Posts Uploaded By ਬੱਚਿਆਂ ਦੀਆਂ ਕਹਾਣੀਆਂ

Sub Categories

ਇੱਕ ਪਿੰਡ ਵਿੱਚ ਇੱਕ ‘ਰਾਣੋ ‘ ਨਾਂ ਦੀ ਕੁੜੀ ਰਹਿੰਦੀ ਸੀ। ਉਹ ਨਾਲ਼ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਪੜ੍ਹਨ ਲਈ ਜਾਂਦੀ ਸੀ। ਉਸ ਦੇ ਪਿਤਾ ਜੀ ਕਿਸਾਨ ਸਨ ਅਤੇ ਮਾਤਾ ਜੀ ਸਿਲਾਈ ਕਢਾਈ ਦਾ ਕੰਮ ਕਰਦੇ ਸਨ। ਰਾਣੋ ਬਹੁਤ ਭੋਲੀ ਸੀ ਪਰ ਪੜ੍ਹਾਈ ਵਿੱਚ ਹੁਸ਼ਿਆਰ ਸੀ। ਉਸ ਦਾ ਹਰ ਵਾਰ ਜਮਾਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨਾ ਉਸ ਦੀਆਂ ਸਹੇਲੀਆਂ ਨੂੰ ਪਸੰਦ ਨਹੀਂ ਸੀ। ਇਸ ਕਰਕੇ ਉਸ ਦੀਆ ਸਹੇਲੀਆਂ ਨੇ ਉਸ ਨੂੰ ਗ਼ਲਤ ਰਾਹ ਤੇ ਪਾਉਣਾ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਉਸ ਦਾ ਧਿਆਨ ਪੜ੍ਹਾਈ ਤੋਂ ਹਟ ਜਾਵੇ।
ਸਹੇਲੀਆਂ ਦੇ ਕਹੇ ਅਨੁਸਾਰ ਰਾਣੋ ਕਾਲਜ ਦੀ ਥਾਂ ਸਿਨਮੇ ਜਾਣ ਲੱਗ ਪਈ ਸੀ ਅਤੇ ਪੜ੍ਹਾਈ ਵਿਚ ਉਸਦੀ ਕੋਈ ਦਿਲਚਸਪੀ ਨਹੀਂ ਸੀ ਰਹੀ।ਰਾਣੋ ਦੇ ਮਾਤਾ ਪਿਤਾ ਨੂੰ ਇਸ ਗੱਲ ਦੀ ਰਤਾ ਖ਼ਬਰ ਨਹੀਂ ਸੀ।ਪਰ ਉਸ ਦੀਆਂ ਸਹੇਲੀਆਂ ਉਸ ਨੂੰ ਪੜ੍ਹਾਈ ਵਿੱਚ ਕਮਜ਼ੋਰ ਹੁੰਦਿਆਂ ਦੇਖ ਕੇ ਖੁਸ਼ ਸਨ।ਪਰ ਰਾਣੋ ਨੂੰ ਹੌਲੀ ਹੌਲੀ ਆਪਣੀਆਂ ਹਰਕਤਾਂ ਉੱਤੇ ਗੁੱਸਾ ਆਉਣ ਲੱਗ ਪਿਆ।ਰਾਣੋ ਦੀ ਇੱਕ ਸਹੇਲੀ ‘ਪੂਜਾ ‘ ,ਆਕੇ ਰਾਣੋ ਨੂੰ ਕਹਿਣ ਲੱਗੀ “ਰਾਣੋ ਸਾਡੇ ਬਾਪੂ ਕੋਲ ਪਿਸਤੌਲ ਹੈ,ਜਿਸ ਦੇ ਡਰ ਕਰਕੇ ਅਸੀਂ ਬਾਹਰ ਨਹੀਂ ਜਾ ਸਕਦੀਆਂ,ਪਰ ਤੇਰੇ ਬਾਪੂ ਕੋਲ ਕੋਈ ਹਥਿਆਰ ਨਹੀਂ ਹੈ ਤੇ ਤੂੰ ਬਿਨਾ ਕਿਸੇ ਡਰ ਕਾਲਜ ਤੋਂ ਬਾਹਰ ਘੁੰਮ ਸਕਦੀ ਹੈਂ।” ਸੁਣ ਕੇ ਰਾਣੋ ਨੂੰ ਬਹੁਤ ਹੀ ਗੁੱਸਾ ਆਇਆ ਤੇ ਉਸ ਦਾ ਜਵਾਬ ਸੀ -“ਚਾਹੇ ਮੇਰੇ ਗਰੀਬ ਬਾਪੂ ਕੋਲ ਕੋਈ ਹਥਿਆਰ ਨਹੀਂ ਹੈ, ਪਰ ਮੈਨੂੰ ਮੇਰੇ ਬਾਪੂ ਦੇ ਉਸ ‘ਇੱਜ਼ਤ’ ਦੇ ਹਥਿਆਰ’ ਤੋਂ ਬਹੁਤ ਡਰ ਲਗਦਾ ਹੈ,ਜਿਸ ਦਾ ਕੋਈ ਲਾਇਸੈਂਸ ਵੀ ਨਹੀਂ।
ਅਮਨ ਸ਼ਰਮਾ

...
...

