Posts Uploaded By Story In Punjabi

Sub Categories

“ਜਾਹ, ਜਾ ਕੇ ਕੱਪੜਾ ਲਿਆ ਤੇ ਕਾਰ ਸਾਫ਼ ਕਰਕੇ, ਗਾਹਕ ਨੂੰ ਦੇ, ਕੀ ਵੇਖੀ ਜਾਂਦਾ ਹੈ, ਫਿਰ ਤੇਰੀ ਮਾਂ ਨੇ ਆ ਕੇ ਤਰਲੇ ਕਰਨੇ ਹਨ, ਕਿ ਇਸ ਨੂੰ ਕੰਮ ਤੋਂ ਨਾ ਹਟਾਓ।” ਖਿਡੌਣਿਆਂ ਦੀ ਦੁਕਾਨ ਦੇ ਮਾਲਕ ਨੇ ਰੋਹਨ ਨੂੰ ਦੱਬਕਦਿਆ ਹੋਇਆ ਕਿਹਾ, ਰੋਹਨ ਅੱਠ-ਨੌਂ ਸਾਲ ਦਾ ਲੜਕਾ ਸੀ ਜੋ ਪਿਤਾ ਦੀ ਮੌਤ ਤੋਂ ਬਾਅਦ ਪੜ੍ਹਨੋਂ ਹੱਟ ਗਿਆ ਸੀ ਤੇ ਉਸ ਦੀ ਮਾਂ ਨੇ ਉਸ ਨੂੰ ਆਪਣੇ ਮਾਲਕ ਦੇ ਦੋਸਤ ਦੀ ਖਿਡੌਣਿਆਂ ਦੀ ਦੁਕਾਨ ਤੇ ਕੰਮ ਉੱਤੇ ਲਗਵਾਇਆ ਸੀ। ਘਰ ਦੀ ਗਰੀਬੀ ਅਤੇ ਦੋ ਜੌੜੀਆਂ ਭੈਣਾਂ ਦੀ ਬਿਮਾਰੀ ਕਾਰਨ ਉਹ ਆਪਣੀ ਮਾਂ ਦੀ ਆਰਥਿਕ ਮਦਦ ਕਰਨ ਲਈ ਕੰਮ ਤੇ ਲੱਗ ਗਿਆ ਸੀ । ਪਰ ਅਸਲ ਵਿੱਚ ਰੋਹਨ ਦੀ ਤਾਂ ਅਜੇ ਖੇਡਣ-ਮੱਲ੍ਹਣ ਦੀ ਉਮਰ ਸੀ । ਉਹ ਅਕਸਰ ਗਾਹਕਾਂ ਨੂੰ ਖਿਡਾਉਣੇ ਦਿਖਾਉਂਦਾ ਹੋਇਆ ਖੁਦ ਵੀ ਉਹਨਾਂ ਖਿਡਾਉਣਿਆਂ ਵਿੱਚ ਗੁਆਚ ਜਾਂਦਾ ਸੀ ਅਤੇ ਖਿਡਾਉਣੇ ਖ਼ਰੀਦਣ ਆਏ ਗਾਹਕ ਬੱਚਿਆਂ ਦੇ ਚਿਹਰਿਆਂ ਦੀ ਖੁਸ਼ੀ ਤੇ ਹਾਵ- ਭਾਵ ਵਿੱਚ ਅਚੇਤਨ ਹੀ ਗੁਆਚ ਜਾਂਦਾ ਤੇ ਅਕਸਰ ਉਸ ਨੂੰ ਕੋਈ ਸੁੱਧ-ਬੁੱਧ ਨਾ ਰਹਿੰਦੀ ਕਿ ਉਹ ਇਸ ਦੁਕਾਨ ਵਿੱਚ ਇੱਕ ਕਾਮਾ ਹੈ । ਖਿਡੌਣਿਆਂ ਦੀ ਰੰਗਤ ਤੇ ਵੰਨ-ਸੁਵੰਨਤਾ ਉਸ ਨੂੰ ਏਨੀ ਪ੍ਰਭਾਵਿਤ ਕਰਦੀ ਸੀ ਕਿ ਉਸ ਨੂੰ ਆਪਣੇ ਮਾਲਕ ਦੀ ਆਵਾਜ਼ ਵੀ ਨਹੀਂ ਸੀ ਸੁਣਦੀ । ਮਾਲਕ ਵੱਲੋਂ ਚੀਕ ਕੇ ਮਾਰੀ ਆਵਾਜ਼ ਉਸ ਦੀ ਰੰਗੀਨ ਸੁਪਨ ਦੁਨੀਆ ਨੂੰ ਤਹਿਸ-ਨਹਿਸ ਕਰ ਦਿੰਦੀ ਅਤੇ ਉਹ ਫੇਰ ਘੁਟਨ ਦੇ ਹਾਲਾਤ ਦਾ ਸ਼ਿਕਾਰ ਹੋ ਜਾਂਦਾ ।

Submitted By:- ਗੁਲਬਦਨ ਸਿੰਘ

...
...

ਜੁਗਿੰਦਰ ਸਿੰਹੁੰ ਭਲੇ ਵੇਲਿਆਂ ਚ ਫੌਜ ਚ ਭਰਤੀ ਹੋਇਆ ਸੀ , ਓਹਨਾਂ ਵੇਲਿਆਂ ਚ, ਜਦੋਂ ਸਿਰਫ ਸਰੀਰਕ ਯੋਗਤਾ ਦੇ ਬਲ ਤੇ ਨੌਕਰੀ ਮਿਲ ਜਾਂਦੀ ਸੀ , ਰਿਸ਼ਵਤ ਜਾਂ ਸਿਫ਼ਾਰਸ਼ ਦੀ ਲੋੜ ਨਹੀਂ ਸੀ ਪੈਂਦੀ ।ਵਿਆਹ ਤੋਂ ਬਾਅਦ ਓਹਨੇ ਨੌਕਰੀ ਛੱਡਣ ਦੀ ਕੋਸ਼ਿਸ਼ ਵੀ ਕੀਤੀ ਪਰ ਫੌਜ ਵਾਲੇ ਘਰੋਂ ਲੈ ਗਏ ਸਨ ਆ ਕੇ , ਫਿਰ ਕਈ ਦਿਨ ਪਿੱਠ ਤੇ ਭਾਰ ਚੁੱਕ ਕੇ ਤੁਰਨ ਦੀ ਸਜ਼ਾ ਤੇ ਲੂਣ ਵਾਲਾ ਪਾਣੀ ਪਿਆ ਪਿਆ ਕੇ ਅਕਲ ਟਿਕਾਣੇ ਲੈ ਆਂਦੀ ਸੀ ਆਰਮੀ ਵਾਲ਼ਿਆਂ । ਜਿਵੇਂ ਕਿਵੇਂ , ਔਖਾ ਸੌਖਾ ਹਵਲਦਾਰੀ ਦੀ ਪੈਨਸ਼ਨ ਲੈ ਈ ਮੁੜਿਆ ਸੀ ਓਹ , ਤੇ ਨਾਲ ਈ ਪੱਕਾ ਨਾਉਂ ਵੀ ਕਮਾ ਲਿਆ ਸੀ ,”ਹੌਲਦਾਰ” । ਵਿਆਹ ਪੰਝੀ ਸਾਲ ਦੀ ਉਮਰ ਦੇ ਇਰਦ ਗਿਰਦ ਪਹੁੰਚ ਕੇ ਹੋਇਆ ਸੀ ਓਹਦਾ , ਤੇ ਰੱਬ ਸਬੱਬੀਂ ਓਹਦੀ ਜੀਵਨ ਸਾਥਣ ਦਾ ਨਾਮ ਵੀ ਜੁਗਿੰਦਰ ਕੌਰ ਈ ਸੀ। ਬੜੀ ਵਧੀਆ ਜੋੜੀ ਸੀ ਓਹਨਾਂ ਦੀ , ਜੁਗਿੰਦਰ ਕੌਰ ਬੜੇ ਈ ਨੇਕ ਸੁਭਾਅ ਦੀ ਸੀ ਤੇ ਜੋਗਿੰਦਰ ਸਿੰਘ ਵੀ ਪਿਆਰ ਕਰਨ ਵਾਲਾ , ਖਿਆਲ ਰੱਖਣ ਵਾਲਾ ਪਤੀ ਸੀ । ਕਦੀ ਵੀ ਕਿਹਾ ਸੁਣੀ ਨਹੀਂ ਸੀ ਹੋਈ ਓਹਨਾਂ ਦਰਮਿਆਨ । ਜੇ ਕੋਈ ਕਮੀ ਸੀ ਤਾਂ ਸਿਰਫ ਔਲਾਦ ਦੀ , ਲੱਖ ਯਤਨਾਂ ਤੋ ਬਾਦ ਵੀ ਸੰਤਾਨ ਨਹੀ ਸੀ ਹੋਈ ਓਹਨਾਂ ਦੇ । ਜਦੋਂ ਕਿਸੇ ਪਾਸਿਓਂ ਵੀ ਕੋਈ ਆਸ ਨਾ ਰਹੀ ਤਾਂ ਜੁਗਿੰਦਰ ਕੌਰ ਦੇ ਭਰਾ ਨੇ ਆਪਣੀ ਸਭ ਤੋ ਛੋਟੀ ਧੀ ਬਲਵੀਰ ਓਹਨਾਂ ਦੀ ਝੋਲੀ ਪਾ ਦਿੱਤੀ ਜਿਸਨੂੰ ਓਹਨਾਂ ਦੋਹਾਂ ਜੀਆਂ ਨੇ ਬੜੇ ਲਾਡਾਂ ਨਾਲ ਪਾਲ਼ਿਆ , ਦਸਵੀਂ ਤੱਕ ਪੜ੍ਹਾਇਆ ਤੇ ਨੇੜਲੇ ਪਿੰਡ ਈ ਚੰਗਾ ਵਰ ਘਰ ਵੇਖ ਕੇ ਵਿਆਹ ਵੀ ਕਰ ਦਿੱਤਾ ।
ਜ਼ਮੀਨ ਤਾਂ ਮਸਾਂ ਗੁਜ਼ਾਰੇ ਜੋਗੀ ਸੀ ਹੌਲਦਾਰ ਦੀ ਪਰ ਪੈਨਸ਼ਨ ਨਾਲ ਸੋਹਣਾ ਨਿਰਬਾਹ ਹੋ ਜਾਂਦਾ ਸੀ ,ਸਾਰਾ ਦਿਨ ਵਿਹਲਾ ਰਹਿਣਾ ਮੁਸ਼ਕਲ ਸੀ , ਸੋ ਓਹਨੇ ਜ਼ਮੀਨ ਠੇਕੇ ਤੇ ਦੇ ਕੇ ਥੋੜੀ ਕੁ ਨੁੱਕਰ ਪੱਠੇ ਦੱਥੇ ਲਈ ਰੱਖ ਲਈ ਸੀ ਤੇ ਇੱਕ ਚੰਗੇ ਰਵੇ ਦੀ ਮੱਝ ਰੱਖ ਲਈ ਸੀ । ਜੁਗਿੰਦਰ ਨੂੰ ਗੱਲਾਂ ਕਰਨ ਦਾ ਬੜਾ ਸ਼ੌਕ ਸੀ , ਘਰ ਹੁੰਦਾ ਤਾਂ ਨੌਕਰੀ ਟੈਮ ਦੀਆਂ ਗੱਲਾਂ ਛੇੜ ਬਹਿੰਦਾ । ਸਾਹਬ ਨੇ ਯੇਹ ਬੋਲਾ , ਸੂਬੇਦਾਰ ਨੇ ਵੋਹ ਕਿਹਾ , ਬਰਫ਼ਾਂ ਤੋ ਲੈ ਕੇ ਰੇਤਲੇ ਮੈਦਾਨਾਂ ਦੀਆਂ ਗੱਲਾਂ । ਰੇਡੀਓ ਈ ਬਣ ਜਾਂਦਾ ਕਈ ਵਾਰੀ ਤਾਂ ਹੌਲਦਾਰ । ਜੁਗਿੰਦਰ ਕੌਰ ਕਦੀ ਕਦੀ ਕਹਿ ਦਿੰਦੀ ,
”ਬਲਵੀਰ ਦੇ ਭਾਅ, ਏਹ ਗੱਲ ਤੇ ਵੀਹ ਵਾਰੀ ਪਹਿਲਾਂ ਵੀ ਸੁਣਾਈ ਆ ਤੂੰ , ਬੱਸ ਵੀ ਕਰਿਆ ਕਰ ਨਾ ”
ਸੁਣਕੇ ਜ਼ਰਾ ਝੇਂਪ ਜਾਂਦਾ ਤੇ ਆਖਦਾ ,” ਚੱਲ ਚਾਹ ਬਣਾ ਲੈ ਭੋਰਾ, ਮੈ ਫਿਰ ਨਿੱਕਲਾਂ ਬਾਹਰ, ਮੱਝ ਕਾਹਲੀ ਪਈ ਆ ,”ਪਰ ਫੇਰ ਚੱਲ ਸੋ ਚੱਲ।
ਫਿਰ ਹੌਲੀ ਹੌਲੀ ਓਹਨੇ ਰੋਜ ਦਾ ਨੇਮ ਬਣਾ ਲਿਆ ਸੀ , ਮੱਝ ਨੂੰ ਚਾਰ ਕੇ ਲਿਔਣ ਦਾ । ਸਵੇਰ ਦੀ ਰੋਟੀ ਖਾ ਕੇ ਮੱਝ ਲੈ ਕੇ ਚਾਰਨ ਨਿੱਕਲ ਜਾਂਦਾ ਤੇ ਸ਼ਾਮ ਢਲੀ ਤੋ ਮੁੜਦਾ, ਬਾਹਰ ਹੋਰ ਕਿਸੇ ਨਾਲ ਘੱਟ ਵੱਧ ਈ ਗੱਲ ਕਰਦਾ ਸੀ ਓਹ, ਪਰ ਇਕੱਲ੍ਹਾ ਮੱਝ ਨਾਲ ਈ ਗੱਲਾਂ ਕਰੀ ਜਾਂਦਾ । ਬੰਦੇ ਨੂੰ ਗਾਹਲ ਤਾਂ ਕੱਢ ਲੈਂਦਾ ਪਿੱਠ ਪਿੱਛੇ ਪਰ ਮੱਝ ਨੂੰ ਕਦੀ ਫਿੱਟੇ ਮੂੰਹ ਨਹੀ ਸੀ ਕਿਹਾ ਓਹਨੇ ।
“ ਅਕਲ ਕਰ ਅਕਲ, ਘਾਹ ਨਾਲ ਸਬਰ ਕਰ ਲਿਆ ਕਰ, ਕਣਕ ਨੂੰ ਮੂੰਹ ਨਾ ਮਾਰ, ਕੋਈ ਕੰਜਰ ਗ਼ੁੱਸਾ ਕਰੂਗਾ ਕਮਲੀਏ “
ਤੇ ਮੱਝ ਵੀ ਜਿਵੇਂ ਗੱਲ ਸਮਝਦੀ ਸੀ ਓਹਦੀ। ਕਦੀ ਨੱਥ ਨਹੀਂ ਸੀ ਪਾਈ ਓਹਨੂੰ ਹੌਲਦਾਰ ਨੇ ਤੇ ਨਾ ਈ ਕਦੀ ਹੱਥ ਚ ਸੋਟੀ ਈ ਰੱਖੀ ਸੀ ਮੋੜਨ ਲਈ ,ਓਹਦੀ ਹਰ ਗੱਲ ਸਮਝਦੀ ਸੀ ਓਹ ਸ਼ਾਇਦ। ਸੇਵਾ ਏਨੀ ਕਰਦਾ ਸੀ ਕਿ ਮੱਝ ਤੋਂ ਮੱਖੀ ਤਿਲਕਦੀ ਸੀ , ਕੋਈ ਵੇਚਣ ਦੀ ਗੱਲ ਕਰੇ ਤਾਂ ਲੜ ਪੈਂਦਾ ਸੀ ਓਹ । ਇੱਕ ਤਰਾਂ ਨਾਲ ਓਹਦੇ ਘਰਦਾ ਤੀਸਰਾ ਜੀਅ ਸੀ ਓਹ ਵੀ । ਬਸ ਏਨੀ ਕੁ ਈ ਦੁਨੀਆਂ ਸੀ ਓਹਦੀ । ਜ਼ਮੀਨ ਦਾ ਠੇਕਾ, ਪੈਨਸ਼ਨ ਤੇ ਦੁੱਧ ਦੀ ਥੋੜ੍ਹੀ ਕੁ ਆਮਦਨ ਨਾਲ ਸੋਹਣਾ ਗੁਜ਼ਾਰਾ ਚੱਲਦਾ ਸੀ ਹੌਲਦਾਰ ਦਾ । ਓਹ ਆਪਣੀ ਦੁਨੀਆਂ ਵਿੱਚ ਮਸਤ ਸੀ ਤੇ ਲੋਕ ਓਹਦੀਆਂ ਗੱਲਾਂ ਵਿੱਚ, ਕਿ ਬੜਾ ਰਸੂਖ਼ ਏ ਦੋਹਾਂ ਜੀਆਂ ਦਾ , ਹੋਰ ਕਿਸੇ ਵੱਲ ਤਾਂ ਵੇਂਹਦੇ ਈ ਨਹੀਂ, ਆਪਸ ਵਿੱਚ ਈ ਰੁੱਝੇ ਰਹਿੰਦੇ ਨੇ। ਬਲਵੀਰ ਦੇ ਬੱਚੇ ਹੋ ਗਏ ਸਨ ਤੇ ਰੁੱਝ ਗਈ ਸੀ ਆਪਣੇ ਘਰੇ , ਪਰ ਨੇੜੇ ਹੋਣ ਕਾਰਨ ਛੇਤੀ ਹੀ ਆ ਕੇ ਮਿਲ ਜਾਂਦੀ ਸੀ ਓਹ। ਏਨੇ ਨਾਲ ਘਰ ਚ ਰੌਣਕ ਲੱਗੀ ਰਹਿੰਦੀ ।
ਕਦੀ ਕਦੀ ਹੌਲਦਾਰ ਨੇ ਜੁਗਿੰਦਰੋ ਨੂੰ ਕਹਿਣਾ, “ ਬੀਰੀ ਕੋਲ ਚਲੀ ਜਾਵੀਂ ਜੇ ਮੈ ਪਹਿਲੋਂ ਤੁਰ ਗਿਆ ਤੇ,”ਤੇ ਜੁਗਿੰਦਰੋ ਅੱਖਾਂ ਭਰ ਆਉਂਦੀ , ਬੀਰੀ ਦੇ ਭਾਅ, ਰੱਬ ਦਾ ਨਾਂਅ ਲਿਆ ਕਰ, ਕਰਮਾਂ ਵਾਲ਼ੀਆਂ ਹੁੰਦੀਆਂ ਜਿਹੜੀਆਂ ਪਤੀ ਦੇ ਹੱਥੀਂ ਤੁਰ ਜਾਣ, ਬਾਦ ਚ ਤਾਂ ਧੱਕੇ ਧੋੜੇ ਈ ਹੁੰਦੇ ਆ ,ਹਾਅ ਗੱਲ ਮੁੜ ਕੇ ਨਾ ਆਖੀਂ।
ਏਹ ਸਭ ਕਰਨ ਦੀਆਂ ਗੱਲਾਂ ਈ ਨੇ , ਕੁਦਰਤ ਆਪਣਾ ਕੰਮ ਆਪਣੇ ਤਰੀਕੇ ਨਾਲ ਕਰਦੀ ਏ । ਬੜੇ ਸੋਹਣੇ ਤਰੀਕੇ ਨਾਲ ਜਿੰਦਗੀ ਦੀ ਗੱਡੀ ਰਿੜ੍ਹ ਰਹੀ ਸੀ ਹੌਲਦਾਰ ਦੀ , ਫਿਰ ਇੱਕ ਦਿਨ ਸ਼ਾਮ ਨੂੰ ਓਹ ਘਰੇ ਪਰਤਿਆ ਤਾਂ ਤੇਜ਼ ਬੁਖ਼ਾਰ ਸੀ ਓਹਨੂੰ , ਜਿਵੇਂ ਕਿਵੇਂ , ਮੱਝ ਕਿੱਲੇ ਬੰਨ੍ਹੀ ਤੇ ਮੰਜੇ ਤੇ ਢਹਿ ਪਿਆ । ਜੁਗਿੰਦਰੋ ਨੇ ਡਾਕਟਰ ਬੁਲਾਇਆ ਪਿੰਡ ਚੋਂ , ਦਵਾ ਦੇ ਕੇ ਚਲਾ ਗਿਆ, , ਠੰਢੇ ਪਾਣੀ ਦੀਆਂ ਪੱਟੀਆਂ ਕਰਨ ਨੂੰ ਕਹਿ ਗਿਆ । ਰਾਤ ਟਿਕ ਗਿਆ ਹੌਲਦਾਰ, ਸਵੇਰੇ ਜੁਗਿੰਦਰੋ ਨੇ ਤੜਕੇ ਉੱਠਕੇ ਵੇਖਿਆ , ਤਾਂ ਹੌਲਦਾਰ ਪੱਲਾ ਛੁਡਾ ਚੁੱਕਾ ਸੀ , ਜਾਣ ਲੱਗੇ ਆਵਾਜ ਤੱਕ ਨਾ ਦੇ ਹੋਈ ਓਸਤੋਂ, ਚੁੱਪ ਚਾਪ ਈ ਕੂਚ ਕਰ ਗਿਆ ਰਾਤ ਦੇ ਹਨੇਰੇ ਚ । ਜੁਗਿੰਦਰੋ ਦੀ ਦੁਨੀਆਂ ਉੱਜੜ ਗਈ ਸੀ ਰਾਤੋ ਰਾਤ ।
ਦਿਨ ਚੜ੍ਹੇ ਸਭ ਸਾਕ ਸਕੀਰੀ ਚ ਸੁਨੇਹੇ ਭੇਜ ਦਿੱਤੇ ਗਏ , ਸ਼ਾਮ ਨੂੰ ਦਾਹ ਸੰਸਕਾਰ ਕਰਨਾ ਸੀ ।ਪਰ ਸਭ ਹੈਰਾਨ ਸਨ, ਏਨਾ ਪ੍ਰੇਮ ਸੀ ਜੁਗਿੰਦਰ ਕੌਰ ਦਾ , ਕਿਤੇ ਅੱਥਰੂ ਨਹੀਂ ਸੀ ਡਿੱਗਾ ਓਹਦਾ, ਪੱਥਰ ਹੋ ਗਈ ਸੀ ਓਹ ਬਿਲਕੁੱਲ , ਸਿਲ ਪੱਥਰ । ਬਲਵੀਰ ਨੇ ਰੋ ਰੋ ਬੁਰਾ ਹਾਲ ਕਰ ਲਿਆ , ਪਰ ਜੁਗਿੰਦਰ ਕੌਰ ਇੱਕ ਨੁੱਕਰੇ ਲੱਗ ਗੁੰਮ ਸੁੰਮ ਪਈ ਸੀ ,ਮੂੰਹ ਤੇ ਚੁੰਨੀ ਲੈ ਕੇ । ਬੰਦੇ ਹੌਲਦਾਰ ਨੂੰ ਨਹੌਣ ਚ ਰੁੱਝ ਗਏ, ਜੋਗਿੰਦਰ ਕੌਰ ਮੂੰਹ ਤੇ ਪੱਲਾ ਲੈ ਕੇ ਇੱਕ ਪਾਸੇ ਪਈ ਰਹੀ । ਅਖੀਰ ਜਦੋਂ ਹੌਲਦਾਰ ਨੂੰ ਲੈ ਕੇ ਤੁਰਨ ਲੱਗੇ ਤਾਂ ਜੋਗਿੰਦਰ ਕੌਰ ਨੂੰ ਕਿਸੇ ਔਰਤ ਨੇ ਹਿਲਾਇਆ, “ਉੱਠ ਭੈਣੇ, ਮੂੰਹ ਵੇਖਲਾ ਜਾਂਦੀ ਵਾਰ ਦਾ , ਫੇਰ ਨਹੀਓਂ ਓਹਨੇ ਲੱਭਣਾ ,”
ਪਰ ਜੋਗਿੰਦਰ ਕੌਰ ਹੁੰਦੀ ਤਾਂ ਉੱਠਦੀ , ਓਹ ਤਾਂ ਖ਼ੁਦ ਵੀ ਜਾ ਚੁੱਕੀ ਸੀ ਹੌਲਦਾਰ ਕੋਲ, ਲੜ ਨਹੀ ਸੀ ਛੱਡਿਆ ਓਹਨੇ , ਮਗਰੇ ਈ ਤੁਰ ਗਈ ਸੀ ਆਪਣੇ ਪ੍ਰੀਤਮ ਪਿਆਰੇ ਦੇ । ਦੰਦ ਜੁੜ ਗਏ ਵੇਖਣ ਵਾਲਿਆਂ ਦੇ ।ਬਲਵੀਰ ਦਾ ਰੋਣਾ ਝੱਲਿਆ ਨਹੀ ਸੀ ਜਾ ਰਿਹਾ । ਅਖੀਰ ਇੱਕੋ ਵੇਲੇ ਦੋਵਾਂ ਦੀਆਂ ਅਰਥੀਆਂ ਉੱਠੀਆਂ , ਅਸਮਾਨ ਵੀ ਰੋ ਪਿਆ ਇਹ ਵਰਤਾਰਾ ਵੇਖ ਕੇ , ਜਦੋਂ ਭਾਈ ਸਾਹਿਬ ਨੇ ਅਰਦਾਸ ਚ ਏਹ ਸ਼ਬਦ ਕਹੇ ,

