ਤੇਰੀ ਖੈਰ ਨਹੀਂ।” ਇਹ ਕਹਿ ਕੇ ਉਨ੍ਹਾਂ ਨੇ ਟੋਪੀ ਚੁੱਕ ਕੇ ਉਸ ਦੀਆਂ ਲੱਤਾਂ ਉਤੇ ਰੱਖ ਦਿੱਤੀ।
ਇਸ ਕੰਮ ਤੋਂ ਵਿਹਲੇ ਹੋ ਕੇ ਉਨ੍ਹਾਂ ਨੇ ਅਖਬਾਰ ਚੁੱਕਿਆ ਅਤੇ ਉਹ ਅਜੇ ਇਸ ਵਿਚੋਂ ਉਹ ਸਤਰਾਂ ਹੀ ਲੱਭ ਰਹੇ ਸਨ ਜਿੱਥੋਂ ਉਨ੍ਹਾਂ ਨੇ ਪੜ੍ਹਨਾ ਛੱਡਿਆ ਸੀ ਕਿ ਰਾਮ ਨੇ ਖਿੜਕੀ ਵੱਲ ਸਰਕ ਕੇ ਬਾਹਰ ਝਾਕਣਾ ਸ਼ੁਰੂ ਕਰ ਦਿੱਤਾ। ਟੋਪੀ ਉਹਦੇ ਸਿਰ ਉਤੇ ਸੀ। ਇਹ ਦੇਖ ਕੇ ਮਿਸਟਰ ਸ਼ੰਕਰ ਅਚਾਰੀਆ ਨੂੰ ਸਖਤ ਗ਼ੁੱਸਾ ਆਇਆ। ਉਨ੍ਹਾਂ ਦਾ ਹੱਥ ਭੁੱਖੀ ਇੱਲ੍ਹ ਵਾਂਗੂੰ ਟੋਪੀ ਵੱਲ ਵਧਿਆ ਤੇ ਪਲਕ ਝਲਕ ਵਿਚ ਉਹ ਉਨ੍ਹਾਂ ਦੀ ਸੀਟ ਦੇ ਹੇਠਾਂ ਸੀ। ਇਹ ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਰਾਮ ਨੂੰ ਸਮਝਣ ਦਾ ਮੌਕਾ ਹੀ ਨਾ ਮਿਲਿਆ। ਮੁੜ ਕੇ ਉਸ ਨੇ ਆਪਣੇ ਬਾਪ ਵੱਲ ਦੇਖਿਆ। ਐਪਰ ਉਨ੍ਹਾਂ ਦੇ ਹੱਥ ਖਾਲੀ ਨਜ਼ਰ ਆਏ। ਇਸੇ ਪ੍ਰੇਸ਼ਾਨੀ ਵਿਚ ਉਸ ਨੇ ਖਿੜਕੀ ਤੋਂ ਬਾਹਰ ਝਾਕ ਕੇ ਦੇਖਿਆ ਤਾਂ ਉਸ ਨੂੰ ਰੇਲ ਦੀ ਪਟੜੀ ‘ਤੇ ਬਹੁਤ ਪਿਛਾਂਹ ਖਾਕੀ ਕਾਗ਼ਜ਼ ਦਾ ਟੁਕੜਾ ਉਡਦਾ ਨਜ਼ਰ ਆਇਆ। ਉਸ ਨੇ ਸਮਝਿਆ ਕਿ ਇਹ ਮੇਰੀ ਟੋਪੀ ਹੈ।
ਇਹ ਖਿਆਲ ਆਉਂਦਿਆਂ ਹੀ ਉਸ ਦੇ ਦਿਲ ਨੂੰ ਧੱਕਾ ਜਿਹਾ ਲੱਗਿਆ। ਪਿਉ ਵੱਲ ਭੈੜੀਆਂ ਜਿਹੀਆਂ ਨਿਗਾਹਾਂ ਨਾਲ ਦੇਖਦਿਆਂ ਉਸ ਨੇ ਕਿਹਾ, “ਬਾਪੂ ਮੇਰੀ ਟੋਪੀ।” ਮਿਸਟਰ ਸ਼ੰਕਰ ਅਚਾਰੀਆ ਖਾਮੋਸ਼ ਰਹੇ।
“ਹਾਇ ਮੇਰੀ ਟੋਪੀ”, ਰਾਮ ਦੀ ਆਵਾਜ਼ ਉਚੀ ਹੋਈ।
ਮਿਸਟਰ ਰਾਮਾ ਸ਼ੰਕਰ ਅਚਾਰੀਆ ਕੁਝ ਨਾ ਬੋਲੇ।
ਰਾਮ ਨੇ ਰੋਂਦੀ ਆਵਾਜ਼ ਵਿਚ ਕਿਹਾ, “ਮੇਰੀ ਟੋਪੀ” ਅਤੇ ਆਪਣੇ ਪਿਉ ਦਾ ਹੱਥ ਫੜ ਲਿਆ।
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਉਸ ਦਾ ਹੱਥ ਝਟਕ ਕੇ ਕਿਹਾ, “ਡੇਗ ਦਿੱਤੀ ਹੋਵੇਗੀ ਤੈਂ, ਹੁਣ ਰੋਂਦਾ ਕਿਉਂ ਹੈਂ?” ਇਸ ‘ਤੇ ਰਾਮ ਦੀਆਂ ਅੱਖਾਂ ਵਿਚ ਦੋ ਮੋਟੇ ਮੋਟੇ ਹੰਝੂ ਤੈਰਨ ਲੱਗੇ।
“ਪਰ ਧੱਕਾ ਤਾਂ ਤੁਸੀਂ ਹੀ ਦਿੱਤਾ ਸੀ”, ਉਸ ਨੇ ਇੰਨਾ ਕਿਹਾ ਤੇ ਰੋਣ ਲੱਗਿਆ।
ਮਿਸਟਰ ਰਾਮਾ ਸ਼ੰਕਰ ਨੇ ਰਤਾ ਝਾੜਿਆ ਤਾਂ ਰਾਮ ਨੇ ਹੋਰ ਜ਼ਿਆਦਾ ਰੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸ ਨੂੰ ਚੁੱਪ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋਏ। ਰਾਮ ਦਾ ਰੋਣਾ ਸਿਰਫ ਟੋਪੀ ਬੰਦ ਕਰਾ ਸਕਦੀ ਸੀ। ਇਸ ਲਈ ਰਾਮਾ ਸ਼ੰਕਰ ਅਚਾਰੀਆ ਨੇ ਥੱਕ ਹਾਰ ਕੇ ਉਸ ਨੂੰ ਕਿਹਾ, “ਟੋਪੀ ਵਾਪਸ ਆ ਜਾਵੇਗੀ ਪਰ ਸ਼ਰਤ ਇਹ ਹੈ ਕਿ ਤੂੰ ਉਸ ਨੂੰ ਪਹਿਨੇਂਗਾ ਨਹੀਂ!”