ਕਿਸੇ ਨਿੱਕੇ ਜਿਹੇ ਪਿੰਡ ਵਿੱਚ ਇੱਕ ਮਿਹਨਤੀ ਘੁਮਿਆਰ ਦੇ ਚਾਰ ਕਬੀਲਦਾਰ ਪੁੱਤਰ ਰਹਿੰਦੇ ਸਨ। ਤਿੰਨ ਜਣੇ ਤਾਂ ਮਿਹਨਤ ਮਜ਼ਦੂਰੀ ਕਰ ਕੇ ਖਾਂਦੇ ਸਨ, ਪਰ ਸਭ ਤੋਂ ਛੋਟਾ ਬੰਸੀ ਕੰਮ ਨਹੀਂ ਸੀ ਕਰਦਾ। ਕੁੱਝ ਚਿਰ ਤਾਂ ਭਰਾਵਾਂ ਨੇ ਮੂੰਹ ਵਲ ਵੇਖਿਆ ਬਈ ਅੱਜ ਵੀ ਕੰਮ ਕਰਦਾ, ਕੱਲ੍ਹ ਵੀ ਕਰਦਾ ਪਰ ਬੰਸੀ ਆਪਣੀਆਂ ਆਦਤਾਂ ਤੋਂ ਬਾਜ਼ ਨਾ ਆਇਆ, ਅਖ਼ੀਰ ਭਰਾਵਾਂ ਨੇ ਉਸ ਨੂੰ ਅੱਡ ਕਰ ਦਿੱਤਾ।ਕਿ ਬਈ, ਆਪੇ ਸ਼ਰਮ ਦਾ ਮਾਰਾ ਵਹੁਟੀ ਨੂੰ ਲਿਆ ਕੇ ਖੁਆਏਗਾ। ਜਦ ਬੰਸੀ ਦੇ ਗਲ ਕਬੀਲਦਾਰੀ ਦਾ ਢੋਲ ਪਿਆ ਤਾਂ ਉਸ ਨੂੰ ਵਜਾਉਣਾ ਪਿਆ। ਇੱਕ ਦਿਨ ਦੀ ਗੱਲ ਹੈ, ਕਿ ਬੰਸੀ ਰਾਤ ਨੂੰ ਮੱਝ ਦੀ ਧਾਰ ਚੋਣ ਵਾਸਤੇ ਗਿਆ, ਆਉਣ ਲੱਗੇ ਨੂੰ ਦੀਵੇਂ ਨੂੰ ਫੂਕ ਮਾਰਨ ਦਾ ਖ਼ਿਆਲ ਨਾ ਰਿਹਾ। ਸ਼ੱਕਰ ਰੱਬ ਦਾ ਮੱਝ ਬਾਹਰ ਬੰਨੀ ਹੋਣ ਕਾਰਨ ਬਚ ਗਈ, ਪਰ ਕੁੱਲੀ ਦਾ ਕੱਖ ਨਾ ਰਿਹਾ ਉਹ ਸਾਰੀ ਸੁਆਹ ਬਣ ਗਈ । ਬੰਸੀ ਨੂੰ ਸਾਰੇ ਬੁਰਾ-ਭਲਾ ਆਖ ਰਹੇ ਸਨ। ਬਈ ਕੋਈ ਕੰਮ ਦਿਮਾਗ਼ ਖੋਲ੍ਹ ਕੇ ਨਹੀਂ ਕਰਦਾ। ਬੰਸੀ ਨੇ ਚੁੱਪ-ਚਾਪ ਸੁਆਹ ਦੀ ਬੋਰੀ ਭਰੀ ਤੇ ਖੋਤੇ ਉੱਪਰ ਲੱਦੀ। ਘਰ ਵਾਲੀ ਨੂੰ ਤਾਕੀਦ ਕੀਤੀ ਕਿ ਬਸ ਮੈਂ ਗਿਆ ਤੇ ਆਇਆ, ਉਹ ਘਰੋਂ ਨਿਕਲ ਪਿਆ। ਉਹ ਹਾਲੇ ਕੁਝ ਵਾਟ ਹੀ ਗਿਆ ਸੀ ਕਿ ਉਸ ਨੂੰ ਇੱਕ ਔਰਤ ਆਪਣੇ ਬੱਚੇ ਸਮੇਤ ਪੈਦਲ ਜਾਂਦੀ ਮਿਲ ਪਈ। ਜਿਵੇਂ ਆਖਦੇ ਹੁੰਦੇ ਬਈ ਗੱਡਾ ਵੇਖ ਕੇ ਪੈਰ ਭਾਰੇ ਹੋ ਜਾਂਦੇ ਹਨ। ਇਵੇਂ ਹੀ ਔਰਤ ਆਪਣੇ ਬੱਚੇ ਨੂੰ

ਖੋਤੇ ‘ਤੇ ਬਿਠਾਉਣ ਲਈ ਬੰਸੀ ਦੀਆਂ ਮਿੰਨਤਾਂ ਕਰਨ ਲੱਗੀ। “ਵੇਖ ਬੀਬੀ ਮੈਂ ਤੇਰੇ ਮੁੰਡੇ ਨੂੰ ਬਿਠਾ ਤਾਂ ਲੈਂਦਾ ਹਾਂ, ਪਰ ਜੇ ਤੇਰੇ ਮੁੰਡੇ ਨੇ ਮੇਰਾ ਕੋਈ ਨੁਕਸਾਨ ਕਰਤਾ ਤਾਂ ਜ਼ਿੰਮੇਵਾਰੀ ਤੇਰੀ ਐ। ਔਰਤ ਦੀ ਹਾਮੀ

ਭਰਨ ਦੀ ਦੇਰ ਸੀ, ਬੰਸੀ ਨੇ ਝੱਟ ਜਵਾਕ ਉੱਪਰ ਬਿਠਾ ਲਿਆ। ਅੱਗ ਜਦ ਉਸ ਔਰਤ ਦਾ ਪਿੰਡ ਆਇਆ ਤਾਂ ਉਸ ਨੇ ਜਵਾਕ ਉਤਾਰਨ ਵਾਸਤੇ ਕਿਹਾ ਤਾਂ, ਕੁੱਛੜ ਵਿੱਚ ਲੈ ਕੇ ਜਵਾਕ ਉਤਾਰਨ ਲੱਗੇ ਨੇ ਮੂੰਹ ਨਾਲ ਪੱਦ ਦੀ ਵਾਜ਼ ਕੱਢੀ ਤੇ ਨਾਲ ਹੀ ਧਾਹ ਮਾਰੀ: “ਮਰ ਗਿਆ ਉਏ ਰੱਬਾ! ਮੇਰਾ ਸਾਰਾ ਸਮਾਨ ਰਾਖ (ਸੁਆਹ) ਕਰਤਾ।

“ਕਾਕਾ ਕਿਉ ਡਾਅਦ ਪਾਇਆ, ਮੇਰੇ ਕੁਝ ਪੱਲੇ ਪਾ ਕੀ ਗੱਲ ਬਣੀ।

‘ਬਣਨਾ ਕੀ ਬੀਬੀ ਤੇਰੇ ਜਵਾਕ ਨੇ ਉਹੀ ਗੱਲ ਕੀਤੀ ਜੀਹਦਾ ਡਰ ਸੀ। ਮਾਰ ਕੇ ਪਦ ਮੇਰਾ ਕੀਮਤੀ ਸਮਾਨ ਰਾਖ ਕਰਤਾ। ਨਾਲ ਹੀ ਸੁਆਹ ਕੱਢ ਕੇ ਵਿਖਾ ਦਿੱਤੀ। “ਵੇਖ ਕਾਕਾ ਮੈਨੂੰ ਤਾਂ ਪਤਾ ਨਹੀ ਤੇਰਾ ਸਮਾਨ ਕਿੰਨੇ ਦਾ ਪਰ ਮੈਂ ਤੇਰਾ ਹਰਜ਼ਾਨਾ ਭਰਨ ਨੂੰ ਤਿਆਰ ਆ “ਰੁਪਿਆ ਪੂਰਾ ਪੰਜ ਸੋ ਲੈਣਾ ਨਾ ਘੱਟ ਨਾ ਵੱਧ।