ਜਿਸੁ ਪਿਆਰੇ ਸਿਉ ਨੇਹੁ
ਤਿਸੁ ਆਗੈ ਮਰਿ ਚਲੀਐ।
ਧ੍ਰਿਗੁ ਜੀਵਣੁ ਸੰਸਾਰਿ
ਤਾ ਕੈ ਪਾਛੈ ਜੀਵਣਾ ।

ਕਿੱਲੇ ਬੱਝੀ ਹੌਲਦਾਰ ਦੀ ਮੱਝ ਨੂੰ ਕੋਈ ਗਵਾਂਢੀ ਪੱਠੇ ਕੁਤਰ ਕੇ ਪਾ ਗਿਆ ਸੀ ਰੱਬ ਤਰਸੀਂ , ਪਰ ਓਹ ਪੱਠਿਆਂ ਨੂੰ ਮੂੰਹ ਨਹੀਂ ਸੀ ਲਾ ਰਹੀ , ਵਿਚਾਰੀ ਬੇ ਜ਼ੁਬਾਨ ਹੰਝੂ ਕੇਰ ਰਹੀ ਸੀ , ਰੋਸ ਜਤਾ ਰਹੀ ਸੀ ਸ਼ਾਇਦ , ਕਿ ਹੌਲਦਾਰ ਚਾਰਨ ਲਈ ਆਪ ਕਿਓਂ ਨਹੀਂ ਲੈ ਕੇ ਗਿਆ । ਓਹੀ ਘਰ ਜੋ ਬੀਤੇ ਕੱਲ੍ਹ ਤੱਕ ਵੱਸਦਾ ਰੱਸਦਾ ਘਰ ਸੀ , ਅੱਜ ਉਜਾੜ ਬੀਆਬਾਨ , ਡਰਾਉਣਾ ਬਣ ਗਿਆ ਸੀ , ਜਿੱਥੇ ਕੋਈ ਦੀਵਾ ਜਗੌਣ ਵਾਲਾ ਵੀ ਨਹੀਂ ਸੀ ਰਿਹਾ । ਦੇਰ ਸ਼ਾਮ ਬਲਵੀਰ ਦੇ ਘਰ ਵਾਲੇ ਨੇ ਲਾਗੀ ਨੂੰ ਕਹਿ ਕੇ ਮੱਝ ਵੀ ਹਿੱਕ ਲਈ, ਕੌਣ ਸੀ ਜੋ ਏਸ ਬੇਜੁਬਾਨ ਨੂੰ ਸਾਂਭਦਾ ਹੁਣ , ਵਕਤ ਦਾ ਤਕਾਜ਼ਾ ਸੀ , ਮਜਬੂਰੀ ਸੀ । ਮੱਝ ਵੀ ਰਾਤ ਦੇ ਹਨੇਰੇ ਵਿੱਚ ਡੌਰ ਭੌਰ ਤੁਰੀ ਜਾਂਦੀ ਪਿੱਛੇ ਮੁੜ ਮੁੜ ਤੱਕਦੀ ਜਾ ਰਹੀ ਸੀ, ਸ਼ਾਇਦ ਸਮਝ ਗਈ ਸੀ ਕਿ ਏਸ ਘਰ ਮੁੜ ਕਦੀ ਫੇਰਾ ਨਹੀਂ ਪੈਣਾ।
ਦੋਸਤੋ, ਘਰ ਸਿਰਫ ਵਿੱਚ ਰਹਿਣ ਵਾਲ਼ਿਆਂ ਨਾਲ ਈ ਅਸਲ ਵਿੱਚ ਘਰ ਬਣਦੇ ਨੇ , ਜਿਉਂਦੇ , ਵੱਸਦੇ ਨੇ , ਨਹੀਂ ਤੇ ਘਾਟ ਈ ਹੁੰਦੇ ਨੇ , ਸਿਰਫ ਇੱਟਾਂ ਸੀਮੈਂਟ ਦਾ ਢਾਂਚਾ ਜਾਂ ਜੋੜ ਤੋੜ । ਓਹ ਘਾਟ ਜਾਂ ਸਰਾਂ , ਜਿੱਥੇ ਅਸੀਂ ਰੁਕਦੇ ਆਂ , ਥੋੜ੍ਹਾ ਜਾਂ ਬਹੁਤਾ ਅਰਸਾ , ਅਖੀਰ ਨੂੰ ਤੁਰਨਾ ਪੈਂਦਾ ਏ , ਚੈੱਕ ਆਊਟ ਕਰਨਾ ਪੈਂਦਾ ਏ ਸਵਾਸਾਂ ਦੀ ਪੂੰਜੀ ਦੇ ਰੂਪ ਵਿੱਚ ਬਣਦਾ ਕਿਰਾਇਆ ਦੇ ਕੇ । ਤੇ ਸਾਡੀ ਯਗਾ ਕੋਈ ਹੋਰ ਮੁਸਾਫਿਰ ਆ ਜਾਂਦਾ ਏ , ਕੁਝ ਸਮਾਂ ਬਿਤਾਉਣ ਲਈ, ਕੋਲ ਦਮਾਂ ਦੀ ਪੂੰਜੀ ਤੇ ਅਰਮਾਨਾਂ ਦੀ ਗਠੜੀ ਲੈ ਕੇ ।

ਦਵਿੰਦਰ ਸਿੰਘ ਜੌਹਲ

...
...

ਵਿਆਹ ਦੀ ਵਰੇਗੰਢ ਮੌਕੇ ਸਾਨੂੰ ਦੋਹਾਂ ਨੂੰ ਜਾਣ ਬੁੱਝ ਕੇ ਹੀ ਭੀੜੇ ਜਿਹੇ ਸੋਫੇ ਤੇ ਕੋਲ ਕੋਲ ਬਿਠਾਇਆ ਗਿਆ..
ਬਥੇਰੀ ਨਾਂਹ ਨੁੱਕਰ ਕੀਤੀ ਪਰ ਕਿੰਨੇ ਸਾਰੇ ਪੋਤਰੇ ਦੋਹਤਿਆਂ ਨੇ ਪੇਸ਼ ਨਾ ਜਾਣ ਦਿੱਤੀ.. ਓਥੇ ਬੈਠੇ ਬੈਠੇ ਦੀ ਮੇਰੀ ਸੁਰਤ ਤਕਰੀਬਨ ਪੰਜਾਹ ਵਰੇ ਪਹਿਲਾਂ ਜੇਠ ਮਹੀਨੇ ਢੁੱਕੀ ਆਪਣੀ ਜੰਝ ਵੱਲ ਮੁੜ ਗਈ..
ਕਿੰਨੀਆਂ ਸਾਰੀਆਂ ਰੰਗ ਬਰੰਗੀਆਂ ਪਰਾਂਦੀਆਂ ਨਾਲ ਸ਼ਿੰਗਾਰੇ ਹੋਏ ਤਕਰੀਬਨ ਪੰਦਰਾਂ ਸੋਲਾਂ ਟਾਂਗੇ..ਇੱਕੋ ਲਾਈਨ ਸਿਰ ਤੁਰੀ ਜਾ ਰਹੇ ਸਨ..ਪੂਰੀ ਮੌਜ ਨਾਲ..ਤੀਹ ਕਿਲੋਮੀਟਰ ਦਾ ਓਬੜ-ਖਾਬੜ ਸਫ਼ਰ ਪੂਰੇ ਛੇਆਂ ਘੰਟਿਆਂ ਵਿਚ ਮੁੱਕਿਆ.. ਪਛੇਤੀ ਕਣਕ ਸਾਂਭਦੇ ਹੋਏ ਕਿੰਨੇ ਸਾਰੇ ਸ਼ੋਕੀ ਕੰਮ ਧੰਦਾ ਛੱਡ ਤੁਰੀ ਜਾਂਦੀ ਜੰਝ ਵੇਖਣ ਰਾਹ ਵੱਲ ਨੂੰ ਦੌੜ ਪਿਆ ਕਰਦੇ..
ਖੁੱਲੇ ਖ਼ਾਸੇ ਟਾਈਮ..ਨਾ ਕਿਸੇ ਨੂੰ ਲੇਟ ਹੋਣ ਦਾ ਫਿਕਰ ਤੇ ਨਾ ਹੀ ਹਨੇਰੇ ਵਿਚ ਪਿਛਾਂਹ ਪਰਤਣ ਦੀ ਚਿੰਤਾ..
ਅਗਲੇ ਘਰ ਅੱਪੜ ਕੇ ਪਤਾ ਲੱਗਣਾ ਸੀ ਜੰਝ ਦਾ ਕਿੰਨੇ ਦਿਨ ਦਾ ਪੜਾਅ ਏ..
ਅਗਲੇ ਪਾਸੇ ਜਾ ਢੁੱਕੇ ਤਾਂ ਵੱਡੀ ਸਾਰੀ ਪਸਾਰ ਵਿਚ ਖਾਣੀ-ਪੀਣੀ ਤੇ ਨਹਾਉਣ ਧੋਣ ਦਾ ਬੰਦੋਬਸਤ ਸੀ..
ਸਾਰਾ ਪਿੰਡ ਕੋਠੇ ਚੜ-ਚੜ ਵੇਖਣ ਆਇਆ..ਭੰਡਾਂ/ਲਾਗੀਆਂ ਅਤੇ ਮਰਾਸੀਆਂ ਦੀ ਪੂਰੀ ਚੜਾਈ..ਦੋ ਮੰਜਿਆਂ ਦੇ ਜੋੜ ਤੇ ਟਿਕਾਇਆ ਗਰਾਰੀ ਨਾਲ ਚੱਲਣ ਵਾਲਾ ਸਪੀਕਰ..ਤੇ ਉੱਤੇ ਵੱਜਦਾ ਮਸਤਾਨਾ,ਸੁਰਿੰਦਰ ਕੌਰ..ਅਤੇ ਲੰਮੀਂ ਹੇਕ ਵਾਲੀ ਬਾਵਾ! ਜਦੋਂ ਬਿਨਾ ਇੱਕ ਦੂਜੇ ਨੂੰ ਵੇਖਿਆ ਹੀ ਰਿਸ਼ਤਾ ਪੱਕਾ ਹੋਇਆ ਤਾਂ ਕਈਂ ਭਾਨੀਆਂ ਵੀ ਵਜੀਆਂ..
ਕਿਸੇ ਆਖਿਆ ਅੱਖੀਆਂ ਦਾ ਉਗਾੜ ਛੋਟਾ ਏ..ਕੋਈ ਆਖੇ ਕਦ ਦੀ ਮੱਧਰੀ ਏ..ਕੋਈ ਆਹਂਦਾ ਬਾਪੂ ਹੁੱਕਾ ਪੀਂਦਾ..!
ਫੇਰ ਮੱਸਿਆ ਦੇ ਮੇਲੇ ਵਿਚ ਇੱਕ ਦਿਨ ਚੋਰੀ ਚੋਰੀ ਦੂਰੋਂ ਵੇਖੀਆਂ ਇਹਨਾਂ ਛੋਟੇ ਉਗਾੜ ਵਾਲੀਆਂ ਅੱਖੀਆਂ ਦਾ ਐਸਾ ਤੀਰ ਵੱਜਾ ਕੇ ਮੁੜ ਕੇ ਕੋਈ ਹੋਰ ਸੂਰਤ ਮਨ ਵਿਚ ਟਿੱਕ ਹੀ ਨਾ ਸਕੀ..! ਅਨੰਦ ਕਾਰਜ ਮੌਕੇ ਲੰਮੇ ਸਾਰੇ ਸਾਰੇ ਘੁੰਡ ਵਿਚ ਲੁਕੀ ਹੋਈ ਨੂੰ ਕਿੰਨੇ ਸਾਰੇ ਭਰਾਵਾਂ ਨੇ ਚੁੱਕ ਕੇ ਪੰਡਾਲ ਵਿਚ ਲਿਆਂਦਾ..
ਜੀ ਕੀਤਾ ਕੇ ਇੱਕ ਵਾਰ ਧੌਣ ਟੇਢੀ ਜਿਹੀ ਕਰਕੇ ਵੇਖਾਂ ਤਾਂ ਸਹੀ..ਬਣਿਆ ਫੱਬਿਆ ਮੁਹਾਂਦਰਾਂ ਕਿੱਦਾਂ ਦਾ ਲੱਗਦਾ ਏ ਪਰ ਏਨੇ ਸਾਰੇ ਭਰਾ ਵੇਖ ਹੀਆ ਜਿਹਾ ਨਾ ਪਿਆ..
ਫੇਰ ਜਦੋ ਨਾਲਦੀ ਨੇ ਸਿੱਖਿਆ ਪੜਨੀ ਸ਼ੁਰੂ ਕੀਤੀ ਤਾਂ ਇਸਦਾ ਰੋਣ ਨਿੱਕਲ ਗਿਆ..ਨਾਲ ਹੀ ਮੇਰਾ ਵੀ ਮਨ ਭਰ ਆਇਆ!ਪੰਜਾਹ ਸਾਲ ਪਹਿਲਾਂ ਵਾਲੀਆਂ ਓਹਨਾ ਅਨਮੋਲ ਘੜੀਆਂ ਨਾਲ ਜੁੜੀ ਹੋਈ ਮੇਰੀ ਸੂਰਤ ਓਦੋਂ ਟੁੱਟੀ ਜਦੋਂ ਕੰਨ ਪਾੜਵੇਂ ਸੰਗੀਤ ਦੇ ਰੌਲੇ ਰੱਪੇ ਵਿਚ ਨਾਲਦੀ ਨੇ ਕੂਹਣੀ ਨਾਲ ਹੁੱਝ ਜਿਹੀ ਮਾਰੀ..ਸ਼ਾਇਦ ਬਿਨਾ ਆਖਿਆ ਹੀ ਕੁਝ ਪੁੱਛ ਰਹੀ ਸੀ..”ਧਿਆਨ ਕਿੱਧਰ ਏ ਤੁਹਾਡਾ”? ਮਿਲ ਰਹੀਆਂ ਵਧਾਈਆਂ ਅਤੇ ਸ਼ੁਬ-ਕਾਮਨਾਵਾਂ ਦੇ ਨਾ ਮੁੱਕਣ ਵਾਲੇ ਸਿਲਸਿਲੇ ਦੇ ਦੌਰਾਨ ਗਹੁ ਨਾਲ ਉਸ ਵੱਲ ਤੱਕਿਆ ਤਾਂ ਇੰਝ ਲੱਗਿਆ ਫੁਲਵਾੜੀ ਦੇ ਫੁਲ ਅਜੇ ਵੀ ਕਾਫੀ ਤਰੋ ਤਾਜਾ ਨੇ ..ਸ਼ਾਇਦ ਦੋਹਤੀਆਂ ਪੋਤੀਆਂ ਅਤੇ ਨੂਹਾਂ ਧੀਆਂ ਨੇ ਅੱਜ ਧੱਕੇ ਨਾਲ ਥੋੜਾ ਬਹੁਤ ਮੇਕ ਅੱਪ ਜੂ ਕਰਵਾ ਦਿੱਤਾ ਸੀ! ਅਤੀਤ ਦੇ ਵਹਿਣ ਵਿਚ ਵਹਿੰਦੇ ਹੋਏ ਨੇ ਹੌਲੀ ਜਿਹੀ ਉਸਦਾ ਹੱਥ ਫੜ ਲਿਆ..
ਉਸਨੇ ਵੀ ਇਸ ਵਾਰ ਛਡਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ..ਫੇਰ ਘੜੀ ਕੂ ਮਗਰੋਂ ਉਸਨੇ ਅਛੋਪਲੇ ਜਿਹੇ ਨਾਲ ਆਪਣਾ ਸਿਰ ਮੇਰੇ ਮੋਢੇ ਤੇ ਟਿਕਾ ਦਿੱਤਾ..
ਮੈਨੂੰ ਅੰਤਾਂ ਦੀ ਖੁਸ਼ੀ ਦੇ ਨਾਲ ਨਾਲ ਥੋੜਾ ਫਿਕਰ ਜਿਹਾ ਵੀ ਹੋਇਆ ਕੇ ਪਤਾ ਨਹੀਂ ਸੁਵੇਰੇ ਆਪਣੀ ਦਵਾਈ ਲਈ ਵੀ ਸੀ ਕੇ ਨਹੀਂ..ਉਸਨੂੰ ਹਲੂਣਿਆ ਤਾਂ ਉਸਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਜੂ ਸਨ!
ਸਾਨੂੰ ਇੰਝ ਬੈਠਿਆਂ ਦੇਖ ਇੱਕ ਬੇਪਛਾਣ ਜਿਹਾ ਨਵਾਂ ਵਿਆਹਿਆ ਜੋੜਾ ਫੋਟੋ ਖਿਚਾਉਣ ਸਾਡੇ ਪਿੱਛੇ ਆਣ ਖਲੋ ਗਿਆ..
ਕੈਮਰੇ ਦੀ ਫਲੈਸ਼ ਦੇ ਨਾਲ ਹੀ ਪਿੱਛੋਂ ਅਵਾਜ ਆਈ..ਚੂੜੇ ਵਾਲੀ ਆਪਣੇ ਨਾਲਦੇ ਨੂੰ ਆਖ ਰਹੀ ਸੀ..”ਅਕਲ ਸਿੱਖੋ ਕੁਝ ਤੁਸੀਂ ਵੀ..ਆ ਵੇਖੋ ਕਿੱਡੇ ਪਿਆਰ ਨਾਲ ਬੈਠੇ ਨੇ ਦੋਵੇਂ..ਇਸ਼ਕ ਭਾਵੇਂ ਪੰਜਾਹ ਸਾਲ ਪੂਰਾਣਾ ਏ ਪਰ ਮੁਹੱਬਤ ਅਜੇ ਵੀ ਡੁੱਲ ਡੁੱਲ ਪੈ ਰਹੀ ਏ..”
ਏਨੀ ਗੱਲ ਸੁਣ ਮੈਂ ਮਨ ਹੀ ਮਨ ਵਿਚ ਹੱਸ ਪਿਆ..ਜੀ ਕੀਤਾ ਕੇ ਪਿਛਾਂਹ ਮੁੜ ਉਸਨੂੰ ਆਖ ਦੇਵਾਂ ਕੇ ਬੀਬਾ ਇਹ ਇਸ਼ਕ ਵੀ ਕਦੇ ਪੂਰਾਣਾ ਹੋਇਆ ਏ?..ਇਸ਼ਕ ਤਾਂ ਹਰਦਮ ਤਾਜਾ ਰਹਿੰਦਾ ਭਾਵੇਂ ਦਾਹੜੀ ਹੋ ਜੇ ਚਿੱਟੀ..!

ਹਰਪ੍ਰੀਤ ਸਿੰਘ ਜਵੰਦਾ

...
...

ਪਿਛਲੀ ਸਦੀ ਦੇ ਲਗਭਗ ਅਠਵੇਂ ਦਹਾਕੇ ਦੀ ਗੱਲ , ਦੂਰ ਦਰਾਜ਼ , ਸਰਹੱਦੀ ਇਲਾਕੇ ਦਾ ਇੱਕ ਕਸਬਾ , ਓਥੇ ਬਣਿਆਂ ਸੈਕੰਡਰੀ ਸਕੂਲ , ਜਿੱਥੇ ਲਾਗਲੇ ਪਿੰਡਾਂ ਤੋਂ ਵਿਦਿਆਰਥੀ ਪੜ੍ਹਨ ਆਉਂਦੇ ਸਨ । ਸਰਕਾਰੀ ਸਕੂਲ ਜਿਸ ਵਿੱਚ ਸਿਰਫ ਗਰੀਬ ਘਰਾਂ ਦੇ ਬੱਚੇ ਈ ਪੜ੍ਹਦੇ ਸਨ , ਪਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਭਰਨ ਤੋਂ ਆਤੁਰ ਲੋਕ ਅਪਣੇ ਬੱਚੇ ਭੇਜਦੇ ਸਨ ਏਥੇ ,ਇਸ ਆਸ ਨਾਲ ਕਿ ਸ਼ਾਇਦ, ਘਾਹੀਆਂ ਦੇ ਪੁੱਤ ਵੀ ਕਿਸੇ ਮੁਕਾਮ ਤੇ ਪਹੁੰਚ ਜਾਣ , ਘਾਹ ਨਾ ਖੋਤਣ ।
ਸਕੂਲ ਵਿੱਚ ਇੱਕ ਪੀਟੀ ਅਧਿਆਪਕ ਸਨ ਮਾਸਟਰ ਸੂਬਾ ਸਿੰਘ ਜੀ, ਵਕਤ ਦੇ ਪਾਬੰਦ , ਸੁਭਾਅ ਦੇ ਸਖ਼ਤ ਪਰ ਕੁਝ ਮਜਾਕੀਆ ਵੀ , ਉਹਨਾਂ ਦੇ ਹੱਥ ਵਿਚਲੇ ਡੰਡੇ ਨਾਲ਼ੋਂ ਉਹਨਾਂ ਦੇ ਚਲਾਏ ਸ਼ਬਦ ਬਾਣ ਕਈ ਵਾਰ ਜਿਆਦਾ ਮਾਰੂ ਹੁੰਦੇ ਸਨ। ਸਕੂਲ ਦੇਰ ਨਾਲ ਆਉਣ ਵਾਲੇ ਵਿਦਿਆਰਥੀਆਂ ਨਾਲ ਬਹੁਤ ਸਖ਼ਤੀ ਨਾਲ ਪੇਸ਼ ਆਉਂਦੇ ਸਨ ਉਹ , ਕਦੀ ਕਦੀ ਵਿਦਿਆਰਥੀਆਂ ਦੀ ਵਰਦੀ , ਸਾਫ ਸਫਾਈ ਵੀ ਚੈੱਕ ਕਰਦੇ ਸਨ ਉਹ ,ਤੇ ਇਹ ਸਭ ਕਰਨ ਲਈ ਮੁੱਖ ਅਧਿਆਪਕ ਵੱਲੋਂ ਵੀ ਉਹਨਾਂ ਨੂੰ ਪੂਰੀ ਖੁੱਲ੍ਹ ਸੀ ਕਿ ਜਿਵੇਂ ਮਰਜ਼ੀ ਕਰੋ, ਅਨੁਸ਼ਾਸਨ ਕਾਇਮ ਰਹਿਣਾ ਚਾਹੀਦਾ ਏ ।
ਨਵਾਂ ਸੈਸ਼ਨ ਸ਼ੁਰੂ ਹੋਇਆ , ਕੁਝ ਨਵੇਂ ਬੱਚੇ ਦਾਖਲ ਹੋਏ, ਪੁਰਾਣੇ ਵਿਦਾ ਹੋਏ । ਨੌਵੀਂ ਜਮਾਤ ਵਿੱਚ ਇੱਕ ਲੜਕੇ ਨੇ ਦਾਖਲਾ ਲਿਆ , ਨਾਮ ਸੀ ਜੋਗਾ ਸਿੰਘ ।ਸਰੀਰ ਤੋ ਮਾੜੂਆ ਜਿਹਾ ਪਰ ਪੜ੍ਹਨ ਚ ਮਿਹਨਤੀ ।ਅਜੇ ਕੁਝ ਕੁ ਦਿਨ ਹੀ ਹੋਏ ਸਨ ਉਸਨੂੰ ਸਕੂਲ ਚ ਦਾਖਲ ਹੋਏ ਨੂੰ ।ਜੰਗਾਲ਼ੇ ਜਿਹੇ ਸਾਈਕਲ ਤੇ ਆਉਦਾ ਸੀ ਉਹ ਕਿਸੇ ਦੂਰ ਦੇ ਪਿੰਡ ਤੋਂ। ਇੱਕ ਦਿਨ ਸਕੂਲ ਆਉਂਦੇ ਵਕਤ ਉਸਦੇ ਸਾਈਕਲ ਦੀ ਚੇਨ ਉੱਤਰ ਕੇ ਗਰਾਰੀ ਚ ਫਸ ਗਈ, ਕਰਦੇ ਕਰਾਉਂ ਦੇ ਉਹ ਲੇਟ ਹੋ ਗਿਆ ਪੰਜ ਕੁ ਮਿੰਟ ਸਕੂਲ ਪਹੁੰਚਣ ਤੋਂ । ਜਦ ਤੱਕ ਪਹੁੰਚਾ ਤਾਂ ਸਵੇਰ ਦੀ ਪ੍ਰਾਰਥਨਾ ਸਭਾ ਚੱਲ ਰਹੀ ਸੀ । ਜੋਗੇ ਨੇ ਬਿਨਾ ਸਟੈਂਡ ਦੇ ਸਾਈਕਲ ਨੂੰ ਕੰਧ ਨਾਲ ਖੜਾ ਕੀਤਾ ਤੇ ਪਿੱਛੇ ਜਿਹੇ ਜਾ ਖੜਾ ਹੋਇਆ ਜਿੱਥੋਂ ਉਹ ਮਾਸਟਰ ਸੂਬਾ ਸਿੰਹੁੰ ਦੀ ਨਿਗਾ ਪੈ ਗਿਆ ।ਪ੍ਰਾਰਥਨਾ ਖਤਮ ਹੋਈ ਤਾਂ ਮਾਸਟਰ ਹੁਰੀਂ ਥੜ੍ਹੇ ਨੁਮਾ ਸਟੇਜ ਤੇ ਜਾ ਖਲੋਤੇ ਤੇ ਬੋਲੇ। ਪਿਆਰੇ ਵਿਦਿਆਰਥੀਓ, ਅੱਜ ਤੁਹਾਨੂੰ ਇੱਕ ਅਜਿਹੇ ਵਿਦਿਆਰਥੀ ਦੇ ਦਰਸ਼ਨ ਕਰਾ ਰਹੇ ਆਂ , ਜੋ ਇੱਕ ਰੋਲ ਮਾਡਲ ਏ, ਜਿਸਦੀ ਸਾਫ ਸਫਾਈ , ਜਿਸਦਾ ਵਰਦੀ ਪਹਿਨਣ ਦਾ ਤਰੀਕਾ ਤੇ ਸਮੇਂ ਦਾ ਪਾਬੰਦ ਹੋਣਾ ਉਸਨੂੰ ਸਭ ਤੋਂ ਵੱਖਰਾ ਖੜਾ ਕਰਦਾ ਏ । ਸਭ ਦੀਆਂ ਨਜ਼ਰਾਂ ਸਟੇਜ ਵੱਲ ਲੱਗ ਗਈਆਂ ਕਿ ਉਹ ਕੌਣ ਏ ਜੋ ਸ ਸੂਬਾ ਸਿੰਘ ਦੇ ਮੁਤਾਬਿਕ ਸਭ ਤੋਂ ਵਧੀਆ ਏ ।
ਤੁਰੰਤ ਸ ਸੂਬਾ ਸਿੰਘ ਹੁਰਾਂ ਜੋਗੇ ਦਾ ਨਾਮ ਲੈ ਆਵਾਜ ਮਾਰੀ, “ ਆ ਬਈ ਜੋਗਾ ਸਿੰਹਾਂ, ਆਜਾ ਜ਼ਰਾ ਉਤਾਂਹ ਨੂੰ’।
ਜੋਗਾ ਬੋਝਲ ਜਿਹੇ ਕਦਮੀ ਤੁਰਦਾ ਸਟੇਜ ਤੇ ਜਾ ਕੇ ਖੜਾ ਹੋਇਆ ਤਾਂ ਉਸਦਾ ਕੁਝ ਅਜੀਬੋ ਗਰੀਬ ਹੁਲੀਆ ਵੇਖਕੇ ਸਭ ਦਾ ਹਾਸਾ ਨਿੱਕਲ ਗਿਆ । ਪਤਾ ਲੱਗ ਗਿਆ ਕਿ ਸ. ਸੂਬਾ ਸਿੰਹੁੰ ਤਾਂ ਵਿਅੰਗ ਕਰ ਰਿਹਾ ਸੀ । ਸੂਬਾ ਸਿੰਘ ਨੇ ਉਸਦੇ ਬੂਟਾਂ ਤੋ ਸ਼ੁਰੂ ਕੀਤਾ , “ਇਸਦੇ ਬੂਟ ਵੇਖੋ, ਸਾਫ ਸੁਥਰੇ, ਪਾਲਿਸ਼ ਕੀਤੇ ਹੋਏ, ਖ਼ਾਕੀ
ਪੈਂਟ ਤੇ ਸ਼ਰਟ ਚਿੱਟੀ ਨਿਖਾਰ, ਵਾਹ,ਕਿਆ ਬਾਤਾਂ ਨੇ, “ਸਭ ਦੀ ਨਜਰ ਉਹਦੀ ਅਣਧੋਤੀ ਵਰਦੀ ਤੇ ਪੈ ਰਹੀ ਸੀ , ਬੂਟ ਵੀ ਕਿਤੇ ਕਈ ਦਿਨ ਪਹਿਲਾਂ ਪਾਲਿਸ਼ ਕੀਤੇ ਹੋਣਗੇ ।ਸਾਰੇ ਪਾਸੇ ਹਾਸੇ ਦੇ ਫੁਹਾਰੇ ਚੱਲ ਪਏ , ਪਰ ਇਹ ਸਭ ਹੁੰਦਾ ਵੇਖ ਜੋਗੇ ਦਾ ਬੁਰਾ ਹਾਲ ਹੋ ਗਿਆ , ਰੋਣਹਾਕਾ ਹੋ ਗਿਆ ਉਹ । ਫਿਰ ਅਚਾਨਕ ਮਾਸਟਰ ਸੂਬਾ ਸਿੰਘ ਦੀ ਨਜ਼ਰ ਉਸਦੇ ਲਿੱਬੜੇ ਹੱਥਾਂ ਤੇ ਜਾ ਪਈ , “ ਬਈ ਜੋਗੇ, ਆਪਣੇ ਹੱਥਾਂ ਦੀ ਖ਼ੂਬਸੂਰਤੀ ਦਾ ਰਾਜ਼ ਦੱਸ , ਕਿਵੇਂ ਰੱਖਦਾ ਏਂ ਏਨੀ ਸਫਾਈ ? ਤੇ ਹੱਥ ਤਾਂ ਵਾਕਈ ਤਰਸਯੋਗ ਹਾਲਤ ਵਿੱਚ ਸਨ ਜੋਗੇ ਦੇ, ਆਟਾ ਲੱਗਾ ਹੋਇਆ ਸੀ ਉਂਗਲਾਂ ਨਾਲ ਥੋੜਾ ਥੋੜਾ । ‘ਜੋਗੇ ਬੋਲ ਕੁਝ , ਕੀ ਕਰਦਾ ਏਂ ਇਹਨਾ ਹੱਥਾਂ ਨਾਲ ਸ਼ੇਰਾ? ਸਭ ਪਾਸੇ ਹਾਸਾ ਈ ਹਾਸਾ ਪੈ ਗਿਆ । ਜੋਗਾ ਆਖਰ ਹਿੰਮਤ ਕਰਕੇ ਬੋਲਿਆ, “ ਮਾਸਟਰ ਜੀ , ਮੇਰੀ ਮਾਂ ਨਹੀ ਏਂ ਇਸ ਦੁਨੀਆਂ ਚ, ਮੈ ਤੇ ਬਾਪੂ ਰਲਕੇ ਰੋਟੀ ਲਾਹੁਨੇ ਆਂ, ਸਵੇਰੇ ਹੱਥ ਧੋਂਦਿਆਂ ਨਲਕੇ ਦੀ ਬੋਕੀ ਡਿੱਗ ਪਈ ਸੀ, ਇਵੇਂ ਈ ਆ ਗਿਆ ਫਿਰ “ ਤੇ ਏਨਾ ਬੋਲ ਕੇ ਜੋਗਾ ਫਿੱਸ ਪਿਆ , ਹੰਝੂ ਵਹਿ ਤੁਰੇ ਆਪ ਮੁਹਾਰੇ ।
ਸਭ ਪਾਸੇ ਚੁੱਪ ਛਾ ਗਈ, ਬੁਲ਼੍ਹਾਂ ਨੂੰ ਜਿੰਦਰੇ ਲੱਗ ਗਏ । ਮਾਸਟਰ ਸੂਬਾ ਸਿੰਘ ਤਾਂ ਬੁੱਤ ਈ ਬਣ ਗਿਆ ਜਿਵੇਂ, ਕੁਝ ਦੇਰ ਵੇਖਣ ਤੋ ਬਾਅਦ ਹੈੱਡ ਮਾਸਟਰ ਸਾਹਬ ਨੇ ਸਾਰੇ ਬੱਚਿਆਂ ਨੂੰ ਜਮਾਤਾਂ ਵਿੱਚ ਜਾਣ ਲਈ ਕਹਿ ਦਿੱਤਾ । ਜਦੋਂ ਜੋਗਾ ਤੁਰਨ ਲੱਗਾ ਤਾਂ ਮਾਸਟਰ ਸੂਬਾ ਸਿੰਘ ਨੇ ਧੀਮੀ ਜਿਹੀ ਆਵਾਜ ਦੇ ਕੇ ਰੋਕ ਲਿਆ , “ ਜੋਗੇ, ਪੁੱਤਰਾ ਮਾਫ ਕਰਦੇ ਮੈਨੂੰ , ਮੈਥੋਂ ਪਾਪ ਹੋ ਗਿਆ ਸਵੇਰੇ ਸਵੇਰੇ “
ਜੋਗੇ ਦੇ ਹੱਥ ਆਪਣੇ ਹੱਥਾਂ ਚ ਲੈ ਲਏ ਸੂਬਾ ਸਿੰਘ ਨੇ, ਉਹਨੂੰ ਕਲਾਵੇ ਵਿੱਚ ਲੈ ਲਿਆ । ਕੁਝ ਪਲ ਪਹਿਲਾਂ ਹੱਥਾਂ ਦਾ ਮਜ਼ਾਕ ਉਡਾਉਣ ਵਾਲਾ ਮਾਸਟਰ ਹੁਣ ਆਪ ਰੋ ਰਿਹਾ ਸੀ ।
ਕਿਤਾਬ ਦੀ ਹਾਲਤ ਵੇਖਕੇ ਨਹੀਂ , ਉਸ ਵਿੱਚ ਲਿਖਿਆ ਹੋਇਆ ਪੜ੍ਹ ਕੇ ਈ ਉਸ ਬਾਰੇ ਕੋਈ ਧਾਰਨਾ ਬਣਾਉਣੀ ਚਾਹੀਦੀ ਏ । ਸਾਡਾ ਕੁਝ ਪਲ ਦਾ ਹਾਸਾ ਮਜ਼ਾਕ , ਕਿਸੇ ਇਨਸਾਨ ਲਈ ਜਿੰਦਗੀ ਭਰ ਦਾ ਦਰਦ ਬਣ ਸਕਦਾ ਏ , ਤੇ ਸ਼ਾਇਦ ਸਾਡੇ ਲਈ ਵੀ।

ਅਗਿਆਤ

...
...

‘ਇਹ ਨਾ ਕਹੋ ਕਿ ਇਕ ਲੱਖ ਹਿੰਦੂ ਤੇ ਇਕ ਲੱਖ ਮੁਸਲਮਾਨ ਮਰੇ ਨੇ—ਇਹ ਕਹੋ ਕਿ ਦੋ ਲੱਖ ਇਨਸਾਨ ਮਰੇ ਨੇ।…ਤੇ ਇਹ ਏਡੀ ਵੱਡੀ ਟ੍ਰੇਜ਼ਡੀ ਨਹੀਂ ਕਿ ਦੋ ਲੱਖ ਇਨਸਾਨ ਮਰੇ ਨੇ; ਟ੍ਰੇਜ਼ਡੀ ਤਾਂ ਅਸਲ ਵਿਚ ਇਹ ਹੈ ਕਿ ਮਾਰਨ ਤੇ ਮਰਨ ਵਾਲੇ ਕਿਸੇ ਵੀ ਖਾਤੇ ਵਿਚ ਨਹੀਂ ਗਏ। ਲੱਖ ਹਿੰਦੂ ਮਾਰ ਕੇ ਮੁਸਲਮਾਨਾਂ ਨੇ ਇਹ ਸਮਝਿਆ ਹੋਏਗਾ ਕਿ ਹਿੰਦੂ ਧਰਮ ਮਰ ਗਿਆ ਹੈ, ਪਰ ਉਹ ਜਿਉਂਦਾ ਹੈ ਤੇ ਜਿਉਂਦਾ ਰਹੇਗਾ। ਇੰਜ ਹੀ ਲੱਖ ਮੁਸਲਮਾਨਾਂ ਨੂੰ ਕਤਲ ਕਰਕੇ ਹਿੰਦੂਆਂ ਨੇ ਕੱਛਾਂ ਵਜਾਈਆਂ ਹੋਣਗੀਆਂ ਕਿ ਇਸਲਾਮ ਖ਼ਤਮ ਹੋ ਗਿਆ ਹੈ, ਪਰ ਹਕੀਕਤ ਤੁਹਾਡੇ ਸਾਹਮਣੇ ਹੈ ਕਿ ਇਸਲਾਮ ਉਪਰ ਇਕ ਹਲਕੀ-ਜਿਹੀ ਖਰੋਂਚ ਵੀ ਨਹੀਂ ਆਈ। ਉਹ ਲੋਕ ਬੇਵਕੂਫ਼ ਨੇ ਜਿਹੜੇ ਸਮਝਦੇ ਨੇ ਕਿ ਕਿਸੇ ਧਰਮ ਜਾਂ ਮਜ਼ਹਬ ਦਾ ਸ਼ਿਕਾਰ ਕੀਤਾ ਜਾ ਸਕਦਾ ਏ। ਮਜ਼ਹਬ, ਦੀਨ, ਈਮਾਨ, ਧਰਮ, ਯਕੀਨ, ਵਿਸ਼ਵਾਸ…ਇਹ ਜੋ ਕੁਝ ਵੀ ਹੈ, ਸਾਡੇ ਜਿਸਮ ਵਿਚ ਨਹੀਂ, ਰੂਹ ਵਿਚ ਹੁੰਦਾ ਏ…ਸੋ ਛੁਰੇ, ਚਾਕੂ ਜਾਂ ਗੋਲੀ ਨਾਲ ਕਿੰਜ ਫਨਾਹ/ਨਸ਼ਟ ਹੋ ਸਕਦਾ ਏ?”
ਮੁਮਤਾਜ਼ ਉਸ ਦਿਨ ਖਾਸਾ ਭਖਿਆ ਹੋਇਆ ਸੀ। ਅਸੀਂ ਸਿਰਫ ਤਿੰਨ ਸਾਂ, ਜਿਹੜੇ ਉਸ ਨੂੰ ਜਹਾਜ਼ ਚੜ੍ਹਾਉਣ ਆਏ ਸਾਂ। ਉਹ ਅਣਮਿਥੇ ਸਮੇਂ ਲਈ ਸਾਥੋਂ ਵਿੱਛੜ ਕੇ ਪਾਕਿਸਤਾਨ ਜਾ ਰਿਹਾ ਸੀ, ਜਿਸ ਦੇ ਹੋਂਦ ਵਿਚ ਆਉਣ ਬਾਰੇ ਅਸੀਂ ਕਦੀ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ।
ਅਸੀਂ ਤਿੰਨੇ ਹਿੰਦੂ ਸਾਂ। ਪੱਛਮੀ ਪੰਜਾਬ ਵਿਚ ਸਾਡੇ ਰਿਸ਼ਤੇਦਾਰਾਂ ਦਾ ਬੜਾ ਮਾਲੀ ਤੇ ਜਾਨੀ ਨੁਕਸਾਨ ਹੋਇਆ ਸੀ। ਜੁਗਲ ਨੂੰ ਲਾਹੌਰ ਤੋਂ ਖ਼ਤ ਆਇਆ ਸੀ ਕਿ ‘ਫਸਾਦਾਂ ਵਿਚ ਉਸ ਦਾ ਚਾਚਾ ਮਾਰਿਆ ਗਿਆ ਹੈ।’ ਉਸ ਨੂੰ ਬੜਾ ਦੁੱਖ ਹੋਇਆ ਸੀ ਤੇ ਇਕ ਦਿਨ ਇਸੇ ਦੁੱਖ ਦੇ ਸਦਮੇਂ ਅਧੀਨ, ਗੱਲਾਂ ਗੱਲਾਂ ਵਿਚ ਹੀ, ਉਸ ਨੇ ਮੁਮਤਾਜ਼ ਨੂੰ ਕਿਹਾ ਸੀ, ”ਮੈਂ ਸੋਚ ਰਿਹਾਂ, ਜੇ ਕਦੀ ਸਾਡੇ ਮੁਹੱਲੇ ਵਿਚ ਫਸਾਦ ਸ਼ੁਰੂ ਹੋ ਪੈਣ ਤਾਂ ਮੈਂ ਕੀ ਕਰਾਂਗਾ?”
ਮੁਮਤਾਜ਼ ਨੇ ਪੁੱਛਿਆ, ”ਕੀ ਕਰੇਂਗਾ…?”
ਜੁਗਲ ਨੇ ਬੜੀ ਸੰਜੀਦਗੀ ਨਾਲ ਉਤਰ ਦਿੱਤਾ, ”ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ!”
ਇਹ ਸੁਣ ਕੇ ਮੁਮਤਾਜ਼ ਬਿਲਕੁਲ ਚੁੱਪ ਹੋ ਗਿਆ ਸੀ ਤੇ ਉਸ ਦੀ ਇਹ ਚੁੱਪੀ ਲਗਭਗ ਅੱਠ ਦਿਨ ਜਾਰੀ ਰਹੀ ਸੀ…ਤੇ ਅਚਾਨਕ ਉਦੋਂ ਟੁੱਟੀ ਸੀ ਜਦੋਂ ਉਸ ਨੇ ਸਾਨੂੰ ਇਹ ਦੱਸਿਆ ਸੀ ਕਿ ‘ਉਹ ਪੌਂਣੇ ਚਾਰ ਵਜੇ ਵਾਲੇ ਸਮੁੰਦਰੀ ਜਹਾਜ਼ ਰਾਹੀਂ ਕਰਾਚੀ ਜਾ ਰਿਹਾ ਹੈ।’
ਸਾਡੇ ਤਿੰਨਾਂ ਵਿਚੋਂ ਕਿਸੇ ਨੇ ਵੀ ਉਸ ਦੇ ਇਸ ਅਚਾਨਕ ਫੈਸਲੇ ਬਾਰੇ ਕੋਈ ਗੱਲ ਨਹੀਂ ਕੀਤੀ। ਜੁਗਲ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਮੁਮਤਾਜ਼ ਦੇ ਜਾਣ ਦਾ ਮੁੱਖ ਕਾਰਣ ਉਸ ਦਾ ਉਹ ਵਾਕ ਸੀ, ‘ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ।’ ਸ਼ਾਇਦ ਉਹ ਹੁਣ ਤਕ ਇਹੀ ਸੋਚ ਰਿਹਾ ਸੀ ਕਿ ਕੀ ਉਹ ਉਤੇਜਤ ਹੋ ਕੇ ਮੁਮਤਾਜ਼ ਨੂੰ ਮਾਰ ਸਕਦਾ ਹੈ ਜਾਂ ਨਹੀਂ?…ਉਸ ਮੁਮਤਾਜ਼ ਨੂੰ, ਜਿਹੜਾ ਉਸ ਦਾ ਜਿਗਰੀ ਯਾਰ ਸੀ। ਇਹੀ ਕਾਰਣ ਹੈ ਕਿ ਉਹ ਸਾਡੇ ਤਿੰਨਾਂ ਵਿਚੋਂ ਸਭ ਤੋਂ ਵੱਧ ਦੁੱਖੀ ਤੇ ਚੁੱਪ-ਚੁੱਪ ਨਜ਼ਰ ਆ ਰਿਹਾ ਸੀ, ਪਰ ਅਜੀਬ ਗੱਲ ਇਹ ਹੋਈ ਸੀ ਕਿ ਰਵਾਨਗੀ ਤੋਂ ਕੁਝ ਘੰਟੇ ਪਹਿਲਾਂ ਮੁਮਤਾਜ਼ ਕੁਝ ਵਧੇਰੇ ਹੀ ਗਾਲੜੀ ਹੋ ਗਿਆ ਸੀ।
ਸਵੇਰੇ ਉੱਠਦਿਆਂ ਹੀ ਉਸ ਨੇ ਪੀਣੀ ਸ਼ੁਰੂ ਕਰ ਦਿੱਤੀ ਸੀ। ਸਾਮਾਨ ਵਗ਼ੈਰਾ ਕੁਝ ਇਸ ਤਰ੍ਹਾਂ ਬੰਨ੍ਹਿਆਂ-ਬੰਨ੍ਹਵਾਇਆ ਸੀ ਜਿਵੇਂ ਕਿਤੇ ਸੈਰ-ਸਪਾਟੇ ਲਈ ਜਾ ਰਿਹਾ ਹੋਵੇ। ਆਪ ਹੀ ਗੱਲ ਕਰਦਾ ਸੀ, ਤੇ ਆਪੁ ਹੀ ਹੱਸ ਪੈਂਦਾ ਸੀ…ਜੇ ਕੋਈ ਹੋਰ ਦੇਖਦਾ ਤਾਂ ਸਮਝਦਾ ਕਿ ਉਸ ਬੰਬਈ ਛੱਡਣ ਸਮੇਂ ਅੰਤਾਂ ਦੀ ਖੁਸ਼ੀ ਮਹਿਸੂਸ ਕਰ ਰਿਹਾ ਹੈ, ਪਰ ਅਸੀਂ ਤਿੰਨੇ ਚੰਗੀ ਤਰ੍ਹਾਂ ਜਾਣਦੇ ਸਾਂ ਕਿ ਉਹ ਸਿਰਫ ਆਪਣੇ ਜਜ਼ਬਾਤ ਛਿਪਾਉਣ ਖਾਤਰ…ਤੇ ਸਾਨੂੰ ਤੇ ਆਪਣੇ ਆਪ ਨੂੰ ਧੋਖਾ ਦੇਣ ਖਾਤਰ ਹੀ ਇੰਜ ਕਰ ਰਿਹਾ ਹੈ।
ਮੈਂ ਬਹੁਤ ਚਾਹਿਆ ਕਿ ਉਸ ਨਾਲ ਇਸ ਅਚਾਨਕ ਰਵਾਨਗੀ ਦੇ ਸਬੱਬ ਬਾਰੇ ਗੱਲ ਬਾਤ ਕਰਾਂ ਤੇ ਇਸ਼ਾਰੇ ਨਾਲ ਜੁਗਲ ਨੂੰ ਵੀ ਕਿਹਾ ਕਿ ਉਹ ਗੱਲ ਛੇੜੇ, ਪਰ ਮੁਮਤਾਜ਼ ਨੇ ਸਾਨੂੰ ਕੋਈ ਮੌਕਾ ਨਹੀਂ ਦਿੱਤਾ।
ਜੁਗਲ ਤਿੰਨ ਚਾਰ ਪੈਗ ਪੀ ਕੇ ਹੋਰ ਵੀ ਚੁੱਪ ਹੋ ਗਿਆ ਤੇ ਦੂਜੇ ਕਮਰੇ ਵਿਚ ਜਾ ਕੇ ਪੈ ਗਿਆ। ਮੈਂ ਤੇ ਬ੍ਰਿਜਮੋਹਨ ਉਸ ਦੇ ਨਾਲ ਰਹੇ। ਉਸ ਨੇ ਕਈ ਜਣਿਆਂ ਦਾ ਭੁਗਤਾਨ ਕਰਨਾ ਸੀ—ਡਾਕਟਰ ਦੀਆਂ ਫੀਸਾਂ ਦੇਣੀਆਂ ਸਨ, ਧੋਬੀ ਤੋਂ ਕੱਪੜੇ ਲੈਣੇ ਸਨ।…ਤੇ ਇਹ ਸਾਰੇ ਕੰਮ ਉਸ ਨੇ ਹੱਸਦਿਆਂ-ਖੇਡਦਿਆਂ ਨਬੇੜੇ ਲਏ, ਪਰ ਜਦੋਂ ਨਾਕੇ ਦੇ ਹੋਟਲ ਦੇ ਨਾਲ ਵਾਲੇ ਤੋਂ ਇਕ ਪਾਨ ਲਿਆ ਤਾਂ ਉਸ ਦੀਆਂ ਅੱਖਾਂ ਸਿੱਜਲ ਹੋ ਗਈਆਂ।
ਬ੍ਰਿਜਮੋਨ ਦੇ ਮੋਢੇ ਉੱਤੇ ਹੱਥ ਰੱਖ ਕੇ, ਉੱਥੋਂ ਤੁਰਨ ਲੱਗਿਆਂ, ਉਸ ਨੇ ਧੀਮੀ ਆਵਾਜ਼ ਵਿਚ ਕਿਹਾ, ”ਯਾਦ ਏ ਬ੍ਰਿਜ ਅਜ ਤੋਂ ਦਸ ਸਾਲ ਪਹਿਲਾਂ ਜਦੋਂ ਆਪਣੀ ਹਾਲਤ ਕਾਫੀ ਪਤਲੀ ਹੁੰਦੀ ਸੀ, ਗੋਬਿੰਦ ਨੇ ਆਪਾਂ ਨੂੰ ਇਕ ਰੁਪਈਆ ਉਧਾਰ ਦਿੱਤਾ ਸੀ।”
ਰਸਤੇ ਵਿਚ ਮੁਮਤਾਜ਼ ਚੁੱਪ ਰਿਹਾ, ਪਰ ਘਰ ਪਹੁੰਚਦਿਆਂ ਹੀ ਉਸ ਨੇ ਗੱਲਾਂ ਦਾ ਨਾ ਖ਼ਤਮ ਹੋਣ ਵਾਲਾ ਸਿਲਸਿਲਾ ਸ਼ੁਰੂ ਕਰ ਦਿੱਤਾ—ਅਜਿਹੀਆਂ ਗੱਲਾਂ ਜਿਹਨਾਂ ਦਾ ਨਾ ਕੋਈ ਸਿਰ ਸੀ, ਨਾ ਪੈਰ—ਪਰ ਉਹ ਕੁਝ ਅਜਿਹੀਆਂ ਅਪਣੱਤ ਭਰੀਆਂ ਗੱਲਾਂ ਕਰ ਰਿਹਾ ਸੀ ਕਿ ਮੈਂ ਤੇ ਬ੍ਰਿਜਮੋਹਨ ਬਰਾਬਰ ਉਹਨਾਂ ਵਿਚ ਹਿੱਸਾ ਲੈਂਦੇ ਰਹੇ ਸਾਂ। ਜਦੋਂ ਰਵਾਨਗੀ ਦਾ ਸਮਾਂ ਨੇੜੇ ਆਇਆ ਤਾਂ ਜੁਗਲ ਵੀ ਸਾਡੇ ਵਿਚ ਸ਼ਾਮਲ ਹੋ ਗਿਆ..ਤੇ ਜਦੋਂ ਟੈਕਸੀ ਬੰਦਰਗਾਹ ਵੱਲ ਤੁਰ ਚੱਲੀ ਤਾਂ ਸਾਰੇ ਖਾਮੋਸ਼ ਹੋ ਗਏ।
ਮੁਮਤਾਜ਼ ਦੀਆਂ ਨਜ਼ਰਾਂ ਬੰਬਈ ਦੇ ਵਿਸ਼ਾਲ ਬਾਜ਼ਾਰਾਂ ਨੂੰ ਅਲਵਿਦਾ ਕਹਿੰਦੀਆਂ ਰਹੀਆਂ। ਇੱਥੋਂ ਤਕ ਕਿ ਟੈਕਸੀ ਆਪਣੀ ਮੰਜ਼ਿਲ ਉੱਤੇ ਪਹੁੰਚ ਗਈ।
ਉੱਥੇ ਬੜੀ ਭੀੜ ਸੀ। ਹਜ਼ਾਰਾਂ ਰਫ਼ੂਜ਼ੀ ਜਾ ਰਹੇ ਸਨ—ਖੁਸ਼ਹਾਲ ਬੜੇ ਘੱਟ ਤੇ ਬਦਹਾਲ ਬੜੇ ਜ਼ਿਆਦਾ। ਅੰਤਾਂ ਦੀ ਭੀੜ ਸੀ, ਪਰ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਇਕੱਲਾ ਮੁਮਤਾਜ਼ ਹੀ ਜਾ ਰਿਹਾ ਹੈ। ਸਾਨੂੰ ਛੱਡ ਕੇ ਕਿਸੇ ਅਜਿਹੀ ਥਾਂ ਜਾ ਰਿਹਾ ਹੈ, ਜਿਹੜੀ ਉਸ ਦੀ ਦੇਖੀ-ਭਾਲੀ ਹੋਈ ਨਹੀਂ, ਤੇ ਜਿਹੜੀ ਜਾਣ-ਪਛਾਣ ਹੋ ਜਾਣ ਪਿੱਛੋਂ ਵੀ ਉਸ ਲਈ ਓਪਰੀ ਹੀ ਰਹੇਗੀ…ਪਰ ਇਹ ਮੇਰਾ ਆਪਣਾ ਖ਼ਿਆਲ ਸੀ। ਮੈਂ ਨਹੀਂ ਕਹਿ ਸਕਦਾ ਕਿ ਮੁਮਤਾਜ਼ ਕੀ ਸੋਚ ਰਿਹਾ ਹੈ।
ਜਦੋਂ ਕੈਬਿਨ ਵਿਚ ਸਾਰਾ ਸਾਮਾਨ ਚਲਾ ਗਿਆ ਤਾਂ ਮੁਮਤਾਜ਼ ਸਾਨੂੰ ਅਰਸ਼ੇ (ਡੈਕ) ‘ਤੇ ਲੈ ਗਿਆ। ਉਧਰ ਜਿਧਰ ਆਸਮਾਨ ਤੇ ਸਮੁੰਦਰ ਆਪਸ ਵਿਚ ਮਿਲ ਰਹੇ ਸਨ, ਮੁਮਤਾਜ਼ ਖਾਸੀ ਦੇਰ ਤਕ ਉਧਰ ਦੇਖਦਾ ਰਿਹਾ। ਫੇਰ ਉਸ ਨੇ ਜੁਗਲ ਦਾ ਹੱਥ ਆਪਣੇ ਹੱਥ ਵਿਚ ਫੜ ਕੇ ਕਿਹਾ, ”ਇਹ ਸਿਰਫ ਨਜ਼ਰ ਦਾ ਧੋਖਾ ਏ…ਆਸਮਾਨ ਤੇ ਸਮੁੰਦਰ ਦਾ ਆਪਸ ਵਿਚ ਮਿਲਣਾ। ਪਰ ਇਹ ਨਜ਼ਰ ਦਾ ਧੋਖਾ, ਇਹ ਮਿਲਾਪ, ਵੀ ਕਿੰਨਾ ਦਿਲਕਸ਼ ਹੈ।”
ਜੁਗਲ ਚੁੱਪ ਰਿਹਾ। ਸ਼ਾਇਦ ਇਸ ਸਮੇਂ ਵੀ ਉਸ ਦੇ ਦਿਲ ਦਿਮਾਗ਼ ਵਿਚ ਉਸ ਦੀ ਆਖੀ ਹੋਈ ਗੱਲ ਚੁਭ ਰਹੀ ਸੀ। ”ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ।”
ਮੁਮਤਾਜ਼ ਨੇ ਜਹਾਜ਼ ਦੇ ਬਾਰ ਵਿਚੋਂ ਬਰਾਂਡੀ ਮੰਗਵਾਈ, ਕਿਉਂਕਿ ਉਹ ਸਵੇਰ ਦਾ ਇਹੀ ਪੀ ਰਿਹਾ ਸੀ। ਅਸੀਂ ਚਾਰੇ ਗ਼ਲਾਸ ਹੱਥਾਂ ਵਿਚ ਫੜ੍ਹੀ ਜੰਗਲੇ ਕੋਲ ਖੜ੍ਹੇ ਸਾਂ। ਰਫ਼ੂਜ਼ੀ ਧੜਾਧੜ ਜਹਾਜ਼ ਵਿਚ ਸਵਾਰ ਹੋ ਰਹੇ ਸਨ ਤੇ ਲਗਭਗ ਸ਼ਾਂਤ ਸਮੁੰਦਰ ਉੱਤੇ ਜਲ-ਪੰਛੀ ਉਡਾਰੀਆਂ ਮਾਰ ਰਹੇ ਸਨ।
ਜੁਗਲ ਨੇ ਅਚਾਨਕ ਇਕੋ ਘੁੱਟ ਵਿਚ ਆਪਣਾ ਗ਼ਲਾਸ ਖਾਲੀ ਕਰ ਦਿੱਤਾ ਤੇ ਬੜੀ ਹੀ ਥਿੜਕਦੀ ਜਿਹੀ ਆਵਾਜ਼ ਵਿਚ ਮੁਮਤਾਜ਼ ਨੂੰ ਕਿਹਾ, ”ਮੈਨੂੰ ਮੁਆਫ਼ ਕਰ ਦੇਈਂ ਮੁਮਤਾਜ਼, ਮੇਰਾ ਖ਼ਿਆਲ ਏ ਮੈਂ ਉਸ ਦਿਨ ਤੈਨੂੰ ਦੁੱਖ ਪਹੁੰਚਾਇਆ ਸੀ।”
ਮੁਮਤਾਜ਼ ਨੇ ਕੁਝ ਚਿਰ ਚੁੱਪ ਰਹਿ ਕੇ ਜੁਗਲ ਨੂੰ ਸਵਾਲ ਕੀਤਾ, ”ਜਦ ਤੂੰ ਕਿਹਾ ਸੀ ‘ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ’…ਕੀ ਵਾਕਈ ਉਦੋਂ ਤੂੰ ਇਹੀ ਸੋਚ ਰਿਹਾ ਸੈਂ…ਦਿਲੋਂ, ਇਮਾਨਦਾਰੀ ਨਾਲ, ਦੱਸੀਂ ਕੀ ਇਸੇ ਨਤੀਜੇ ‘ਤੇ ਪਹੁੰਚਿਆ ਸੈਂ ਤੂੰ?”
ਜੁਗਲ ਨੇ ਹਾਂ ਵਿਚ ਸਿਰ ਹਿਲਾ ਦਿੱਤਾ, ”ਪਰ ਮੈਨੂੰ ਅਫ਼ਸੋਸ ਏ!”
”ਤੂੰ ਮੈਨੂੰ ਮਾਰ ਦਿੰਦਾ ਤਾਂ ਤੈਨੂੰ ਇਸ ਤੋਂ ਵੀ ਵੱਧ ਅਫ਼ਸੋਸ ਹੋਣਾ ਸੀ,” ਮੁਮਤਾਜ਼ ਨੇ ਕਿਸੇ ਦਾਰਸ਼ਨਿਕ ਵਾਂਗ ਕਿਹਾ, ”ਉਸ ਮਨੋਦਸ਼ਾ ਤੋਂ ਬਾਅਦ ਜਦ ਤੂੰ ਗੌਰ ਕਰਦਾ ਕਿ ਤੂੰ ਮੁਮਤਾਜ਼ ਨੂੰ…ਇਕ ਮੁਸਲਮਾਨ ਨੂੰ ਜਾਂ ਇਕ ਦੋਸਤ ਨੂੰ ਨਹੀਂ, ਬਲਕਿ ਇਕ ਇਨਸਾਨ ਨੂੰ ਮਾਰਿਆ ਏ…ਜੇ ਉਹ ਹਰਾਮਜਾਦਾ ਸੀ ਤਾਂ ਤੂੰ ਉਸ ਦੀ ਹਰਾਮਜਾਦਗੀ ਨੂੰ ਨਹੀਂ, ਬਲਕਿ ਖ਼ੁਦ ਉਸ ਨੂੰ ਮਾਰ ਦਿੱਤਾ ਏ।…ਜੇ ਉਹ ਮੁਸਲਮਾਨ ਸੀ ਤਾਂ ਤੂੰ ਮੁਸਲਮਾਨੀਅਤ ਨੂੰ ਨਹੀਂ, ਉਸ ਦੀ ਹਸਤੀ ਨੂੰ ਖ਼ਤਮ ਕਰ ਦਿੱਤਾ ਏ।…ਜੇ ਉਸ ਦੀ ਲਾਸ਼ ਮੁਸਲਮਾਨਾਂ ਦੇ ਹੱਥ ਲੱਗ ਜਾਂਦੀ ਤਾਂ ਕਬਰਸਤਾਨ ਵਿਚ ਇਕ ਕਬਰ ਦਾ ਵਾਧਾ ਹੋ ਜਾਂਦਾ, ਪਰ ਦੁਨੀਆਂ ਵਿਚੋਂ ਇਕ ਇਨਸਾਨ ਘਟ ਜਾਂਦਾ।”
ਕੁਝ ਚਿਰ ਚੁੱਪ ਰਹਿਣ ਪਿੱਛੋਂ ਤੇ ਕੁਝ ਸੋਚ ਕੇ ਉਸ ਨੇ ਫੇਰ ਬੋਲਣਾ ਸ਼ੁਰੂ ਕੀਤਾ, ”ਹੋ ਸਕਦਾ ਹੈ, ਮੇਰੇ ਧਰਮ ਵਾਲੇ ਮੈਨੂੰ ਸ਼ਹੀਦ ਕਹਿੰਦੇ, ਪਰ ਖ਼ੁਦਾ ਦੀ ਸੌਂਹ ਜੇ ਸੰਭਵ ਹੁੰਦਾ ਤਾਂ ਮੈਂ ਕਬਰ ਪਾੜ ਕੇ ਚੀਕਣਾ-ਕੂਕਣਾ ਸ਼ੁਰੂ ਕਰ ਦੇਂਦਾ, ‘ਮੈਨੂੰ ਸ਼ਹੀਦ ਦੀ ਇਹ ਪਦਵੀ ਮੰਜ਼ੂਰ ਨਹੀਂ…ਮੈਨੂੰ ਇਹ ਡਿਗਰੀ ਨਹੀਂ ਚਾਹੀਦੀ, ਜਿਸ ਦਾ ਇਮਤਿਹਾਨ ਮੈਂ ਦਿੱਤਾ ਹੀ ਨਹੀਂ’…ਲਾਹੌਰ ਵਿਚ ਤੇਰੇ ਚਾਚੇ ਨੂੰ ਇਕ ਮੁਸਲਮਾਨ ਨੇ ਮਾਰ ਦਿੱਤਾ…ਤੂੰ ਇਹ ਖ਼ਬਰ ਬੰਬਈ ਵਿਚ ਸੁਣੀ ਤੇ ਮੈਨੂੰ ਕਤਲ ਕਰ ਦਿੱਤਾ…ਦੱਸ, ਤੂੰ ਤੇ ਮੈਂ ਕਿਸ ਤਮਗ਼ੇ ਦੇ ਹੱਕਦਾਰ ਹਾਂ?…ਤੇ ਲਾਹੌਰ ਵਿਚ ਤੇਰਾ ਚਾਚਾ ਤੇ ਕਾਤਲ ਕਿਸ ਖਿੱਲਤ ਦੇ ਹੱਕਦਾਰ ਨੇ? ਮਰਨ ਵਾਲੇ ਕੁੱਤੇ ਦੀ ਮੌਤ ਮਰੇ ਤੇ ਮਾਰਨ ਵਾਲਿਆਂ ਨੇ ਬੇਕਾਰ…ਬਿਲਕੁਲ ਬੇਕਾਰ, ਆਪਣੇ ਹੱਥ ਖ਼ੂਨ ਨਾਲ ਰੰਗੇ…”
ਗੱਲਾਂ ਕਰਦਾ ਹੋਇਆ ਮੁਮਤਾਜ਼ ਖਾਸਾ ਭਾਵੁਕ ਹੋ ਗਿਆ ਸੀ ਪਰ ਉਸ ਭਾਵੁਕਤਾ ਵਿਚ ਮੋਹ ਬਰਾਬਰ ਦਾ ਸੀ। ਮੇਰੇ ਦਿਲ ਉੱਤੇ ਖਾਸ ਕਰਕੇ ਉਸ ਦੀ ਉਸ ਗੱਲ ਦਾ ਬੜਾ ਅਸਰ ਹੋਇਆ ਸੀ ਕਿ ‘ਮਜ਼ਹਬ, ਦੀਨ, ਈਮਾਨ, ਧਰਮ, ਯਕੀਨ, ਵਿਸ਼ਵਾਸ…ਇਹ ਜੋ ਕੁਝ ਵੀ ਹੈ, ਸਾਡੇ ਜਿਸਮ ਵਿਚ ਨਹੀਂ, ਰੂਹ ਵਿਚ ਹੁੰਦਾ ਏ…ਸੋ ਛੁਰੇ, ਚਾਕੂ ਜਾਂ ਗੋਲੀ ਨਾਲ ਕਿੰਜ ਫਨਾਹ ਹੋ ਸਕਦੈ?’ ”
ਅਖ਼ੀਰ ਮੈਂ ਉਸ ਨੂੰ ਕਿਹਾ ਸੀ, ”ਤੂੰ ਬਿਲਕੁਲ ਠੀਕ ਕਹਿ ਰਿਹਾ ਏਂ!”
ਇਹ ਸੁਣ ਕੇ ਮੁਮਤਾਜ਼ ਨੇ ਆਪਣੇ ਵਿਚਾਰਾਂ ਨੂੰ ਟਟੋਲਿਆ ਤੇ ਕੁਝ ਬੇਚੈਨੀ ਨਾਲ ਕਿਹਾ, ”ਨਹੀਂ, ਬਿਲਕੁਲ ਠੀਕ ਨਹੀਂ…ਮੇਰਾ ਮਤਲਬ ਏ ਕਿ ਜੇ ਇਸ ਸਭ ਕੁਝ ਠੀਕ ਏ ਤਾਂ ਸ਼ਾਇਦ ਜੋ ਕੁਝ ਮੈਂ ਕਹਿਣਾ ਚਾਹੁੰਦਾ ਹਾਂ, ਠੀਕ ਤਰੀਕੇ ਨਾਲ ਨਹੀਂ ਕਹਿ ਸਕਿਆ। ਮਜ਼ਹਬ ਤੋਂ ਮੇਰੀ ਮੁਰਾਦ ਇਹ ਮਜ਼ਹਬ ਨਹੀਂ, ਇਹ ਧਰਮ ਨਹੀਂ, ਜਿਸ ਵਿਚ ਅਸੀਂ ਲੋਕ ਨੜ੍ਹਿਨਵੇਂ ਪ੍ਰਤੀਸ਼ਤ ਖੁੱਭੇ ਹੋਏ ਹਾਂ…ਮੇਰਾ ਭਾਵ ਉਸ ਖਾਸ ਚੀਜ਼ ਤੋਂ ਹੈ, ਜੋ ਵੱਖਰੀ ਕਿਸਮ ਦੀ ਹੈਸੀਅਤ ਬਖ਼ਸ਼ਦੀ ਹੈ…ਉਹ ਚੀਜ਼ ਜਿਹੜੀ ਇਨਸਾਨ ਨੂੰ ਅਸਲੀ ਇਨਸਾਨ ਸਾਬਤ ਕਰਦੀ ਹੈ…ਪਰ ਉਹ ਸ਼ੈ ਹੈ ਕੀ?…ਅਫਸੋਸ ਹੈ ਕਿ ਮੈਂ ਉਸ ਨੂੰ ਹਥੇਲੀ ਉਪਰ ਰੱਖ ਕੇ ਨਹੀਂ ਵਿਖਾ ਸਕਦਾ।” ਇਹ ਕਹਿੰਦਿਆਂ ਹੋਇਆਂ ਅਚਾਨਕ ਉਸ ਦੀਆਂ ਅੱਖਾਂ ਵਿਚ ਇਕ ਚਮਕ ਜਿਹੀ ਆ ਗਈ ਤੇ ਉਸ ਨੇ ਜਿਵੇਂ ਆਪਣੇ ਆਪ ਨੂੰ ਪੁੱਛਣਾ ਸ਼ੁਰੂ ਕੀਤਾ, ”ਪਰ ਉਸ ਵਿਚ ਉਹ ਖਾਸ ਗੱਲ ਸੀ—ਕੱਟੜ ਹਿੰਦੂ ਸੀ…ਪੇਸ਼ਾ ਬੜਾ ਹੀ ਜਲੀਲ, ਪਰ ਇਸ ਦੇ ਬਾਵਜ਼ੂਦ ਉਸ ਦੀ ਰੂਹ ਕਿੰਨੀ ਰੌਸ਼ਨ ਸੀ!”
ਮੈਂ ਪੁੱਛਿਆ, ”ਕਿਸ ਦੀ?”
”ਇਕ ਭੜੂਏ ਦੀ!”
ਅਸੀਂ ਤਿੰਨੇ ਹੈਰਾਨੀ ਨਾਲ ਤ੍ਰਭਕੇ, ਮੁਮਤਾਜ਼ ਦੀ ਆਵਾਜ਼ ਵਿਚ ਕੋਈ ਝਿਜਕ ਨਹੀਂ ਸੀ, ਸੋ ਮੈਂ ਪੁੱਛਿਆ, ”ਭੜੂਏ ਦੀ…?”
ਮੁਮਤਾਜ਼ ਨੇ ਹਾਂ ਵਿਚ ਸਿਰ ਹਿਲਾਇਆ, ”ਮੈਂ ਆਪ ਹੈਰਾਨ ਹਾਂ ਕਿ ਉਹ ਕਿਹੋ-ਜਿਹਾ ਆਦਮੀ ਸੀ ਤੇ ਬਹੁਤੀ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਆਮ ਭਾਸ਼ਾ ਵਿਚ ਇਕ ਭੜੂਆ ਸੀ…ਔਰਤਾਂ ਦਾ ਦਲਾਲ…ਪਰ ਉਸ ਦੀ ਜਮੀਰ ਬੜੀ ਰੌਸ਼ਨ ਸੀ।”
ਮੁਮਤਾਜ਼ ਕੁਝ ਚਿਰ ਲਈ ਰੁਕਿਆ, ਜਿਵੇਂ ਉਸ ਪੁਰਾਣੀ ਘਟਣਾ ਨੂੰ ਆਪਣੇ ਅੰਦਰੇ-ਅੰਦਰ ਦਹੁਰਾ ਰਿਹਾ ਹੋਵੇ…ਕੁਝ ਪਲ ਬਾਅਦ ਉਸ ਨੇ ਫੇਰ ਬੋਲਣਾ ਸ਼ੁਰੂ ਕੀਤਾ, ”ਉਸ ਦਾ ਪੂਰਾ ਨਾਂ ਮੈਨੂੰ ਯਾਦ ਨਹੀਂ…ਕੁਝ ‘…ਸਹਾਏ’ ਸੀ। ਬਨਾਰਸ ਦਾ ਰਹਿਣ ਵਾਲਾ ਤੇ ਬੜਾ ਹੀ ਸਫਾਈ-ਪਸੰਦ ਸੀ। ਉਹ ਜਗ੍ਹਾ, ਜਿੱਥੇ ਉਹ ਰਹਿੰਦਾ ਸੀ, ਬੜੀ ਛੋਟੀ ਸੀ, ਪਰ ਉਸ ਨੇ ਬੜੇ ਸੁਚੱਜੇ ਢੰਗ ਨਾਲ ਉਸ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡਿਆ ਹੋਇਆ ਸੀ। ਪਰਦਾ-ਦਾਰੀ ਦਾ ਪੂਰਾ ਪ੍ਰਬੰਧ ਸੀ, ਮੰਜੇ ਤੇ ਪਲੰਘ ਨਹੀਂ ਸਨ…ਚਾਦਰਾਂ ਤੇ ਗਿਲਾਫ਼ ਹਮੇਸ਼ਾ ਚਮਕਦੇ ਰਹਿੰਦੇ। ਇਕ ਨੌਕਰ ਵੀ ਸੀ, ਪਰ ਸਫਾਈ ਉਹ ਖ਼ੁਦ ਆਪਣੇ ਹੱਥੀਂ ਕਰਦਾ ਸੀ। ਸਿਰਫ ਸਫਾਈ ਹੀ ਨਹੀਂ, ਹਰ ਕੰਮ…ਫਾਹਾ-ਵੱਢ ਕਦੀ ਨਹੀਂ ਸੀ ਕਰਦਾ। ਥੋਖਾ ਜਾਂ ਫਰੇਬ ਵੀ ਨਹੀਂ ਸੀ ਕਰਦਾ। ਰਾਤ ਬਹੁਤੀ ਹੋ ਗਈ ਹੁੰਦੀ ਤਾਂ ਆਸ ਪਾਸ ਦੇ ਇਲਾਕੇ ‘ਚੋਂ ਪਾਣੀ ਰਲੀ ਸ਼ਰਾਬ ਮਿਲਦੀ, ਤੇ ਉਹ ਸਾਫ ਕਹਿ ਦਿੰਦਾ ਸੀ ਕਿ ਸਾਹਬ, ਆਪਣੇ ਪੈਸੇ ਬਰਬਾਦ ਨਾ ਕਰੋ…ਜੇ ਕਿਸੇ ਕੁੜੀ ਬਾਰੇ ਉਸ ਨੂੰ ਕੋਈ ਸ਼ੱਕ ਹੁੰਦਾ ਤਾਂ ਉਹ ਉਸ ਨੂੰ ਛਿਪਾਂਦਾ ਨਹੀਂ ਸੀ। ਹੋਰ ਤਾਂ ਹੋਰ…ਉਸ ਨੇ ਮੈਨੂੰ ਇਹ ਵੀ ਦੱਸ ਦਿੱਤਾ ਸੀ ਕਿ ਪਿਛਲੇ ਤੀਹ ਸਾਲਾਂ ਵਿਚ ਉਸ ਨੇ ਵੀਹ ਹਜ਼ਾਰ ਰੁਪਏ ਕਮਾਏ ਨੇ…ਹਰ ਦਸ ਵਿਚੋਂ ਢਾਈ ਕਮੀਸ਼ਨ ਦੇ ਲੈ ਕੇ…ਉਸ ਨੇ ਸਿਰਫ ਦਸ ਹਜ਼ਾਰ ਹੋਰ ਕਮਾਉਣੇ ਸੀ…ਪਤਾ ਨਹੀਂ, ਸਿਰਫ ਦਸ ਹਜ਼ਾਰ ਹੋਰ ਕਿਉਂ?…ਜ਼ਿਆਦਾ ਕਿਉਂ ਨਹੀਂ?…ਉਸ ਨੇ ਮੈਨੂੰ ਕਿਹਾ ਸੀ ਕਿ ਤੀਹ ਹਜ਼ਾਰ ਰੁਪਏ ਪੂਰੇ ਕਰਕੇ ਉਹ ਵਾਪਸ ਬਨਾਰਸ ਚਲਾ ਜਾਏਗਾ ਤੇ ਬਜਾਜੀ ਦੀ ਦੁਕਾਨ ਕਰ ਲਏਗਾ!…ਮੈਂ ਇਹ ਵੀ ਨਹੀਂ ਪੁੱਛਿਆ ਕਿ ਉਹ ਸਿਰਫ ਬਜਾਜੀ ਦੀ ਦੁਕਾਨ ਕਰਨ ਦਾ ਇੱਛੁਕ ਹੀ ਕਿਉਂ ਸੀ…?”
ਮੈਂ ਇੱਥੋਂ ਤਕ ਸੁਣ ਚੁੱਕਿਆ ਤਾਂ ਮੇਰੇ ਮੂੰਹੋਂ ਨਿਕਲਿਆ, ”ਅਜੀਬ ਆਦਮੀ ਸੀ।”
ਮੁਮਤਾਜ਼ ਨੇ ਆਪਣੀ ਗੱਲ ਜਾਰੀ ਰੱਖੀ, ”ਮੇਰਾ ਖ਼ਿਆਲ ਸੀ ਕਿ ਉਹ ਸਿਰ ਤੋਂ ਪੈਰਾਂ ਤੀਕ ਬਨਾਉਟੀ ਹੈ…ਇਕ ਵੱਡਾ ਫਰਾਡ…ਕੌਣ ਯਕੀਨ ਕਰ ਸਕਦਾ ਹੈ ਕਿ ਉਹ ਉਹਨਾਂ ਸਾਰੀਆਂ ਕੁੜੀਆਂ ਨੂੰ, ਜਿਹੜੀਆਂ ਉਸ ਦੇ ਧੰਦੇ ਵਿਚ ਸ਼ਾਮਲ ਨੇ, ਆਪਣੀਆਂ ਧੀਆਂ ਸਮਝਦਾ ਸੀ। ਇਹ ਗੱਲ ਵੀ ਉਸ ਸਮੇਂ ਮੈਨੂੰ ਹਜ਼ਮ ਨਹੀਂ ਸੀ ਆਈ ਕਿ ਉਸ ਨੇ ਹਰੇਕ ਕੁੜੀ ਦੇ ਨਾਂ ਦਾ ਪੋਸਟ ਆਫਿਸ ਵਿਚ ਸੇਵਿੰਗ ਅਕਾਉਂਟ ਖੋਲ੍ਹਿਆ ਹੋਇਆ ਸੀ ਤੇ ਹਰ ਮਹੀਨੇ ਉਹਨਾਂ ਦੇ ਹਿੱਸੇ ਦੀ ਕੁਲ ਆਮਦਨ ਉੱਥੇ ਜਮ੍ਹਾਂ ਕਰਵਾਂਦਾ ਸੀ…ਤੇ ਇਹ ਗੱਲ ਤਾਂ ਬਿਲਕੁਲ ਹੀ ਵਿਸ਼ਵਾਸ ਕਰਨ ਵਾਲੀ ਨਹੀਂ ਸੀ ਕਿ ਉਸ ਦਸ ਬਾਰਾਂ ਕੁੜੀਆਂ ਦੇ ਖਾਣ-ਪੀਣ ਦਾ ਖਰਚ ਆਪਣੇ ਪੱਲਿਓਂ ਕਰਦਾ ਏ…ਉਸ ਦੀ ਹਰੇਕ ਗੱਲ ਮੈਨੂੰ ਜ਼ਰੂਰਤ ਤੋਂ ਵੱਧ ਬਨਾਉਟੀ ਲੱਗੀ ਸੀ। ਇਕ ਦਿਨ ਮੈਂ ਉਸ ਦੇ ਠਿਕਾਣੇ ‘ਤੇ ਗਿਆ ਤਾਂ ਉਸ ਨੇ ਮੈਨੂੰ ਕਿਹਾ, ‘ਅਮੀਨਾ ਤੇ ਸਕੀਨਾ ਦੋਵੇਂ ਛੁੱਟੀ ‘ਤੇ ਨੇ…ਮੈਂ ਹਰ ਹਫ਼ਤੇ ਉਹਨਾਂ ਦੋਵਾਂ ਨੂੰ ਛੁੱਟੀ ਦੇ ਦਿੰਦਾ ਹਾਂ, ਤਾਂਕਿ ਬਾਹਰ ਜਾ ਕੇ ਕਿਸੇ ਹੋਟਲ ਵਿਚ ਮਾਸ-ਮੱਛੀ ਵਗ਼ੈਰਾ ਖਾ ਆਉਣ…ਏਥੇ ਤਾਂ ਤੁਸੀਂ ਜਾਣਦੇ ਹੀ ਹੋ, ਸਭ ਵੈਸ਼ਨੂੰ ਨੇ…’ ਮੈਂ ਇਹ ਸੁਣ ਕੇ ਮਨ ਹੀ ਮਨ ਮੁਸਕਰਾਇਆ ਕਿ ਮੈਨੂੰ ਚਾਰ ਰਿਹੈ…! ਇਕ ਦਿਨ ਉਸ ਨੇ ਮੈਨੂੰ ਦੱਸਿਆ ਕਿ ਅਹਿਮਦਾਬਾਦ ਦੀ ਇਕ ਹਿੰਦੂ ਕੁੜੀ ਦੀ ਸ਼ਾਦੀ ਉਸ ਨੇ ਇਕ ਮੁਸਲਮਾਨ ਗਾਹਕ ਨਾ ਕਰਵਾ ਦਿੱਤਾ ਸੀ, ਲਾਹੌਰ ਤੋਂ ਉਸਦਾ ਖ਼ਤ ਆਇਆ ਏ ਕਿ ਦਾਤਾ ਸਾਹਬ ਦੇ ਦਰਬਾਰ ਵਿਚ ਉਸ ਨੇ ਇਕ ਮੰਨਤ ਮੰਨੀ ਸੀ, ਜਿਹੜੀ ਪੂਰੀ ਹੋ ਗਈ ਏ। ਹੁਣ ਉਸ ਨੇ ਸਹਾਏ ਲਈ ਮੰਨਤ ਮੰਗੀ ਹੈ ਕਿ ਜਲਦੀ ਤੋਂ ਜਲਦੀ ਉਸ ਦੇ ਤੀਹ ਹਜ਼ਾਰ ਰੁਪਏ ਪੂਰੇ ਹੋਣ ਤੇ ਉਹ ਬਨਾਰਸ ਜਾ ਕੇ ਬਜਾਜੀ ਦੀ ਦੁਕਾਨ ਖੋਹਲ ਲਏ।’ ਇਹ ਸੁਣ ਕੇ ਮੈਂ ਅੰਦਰੇ-ਅੰਦਰ ਹੱਸਿਆ ਸਾਂ…ਸੋਚਿਆ ਸੀ ਕਿਉਂਕਿ ਮੈਂ ਮੁਸਲਮਾਨ ਹਾਂ, ਇਸ ਲਈ, ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਏ।”
ਮੈਂ ਮੁਮਤਾਜ਼ ਤੋਂ ਪੁੱਛਿਆ, ”ਤਾਂ ਕੀ ਤੇਰਾ ਖ਼ਿਆਲ ਗ਼ਲਤ ਸੀ?”
”ਬਿਲਕੁਲ…ਉਸ ਦੀ ਕੱਥਨੀ ਤੇ ਕਰਨੀ ਵਿਚ ਕੋਈ ਫਰਕ ਨਹੀਂ ਸੀ। ਹੋ ਸਕਦਾ ਏ ਉਸ ਦੀ ਨਿੱਜੀ ਜ਼ਿੰਦਗੀ ਵਿਚ ਕਈ ਖ਼ਾਮੀਆਂ ਹੋਣ; ਇਹ ਵੀ ਹੋ ਸਕਦਾ ਹੈ ਕਿ ਉਸ ਤੋਂ ਆਪਣੀ ਜ਼ਿੰਗਦੀ ਵਿਚ ਕਈ ਗ਼ਲਤੀਆਂ ਹੋਈਆਂ ਹੋਣ…ਪਰ ਉਹ ਇਕ ਬੜਾ ਹੀ ਵਧੀਆ ਇਨਸਾਨ ਸੀ!”
ਜੁਗਲ ਨੇ ਸਵਾਲ ਕੀਤਾ, ”ਇਹ ਤੈਨੂੰ ਕਿਸ ਦੱਸਿਆ ਸੀ?”
”ਉਸ ਦੀ ਮੌਤ ਨੇ।” ਇਹ ਕਹਿ ਕੇ ਮੁਮਤਾਜ਼ ਕੁਝ ਚਿਰ ਲਈ ਚੁੱਪ ਹੋ ਗਿਆ। ਥੋੜ੍ਹੀ ਦੇਰ ਬਾਅਦ ਉਸ ਨੇ ਉਧਰ ਦੇਖਣਾ ਸ਼ੁਰੂ ਕਰ ਦਿੱਤਾ ਜਿੱਧਰ ਆਸਮਾਨ ਤੇ ਸਮੁੰਦਰ ਇਕ ਧੰਦਲੀ ਜਿਹੀ ਗਲਵੱਕੜੀ ਵਿਚ ਲਿਪਟੇ ਹੋਏ ਸਨ, ”ਫਸਾਦ ਸ਼ੁਰੂ ਹੋ ਚੁੱਕੇ ਸਨ। ਮੈਂ ਸਵੇਰੇ ਭਿੰਡੀ ਬਾਜ਼ਾਰ ਵਿਚੋਂ ਲੰਘ ਰਿਹਾ ਸਾਂ…ਕਰਫ਼ਿਊ ਕਾਰਣ ਬਾਜ਼ਾਰ ਵਿਚ ਲੋਕਾਂ ਦੀ ਆਵੀ-ਜਾਈ ਬੜੀ ਘੱਟ ਸੀ। ਟ੍ਰਾਮਾਂ ਵੀ ਨਹੀਂ ਸਨ ਚੱਲ ਰਹੀਆਂ। ਟੈਕਸੀ ਲੱਭਦਾ ਹੋਇਆ ਜਦੋਂ ਮੈਂ ਜੇ.ਜੇ. ਹਸਪਤਾਲ ਕੋਲ ਪਹੁੰਚਿਆ ਤਾਂ ਇਕ ਆਦਮੀ ਨੂੰ ਇਕ ਵੱਡੇ ਸਾਰੇ ਟੋਕਰੇ ਕੋਲ ਗਠੜੀ ਵਾਂਗ ਪਿਆ ਦੇਖਿਆ। ਮੈਂ ਸੋਚਿਆ, ਕੋਈ ਫੁਟਪਾਥੀ ਮਜ਼ਦੂਰ ਸੁੱਤਾ ਹੋਇਆ ਏ, ਪਰ ਜਦੋਂ ਪੱਥਰ ਦੇ ਟੁਕੜਿਆਂ ਉੱਤੇ ਖ਼ੂਨ ਦੇ ਲੋਥੜੇ ਦਿਖਾਈ ਦਿੱਤੇ ਤਾਂ ਮੈਂ ਰੁਕ ਗਿਆ। ਵਾਰਦਾਤ ਕਤਲ ਦੀ ਸੀ। ਮੈਂ ਸੋਚਿਆ, ਮੈਨੂੰ ਖਿਸਕ ਜਾਣਾ ਚਾਹੀਦਾ ਏ।…ਪਰ ਲਾਸ਼ ਵਿਚ ਹਰਕਤ ਪੈਦਾ ਹੋਈ ਤਾਂ ਮੈਂ ਰੁਕ ਗਿਆ। ਆਸੇ-ਪਾਸੇ ਕੋਈ ਨਹੀਂ ਸੀ। ਮੈਂ ਝੁਕ ਕੇ ਦੇਖਿਆ; ਮੈਨੂੰ ਸਹਾਏ ਦਾ ਜਾਣਿਆ-ਪਛਾਣਿਆ ਚਿਹਰਾ ਨਜ਼ਰ ਆਇਆ, ਉਹ ਲਹੂ ਨਾਲ ਲਿਬੜਿਆ ਹੋਇਆ। ਮੈਂ ਉਸ ਦੇ ਕੋਲ ਹੀ ਫੁਟਪਾਥ ਉੱਤੇ ਬੈਠ ਗਿਆ ਤੇ ਦੇਖਿਆ ਕਿ ਉਸ ਦੀ ਸਫ਼ੈਦ ਕਮੀਜ਼, ਜਿਹੜੀ ਹਮੇਸ਼ਾ ਬੇਦਾਗ਼ ਹੁੰਦੀ ਸੀ, ਲਹੂ ਨਾਲ ਤਰ ਹੋਈ ਹੋਈ ਸੀ। ਜ਼ਖ਼ਮ ਸ਼ਾਇਦ ਪਸਲੀਆਂ ਕੋਲ ਸੀ। ਉਹ ਹੌਲੀ-ਹੌਲੀ ਕਰਾਹਾ ਰਿਹਾ ਸੀ। ਮੈਂ ਸਾਵਧਾਨੀ ਨਾਲ ਉਸ ਨੂੰ ਮੋਢੇ ਤੋਂ ਫੜ੍ਹ ਕੇ ਹਲੂਣਿਆਂ, ਜਿਵੇਂ ਕਿਸੇ ਸੁੱਤੇ ਨੂੰ ਜਗਾ ਰਿਹਾ ਹੋਵਾਂ। ਇਕ ਦੋ ਵਾਰੀ ਮੈਂ ਉਸ ਨੂੰ ਉਸ ਦੇ ਅਧੂਰੇ ਨਾਂ ਨਾਲ ਵੀ ਬੁਲਾਇਆ, ਪਰ ਉਸ ਨੇ ਅੱਖਾਂ ਨਹੀਂ ਖੋਲ੍ਹੀਆਂ। ਮੈਂ ਉੱਠ ਦੇ ਜਾਣ ਹੀ ਲੱਗਿਆ ਸਾਂ ਕਿ ਉਸ ਨੇ ਅੱਖਾਂ ਖੋਲ੍ਹੀਆਂ ਤੇ ਦੇਰ ਤੀਕ ਉਹਨਾਂ ਅੱਧ ਖੁੱਲ੍ਹੀਆਂ ਨਾਲ ਇਕ ਟੱਕ ਮੇਰੇ ਵੱਲ ਦੇਖਦਾ ਰਿਹਾ। ਫੇਰ ਉਸ ਦੇ ਸਾਰੇ ਸਰੀਰ ਵਿਚ ਇਕ ਪੀੜ-ਪਰੁੱਚੀ ਕੰਬਣੀ ਛਿੜ ਪਈ ਤੇ ਉਸ ਨੇ ਮੈਨੂੰ ਪਛਾਣਦਿਆਂ ਹੋਇਆਂ ਕਿਹਾ, ‘ਤੁਸੀਂ? ਤੁਸੀਂ?’
”ਮੈਂ ਉਪਰ ਥੱਲੇ ਉਸ ਨੂੰ ਬਹੁਤ ਸਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ…ਉਹ ਏਧਰ ਕਿਉਂ ਆਇਆ ਸੀ, ਕਿਸ ਨੇ ਉਸ ਨੂੰ ਜ਼ਖ਼ਮੀ ਕੀਤਾ ਏ ਤੇ ਕਦੋਂ ਦਾ ਫੁਟਪਾਥ ਉੱਤੇ ਪਿਆ ਏ???…ਸਾਹਮਣੇ ਹਸਪਤਾਲ ਏ, ਕੀ ਮੈਂ ਉਹਨਾਂ ਨੂੰ ਖ਼ਬਰ ਕਰ ਦਿਆਂ?
”ਉਸ ਵਿਚ ਬੋਲਣ ਦੀ ਹਿੰਮਤ ਨਹੀਂ ਸੀ। ਜਦੋਂ ਮੈਂ ਸਾਰੇ ਸਵਾਲ ਕਰ ਹਟਿਆ ਤਾਂ ਉਸ ਨੇ ਕਰਾਂਹਦਿਆਂ ਹੋਇਆਂ ਬੜੀ ਮੁਸ਼ਕਿਲ ਨਾਲ ਇਹ ਸ਼ਬਦ ਕਹੇ, ‘ਮੇਰੇ ਦਿਨ ਪੂਰੇ ਹੋ ਗਏ ਸੀ…ਭਗਵਾਨ ਨੂੰ ਇਹੀ ਮੰਜ਼ੂਰ ਸੀ!’
‘ਭਗਵਾਨ ਨੂੰ ਪਤਾ ਨਹੀਂ ਕੀ ਮੰਜ਼ੂਰ ਸੀ, ਪਰ ਮੈਨੂੰ ਇਹ ਮੰਜ਼ੂਰ ਨਹੀਂ ਸੀ ਕਿ ਮੈਂ ਇਕ ਮੁਸਲਮਾਨ ਹੋ ਕੇ, ਮੁਸਲਮਾਨਾਂ ਦੇ ਇਲਾਕੇ ਵਿਚ ਇਕ ਆਦਮੀ ਨੂੰ, ਜਿਸ ਬਾਰੇ ਮੈਂ ਜਾਣਦਾ ਸਾਂ ਕਿ ਉਹ ਹਿੰਦੂ ਹੈ, ਇਸ ਅਹਿਸਾਸ ਨਾਲ ਮਰਦੇ ਦੇਖਾਂ ਕਿ ਉਸ ਨੂੰ ਮਾਰਨ ਵਾਲਾ ਮੁਸਲਮਾਨ ਸੀ…ਤੇ ਆਖ਼ਰੀ ਵਕਤ ਉਸ ਦੀ ਮੌਤ ਦੇ ਸਿਰਹਾਣੇ, ਜਿਹੜਾ ਆਦਮੀ ਖਲੋਤਾ ਸੀ ਉਹ ਵੀ ਇਕ ਮੁਸਲਮਾਨ ਸੀ…। ਮੈਂ ਡਰਪੋਕ ਨਹੀਂ, ਪਰ ਉਦੋਂ ਮੇਰੀ ਹਾਲਤ ਡਰਪੋਕਾਂ ਨਾਲੋਂ ਵੀ ਵੱਧ ਸੀ…ਇਕ ਜੱਫਾ ਇਸ ਡਰ ਨੇ ਮਾਰਿਆ ਹੋਇਆ ਸੀ ਕਿ ਹੋ ਸਕਦਾ ਹੈ ਮੈਨੂੰ ਹੀ ਫੜ੍ਹ ਲਿਆ ਜਾਵੇ…ਜੇ ਫੜਿਆ ਗਿਆ ਤਾਂ ਪੁੱਛਗਿੱਛ ਤੇ ਧੂ-ਘੜੀਸ ਵੀ ਕੀਤੀ ਜਾਏਗੀ। ਜੇ ਮੈਂ ਇਸ ਨੂੰ ਹਸਪਤਾਲ ਲੈ ਗਿਆ ਤਾਂ ਕੀ ਪਤੈ, ਆਪਣਾ ਬਦਲਾ ਲੈਣ ਖਾਤਰ ਮੈਨੂੰ ਹੀ ਫਸਾ ਦਏ…ਸੋਚੇ, ਮਰਨਾ ਤਾਂ ਹੈ ਹੀ ਕਿਉਂ ਨਾ ਇਸ ਨੂੰ ਨਾਲ ਲੈ ਮਰੀਏ। ਇਸ ਕਿਸਮ ਦੀਆਂ ਗੱਲਾਂ ਸੋਚ ਕੇ ਮੈਂ ਤੁਰਨ ਹੀ ਲੱਗਿਆ ਸਾਂ, ਜਾਂ ਇੰਜ ਕਹਿ ਲਓ ਭੱਜਣ ਲੱਗਿਆ ਸਾਂ ਕਿ ਸਹਾਏ ਨੇ ਮੈਨੂੰ ਬੁਲਾਇਆ…ਮੈਂ ਰੁਕ ਗਿਆ…ਨਾ ਰੁਕਣ ਦੇ ਇਰਾਦੇ ਦੇ ਬਾਵਜ਼ੂਦ ਮੇਰੇ ਪੈਰ ਥਾਵੇਂ ਗੱਡੇ ਗਏ ਸਨ…ਮੈਂ ਉਸ ਵੱਲ ਇਸ ਅੰਦਾਜ਼ ਨਾਲ ਦੇਖਿਆ ਜਿਵੇਂ ਕਹਿ ਰਿਹਾ ਹੋਵਾਂ…ਜਲਦੀ ਕਰੋ ਮੀਆਂ, ਮੈਂ ਜਾਣਾ ਏਂ। ਉਸ ਨੇ ਦਰਦ ਦੀ ਤਕਲੀਫ ਨਾਲ ਦੂਹਰੇ ਹੁੰਦਿਆਂ, ਬੜੀ ਮੁਸ਼ਕਿਲ ਨਾਲ, ਆਪਣੀ ਕਮੀਜ਼ ਦੇ ਬਟਨ ਖੋਲ੍ਹੇ ਤੇ ਅੰਦਰ ਹੱਥ ਪਾਇਆ…ਪਰ ਜਦੋਂ ਕੁਝ ਹੋਰ ਕਰਨ ਦੀ ਹਿੰਮਤ ਜਵਾਬ ਦੇ ਗਈ ਤਾਂ ਮੈਨੂੰ ਕਿਹਾ, ‘ਹੇਠਾਂ ਬੰਡੀ ਏ…ਉਸ ਦੀ ਜੇਬ ਵਿਚ ਕੁਝ ਜੇਵਰ ਤੇ ਬਾਰਾਂ ਸੌ ਰੁਪਏ ਨੇ…ਇਹ…ਇਹ…ਸੁਲਤਾਨਾ ਦਾ ਮਾਲ ਏ…ਮੈਂ…ਮੈਂ ਇਕ ਦੋਸਤ ਕੋਲ ਰੱਖਿਆ ਹੋਇਆ ਸੀ…ਅੱਜ ਉਸ…ਉਸ ਨੂੰ ਭੇਜਣਾ ਸੀ…ਕਿਉਂਕਿ…ਕਿਉਂਕਿ ਤੁਸੀਂ ਜਾਣਦੇ ਹੀ ਹੋ, ਖਤਰਾ ਬੜਾ ਵਧ ਗਿਐ …ਉਸ ਨੂੰ ਦੇ ਦੇਣਾ…ਤੇ ਕਹਿਣਾ, ਫੌਰਨ ਚਲੀ ਜਾਏ…ਪਰ…ਖ਼ਿਆਲ ਰੱਖਣਾ ਇਹ ਉਸਦੀ ਇਮਾਨਤ ਹੈ…!’ ”
ਮੁਮਤਾਜ਼ ਚੁੱਪ ਹੋ ਗਿਆ, ਪਰ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਇਹ ਉਸ ਦੀ ਆਵਾਜ਼ ਨਹੀਂ, ਸਹਾਏ ਦੀ ਆਵਾਜ਼ ਹੈ…ਜਿਹੜਾ ਜੇ.ਜੇ. ਹਸਪਤਾਲ ਸਾਹਮਣੇ, ਫੁਟਪਾਥ ਉੱਤੇ ਉਪਜੀ ਸੀ ਤੇ ਹੁਣ ਦੂਰ…ਉਧਰ, ਜਿੱਥੇ ਆਸਮਾਨ ਤੇ ਸਮੁੰਦਰ ਇਕ ਧੁੰਦਲੀ ਜਿਹੀ ਸ਼ਾਮ ਵਿਚ ਗਲ਼ੇ ਮਿਲ ਰਹੇ ਸਨ, ਅਲੋਪ ਹੋ ਰਹੀ ਹੈ !
ਜਹਾਜ਼ ਨੇ ਪਹਿਲੀ ਸੀਟੀ ਮਾਰੀ ਤਾਂ ਮੁਮਤਾਜ਼ ਨੇ ਕਿਹਾ, ”ਮੈਂ ਸੁਲਤਾਨਾ ਨੂੰ ਮਿਲਿਆ…ਉਸ ਨੂੰ ਜੇਵਰ ਤੇ ਰੁਪਏ ਦਿੱਤੇ ਤਾਂ ਉਸ ਦੀਆਂ ਅੱਖਾਂ ਭਿੱਜ ਗਈਆਂ…!”
ਜਦੋਂ ਅਸੀਂ ਮੁਮਤਾਜ਼ ਤੋਂ ਵਿਦਾਅ ਲੈ ਕੇ ਹੇਠਾਂ ਉਤਰੇ ਤਾਂ ਉਹ ਡੈਕ ਦੇ ਜੰਗਲੇ ਨੂੰ ਫੜ੍ਹੀ ਖੜ੍ਹਾ ਸੀ…ਉਸ ਦਾ ਸੱਜਾ ਹੱਥ ਹਿੱਲ ਰਿਹਾ ਸੀ…ਮੈਂ ਜੁਗਲ ਨੂੰ ਕਿਹਾ, ”ਕੀ ਤੈਨੂੰ ਇੰਜ ਮਹਿਸੂਸ ਨਹੀਂ ਹੁੰਦਾ ਕਿ ਮੁਮਤਾਜ਼ ਸਹਾਏ ਦੀ ਰੂਹ ਨੂੰ ਬੁਲਾਅ ਰਿਹਾ ਹੈ…ਆਪਣਾ ਹਮਸਫ਼ਰ ਬਣਾਉਣ ਲਈ ?”
ਜੁਗਲ ਨੇ ਸਿਰਫ ਏਨਾ ਕਿਹਾ, ”ਕਾਸ਼, ਮੈਂ ਸਹਾਏ ਦੀ ਰੂਹ ਹੁੰਦਾ !”

ਸਆਦਤ ਹਸਨ ਮੰਟੋ
(ਅਨੁਵਾਦ: ਮਹਿੰਦਰ ਬੇਦੀ, ਜੈਤੋ)

...
...

ਨਿੱਤ ਦਿਹਾੜੀ ਹੀ ਵੇਖਣ-ਵਿਖਾਉਣ ਦੀ ਚੱਕਰਾਂ ਤੋਂ ਤੰਗ ਆਈ ਨੇ ਕਾਲਰ ਆਈਡੀ ਤੋਂ ਨੰਬਰ ਪੜਿਆ ਅਤੇ ਅਗਲੇ ਦਿਨ ਵੇਖਣ ਆਉਣ ਵਾਲਿਆਂ ਦੇ ਘਰ ਨੰਬਰ ਮਿਲਾ ਦਿੱਤਾ!
ਕਿਸੇ ਨੇ ਅੱਗੋਂ ਫੋਨ ਚੁੱਕਿਆ ਤਾਂ ਸਿੱਧਾ ਪੁੱਛ ਲਿਆ…ਜੀ ਜਸਦੀਪ ਜੀ ਨਾਲ ਗੱਲ ਹੋ ਸਕਦੀ ਏ?

“ਹਾਂ ਜੀ ਮੈਂ ਜਸਦੀਪ..ਜਸਦੀਪ ਹੀ ਬੋਲ ਰਿਹਾ ਹਾਂ..ਪਰ ਤੁਸੀਂ ਕੌਣ”?

“ਜੀ ਮੈਂ ਨਵਪ੍ਰੀਤ..ਨਵਪ੍ਰੀਤ ਕੌਰ…ਤੁਸੀਂ ਕੱਲ ਮੈਨੂੰ ਮੇਰੇ ਘਰ ਵੇਖਣ ਆ ਰਹੇ ਓ..ਇਸਤੋਂ ਪਹਿਲਾਂ ਕੇ ਤੁਸੀਂ ਸਾਢੇ ਘਰੇ ਆ ਮੇਰੇ ਮਾਪਿਆਂ ਨੂੰ ਖੇਚਲ ਪਾਵੋ..ਕੁਝ ਗੱਲਾਂ ਫੋਨ ਤੇ ਹੀ ਦੱਸ ਦੇਣੀਆਂ ਜਰੂਰੀ ਸਮਝਦੀ ਹਾਂ”

“ਰੰਗ ਬਹੁਤ ਗੋਰਾ ਨਹੀਂ..ਬੱਸ ਕਣਕ-ਵੰਨਾ ਏ..ਕਦ ਪੰਜ ਫੁੱਟ ਦੋ ਇੰਚ..ਅਗਲੇ ਮਹੀਨੇ ਅਠਾਈਆਂ ਦੀ ਹੋ ਜਾਵਾਂਗੀ..ਡੀ.ਸੀ ਆਫਿਸ ਜੂਨੀਅਰ ਡਿਵੀਜਨ ਕਲਰਕ ਦੀ ਨੌਂ ਤੋਂ ਪੰਜ ਵਾਲੀ ਪੋਸਟ..ਬਾਈ ਹਜਾਰ ਤਨਖਾਹ ਏ..ਐੱਮ.ਏ ਪੰਜਾਬੀ..ਦਰਮਿਆਨਾ ਕਿਰਸਾਨੀ ਪਰਿਵਾਰ..ਦੋ ਨਿੱਕੀਆਂ ਭੈਣਾਂ..ਕੱਲ ਜਾਮਨੀ ਰੰਗ ਦੇ ਸੂਟ ਵਿਚ ਤਿੰਨ ਨੰਬਰ ਕਾਊਂਟਰ ਤੇ ਬੈਠੀ ਹੋਵਾਂਗੀ..
ਆ ਕੇ ਦੂਰੋਂ ਝਾਤੀ ਮਾਰ ਲੈਣਾ ਤੇ ਫੇਰ ਸਲਾਹ ਕਰ ਲੈਣੀ ਕੇ ਸਾਡੇ ਘਰੇ ਆਉਣਾ ਕੇ ਨਹੀਂ..ਤੁਹਾਡੇ ਜਾਣ ਮਗਰੋਂ ਤੁਹਾਡਾ ਜੁਆਬ ਉਡੀਕਦੇ ਮੇਰੇ ਮਾਪੇ ਹਰੇਕ ਐਰੇ-ਗੈਰੇ ਨੂੰ ਸਫਾਈਆਂ ਦਿੰਦੇ ਫਿਰਨ..ਇਹ ਮੈਥੋਂ ਸਹਿਣ ਨਹੀਂ ਹੁੰਦਾ”

“ਹਾਂ ਇੱਕ ਹੋਰ ਗੱਲ..ਅਵਵਲ ਤੇ ਮੈਨੂੰ ਪੱਕਾ ਪਤਾ ਕੇ ਏਨਾ ਕੁਝ ਸੁਣਨ ਮਗਰੋਂ ਤੁਸੀਂ ਕੱਲ ਆਵੋਗੇ ਹੀ ਨਹੀਂ..ਜੇ ਆ ਵੀ ਗਏ ਤੇ ਪਸੰਦ ਨਾਪਸੰਦ ਦੀਂ ਚੋਇਸ ਸਿਰਫ ਤੁਹਾਡੀ ਹੀ ਨਹੀਂ ਹੋਵੇਗੀ..ਦੋਵੇਂ ਧਿਰਾਂ ਨੂੰ ਫੈਸਲਾ ਲੈਣ ਦਾ ਬਰੋਬਰ ਦਾ ਹੱਕ ਹੋਵੇਗਾ”

ਮਗਰੋਂ ਲੰਮਾ ਸਾਰਾ ਸਾਹ ਲਿਆ ਤੇ ਠਾਹ ਕਰਦਾ ਫੋਨ ਥੱਲੇ ਪਟਕ ਦਿਤਾ!

ਅਗਲੇ ਦਿਨ ਸ਼ਾਮੀਂ ਕੰਮ ਤੋਂ ਘਰ ਮੁੜੀ ਤਾਂ ਮਾਂ ਆਖਣ ਲੱਗੀ ਕੇ ਜੁਆਬ ਆ ਗਿਆ ਕੇ ਕਿਸੇ ਨੇ ਨਹੀਂ ਆਉਣਾ..ਪਰ ਕੁੜੀ ਸਾਨੂੰ ਪਸੰਦ ਏ..ਜੇ ਤੁਹਾਡੀ ਹਾਂ ਏ ਤਾਂ ਸਿੱਧਾ ਮੰਗਣੀ ਦੀਂ ਤਰੀਕ ਪੱਕੀ ਕਰ ਲਵਾਂਗੇ”

ਮਾਂ ਹੈਰਾਨ ਸੀ ਪਰ ਮੈਂ ਅੰਦਰੋਂ ਅੰਦਰ ਮੁਸਕੁਰਾ ਰਹੀ ਸੀ ਤੇ ਯਾਦ ਕਰ ਰਹੀ ਸੀ ਕੇ ਕਿੱਦਾਂ ਕਿਸੇ ਨੇ ਦੁਪਹਿਰ ਕੂ ਵੇਲੇ ਕਾਊਂਟਰ ਤੇ ਕੰਮ ਕਰਦੀ ਕੋਲ ਆ ਕੇ ਖੰਗੂੜਾ ਮਾਰਿਆਂ..

ਜਦੋਂ ਪੁੱਛਿਆ ਕੇ ਕੀ ਕੰਮ ਏ ਤਾਂ ਗਾਜਰੀ ਰੰਗੀ ਪੱਗ ਬੰਨੀ ਉਹ ਅੱਗੋਂ ਆਖਣ ਲੱਗਾ ਕੇ ਮੈਂ ਜਸਦੀਪ…”

“ਅੱਛਾ ਤੇ ਮੈਨੂੰ ਦੇਖਣ ਆਏ ਹੋ?..ਮੈਂ ਠਾਹ ਕਰਦਾ ਸਵਾਲ ਪੁੱਛ ਮਾਰਿਆ!

“ਨਹੀਂ ਜੀ ਆਪਣੇ ਆਪ ਨੂੰ ਦਿਖਾਉਣ ਆਇਆ ਹਾਂ..ਕਿਸੇ ਸੁਨੇਹਾ ਦਿੱਤਾ ਸੀ ਕੇ ਪਸੰਦ-ਨਾਪਸੰਦ ਕਰਨ ਦਾ ਹੱਕ ਦੋਨੋ ਪਾਸਿਆਂ ਨੂੰ ਬਰੋਬਰ ਦਾ ਹੋਣਾ ਚਾਹੀਦਾ ਏ”

ਮਗਰੋਂ ਅੱਧੇ ਦਿਨ ਦੀ ਛੁੱਟੀ ਲੈ ਲਈ..

ਫੇਰ ਕੰਟੀਨ ਵਿਚ ਪਤਾ ਹੀ ਨਹੀਂ ਲੱਗਾ ਕਦੋਂ ਗਾਜਰੀ ਰੰਗ ਦੀ ਪੱਗ ਬੰਨੀ ਸਾਮਣੇ ਬੈਠਾ “ਜਸਦੀਪ ਸਿੰਘ” ਤੁਸੀਂ ਤੋਂ “ਤੂੰ” ਹੋ ਗਿਆ..!

ਹਰਪ੍ਰੀਤ ਸਿੰਘ ਜਵੰਦਾ

...
...

ਛਿੰਦਾ ਹੱਡੀਆਂ ਦੀ ਮੁੱਠ ਹੋ ਚੱਲਿਆ ਸੀ। ਹਰ ਵੇਲੇ ਕਿਸੇ ਨਾ ਕਿਸੇ ਦਾ ਸਹਾਰਾ ਟੋਲਦਾ ਰਹਿੰਦਾ ਸੀ। ਸਾਰਾ ਦਿਨ ਮੰਜੇ ਤੇ ਪਿਆ ਰਹਿੰਦਾ ਤੇ ਕਿਤੇ ਕੰਨ ਨੂੰ ਫੋਨ ਲਾ ਕੇ ਛੇਤੀ ਆਉਣ ਲਈ ਕਹਿੰਦਾ। ਜਦੋਂ ਉਸਦੇ ਘਰ ਦੇ ਆਸੇ ਪਾਸੇ ਹੁੰਦੇ ਤਾਂ ਓਹਦੇ ਨਸ਼ੇੜੀ ਯਾਰ ਪੁੜੀ ਦੇ ਕੇ ਆਪਣੇ ਰਾਹੇ ਪੈਂਦੇ ਤੇ ਉਹਨੂੰ ਭੋਰਾ ਸਕੂਨ ਮਿਲਦਾ। ਅਜੇ ਉਮਰ ਭਲਾ ਓਹਦੀ ਕਿਹੜਾ ਜਿਆਦਾ ਸੀ ਮਸਾਂ ਮੁੱਛ-ਫੁੱਟ ਗੱਭਰੂ ਤਾਂ ਸੀ। ਬਾਰਵੀਂ ਜਮਾਤ ਵਿੱਚੋਂ ਦੋ ਵਾਰੀ ਫੇਲੵ ਹੋ ਗਿਆ ਸੀ। ਉਸਦੇ ਫੇਲੑ ਹੋਣ ਦਾ ਕਾਰਨ ਉਸਦੀ ਬੁਰੀ ਸੰਗਤ ਸੀ। ਉਸਦਾ ਬਾਪੂ ਸੁਜਾਨ ਸਿੰਘ ਹਰ ਵੇਲੇ ਖੇਤਾਂ ਜਾਂ ਘਰ ਦਾ ਕੰਮ ਕਰਦਾ ਰਹਿੰਦਾ ਤੇ ਛਿੰਦੇ ਨੂੰ ਉਸਨੇ ਕਦੇ ਨਹੀਂ ਆਖਿਆ ਸੀ ਤਾਂ ਕਿ ਪੁੱਤ ਚੰਗਾ ਪੜੵ-ਲਿਖ ਜਾਵੇ। ਆਪ ਤਾਂ ਸੁਜਾਨ ਸਿੰਘ ਅਣਪੜੵ ਸੀ ਇਸੇ ਕਰਕੇ ਉਹ ਆਪਣੇ ਛਿੰਦੇ ਪੁੱਤ ਨੂੰ ਪੜਾਉਣਾ ਚਾਹੁੰਦਾ ਸੀ। ਪਰ ਕਿਸਮਤ ਦੀ ਖੇਡ ਛਿੰਦਾ ਦਿਨੋ-ਦਿਨ ਨਸ਼ੇ ਵਿੱਚ ਧੱਸਦਾ ਜਾ ਰਿਹਾ ਸੀ। ਜਦੋਂ ਸੁਜਾਨ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ। ਉਸਨੂੰ ਸਭ ਕੁਝ ਆਪਣਾ ਗੁਆਚਿਆ ਜਾਪਿਆ। ਉਸਨੂੰ ਛਿੰਦੇ ਦਾ ਝੋਰਾ ਵੱਡ-ਵੱਡ ਖਾਣ ਲੱਗਾ। ਉਸਨੂੰ ਛਿੰਦੇ ਦੇ ਫਿਕਰ ਕਾਰਨ ਬਿਮਾਰੀ ਨੇ ਘੇਰ ਲਿਆ ਸੀ। ਉਹ ਮੰਜੇ ਤੇ ਪਿਆ ਖੰਊਂ-ਖੰਊਂ ਕਰਦਾ ਰਹਿੰਦਾ ਤੇ ਹਾਏ-ਹਾਏ ਕਰਦਾ ਰਹਿੰਦਾ। ਛਿੰਦੇ ਨੂੰ ਨਾਲ ਦੇ ਕਮਰੇ ਵਿੱਚ ਉਸਦੀ ਅਵਾਜ ਸੁਣਾਈ ਦੇ ਰਹੀ ਸੀ ਪਰ ਉਹ ਕਰ ਕੁਝ ਨਹੀਂ ਸਕਦਾ ਸੀ। ਉਸਨੂੰ ਤਾਂ ਆਪ ਸਹਾਰੇ ਦੀ ਲੋੜ ਸੀ। ਉਸਦੀ ਮਾਂ ਕਰਮੋ ਤਾਂ ਆਪ ਉਹਨਾਂ ਦੀ ਦੇਖਭਾਲ ਤੇ ਘਰ ਦੇ ਕੰਮ ਕਰਕੇ ਸੁੱਕ ਕੇ ਤਵੀਤ ਬਣ ਗਈ ਸੀ। ਬਾਪੂ ਦਾ ਦੁੱਖ ਦੇਖ ਕੇ ਛਿੰਦੇ ਦਾ ਦਿਲ ਪਸੀਜ ਗਿਆ ਤੇ ਉਹ ਬਚਪਨ ਦੇ ਉਹਨਾਂ ਦਿਨਾਂ ਨੂੰ ਯਾਦ ਕਰਨ ਲੱਗਿਆ ਜਦੋਂ ਉਸਦਾ ਬਾਪੂ ਉਸਦੀ ਹਰੇਕ ਰੀਜ ਪੂਰੀ ਕਰਦਾ। ਕਦੇ ਉਸਨੂੰ ਸਾਈਕਲ ਤੇ ਬਿਠਾ ਕੇ ਖੇਤ ਲੈ ਜਾਂਦਾ ਤੇ ਕਦੇ ਮੋਢੇ ਤੇ ਬਿਠਾ ਕੇ ਸੱਥ ਵਿੱਚ ਲੈ ਜਾਂਦਾ। ਛਿੰਦਾ ਨੂੰ ਜਿਹੜੀ ਚੀਜ ਚੰਗੀ ਲੱਗਦੀ ਉਹ ਬਾਪੂ ਤੋਂ ਮੰਗ ਲੈਂਦਾ। ਜੇ ਉਸਦਾ ਪਿਤਾ ਗੁੜ ਖਾਣ ਲੱਗਦਾ ਤਾਂ ਉਹ ਉਸਨੂੰ ਮਾੜਾ ਜਿਹਾ ਹੀ ਖਾਣ ਦਿੰਦਾ ਤੇ ਇਸਦੀ ਮੰਗ ਕਰਦਾ। ਛਿੰਦੇ ਦੀ ਬਾਪੂ ਤੋਂ ਲੈ ਕੇ ਖਾਣ ਦੀ ਆਦਤ ਜਿਹੀ ਬਣ ਗਈ ਸੀ। ਪਰ ਉਸਦਾ ਪਿਤਾ ਇਸਦਾ ਬੁਰਾ ਨਾ ਮਨਾਉਂਦਾ। ਛਿੰਦਾ ਸੋਚ ਰਿਹਾ ਸੀ ਕਿ ਬਾਪੂ ਨੇ ਮੈਨੂੰ ਕਦੇ ਨਾਹ ਨਹੀਂ ਕੀਤੀ ਸੀ ਪਰ ਅੱਜ ਬਾਪੂ ਨੂੰ ਮੇਰੀ ਲੋੜ ਸੀ ਤੇ ਮੈਂ ਆਪ ਆਪਣੀਆਂ ਗਲਤੀਆਂ ਕਰਕੇ ਲਾਚਾਰ ਸੀ। ਉਹ ਆਪ ਇਸ ਬਿਮਾਰੀ ਤੋਂ ਬਹੁਤ ਦੁਖੀ ਸੀ। ਇਸ ਲਾਹਨਤ ਨੂੰ ਛੱਡਣ ਦਾ ਹੌਸਲਾ ਸ਼ਾਇਦ ਉਹ ਨਾ ਕਰਦਾ ਪਰ ਬਾਪੂ ਦੇ ਦੁੱਖ ਨੇ ਉਸਨੂੰ ਅਸਲੋਂ ਝੰਜੋੜ ਦਿੱਤਾ ਸੀ। ਉਸਨੇ ਆਪਣੇ ਯਾਰਾਂ ਬੇਲੀਆਂ ਤੋਂ ਪਾਸਾ ਵੱਟ ਲੈਣ ਵਿੱਚ ਹੀ ਆਪਣੀ ਭਲਾਈ ਸਮਝੀ। ਉਸਨੇ ਫੋਨ ਨੂੰ ਵਗਾਹ ਕੇ ਪਰਾਂ ਮਾਰਿਆ। ਉਹ ਹੁਣ ਬਹੁਤਾ ਚਿਰ ਦੁਚਿੱਤੀ ਵਿੱਚ ਨਹੀਂ ਪੈਣਾ ਚਾਹੁੰਦਾ ਸੀ ਤੇ ਉਹ ਛੇਤੀ ਉੱਠ ਕੇ ਰਸੋਈ ਵਿੱਚੋਂ ਬਾਪੂ ਲਈ ਪਾਣੀ ਲੈਣ ਚਲਾ ਗਿਆ। ਉਹ ਗਿਲਾਸ ਵਿੱਚ ਪਾਣੀ ਲੈ ਕੇ ਬਾਪੂ ਕੋਲ ਗਿਆ ਤਾਂ ਉਸਦਾ ਬਾਪੂ ਛਿੰਦੇ ਨੂੰ ਦੇਖ ਕੇ ਝੱਟ ਖੜਾ ਹੋ ਗਿਆ ਤੇ ਉਸਨੂੰ ਕਲਾਵੇ ਵਿੱਚ ਲੈ ਕੇ ਸਿਰ ਤੇ ਹੱਥ ਮਾਰਨ ਲੱਗਾ । ਛਿੰਦੇ ਨੂੰ ਜਾਪਿਆ ਜਿਵੇਂ ਬਚਪਨ ਦੇ ਉਹ ਦਿਨ ਵਾਪਸ ਆ ਗਏ ਹੋਣ ਜਦੋਂ ਅਕਸਰ ਉਸਦਾ ਪਿਤਾ ਪਿਆਰ ਨਾਲ ਉਸਨੂੰ ਗਲਵਕੜੀ ਵਿੱਚ ਲੈ ਲੈਂਦਾ ਸੀ।
ਸਰਬਜੀਤ ਸਿੰਘ ਜਿਉਣ ਵਾਲਾ , ਫਰੀਦਕੋਟ
ਮੋਬਾਈਲ – 9464412761

...
...

ਇਸੇ ਯੁੱਗ ਦੀ ਗੱਲ ਏ। ਹਨੇਰੀ ਰਾਤ ਵਿੱਚ ਇੱਕ ਉੱਲੂ ਕਿਸੇ ਬਿਰਖ ਦੀ ਟਾਹਣੀ ’ਤੇ ਗੁਆਚਾ ਬੈਠਾ ਸੀ। ਇੰਨੇ ਵਿੱਚ ਦੋ ਖਰਗੋਸ਼ ਉਧਰੋਂ ਲੰਘੇ। ਉਨ੍ਹਾਂ ਦਾ ਯਤਨ ਇਹ ਸੀ ਕਿ ਉਹ ਉਸ ਬਿਰਖ ਕੋਲੋਂ ਚੁੱਪਚਾਪ ਲੰਘ ਜਾਣ ਪਰ ਉਹ ਅੱਗੇ ਵਧੇ ਤਾਂ ਉੱਲੂ ਨੇ ਪਿੱਛੋਂ ਪੁਕਾਰਿਆ, ‘‘ਜ਼ਰਾ ਰੁਕੋ!’’ ਉਹਨੇ ਉਨ੍ਹਾਂ ਨੂੰ ਵੇਖ ਲਿਆ ਸੀ।
‘‘ਕੌਣ?’’ ਦੋਵੇਂ ਖਰਗੋਸ਼ ਹੈਰਾਨੀ ਨਾਲ ਤ੍ਰਭਕਦੇ ਹੋਏ ਬੋਲੇ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਇੰਨੇ ਡੂੰਘੇ ਹਨੇਰੇ ਵਿੱਚ ਵੀ ਕੋਈ ਉਨ੍ਹਾਂ ਨੂੰ ਵੇਖ ਸਕਦਾ ਹੈ।
‘‘ਖਰਗੋਸ਼ ਭਰਾਵੋ! ਜ਼ਰਾ ਮੇਰੀ ਗੱਲ ਵੀ ਸੁਣੋ…’’ ਉੱਲੂ ਨੇ ਫਿਰ ਕਿਹਾ ਪਰ ਖਰਗੋਸ਼ ਬੜੀ ਤੇਜ਼ੀ ਨਾਲ ਭੱਜ ਨਿਕਲੇ ਤੇ ਜਾ ਕੇ ਦੂਜੇ ਪੰਛੀਆਂ ਤੇ ਜਾਨਵਰਾਂ ਨੂੰ ਖ਼ਬਰ ਦਿੱਤੀ ਕਿ ਉੱਲੂ ਸਭ ਤੋਂ ਵੱਧ ਚਲਾਕ ਤੇ ਬੁੱਧੀਮਾਨ ਹੈ ਕਿਉਂਕਿ ਉਹ ਹਨੇਰੇ ’ਚ ਵੇਖ ਸਕਦਾ ਹੈ ਤੇ ਔਖੇ ਸੁਆਲਾਂ ਦੇ ਉੱਤਰ ਵੀ ਦੇ ਸਕਦਾ ਹੈ।
ਲੂੰਮੜੀ ਨੇ ਕਿਹਾ, ‘‘ਮੈਨੂੰ ਜ਼ਰਾ ਇਸ ਗੱਲ ਦੀ ਜਾਂਚ ਕਰ ਲੈਣ ਦਿਉ।’’
ਅਗਲੀ ਰਾਤ ਲੂੰਮੜੀ ਉਸ ਬਿਰਖ ਕੋਲ ਪੁੱਜੀ ਤੇ ਉੱਲੂ ਨੂੰ ਕਹਿਣ ਲੱਗੀ, ‘‘ਦੱਸ, ਮੈਂ ਇਸ ਸਮੇਂ ਕਿੰਨੇ ਪੰਜੇ ਚੁੱਕ ਰੱਖੇ ਨੇ?’’
ਉੱਲੂ ਨੇ ਝਟਪਟ ਕਿਹਾ, ‘‘ਇੱਕ।’’
ਉੱਤਰ ਠੀਕ ਸੀ।
‘‘ਚੰਗਾ! ਇਹ ਦੱਸੋ, ਅਰਥਾਤ ਦਾ ਅਰਥ ਕੀ ਹੁੰਦਾ ਏ?’’ ਲੂੰਮੜੀ ਨੇ ਪੁੱਛਿਆ।
‘‘ਅਰਥਾਤ ਦਾ ਅਰਥ ਉਦਾਹਰਨ ਦੇਣਾ ਹੁੰਦਾ ਏ।’’ ਲੂੰਮੜੀ ਭੱਜਦੀ ਹੋਈ ਵਾਪਸ ਆਈ। ਉਹਨੇ ਪੰਛੀਆਂ ਤੇ ਜਾਨਵਰਾਂ ਨੂੰ ਇਕੱਠਿਆਂ ਕੀਤਾ ਅਤੇ ਗਵਾਹੀ ਦਿੱਤੀ ਕਿ ਸਚਮੁੱਚ ਉੱਲੂ ਸਭ ਤੋਂ ਵੱਧ ਚਲਾਕ ਤੇ ਬੁੱਧੀਮਾਨ ਹੈ ਕਿਉਂਕਿ ਉਹ ਹਨੇਰੇ ’ਚ ਵੇਖ ਸਕਦਾ ਹੈ ਤੇ ਔਖੇ ਸੁਆਲਾਂ ਦੇ ਉੱਤਰ ਵੀ ਦੱਸ ਸਕਦਾ ਹੈ।
‘‘ਕੀ ਉਹ ਦਿਨ ਦੀ ਰੋਸ਼ਨੀ ਵਿੱਚ ਵੀ ਵੇਖ ਸਕਦਾ ਏ?’’ ਇੱਕ ਬਿਰਧ ਬਗਲੇ ਨੇ ਪੁੱਛਿਆ। ਇਹੀ ਸੁਆਲ ਇੱਕ ਜੰਗਲੀ ਬਿੱਲੇ ਨੇ ਵੀ ਕੀਤਾ। ਸਾਰੇ ਜਾਨਵਰ ਚੀਕ ਉੱਠੇ, ‘‘ਇਹ ਦੋਵੇਂ ਸੁਆਲ ਮੂਰਖਤਾ ਭਰੇ ਨੇ।’’ ਅਤੇ ਫਿਰ ਜ਼ੋਰ-ਜ਼ੋਰ ਨਾਲ ਕਹਿ-ਕਹੇ ਲਾਉਣ ਲੱਗੇ। ਜੰਗਲੀ ਬਿੱਲੇ ਤੇ ਬਿਰਧ ਬਗਲੇ ਨੂੰ ਜੰਗਲ ਤੋਂ ਕੱਢ ਦਿੱਤਾ ਗਿਆ ਅਤੇ ਇਕਮਤ ਨਾਲ ਉੱਲੂ ਨੂੰ ਸੁਨੇਹਾ ਭੇਜਿਆ ਗਿਆ ਕਿ ਉਹ ਉਨ੍ਹਾਂ ਸਾਰਿਆਂ ਦਾ ਮੁਖੀ ਬਣ ਜਾਵੇ ਕਿਉਂ ਜੋ ਉਹੀ ਸਭ ਤੋਂ ਵੱਧ ਬੁੱਧੀਮਾਨ ਹੈ। ਇਸ ਲਈ ਉਨ੍ਹਾਂ ਦੀ ਰਹਿਨੁਮਾਈ ਤੇ ਪੱਥ-ਪ੍ਰਦਰਸ਼ਨ ਕਰਨ ਦਾ ਅਧਿਕਾਰ ਉਸੇ ਨੂੰ ਹੈ।
ਉੱਲੂ ਨੇ ਇਹ ਪ੍ਰਾਰਥਨਾ ਪ੍ਰਵਾਨ ਕਰ ਲਈ। ਜਿਸ ਵੇਲੇ ਉਹ ਪੰਛੀਆਂ ਤੇ ਜਾਨਵਰਾਂ ਕੋਲ ਪੁੱਜਿਆ, ਉਸ ਵੇਲੇ ਦੁਪਹਿਰ ਸੀ। ਸੂਰਜ ਦਾ ਤੇਜ਼ ਪ੍ਰਕਾਸ਼ ਚਾਰੇ ਪਾਸੇ ਫੈਲਿਆ ਹੋਇਆ ਸੀ ਤੇ ਉੱਲੂ ਨੂੰ ਕੁਝ ਵਿਖਾਈ ਨਹੀਂ ਸੀ ਦੇ ਰਿਹਾ। ਉਹ ਫੂਕ-ਫੂਕ ਕੇ ਕਦਮ ਰੱਖ ਰਿਹਾ ਸੀ ਜਿਸ ਨਾਲ ਉਹਦੀ ਚਾਲ ਤੇ ਸ਼ਖ਼ਸੀਅਤ ਵਿੱਚ ਰੋਅਬ ਪੈਦਾ ਹੋ ਗਿਆ, ਜਿਹੜੀ ਮਹਾਨ ਵਿਅਕਤੀਆਂ ਦੀ ਵਿਸ਼ੇਸ਼ਤਾ ਹੁੰਦੀ ਹੈ। ਉਹ ਆਪਣੀਆਂ ਗੋਲ-ਮੋਲ ਅੱਖਾਂ ਖੋਲ੍ਹ-ਖੋਲ੍ਹ ਕੇ ਆਪਣੇ ਚਾਰੇ ਪਾਸੇ ਵੇਖਣ ਦਾ ਯਤਨ ਕਰਦਾ। ਪੰਛੀ ਤੇ ਜਾਨਵਰ ਵੇਖਣ ਦੇ ਇਸ ਤਰੀਕੇ ਤੋਂ ਹੋਰ ਵੀ ਵਧੇਰੇ ਪ੍ਰਭਾਵਿਤ ਹੋਏ।
‘‘ਇਹ ਸਾਡਾ ਪੱਥ-ਪ੍ਰਦਰਸ਼ਕ ਹੀ ਨਹੀਂ, ਅਸਾਂ ਸਾਰਿਆਂ ਦਾ ਨੇਤਾ ਵੀ ਏ। ਇਹ ਤਾਂ ਦੇਵਤਾ ਏ ਦੇਵਤਾ।’’ ਇੱਕ ਮੋਟੀ ਮੁਰਗਾਬੀ ਨੇ ਜ਼ੋਰ ਨਾਲ ਕਿਹਾ। ਦੂਜੇ ਪੰਛੀਆਂ ਤੇ ਜਾਨਵਰਾਂ ਨੇ ਵੀ ਉਹਦੀ ਨਕਲ ਕੀਤੀ ਤੇ ਉਹ ਜ਼ੋਰ-ਜ਼ੋਰ ਨਾਲ ‘‘ਨੇਤਾ…ਨੇਤਾ’’ ਦੇ ਨਾਅਰੇ ਲਾਉਣ ਲੱਗੇ।
ਹੁਣ ਉੱਲੂ ਅਰਥਾਤ ਉਨ੍ਹਾਂ ਸਾਰਿਆਂ ਦਾ ਪੱਥ-ਪ੍ਰਦਰਸ਼ਕ ਤੇ ਨੇਤਾ ਅੱਗੇ-ਅੱਗੇ ਤੇ ਉਹ ਸਾਰੇ ਬਿਨਾਂ ਸੋਚੇ-ਸਮਝੇ ਅੰਨ੍ਹੇਵਾਹ ਉਹਦੇ ਪਿੱਛੇ-ਪਿੱਛੇ ਜਾ ਰਹੇ ਸਨ। ਪ੍ਰਕਾਸ਼ ਕਾਰਨ ਉਹਨੂੰ ਨਜ਼ਰ ਤਾਂ ਕੁਝ ਆਉਂਦਾ ਨਹੀਂ ਸੀ। ਚਲਦੇ-ਚਲਦੇ ਉਹ ਪੱਥਰਾਂ ਤੇ ਬਿਰਖਾਂ ਦੇ ਤਣਿਆਂ ਨਾਲ ਟਕਰਾਇਆ। ਬਾਕੀ ਸਾਰਿਆਂ ਦੀ ਵੀ ਇਹੀ ਦੁਰਦਸ਼ਾ ਹੋਈ। ਇਸ ਪ੍ਰਕਾਰ ਉਹ ਟਕਰਾਉਂਦੇ ਤੇ ਡਿੱਗਦੇ-ਡਿੱਗਦੇ ਜੰਗਲ ’ਚੋਂ ਬਾਹਰ ਵੱਡੀ ਸੜਕ ’ਤੇ ਪੁੱਜੇ। ਉੱਲੂ ਨੇ ਸੜਕ ਵਿਚਕਾਰ ਚੱਲਣਾ ਸ਼ੁਰੂ ਕਰ ਦਿੱਤਾ। ਬਾਕੀ ਸਾਰਿਆਂ ਨੇ ਵੀ ਉਹਦੀ ਨਕਲ ਕੀਤੀ।
ਥੋੜ੍ਹੀ ਹੀ ਦੇਰ ਮਗਰੋਂ ਇੱਕ ਗਰੁੜ ਨੇ, ਜਿਹੜਾ ਉਸ ਭੀੜ ਦੇ ਨਾਲ ਉੱਡ ਰਿਹਾ ਸੀ, ਵੇਖਿਆ ਕਿ ਦੂਰੋਂ ਇੱਕ ਟਰੱਕ ਤੇਜ਼ ਰਫ਼ਤਾਰ ਨਾਲ ਆ ਰਿਹਾ ਹੈ। ਉਹਨੇ ਲੂੰਮੜੀ ਨੂੰ ਦੱਸਿਆ ਜਿਹੜੀ ਉੱਲੂ ਦੀ ਸਕੱਤਰ ਦੇ ਫ਼ਰਜ਼ ਅਦਾ ਕਰ ਰਹੀ ਸੀ।
‘‘ਦੇਵਤਾ!…ਅੱਗੇ ਖ਼ਤਰਾ ਏ।’’ ਲੂੰਮੜੀ ਨੇ ਬੜੇ ਆਦਰ ਨਾਲ ਉੱਲੂ ਦੀ ਸੇਵਾ ’ਚ ਬੇਨਤੀ ਕੀਤੀ।
‘‘ਚੰਗਾ।’’ ਉੱਲੂ ਨੇ ਹੈਰਾਨੀ ਨਾਲ ਕਿਹਾ।
‘‘ਕੀ ਤੁਸੀਂ ਕਿਸੇ ਖ਼ਤਰੇ ਤੋਂ ਭੈਅਭੀਤ ਨਹੀਂ ਹੁੰਦੇ?’’ ਲੂੰਮੜੀ ਨੇ ਬੇਨਤੀ ਕੀਤੀ।
‘‘ਖ਼ਤਰਾ! ਖ਼ਤਰਾ! ਕਿਹੜਾ ਖ਼ਤਰਾ?’’ ਉੱਲੂ ਨੇ ਪੁੱਛਿਆ।
ਟਰੱਕ ਬਹੁਤ ਨੇੜੇ ਆ ਪੁੱਜਿਆ ਸੀ ਪਰ ਉੱਲੂ ਬੇਖ਼ਬਰ ਉਸੇ ਪ੍ਰਕਾਰ ਸ਼ਾਨ ਨਾਲ ਜਾ ਰਿਹਾ ਸੀ। ਮਹਾਨ ਨੇਤਾ ਦੇ ਚੇਲੇ ਵੀ ਕਦਮ ਨਾਲ ਕਦਮ ਪੁੱਟਦੇ ਚੱਲ ਰਹੇ ਸਨ। ਅਜੀਬ ਸਮਾਂ ਸੀ। ‘‘ਵਾਹ…ਵਾਹ! ਸਾਡਾ ਨੇਤਾ ਬੁੱਧੀਮਾਨ ਤੇ ਚਲਾਕ ਹੀ ਨਹੀਂ, ਬਹੁਤ ਬਹਾਦਰ ਵੀ ਏ।’’ ਲੂੰਮੜੀ ਨੇ ਜ਼ੋਰ ਨਾਲ ਪੁਕਾਰਿਆ ਤੇ ਬਾਕੀ ਜਾਨਵਰ ਇਕਸੁਰ ਹੋ ਕੇ ਪੁਕਾਰ ਉੱਠੇ, ‘‘ਸਾਡਾ ਨੇਤਾ ਬੁੱਧੀਮਾਨ ਤੇ ਚਲਾਕ…।’’
ਅਚਾਨਕ ਟਰੱਕ ਆਪਣੀ ਪੂਰੀ ਰਫ਼ਤਾਰ ਨਾਲ ਉਨ੍ਹਾਂ ਨੂੰ ਮਿੱਧ ਕੇ ਲੰਘ ਗਿਆ। ਮਹਾਨ, ਬੁੱਧੀਮਾਨ ਤੇ ਚਲਾਕ ਨੇਤਾ ਦੇ ਨਾਲ ਉਹਦੇ ਮੂਰਖ ਚੇਲਿਆਂ ਦੀਆਂ ਲਾਸ਼ਾਂ ਦੂਰ-ਦੂਰ ਤਕ ਖਿੱਲਰੀਆਂ ਪਈਆਂ ਸਨ।
,
~ ਜੇਮਜ਼ ਥਰਬਰ
(ਮੋਦੀ ਚੇਤੇ ਆ ਗਿਆ)

...
...

ਤੇਤੀ ਚੌਂਤੀ ਵਰੇ ਪਹਿਲਾਂ ਦੀ ਗੱਲ ਏ..
ਗਿਆਰਾਂ ਜਾਂਞੀਆਂ ਵਾਲਾ ਕ਼ਾਨੂਨ ਅਜੇ ਚੰਗੀ ਤਰਾਂ ਲਾਗੂ ਨਹੀਂ ਸੀ ਹੋਇਆ..ਦਸਵੀਂ ਵਿਚ ਪੜ੍ਹਦੀਆਂ ਸਾਡਾ ਚਾਰ ਕੁੜੀਆਂ ਦਾ ਗਰੁੱਪ ਹੋਇਆ ਕਰਦਾ ਸੀ..
ਵਿਆਹ ਇੱਕ ਦੀ ਰਿਸ਼ਤੇਦਾਰੀ ਵਿਚ ਹੁੰਦਾ ਪਰ ਜਾਣਾ ਅਸੀਂ ਸਾਰੀਆਂ ਨੇ ਇੱਕਠੀਆਂ ਨੇ ਹੁੰਦਾ ਸੀ..

ਇੰਝ ਹੀ ਇੱਕ ਵਾਰ ਆਪਣੇ ਪਿੰਡ ਹੀ ਇਕ ਵਿਆਹ ਤੇ ਚੱਲੀਆਂ ਗਈਆਂ..
ਬਰਾਤ ਆਈ..ਮਿਲਣੀ ਅਤੇ ਖਾਣੀ ਪੀਣੀ ਮਗਰੋਂ ਵੱਡੀ ਉਮਰ ਦਾ ਇੱਕ ਬਰਾਤੀ ਭਾਈ ਸਾਡੇ ਵੱਲ ਵੇਖਣੋਂ ਨਾ ਹਟੇ..!

ਅਸੀਂ ਜਿਥੇ ਜਾਂਦੀਆਂ ਉਸਦੀ ਨਜਰ ਤੇ ਕਦਮ ਸਾਡੇ ਵੱਲ..
ਅਖੀਰ ਲਾਵਾਂ ਫੇਰਿਆਂ ਮਗਰੋਂ ਇੱਕ ਮੌਕੇ ਜਦੋਂ ਉਸਨੇ ਸਾਡੇ ਵਿਚੋਂ ਇੱਕ ਨੂੰ ਪੈਰੀ ਜੁੱਤੀ ਪਾਉਂਦੀ ਹੋਈ ਨੂੰ ਭੱਦਾ ਜਿਹਾ ਇਸ਼ਾਰਾ ਕਰ ਦਿੱਤਾ ਤਾਂ ਫੇਰ ਸਾਤੋਂ ਰਿਹਾ ਨਾ ਗਿਆ..
ਅਸੀਂ ਚਾਰਾਂ ਨੇ ਸਲਾਹ ਕੀਤੀ..!
ਸਾਡੇ ਵਿਚੋਂ ਇੱਕ ਕੁੜੀ ਓਪਰਾ ਜਿਹਾ ਜਵਾਕ ਲਾਲਚ ਦੇ ਕੇ ਸੱਦ ਲਿਆਈ..
ਇੱਕ ਰੁੱਕਾ ਲਿਖ ਉਸਨੂੰ ਫੜਾ ਦਿੱਤਾ ਤੇ ਉਸ ਨੂੰ ਉਸ ਭਾਈ ਵੱਲ ਨੂੰ ਤੋਰ ਦਿੱਤਾ..!

ਰੁੱਕੇ ਵਿਚ ਲਿਖਿਆ ਸੀ..ਜਿਥੇ ਬਰਾਤ ਢੁੱਕੀ ਸੀ ਉਸਦੇ ਨਾਲ ਹੀ ਗੁਰੂਦੁਆਰੇ ਕੋਲ ਬਣੀ ਹਵੇਲੀ ਵਿਚ ਸਾਨੂੰ ਆ ਕੇ ਮਿਲ..!
ਚਮਕੀਲੇ ਵਾਲੇ “ਪਹਿਲੇ ਲਲਕਾਰੇ ਨਾਲ ਮੈਂ ਡਰ ਗਈ” ਵਾਲੇ ਗੀਤ ਤੇ ਭੰਗੜਾ ਪਾਉਂਦੇ ਨੇ ਜਦੋਂ ਰੁੱਕਾ ਪੜਿਆ ਤਾਂ ਉਸਦੇ ਪੈਰ ਭੋਏਂ ਤੇ ਨਾ ਲੱਗਣ!

ਅਸੀਂ ਤਿੰਨ ਚਾਰ ਲਫਾਫੇ ਗੋਹੇ ਦੇ ਪਹਿਲਾਂ ਹੀ ਭਰ ਲਏ..ਫੇਰ ਆਪ ਹਵੇਲੀ ਦੇ ਉੱਤੇ ਤੱਕ ਜਾਂਦੀ ਸੰਘਣੇ ਰੁੱਖਾਂ ਦੀ ਇੱਕ ਟਾਹਣ ਓਹਲੇ ਲੁਕ ਉਸਦੀ ਉਡੀਕ ਵਿਚ ਬੈਠ ਗਈਆਂ..!
ਉਹ ਮੁੱਛਾਂ ਨੂੰ ਤਾ ਦਿੰਦਾ ਏਧਰ ਓਧਰ ਵੇਖਦਾ ਹੋਇਆ ਅੰਦਰ ਆਇਆ..ਅਸੀਂ ਐਨ ਮੌਕੇ ਉੱਤੋਂ ਲਫਾਫਿਆਂ ਦਾ ਮੀਂਹ ਵਰਾ ਦਿੱਤਾ ਤੇ ਆਪ ਕੋਠਿਓਂ ਕੋਠੇ ਹੁੰਦੀਆਂ ਹੋਈਆਂ ਵਿਆਹ ਵਿਚ ਅੱਪੜ ਗਈਆਂ..ਕਿਸੇ ਨੂੰ ਕੁਝ ਪਤਾ ਨਹੀਂ ਲੱਗਾ ਕੇ ਕੀ ਕਰ ਕੇ ਆਈਆਂ..!
ਫੇਰ ਸਾਡਾ ਸਾਰੀਆਂ ਦਾ ਧਿਆਨ ਬਾਹਰ ਗੇਟ ਵੱਲ ਕੇ ਉਹ ਕਦੋਂ ਆਉਂਦਾ..
ਅਖੀਰ ਉਹ ਸਾਨੂੰ ਦਿਸ ਹੀ ਪਿਆ..ਕੱਪੜੇ ਬਦਲ ਕੇ ਆਇਆ ਹੁਣ ਉਹ ਜਾਂਞੀ ਘੱਟ ਤੇ ਪੁਲਸ ਵਾਲਾ ਜਿਆਦਾ ਲੱਗ ਰਿਹਾ ਸੀ..!
ਉਸਨੇ ਸ਼ਾਇਦ ਇੱਕ ਦੋ ਹੋਰ ਵੀ ਨਾਲ ਰਲਾ ਲਏ ਸਨ..ਉਹ ਸਾਰੇ ਸਾਡੇ ਵਲ ਗੁੱਸੇ ਨਾਲ ਵੇਖਣੋਂ ਨਾ ਹਟਣ..ਅਸੀਂ ਵੀ ਥੋੜਾ ਡਰ ਜਿਹੀਆਂ ਗਈਆਂ..
ਅਸੀ ਸੁਣ ਤੇ ਵੇਖ ਰਖਿਆ ਸੀ ਕੇ ਜੇ ਇੱਕ ਵੀ ਬਰਾਤੀ ਦੇ ਬੇਜਤੀ ਹੋ ਜਾਵੇ ਤਾਂ ਬਰਾਤ ਵਾਪਿਸ ਮੁੜ ਜਾਇਆ ਕਰਦੀ ਏ..
ਅਖੀਰ ਸ਼ਾਮੀਂ ਚਾਹ ਪਾਣੀ ਪੀ ਕੇ ਦਾਜ ਦੇ ਵਿਖਾਲੇ ਵੇਲੇ ਰੌਲਾ ਪੈ ਗਿਆ..
ਅਖ਼ੇ ਕਿਸੇ ਨੇ ਮੁੰਡੇ ਦੇ ਯਾਰ ਦੀ ਬੇਜਤੀ ਕੀਤੀ..ਗੋਹੇ ਦੀਆਂ ਪੋਟਲੀਆਂ ਮਾਰ ਮਾਰ ਲੀੜੇ ਲਬੇੜ ਦਿੱਤੇ..ਨਾਲੇ ਪੱਗ ਵੀ ਲਾਹ ਦਿੱਤੀ..!
ਹੁਣ ਸ਼ੱਕ ਦੀ ਸੂਈ ਸਾਡੇ ਚਾਰਾਂ ਵੱਲ ਘੁੰਮਣ ਲੱਗੀ..ਸਾਰੀ ਬਰਾਤ ਸਾਡੇ ਵੱਲ ਘੂਰ ਘੂਰ ਵੇਖਣ ਲੱਗੀ..!
ਅਖੀਰ ਖ਼ਤਰਾਂ ਭਾਂਪਦਿਆਂ ਸਾਡੇ ਵਿਚੋਂ ਇੱਕ ਖਿਸਕ ਗਈ..ਸਾਨੂੰ ਲੱਗਾ ਜਿੱਦਾਂ ਸਹਿੰਮ ਕੇ ਸਾਥ ਛੱਡ ਗਈ ਹੋਵੇ..ਖੈਰ ਅਸੀਂ ਬਾਕੀ ਰਹਿ ਗਈਆਂ ਤਿੰਨਾਂ ਨੇ ਸਲਾਹ ਕਰ ਲਈ ਕੇ ਜੇ ਗੱਲ ਅਗਾਂਹ ਵਧੀ ਤਾਂ ਸੱਚ ਬੋਲ ਦੇਣਾ..ਬਾਕੀ ਜੋ ਹੋਊ ਵੇਖੀ ਜਾਊ!

ਪਰ ਅਜੇ ਗੱਲ ਵਿਚ-ਵਿਚਾਲੇ ਹੀ ਸੀ ਕੇ ਥੋੜਾ ਚਿਰ ਪਹਿਲਾਂ ਖਿਸਕ ਗਈ ਨਾਲਦੀ ਬਾਹਰ ਗਲੀ ਵਿਚੋਂ ਆਉਂਦੀ ਦਿਸ ਪਈ..ਨਾਲ ਹੀ ਘੋੜੀ ਤੇ ਚੜਿਆ ਉਸਦਾ ਵੱਡਾ ਵੀਰ..!
ਸਾਨੂੰ ਇੰਝ ਲੱਗਿਆ ਜਿੱਦਾਂ ਮੁਗਲਾਂ ਦੇ ਵੱਡੇ ਗਰੁੱਪ ਵਿਚ ਘਿਰੀਆਂ ਹੋਈਆਂ ਸਾਨੂੰ ਸਾਰੀਆਂ ਨੂੰ ਅਠਾਰਵੀਂ ਸਦੀ ਦਾ ਕੋਈ ਸਿੰਘ ਛੁਡਾਉਣ ਆਣ ਪਿਆ ਹੋਵੇ..!

ਸਾਨੂੰ ਵੀਰ ਜੀ ਨੂੰ ਕੋਈ ਵੀ ਗੱਲ ਦੱਸਣ ਦੀ ਲੋੜ ਨਾ ਪਈ..ਸਭ ਕੁਝ ਪਹਿਲਾ ਹੀ ਪਤਾ ਸੀ..ਓਹਨਾ ਦੇ ਆਉਂਦਿਆਂ ਹੀ ਸਪੀਕਰ ਤੇ ਵੱਜਦਾ ਚਮਕੀਲਾ ਆਪਣੇ ਆਪ ਬੰਦ ਹੋ ਗਿਆ ਤੇ ਸ਼ਰਾਬ ਪੀ ਪੀ ਕਮਲੇ ਹੋਏ ਵੀ ਇੱਕਦਮ ਸਿਧੇ ਖਲੋ ਗਏ..!

ਫੇਰ ਘੋੜੀ ਤੇ ਚੜਿਆ ਵੀਰ ਜੀ ਕਿੰਨਾ ਚਿਰ ਬੋਲਦਾ ਰਿਹਾ ਤੇ ਸਾਰੀ ਬਰਾਤ ਚੁੱਪ ਕਰਕੇ ਸਾਰਾ ਕੁਝ ਇੰਝ ਸੁਣਦੀ ਰਹੀ ਜਿੱਦਾਂ ਕੋਈ ਮਹਾਪੁਰਸ਼ ਕਥਾ ਕਰ ਰਿਹਾ ਹੋਵੇ..!
ਮਗਰੋਂ ਸੁਸਰੀ ਵਾਂਙ ਸੋਂ ਗਈ ਬਰਾਤ ਕੁਝ ਹੀ ਘੜੀਆਂ ਮਗਰੋਂ ਰਵਾਨਗੀ ਪਾ ਗਈ..

ਫੇਰ ਤ੍ਰਿਨਵੇਂ ਤੱਕ ਜਿੰਨਾ ਚਿਰ ਵੀਰ ਜੀ ਦੀ ਖਬਰ ਨਹੀਂ ਸੀ ਛਪ ਗਈ ਸਾਰੇ ਪਿੰਡ ਵਿਚ ਕਿਸੇ ਦੀ ਜੁੱਰਤ ਨਹੀਂ ਪਈ ਕੇ ਚਮਕੀਲੇ ਦਾ ਭੜਕੀਲਾ ਗੀਤ ਲਾ ਸਕੇ..

ਆਖਣ ਵਾਲੇ ਉਸਨੂੰ ਕਾਲਾ ਦੌਰ ਆਖਦੇ ਨੇ ਪਰ ਕਈ ਮਾਮਲਿਆਂ ਵਿਚ ਅੱਜ ਵਾਲੇ ਚਿੱਟੇ ਨਾਲ਼ੋਂ ਕਈ ਗੂਣਾ ਜਿਆਦਾ ਲਿਸ਼ਕਾਂ ਮਾਰਿਆਂ ਕਰਦਾ ਸੀ..!

ਹਰਪ੍ਰੀਤ ਸਿੰਘ ਜਵੰਦਾ

...
...

“ਯਾਰ ਪਵਨ, ਚੱਲ ਸੈਰ ਕਰਨ ਚਲਦੇ ਹਾਂ। ਮੌਸਮ ਬਹੁਤ ਸੁਹਾਵਣਾ ਹੈ।” ਕਾਲੀਆ ਘਟਾਵਾਂ ਨੂੰ ਚੜ੍ਹਦੇ ਦੇਖ ਨਮਨ ਨੇ ਕਿਹਾ। ਉਹ ਮੇਨ ਪਾਰਕ ਵਿੱਚ ਘੁੰਮਣ ਲੱਗੇ। ਨਮਨ ਰੁੱਕ ਗਿਆ, ਇਕ ਰੁੰਖ ਦੇ ਹੇਠਾਂ ਕੁੜੀ ਤੇ ਮੁੰਡੇ ਨੂੰ ਬੈਠੇ ਦੇਖਿਆ। ਪਵਨ ਨੇ ਕਿਹਾ ਕਿ ਇਸਦੇ ਦੋ-ਚਾਰ ਚਪੇੜਾਂ ਮਾਰ ਅਕਲ ਆ ਜਾਵੇਗੀ।
ਪਰ ਨਮਨ ਐਵੇ ਖੜ੍ਹਾ ਹੋ ਗਿਆ ਜਿਥੋ ਰੁੱਖ ਥੱਲੇ ਬੈਠਿਆਂ ਨੂੰ ਦੇਖ ਸਕੇ। ਪਰ ਉਹ ਨਾ ਦੇਖ ਸਕਣ।
ਕੁਝ ਸਮੇਂ ਬਾਦ ਮੁੰਡਾ ਪਾਰਕ ਤੋਂ ਬਾਹਰ ਜਾਣ ਲੱਗਾ ਨਮਨ ਨੇ ਪਵਨ ਦੇ ਕੰਨ ਵਿੱਚ ਕੁਛ ਕਿਹਾ ਤੇ ਪਵਨ ਉਸ ਮੁੰਡੇ ਦੇ ਪਿੱਛੇ ਚਲਾ ਗਿਆ।
ਨਮਨ ਕੁੜੀ ਦੇ ਪਿੱਛੇ-ਪਿੱਛੇ ਘਰ ਆ ਗਿਆ।
“ਤੂੰ ਅੱਜ ਕਿਸਨੂੰ ਮਿਲਣ ਗਈ ਸੀ। ਤੂੰ ਆਪਣੇ ਵੱਡੇ ਵੀਰੇ ਨੂੰ ਝੂਠ ਬੋਲ ਰਹੀ ਹੈ। ਮੈਂ ਤੈਨੂੰ ਉਸ ਲੜਕੇ ਨਾਲ ਬੈਠੇ ਦੇਖ ਲਿਆ ਸੀ। ”
ਨਮਨ ਦੀ ਭੈਣ ਮੰਜੂ ਥੋੜੀ ਜਿਹੀ ਘਬਰਾ ਗਈ।
ਤੂੰ ਤਾਂ ਸਹੇਲੀ ਤੋ ਕਾਪੀ ਲੈਣ ਗਈ ਸੀ ਫੇਰ ਉਥੇ ਕਿਵੇ ਪਹੁੰਚ ਗਈ। ਮੈਂ ਸਹੇਲੀ ਘਰ ਜਾ ਰਹੀ ਸੀ ਮੈਨੂੰ ਇਕ ਗੱਲ ਕਰਨ ਲਈ ਉਹ ਪਾਰਕ ਲੈਂ ਕੇ ਗਿਆ ਸੀ।
ਅੈਸੀ ਕਿਹੜੀ ਗੱਲ ਹੈ। ਤੂੰ ਉਸ ਬਾਰੇ ਕੀ ਜਾਣਦੀ ਹੈ? ਵੀਰੇ ਉਹ ਡਾਕਟਰ ਦਾ ਬੇਟਾ ਹੈ ਉਕ ਵੀ ਡਾਕਟਰੀ ਕਰ ਰਿਹਾ ਹੈ। ਪਰ ਉਸਨੂੰ ਸਾਦੇ ਰਹਿਣਾ ਚੰਗਾ ਲੱਗਦਾ ਹੈ।
ਮੈਨੂੰ ਫੋਨ ਦੇ, ਜਿਹੜਾ ਉਸਨੇ ਦਿੱਤਾ ਹੈ।
ਫੋਨ ਦੇਣ ਲੱਗਦੀ ਹੈ ਤਾਂ ਫੋਨ ਦੀ ਘੰਟੀ ਵੱਜ ਜਾਂਦੀ ਹੈ। ਨਮਨ ਸਪੀਕਰ ਤੇ ਫੋਨ ਕਰਕੇ ਮੰਜੂ ਨੂੰ ਦੇ ਦਿੰਦਾ ਹੈ।
‘ਮੰਜੂ ਕਲ ਸ਼ਾਮ ਚਾਰ ਵਜੇ ਘਰ ਤੋ ਸਾਰੇ ਗਹਿਣੇ ਤੇ ਰੁਪਏ ਲੈਂ ਕੇ ਪਾਰਕ ਵਿੱਚ ਆਵੀਂ।” ਨਮਨ ਫੋਨ ਕੱਟ ਦਿੰਦਾ ਹੈ।
ਨਮਨ ਸਮਝਾਣ ਦੇ ਲਹਿਜੇ ਵਿੱਚ ਕਹਿੰਦਾ ਹੈ ਅਵਾਰਾ ਕਿਸਮ ਦੇ ਮੁੰਡੇ ਇਵੇਂ ਨਹੀਂ ਬੁਲਾਉਂਦੇ ਹਨ ਸਮਝਦਾਰ ਲੜਕੇ ਕਦੇ ਵੀ ਗਲਤ ਸਲਾਹ ਨਹੀਂ ਦਿੰਦੇ। ਉਸੇ ਸਮੇਂ ਨਮਨ ਦੇ ਵਟਸ-ਅੈਪ ਤੇ ਵੀਡੀਓ ਆ ਜਾਂਦੀ ਹੈ।
ਉਹ ਮੰਜੂ ਨੂੰ ਦਿਖਾਦਾ ਹੈ। ਉਹ ਦੇਖ ਕੇ ਹੈਰਾਨ ਹੋ ਜਾਂਦੀ ਹੈ। ਉਹ ਛੋਟੀ ਜਿਹੀ ਬਸਤੀ ਵਿੱਚ ਰਹਿੰਦਾ ਹੈ। ਉਹ ਕਹਿੰਦਾ ਹੈ, ਇਸ ਵਾਰ ਮੱਛਲੀ ਜਲਦੀ ਫਸ ਗਈ। ਵੀਡੀਓ ਦੇਖਦੇ ਉਹ ਉਦਾਸ ਹੋ ਗਈ ਉਸਨੇ ਗੁੱਸੇ ਵਿੱਚ ਵੀਡਿਓ ਬੰਦ ਕਰ ਦਿੱਤੀ। ਮੰਜੂ ਦੀਆਂ ਅੱਖਾਂ ਖੁੱਲ੍ਹ ਗਈਆਂ।
ਮੰਜੂ ਵੀਰੇ ਦੇ ਗਲੇ ਲੱਗਕੇ ਕਹਿੰਦੀ ਹੈ। ਵੀਰ ਜੀ, ਤੁਸੀਂ ਮੈਨੂੰ ਬਚਾ ਲਿਆ। ਤੁਸੀਂ ਮੈਨੂੰ ਸਹੀ ਮਾਰਗ ਦਿਖਾਇਆ ਹੈ। ਤੁਸੀਂ ਮੇਰੇ ਮਾਰਗ ਦਰਸ਼ਕ ਹੋ।

Submitted By:- ਭੁਪਿੰਦਰ ਕੌਰ ਸਢੌਰਾ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)