ਰਾਮ ਦੀਆਂ ਅੱਖਾਂ ਵਿਚੋਂ ਹੰਝੂ ਝੱਟਪੱਟ ਖੁਸ਼ਕ ਹੋ ਗਏ ਜਿਵੇਂ ਤਪੀ ਹੋਈ ਰੇਤ ਵਿਚ ਬਾਰਸ਼ ਦੇ ਕਤਰੇ ਜਜ਼ਬ ਹੋ ਜਾਣ। ਉਹ ਸਰਕ ਕੇ ਅੱਗੇ ਵਧ ਆਇਆ ਤੇ ਬੋਲਿਆ, “ਉਹ ਵਾਪਸ ਲੈ ਆਓ।”
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਕਿਹਾ, “ਇਉਂ ਥੋੜ੍ਹੀ ਵਾਪਸ ਆ ਜਾਵੇਗੀ, ਮੰਤਰ ਪੜ੍ਹਨਾ ਪਏਗਾ।”
ਕੰਪਾਰਟਮੈਂਟ ਵਿਚ ਸਭ ਮੁਸਾਫਿਰ ਬਾਪ ਬੇਟੇ ਦੀ ਗੱਲਬਾਤ ਸੁਣ ਰਹੇ ਸਨ।
“ਮੰਤਰ”, ਇਹ ਕਹਿੰਦਿਆਂ ਰਾਮ ਨੂੰ ਤੁਰੰਤ ਉਹ ਕਿੱਸਾ ਯਾਦ ਆ ਗਿਆ ਜਿਸ ਵਿਚ ਇਕ ਮੁੰਡੇ ਨੇ ਮੰਤਰ ਰਾਹੀਂ ਦੂਜਿਆਂ ਦੀਆਂ ਚੀਜ਼ਾਂ ਗੁੰਮ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।
“ਪੜ੍ਹੋ ਪਿਤਾ ਜੀ”, ਇਹ ਕਹਿ ਕੇ ਉਹ ਗਹੁ ਨਾਲ ਆਪਣੇ ਬਾਪ ਵੱਲ ਦੇਖਣ ਲੱਗਿਆ ਜਿਵੇਂ ਮੰਤਰ ਪੜ੍ਹਦੇ ਸਮੇਂ ਮਿਸਟਰ ਸ਼ੰਕਰ ਆਚਾਰੀਆ ਦੇ ਗੰਜੇ ਸਿਰ ‘ਤੇ ਸਿੰਗ ਉਗ ਆਉਣਗੇ।
ਮਿਸਟਰ ਰਾਮਾ ਸ਼ੰਕਰ ਆਚਾਰੀਆ ਨੇ ਉਸ ਮੰਤਰ ਦੇ ਬੋਲ ਯਾਦ ਕਰਦਿਆਂ ਕਿਹਾ ਜੋ ਉਨ੍ਹਾਂ ਨੇ ਬਚਪਨ ਵਿਚ ‘ਇੰਦਰ ਜਾਲ ਮੁਕੰਮਲ’ ਤੋਂ ਜ਼ੁਬਾਨੀ ਯਾਦ ਕੀਤਾ ਸੀ, “ਤੂੰ ਫੇਰ ਸ਼ਰਾਰਤ ਤਾਂ ਨਹੀਂ ਕਰੇਂਗਾ?”
“ਨਹੀਂ ਬਾਪੂ ਜੀ”, ਰਾਮ ਜੋ ਮੰਤਰ ਦੀਆਂ ਗਹਿਰਾਈਆਂ ਵਿਚ ਡੁੱਬ ਰਿਹਾ ਸੀ, ਨੇ ਆਪਣੇ ਪਿਉੁ ਨਾਲ ਸ਼ਰਾਰਤ ਨਾ ਕਰਨ ਦਾ ਵਾਅਦਾ ਕਰ ਲਿਆ।
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੂੰ ਮੰਤਰ ਦੇ ਬੋਲ ਯਾਦ ਆ ਗਏ ਅਤੇ ਉਨ੍ਹਾਂ ਨੇ ਦਿਲ ਹੀ ਦਿਲ ਵਿਚ ਆਪਣੇ ਚੇਤੇ ਦੀ ਦਾਦ ਦੇ ਕੇ ਆਪਣੇ ਮੁੰਡੇ ਨੂੰ ਕਿਹਾ, “ਲੈ ਹੁਣ ਤੂੰ ਅੱਖਾਂ ਬੰਦ ਕਰ ਲੈ।”
ਰਾਮ ਨੇ ਅੱਖਾਂ ਬੰਦ ਕਰ ਲਈਆਂ ਅਤੇ ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਮੰਤਰ ਪੜ੍ਹਨਾ ਸ਼ੁਰੂ ਕੀਤਾ।
“ਓਮ ਨਮਾ ਕਾਮੇਸ਼ਵਰੀ ਮਦ ਮਦੀਸ਼ ਓਤਮਾ ਦੇ ਭਰੀਂਗ ਪਰਾ ਸਵਾਹ”, ਮਿਸਟਰ ਰਾਮਾ ਸ਼ੰਕਰ ਅਚਾਰੀਆ ਦਾ ਇਕ ਹੱਥ ਸੀਟ ਦੇ ਹੇਠਾਂ ਗਿਆ ਅਤੇ ‘ਸਵਾਹ’ ਦੇ ਨਾਲ ਹੀ ਰਾਮ ਦੀ ਟੋਪੀ ਉਸ ਦੇ ਗੁਦਗੁਦੇ ਪੱਟਾਂ ‘ਤੇ ਆ ਡਿੱਗੀ।
ਰਾਮ ਨੇ ਅੱਖਾਂ ਖੋਲ੍ਹ ਦਿੱਤੀਆਂ। ਟੋਪੀ ਉਸ ਦੀ ਚਪਟੀ ਨੱਕ ਦੇ ਸਾਹਮਣੇ ਪਈ ਸੀ ਅਤੇ ਮਿਸਟਰ ਰਾਮਾ ਸ਼ੰਕਰ ਅਚਾਰੀਆ ਦੀ ਤਿੱਖੀ ਨੱਕ ਐਨਕ ਦੀ ਸੁਨਹਿਰੀ ਪਕੜ ਹੇਠਾਂ ਥਰਥਰਾ ਰਹੀ ਸੀ। ਅਦਾਲਤ ਵਿਚ ਮੁਕੱਦਮਾ ਜਿੱਤਣ ਪਿੱਛੋਂ ਉਨ੍ਹਾਂ ਦੀ ਇਹੋ ਜਿਹੀ ਹਾਲਤ ਹੋਇਆ ਕਰਦੀ ਸੀ।
“ਟੋਪੀ ਆ ਗਈ”, ਰਾਮ ਨੇ ਸਿਰਫ ਇੰਨਾ ਕਿਹਾ ਤੇ ਚੁੱਪ ਕਰ ਗਿਆ। ਮਿਸਟਰ ਸ਼ੰਕਰ ਅਚਾਰੀਆ ਰਾਮ ਨੂੰ ਖਾਮੋਸ਼ ਬੈਠਣ ਦਾ ਹੁਕਮ ਦੇ ਕੇ ਅਖਬਾਰ ਪੜ੍ਹਨ ਵਿਚ ਰੁੱਝ ਗਏ। ਇਕ ਖਬਰ ਚੋਖੀ ਦਿਲਚਸਪ ਅਤੇ ਅਖਬਾਰੀ ਜ਼ੁਬਾਨ ਵਿਚ ਬੇਹੱਦ ਸਨਸਨੀਖੇਜ਼ ਸੀ। ਇਸ ਲਈ ਉਹ ਮੰਤਰ ਵਗੈਰਾ ਸਭ ਕੁਝ ਭੁੱਲ ਕੇ ਉਸ ਵਿਚ ਗੁਆਚ ਗਏ। ਦੱਕਣ ਕੁਈਨ ਬਿਜਲੀ ਦੇ ਪਰਾਂ ‘ਤੇ ਪੂਰੀ ਤੇਜ਼ੀ ਨਾਲ ਉਡ ਰਹੀ ਸੀ। ਉਸ ਦੇ ਫੌਲਾਦੀ ਪਹੀਆਂ ਦੀ ਇਕਸਾਰ ਗੜਗੜਾਹਟ ਅਖਬਾਰ ਦੀ ਸਨਸਨੀ ਪੈਦਾ ਕਰਨ ਵਾਲੀ ਖਬਰ ਦੀ ਹਰ ਸਤਰ ਨੂੰ ਗੂੜ੍ਹੀ ਕਰ ਰਹੀ ਸੀ। ਮਿਸਟਰ ਸ਼ੰਕਰ ਅਚਾਰੀਆ ਇਹ ਸਤਰ ਪੜ੍ਹ ਰਹੇ ਸਨ,
“ਅਦਾਲਤ ਵਿਚ ਸੰਨਾਟਾ ਪਸਰਿਆ ਹੋਇਆ ਸੀ। ਸਿਰਫ ਟਾਈਪਰਾਈਟਰ ਦੀ ਟਿਕ ਟਿਕ ਸੁਣਾਈ ਦਿੰਦੀ ਸੀ। ਮੁਲਜ਼ਮ ਇਕਦਮ ਚੀਕਿਆ-ਬਾਪੂ ਜੀ!”
ਐਨ ਉਸ ਵਕਤ ਰਾਮ ਨੇ ਆਪਣੇ ਬਾਪ ਨੂੰ ਜ਼ੋਰ ਦੀ ਆਵਾਜ਼ ਮਾਰੀ, “ਬਾਪੂ ਜੀ।” ਤੇ ਮਿਸਟਰ ਰਾਮਾ ਸ਼ੰਕਰ ਅਚਾਰੀਆ ਨੂੰ ਇਉਂ ਜਾਪਿਆ ਜਿਵੇਂ ਨਿਗਾਹ ਹੇਠਲੀ ਸਤਰ ਦੇ ਆਖਰੀ ਲਫਜ਼ ਕਾਗ਼ਜ਼ ‘ਚੋਂ ਉਛਲ਼ ਪਏ ਹਨ।
ਰਾਮ ਦੇ ਥਰਥਰਾਉਂਦੇ ਬੁਲ੍ਹ ਦੱਸ ਰਹੇ ਸਨ ਕਿ ਉਹ ਕੁਝ ਕਹਿਣਾ ਚਾਹੁੰਦਾ ਹੈ।
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਜ਼ਰਾ ਤੇਜ਼ੀ ਨਾਲ ਕਿਹਾ, “ਕੀ ਹੈ?” ਅਤੇ ਐਨਕ ਦੇ ਇਕ ਕੋਨਿਉੁਂ ਟੋਪੀ ਨੂੰ ਸੀਟ ਉਤੇ ਪਿਆ ਦੇਖ ਕੇ ਆਪਣੀ ਤਸੱਲੀ ਕਰ ਲਈ।
ਰਾਮ ਅੱਗੇ ਸਰਕ ਆਇਆ ਅਤੇ ਕਹਿਣ ਲੱਗਾ, “ਬਾਪੂ ਜੀ ਉਹੀ ਮੰਤਰ ਪੜ੍ਹੋ!”
“ਕਿਉਂ?” ਇਹ ਕਹਿੰਦਿਆਂ ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਰਾਮ ਦੀ ਟੋਪੀ ਵੱਲ ਗਹੁ ਨਾਲ ਦੇਖਿਆ ਜੋ ਸੀਟ ਦੇ ਖੂੰਜੇ ਵਿਚ ਪਈ ਸੀ।
“ਤੁਹਾਡੇ ਕਾਗ਼ਜ਼ ਜੋ ਇਥੇ ਪਏ ਸੀ, ਮੈਂ ਬਾਹਰ ਸੁੱਟ ਦਿੱਤੇ ਹਨ।”
ਰਾਮ ਨੇ ਇਸ ਤੋਂ ਅੱਗੇ ਕੁਝ ਹੋਰ ਵੀ ਕਿਹਾ ਪਰ ਮਿਸਟਰ ਰਾਮਾ ਸ਼ੰਕਰ ਅਚਾਰੀਆ ਦੀਆਂ ਅੱਖਾਂ ਅੱਗੇ ਹਨੇਰਾ ਜਿਹਾ ਪਸਰ ਗਿਆ। ਬਿਜਲੀ ਵਰਗੀ ਤੇਜ਼ੀ ਨਾਲ ਉਠ ਕੇ ਉਨ੍ਹਾਂ ਨੇ ਖਿੜਕੀ ਤੋਂ ਬਾਹਰ ਝਾਕ ਕੇ ਦੇਖਿਆ। ਐਪਰ ਰੇਲ ਦੀ ਪਟੜੀ ਦੇ ਨਾਲ ਤਿਤਲੀਆਂ ਵਾਂਗ ਫੜਫੜਾਉਂਦੇ ਕਾਗ਼ਜ਼ ਦੇ ਪੁਰਜ਼ਿਆਂ ਤੋਂ ਬਿਨਾਂ ਹੋਰ ਕੁਝ ਨਜ਼ਰ ਨਾ ਆਇਆ।
“ਤੈਂ ਉਹ ਕਾਗ਼ਜ਼ ਸੁੱਟ ਦਿੱਤੇ ਜੋ ਇਥੇ ਪਏ ਸੀ?” ਉਨ੍ਹਾਂ ਨੇ ਆਪਣੇ ਸੱਜੇ ਹੱਥ ਨਾਲ ਸੀਟ ਵੱਲ ਇਸ਼ਾਰਾ ਕਰਦਿਆਂ ਕਿਹਾ।
ਰਾਮ ਨੇ ਪੁਸ਼ਟੀ ਵਿਚ ਸਿਰ ਹਿਲਾ ਦਿੱਤਾ, “ਤੁਸੀਂ ਉਹੀ ਮੰਤਰ ਪੜ੍ਹੋ ਨਾ!”
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੂੰ ਅਜਿਹਾ ਕੋਈ ਮੰਤਰ ਯਾਦ ਨਹੀਂ ਸੀ ਜੋ ਸੱਚਮੁੱਚ ਗੁਆਚੀਆਂ ਚੀਜ਼ਾਂ ਵਾਪਸ ਲਿਆ ਸਕੇ। ਉਹ ਸਖਤ ਪਰੇਸ਼ਾਨ ਸਨ। ਉਹ ਕਾਗ਼ਜ਼ ਜੋ ਉਨ੍ਹਾਂ ਦੇ ਬੇਟੇ ਨੇ ਸੁੱਟ ਦਿੱਤੇ ਸਨ, ਇਕ ਨਵੇਂ ਮੁਕੱਦਮੇ ਦੀ ਮਿਸਲ ਸੀ ਜਿਸ ਵਿਚ ਚਾਲ਼ੀ ਹਜ਼ਾਰ ਮੁੱਲ ਦੇ ਕਾਨੂੰਨੀ ਕਾਗ਼ਜ਼ ਪਏ ਸਨ। ਮਿਸਟਰ ਰਾਮਾ ਸ਼ੰਕਰ ਐਮ.ਏ. ਐਲਐਲਬੀ. ਦੀ ਬਾਜ਼ੀ ਉਨ੍ਹਾਂ ਦੀ ਆਪਣੀ ਚਾਲ ਨਾਲ ਹੀ ਮਾਤ ਹੋ ਗਈ ਸੀ। ਇਕ ਪਲ ਲਈ ਅੰਦਰੇ ਅੰਦਰ ਉਨ੍ਹਾਂ ਦੇ ਕਾਨੂੰਨੀ ਦਿਮਾਗ਼ ਵਿਚ ਕਾਗ਼ਜ਼ਾਂ ਬਾਰੇ ਸੈਂਕੜੇ ਵਿਚਾਰ ਆਏ। ਸਪਸ਼ਟ ਹੈ, ਮਿਸਟਰ ਰਾਮਾ ਸ਼ੰਕਰ ਅਚਾਰੀਆ ਦੇ ਮੁਅਕਿਲ ਦਾ ਨੁਕਸਾਨ ਉਨ੍ਹਾਂ ਦਾ ਆਪਣਾ ਨੁਕਸਾਨ ਸੀ, ਮਗਰ ਹੁਣ ਉਹ ਕਰ ਕੀ ਸਕਦੇ ਸਨ? ਸਿਰਫ ਇਹ ਕਿ ਅਗਲੇ ਸਟੇਸ਼ਨ ‘ਤੇ ਉਤਰ ਕੇ ਰੇਲ ਦੀ ਪਟੜੀ ਦੇ ਨਾਲ ਨਾਲ ਚੱਲਣਾ ਸ਼ੁਰੂ ਕਰ ਦੇਣ ਅਤੇ ਦਸ ਪੰਦਰਾਂ ਮੀਲ ਤਕ ਇਨ੍ਹਾਂ ਕਾਗ਼ਜ਼ਾਂ ਦੀ ਭਾਲ਼ ਵਿਚ ਮਾਰੇ ਮਾਰੇ ਫਿਰਦੇ ਰਹਿਣ। ਮਿਲਣ ਨਾ ਮਿਲਣ, ਉਨ੍ਹਾਂ ਦੀ ਕਿਸਮਤ।
ਇਕ ਪਲ ਵਿਚ ਸੈਂਕੜੇ ਗੱਲਾਂ ਸੋਚਣ ਮਗਰੋਂ ਆਖਰ ਉਨ੍ਹਾਂ ਨੇ ਆਪਣੇ ਦਿਲ ਨਾਲ ਫੈਸਲਾ ਕਰ ਲਿਆ ਕਿ ਜੇ ਭਾਲਣ ‘ਤੇ ਕਾਗ਼ਜ਼ ਨਾ ਮਿਲ਼ੇ ਤਾਂ ਮੁਅਕਿਲ ਦੇ ਸਾਹਮਣੇ ਇਕ ਵਾਢਿਉਂ ਇਨਕਾਰ ਕਰ ਦੇਣਗੇ ਕਿ ਉਸ ਨੇ ਉਨ੍ਹਾਂ ਨੂੰ ਕਾਗ਼ਜ਼ ਦਿੱਤੇ ਸਨ। ਇਖਲਾਕੀ ਤੇ ਕਾਨੂੰਨੀ ਤੌਰ ‘ਤੇ ਇਹ ਸਰਾਸਰ ਨਾਜਾਇਜ਼ ਸੀ ਪਰ ਇਸ ਤੋਂ ਬਿਨਾਂ ਹੋਰ ਹੋ ਵੀ ਕੀ ਸਕਦਾ ਸੀ!
ਇਸ ਤਸੱਲੀਬਖਸ਼ ਖਿਆਲ ਦੇ ਬਾਵਜੂਦ ਮਿਸਟਰ ਰਾਮਾ ਸ਼ੰਕਰ ਅਚਾਰੀਆ ਦੇ ਹਲ਼ਕ ਵਿਚ ਤਲਖੀ ਜਿਹੀ ਪੈਦਾ ਹੋ ਰਹੀ ਸੀ। ਇਕਦਮ ਉੁਨ੍ਹਾਂ ਦੇ ਦਿਲ ਵਿਚ ਆਇਆ ਕਿ ਕਾਗ਼ਜ਼ਾਂ ਵਾਂਗ ਉਹ ਰਾਮ ਨੂੰ ਵੀ ਚੁੱਕ ਕੇ ਗੱਡੀ ਤੋਂ ਬਾਹਰ ਸੁੱਟ ਦੇਣ ਪਰ ਇਸ ਖਾਹਿਸ਼ ਨੂੰ ਸੀਨੇ ਵਿਚ ਦਬਾ ਕੇ ਉਨ੍ਹਾਂ ਨੇ ਉਸ ਵੱਲ ਦੇਖਿਆ।
ਰਾਮ ਦੇ ਬੁਲ੍ਹਾਂ ਉਤੇ ਅਜੀਬ ਕਿਸਮ ਦਾ ਖੇੜਾ ਪਸਰ ਰਿਹਾ ਸੀ।
ਉਸ ਨੇ ਹੌਲ਼ੀ ਜਿਹੀ ਕਿਹਾ, “ਬਾਪੂ ਜੀ ਮੰਤਰ ਪੜ੍ਹੋ।”
“ਆਰਾਮ ਨਾਲ ਬਹਿ ਜਾ, ਨਹੀਂ ਤਾਂ ਯਾਦ ਰੱਖ ਸੰਘੀ ਨੱਪ ਦੇਵਾਂਗਾ”, ਮਿਸਟਰ ਰਾਮਾ ਸ਼ੰਕਰ ਅਚਾਰੀਆ ਝੁੰਜਲਾ ਗਏ। ਉਸ ਮੁਸਾਫਰ ਜੋ ਬਾਪ ਬੇਟੇ ਦੀ ਗੱਲਬਾਤ ਸੁਣ ਰਿਹਾ ਸੀ, ਦੇ ਲਬਾਂ ਉਤੇ ਇਕ ਅਰਥ ਭਰਪੂਰ ਮੁਸਕਰਾਹਟ ਨੱਚ ਰਹੀ ਸੀ।
ਰਾਮ ਅਗਾਂਹ ਸਰਕ ਆਇਆ, “ਬਾਪੂ ਜੀ ਤੁਸੀਂ ਅੱਖਾਂ ਬੰਦ ਕਰ ਲਉ, ਮੈਂ ਮੰਤਰ ਪੜ੍ਹਦਾ ਹਾਂ।”
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਅੱਖਾਂ ਬੰਦ ਨਾ ਕੀਤੀਆਂ ਪਰ ਰਾਮ ਨੇ ਮੰਤਰ ਪੜ੍ਹਨਾ ਸ਼ੁਰੂ ਕਰ ਦਿੱਤਾ। “ਊਂਗ ਮਿਆਂਗ ਸ਼ਿਆਂਗ, ਲਦਮਗਾਫਰੋਦਮਾਸਵਾਹਾ” ਅਤੇ ‘ਸਵਾਹਾ’ ਦੇ ਨਾਲ ਹੀ ਮਿਸਟਰ ਰਾਮਾ ਸ਼ੰਕਰ ਅਚਾਰੀਆ ਦੇ ਮਾਸਲ ਪੱਟਾਂ ‘ਤੇ ਕਾਗ਼ਜ਼ਾਂ ਦਾ ਪੁਲੰਦਾ ਆ ਡਿੱਗਿਆ।
ਉਨ੍ਹਾਂ ਦੀ ਨੱਕ ਐਨਕ ਦੀ ਸੁਨਹਿਰੀ ਗ੍ਰਿਫਤ ਹੇਠਾਂ ਜ਼ੋਰ ਨਾਲ ਥਰਥਰਾਈ।
ਰਾਮ ਦੇ ਚਪਟੇ ਨੱਕ ਦੀਆਂ ਗੋਲ਼ ਤੇ ਲਾਲ ਲਾਲ ਨਾਸਾਂ ਵੀ ਥਰਥਰਾ ਰਹੀਆਂ ਸਨ।

...
...

ਹੈਲੋ….. ਹੋਰ ਫੇਰ ਮੋਹਿਤ ਕੀ ਹਾਲ ਐ ਤੇਰਾ! (ਫੋਨ ਤੇ ਗੱਲ ਕਰਦਿਆਂ ਸੁੱਖੀ ਨੇ ਸੰਬੋਧਨ ਕੀਤਾ)

ਬੱਸ ਠੀਕ ਠਾਕ ਆ ਬਾਈ ਤੂੰ ਸੁਣਾ ਕਿੱਦਾਂ ਚੱਲ ਰਿਹਾ ਘਰਾਟ! (ਮੋਹਿਤ ਬੋਲਿਆ)

ਓਹ ਤੈਨੂੰ ਪਤਾ ਹੀ ਆ ਯਾਰ ਅੱਪਾਂ ਸਾਰੇ ਹਾਂ ਹੀ ਮਿੱਠੀ ਜੇਲ ਚ‘ ! ਨਾਲੇ ਯਾਰ ਏਹ ਦੱਸ ਅਪਣੇ ਆਟੋ ਦੀਆਂ ਕਿਸ਼ਤਾਂ ਦਾ ਕੀ ਬਣੂ ? ਲੌਕਡਾਊਨ ਖੁੱਲਣ ਤੇ ਏਜੰਸੀ ਵਾਲੇ ਆ ਵੀ ਡਬਲ ਕਿਸ਼ਤ ਮੰਗਣਗੇ। (ਸੁੱਖੀ ਨੇ ਫੋਨ ਤੇ ਮੋਹਿਤ ਕੋਲੋਂ ਪੁੱਛਿਆ)

ਬਾਈ ਅੱਪਾਂ ਨੂੰ ਟਾਇਮ ਦੇਣਗੇ ਓਹੋ ਉਹ ਟਾਇਮ ਚ‘ ਅੱਪਾਂ ਕਿਸ਼ਤ ਪੂਰੀ ਕਰਨੀ ਹੋਊ। (ਮੋਹਿਤ ਨੇ ਸੁਣ ਰੱਖੀ ਗੱਲ ਦੱਸੀ)

ਮਤਲੱਬ ਬਾਈ ਤੇਰਾ, ਅਕੇ ਏਹ ਦੁਨੀਆ ਬੰਦ ਵਾਲੀ ਕਿਸ਼ਤ ਵੀ ਨਾਲ ਭਰਨੀ ਪਊ, ਯਾਰ ਇੱਕ ਮਹੀਨੇ ਦੀ ਕਿਸ਼ਤ ਐਨੀ ਔਖੀ ਨਿੱਕਲਦੀ ਆ ਡੇਢ ਜਾਂ ਦੋ ਕਿਸ਼ਤਾਂ ਕਿਵੇਂ ਨਿਕਲਣਗੀਆਂ ਬਾਈ। (ਸੁੱਖੀ ਨੇ ਸਮੇਂ ਮੁਤਾਬਿੱਕ ਸੋਚਦੇ ਹੋਏ ਕਿਹਾ)

ਦੇਖੀ ਜਾਊ ਬਾਈ । (ਮੋਹਿਤ ਨੇ ਹੌਲੀ ਜਿਹੀ ਜਵਾਬ ਦਿੱਤਾ)

ਦੇਖ ਯਾਰ ਮੋਹਿਤ ਏਹ ਕੋਈ ਅੱਪਾਂ ਇਕੱਲੇ ਤਾਂ ਛੁੱਟੀਆਂ ਕਰ ਕੇ ਬੈਠੇ ਨਹੀ ਹਾਂ ਤੇ ਨਾ ਹੀਂ ਕੋਈ ਇੱਕ ਪਿੰਡ, ਸ਼ਹਿਰ ਜਾਂ ਫੇਰ ਇੱਕ ਗਲੀ-ਮੁਹੱਲਾ ਬੰਦ ਆ, ਯਾਰ ਸਾਰੀ ਦੁਨੀਆਂ ਹੀ ਮਿੱਠੀ ਜੇਲ ਚ‘ ਬੰਦ ਪਈ ਆ ਸੋ ਅੱਪਾਂ ਏਜੰਸੀਆਂ ਨਾਲ ਗੱਲ ਕਰਾਂਗੇ ਕਿ ਅਸੀਂ ਕਰਫਿਊ ਦੌਰਾਨ ਕੋਈ ਕੰਮ-ਧੰਦਾ ਕਰ ਨੀ ਸਕੇ ਇਸ ਲਈ ਜਿਵੇੰ ਪਹਿਲਾਂ ਦੁਨੀਆਂ ਚੱਲਦੀ ਤੋਂ ਕਿਸ਼ਤਾਂ ਭਰਦੇ ਸੀ ਹੁਣ ਅੱਗੇ ਪੈਡਿੰਗ ਕਿਸ਼ਤਾਂ ਭਰਨੀਆਂ ਸ਼ੁਰੂ ਕਰਦਾਂਗੇ, ਪਰ ਸਾਥੋਂ ਆ ਖਾਲੀ ਦਿਨਾਂ ਵਾਲੀ ਫਾਲਤੂ ਕਿਸ਼ਤ ਵਾਲਾ ਡਬਲ ਚੱਕਰ ਨੀ ਬਰਦਾਸ਼ਤ ਹੋਣਾ! ਏਹ ਤਾਂ ਯਾਰ ਓਹਨਾਂ ਦੀ ਬਲੈਕਮੇਲੀ ਹੋਊ ਨਾ ਗਰੀਬ ਡਰਾਈਵਰਾਂ ਨਾਲ। (ਸੁੱਖੀ ਨੇ ਸਮਝਾਉੰਦੇ ਹੋਏ ਕਿਹਾ)

ਹਾਂ ਬਾਈ ਗੱਲ ਤਾਂ ਤੇਰੀ ਪੱਲੇ ਪੈ ਗਈ ਕਰਦਿਆਂ ਕੋਈ ਇੰਤਜਾਮ, ਚੱਲ ਚੰਗਾ ਬਾਈ, ਓਕੇ। (ਮੋਹਿਤ ਨੇ ਕਿਹਾ)

ਓਕੇ ਮੋਹਿਤ ਮਿੱਲਦੇ ਆਂ ਫੇਰ। (ਕਹਿੰਦਿਆਂ ਸੁੱਖੀ ਨੇ ਫੋਨ ਕੱਟ ਕਰ ਦਿੱਤਾ ਅਤੇ ਲੌਕਡਾਊਨ ਖੁੱਲਣ ਤੋਂ ਬਾਅਦ ਗਰੀਬ ਮਜਦੂਰ ਡਰਾਈਵਰਾਂ ਨਾਲ ਧੱਕਾ ਤਾਂ ਨੀ ਹੋਵੇਗਾ ਇਹੋ ਸੋਚਾਂ ਵਿੱਚ ਡੁੱਬ ਗਿਆ)

ਸੁੱਖਵਿੰਦਰ ਸਿੰਘ ਵਾਲੀਆ

...
...

ਬਾਬਾ ਜੀ ਸਤਿ ਸ਼੍ਰੀ ਅਕਾਲ! ਖੁੰਢ ਕੋਲ ਆਉਂਦਿਆ ਸਰਪੰਚ ਕਿਰਪਾਲ ਸਿੰਓਂ ਨੇ ਬਾਬੇ ਕਰਮ ਸਿੰਓਂ ਨੂੰ ਕਿਹਾ।

ਓਹ ਆ ਬਈ ਸਰਪੰਚਾ, ਹੁਣ ਤਾਂ ਦਿਸਣੋਂ ਵੀ ਗਿਐਂ ਜਦੋਂ ਦੀ ਸਰਪੰਚੀ ਮਿਲੀ ਐ। ਬਾਬੇ ਕਰਮ ਸਿੰਓਂ ਨੇ ਕਿਰਪਾਲੇ ਨੂੰ ਆਪ ਤੋਂ ਛੋਟਾ ਹੋਣ ਦੇ ਬਾਵਜੂਦ ਓਹੋ ਹੀ ਅੰਦਾਜ ਨਾਲ ਬੁਲਾਉੰਦਿਆਂ ਕਿਹਾ।

ਓਹ ਕਾਹਦੀ ਸਰਪੰਚੀ ਆ ਬਾਬਾ, ਨਿਰੇ ਧੱਕੇ ਨੇ, ਕਦੇ ਕਿਤੇ ਜਾਣਾ ਪੈਂਦੈ, ਕਦੇ ਕਿਤੇ…..! ਕਿਰਪਾਲੇ ਐਹੋ ਜਿਹੇ ਸੁਭਾਅ ਨਾਲ ਜਵਾਬ ਦਿੱਤਾ ਜਿਵੇਂ ਓਹ ਸੱਚਮੁੱਚ ਹੀ ਸਰਪੰਚੀ ਤੋਂ ਨਾਖੁੱਸ਼ ਹੋਵੇ।
ਓ ਨਾਲੇ ਬਾਬਾ ਜੀ ਮੈਂ ਸੁਣਿਐਂ ਲੱਖੇ ਹੋਰਾਂ ਸਿਰ ਵਧਾਈਆਂ ਹੋਗੀਆਂ, ਸੁੱਖ ਨਾਲ ਪੁੱਤ ਆਲਾ ਹੋ ਗਿਆ ਲੱਖਾ? ਕਿਰਪਾਲੇ ਨੇ ਨਾਲੋ-ਨਾਲ ਕਰਮੇ ਅੱਗੇ ਇੱਕ ਹੋਰ ਸਵਾਲ ਕੱਢ ਮਾਰਿਆ।

ਹਾਂ ਕਾਕਾ, ਓਹਦੇ ਘਰ ਦੇਰ ਆ ਹਨੇਰ ਨੀ, ਪਰ ਬੜੀ ਦੇਰ ਬਾਅਦ ਸੁਣੀ ਐਂ ਰੱਬ ਨੇ ਓਹਨਾਂ ਦੀ। ਕਰਮ ਸ਼ਿੰਓਂ ਨੇ ਦੱਸਦਿਆਂ ਕਿਹਾ।

ਨਾਲੇ ਬਾਬਾ ਜੀ ਮੈਂ ਤਾਂ ਕੁੱਝ ਹੋਰ ਏ ਸੁਣ ਰੱਖਿਆ, ਅਕੇ ਓਹਨਾਂ ਦੇ ਘਰ ਨੂੰ ਤਾਂ ਕਿਸੇ ਸਿਆਣੇ ਦਾ ਸ਼ਰਾਫ ਮਿਲਿਆ ਹੋਇਆ ਸੀ ਫੇਰ ਏਹ ਕਿੱਦਾਂ ਹੋ ਗਿਆ। ਕੋਲੇ ਹੀ ਬੈਠੇ ਸੱਦੇ ਕੇ ਟੱਲੀ ਨੇ ਕਰਮ ਸਿੰਓਂ ਤੋਂ ਪੁੱਛਦਿਆਂ ਆਖਿਆ।

ਓਇ ਕਾਕਾ ਟੱਲੀ, ਹਾਂ ਤੂੰ ਸਹੀ ਸੁਣਿਆਂ ਏਂ ਕਹਿੰਦੇ ਪਿੱਛਲੀਆਂ ਚ‘ ਅਪਣੇ ਪਿੰਡ ਆਲੇ ਗੁਰੂ ਘਰੇ ਕੋਈ ਮਹਾਰਾਜ ਦੀ ਸਵਾਰੀ ਨਹੀ ਸੀ ਹੁੰਦੀ ਬੱਸ ਹੀ ਐਵੇਂ ਲੋਕ ਏਥੇ ਆ ਕੇ ਰੱਬ-ਰੱਬ ਕਰ ਲਿਆ ਕਰਦੇ ਸੀ। ਓਹ ਤਾਂ ਇੱਕ ਵਾਰ ਜੈਲੂ ਹੋਰਾਂ ਦਾ ਦਾਦਾ ਅਪਣੇ ਪਿੰਡ ਬਹੁਤ ਹੀ ਪਹੁੰਚੇ ਹੋਏ ਸੰਤਾਂ ਨੂੰ ਲੈ ਆਇਆ ਅਕੇ ਬਾਬਾ ਜੀ ਤੁਸੀਂ ਸਾਡੇ ਪਿੰਡ ਆਲੇ ਗੁਰੂ ਘਰੇ ਹੀ ਰਹਿਓ, ਬੱਸ ਤਦ ਤੋਂ ਹੀ ਓਹ ਰਹਿਣ ਲੱਗ ਪਏ ਤੇ ਦੂਜੇ ਪਾਸੇ ਲੱਖੇ ਦਾ ਦਾਦਾ ਨਿੱਤ ਸੰਤਾਂ ਨੂੰ ਮੰਦੇ ਬੋਲ ਬੋਲਿਆ ਕਰੇ!
ਹੱਟ ਮੋਇਆ ਤੇਰਾ ਬੇੜਾ ਗਰਕ ਜੇ ! ਕਰਮ ਸਿੰਓਂ ਦੀ ਗੱਲ ਚੱਲਦਿਆਂ ਵਿੱਚੋਂ ਹੀ ਕਿਲਪਾਲਾ ਬੋਲ ਪਿਆ।

ਬੱਸ ਕਾਕਾ ਕੁੱਝ ਦਿਨ ਤਾਂ ਸੰਤ ਓਹਦੇ ਆਖਣ ਤੇ ਚੁੱਪ ਰਹੇ ਤੇ ਇੱਕ ਦਿਨ ਸੰਤ ਸਵੇਰੇ ਸਵੇਰੇ ਜੰਗਲ ਪਾਣੀ ਵੱਲ ਜਾਣ ਲੱਗੇ ਤੇ ਲੱਖੇ ਦਾ ਦਾਦਾ ਆ ਟੱਪਕਿਆ ਤੇ ਬੋਲਿਆ!

“ਤੂੰ ਗਿਆ ਨੀ ਹਲੇ, ਜੇ ਚੰਗੀ ਚਾਹੁੰਨੈ ਤਾਂ ਨਿੱਕਲ ਜਾ ਹੁਣੇ”।

ਤਾਂ ਕੀ ਬਾਬਾ ਸੰਤ ਓਹਦੇ ਆਖਣ ਤੇ ਚਲੇ ਗਏ? ਸੱਦੀ ਕੇ ਟੱਲੀ ਨੇ ਕਾਹਲੀ ਕਾਹਲੀ ਪੁੱਛਿਆ।

ਹਾਂ ਕਾਕਾ ਸੰਤ ਓਹਦੀ ਨਿੱਤ ਦੀ ਕੈਂ ਕੈਂ ਤੋਂ ਅੱਕ ਕੇ ਜਾਣ ਹੀ ਲੱਗੇ ਸੀ, ਹਲੇ ਦੇਹਲੀਆਂ ਟੱਪੇ ਨੀ ਸੀ ਕਿ ਜੈਲੂ ਦਾ ਦਾਦਾ ਆ ਗਿਆ ਤੇ ਬੋਲਿਆ!

ਕੀ ਗੱਲ ਆ ਮਹਾਰਾਜ ਕਿੱਧਰ ਦੀ ਤਿਆਰੀ ਆ, ਲੱਗਦੈ ਸ਼ਹਿਰ ਚੱਲਿਓਂ ?

ਸੰਤ ਬੋਲੇ ਬੱਸ ਕਾਕਾ ਹੁਣ ਦਾਣਾ ਪਾਣੀ ਤੇਰੇ ਪਿੰਡ ਦਾ ਖਤਮ ਹੋ ਗਿਆ।

ਜੈਲੂ ਦੇ ਦਾਦੇ ਨੇ ਜਦ ਜੋਰ ਪਾਇਆ ਤਾਂ ਸੰਤਾ ਨੇ ਉਸਨੂੰ ਦੱਸ ਦਿੱਤਾ ਤੇ ਓਹ ਬੋਲਿਆ!

ਬਾਬਾ ਜੀ ਜੇ ਕਿਸੇ ਕੋਲੋਂ ਜਰ ਨੀ ਹੁੰਦਾ ਥੋਨੂੰ ਏਥੇ ਤਾਂ ਮੈਂ ਥੋਨੂੰ ਅਪਣੀ ਜਮੀਨ ਚ‘ ਦਰਬਾਰ ਬਣਾ ਕੇ ਦੇਊਂ ਪਰ ਮੈਂ ਜਾਣ ਨੀ ਜੇ ਦੇਣਾ ਥੋਨੂੰ ਏਥੋਂ।

ਓਹਦੀ ਬੇਨਤੀ ਸੁਣਕੇ ਸੰਤ ਬੋਲੇ! ਭਾਈ ਗੁਰਮੁੱਖਾ ਸਾਡਾ ਕੀ ਆ ਐਵੇਂ ਸਾਡੇ ਪਿੱਛੇ ਵੈਰ ਨਾ ਪਾ ਕਿਸੇ ਨਾਲ। ਸੰਤਾਂ ਨੇ ਜਿਵੇਂ ਓਹਨੂੰ ਪਰਖਦਿਆਂ ਕਿਹਾ।

ਜਦ ਓਹ ਹੱਠ ਹੀ ਕਰਦਾ ਰਿਹਾ ਤਾਂ ਸੰਤਾਂ ਨੇ ਓਹਦੇ ਹੱਥ ਤੇ ਅਪਣਾ ਗੜਬਾ ਧਰ ਦਿੱਤਾ ਤੇ ਇੱਕ ਪੈਰ ਦੇਹਲੀਆਂ ਦੇ ਅੰਦਰ ਦੂਜਾ ਬਾਹਰ ਰੱਖਕੇ ਮੁੱਖੋਂ ਬੋਲੇ! “ਲੈ ਬਈ ਗੁਰਮੁੱਖਾ ਅੱਜ ਤੋਂ ਤੂੰ ਰੱਖ ਰੱਖ ਭੁੱਲ ਤੇ ਓਸ ਅਪਰਾਧੀ ਦੀ ਬੱਤੀ ਗੁੱਲ”।

ਪਰ ਬਾਬਾ ਜੀ ਲੱਖੇ ਹੋਰਾਂ ਦੀ ਬੱਤੀ ਤਾਂ ਜਗ ਪੀ? ਕਿਰਪਾਲ ਸਿੰਓਂ ਨੇ ਪੁੱਛਦਿਆਂ ਕਿਹਾ।

ਓਹ ਤਾਂ ਕਾਕਾ ਏਨਾਂ ਨੇ ਜੈਲੂ ਹੋਰਾਂ ਦੀ ਜਮੀਨ ਚ‘ ਬਣੇ ਸੰਤਾਂ ਦੇ ਦਰਬਾਰ ਚ‘ ਜਾ ਕੇ ਨੱਕ ਰਗੜੇ, ਭੁੱਲਾਂ ਬਖਸ਼ਾਈਆਂ ਤਦ ਕਿਤੇ ਜਾ ਕੇ ਸੰਤ ਏਹਨਾਂ ਤੇ ਖੁਸ਼ ਹੋਏ ਨੇ! ਚਲੋ ਵਿਚਾਰਿਆਂ ਦੀ ਜੜ ਲੱਗ ਗੀ, ਧਨ ਧਨ ਨੇ ਮਹਾਂਪੁਰਸ਼ ਵਿਚਾਰੇ ਲੱਖੇ ਦਾ “ਵੰਸ਼” ਤਾਂ ਚਲਦਾ ਕੀਤਾ! ਵੰਸ਼…ਵੰਸ਼।

ਕਹਿੰਦਿਆਂ ਹੀ ਕਰਮ ਸਿੰਓਂ ਖੁੰਢ ਤੋਂ ਉੱਠ ਖਲੋਇਆ ਤੇ ਅਪਣੇ ਘਰ ਵੱਲ ਨੂੰ ਹੋ ਤੁਰਿਆ। ਕਿਰਪਾਲਾ ਅਤੇ ਟੱਲੀ ਕਰਮੇਂ ਨੂੰ ਜਾਦਿਆਂ ਗੌਹ ਨਾਲ ਦੇਖਦੇ ਰਹੇ ਕਿੰਉਕਿ ਓਹਨਾਂ ਨੂੰ ਉਸਦੇ ਮੂਹੋਂ “ਵੰਸ਼” ਸ਼ਬਦ ਕੁੱਝ ਜਿਆਦਾ ਹੀ ਮਿੱਠਾ ਜਿਹਾ ਲੱਗਿਆ ਸੀ।

ਸੁੱਖਵਿੰਦਰ ਸਿੰਘ ਵਾਲੀਆ
ਮੰਡੀ ਗੋਬਿੰਦਗੜ੍ਹ
+91-8699488504

...
...

ਬੱਸ ਵਿੱਚ ਲੁਧਿਆਣੇ ਜਾਂਦੇ ਵੇਲੇ ਰਾਮਾਂ ਮੰਡੀ ਨੇੜੇ ਬੱਸ ਵਿੱਚ ਇਕ ਭਿਖਾਰੀ ਚੜਿਆ ਸਵਾਰੀਆਂ ਤੋਂ ਪੈਸੇ ਮੰਗਦਾ ਅੱਗੇ ਵੱਧੀ ਜਾਵੇ ਤੇ ਨਾਲੇ ਗਾਲਾ ਕੱਡੀ ਜਾਵੇ ਜਿਹੜਾ ਵੀ ਉਸਨੂੰ ਪੈਸੇ ਨਾ ਦੇਵੇ।
ਅਖੀਰ ਵਿੱਚ ਉਸਨੇ ਮੇਰੇ ਨਾਲ ਬੈਠੇ ਬੰਦੇ ਕੋਲੋਂ ਪੈਸੇ ਮੰਗੇ ਓਹਨੇ ਇਕ ਪੰਜ ਰੁਪਏ ਦਾ ਸਿੱਕਾ ਉਸ ਮੰਗਤੇ ਨੂੰ ਦਿੱਤਾ ਮੰਗਤੇ ਨੇ ਸਿੱਕਾ ਨਾ ਫੜਦੇ ਹੋਏ ਉਸਨੂੰ ਗਾਲਾ ਕੱਡਣੀਆ ਸ਼ੁਰੂ ਕਰ ਦਿੱਤੀਆਂ ਮੇਰੇ ਨਾਲ ਬੈਠੇ ਬੰਦੇ ਨੂੰ ਗ਼ੁੱਸਾ ਆ ਗਿਆ ਓਹਨੇ ਫੜ ਕੇ ਮੰਗਤੇ ਨੂੰ ਕੁੱਟ ਦਿੱਤਾ ਮੰਗਤਾ ਓਹਨੂੰ ਗਾਲਾ ਕੱਡਦਾ ਕੱਡਦਾ ਬੱਸ ਤੋਂ ਉਤਰ ਗਿਆ ਮੇਰੇ ਨਾਲ ਬੈਠੇ ਬੰਦੇ ਨੂੰ ਸਵਾਰੀਆ ਨੇ ਸ਼ਾਂਤ ਕਰਵਾਇਆਂ ਤੇ ਬੱਸ ਚੱਲ ਪਈ ਥੋੜੀ ਦੇਰ ਬਾਅਦ ਬੰਦਾ ਮੇਰੇ ਨਾਲ ਗੱਲ ਬਾਤ ਕਰਨ ਲੱਗਾ ਕੀ ਮੰਗਤੇਆ ਨੂੰ ਵੀ ਸ਼ਰਮ ਨਹੀਂ ਆਉਂਦੀ ਜਿੱਥੇ ਦਿਲ ਕਰਦਾ ਮੰਗਣਾ ਸ਼ੁਰੂ ਕਰ ਦਿੰਦੇ ਨੇ ਜੇ ਕੋਈ ਆਪਣੀ ਮਰਜੀ ਨਾਲ ਕੁਝ ਦੇਣਾ ਚਾਵੇ ਓਹ ਲੈਣਾ ਨਹੀ ਸ਼ਰਮ ਹੀ ਲਾਹੀ ਪਈ ਏ ਇਹਨਾ ਨੇ ਗੱਲ ਬਾਤ ਕਰਦੇਆ ਹੀ ਪਤਾ ਲੱਗਾ ਕੀ ਉਸ ਦਾ ਨਵਾਂ ਨਵਾਂ ਵਿਆਹ ਹੋਏਆ ਏ ਉਸੇ ਵੇਲੇ ਉਸ ਦਾ ਫ਼ੋਨ ਵੱਜਦਾ ਹੈ ਓਹਨੇ ਫਿਰ ਤੋਂ ਲੜਨਾ ਸ਼ੁਰੂ ਕਰ ਦਿੱਤਾ ਫੋਨ ਤੇ ਦੁਸਰੀ ਸਾਈਡ ਓਹਦਾ ਕੋਈ ਜਾਣਕਾਰ ਸੀ ਓਹ ਉਸਨੂੰ ਕਹਿ ਰਿਹਾ ਸੀ ਕੀ ਨਹੀ ਨਹੀ ਮੈਨੂੰ ਪੰਜ ਲੱਖ ਨਹੀ ਚਾਹੀਦਾ
ਮੈ ਵੀਹ ਤੋ ਘੱਟ ਇਕ ਪੈਸਾ ਨਹੀ ਲੈਣਾ ਦੂਜੇ ਪਾਸੇ ਵਾਲਾ ਬੰਦਾ ਸਾਇਦ ਓਹਦੀਆ ਮਿੰਨਤਾ ਕਰ ਰਿਹਾ ਸੀ ਕਾਫੀ ਦੇਰ ਤੱਕ ਓਹਨਾ ਦੀ ਗੱਲ ਬਾਤ ਚੱਲਦੀ ਰਹੀ ਏਨੀ ਦੇਰ ਨੂੰ ਮੇਰਾ ਸਟਾਪ ਆ ਗਿਆ ਮੈ ਉਤਰਨ ਲੱਗਾ ਇਕ ਅਵਾਜ਼ ਮੇਰੇ ਕੰਨਾ ਵਿੱਚ ਪਈ ਓਹ ਫੋਨ ਵਾਲੇ ਬੰਦੇ ਨੂੰ ਕਹਿਦਾ ਜੇ ਪੈਸੇ ਨਹੀ ਦੇਣੇ ਤਾ ਲੈ ਜਾਓ ਆਪਣੀ ਕੁੜੀ ਵਾਪਸ ਮੈ ਨਹੀ ਰੱਖਣੀ ਆਪਣੇ ਨਾਲ । ਮੇਰੇ ਦਿਲ ਨੂੰ ਇਕਦੱਮ ਝਟਕਾ ਜਿਹਾ ਲੱਗਾ ਪਰ ਮੇਰਾ ਸਟਾਪ ਆ ਗਿਆ ਸੀ ਮੈਨੂੰ ਉਤਰਨਾ ਪਿਆ ਪਰ ਮੈ ਇਹ ਹੀ ਸੋਚਦਾ ਰਿਹਾ ਘਰ ਤੱਕ ਪਹੁੰਚਣ ਵੇਲੇ ਤੱਕ ਇਹੋ ਹੀ ਸੋਚਦਾ ਰਿਹਾ ਕੀ ਓਹ ਸੱਚ ਹੀ ਕਹਿੰਦਾ ਸੀ ਮੰਗਣ ਵਾਲੇਆ ਨੇ ਸ਼ਰਮ ਹੀ ਲਾਹੀ ਪਈ ਏ ।ਪਰ….ਅਸਲ ਵਿੱਚ ਭਿਖਾਰੀ ਕੌਣ ਸੀ? ਸਮਝ ਨਹੀਂ ਆਏਆ….।

Sandeep Rajwalwala Mob no 9878529408

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)