“ਨਾ ਕਾਕਾ ਬੰਦੇ ਦਾ ਕੋਈ ਦੀਨ-ਈਮਾਨ ਵੀ ਹੁੰਦਾ ਹੈ, ਕੋਈ ਮਾੜੀ ਮੋਟੀ ਸ਼ਰਮ ਕਰ। ਸਹੀ-ਸਹੀ ਪੇਸੇ ਦੱਸ ਜਿਹੜੇ ਲੈਣੇ ਆ ਇੱਥੇ ਬੱਕਰੀ ਨਹੀ ਨੇਟ ਹੱਗਦੀ।

ਰੌਲਾ ਸੁਣ ਕੇ ਲੋਕ ਆ ਗਏ, ਬੰਸੀ ਨੇ ਉਹਨਾਂ ਨੂੰ ਆਪਣੀ ਰਾਮ ਕਹਾਣੀ ਸੁਣਾਈ। ਅਖ਼ੀਰ ਚਾਰ ਸੌ ਰੁਪਏ ‘ਤੇ ਫ਼ੈਸਲਾ ਹੋਇਆ। ਔਰਤ ਨੇ ਮੱਚਦੀ -ਸੜਦੀ ਨੇ ਘਰੋਂ ਲਿਆ ਦਿੱਤੇ। ਖੀਸੇ ਪੈਸੇ ਪਾ ਬੰਸੀ ਘਰ ਆ ਕੇ ਫਿਰ ਸ਼ੌਕ ਦੇ ਕਬੂਤਰ ਉਡਾਉਣ ਲੱਗਾ। ਭਰਾਵਾਂ ਨੇ ਪੁੱਛਿਆ, “ਸਾਲਿਆ, ਡੱਕਾ ਤੋੜ ਕੇ ਦੁਹਰਾ ਕਰਦਾ ਨਹੀਂ ਮੌਜਾਂ ਲੁੱਟਣ ਨੂੰ ਪੈਸੇ ਕਿਥੋ ਆ ਗਏ।
“ਕੀ ਦੱਸਾ ਅੰਮਾਜਾਇਓ, ਆਪਣੀ ਕੁੱਲੀ ਦੀ ਸੁਆਹ ਵੇਚ ਕੇ ਆਇਆ

ਹਾਂ। ਇੱਥੇ ਕਾਫ਼ੀ ਦੂਰ ਚੜ੍ਹਦੇ ਪਾਸੇ ਰਾਖ ਵਿਕਦੀ ਐ। ਤੁਸੀ ਵੀ ਕੁੱਲੀਆਂ ਸਾੜ ਕੇ ਵੇਚ ਆਓ।

ਦੁਸਰੇ ਭਰਾ ਬੰਸੀ ਦੀਆਂ ਗੱਲਾਂ ਵਿੱਚ ਆ ਗਏ। ਸਵੇਰੇ ਹੀ ਉਨ੍ਹਾਂ

ਕੁੱਲੀਆਂ ਸਾੜੀਆਂ ਤੇ ਤੁਰ ਪਏ। ਉੱਚੀ-ਉੱਚੀ ਹੋਕਾ ਦੇਣ ਬਈ ਸੁਆਹ
ਲਉ, ਬਈ ਸੁਆਹ ਲੈ ਲਉ। ਲੋਕਾਂ ਨੇ ਗਾਲਾਂ ਕੱਢੀਆਂ ‘ਭੱਜ ਜਾਓ, ਸਾਲੇ ਮੁਰਖ ਨਾ ਹੋਣ ਕਿਸੇ ਥਾਂ ਦੇ ਕਦੇ ਕਿਤੇ ਸੁਆਹ ਵੀ ਵਿਕੀ ਆ।ਉਹ ਰਾਖ ਉਥੇ ਸੁੱਟ ਕੇ ਗਾਲਾਂ ਕੱਢਦੇ ਘਰ ਵੱਲ ਤੁਰ ਪਏ, ਆਉਦਿਆਂ ਹੀ ਬੰਸੀ ਨੂੰ ਸੁੱਖ ਵਾਲੇ ਬੱਕਰੇ ਵਾਂਗੂ ਢਾਅ ਲਿਆ। ਕਹਿਣ ਲੱਗੇ “ਤੂੰ ਸਾਡਾ ਭਰਾ ਨਹੀਂ, ਦੁਸ਼ਮਣ ਐਂ-ਦੁਸ਼ਮਣ। ਅਸੀਂ ਤੇਰੀਆਂ ਗੱਲਾਂ ਵਿੱਚ ਆ ਗਏ। ਬੰਸੀ ਨਾਲੇ ਤਾਂ ਛਿੱਤਰ ਖਾਂਦਾ ਰਿਹਾ ਤੇ ਨਾਲ ਹੀ ਮਨ ਹੀ ਮਨ ਹੱਸਦਾ ਰਿਹਾ, ਮੈਨੂੰ ਨਿਕਮਾ ਸਮਝਦੇ ਆ ਮੈਂ ਮਿੱਟੀ ਨੂੰ ਹੱਥ ਲਾ ਦੇਵਾਂ ਉਹ ਸੋਨਾ ਬਣੀ ਜਾਂਦੀ ਹੈ। ਮਸਾਂ ਘਰ ਵਾਲੀ ਨੇ ਮਿੰਨਤਾਂ ਕਰ-ਕਰ ਕੇ ਛੁਡਵਾਇਆ। ਜਦੋਂ ਉਹ ਐਸ਼ ਕਰਨੋਂ ਨਾ ਹੱਟਿਆ ਤਾਂ ਉਹਦੇ ਪੈਸੇ ਮੁੱਕ ਗਏ। ਜਾਨ ਬਚਣ ਜੋਗਾ ਹੀ ਕੰਮ ਕਰਦਾ ਉਹਦੇ ਨਾਲ ਘਰ ਦੀ ਦੋ ਡੰਗ ਦੀ ਮਸਾਂ ਰੋਟੀ ਤੁਰਦੀ ਘਰ ਵਾਲੀ ਅਕਸਰ ਭੁੱਰਦੀ ਰਹਿੰਦੀ, ਅਜਿਹਾ ਚਿੰਤਾ ਰੋਗ ਚਿੰਬੜਿਆ ਕੇ ਉਹਨੂੰ ਨਾਲ ਹੀ ਲੈ ਗਿਆ ਭਾਵ ਘਟਦੀ-ਘਟਦੀ ਉਹ ਮਰ ਗਈ। ਬੰਸੀ ਨੇ ਉਹਦੇ ਨਵੇ ਲੀੜੇ ਪਾਏ, ਆਪਣੇ ਮੂਹਰੇ ਇਸ ਤਰ੍ਹਾਂ ਬਿਠਾ ਲਈ ਜਿਸ ਤਰਾਂ ਜਿਊਂਦੀ-ਜਾਗਦੀ ਹੋਵੇ। ਪਿੰਡਾਂ ਉਹ ਛਿਪਦੇ ਵਲ ਨੂੰ ਨਿੱਕਲ ਤੁਰਿਆ, ਤੁਰਦੇ ਤਰਦੇ ਉਹ ਵਾਹਵਾ ਵਾਟ ਲੰਘ ਆਇਆ ਤਾਂ ਕੀ ਵੇਖਦਾ ਇੱਕ ਥਾਂ ਤੀਆਂ ਲੱਗੀਆਂ ਹੋਈਆਂ। ਜਦ ਕੁੜੀਆਂ ਦੀ ਨਜ਼ਰ ਬੰਸੀ ਅਤੇ ਉਹਦੀ ਤੀਵੀਂ ’ਤੇ ਪਈ ਤਾਂ ਉਹ ਭੱਜ ਕੇ ਆਈਆਂ।
ਵ ਵੀਰਾ ਬਣ ਕੇ ਸਾਨੂੰ ਆਵਦੀ ਵਹੁਟੀ ਤਾਂ ਦਿਖਾ ਦੇ,ਵੇਖੀਏ ਕਿੰਨੀ ਕੁ ਸੋਹਣੀ ਐ।’

“ਨਾ ਬਈ , ਆਪਾਂ ਨਹੀਂ ਦਿਖਾਉਣੀ ਜੇ ਕੁਝ ਹੋ ਗਿਆ, ਤਾਂ ਜ਼ਿੰਮੇਵਾਰ

ਕੌਣ ਆ।

ਲੇ ਕੁੜੇ ਗੱਲਾਂ ਤਾਂ ਮੈਂ ਕਰਦਾ, ਜਿਵੇਂ ਇਹਦੇ ਕੋਲੇ ਇੰਦਰ ਦੀ ਪਰੀ ਹੋਵੇ ਜਿਹੜੀ ਕਿਸੇ ਦੇ ਮੱਥੇ ਨਹੀ ਲਗਦੀ।”

ਭਾਈ ਉਹ ਗੱਲ ਨਹੀ , ਦਰਅਸਲ ਗੱਲ ਇਹ ਹੈ ਕੀ ਇਹਨੂੰ ਬਿਮਾਰੀ

ਅਜਿਹੀ ਚੰਦਰੀ ਹੈ, ਮੈਂ ਹੁਣੇ ਹੀ ਹਥਲਾ ਕਰਵਾ ਕੇ ਲਿਆਇਆਂ, ਜੇ ਰਾਹ ਵਿੱਚ ਕਿਸ ਦੇ ਮੱਥੇ ਲੱਗ ਗਈ ਤਾਂ ਇਹਨੇ ਮਰ ਜਾਣਾ। ਦੇਖ ਭਾਵੇਂ ਹਜ਼ਾਰ ਵਾਰੀ ਲਉ, ਜੋ ਕੁਝ ਹੋ ਗਿਆ ਤਾਂ ਮੈਂ ਕੀ ਕਰੂ ?”

ਵੇਖ ਸਾਡੀ ਖੂਬ ਵਰਗੀ ਸਹੇਲੀ ਆ, ਇਹਦਾ ਕੰਤ ਮਰ ਗਿਆ ਸੀ। ਚਾਚੇ ਨਾਲ ਸਲਾਹ ਕਰਕੇ ਤੇਰੇ ਨਾਲ ਤੋਰ ਦਿਆਂਗੇ। ਉਹਨੇ ਕੁੜੀਆਂ ਨੂੰ ਮਾੜਾ ਜਿਹਾ ਘੁੰਢ ਚੁੱਕ ਕੇ ਦਿਖਾਇਆ ਅਤੇ ਨਾਲ ਹੀ ਉਹਨੇ ਹੱਥ ਛੱਡ ਦਿੱਤੇ, ਤੀਵੀਂ ਇੱਕ ਪਾਸੇ ਲੁੜਕ ਗਈ। ਬੱਸੀ ਫਿਰ ਲਰਾਂ

ਮਾਰਨ ਲੱਗਾ। ਚੱਲ ਕੁੜੀਆਂ ਨੇ ਆਪਣਾ ਵਾਅਦਾ ਪੂਰਾ ਕੀਤਾ, ਬੰਸੀ ਨਵੀ .

ਵਹੁਟੀ ਲੈ ਕੇ ਘਰ ਆ ਗਿਆ। ਜਦ ਭਰਾਵਾਂ ਨੂੰ ਪਤਾ ਲੱਗਾ ਤਾਂ ਉਹਨਾਂ ਪੁੱਛਿਆਂ ਹੁਣ ਕਿਹੜੀ ਸਕੀਮ ਲਾਈ।ਉਹ ਕਹਿੰਦਾ ਛਿਪਦੇ ਵੱਲੋਂ ਲੇ ਜਾਓ,ਤੇ ਗਲਾ ਘੁੱਟ ਕੇ ਮਾਰ ਦੇਓ
ਤੋਬਾ
‘ ਸਾਡੀ ਹੁਣ ਨਹੀਂ ਮਗਰ ਲੱਗਦੇ – ਇਹ ਆਖ ਭਰਾਵਾਂ ਨੇ

ਉਥੋਂ ਖਿਸਕਣਾ ਹੀ ਚੰਗਾ ਸਮਝਿਆ। ਨਵੀਂ ਵਹੁਟੀ ਦੇ ਚਾਅ ਵਿੱਚ ਬੈਸੀ ਸਾਰਾ ਦਿਨ ਭੱਜਿਆ ਫਿਰਦਾ ਰਹਿੰਦਾ। ਕੰਮ ਵੀ ਉਹ ਕਰਦਾ ਜੀਹਦੇ ਬਿਨਾਂ ਨਾ ਸਰਦਾ, ਹੁਣ ਭੁੱਖੀ ਤਿਹਾਈ ਮੱਝ ਮਰ ਗਈ। ਉਹਦੀ ਖੱਲ ਲੁਹਾ ਕੇ ਬਰੀ ਵਿੱਚ ਪਾਈ ਖੌਤੇ ਉੱਤੋਂ
ਲੱਦ ਕੇ ਤੁਰ ਪਿਆ, ਤੁਰਦਾ-ਤੁਰਦਾ ਜੰਗਲ ਵਿੱਚ ਪਹੁੰਚ ਗਿਆ। ਜੰਗਲ ਵਿੱਚ ਅਜਿਹਾ ਭਟਕਿਆ ਰਾਤ ਪੈ ਗਈ। ਉਸ ਨੇ ਸੋਚਿਆ ਕਿ ਹੈ ਮਨਾ, ਮੇਰੇ ਕੋਲ ਮੱਝ ਦੀ ਖੱਲ ਐ, ਮੁਸ਼ਕ ਨਾਲ ਸ਼ੇਰ-ਘਿਆੜ ਹੀ ਨਾ ਆ ਜੇ। ਇਹ ਸੋਚ ਕੇ ਖੋਤਾ ਤਾਂ ਉਹਨੇ ਚਰਨਾ ਛੱਡ ਤਾ ਤੇ ਆਪ ਖੱਲ ਲੈ ਕੇ ਕਿਸੇ ਰੁੱਖ ਤੇ ਚੜ੍ਹ ਗਿਆ। ਅੱਧੀ ਰਾਤ ਚਾਰ ਚੋਰ ਉਸ ਰੁੱਖ ਥੱਲੇ ਆ ਕੇ ਬੈਠ ਗਏ । ਲੱਗ ਪਏ ਆਪਣਾ ਚੋਰੀ ਕੀਤਾ ਸਮਾਨ ਵੰਡਣ। ਬੰਸੀ ਦਾ ਡਰਦੇ ਦਾ ਪਿਸ਼ਾਬ ਨਿਕਲ ਗਿਆ। ਚੋਰ ਵੀ ਡਰ ਗਏ ਉਪਰ ਕਿਤੇ ਭੂਤ ਹੀ ਨਾ ਹੋਵੇ, ਫਿਰ ਆਪ ਹੀ ਕਹਿੰਦੇ ਭੂਤ ਦਾ ਇਥੇ ਕੀ ਕੰਮ ਕਿਸੇ ਜਨੌਰ ਨੇ ਵਿੱਠ ਕੀਤੀ ਹੋਊ। ਉਹ ਫਿਰ ਸਮਾਨ ਵੰਡਣ ਲੱਗ ਪਏ। ਬੰਸੀ ਦਾ ਦਿਮਾਗ਼ ਕੰਮ ਕਰ ਗਿਆ, ਉਹਨੇ ਸਣੇ ਬੋਰੀ ਉੱਪਰ ਖੱਲ ਸੁੱਟ ਦਿੱਤੀ। ਬੋਰੀ ਤਾਂ ਟਾਹਣੀਆਂ ਵਿੱਚ ਹੀ ਕਿਧਰੇ ਅੜ ਕੇ ਰਹਿ ਗਈ ਪਰ ਖੱਲ ਚੋਰਾਂ ਮੂਹਰੇ ਆ ਡਿੱਗੀ, ਚੋਰ ਇਹ ਸੋਚ ਕੇ ਆਪਣਾ ਸਾਰਾ ਕੀਮਤੀ ਸਾਮਾਨ ਤੇ ਧਨ ਆਦਿ ਉੱਥੇ ਹੀ ਛੱਡ ਕੇ ਚੀਕਾਂ ਮਾਰਦੇ ਭੱਜ ਗਏ ਕਿ ਸੱਚੀਂ ਉੱਤੇ ਭੂਤ ਆ, ਵੇਖੋ ਜਾਨਵਰ ਖਾ ਕੇ ਖੱਲ ਸੁੱਟ ਦਿੱਤੀ। ਬੰਸੀ ਨੇ ਸਮਾਨ ਚੁੱਕਿਆ ਫਿਰ ਰੁੱਖ ਤੇ ਚੜ੍ਹ ਗਿਆ। ਤੜਕੇ ਕੰਨੋਂ ਖੋਤਾ ਫੜਿਆ ਤੇ ਆਰਾਮ ਨਾਲ ਗਾਉਂਦਾ ਅਤੇ ਕੱਛਾਂ ਵਜਾਉਂਦਾ ਘਰ ਆ ਗਿਆ।

...
...

ਹੰਢੇ ਵਰਤੇ ਸੂਟਾਂ ਬਦਲੇ ਨਵੇਂ ਭਾਂਡੇ ਵਟਾਉਣ ਦਾ ਹੋਕਾ ਦਿੰਦਾ ਹੋਇਆ ਉਹ ਜਦੋਂ ਕਸ਼ਮੀਰ ਕੌਰ ਦੀ ਕੋਠੀ ਮੂਹਰੇ ਅੱਪੜਿਆਂ ਤਾਂ ਅੱਗੋਂ ਕਸ਼ਮੀਰ ਕੌਰ ਨੇ ਦੋ ਸੂਟਾਂ ਬਦਲੇ ਇੱਕ ਲੋਹੇ ਦੀ ਛਾਨਣੀ ਪਸੰਦ ਕਰ ਲਈ..!

ਉਸਨੇ ਅੱਗੋਂ ਏਨੀ ਗੱਲ ਆਖ ਤਿੰਨ ਸੂਟ ਮੰਗ ਲਏ ਕੇ “ਬੀਬੀ ਜੀ ਲੋਹਾ ਮਹਿੰਗਾ ਹੋ ਗਿਆ ਏ ਤੇ ਦੋ ਸੂਟਾਂ ਬਦਲੇ ਇੱਕ ਛਾਨਣੀ ਬਿਲਕੁਲ ਵੀ ਵਾਰਾ ਨੀ ਖਾਂਦੀ..”

ਕਸ਼ਮੀਰ ਕੌਰ ਅੱਗੋਂ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦੇ ਰਹੀ ਸੀ..
ਲਗਾਤਾਰ ਏਹੀ ਗੱਲ ਆਖੀ ਜਾ ਰਹੀ ਸੀ ਕੇ “ਵੇ ਭਾਈ ਜਦੋਂ ਦੇ ਸੰਵਾਏ ਨੇ ਉਂਝ ਦੇ ਉਂਝ ਹੀ ਤਾਂ ਪਏ ਨੇ ਨਵੇਂ ਨਕੋਰ..ਇੱਕ ਵਾਰ ਵੀ ਗਲ਼ ਪਾ ਕੇ ਨਹੀਂ ਵੇਖੇ..ਵੇਖੀਂ ਨਵਿਆਂ ਦੇ ਭਾਅ ਹੀ ਵਿਕਣਗੇ”

ਅਜੇ ਬਹਿਸ ਹੋ ਹੀ ਰਹੀ ਸੀ ਕੇ ਨੰਗ-ਧੜੰਗਾ ਨਿਆਣਾ ਚੁੱਕੀ ਅਤੇ ਪਾਟਾ ਪੂਰਾਣਾ ਜਿਹਾ ਸੂਟ ਪਾਈ ਇੱਕ ਜੁਆਨ ਜਿਹੀ ਔਰਤ ਨੇ ਆਣ ਕਸ਼ਮੀਰ ਕੌਰ ਅੱਗੇ ਹੱਥ ਅੱਡ ਦਿੱਤੇ..ਆਖਣ ਲੱਗੀ “ਬੀਬੀ ਜੀ ਜੇ ਕੋਈ ਬਚੀ ਖੁਚੀ ਰੋਟੀ ਹੈ ਤਾਂ ਦੇ ਦੇਵੋ..ਨਿਆਣਾ ਕੱਲ ਦਾ ਭੁੱਖਾ ਏ..”

ਕਸ਼ਮੀਰ ਕੌਰ ਨੇ ਉਸਦੇ ਸੂਟ ਅੰਦਰੋਂ ਦਿਸਦੇ ਅੱਧਨੰਗੇ ਸਰੀਰ ਵੱਲ ਘਿਰਣਾ ਜਿਹੀ ਨਾਲ ਵੇਖਿਆ ਤੇ ਫੇਰ ਛੇਤੀ ਨਾਲ ਅੰਦਰ ਜਾ ਡਸਟਬਿਨ ਕੋਲ ਕੁੱਤਿਆਂ ਬਿੱਲੀਆਂ ਜੋਗੀਆਂ ਰੱਖੀਆਂ ਕਿੰਨੇ ਦਿਨ ਪੂਰਾਣੀਆਂ ਦੋ ਬੇਹੀਆਂ ਰੋਟੀਆਂ ਲਿਆ ਉਸ ਵੱਲ ਇੰਝ ਵਧਾ ਦਿੱਤੀਆਂ ਜਿੱਦਾਂ ਕੋਈ ਬਹੁਤ ਵੱਡਾ ਇਹਸਾਨ ਕਰ ਦਿੱਤਾ ਹੋਵੇ..!

ਤੇ ਮੁੜ ਛੇਤੀ ਨਾਲ ਉਸ ਭਾਂਡਿਆਂ ਵਾਲੇ ਨੂੰ ਸੰਬੋਧਨ ਹੁੰਦੀ ਆਖਣ ਲੱਗੀ ਕੇ “ਵੇ ਭਾਈ ਫੇਰ ਕੀ ਸੋਚਿਆ ਈ ਤੂੰ..ਦੋ ਸੂਟ ਲੈਣੇ ਨੇ ਕੇ ਲੈ ਜਾਵਾਂ ਅੰਦਰ ਫੇਰ?

ਉਸਨੇ ਅੱਗੋਂ ਰੋਟੀਆਂ ਲੈ ਕੇ ਤੁਰੀ ਜਾ ਰਹੀ ਦੇ ਥਾਂ-ਥਾਂ ਟਾਕੀਆਂ ਲੱਗੇ ਸੂਟ ਅੰਦਰੋਂ ਝਾਤੀ ਮਾਰਦੇ ਅੱਧਨੰਗੇ ਸਰੀਰ ਵੱਲ ਪਿੱਛਿਓਂ ਸਰਸਰੀ ਜਿਹੀ ਨਜਰ ਮਾਰੀ ਤੇ ਕਾਹਲੀ ਜਿਹੀ ਨਾਲ ਆਖਣ ਲੱਗਾ “ਲਿਆਓ ਬੀਬੀ ਜੀ ਦੇ ਦੇਵੋ ਦੋ ਸੂਟ..ਤੇ ਆਹ ਲਵੋ ਆਪਣੀ ਛਾਨਣੀ..”

ਏਨੀ ਗੱਲ ਆਖ਼ ਉਹ ਛੇਤੀ ਨਾਲ ਨਿਆਣਾ ਚੁੱਕ ਤੁਰੀ ਜਾਂਦੀ ਵੱਲ ਨੂੰ ਹੋ ਤੁਰਿਆ..
ਬਿਲਕੁਲ ਕੋਲ ਜਾ ਹੇਠਾਂ ਉੱਤਰ ਸਾਈਕਲ ਸਟੈਂਡ ਤੇ ਲਾ ਦਿੱਤਾ ਤੇ ਕਸ਼ਮੀਰ ਕੌਰ ਵਾਲੇ ਦੋਵੇਂ ਸੂਟ ਉਸ ਨੂੰ ਫੜਾ ਦਿੱਤੇ..
ਮੁੜ ਲੰਮਾ ਸਾਰਾ ਸਾਹ ਲਿਆ ਤੇ ਪਿਛਲੀ ਗਲੀ ਨੂੰ ਹੋ ਅੱਖੋਂ ਓਹਲੇ ਹੋ ਗਿਆ..!

ਇਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖਦੀ ਹੋਈ ਕਸ਼ਮੀਰ ਕੌਰ ਨੂੰ ਪਤਾ ਨਹੀਂ ਕਿਓਂ ਅੱਜ ਹਥੀਂ ਫੜੀ ਛਾਨਣੀ ਦੀਆਂ ਲੋਹੇ ਦੀਆਂ ਤਾਰਾਂ ਹੱਥਾਂ ਦੇ ਪੋਟਿਆਂ ਵਿਚ ਖੁੱਬਦੀਆਂ ਹੋਈਆਂ ਮਹਿਸੂਸ ਹੋ ਰਹੀਆਂ ਸਨ..!
ਤੇ ਦੂਜੇ ਪਾਸੇ ਭਾਂਡੇ ਵੇਚਣ ਵਾਲਾ ਸਾਈਕਲ ਤੇ ਚੜਿਆ ਇੱਕ ਰੱਬ ਦੁਨੀਆਦਾਰੀ ਦੇ ਵਾਹੋਦਾਹੀ ਵਾਲੇ ਜੰਗਲ ਵਿਚ ਇੱਕ ਵੱਡਾ ਸੌਦਾ ਸਿਰੇ ਚਾੜ ਖੁਦ ਨੂੰ ਹਵਾ ਵਿਚ ਉੱਡਦਾ ਹੋਇਆ ਮਹਿਸੂਸ ਕਰ ਰਿਹਾ ਸੀ..!

ਦੋਸਤੋ ਕਿਸੇ ਨੇ ਬਿਲਕੁਲ ਸਹੀ ਆਖਿਆ ਏ ਕੇ “ਘਰ ਸੇ ਮਸਜਿਦ ਹੈ ਬਹੁਤ ਦੂਰ ਚਲੋ ਯੂੰ ਕਰਲੇਂ..ਕਿਸੀ ਰੋਤੇ ਹੂਏ ਬੱਚੇ ਕੋ ਹੰਸਾਇਆ ਜਾਏ”

ਹਰਪ੍ਰੀਤ ਸਿੰਘ ਜਵੰਦਾ

...
...

ਅੱਜ ਵੀ ਜਦੋ ਫੁਰਸਤ ਮਿਲਦੀ ਹੈ ਤਾ ਪੁਰਾਣੀ ਜਿੰਦਗੀ ਯਾਦ ਆ ਜਾਦੀ ਹੈ ਬਾਪੂ ਜੀ ਆਪਣੀ ਹੱਡਬੀਤੀ ਸੁਣਾਉਂਦੇ ਸੀ ਦਿਲ ਸੋਚਣ ਤੇ ਮਜ਼ਬੂਰ ਹੋ ਜਾਦਾ ਸੀ। ਗੁਨਾਗਾਰ ਕੌਣ ਸੀ ਵਕਤ, ਕਿਸਮਤ ,ਜਮਾਨਾ ਜਾ ਫੇਰ ਸਿਆਣਿਆ ਦੀ ਆਖੀ ਹੋਈ ਗੱਲ ਕੀ ਆਪਣੀ ਗਲਤੀ ਆਪਣੀ ਕਮੀ ਸ਼ਾਇਦ ਇਨਸਾਨ ਨੂੰ ਨਹੀ ਦਿਸਦੀ ਕਦੇ। ਪਰ ਜੋ ਵੀ ਹੈ ਜਿੰਦਗੀ ਨੂੰ ਸਕੂਨ ਮਿਲ ਜਾਦਾ ਦਿਲ ਖੁਸ਼ ਹੋ ਜਾਦਾ ਸੋਚ ਕੇ ਉਸ ਟਾਇਮ ਕਝ ਨਹੀ ਸੀ ਪੱਲੇ ਤਾ ਕਿਸੇ ਦਾ ਅਹਿਸਾਨ ਵੀ ਨਾ ਮਿੱਲ ਸਕਿਆ। ਚੰਗਾ ਹੀ ਸੀ ਨਹੀ ਤਾ ਅੱਜ ਕਿਸੇ ਨਾ ਕਿਸੇ ਦੇੇ ਕਰਜ਼ ਥੱਲੇ ਦੱਬੇਆ ਹੋਣਾ ਸੀ।ਕੋਈ ਤਾ ਕਿਸੇ ਦਾ ਅਹਿਸਾਨ ਅੱਜ ਹਾਲਾਤਾਂ ਨਾਲ ਸਮਝੋਤਾ ਕਰਵਾ ਦਿੰਦਾ।ਉਹ ਸਮਾ ਐਸਾ ਸੀ ਕੀ ਲੋਕ ਮਦਦ ਵੀ ਨਹੀ ਸੀ ਕਰਦੇ ਪਰ ਚਲੋ ਰੱਬ ਜੋ ਕਰਦਾ ਚੰਗਾ ਹੀ ਕਰਦਾ ਉਸ ਵੇਲੇ ਮੈ ਕਿਸੇ ਇਨਸਾਨ ਨੂੰ ਸ਼ਾਇਦ ਚੰਗਾ ਨਹੀ ਲੱਗਦਾ ਸੀ । ਪਰ ਹੁਣ ਲੱਗਦਾ ਅਸਲ ਦੋਸਤ ਆਪਣੇ ਤਾ ਹੈਟਰ(ਅਲੋਚਕ) ਹੀ ਸੀ ਜੇ ਉਸ ਟਾਇਮ ਉਹਨਾਂ ਆਪਣੀ ਦੋਸਤੀ ਛੱਡ ਦਿੱਤੀ ਹੁੰਦੀ ਮੇਰੀਆਂ ਕਮੀਆਂ ਨਾ ਉਜਾਗਰ ਕੀਤੀਆਂ ਹੁੰਦੀਆਂ ਤਾ ਅੱਜ ਦਾ ਚੰਗਾ ਸਮਾ ਨਸੀਬ ਨਾ ਹੁੰਦਾ ਬੋਲਦੇ ਬੋਲਦੇ ਅੱਖਾ ਭਰ ਜਾਦੀਆਂ ਸਨ। ਫੇਰ ਕਹਿੰਦੇ ਅੱਜ ਵੀ ਮੈਂ ਉਨ੍ਹਾਂ ਬੰਦੇਆ ਨਾਲ ਜਿਹੜੇ ਦੇਖ ਕੇ ਰਾਹ ਬਦਲ ਲੈਦੇ ਸੀ ਉਹਨਾ ਦਾ ਹਾਲਚਾਲ ਪੁੱਛ ਕੇ ਹੀ ਅੱਗੇ ਲੰਘਦਾ ਆਪਣੇ ਤੋ ਉਹਨਾਂ ਜਿੰਨੀ ਮਿਹਨਤ ਨਹੀ ਹੁੰਦੀ ਕੀ ਅਸੀ ਆਪਣੀ ਜਿੰਦਗੀ ਭੁੱਲ ਕੇ ਉਹਨਾਂ ਦੀਆਂ ਕਮੀਆਂ ਲੱਭੀਏ। ਬਾਪੂ ਜੀ ਦੀ ਗੱਲ ਤਾ ਸੱਚੀ ਹੈ ਕੀ ਰੱਬ ਨੇ ਇਸ ਲਾਇਕ ਤਾ ਬਣ ਹੀ ਦਿੱਤਾ ਸਾਨੂੰ ਕੀ ਅਸੀ ਕਿਸੇ ਦੀ ਮਦਦ ਕਰ ਸਕੀਏ ਫੇਰ ਕਾਹਤੋ ਕਿਸੇ ਤੋ ਬਦਲੇ ਦੀ ਭਾਵਨਾ ਰੱਖਣੀ । ਗੱਲ ਤਾ ਸੱਚੀ ਏ,,,ਪਰ ਫੇਰ ਵੀ ਮੈਂ ਸੋਚਦਾ ਹਾਂ ਕੀ ਲੋਕ ਇੰਨੀ ਨਫਰਤ ਕਿਵੇ ਕਰ ਲੈਦੇ ਕਿਸੇ ਤੋ। ਸ਼ਾਇਦ ਰੱਬ ਹੀ ਕਰਵਾਉਦਾ ਹੋਣਾ ਨਹੀ ਤਾ ਲੋਕ ਕਿਉਂ ਨਫਰਤ ਕਰਨ ਕਿਸੇ ਤੋ।

Sandeep Rajwalia

...
...

ਰਮਾ ਦੀ ਬਰਾਤ ਆਈ ਤਾਂ, ਸਜੀ ਹੋਈ ਕੋਠੀ ਵਾਜਿਆਂ ਦੀ ਅਵਾਜ਼ ਨਾਲ ਹੋਰ ਵੀ ਰੁਸ਼ਨਾ ਗਈ। ਸਾਰਿਆਂ ਦੇ ਮੁਖੜਿਅਆਂ ਤੇ ਖੁਸ਼ੀ ਝੂਮ ਰਹੀ ਸੀ । ਕੁੜੀਆਂ ਰਮਾ ਨੂੰ ਜੈ ਮਾਲਾ ਲਈ ਲੈਂ ਕੇ ਜਾਣ ਲਈ ਕਾਹਲੀਆਂ ਪੈ ਰਹੀਆਂ ਸੀ। ਉਸਦਾ ਸੋਨੇ ਦਾ ਸੈੱਟ ਲੱਭ ਨਹੀਂ ਰਿਹਾ ਸੀ। ਰਮਾ ਦੀ ਮੰਮੀ ਤੇ ਮਾਸੀ ਲੱਭ-ਲੱਭ ਕੇ ਥੱਕ ਗਈਆਂ ਸੀ। ਰਮਾ ਦੀ ਭੂਆ ਨੇ ਸਲਾਹ ਦਿੱਤੀ ,ਦੂਜਾ ਸੈੱਟ ਪਾ ਦਿਉ ,ਬਾਅਦ ਵਿੱਚ ਲੱਭ ਲੈਣਾ
ਰਮਾ ਦਾ ਵਿਆਹ ਖੁਸ਼ੀ-ਖੁਸ਼ੀ ਸਪੰਨ ਹੋ ਗਿਆ। ਰਮਾ ਵਿਆਹ ਤੋਂ ਬਾਅਦ ਫੇਰਾਪਾਉਣ ਪੇਕੇ ਆਈ । ਸਾਰੇ ਰਮਾ ਦੇ ਵਿਆਹ ਦੀ ਵੀਡੀਓ ਕੈਸਿਟ ਦੇਖ ਰਹੇ ਸੀ। ਸਾਰਿਆਂ ਨੂੰ ਵਿਆਹ ਦੇ ਸੀਨ ਦੁਬਾਰਾ ਤਾਜ਼ੇ ਹੋ ਗਏ । ਇਕ ਸੀਨ ਤੇ ਰਮਾ ਦੀਆਂ ਅੱਖਾਂ ਟਿਕ ਗਈਆਂ। ਉਸਨੇ ਮੂਵੀ ਉੱਥੇ ਰੋਕ ਦਿੱਤੀ ਉਸਨੇ ਮੂਵੀ ਦੁਬਾਰਾ ਚਲਾਈ। ਨੌਕਰਾਣੀ ਦੇ ਹੱਥ ਵਿੱਚ ਆਪਣਾ ਹਾਰ ਦੇਖ ਕੇ ਉਹ ਹੈਰਾਨ ਸੀ। ਉਸਤੋਂ ਬਾਅਦ ਨੌਕਰਾਣੀ ਮੂਵੀ ਵਿਚੋ ਗਾਇਬ ਹੀ ਸੀ ।
ਨੌਕਰਾਣੀ ਨੇ ਪਹਿਲਾ ਤਾਂ ਸਾਫ ਇਨਕਾਰ ਕਰ ਦਿੱਤਾ । ਜਦ ਉਸਨੂੰ ਡਰਾਵਾ ਦਿੱਤਾ ਤਾਂ ਉਸਨੇ ਮੂੰਹ ਖੋਲ੍ਹਿਆ । “ਮੇਰੀ ਧੀ ਸੀਤੋ ਦੀ ਮੰਗਣੀ ਹੋਈ । ਮੇਰੇ ਕੁੜਮ ਨੇ ਪੰਜਾਹ ਹਜ਼ਾਰ ਦੀ ਮੰਗ ਕੀਤੀ । ਉਸਨੇ ਕਿਹਾ ਜੇ ਵਿਆਹ ਤੋਂ ਇਕ ਦਿਨ ਪਹਿਲਾ ਨਾ ਦਿੱਤੇ ਤਾਂ ਬਰਾਤ ਨਹੀਂ ਆਵੇਗੀ
ਰਮਾ ਦੇ ਵਿਆਹ ਵਿੱਚ ਹਾਰ ਦੇਖ ਕੇ ਮੈਨੂੰ ਸੀਤੋ ਯਾਦ ਆਣ ਲੱਗੀ। ਮੈਂ ਸੋਨੇ ਦਾ ਸੈੱਟ ਚੋਰੀ ਕਰ ਲਿਆ ।ਮੈਂ ਸੋਚਿਆ ਸੀ ਵੇਚ ਕੇ ਧੀ ਨੂੰ ਵਿਆਹ ਦੇਵਾਂਗੀ। ਇਹ ਅੱਗ ਲੱਗਣੀ ਮੂਵੀ ਨੇ ਸਾਰਾ ਭੇਦ ਖੋਲ੍ਹ ਦਿੱਤਾ । ਮੇਰੀ ਮਜ਼ਬੂਰੀ ਮੂਵੀ ਨੇ ਸ਼ਰੇਆਮ ਨੰਗੀ ਕਰਤੀ । ਉਹ ਰੋਣ ਲੱਗ ਗਈ ।

...
...

ਉੱਨੀ ਸੌ ਨੱਬੇ ਦੀ ਮਈ ਮਹੀਨੇ ਦੇ ਸ਼ੁਰੂ ਦੀ ਗੱਲ ਏ..
ਬਟਾਲਿਓਂ ਰਿਸ਼ਤੇਦਾਰੀ ਵਿਚ ਜਰੂਰੀ ਸੁਨੇਹਾ ਦੇਣ ਛੱਬੀ ਕਿਲੋਮੀਟਰ ਦੂਰ ਹਰਚੋਵਾਲ ਤੋਂ ਅੱਗੇ ਇੱਕ ਪਿੰਡ ਜਾਣਾ ਪੈ ