Posts Uploaded By Punjabi Stories

Sub Categories

ਜਿਸ ਤਰ੍ਹਾਂ ਕਿ ਮੈਂ ਆਪਣੇ ਪਿਛਲੇ ਲੇਖਾਂ ਵਿਚ ਜਿ਼ਕਰ ਕਰ ਚੁੱਕੀ ਹਾਂ ਕਿ ਮੇਰੇ ਪਤੀ ਇਕ ਜੁਝਾਰੂ ਪਰਵਰਤੀ ਦੇ ਸਿੱਖ ਹਨ ਅਤੇ ਇਸੇ ਕਾਰਣ ਸਾਡੇ ਘਰ ਬੜੇ ਹੀ ਉੱਚੇ ਵਿਚਾਰ ਰੱਖਣ ਵਾਲੇ ਸਿੱਖਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ।
ਇਸੇ ਤਰ੍ਹਾਂ ਹੀ ਇੱਕ ਬੜੀ ਹੀ ਚੜਦੀਕਲਾ ਵਾਲੇ ਸਿੰਘ ਸਾਹਬ ਦਾ ਆਉਣਾ ਹੋਇਆ ਉਹ ਫੌਜ ਤੋਂ ਬਤੌਰ ਕੈਪਟਨ ਰਿਟਾਇਰਡ ਸਨ। ਉਨ੍ਹਾਂ ਨੇ ਦੱਸਿਆ ਕਿ ਇਕ ਵਾਰ ਉਨ੍ਹਾਂ ਦਾ ਕਿਸੇ ਕਮ ਕਰਕੇ ਆਪਣੇ ਐਮ. ਐਲ.ਏ. ਦੇ ਕੋਲ ਜਾਣਾ ਹੋਇਆ ਤੇ ਗਲਬਾਤ ਕਰਦਿਆਂ ਉਹ ਦੇਸ਼ਭਕਤੀ ਦੀਆਂ ਗਲਾਂ ਦਸਣ ਲਗਿਆ ਕਿ ਅਸੀ ਦੇਸ਼ ਲਈ ਆਹ ਕੀਤਾ ਉਹ ਕੀਤਾ। ਕਹਿੰਦੇ ਮੈਂ ਬੜੀ ਦੇਰ ਤਕ ਉਨ੍ਹਾਂ ਦੀਆਂ ਗਲਾਂ ਸੁਣਦਾ ਰਿਹਾ ਤੇ ਉਹ ਕੁਛ ਸਿੱਖਾਂ ਦੇ ਵਿਰੁੱਧ ਵੀ ਬੋਲਦੇ ਰਹੇ। ਜਦ ਉਹ ਆਪਣੀ ਗੱਲ ਪੂਰੀ ਕਰ ਚੁੱਕਿਆ ਤਾਂ ਮੈਂ ਪੁੱਛਿਆ ਕਿ ਤੁਸੀਂ ਦੇਸ਼ ਲਈ ਆਪਣੀ ਜਾਨ ਮਾਲ ਚੋਂ ਕਿ ਵਾਰਿਆ ਹੈ ਤਾਂ ਉਨ੍ਹਾਂ ਦੇ ਮੂੰਹ ਵਿੱਚ ਥੁੱਕ ਫਸ ਗਈ। ਉਨ੍ਹਾਂ ਦੇ ਉਸ ਐਮ. ਐਲ.ਏ. ਨੂੰ ਦਿੱਤੇ ਗਏ ਜਵਾਬ ਸੁਣ ਕੇ ਉਸਦੀ ਹਵਾ ਸਰਕ ਗਈ। ਸਿੱਖ ਕੌਮ ਜਿੱਥੇ ਸੇਵਾ ਕਰਨਾ ਜਾਣਦੀ ਹੈ ਉਥੇ ਰਾਜ ਕਰਨ ਅਤੇ ਤਿਆਗ ਕਰਨ ਵਿਚ ਵੀ ਸਭ ਤੋਂ ਅੱਗੇ ਹੀ ਮਿਲੇਗੀ ਬਸ ਉਹ ਕਿਸੇ ਮਜਲੂਮ ਦਾ ਹੱਕ ਨਹੀਂ ਮਾਰਦੀ। ਉਨ੍ਹਾਂ ਜਦ ਉਸਨੂੰ ਦਸਿਆ ਕਿ ਮੈਨੂੰ 17 ਸਾਲ ਰਿਟਾਇਰਡ ਹੋਇਆਂ ਹੋ ਗਿਆ ਹੈ ਮੈਂ ਅੱਜ ਤੱਕ ਆਪਣੀ ਪੇਨਸ਼ਨ ਦੇਸ਼ ਦੇ ਨਾਮ ਕੀਤੀ ਹੋਈ ਹੈ ਤੇ ਜਦੋਂ ਮੈਂ ਤੁਹਾਡੇ ਇਕ ਦਸਖੱਤ ਆਪਣੀ ਬੇਟੀ ਦੇ ਇੱਕ ਕਾਗਜਾਤ ਤੇ ਲੈ ਕੇ ਗਿਆ ਤਾਂ ਘਰ ਪਹੁੰਚਣ ਤੋਂ ਪਹਿਲਾਂ ਹੀ ਆਪਦੇ ਪੀ. ਏ.ਦਾ ਫੋਨ ਆ ਗਿਆ ਕੇ ਬਿਨਾ ਕੁਛ ਦਿੱਤਿਆਂ ਹੀ ਸਾਇੰਨ ਕਰਾ ਗਏ ਹੋ ਕੁਛ ਐਮ. ਐਲ.ਏ. ਸਾਹਬ ਦੀ ਸੇਵਾ ਤਾਂ ਕਰ ਜਾਉਂਦੇ। ਗਲ ਸੁਣਦਿਆਂ ਸਾਰ ਐਮ. ਐਲ. ਏ ਸਾਹਬ ਇਧਰ ਉਧਰ ਹੋ ਗਏ। ਉਨ੍ਹਾਂ ਦੀ ਗੱਲ ਸੁਣ ਕੇ ਇੰਝ ਲਗਿਆ ਕਿ ਕੋਰੀ ਗੱਲਾਂ ਕਰਨ ਵਾਲੇ ਨੇਤਾਵਾਂ ਦਾ ਦੇਸ਼ਭਕਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਵੋਟ ਲੈਣ ਲਈ ਖੋਕਲੀ ਗਲਾਂ ਹੀ ਕਰ ਸਕਦੇ ਹਨ। ਉਸ ਸਮੇਂ ਉਹ ਰਿਟਾਇਰਡ ਫੌਜੀ ਮੈਨੂੰ ਇੱਕ ਸੱਚੇ ਦੇਸ਼ਭਕਤ ਤੇ ਉਹ ਐਮ. ਐਲ. ਏ ਇਸ ਦੇਸ਼ ਦਾ ਦੁਸ਼ਮਣ ਜਾਪਿਆ। ਅਸੀ ਕਿਉਂ ਆਪਣੇ ਦੇਸ਼ ਦੀ ਬਾਗਡੋਰ ਇਹੋ ਜਿਹੇ ਨੇਤਾਵਾਂ ਦੇ ਹੱਥ ਫੜਾ ਦਿੰਦੇ ਹਾਂ ਜੋ ਦੇਸ਼ ਨੂੰ ਘੁਣ ਵਾਂਗ ਖਾ ਰਹੇ ਹਨ। ਦੇਸ਼ ਦੀ ਬਾਗਡੋਰ ਤਾਂ ਉੱਚੀ ਸੋਚ ਰੱਖਣ ਵਾਲਿਆਂ ਦੇ ਹੱਥ ਹੋਣੀ ਚਾਹੀਦੀ ਜੋ ਦੇਸ਼ ਨੂੰ ਮਜਬੂਤ ਬਣਾਉਣ ਨਾ ਕੇ ਉਸ ਐਮ. ਐਲ.ਏ. ਵਾਂਗ ਨਿਗਲ ਜਾਉਣ।

Submitted By:- ਸਤਨਾਮ ਕੌਰ

...
...

ਇੱਕ ਵਾਰੀ ਜੰਗਲ ਵਿੱਚ ਸਾਰੇ ਜਾਨਵਰਾਂ ਨੇ ਇਕੱਠ ਕੀਤਾ ਕਿ ਆਪਣੇ ਜੰਗਲ ਦਾ ਵਾਤਾਵਰਨ ਕੁੱਝ ਸ਼ਰਾਰਤੀ ਜਾਨਵਰ ਖਰਾਬ ਕਰ ਰਹੇ ਹਨ। ਆਪਾਂ ਨੂੰ ਇਸ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ। ਨਹੀਂ ਤਾਂ ਸਾਡਾ ਰਹਿਣਾ ਇੱਥੇ ਮੁਸ਼ਕਲ ਹੋ ਜਾਵੇਗਾ। ਸਾਡੇ ਵਿੱਚੋਂ ਕਿਸੇ ਇੱਕ ਤਾਕਤਵਾਰ ਜਾਨਵਰ ਨੂੰ ਇਸ ਜੰਗਲ ਦੀ ਕਮਾਂਡ ਸੋਂਪ ਦੇਣੀ ਚਾਹੀਦੀ ਹੈ ਜੋ ਸ਼ਰਾਰਤੀ ਅਨਸਰਾਂ ਨੂੰ ਮਿਲ ਕੇ ਠੱਲ੍ਹ ਪਾਵੇਗਾ। ਪਰ ਮੁਖੀ ਦੀ ਚੋਣ ਸ਼ਕਤੀ ਪ੍ਰਦਰਸ਼ਨ ਦੇ ਆਧਾਰ ਤੇ ਹੋਵੇਗੀ। ਸਭ ਤੋਂ ਪਹਿਲਾਂ ਸ਼ੇਰ ਨੂੰ ਸੱਦਾ ਦਿੱਤਾ ਗਿਆ। ਸ਼ੇਰ ਕਹਿੰਦਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੈਂ ਸਭ ਤੋਂ ਵੱਧ ਤਾਕਤਵਰ ਹਾਂ। ਮੈਨੂੰ ਮੁਖੀ ਬਣਨ ਦਾ ਅਵਸਰ ਦਿੱਤਾ ਜਾਵੇ। ਪਰ ਜੰਗਲੀ ਮੱਝਾਂ ਮਿਲ ਕੇ ਮੈਨੂੰ ਡਰਾ ਦਿੰਦੀਆਂ ਹਨ, ਪਹਿਲਾਂ ਇਹਨਾਂ ਨੂੰ ਰੋਕਿਆ ਜਾਵੇ। ਸਭ ਸ਼ੇਰ ਦੀ ਕਮਜੋਰੀ ਸਮਝ ਕੇ ਚੀਤੇ ਨੂੰ ਅੱਗੇ ਆਉਣ ਲਈ ਕਹਿਣ ਲੱਗੇ। ਚੀਤੇ ਨੇ ਵੀ ਆਪਣੀ ਤਾਕਤ ਦੀ ਨੁਮਾਇਸ਼ ਕੀਤੀ ਪਰ ਸਾਰਿਆਂ ਦੀ ਸਹਿਮਤੀ ਨਾ ਬਣੀ। ਇਸੇ ਤਰ੍ਹਾਂ ਸੱਪ,ਭਾਲੂ,ਗੇਡਾਂ,ਮਗਰਮੱਛ,ਕੁੱਤੇ ਤੇ ਹੋਰ ਵੱਡੇ-ਛੋਟੇ ਜਾਨਵਰਾਂ ਨੇ ਆਪਣੀ ਤਾਕਤ ਜਤਾਈ। ਅਖੀਰ ਵਿੱਚ ਇੱਕ ਹੰਕਾਰਿਆ ਹਾਥੀ ਚਿੱਕੜ ਨਾਲ ਲੱਥਪੱਥ ਆਪਣੇ ਲੇਟ ਆਉਣ ਦਾ ਕਾਰਨ ਦੱਸ ਕੇ ਆਪਣੀ ਦਾਅਵੇਦਾਰੀ ਜਿਤਾਉਣ ਲੱਗਿਆ ਕਿ ਮੈਂ ਵੱਡੇ-ਵੱਡੇ ਦਰੱਖਤਾਂ ਨੂੰ ਜੜ੍ਹੋਂ ਉਖਾੜ ਸਕਦਾ ਹਾਂ ਤੇ ਇਹਨਾਂ ਜੰਗਲੀ ਜਾਨਵਰਾਂ ਦੀ ਮੇਰੇ ਸਾਹਮਣੇ ਕੀ ਹਸਤੀ ਹੈ? ਮੈਨੂੰ ਜੰਗਲ ਦਾ ਮੁਖੀ ਬਣਾਇਆ ਜਾਵੇ। ਸਾਰੇ ਪਾਸੇ ਸੰਨਾਟਾ ਤੇ ਚੁੱਪ ਪਸਰ ਗਈ। ਕੋਈ ਵੀ ਬੋਲਣ ਨੂੰ ਤਿਆਰ ਨਹੀਂ ਸੀ। ਕਾਫੀ ਚਿਰ ਬਾਅਦ ਇੱਕ ਛੋਟਾ ਜਿਹਾ ਸਿਆਣਾ ਖਰਗੋਸ਼ ਬੋਲਿਆ ਕਿ ਜੇ ਤੂੰ ਐਡਾ ਹੀ ਤਾਕਤਵਾਰ ਹੈ ਤਾਂ ਉਹ ਦੂਰ ਖੜ੍ਹੇ ਦੋ ਸੌ ਸਾਲ ਪੁਰਾਣੇ ਦੂਰ ਤੱਕ ਫੈਲੇ ਹੋਏ ਬੋਹੜ ਦੇ ਵੱਡੇ ਸਾਰੇ ਦਰੱਖਤ ਨੂੰ ਪੁੱਟ ਕੇ ਵਿਖਾ। ਛੋਟੇ ਖਰਗੋਸ਼ ਦੀ ਗੱਲ ਸੁਣ ਕੇ ਹਾਥੀ ਪਸੀਨੋ ਪਸੀਨੀ ਹੋ ਗਿਆ। ਅਸਮਾਨ ਤੇ ਬੱਦਲ ਛਾਏ ਹੋਏ ਸਨ। ਦੁਚਿੱਤੀ ਵਿੱਚ ਪਿਆ ਹਾਥੀ ਜਦੋਂ ਬੋਹੜ ਦੇ ਦਰੱਖਤ ਵੱਲ ਨੂੰ ਜਾਣ ਲੱਗਿਆ ਤਾਂ ਸਾਰੇ ਜੰਗਲੀ ਜਾਨਵਰ ਹੈਰਾਨ ਸਨ ਤੇ ਹਾਥੀ ਤੋਂ ਤੁਰਿਆ ਨਹੀਂ ਜਾ ਰਿਹਾ ਸੀ। ਹਾਥੀ ਤੇ ਦੂਜੇ ਜਾਨਵਰਾਂ ਨੇ ਬੋਹੜ ਦੇ ਦਰੱਖਤ ਬਾਰੇ ਆਪਣੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਇਹ ਸਾਡੇ ਤੋਂ ਵੀ ਬਹੁਤ ਪਹਿਲਾਂ ਦਾ ਹੈ ਤੇ ਇਸਦੇ ਫੈਲਾਅ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਕਿ ਇਹ ਕਿੰਨਾਂ ਵੱਡਾ ਹੈ? ਹਾਥੀ ਅੰਦਰੋਂ ਆਪਣੀ ਹਾਰ ਮੰਨ ਚੁੱਕਾ ਸੀ ਤੇ ਘਬਰਾਹਟ ਵਿੱਚ ਸੀ। ਸਾਰਿਆਂ ਨੂੰ ਪਤਾ ਸੀ ਕਿ ਇਹ ਹਾਥੀ ਦੇ ਵੱਸ ਦੀ ਗੱਲ ਨਹੀ। ਅਚਾਨਕ ਪਰਮਾਤਮਾ ਦੀ ਕੁਦਰਤੀ ਸ਼ਕਤੀ ਅਸਮਾਨੀ ਬਿਜਲੀ ਗੜਗੜ ਕਰਕੇ ਬੋਹੜ ਦੇ ਦਰੱਖਤ ਤੇ ਡਿੱਗੀ ਤੇ ਸਾਰਾ ਬੋਹੜ ਪਲ ਵਿੱਚ ਢੈਅ ਢੇਰੀ ਕਰ ਦਿੱਤਾ। ਸਾਰੇ ਜਾਨਵਰ ਬਿਜਲੀ ਦੇ ਖੜਾਕ ਸੁਣ ਕੇ ਭੱਜੇ ਜਾ ਰਹੇ ਤੇ ਕੁਦਰਤ ਦੇ ਬਲਵਾਨ ਹੋਣ ਦੀ ਦੁਹਾਈ ਪਾ ਰਹੇ ਸਨ।
ਸੋ ਪਿਆਰੇ ਸਾਥੀਓ, ਕਹਾਣੀ ਵਿਚਲਾ ਜੰਗਲ ਅਸਲ ਵਿੱਚ ਸਾਡਾ ਸੰਸਾਰ ਹੈ ਤੇ ਵੱਖ-ਵੱਖ ਜਾਨਵਰ ਤੇ ਹੋਰ ਪ੍ਰਾਣੀ ਆਦਿ ਸਾਡੇ ਦੇਸ਼ ਹਨ ਜੋ ਹਾਉਮੈਂ ਵੱਸ ਆਪਣੇ ਆਪ ਨੂੰ ਤਾਕਤਵਰ ਦੱਸ ਰਹੇ ਹਨ ਤੇ ਸਾਡੇ ਸੁੰਦਰ ਵਾਤਾਵਰਨ ਨੂੰ ਪਲੀਤ ਕਰ ਰਹੇ ਹਨ। ਆਪਣੇ ਹੰਕਾਰ ਵਿੱਚ ਆਏ ਗੈਰ ਮਨੁੱਖੀ ਕਾਰਜ ਕਰ ਰਹੇ ਹਨ। ਅਸਲ ਵਿੱਚ ਸਾਡੇ ਸਮਾਜਿਕ ਜੀਵਨ ਵਿੱਚ ਵੀ ਇਹੀ ਵਰਤਾਰਾ ਚੱਲ ਰਿਹਾ ਹੈ। ਹਰ ਕੋਈ ਇੱਕ ਦੂਜੇ ਨੂੰ ਨੀਵਾਂ ਵਿਖਾ ਰਿਹਾ ਹੈ। ਪਰ ਜਦੋਂ ਮਨੁੱਖ ਆਪਣੇ ਸੁਆਰਥ ਲਈ ਚੰਗਾ ਮੰਦਾ ਨਹੀਂ ਵੇਖਦਾ ਤਾਂ ਪਰਮਾਤਮਾ ਦੀ ਕੁਦਰਤ ਇਸਤੇ ਕਹਿਰ ਬਣ ਕੇ ਡਿੱਗਦੀ ਹੈ ਤੇ ਮਨੁੱਖ ਨੂੰ ਫਿਰ ਕੁੱਝ ਵੀ ਨਹੀਂ ਸੁੱਝਦਾ ਤੇ ਮਨੁੱਖ ਕੁਦਰਤ ਅੱਗੇ ਆਪਣੇ ਗੋਡੇ ਟੇਕ ਦਿੰਦਾ ਹੈ। ਸੋ ਆਓ ਦੋਸਤੋ, ਆਪਾਂ ਹਾਉਮੈਂ ਵੱਸ ਕਰਤਾ ਬਣਨ ਦੀ ਕੋਸ਼ਿਸ਼ ਨਾ ਕਰੀਏ ਤੇ ਨਿਮਾਣੇ ਬਣ ਕੇ ਰਹੀਏ। ਨਹੀਂ ਤਾਂ ਕਰੋਨਾ ਵਰਗੀਆਂ ਅਲਾਮਤਾਂ ਸਾਨੂੰ ਹਮੇਸ਼ਾ ਪਰੇਸ਼ਾਨ ਕਰਦੀਆਂ ਰਹਿਣਗੀਆਂ।
ਸਰਬਜੀਤ ਸਿੰਘ ਜਿਉਣ ਵਾਲਾ,ਫਰੀਦਕੋਟ
ਮੋਬਾਇਲ -9464412761

...
...

ਮੈਨੂੰ ਜਦੋਂ ਵੀ ਸੁਨੇਹਾਂ ਮਿਲਦਾ..ਬਾਪੂ ਜੀ ਹੋਸਟਲ ਆ ਰਹੇ ਨੇ ਤਾਂ ਕਮਰੇ ਵਿਚ ਲੱਗਿਆ ਮਧੂ ਬਾਲਾ ਵਾਲਾ ਪੋਸਟਰ ਹਟਾ ਦਿਆ ਕਰਦਾ..ਬਾਪੂ ਹੁਰਾਂ ਦੇ ਸੁਬਾਹ ਤੋਂ ਚੰਗੀ ਤਰਾਂ ਵਾਕਿਫ ਸਾਂ..

ਨਿੱਕੇ ਹੁੰਦਿਆਂ ਬੰਬੀ ਦੇ ਕੋਠੇ ਵਿਚ ਪਈ ਕੁੱਟ ਅਜੇ ਵੀ ਚੰਗੀ ਤਰਾਂ ਯਾਦ ਸੀ..

ਘਰੋਂ ਪਾਣੀ ਲਾਉਣ ਘੱਲੇ ਦੀ ਸੈੱਲਾਂ ਵਾਲੇ ਰੇਡੀਓ ਤੇ ਵੱਜਦੇ ਇੱਕ ਗਾਣੇ ਜਿਸਦੇ ਬੋਲ ਕੁਝ ਏਦਾਂ ਸਨ “ਮਿੱਤਰਾਂ ਦੀ ਮੋਟਰ ਤੇ ਲੀੜੇ ਧੋਣ ਦੇ ਬਹਾਨੇ ਆਜਾ” ਨਾਲ ਐਸੀ ਲਿਵ ਲੱਗੀ ਕੇ ਆਲੇ ਦਵਾਲੇ ਦੀ ਹੋਸ਼ ਹੀ ਨਾ ਰਹੀ..

ਫੇਰ ਖਿਆਲਾਂ ਦੀ ਲੜੀ ਓਦੋਂ ਟੁੱਟੀ ਜਦੋਂ ਅਚਾਨਕ ਆ ਗਏ ਬਾਪੂ ਹੁਰਾਂ ਦੀ ਤਾੜ ਕਰਦੀ ਡਾਂਗ ਐਨ ਮੌਰਾਂ ਸਿਰ ਆਣ ਪਈ..

ਇੰਝ ਲੱਗਾ ਜਿੱਦਾਂ ਪਰਲੋ ਆ ਗਈ ਹੋਵੇ..ਜੁੱਤੀ ਪਾਉਣ ਦਾ ਟਾਈਮ ਵੀ ਨਹੀਂ ਮਿਲਿਆ..

ਫੇਰ ਨੰਗੇ ਪੈਰੀ ਪੈਲੀਆਂ ਵਿਚ ਅੱਗੇ ਨੱਸੇ ਜਾਂਦੇ ਨੂੰ ਇੰਝ ਡਾਂਗ ਵਰਾਈ ਜਿੱਦਾਂ ਔੜ ਤੋਂ ਅੱਕਿਆ ਜੱਟ ਛੱਲੀਆਂ ਨੂੰ ਕੁੱਟ ਚਾੜਦਾ..

ਕਾਲਜ ਵਿਚ ਸਾਰੇ ਨਾਲਦੇ ਮਖੌਲ ਕਰਿਆ ਕਰਦੇ..

ਇਥੋਂ ਤੱਕ ਕੇ ਕੁੜੀਆਂ ਨੂੰ ਵੀ ਖਬਰ ਹੋ ਗਈ ਕੇ ਇਸਦੇ ਕਮਰੇ ਵਿਚ ਉਸਦਾ ਪੋਸਟਰ ਲੱਗਿਆ..!

ਮੇਰਾ ਰੂਮ-ਮੇਟ ਜੱਗੀ ਅਕਸਰ ਹੀ ਆਖ ਦਿਆ ਕਰਦਾ ਇਸਦੀ ਲਾਹ ਕੇ ਕਿਸੇ ਹੋਰ ਦੀ ਲਾ ਦੇ ਇਹ ਤਾਂ ਵਿਚਾਰੀ ਛੱਤੀਆਂ ਤੱਕ ਅੱਪੜਦੀ ਰੱਬ ਨੂੰ ਪਿਆਰੀ ਹੋ ਗਈ ਸੀ..ਦਿਲ ਵਿਚ ਛੇਕ ਹੋ ਗਿਆ ਸੀ ਇਸਦੇ!

ਮੈਂ ਦਿਲ ਹੀ ਦਿਲ ਵਿਚ ਆਖਣਾ..”ਤਾਂ ਕੀ ਹੋਇਆ..ਮਰਨਾ ਜੀਣਾ ਤੇ ਉੱਪਰ ਵਾਲੇ ਦੇ ਹੱਥ ਹੁੰਦਾ ਏ..”

ਫੇਰ ਐੱਮ.ਫਿੱਲ ਕਰਨ ਮਗਰੋਂ ਬਤੌਰ ਸਹਾਇਕ ਪ੍ਰੋਫੈਸਰ ਦੀ ਨੌਕਰੀ ਮਿਲਣ ਦੀ ਦੇਰ ਸੀ ਕੇ ਵਿਚੋਲਿਆਂ ਨੇ ਬਰੂਹਾਂ ਘਸਾ ਛੱਡੀਆਂ..ਰਿਸ਼ਤੇਦਾਰੀ ਵਿਚ ਵੀ ਮੇਰਾ ਜਿਕਰ ਹੋਣਾ ਆਮ ਜਿਹੀ ਗੱਲ ਹੋ ਗਈ..!

ਹਾਣ ਨੂੰ ਹਾਣ ਅੱਜ ਵਾਂਙ ਹੀ ਪਿਆਰਾ ਹੁੰਦਾ ਸੀ..ਵਿਆਹ ਮੰਗਣੇ ਮੌਕੇ ਦੂਰ ਖਲੋਤੇ ਕੁਝ ਕੂ ਹੁਸੀਨ ਪਰਛਾਵੇਂ..ਬਿਨਾ ਵੇਖਿਆ ਹੀ ਮੈਨੂੰ ਪਤਾ ਲੱਗ ਜਾਇਆ ਕਰਦਾ ਕੇ ਖੁਸਰ ਫੁਸਰ ਮੇਰੇ ਬਾਰੇ ਹੀ ਹੋ ਰਹੀ ਏ..

ਓਦੋਂ ਅੱਖਾਂ ਵਿਚ ਅੱਖਾਂ ਪਾ ਕੇ ਵੇਖਣ ਦਾ ਰਿਵਾਜ ਨਹੀਂ ਸੀ ਹੋਇਆ ਕਰਦਾ..ਫੇਰ ਵੀ ਇਹ ਇਹਸਾਸ ਮੈਨੂੰ ਸੁਕੂਨ ਦਿਆ ਕਰਦਾ..

ਫੇਰ ਇਹ ਮਾਮਲਾ ਥੋੜਾ ਸੀਰੀਅਸ ਹੋ ਗਿਆ..

ਬਾਪੂ ਹੂਰੀ ਮੈਨੂੰ ਆਪ ਕਦੀ ਵੀ ਕੋਈ ਫੋਟੋ ਨਾ ਵਿਖਾਇਆ ਕਰਦੇ..ਹਮੇਸ਼ਾਂ ਬੀਜੀ ਨੂੰ ਅੱਗੇ ਕਰਦੇ..ਫੇਰ ਮੇਰੀ ਰਾਏ ਬੀਜੀ ਦੇ ਰਾਹੀਂ ਹੀ ਓਹਨਾ ਕੋਲ ਪੁੱਜਿਆ ਕਰਦੀ..!

ਅਖੀਰ ਮੈਂ ਇੱਕ ਫੋਟੋ ਤੇ ਉਂਗਲ ਧਰ ਹੀ ਦਿੱਤੀ..

ਉਸਦੀਆਂ ਅੱਖਾਂ ਬੁੱਲ ਅਤੇ ਕੰਨਾਂ ਕੋਲ ਦੀ ਥੱਲੇ ਲਮਕਦੀ ਹੋਈ ਕਾਲੇ ਵਾਲਾਂ ਦੀ ਘੁੰਗਰਾਲੀ ਜਿਹੀ ਲਿਟ ਹੂਬਹੂ ਮਧੂ ਬਾਲਾ ਵਰਗੀ ਸੀ..

ਮੈਂ ਇਹ ਗੱਲ ਕਿਸੇ ਨੂੰ ਪਤਾ ਨਾ ਲੱਗਣ ਦਿੱਤੀ ਪਰ ਨਿੱਕੀ ਭੈਣ ਝੱਟ ਮੇਰਾ ਇਹ ਪੈਂਤੜਾ ਝੱਟ ਸਿਆਣ ਗਈ..!

ਖੈਰ ਵਿਆਹ ਮਗਰੋਂ ਅਸੀਂ ਅਮ੍ਰਿਤਸਰ ਸ਼ਿਫਟ ਹੋ ਗਏ..

ਮਧੂ ਬਾਲਾ ਵਾਲੀ “ਮੁਗਲ-ਏ-ਆਜਮ” ਅਸਾਂ ਸ਼ਾਇਦ ਸੂਰਜ ਚੰਦੇ ਤਾਰੇ ਵਿਚ ਲਗਾਤਾਰ ਪੰਜ ਵਾਰ ਵੇਖੀ ਹੋਊ..ਮੈਂ ਇਸਨੂੰ ਅਕਸਰ “ਅਨਾਰਕਲੀ” ਆਖ ਬੁਲਾਉਂਦਾ..!

ਇਸਨੂੰ ਅਕਸਰ ਹੀ ਕਈ ਵਾਰ ਹਲਕੀ ਹਲਕੀ ਖੰਗ ਛਿੜ ਜਾਇਆ ਕਰਦੀ..

ਮੈਨੂੰ ਫਿਕਰ ਹੁੰਦਾ..ਡਾਕਟਰਾਂ ਦੀ ਰਾਏ ਲਈ..ਓਹਨਾ ਆਖਣਾ ਕੋਈ ਫਿਕਰ ਵਾਲੀ ਗੱਲ ਨਹੀਂ..ਬੱਸ ਮਾਮੂਲੀ ਜਿਹਾ ਗਲਾ ਹੀ ਖਰਾਬ ਏ..!

ਫੇਰ ਇੱਕ ਵਾਰ ਪਿੰਡ ਗਈ ਤਾਂ ਨਲਕਾ ਗੇੜਦੀ ਓਥੇ ਢੇਰੀ ਹੋ ਗਈ..

ਮੈਂ ਭੱਜ ਕੇ ਜਾ ਉਠਾਇਆ..ਚਾਚੀਆਂ ਤਾਈਆਂ ਮਖੌਲ ਕਰਨੇ ਸ਼ੁਰੂ ਕਰ ਦਿਤੇ ਕੇ ਖੁਸ਼ੀ ਦੀ ਖਬਰ ਏ..ਪਰ ਔਖੇ ਔਖੇ ਸਾਹ ਲੈਂਦੀ ਨੇ ਮੈਨੂੰ ਫਿਕਰਾਂ ਦੇ ਸਮੁੰਦਰ ਵਿਚ ਧੱਕ ਦਿੱਤਾ..!

ਅਮ੍ਰਿਤਸਰ ਆ ਕੇ ਵੱਡੇ ਹਸਪਤਾਲ ਟੈਸਟ ਕਰਵਾਉਣ ਮਗਰੋਂ ਪਤਾ ਲੱਗਿਆ ਦਿਲ ਵਿਚ ਛੇਕ ਸੀ..ਫੇਰ ਦਿਨਾਂ ਵਿਚ ਹੀ ਹੱਥਾਂ ਵਿਚੋਂ ਰੇਤ ਦੇ ਕਿਣਕਿਆਂ ਵਾਂਙ ਖਿੱਲਰ ਗਈ..

ਇੱਕ ਦਿਨ ਕੱਲਾ ਬੈਠਾ ਸੋਚੀ ਜਾ ਰਿਹਾ ਸਾਂ ਕੇ ਕਾਸ਼ ਉਸ ਵੇਲੇ ਹੋਸਟਲ ਵਾਲੇ ਜੱਗੀ ਦੀ ਗੱਲ ਮੰਨ ਓਥੋਂ ਮਧੂ ਬਾਲਾ ਦਾ ਪੋਸਟਰ ਹਟਾ ਦਿੱਤਾ ਹੁੰਦਾ..ਸ਼ਾਇਦ ਇਹ ਅੱਜ ਮੇਰੇ ਕੋਲ ਹੁੰਦੀ..

ਪਰ ਇੱਕ ਗਿਲਾ ਰੱਬ ਨਾਲ ਵੀ ਅਕਸਰ ਹੀ ਕਰ ਲੈਂਦਾ ਹਾਂ ਕੇ ਪੋਸਟਰ ਵਾਲੀ ਤੇ ਛੱਤੀਆਂ ਸਾਲਾਂ ਦੀ ਹੋ ਕੇ ਗਈ ਸੀ ਪਰ ਮੇਰੀ ਅਨਾਰਕਲੀ ਤੂੰ ਸੱਤ ਸਾਲ ਪਹਿਲਾਂ ਹੀ ਆਪਣੇ ਕੋਲ ਕਿਓਂ ਸੱਦ ਲਈ..!

ਹਰਪ੍ਰੀਤ ਸਿੰਘ ਜਵੰਦਾ

...
...

ਹੋਰ ਗੱਲ ਕਰਦੇ ਆਂ। ਜਿੱਦਣ ਦਾ ਕਰੋਨਾ ਚੱਲਿਆ ਓਦਣ ਤੋਂ ਬੜੇ ਲੋਕਾਂ ਨੇ ਗੁਰੂ ਘਰ ਵੱਲ ਮੂੰਹ ਕਰਕੇ ਇਓਂ ਭੌਂਕਣਾ ਸ਼ੁਰੂ ਕੀਤਾ ਜਿਵੇਂ ਕਿਸੇ ਅੱਕੇ ਵਏ ਨੇ ਲੱਟਰ ਕਤੀੜ੍ਹ ਵੱਲ ਚਲਾਵਾਂ ਡਲਾ ਛੱਡਤਾ ਹੋਵੇ।
ਸਟੇਟਸ ਚਾੜ੍ਹ ਰਹੇ ਨੇ ਕਿ ਗੁਰੂ ਘਰਾਂ ਦੀ ਥਾਂ ਹਸਪਤਾਲਾਂ ਨੂੰ ਦਾਨ ਦਿਓ। ਗ਼ੌਰ ਕਰਿਓ। 100 ਦੇ ਫ਼ੋਨ ਰੀਚਾਰਜ ‘ਚੋਂ 10-12 ਰੁਪਏ, ਲੀਟਰ ਤੇਲ ਮਗਰ 35-40 ਰੁਪਏ ਟੈਕਸ, ਵਿਆਹ ਅਤੇ ਜ਼ਮੀਨ ਰਜਿਸਟਰੇਸ਼ਨਾਂ ਦੇ ਖਰਚੇ, ਸੀਖਾਂ ਦੀ ਡੱਬੀ ਤੋਂ ਲਾਕੇ ਕੁੱਲ ਚੀਜ਼ ਤੇ ਟੈਕਸ ਭਰ ਭਰ ਕੇ ਵੀ ਜੇ ਪੱਲਿਓਂ ਪੈਸੇ ਲਾਕੇ ਹੀ ਹਸਪਤਾਲ ਬਣਾਓਣੇ ਆ ਫੇਰ ਸਰਕਾਰਾਂ ਥਣ ਫੜ੍ਹਨ ਨੂੰ ਬਣਦੀਆਂ?
ਗੁਰੂ ਦਾ ਘਰ ਸਦਾ ਨਿਆਰਿਆਂ ਦਾ ਆਸਰਾ ਰਿਹਾ। ਅੰਮ੍ਰਿਤਸਰ ਕਿਸੇ ਵੀ ਕੰਮ ਗਿਆ ਬੰਦਾ ਦਰਬਾਰ ਸਾਹਿਬ ਜਾਕੇ ਰਹਿੰਦਾ। ਪਟਿਆਲ਼ੇ ਗਿਆ ਬੰਦਾ ਦੂਖ ਨਿਵਾਰਨ ਸਾਹਿਬ ਜਾਕੇ ਸ਼ਰਨ ਲੈਂਦਾ।
ਗੱਲ ਮੁੱਕੀ ਗੁਰਦੁਆਰੇ ਸੰਗਤ ਦਾ ਦੂਜਾ ਘਰ ਹੁੰਦੇ ਨੇ।
ਸਿੰਘਾਪੁਰ ਦੀ ਸਿਲਡ ਰੋਡ ਤੇ ਓਪਟਰਮ ਪਾਰਕ ਗੁਰੂ ਘਰ ਦੇ ਲੰਗਰ ਹਾਲ ‘ਚ ਨਾਲ ਬੈਠੇ ਮੁੰਡੇ ਨੇ ਮੈਨੂੰ ਦੱਸਿਆ ਕਹਿੰਦਾ ਬਾਈ ਏਥੇ ਪੜ੍ਹਦੇ ਸਟੂਡੈਂਟਾਂ ਤੋਂ ਜਦੋਂ ਖਰਚ ਪਾਣੀ ਨਹੀਂ ਨਿੱਕਲਦਾ ਤਾਂ ਬਿਨ੍ਹਾਂ ਕਿਸੇ ਰੋਕ ਟੋਕ ਤਿੰਨ ਵੇਲੇ ਗੁਰੂ ਘਰੋਂ ਲੰਗਰ ਛਕਦੇ ਨੇ।
ਹੈਰਾਨੀ ਹੁੰਦੀ ਆ ਜਦੋਂ ਕਿਸੇ ਸੁੰਨੀ ਜੀ ਥਾਂ ਤੇ ਬਣੇ ਕੱਲੇ ਕੈਹਰੇ ਗੁਰੂ ਘਰ ‘ਚ ਮੱਥਾ ਟੇਕੀਏ ਤਾਂ ਕੋਈ ਬਜ਼ੁਰਗ ਸੇਵਾਦਾਰ ਕਮਰਕੱਸਾ ਬੰਨ੍ਹਕੇ ਆਖਦਾ,”ਸਿੰਘੋ ਪ੍ਰਸ਼ਾਦਾ ਛਕ ਕੇ ਜਾਇਓ”।
ਸਿੱਖ ਸੰਗਤ ਕਿਰਤ ਕਮਾਈ ‘ਚੋਂ ਪੈਸਾ ਕੱਢਕੇ ਲੱਖਾਂ ਕਰੋੜਾਂ ਰੁਪਏ ਖਰਚ ਕੇ ਪਿੰਗਲਵਾੜਾ, ਖਾਲਸਾ ਏਡ ਜਾਂ ਹੋਰ ਤਰੀਕਿਆਂ ਰਾਹੀਂ ਸੇਵਾ ਕਰਦੀ ਹੀ ਰਹਿੰਦੀ ਆ।

ਗੁਰੂ ਘਰਾਂ ਦੀ ਉਸਾਰੀ ਜਾਂ ਮੁਰੰਮਤ ਤੇ ਕਦੇ ਸਰਕਾਰੀ ਪੈਸਾ ਨਹੀਂ ਲੱਗਾ। ਢੱਠੇ ਸ੍ਰੀ ਅਕਾਲ ਤਖਤ ਸਾਬ੍ਹ ਨੂੰ ਜਦੋਂ ਸਕਿੱਪਰਜ਼ ਕੰਪਨੀ ਨੇ ਠੇਕਾ ਲੈਕੇ ਬਣਾਇਆ ਸੀ ਤਾਂ ਸਿੱਖ ਸੰਗਤ ਨੇ ਏਹਨੂੰ ਨਾ ਮੰਜ਼ੂਰ ਕਰਕੇ, ਢਾਹਕੇ ਦੁਬਾਰਾ ਪੱਲਿਓਂ ਪੈਸਾ ਲਾਕੇ ਆਪ ਬਣਾਇਆ ਸੀ।
ਧਰਮ ਸਥਾਨਾਂ ਨੂੰ ਦੋਸ਼ ਦੇਣ ਦੀ ਥਾਂ ਦੂਜੇ ਪਾਸੇ ਮੂੰਹ ਕਰੋ। ਜੀਹਦੇ ਹੱਥ ਪੰਜੇ ਦਾ ਪੋਸਟਰ ਹਜੇ ਵੀ ਥੋਡੀ ਗੱਡੀ ਦੇ ਪਿਛਲੇ ਸ਼ੀਸ਼ੇ ਤੇ ਚਿੰਬੜਿਆ ਵਾ।ਜੀਹਨੂੰ ਵੋਟਾਂ ਪਾਕੇ ਤਖਤ ਬਿਠਾਇਆ। ਲੋਕ ਰਾਸ਼ਨ ਮੰਗੀ ਜਾਂਦੇ ਆ ਓਹਨੇ ਤੇਰੇ ਯਾਰ ਨੇ ਬੈਂਕ ਖਾਤਾ ਮੂਹਰੇ ਕਰਤਾ, ਕਹਿੰਦਾ ਏਹਦੇ ‘ਚ ਪੈਸੇ ਪਾਓ। ਲੋਕ ਕਹਿੰਦੇ ਅਸੀਂ ਨੰਗ ਆ, ਓਹ ਕਹਿੰਦਾ ਸਰਕਾਰ ਨੰਗ ਆ। ਖੁਸਰੇ ਨਾ ਖੁਸਰਾ ਸੁੱਤਾ, ਨਾ ਕੁਸ ਲਿਆ ਨਾ ਦਿੱਤਾ, ਓਹ ਗੱਲ ਆ…ਬਾਬਾ ਭਲੀ ਕਰੇ….ਘੁੱਦਾ

...
...

ਹੁਣ ਕਿੱਧਰ ਨੂੰ ਜਾਈਏ ਬੇਬੇ? ਕੌਣ ਬਚਾਊ ਮੁਲਕ? ਸੱਭ ਕੁੱਝ ਤਬਾਹ ਹੋਈ ਜਾਂਦਾ ਏ। ਮੈਂ ਮਰਜਾਣਾ ਬੇਬੇ।
ਪੁੱਤ ਹੌਸਲਾ ਰੱਖ, ਕਿਓ ਡੋਲੀ ਜਾਨ੍ਹਾਂ?
ਹੋਇਆ ਕੀ ਆ?
ਬੇਬੇ ਕੋਰੋਨਾ?
ਕੀ ਕੋਰੋਨਾ ਪੁੱਤ?
ਬੇਬੇ ਮਹਾਂਮਾਰੀ ਫੈਲ ਗਈ ਕੋਰੋਨਾ ਨਾਂ ਦੀ ਚਾਰੇ ਪਾਸੇ। ਕੋਈ ਬਚਣ ਦੀ ਉਮੀਦ ਨਹੀਂ ਰਹੀ। ਹਰ ਰੋਜ 100 ਤੋਂ ਵੱਧ ਮੌਤਾਂ ਹੋ ਰਹੀਆਂ ਨੇ। ਹੁਣ ਆਪਾਂ ਕਿੱਦਾਂ ਬਚਾਂਗੇ?
ਪੁੱਤ ਹਿੰਮਤ ਨਾ ਹਾਰ, ਬਾਬੇ ਨਾਨਕ ਦਾ ਨਾਂ ਲੈਹ। ਓਹ ਆਪੇ ਸੱਭ ਕੁੱਝ ਸਵਾਰੇਗਾ।
ਬੇਬੇ ਨਾਮ ਲਇਆਂ ਰੋਟੀ ਨਹੀਂ ਮਿਲਣੀ। ਰੋਟੀ ਲਈ ਤਾਂ ਘਰੋਂ ਬਾਹਰ ਨਿਕਲਣਾ ਹੀ ਪਵੇਗਾ। ਪੁਲਿਸ ਨੇ ਥਾਂ-ਥਾਂ ਨਾਕੇ ਲਾਏ ਹੋਏ ਆ। ਕਿਸੇ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ।
ਬੇਬੇ! ਉਹਨਾਂ ਗਰੀਬਾਂ ਨੂੰ ਕੌਣ ਖਾਣ ਨੂੰ ਦੇਵੇਗਾ, ਜਿਹੜੇ ਦਿਹਾੜੀਦਾਰ ਹਨ? ਹਰ ਰੋਜ ਦਿਹਾੜੀ ਕਰਕੇ ਵੀ ਜਿਨ੍ਹਾਂ ਦਾ ਗੁਜਾਰਾ ਮਸਾਂ ਚੱਲਦਾ ਹੈ।
ਕੌਣ ਭਰੂ ਉਹਨਾਂ ਦਾ ਢਿੱਡ?
ਸਰਕਾਰ ਮਾਇਕ ਫੜ੍ਹ ਕੇ ਤਾਂ ਕਰੋੜਾਂ ਦਾ ਐਲਾਨ ਕਰ ਦਿੰਦੀ ਹੈ। ਉਹ ਮਿਲਦਾ ਕਿੰਨ੍ਹਾਂ ਨੂੰ ਹੈ? ਲੀਡਰਾਂ ਨੂੰ ਜਾਂ ਆਮ ਜਨਤਾ ਨੂੰ?
ਬੇਬੇ ਕੁੱਝ ਨਹੀਂ ਹੋਣਾ, ਦੇਖੀ ਚੱਲ। ਤੇਰੇ ਸਾਹਮਣੇ ਹੀ ਸਾਰੀ ਦੁਨੀਆਂ ਖਤਮ ਹੋਣੀ ਏ।
ਪੁੱਤ! ਸਰਕਾਰ ਨਹੀਂ ਕੁੱਝ ਕਰਦੀ ਤਾਂ ਫਿਰ ਕੀ ਹੋਇਆ? ਪੰਜਾਬ ‘ਚ ਬੜੇ ਦਾਨੀ ਬੈਠੇ ਹਨ। ਜਿਹੜੇ ਮੇਰੇ ਸੋਹਣੇ ਪੰਜਾਬ ਨੂੰ ਮੰਝੇ ‘ਤੇ ਨਹੀਂ ਪੈਣ ਦੇਣਗੇ। ਘਰ ਘਰ ਜਾ ਕੇ ਸੌਦਾ(ਰਾਸ਼ਣ) ਵੰਡਣਗੇ। ਉਹ ਦਾਨੀ, ਜਿਹਨੀਂ ਕੂ ਉਹਨਾਂ ਦੀ ਪਹੁੰਚ ਹੋਵੇਗੀ, ਕਿਸੇ ਨੂੰ ਭੁੱਖੇ ਢਿੱਡ ਨਹੀਂ ਰਹਿਣ ਦਿੰਦੇ।
ਤੂੰ ਪੁੱਤ ਇਹਨੀਂ ਕੂ ਸਾਰਿਆਂ ਨੂੰ ਅਪੀਲ ਕਰ, ਕਿ ਕੋਈ ਘਰੋਂ ਬਾਹਰ ਨਾ ਨਿਕਲੇ, ਸਰਕਾਰ ਦੀ ਧਾਰਾ ਨੂੰ ਨਾ ਤੋੜੇ। ਹਰੇਕ ਜਾਣਾ ਆਪਣੇ ਹੱਥ ਸਾਫ ਰੱਖੇ। ਮੂੰਹ ਉੱਤੇ ਰੁਮਾਲ ਜਾਂ ਮਾਸਕ ਪਹਿਨੇ, ਹਰ ਇਕ ਜਾਣੇ ਨੂੰ ਕਹਿ ਕਿ ਘੱਟੋਂ ਘੱਟ ਇਕ-ਦੂਜੇ ਤੋਂ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣ। ਜੇ ਕਿਸੇ ਨੂੰ ਖੰਗ-ਜੁਕਾਮ ਜਾਂ ਬੁਖਾਰ ਹੁੰਦਾ ਹੈ, ਤਾਂ ਉਸੇ ਵੇਲੇ ਉਹ ਆਪਣੀ ਦਵਾਈ ਲਵੇ। ਪੁੱਤ ਜੇ ਸਾਰੇ ਇਹਦਾਂ ਕਰਨਗੇ ਤਾਂ ਫਿਰ ਬੀਮਾਰੀ ਨਹੀਂ ਫੈਲ ਸਕਦੀ।
ਬੇਬੇ, ਚੱਲ ਮੈਂ ਮੰਨ ਲੈਨ੍ਹਾ ਕਿ ਬੜੇ ਦਾਨੀ ਸੱਜਣ ਹੋਣਗੇ, ਜਿਹੜੇ ਕਈ ਗਰੀਬਾਂ ਦਾ ਢਿੱਡ ਭਰਨਗੇ। ਉਹਨਾਂ ਨੂੰ ਖਾਲੀ ਢਿੱਡ ਨਹੀਂ ਸੌਣ ਦਿੰਦੇ। ਬੇਬੇ ਦਾਨੀ ਸੱਜਣ ਕਿੰਨ੍ਹੀ ਕੂ ਆਮ ਜਨਤਾ ਦਾ ਢਿੱਡ ਭਰਣਗੇ? ਆਖਿਰ ਕਾਰ ਤਾਂ ਉਹਨਾਂ(ਆਮ ਜਨਤਾ) ਨੂੰ ਸਰਕਾਰ ਦੀ ਧਾਰਾ ਨੂੰ ਤੋੜਣਾ ਹੀ ਪਵੇਗਾ।
ਸੱਭ ਕੁੱਝ ਸਰਕਾਰ ਨੇ ਬੰਦ ਕਰ ਦਿੱਤਾ ਹੈ। ਸਾਨੂੰ ਤਾਂ ਬੰਦੀ ਬਣਾ ਕੇ ਰੱਖ ਦਿੱਤਾ ਹੈ। ਮੈਨੂੰ ਉਹਨਾਂ ਕੋਰੋਨਾ ਤੋਂ ਡਰ ਨਹੀੰ ਲੱਗਦਾ ਬੇਬੇ, ਜਿਹਨਾਂ ਭੁੱਖੇ ਢਿੱਡ ਮਰਨ ਤੋਂ ਲੱਗਦਾ ਹੈ।
ਵਾਹ ਸਰਕਾਰੇ! ਤੂੰ ਬਹੁਤ ਚੰਗਾ ਕੀਤਾ ਕਰਫਿਓ ਲਗਾ ਕੇ, ਪਰ ਜੇ ਤੂੰ ਆ ਕਰਫਿਓ ਲਗਾਉਣ ਤੋਂ ਥੋੜੇ ਦਿਨ ਪਹਿਲਾਂ ਆਮ ਜਨਤਾ ਨੂੰ ਸੁਚੇਤ ਕਰ ਦਿੰਦੀ ਤਾਂ ਆਮ ਜਨਤਾ ਆਪੇ ਕੋਈ ਆਵਦਾ ਸੱਜਾ-ਖੱਬਾ ਕਰਦੀ। ਦਿਨ-ਰਾਤ ਇਕ ਕਰਕੇ ਆਪਣੀ ਰੋਟੀ ਜੋਗੇ ਪੈਸੇ ਇਕੱਠੇ ਕਰਕੇ ਆਪਣੇ ਬੱਚਿਆਂ ਦਾ ਢਿੱਡ ਭਰਦੀ। ਤੇ ਅੱਜ ਆਮ ਜਨਤਾ ਨੂੰ ਤੇਰੇ ਪ੍ਰਸ਼ਾਸ਼ਨ ਤੋਂ ਰੋਟੀ ਦੀ ਥਾਂ ਡੰਡੇ ਨਾ ਖਾਣੇ ਪੈਂਦੇ।

– ਧੰਜਲ ਜ਼ੀਰਾ।

...
...

ਕੋਲ ਦੀ ਲੰਘੀ ਇੱਕ ਤੇਜ ਤਰਾਰ ਗੱਡੀ ਦੇ ਪਿੱਛੇ ਲੱਗੀ ਭਗਤ ਸਿੰਘ ਦੀ ਫੋਟੋ ਦੇਖ ਕੇ ਮਨ ਵਿੱਚ ਕੁਝ ਕੁ ਵਿਚਾਰ ਆਏ ਕਿ ਕਿੰਨੀ ਚੰਗੀ ਗੱਲ ਆ ਵੀ ਅਸੀਂ ਭਗਤ ਸਿੰਘ ਨੂੰ ਯਾਦ ਰੱਖਦੇ ਆ ਪਰ ਅਫਸੋਸ ਅਸੀਂ ਉਸਨੂੰ ਸਿਰਫ ਇੱਕ ਫੋਟੋ ਤੱਕ ਸੀਮਤ ਰੱਖ ਬੈਠੇ ਆਂ ਉਸਤੋਂ ਉੱਪਰ ਕੁਝ ਨਹੀੰ। ਗੁਲਾਮੀ ਦੀਆਂ ਬੇੜੀਆਂ ਤੇ ਖੁਦ ਹਥੌੜਾ ਬਣ ਵੱਜਣ ਵਾਲੇ ਭਗਤ ਸਿੰਘ ਨੇਂ ਕਦੇ ਨਈਂ ਸੋਚਿਆ ਹੋਣਾ ਕਿ ਜਿਸ ਦੇਸ ਨੂੰ ਉਹ ਆਜਾਦ ਕਰਵਾਉਣ ਲਈ ਜਾਨ ਦੇ ਰਿਹਾ ਉਹ ਦੇਸ ਅੱਗੇ ਆ ਕੇ ਏਸਤੋਂ ਵੀ ਭੈੜੀ ਗੁਲਾਮੀ ਦਾ ਸਿਕਾਰ ਹੋਣ ਜਾ ਰਿਹਾ। ਭਗਤ ਸਿਘ ਨੇਂ ਕਦੇ ਨਹੀਂ ਸੋਚਿਆ ਹੋਣਾ ਕਿ ਜਿਸ ਉਮਰ ਵਿੱਚ ਉਹ ਤੇ ਸੁਖਦੇਵ ਵਿਚਲੀ ਬਹਿਸ ਦਾ ਮੁੱਦਾ ਲਾਂਤਨਿਕ ਅਤੇ ਗਾਵੇਨ ਆਦਿ ਰਹੇ ਅੱਗੇ ਜਾ ਕਿ ਉਸਦੇ ਹਮਸਫਰ ਸਿਰਫ ਸਿੰਗਰਾਂ ਦੀਆਂ ਬਹਿਸਾਂ ਤੱਕ ਸੀਮਤ ਰਹਿ ਜਾਣਗੇ । ਭਗਤ ਸਿੰਘ ਨੇ ਕਦੇ ਨਹੀਂ ਸੋਚਿਆ ਹੋਣਾ ਕਿ ਉਸ ਸਮੇਂ ਚੀਨ ਵਿੱਚ ਅਫੀਮ ਵਾਰ * ਦੀ ਤਰਾਂ ਉਸਦੇ ਆਪਣੇ ਪੰਜਾਬ ਵਿੱਚ ਅੱਗੇ ਜਾ ਕੇ ਚਿੱਟਾ ਵਾਰ ਦੀ ਸੁਰੂਆਤ ਹੋਵੇਗੀ। ਭਗਤ ਸਿੰਘ ਨੇਂ ਕਦੇ ਨਹੀੰ ਸੋਚਿਆ ਹੋਣਾ ਕਿ ਜਿੰਨਾਂ ਕਿਤਾਬਾਂ ਨੂੰ ਪੜ ਕੇ ਉਸਨੇ ਇਨਕਲਾਬ ਅਪਣਾਇਆ ਉਸਦੇ ਪੰਜਾਬੀਆਂ ਨੂੰ ਕਿਤਾਬਾਂ ਪੜਣ ਦਾ ਕੋਈ ਸ਼ੌਂਕ ਨਹੀਂ ਰਹੇਗਾ ।ਅਸੀਂ ਭਗਤ ਸਿੰਘ ਨੂੰ ਆਪਣਾ ਆਦਾਰਸ਼ ਤਾਂ ਮੰਨਦੇ ਹਾਂ ਪਰ ਕੀ ਅਸੀਂ ਕਦੇ ਸੋਚਿਆ ਕਿ ਅਸੀਂ ਉਹਦੇ ਨਾਲ ਦੀਆਂ ਆਦਤਾਂ ਅਪਣਾਈਏ । ਕੀ ਅਸੀਂ ਕਦੇ ਸੋਚਿਆ ਕਿ ਜੇਕਰ ਭਗਤ ਸਿੰਘ ਇੱਕ ਬੇਗਾਨੀ ਸਰਕਾਰ ਨੂੰ ਇੱਕ ਬੇਗਾਨੀ ਭਾਸਾ ਵਿੱਚ ਸਵਾਲ ਖੜੇ ਕਰ ਸਕਦਾ ਤੇ ਆਪਾਂ ਆਪਣੀ ਭਾਸਾ ਵਾਲੀਆਂ ਸਰਕਾਰਾਂ ਅੱਗੇ ਸਵਾਲ ਉਠਾਉਣ ਦੀ ਬਜਾਏ ਮੂਹਰੇ ਹੋ ਹੋ ਖੜਦੇ ਆਂ ਛਿੱਤਰ ਖਾਣ ਲਈ ਬੇਸੱਕ ਉਹ ਟੋਲ ਪਲਾਜਾ ਦੀ ਕਤਾਰ ਹੋਵੇ ਜਾਂ ਆਪਦੇ ਪੈਸੇ ਸਬਸਿਡੀ ਨਾਂ ਦੇ ਮਿੱਠੇ ਲਾਲਚ ਦੀ ਕਤਾਰ ਜਾਂ ਫਿਰ ਸਿਰਫ ਆਮ ਲੋਕਾਂ ਲਈ ਹੋਈ ਨੋਟਬੰਦੀ ਦੀਆਂ ਕਤਾਰਾਂ ਹੋਣ । ਭਗਤ ਸਿੰਘ ਨੇ ਖੁਦ ਆਪਣੀ ਕਿਤਾਬ ਵਿੱਚ ਲਿਖਿਆ ਕਿ ਉਹ ਗੋਰਿਆਂ ਤੋਂ ਤਾਂ ਆਪਣੇ ਮੁਲਕ ਨੂੰ ਆਜਾਦ ਕਰਵਾ ਲੈਣਗੇ ਪਰ ਆਪਣੇ ਮੁਲਕ ਦੇ ਗੋਰਿਆਂ ਤੋਂ ਭੈੜੇ ਲੀਡਰਾਂ ਤੋਂ ਕੌਣ ਆਜਾਦ ਕਰਵਾਏਗਾ । ਸਾਨੂੰ ਏਹ ਤਾਂ ਪਤਾ ਕਿ ਉਸਨੇ ਆਪਣੀ ਦਲੇਰੀ ਦੀ ਪ੍ਰੀਖਿਆ ਖੁਦ ਗਿਰਫਤਾਰ ਹੋ ਕੇ ਫਾਂਸੀ ਤੱਕ ਦੇ ਦਿੱਤੀ ਪਰ ਉਸਦਾ ਅਸਲੀ ਮਕਸਦ ਨਾਮ ਅੱਗੇ ਸਿਰਫ ਸਹੀਦ ਲਗਾਉਣਾ ਹੀ ਨਹੀਂ ਸਗੋਂ ਸਰਵਉੱਚ ਅਦਾਲਤ ਦੇ ਮਾਧਿਅਮ ਰਾਹੀਂ ਨੌਜਵਾਨਾਂ ਤੱਕ ਇਨਕਲਾਬ ਦੀ ਪ੍ਰਿਭਾਸਾ ਦੇਣਾ ਅਤੇ ਸਮੂਹ ਦੇਸ ਭਰ ਦੇ ਨੌਜਵਾਨਾਂ ਨੂੰ ਆਪਣੀ ਸੋਚ ਅਨੁਸਾਰ ਜਾਗਰੂਕ ਕਰਨਾਂ ਸੀ ਪਰ ਅੱਜ ਅਸੀਂ ਕਿੰਨੇਂ ਕੁ ਜਾਗਰੂਕ ਹਾਂ ਅਸੀਂ ਖੁਦ ਅੰਦਾਜਾ ਲਗਾ ਸਕਦੇ ਹਾਂ । ਜਿਸ ਤਰਾਂ ਉਸਨੇ ਸਾਂਡਰਸ ਨੂੰ ਬਦਲੇ ਲਈ ਮਾਰਨ ਬਾਅਦ ਆਪਣੀ ਸਮਾਜਬਾਦੀ ਸੋਚ ਅਨੁਸਾਰ ਲਿਖਿਆ ਕਿ ਬੇਸੱਕ ਇਹ ਬਦਲਾ ਸਮੇਂ ਦੀ ਲੋੜ ਸੀ ਪਰ ਉਹ ਜਿੰਦਗੀ ਦਾ ਸਨਮਾਣ ਕਰਦੇ ਹਨ ਅਤੇ ਕਿਸੇ ਦਾ ਕਤਲ ਕਰ ਦੇਣਾ ਕਿਸੇ ਮਸਲੇ ਦਾ ਹੱਲ ਨਹੀਂ ਪਰ ਸ਼ਾਇਦ ਭਗਤ ਸਿੰਘ ਨੇਂ ਕਦੇ ਨਹੀਂ ਸੋਚਿਆ ਹੋਣਾ ਕਿ ਉਸਦੇ ਵਾਰਿਸ ਆਜਾਦੀ ਮਾਨਣ ਦੀ ਬਜਾਏ ਡੀ.ਜੇ. ਤੇ ਚੱਲ ਰਹੇ ਗਾਣਿਆਂ ਦੀ ਬਹਿਜਬਾਜੀ ਵਿੱਚ ਹੀ ਕਤਲਾਂ ਤੱਕ ਪਹੁੰਚ ਜਾਇਆ ਕਰਨਗੇ । ਸ਼ਾਇਦ ਭਗਤ ਸਿੰਘ ਨੇ ਇਹ ਨਹੀਂ ਸੋਚਿਆ ਹੋਣਾ ਕਿ ਇਥੇ ਦੇਸਭਗਤਾਂ ਦੀ ਸੂਚੀ ਤੋਂ ਲੰਬੀ ਸੂਚੀ ਬਾਲਾਤਕਾਰੀਆਂ ਦੀ ਹੋ ਜਾਵੇਗੀ ।ਸ਼ਾਇਦ ਭਗਤ ਸਿੰਘ ਨੇ ਇਹ ਨਹੀਂ ਸੋਚਿਆ ਹੋਣਾ ਕਿ ਉਸਦਾ ਪੰਜਾਬ ਫੁਕਰਪੁਣੇ ਅਤੇ ਸੋਸੇਬਾਜੀ ਦੀ ਮਿਸਾਲ ਵਜੋਂ ਪੇਸ਼ ਹੋਵੇਗਾ ਸੋ ਆਉ ਵੀਰੋ ਆਪਣੀ ਸੋਚ ਨੂੰ ਭਗਤ ਸਿੰਘ ਦੀ ਸੋਚ ਨਾਲ ਰਲਾਈਏ ਅਤੇ ਸਮਾਜਬਾਦ ਦੀ ਸੋਚ ਤੇ ਪਹਿਰਾ ਦੇਈਏ ਅਤੇ ਉਸ ਵਾਂਗ ਪੜਣ ਲਿਖਣ ਦੀ ਆਦਤ ਪਾਈਏ

**ਅਫੀਮ ਵਾਰ(opium war) ਚੀਨ ਦੇ ਲੋਕਾਂ ਦੁਆਰਾ ਬਿ੍ਰਟੇਨ ਵਿਰੁੱਧ ਵਿੱਢੀ ਇੱਕ ਲੜਾਈ ਸੀ ਜਦੋਂ ਬਿ੍ਰਟੇਨ ਦੁਆਰਾ ਚੀਨੀ ਲੋਕਾਂ ਨੂੰ ਅਫੀਮ ਦੇ ਆਦੀ ਕਰ ਲਿਆ ਗਿਆ ਸੀ

Jaspreet singh Dhaliwal
Whatsapp 9814401141

...
...

ਪੂਰਾਣੀ ਗੱਲ ਏ..
ਬਟਾਲੇ ਕਰਫਿਊ ਲੱਗਾ ਹੋਇਆ ਸੀ..
ਮੈਂ ਤੇ ਪਿਤਾ ਜੀ ਬਾਹਰ ਪੈਲੀਆਂ ਵਿਚ ਡੰਗਰਾਂ ਜੋਗੇ ਪੱਠੇ ਵੱਡ ਰਹੇ ਸਾਂ..
ਇੱਕ ਹਿੰਦੂ ਵੀਰ ਕੋਲ ਆਇਆ..ਕੁੱਛੜ ਪਿਆਰੀ ਜਿਹੀ ਕੁੜੀ ਚੁੱਕੀ ਹੋਈ ਸੀ..!
ਆਖਣ ਲੱਗਾ ਸਰਦਾਰ ਜੀ ਨਿਆਣਿਆਂ ਜੋਗਾ ਗੋਕਾ ਦੁੱਧ ਚਾਹੀਦਾ..ਕਿਸੇ ਆਖਿਆ ਕੇ ਉਹ ਦੂਰ ਜਿਹੜੇ ਸਰਦਾਰ ਹੂਰੀ ਪੱਠੇ ਵੱਢ ਰਹੇ ਨੇ..ਓਹਨਾ ਕੋਲ ਦੋ ਵਲੈਤੀ ਗਾਵਾਂ ਨੇ..!
ਕੁੱਛੜ ਚੁਕੀ ਵੱਲ ਇਸ਼ਾਰਾ ਕੇ ਆਖਣ ਲੱਗਾ ਜੀ ਇਹ ਮੇਰੀ ਵੱਡੀ ਧੀ ਏ ਤੇ ਘਰੇ ਪਿਛਲੇ ਹਫਤੇ ਹੀ ਦੂਜੀ ਨੇ ਜਨਮ ਲਿਆ ਏ..
ਨਿੱਕੀ ਜਿਹੀ ਲਗਾਤਰ ਸਾਡੇ ਵੱਲ ਵੇਖੀ ਜਾ ਰਹੀ ਸੀ..!

ਨਿਆਣਿਆਂ ਨੂੰ ਹੱਦੋਂ ਵੱਧ ਮੋਹ ਕਰਨ ਵਾਲੇ ਪਿਤਾ ਜੀ ਕੋਲੋਂ ਨਾਂਹ ਨਾ ਹੋਈ..
ਜਸਬੀਰ ਸ਼ਰਮਾ ਨਾਮ ਦਾ ਉਹ ਸ਼ਖਸ ਉਸ ਦਿਨ ਮਗਰੋਂ ਲਗਾਤਾਰ ਦੋ ਸਾਲ ਸਾਥੋਂ ਦੁੱਧ ਲੈਂਦਾ ਰਿਹਾ..!

ਫੇਰ ਕੁਝ ਵਰੇ ਮਗਰੋਂ ਅਸੀਂ ਬਟਾਲੇ ਟੇਸ਼ਨ ਸ਼ਿਫਟ ਹੋ ਗਏ…
ਇੱਕ ਵਾਰ ਜਲੰਧਰ-ਪਠਾਨਕੋਟ ਸੈਕਸ਼ਨ ਤੇ ਹੋਏ ਰੇਲ ਹਾਦਸੇ ਕਾਰਨ ਸਾਰੀਆਂ ਗੱਡੀਆਂ ਵਾਇਆ ਅੰਮ੍ਰਿਤਸਰ ਹੋ ਕੇ ਜਾ ਰਹੀਆਂ ਸਨ..
ਇਸੇ ਕਾਰਨ ਅੰਮ੍ਰਿਤਸਰ ਨੂੰ ਜਾਣ ਵਾਲੀ ਇੱਕ ਮੁਸਾਫ਼ਿਰ ਗੱਡੀ ਵਾਹਵਾ ਲੇਟ ਹੋ ਗਈ..ਮੁਸਾਫ਼ਰ ਯੂਨੀਅਨ ਮੌਕੇ ਦੇ ਟੇਸ਼ਨ ਮਾਸਟਰ ਯਾਨੀ ਕੇ ਪਿਤਾ ਜੀ ਦੇ ਦਵਾਲੇ ਹੋ ਗਈ..
ਗੱਲ ਨਾਹਰੇਬਾਜੀ ਤੋਂ ਅੱਗੇ ਵੱਧ ਹੱਥੋਂ-ਪਾਈ ਤੱਕ ਜਾ ਅੱਪੜੀ..
ਇੱਕ ਪਾਸੇ ਏਨੀ ਵੱਡੀ ਭੀੜ ਤੇ ਦੂਜੇ ਪਾਸੇ ਕੱਲੇ ਪਿਤਾ ਜੀ ਤੇ ਥੋੜਾ ਜਿਹਾ ਰੇਲਵੇ ਦਾ ਸਹਾਇਕ ਸਟਾਫ..!
ਅਚਾਨਕ ਇੱਕ ਵੀਰ ਭੀੜ ਵਿਚੋਂ ਨਿੱਕਲ ਪਿਤਾ ਜੀ ਅੱਗੇ ਢਾਲ ਬਣ ਖਲੋ ਗਿਆ ਤੇ ਉਸਨੇ ਕੁਝ ਕੂ ਮਿੰਟ ਲਈ ਭੀੜ ਨੂੰ ਅੱਗੇ ਵਧਣ ਤੋਂ ਰੋਕੀ ਰਖਿਆ..
ਮਗਰੋਂ ਪੁਲਸ ਅੱਪੜ ਗਈ ਤੇ ਮਾਮਲਾ ਠੰਡਾ ਹੋ ਗਿਆ..
ਢਾਲ ਬਣ ਖੜੋ ਗਿਆ ਇਨਸਾਨ ਕੋਈ ਹੋਰ ਨਹੀਂ ਸਗੋਂ ਕਿੰਨੇ ਵਰੇ ਪਹਿਲਾਂ ਵਾਲਾ ਓਹੀ “ਜਸਬੀਰ ਸ਼ਰਮਾ” ਸੀ..!

ਇੰਝ ਹੀ ਜਾਣਕਾਰਾਂ ਚੋ ਇਕ ਬੀਬੀ ਨੇ ਆਪਣੀ ਧੀ ਵੱਡੇ ਘਰ ਵਿਆਹ ਦਿੱਤੀ..
ਅਗਲੇ ਅਕਸਰ ਹੀ ਉਸਦੇ ਕੀਤੇ ਕੰਮਾਂ ਵਿਚ ਨੁਕਸ ਕੱਢਿਆ ਕਰਨ..ਸਾਰੇ ਘਰ ਵਿਚ ਬੱਸ ਇੱਕ ਜੇਠਾਣੀ ਹੀ ਸੀ ਜਿਹੜੀ ਉਸਨੂੰ ਮਾਵਾਂ ਵਾਂਙ ਸਮਝਾਇਆ ਕਰਦੀ..!
ਉਸਦੀਆਂ ਗਲਤੀਆਂ ਤੇ ਪਰਦੇ ਪਾਉਂਦੀ..ਕਈ ਵਾਰ ਉਸਦੀ ਗਲਤੀ ਵੀ ਆਪਣੇ ਸਿਰ ਵੀ ਲੈ ਲਿਆ ਕਰਦੀ..!

ਨਵੀਂ ਵਿਆਹੀ ਦੀ ਮਾਂ ਜਦੋਂ ਵੀ ਧੀ ਨੂੰ ਮਿਲਣ ਸਹੁਰੇ ਘਰ ਆਉਂਦੀ ਤਾਂ ਉਸ ਜੇਠਾਣੀ ਨੂੰ ਲੱਖ-ਲੱਖ ਅਸੀਸਾਂ ਦਿਆ ਕਰਦੀ..
ਆਖਦੀ ਬਿਨ ਬਾਪ ਦੀ ਮਲੂਕ ਧੀ ਦੇ ਪਰਦੇ ਕੱਜਦੀ ਏਂ ਧੀਏ..ਵੇਖੀ ਇੱਕ ਦਿਨ ਵਾਗਰੂ ਤੇਰੇ ਪਰਦੇ ਵੀ ਜਰੂਰ ਕੱਜੂ.!
ਕੁਝ ਸਾਲਾਂ ਬਾਅਦ ਓਸੇ ਜੇਠਾਣੀ ਦੀ ਕਾਲਜ ਜਾਂਦੀ ਵੱਡੀ ਧੀ ਕਿਸੇ ਗੁਮਰਾਹ ਕਰ ਆਪਣੇ ਨਾਲ ਤੋਰ ਲਈ..
ਬਦਨਾਮੀ ਦੇ ਡਰ ਤੋਂ ਮੁੱਕਦੀ ਜਾਵੇ..ਅਰਦਾਸਾਂ ਕਰੀ ਜਾਵੇ..ਫੇਰ ਇੱਕ ਕਰਾਮਾਤ ਹੋਈ..ਇੱਕ ਅਣਜਾਣ ਦੇਵ ਪੁਰਸ਼ ਧੀ ਨੂੰ ਸਹੀ ਸਲਾਮਤ ਰਾਤੋਂ ਰਾਤ ਘਰੇ ਮੋੜ ਗਿਆ..ਪਿੰਡ ਚੋ ਕਿਸੇ ਨੂੰ ਕੰਨੋਂ ਕੰਨ ਖਬਰ ਤੱਕ ਨਾ ਹੋਈ..!

ਅੱਖੀਂ ਵੇਖੀ ਤੋਂ ਸਿੱਟਾ ਕੱਢਿਆ ਕੇ ਉੱਪਰ ਵਾਲਾ ਭਲਾਈ ਦਾ ਸਿਲਾ ਜਰੂਰ ਦਿੰਦਾ ਏ..!

ਸੋ ਅਜੋਕੇ ਮਾਹੌਲ ਵਿਚ ਕੁਝ ਚੁੱਲੇ ਐਸੇ ਵੀ ਹੋਣਗੇ ਜਿਹੜੇ ਸਿਰਫ ਘਰ ਦੇ ਮੁਖੀ ਵੱਲੋਂ ਲਾਈ ਦਿਹਾੜੀ ਮਗਰੋਂ ਹੀ ਧੁੱਖਣੇ ਸੰਭਵ ਹੁੰਦੇ ਹੋਣੇ ਨੇ..
ਕਈ ਹਮਾਤੜ ਵਿਚਾਰੇ ਤਾਂ ਰੋਜ ਸੁਵੇਰੇ ਖੂਹ ਪੁੱਟਦੇ ਤੇ ਆਥਣੇ ਓਸੇ ਦਾ ਹੀ ਪਾਣੀ ਪੀਂਦੇ..ਸੋ ਆਓ ਆਪਣੇ ਹਲਕ ਵਿਚ ਬੁਰਕੀ ਪਾਉਣ ਤੋਂ ਪਹਿਲਾਂ ਆਸੇ ਪਾਸੇ ਜਰੂਰ ਝਾਤੀ ਮਾਰ ਲਈਏ..!

ਵੈਸੇ ਕੁਦਰਤ ਨੇ ਸਮੇ ਦੇ ਰੱਥ ਤੇ ਚੜ ਕੈਸਾ ਚੱਕਰ ਚਲਾਇਆ ਏ ਕੇ ਜਿੰਦਗੀ ਵਿਚ ਪਹਿਲੀ ਵਾਰ ਐਸੀ ਦੌੜ ਵੇਖੀ ਹੈ ਜਿਸ ਵਿਚ ਸਬ ਤੋਂ ਪਿੱਛੇ ਰਹਿਣ ਵਾਲਾ ਹੀ ਜੇਤੂ ਹੋ ਕੇ ਨਿੱਕਲੇਗਾ..!

ਹਰਪ੍ਰੀਤ ਸਿੰਘ ਜਵੰਦਾ

...
...

ਮੈਂ ਮੋਟਰ ਸਾਈਕਲ ਹੌਲੀ ਜਿਹੀ ਘਰੋਂ ਕੱਢ ਸਟਾਰਟ ਕੀਤੇ ਬਗੈਰ ਹੀ ਰੇਹੜ ਕੇ ਗਲੀ ਦੇ ਮੋੜ ਤੱਕ ਲੈ ਆਂਦਾ..!
ਫੇਰ ਓਹਲੇ ਜਿਹੇ ਨਾਲ ਤਾਈ ਹੁਰਾਂ ਦੇ ਘਰ ਵੱਲ ਵੇਖ ਛੇਤੀ ਨਾਲ ਕਿੱਕ ਮਾਰ ਹਵਾ ਹੋ ਗਿਆ..
ਤਾਈ ਦੀ ਬੜੀ ਅਜੀਬ ਆਦਤ ਸੀ..
ਜਦੋਂ ਵੀ ਮੇਰਾ ਮੋਟਰ ਸਾਈਕਲ ਸਟਾਰਟ ਹੋਇਆ ਵੇਖਦੀ..ਇੱਕਦਮ ਬਾਹਰ ਨਿੱਕਲ ਕਿੰਨੀਆਂ ਸਾਰੀਆਂ ਵਗਾਰਾਂ ਪਾ ਦਿਆ ਕਰਦੀ..ਵੇ ਪੁੱਤ ਆ ਬਿਜਲੀ ਦਾ ਬਿੱਲ..ਆ ਪਾਣੀ ਦਾ ਬਿੱਲ..ਆ ਥੋੜੀ ਸਬਜੀ..ਆ ਤੇਰੇ ਅੰਕਲ ਦੀ ਦਵਾਈ..ਵਗੈਰਾ ਵਗੈਰਾ!
ਮੈਂ ਅਕਸਰ ਸੋਚਦਾ ਕੇ ਆਪਣਾ ਤੇ ਬਾਹਰ ਘੱਲ ਦਿੱਤਾ ਤੇ ਬਾਕੀ ਦੁਨੀਆ ਨੂੰ ਹੁਣ ਨੌਕਰ ਸਮਝਣ ਲੱਗ ਪਏ ਨੇ..!

ਏਨੀ ਗੱਲ ਸੋਚਦਾ ਅਜੇ ਪੱਕੀ ਸੜਕ ਤੇ ਚੜ੍ਹਨ ਹੀ ਲੱਗਾਂ ਸਾਂ ਕੇ ਅੱਗੋਂ ਭਾਰੀ ਜਿਹਾ ਇੱਕ ਝੋਲਾ ਧੂੰਹਦੀਂ ਤੁਰੀ ਆਉਂਦੀ ਤਾਈ ਦਿਸ ਪਈ..

ਮੁੜਕੋ-ਮੁੜ੍ਹਕੀ ਹੋਈ ਹਾਲੋਂ ਬੇਹਾਲ..

ਮੈਂ ਕੋਲ ਜਾ ਬ੍ਰੇਕ ਮਾਰ ਲਈ..
ਆਖਿਆ ਤਾਈ ਜੀ ਰਿਕਸ਼ਾ ਕਰ ਲੈਣਾ ਸੀ..ਏਨੀ ਗਰਮੀਂ ਤੇ ਉੱਤੋਂ ਆਹ ਹਾਲ ਬਣਾਇਆ ਹੋਇਆ!
ਚੁੰਨੀ ਦੀ ਨੁੱਕਰ ਨਾਲ ਮੁੜਕਾ ਪੂੰਝਦੀ ਆਖਣ ਲੱਗੀ..”ਪੁੱਤ ਪੈਸੇ ਜਿਆਦਾ ਮੰਗਦਾ ਸੀ..ਇਸੇ ਲਈ ਹੀ..”
ਉਸਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮੈਂ ਉਸਦਾ ਝੋਲਾ ਵਿਚਕਾਰ ਰੱਖ ਲਿਆ ਤੇ ਉਸਨੂੰ ਮਗਰ ਬਿਠਾ ਛੇਤੀ ਨਾਲ ਕਿੱਕ ਮਾਰ ਲਈ..!

ਘਰ ਪਹੁੰਚ ਝੋਲਾ ਅੰਦਰ ਛੱਡਣ ਗਿਆ ਤਾਂ ਕੁਰਸੀ ਤੇ ਬੈਠਾ ਹੋਇਆ ਅੰਕਲ ਜੀ ਸ਼ਾਇਦ ਆਪਣੇ ਮੁੰਡੇ ਨੂੰ ਫੋਨ ਤੇ ਆਖ ਰਿਹਾ ਸੀ ਕੇ ਪੁੱਤ ਸਿਹਤ ਢਿੱਲੀ ਰਹਿੰਦੀ ਏ..ਤੇਰੀ ਮਾਂ ਕੋਲੋਂ ਹੁਣ ਕੰਮ ਨੀ ਹੁੰਦਾ..ਲਾਗੇ ਚਾਗੇ ਗਲੀ ਗੁਆਂਢ ਵੀ ਨਜਰਾਂ ਮਿਲਾਉਣ ਤੋਂ ਬਚਣ ਲੱਗਾ ਏ..ਸਮਝ ਨੀ ਆਉਂਦੀ ਕੀ ਕੀਤਾ ਜਾਵੇ?

ਮੈਨੂੰ ਅੰਕਲ ਦੀ ਹੁੰਦੀ ਗੱਲਬਾਤ ਸੁਣ ਆਪਣੀ ਸੋਚ ਤੇ ਬੜੀ ਸ਼ਰਮ ਆਈ..!

ਏਨੇ ਨੂੰ ਅੰਕਲ ਜੀ ਹੈਲੋ-ਹੈਲੋ ਕਰਦੇ ਫੋਨ ਦੇ ਰਿਸੀਵਰ ਵੱਲ ਵੇਖਣ ਲੱਗ ਪਏ..
ਸ਼ਾਇਦ ਉਹ ਅੱਗੋਂ ਪੂਰੀ ਗੱਲ ਸੁਣੇ ਬਗੈਰ ਹੀ ਗੱਲ ਕੱਟ ਗਿਆ ਸੀ!

ਮੈਨੂੰ ਕੋਲ ਵੇਖ ਓਹਨਾ ਕੁਰਸੀ ਦੂਜੇ ਪਾਸੇ ਘੁਮਾਂ ਲਈ ਤੇ ਗਿੱਲੀਆਂ ਹੋ ਗਈਆਂ ਅੱਖੀਆਂ ਪੂੰਝਣ ਲੱਗ ਪਏ..!

ਤਾਈ ਨੇ ਏਨੀ ਗੱਲ ਆਖਦਿਆਂ ਓਹਨਾ ਦੇ ਹੱਥੋਂ ਫੋਨ ਫੜ ਲਿਆ ਕੇ “ਕਾਹਨੂੰ ਦਿਲ ਹੌਲਾ ਕਰਦੇ ਓ ਮੈਂ ਹੈਗੀ ਆਂ ਨਾ..ਖਿੱਚ ਧੂ ਕੇ ਲਿਆ ਦਿਆ ਕਰਾਂਗੀ ਤੁਹਾਡੀ ਦਵਾਈ..ਏਨੀ ਹਿੰਮਤ ਹੈ ਅਜੇ ਮੇਰੇ ਵਿਚ”

ਹੁਣ ਮੇਰੇ ਕਾਲਜੇ ਵਿਚ ਸੱਚਮੁੱਚ ਹੀ ਇੱਕ ਤਿੱਖੀ ਚੀਸ ਜਿਹੀ ਉਠੀ..

ਅਗਲੇ ਹੀ ਪਲ ਮੈਂ ਤਾਈ ਜੀ ਹੱਥੋਂ ਏਨੀ ਗੱਲ ਆਖਦਿਆਂ ਦਵਾਈ ਵਾਲੀ ਪਰਚੀ ਫੜ ਲਈ ਕੇ “ਤਾਈ ਜੀ ਮੁਆਫ ਕਰਿਆ ਜੇ..ਮੈਨੂੰ ਨਹੀਂ ਸੀ ਪਤਾ ਕੇ ਅੰਕਲ ਜੀ ਏਨਾ ਬਿਮਾਰ ਰਹਿੰਦੇ ਨੇ..ਕੋਈ ਕੰਮ ਹੋਵੇ..ਬਿਨਾ ਝਿਜਕ ਅੱਧੀ ਰਾਤ ਵਾਜ ਮਾਰ ਲਿਓ..ਜਰੂਰ ਆਵਾਂਗਾ”

ਆਖਣ ਲੱਗੀ “ਵੇ ਪੁੱਤਰ ਜਦੋਂ ਢਿਡੋਂ ਜਨਮੇਂ ਨੂੰ ਕੋਈ ਪ੍ਰਵਾਹ ਨੀ ਫੇਰ ਤੂੰ ਕਿਓਂ ਮਾਫ਼ੀਆਂ ਮੰਗੀ ਜਾਨਾ ਏਂ..”

ਕਿਓੰਕੇ ਤਾਈ ਜੀ ਤੁਸਾਂ ਮੈਨੂੰ ਵੀ ਤੇ ਹੁਣੇ-ਹੁਣੇ ਆਪਣਾ ਪੁੱਤ ਆਖਿਆ ਏ..

ਤਾਈ ਨੇ ਅਗਲੇ ਹੀ ਪਲ ਛੇਤੀ ਨਾਲ ਮੇਰਾ ਮੱਥਾ ਚੁੰਮ ਇਸ ਨਵੇਂ ਰਿਸ਼ਤੇ ਤੇ ਸਦੀਵੀਂ ਮੋਹਰ ਲਾ ਦਿੱਤੀ..!

ਹਰਪ੍ਰੀਤ ਸਿੰਘ ਜਵੰਦਾ

...
...

22 ਮਾਰਚ ਨੂੰ ਭਾਰਤ ਸਰਕਾਰ ਨੇ ਸਵੇਰੇ 7 ਵਜੇ ਤੋਂ ਲੇ ਕੇ ਰਾਤ ਦੇ 9 ਵਜੇ ਤਕ ਕਾਰੋਨਾ ਵਿ੍ਰਸ ਤੋਂ ਬਚਾਅ ਲਈ ਇਕ ਜਨਤਾ ਕਰਫ਼ਿਊ ਦਾ ਐਲਾਨ ਕੀਤਾ ਤੇ ਸ਼ਾਮ 5ਵਜੇ ਆਪਣੀਆ ਆਪਣੀਆ ਛਤਾਂ ਤੇ ਤਾਲੀ ਤੇ ਥਾਲੀ ਵਜਾ ਕੇ ਉਨ੍ਹਾਂ ਨਰਸਾਂ ਅਤੇ ਡਾਕਟਰਾਂ ਦਾ ਧੰਨਵਾਦ ਅਤੇ ਹੌਂਸਲਾ ਅਫਜ਼ਾਈ ਕਰਨੀ ਹੈ ਜੋ ਇਸ ਗੰਭੀਰ ਬਿਮਾਰੀ ਕਾਰੋਨਾ ਵਿ੍ਰਸ ਤੋਂ ਬਿਨਾ ਡਰੇ ਆਪਣੀ ਡਿਊਟੀ ਤੇ ਲਗਾਤਾਰ ਡਟੇ ਹੋਏ ਹਨ ਤੇ ਮਰੀਜਾਂ ਦਾ ਇਲਾਜ ਕਰ ਰਹੇ ਹਨ। ਸੁਣ ਕੇ ਬਹੁਤ ਖੁਸ਼ੀ ਹੋਈ ਕਿ ਸਾਡੀ ਸਰਕਾਰ ਸਭ ਬਾਰੇ ਸੋਚ ਰੱਖਦੀ ਹੈ।
ਦੂਜੇ ਪਾਸੇ ਕੁਛ ਲੋਕਾਂ ਨੇ ਇਸ ਗੱਲ ਦਾ ਫ਼ਾਇਦਾ ਚੁੱਕ ਕੇ ਘਰਾਂ ਤੋਂ ਬਾਹਰ ਨਿੱਕਲ ਕੇ, ਟੋਲੀਆਂ ਬਣਾ ਕੇ ,ਜਲੂਸ ਕੱਢ ਕੇ , ਦਿਨ ਭਰ ਦੀ ਸਾਰੀ ਮਿਹਨਤ ਤੇ ਪਾਣੀ ਫੇਰ ਦਿੱਤਾ।
ਪਰ ਸਾਡੇ ਪਾਸੇ ਸਾਰੇ ਪੰਜਾਬੀ ਅਤੇ ਸਿੱਖ ਪਰਿਵਾਰਾਂ ਨੇ ਆਪਣੀ ਆਪਣੀ ਛਤਾਂ ਤੇ ਬੈਠ ਕੇ ਸ਼੍ਰੀ ਚੌਪਈ ਸਾਹਿਬ ਜੀ ਦੇ ਪਾਠ ਕਰਕੇ ਉੱਚੀ ਉੱਚੀ ਜੈਕਾਰੇ ਛੱਡ ਕੇ ਉਨ੍ਹਾਂ ਦੇ ਲਈ ਅਕਾਲ ਪੁਰਖ ਦੇ ਅੱਗੇ ਅਰਦਾਸ ਕੀਤੀ ਕੇ ਪਰਮਾਤਮਾ ਉਨ੍ਹਾਂ ਨਰਸਾਂ ਅਤੇ ਡਾਕਟਰਾਂ ਨੂੰ ਹਿਮਤ ਤੇ ਤੰਦਰੁਸਤੀ ਬਖ਼ਸ਼ੇ ਜੋ ਇਸ ਸਮੇਂ ਬਿਮਾਰਾਂ ਦੇ ਇਲਾਜ ਲਈ ਦਿਨ ਰਾਤ ਇੱਕ ਕਰਕੇ ਲਗੇ ਹੋਏ ਹਨ। ਇਸਦੇ ਨਾਲ਼ ਹੀ ਉਨ੍ਹਾਂ ਲਈ ਵੀ ਦੇਹ ਅਰੋਗਤਾ ਦੀ ਅਰਦਾਸ ਕੀਤੀ ਜੋ ਇਸ ਬੀਮਾਰੀ ਨਾਲ਼ ਜੂਝ ਰਹੇ ਹਨ। ਸਰਬੱਤ ਦੇ ਭਲੇ ਲਈ ਪਰਮਾਤਮਾ ਨੂੰ ਬੇਨਤੀ ਕੀਤੀ। ਬੜਾ ਹੀ ਸੁਕੂਨ ਮਹਿਸੂਸ ਹੋਇਆ।
ਸੋਚਾਂ ਪਈ ਨੂੰ ਇੱਕ ਗੱਲ ਚੇਤੇ ਆ ਗਈ ਕਿ ਇਹ ਉਹ ਹੀ ਥਾਲੀ ਵਜਾਉਂਦੇ ਲੋਕ ਸਨ ਜੇੜ੍ਹੇ ਕਲ ਤਕ ਕਹਿੰਦੇ ਸਨ ਕਿ ਖਾਲੀ ਭਾਂਡੇ ਖੜਕਾਉਂਣਾ ਬੇਬਰਕਤੀ ਦੀ ਨਿਸ਼ਾਨੀ ਹੋਂਦੇ ਹਨ ਤੇ ਅੱਜ ਇਹ ਮਨੁੱਖਤਾ ਦਾ ਭਲਾ ਕਿਵੇਂ ਹੋ ਗਿਆ। ਮੈਨੂੰ ਲਗਿਆ ਇਹ ਤਾਂ ਆਉਣ ਵਾਲੇ ਬੁਰੇ ਸਮੇਂ ਦੀ ਦਸਤਕ ਹੈ। ਕਿਉਂ ਨਾ ਇਸ ਦੀ ਥਾਂ ਪ੍ਰਧਾਨ ਮੰਤਰੀ ਜੀ ਨੇ ਇਹ ਐਲਾਨ ਕੀਤਾ ਹੋਂਦਾ ਕੇ ਤੁਸੀ ਜਿਸ ਵੀ ਧਰਮ ਨੂੰ ਮੰਨਦੇ ਹੋ ਉਸ ਪਰਮਾਤਮਾ ਦੇ ਅੱਗੇ ਸਰਬੱਤ ਦੇ ਭਲੇ ਦੀ ਕਾਮਨਾ ਕਰੋ ਤੇ ਸਾਰਾ ਦੇਸ਼ ਆਪਣੀਆ ਛਤਾਂ ਤੇ ਖੜ੍ਹੇ ਹੋ ਕੇ ਉਨ੍ਹਾਂ ਡੋਕਟਰਾਂ ਅਤੇ ਨਰਸਾਂ ਤੇ ਹੋਰ ਸਟਾਫ਼ ਦੀ ਹੌਂਸਲਾ ਅਫ਼ਜਾਈ ਕਰੋ ਤੇ ਸ਼ਾਇਦ ਮਾਹੌਲ ਕੁਛ ਹੋਰ ਹੁੰਦਾ। ਖਾਲੀ ਭਾਂਡੇ ਖੜਕਾਉਂਣਾ ਨਾਂ ਤੇ ਸਾਡੇ ਸੱਭਿਆਚਾਰ ਦਾ ਹਿਸਾ ਹਨ ਅਤੇ ਨਾ ਹੀ ਕੋਈ ਵੀ ਧਰਮ ਇਸ ਨੂੰ ਕਿਸੇ ਦੇ ਭਲੇ ਮੰਨਣ ਦਾ ਸਾਧਨ ਮੰਨਦਾ ਹੈ। ਮੇਰੀ ਕਹੀ ਗੱਲ ਕਿਸੇ ਨੂੰ ਠੇਸ ਪਹੁੰਚਾਈ ਹੋਵੇ ਤਾਂ ਉਸ ਲਈ ਮੈਂ ਮਾਫ਼ੀ ਮੰਗਦੀ ਹਾਂ।

...
...

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਕਤਲ ਕਰਨ ਦੇ ਯਤਨ
•ਸਰਕਾਰ ਨੇ ਆਪਣੇ ਏਜੰਟਾਂ ਰਾਹੀ ਸੰਤ ਜਰਨੈਲ ਸਿੰਘ ਨੂੰ ਕਤਲ ਕਰਨ ਦੇ ਕਈ ਯਤਨ ਕੀਤੇ।
●ਪਹਿਲੀ ਵਾਰ ਜਦ ਸੰਤ ਦਰਬਾਰ ਸਾਹਿਬ ਦੀਆ ਪਉੜੀਆਂ ਚੜ ਰਹੇ ਸਨ ਤਾ ਇਕ ਬੰਦੇ ਨੇ ਘਾਤ ਲਾ ਕੇ ਉਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ।ਸ਼ਕ ਪੈਣ ਤੇ ਜਦ ਉਸ ਦੀ ਤਲਾਸ਼ੀ ਲਈ ਗਈ ਤਾ ਉਸ ਕੋਲੋਂ ਪਿਸਟਲ ਨਿਕਲਿਆ ।ਪੁੱਛ ਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਹ ਕਤਲ ਕਰਨ ਲਈ ਹੀ ਆਇਆ ਸੀ।
●ਦੂਜੀ ਵਾਰ ਇਕ ਹਮਲਾਵਰ ਨੇ ਨਾਨਕ ਨਿਵਾਸ ਦੇ ਕਮਰਾ ਨੰਬਰ 47 ਤਕ ਸੰਤ ਜਰਨੈਲ ਸਿੰਘ ਦਾ ਪਿੱਛਾ ਕੀਤਾ ਪਰ ਉਸ ਦਾ ਪਿਸਟਲ ਡਿੱਗ ਜਾਣ ਕਾਰਨ ਕਾਮਯਾਬੀ ਨਾ ਮਿਲੀ ।
●ਤੀਜੀ ਵਾਰ ਮੰਜੀ ਸਾਹਿਬ ਦੀਵਾਨ ਹਾਲ ਵਿਚ ਸੰਤ ਜਰਨੈਲ ਸਿੰਘ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹਮਲਾਵਰ ਵੀ ਡਰ ਗਿਆ ਅਤੇ ਗੋਲੀ ਚਲਾਉਣ ਦੀ ਜੁਰਅਤ ਨਾ ਕਰ ਸਕਿਆ।
●ਚੋਥੀ ਵਾਰ ਪੁਲਿਸ ਨੇ ਇਹ ਸਮਝ ਕੇ ਕਿ ਸੰਤ ਜਰਨੈਲ ਸਿੰਘ ਆਪਣੇ ਹੈਡਕੁਆਰਟਰ ਮਹਿਤਾ ਚੌਕ ਜਾ ਰਹੇ ਹਨ ਮਾਨਾਂਵਾਲਾ ਚੌਂਕ ਨੇੜੇ ਟਕਸਾਲ ਦੀ ਜੀਪ ਤੇ ਰਾਕਟ ਲਾਂਚਰ ਨਾਲ ਗੋਲੇ ਸੁੱਟੇ ।ਜਿਸ ਵਿਚ ਇਕ ਸਿੰਘ ਸ਼ਹੀਦ ਹੋ ਗਿਆ ਪਰ ਸੰਤਾਂ ਦੇ ਉਸ ਜੀਪ ਵਿਚ ਨਾ ਹੋਣ ਕਾਰਨ ਸਰਕਾਰ ਦੀ ਸਾਜਿਸ਼ ਸਿਰੇ ਨਾ ਚੜੀ।
■ਸੰਤ ਜਰਨੈਲ ਸਿੰਘ ਨੂੰ ਕਤਲ ਕਰਨ ਦੀਆਂ ਸਭ ਸਾਜ਼ਿਸ਼ਾਂ ਅਸਫਲ ਹੋਣ ਤੋ ਬਾਅਦ 14 ਅਪ੍ਰੈਲ 1984 ਨੂੰ ਉਨ੍ਹਾਂ ਦੀ ਸੱਜੀ ਬਾਂਹ ਅਤੇ ਕੌਮੀ ਯੋਧੇ ਸ,ਸੁਰਿੰਦਰ ਸਿੰਘ ਸੋਢੀ ਨੂੰ, ਸੁਰਿੰਦਰ ਸਿਹੁੰ ਛਿੰਦਾ ਅਤੇ ਉਸ ਦੀ ਰਖੇਲ ਬਲਜੀਤ ਕੌਰ ਨੇ ਧੌਖੇ ਨਾਲ ਗੋਲੀ ਮਾਰ ਦਿੱਤੀ ।ਬਲਜੀਤ ਕੌਰ ਦੀ ਤਫਤੀਸ਼ ਕਰਨ ਤੋ ਇਸ ਸਾਜਿਸ਼ ਪਿੱਛੇ ਅਕਾਲੀ ਦਲ ਦੇ ਸਕੱਤਰ ਗੁਰਚਰਨ ਸਿਹੁੰ ਦਾ ਹਥ ਨਿਕਲਿਆ ।ਸੁਰਿੰਦਰ ਸਿਹੁੰ ਛਿੰਦੇ ਨੂੰ ਸਿੰਘਾਂ ਨੇ ਜਾ ਦਬੋਚਿਆ ਤੇ ਉਸ ਨੂੰ ਸੋਧ ਕੇ 24 ਘੰਟਿਆਂ ਦੇ ਅੰਦਰ ਹੀ ਸੁਰਿੰਦਰ ਸਿੰਘ ਸੋਢੀ ਦੇ ਕਤਲ ਦਾ ਬਦਲਾ ਲੈ ਲਿਆ ਗਿਆ ।ਇਸ ਕਾਂਡ ਵਿਚ ਸ਼ਾਮਿਲ ਮਲਕ ਸਿੰਘ ਭਾਟੀਆ ਅਤੇ ਚਾਹ ਦੀ ਦੁਕਾਨ ਚਲਾਉਣ ਵਾਲਾ ਬਾਜਾ ਵੀ ਮਾਰੇ ਗਏ ਪਰ ਇਸ ਸਾਜਿਸ਼ ਦੇ ਮੁੱਖ ਦੋਸ਼ੀ ਗੁਰਚਰਨ ਸਿਹੁੰ ਸਕੱਤਰ ਨੂੰ ਲੌਂਗੋਵਾਲ ਨੇ ਆਪਣੀ ਪਨਾਹ ਵਿਚ ਰਖ ਕੇ ਬੱਚਾ ਲਿਆ ।
ਸੋਢੀ ਦੇ ਕਤਲ ਨਾਲ ਸਥਿਤੀ ਬਹੁਤ ਗੰਭੀਰ ਹੋ ਗਈ ਜਿਸ ਨੂੰ ਸ਼ਾਂਤ ਕਰਨ ਲਈ ਸ਼ੋਮਣੀ ਕਮੇਟੀ ਨੇ ਆਪਣੇ ਸਕੱਤਰ ਭਾਨ ਸਿੰਘ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਬਣਾਈ।ਇਸ ਕਮੇਟੀ ਨੇ ਆਪਣੀ ਇਨਕੁਆਰੀ ਉਪਰੰਤ ਸੰਤ ਜਰਨੈਲ ਸਿੰਘ ਕੋਲ ਤਾ ਗੁਰਚਰਨ ਸਿਹੁੰ ਨੂੰ ਦੋਸ਼ੀ ਮੰਨਿਆ ਪਰ ਸੰਤ ਲੌਂਗੋਵਾਲ ਦੇ ਦਬਾਅ ਕਾਰਨ ਜਾਰੀ ਕੀਤੀ ਰਿਪੋਰਟ ਵਿਚ ਉਸ ਨੂੰ ਸੋਢੀ ਕਤਲ ਕੇਸ ਵਿੱਚੋ ਬਰੀ ਕਰ ਦਿੱਤਾ ।ਦਰਬਾਰ ਸਾਹਿਬ ਕੰਪਲੈਕਸ ਦੇ ਮਾਹੌਲ ਨੂੰ ਸ਼ਾਤ ਕਰਨ ਲਈ ਪੰਜ ਸਿੰਘ ਸਾਹਿਬਾਨ ਨੇ ਦੋ ਵਾਰੀ ਸੰਤ ਜਰਨੈਲ ਸਿੰਘ ਨਾਲ ਲੰਬੀ ਗਲਬਾਤ ਕੀਤੀ ਅਤੇ ਸਾਰੇ ਕੇਸ ਦੀ ਇਨਕੁਆਰੀ ਉਪਰੰਤ ਗੁਰਚਰਨ ਸਿਹੁੰ ਨੂੰ ਦੋਸ਼ੀ ਪਾਇਆ ਪਰ ਸੰਤ ਜਰਨੈਲ ਸਿੰਘ ਦੀ ਮੰਗ ਅਨੁਸਾਰ ਇਸ ਸਚਾਈ ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿਚ ਬਿਆਨ ਕਰਨ ਤੌ ਕੰਨੀ ਕਤਰਾ ਗਏ ।ਸੰਤ ਜਰਨੈਲ ਸਿੰਘ ਨੇ ਭਾਨ ਸਿੰਘ ਕਮੇਟੀ ਦੀ ਹਾਜਰੀ ਵਿਚ ਗੁਰੂ ਰਾਮਦਾਸ ਲੰਗਰ ਦੀ ਛਤ ਓਪਰ ਸੰਗਤਾਂ ਸਾਹਮਣੇ ਸਾਰੇ ਕਾਂਡ ਦੀ ਅਸਲੀਅਤ ਬਿਆਨ ਕੀਤੀ ਅਤੇ ਸਬਰ ਤੋ ਕੰਮ ਲੈਂਦਿਆ ਸਭ ਨੂੰ ਧਰਮ ਯੁੱਧ ਮੋਰਚੇ ਵਿਚ ਸਰਗਰਮੀ ਨਾਲ ਹਿੱਸਾ ਪਾਉਣ ਦੀ ਅਤੇ ਆਪਸੀ ਖਾਨਾਜੰਗੀ ਤੋ ਬਚਣ ਦੀ ਅਪੀਲ ਕੀਤੀ ਪਰ ਲੌਂਗੋਵਾਲ ਨੇ ਗੁਰਚਰਨ ਸਿਹੁੰ ਸਕੱਤਰ ਨੂੰ ਆਪਣੀ ਗੋਦ ਵਿਚ ਬੈਠਾਈ ਰੱਖਿਆ ਅਤੇ ਸੰਤ ਜਰਨੈਲ ਸਿੰਘ ਦੀ ਮੰਗ ਅਨੁਸਾਰ ਅਕਾਲੀ ਦਲ ਵਿਚੋਂ ਕੱਢਣ ਤੋ ਇਨਕਾਰ ਕਰ ਦਿੱਤਾ ।
ਅਕਾਲੀ ਦਲ ਦੀ ਸਮੁੱਚੀ ਕਾਰਗੁਜ਼ਾਰੀ ਤੋ ਸਿੱਖ ਸੰਗਤਾਂ ਨਿਰਾਸ਼ ਹੋ ਗਈਆ ਅਤੇ ਸੰਤ ਜਰਨੈਲ ਸਿੰਘ ਦੀ ਅਗਵਾਈ ਵਿਚ ਜੁੜਨ ਲਗ ਪਈਆਂ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਬਹੁਗਿਣਤੀ ਵੀ ਸੰਤ ਜਰਨੈਲ ਸਿੰਘ ਪਾਸ ਚਲੀ ਗਈ ਅਤੇ ਅਕਾਲੀ ਆਗੂ ਘਬਰਾਹਟ ਵਿਚ ਆ ਗਏ ।
ਇੰਦਰਾ ਗਾਧੀ ਨੇ ਇਸ ਸਾਰੇ ਮਾਹੌਲ ਦਾ ਫਾਈਦਾ ਉਠਾ ਕੇ ਸਿੱਖ ਕੌਮ ਨੂੰ ਕੁਚਲਣ ਦਾ ਵਧੀਆ ਮੌਕਾ ਸਮਝਿਆ ।ਉਸ ਨੇ 25-05-1984ਨੂੰ ਬੀ ਐਸ ਐਫ ਦੇ ਸਪੈਸ਼ਲ ਹਵਾਈ ਜਹਾਜ਼ ਰਾਹੀ ਅਕਾਲੀ ਆਗੂਆਂ ਨੂੰ ਗਲਬਾਤ ਕਰਨ ਲਈ ਦਿਲੀ ਲਿਆਂਦਾ ।●•ਅਸਲ ਵਿਚ ਇੰਦਰਾ ਗਾਂਧੀ ਇਹਨਾਂ ਆਗੂਆਂ ਨਾਲ ਪੰਜਾਬ ਸਮਸਿਆ ਨੂੰ ਹਲ ਕਰਨ ਲਈ ਨਹੀ ਸੀ ਗਲਬਾਤ ਕਰਨਾ ਚਾਹੁੰਦੀ,ਉ ਸੰਤ ਜਰਨੈਲ ਸਿੰਘ ਬਾਰੇ ਉਹਨਾਂ ਦੀ ਰਾਇ ਜਾਨਣਾ ਚਾਹੁੰਦੀ ਸੀ।ਉਹ ਇੰਨਾ ਨੂੰ ਮਿਲ ਕੇ ਜਾਣ ਗਈ ਸੀ ਕਿ ਅਕਾਲੀ ਆਗੂ ਸੰਤ ਜਰਨੈਲ ਸਿੰਘ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਵਿਰੁੱਧ ਬਹੁਤਾ ਪ੍ਰਤੀਕਰਮ ਨਹੀ ਕਰਨਗੇ।ਉਸ ਨੇ ਅਕਾਲੀ ਆਗੂਆਂ ਨੂੰ ਬਿਨਾਂ ਕੁਝ ਪੱਲੇ ਪਾਏ ਵਾਪਸ ਮੋੜ ਦਿੱਤਾ ਅਤੇ 30 ਮਈ 1984 ਨੂੰ ਲੌਂਗੋਵਾਲ ਨਾਲ ਫੋਨ ਤੇ ਗਲਬਾਤ ਕੀਤੀ ।ਲੌਂਗੋਵਾਲ ਨੇ ਇੰਦਰਾ ਦੀ ਹਮਦਰਦੀ ਜਿੱਤਣ ਕੋਸ਼ਿਸ਼ ਕਰਦਿਆਂ ਕਿਹਾ “ਮੋਰਚਾ ਮੇਰੇ ਹਥ ਚੋ ਨਿਕਲ ਚੁੱਕਾ ਹੈ ਹੁਣ ਤੁਸੀਂ ਜੋ ਚਾਹੋ ਕਰੋ।ਇੰਦਰਾ ਜੋ ਕਰਨਾ ਚਾਹੁੰਦੀ ਸੀ ਲੌਂਗੋਵਾਲ ਨੇ ਉਸ ਨੂੰ ਹਰੀ ਝੰਡੀ ਦੇ ਦਿੱਤੀ ।
ਇੰਦਰਾ ਨੇ ਅਕਾਲੀ ਦਲ ਵਲੋ 3 ਜੂਨ1984 ਨੂੰ ਸ਼ੁਰੂ ਕੀਤੀ ਜਾਣ ਵਾਲੀ ਨਾ -ਮਿਲਵਰਤਣ ਲਹਿਰ ਜਿਸ ਵਿਚ ਕਰਜੇ ,ਬਿਜਲੀ ਪਾਣੀ ਦੇ ਬਿੱਲ ਤੇ ਮਾਲੀਆ ਨਾ ਅਦਾ ਕਰਨਾ ਪੰਜਾਬ ਤੋਂ ਬਾਹਰ ਅਨਾਜ ਨਾ ਜਾਣ ਦੇਣਾ ਸ਼ਾਮਿਲ ਸੀ ,ਨੂੰ ਅਧਾਰ ਬਣਾ ਕੇ ਪੰਜਾਬ ਅਤੇ ਚੰਡੀਗੜ੍ਹ ਨੂੰ ਫੌਜ ਦੇ ਹਵਾਲੇ ਕਰ ਦਿੱਤਾ ।ਉਸ ਨੇ 2ਜੂਨ1984 ਸ਼ਾਮ ਨੂੰ ਦੂਰਦਰਸ਼ਨ ਅਤੇ ਰੇਡੀਓ ਤੋ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਨੂੰ ਗਲਬਾਤ ਦਾ ਸੱਦਾ ਦਿੱਤਾ ਸੀ।ਉਸ ਨੇ ਕਿਹਾ ਸੀ ਕਿ ਜੇ ਕਿਸੇ ਸਵਾਲ ਬਾਰੇ ਕੋਈ ਗਲਤ ਫਹਿਮੀਆ ਜਾ ਸ਼ਕ ਬਾਕੀ ਹੈ ਤਾ ਆਉ ਰਲ ਬੈਠੀਏ ਤੇ ਹਲ ਲੱਭੀਏ ।ਪਰ ਉਸ ਦੀਆਂ ਇਹ ਗਲਾਂ ਸਾਫ ਦਿਲ ਨਹੀ ਕਪਟੀ ਮਨ ਨਾਲ ਲੋਕਾਂ ਨੂੰ ਧੋਖੇ ਵਿਚ ਰੱਖਣ ਲਈ ਕਹੀਆਂ ਹੀ ਗਈਆਂ ਸਨ। ਉਹ ਤਾ ਆਪਣੀ ਇਸ ਤਕਰੀਰ ਤੋ ਪਹਿਲਾਂ ਹੀ ਪੰਜਾਬ ਤੇ ਚੰਡੀਗੜ੍ਹ ਨੂੰ ਫੌਜ ਦੇ ਹਵਾਲੇ ਕਰਕੇ ਸਿੱਖ ਕੌਮ ਨੂੰ ਕੁਚਲਣ ਦਾ ਹੁਕਮ ਦੇ ਚੁੱਕੀ ਸੀ।ਸਿੱਖਾ ਨੂੰ ਕੁਚਲਣ ਲਈ ਉਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਚੁਣਿਆ ।ਸ਼ਾਇਦ ਗੰਗੂ ਦੀ ਵਾਰਿਸ ਚੰਦੂ ਵੱਲੋ ਕਹਿਰ ਕਮਾਉਣ ਦੇ ਦਿਨ ਤੇ ਹੀ ਸਿੱਖ ਕੌਮ ਤੇ ਮੁੜ ਕਹਿਰ ਕਮਾਉਣਾ ਚਾਹੁੰਦੀ ਸੀ।
Fatehbir singh “Amritsar””

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)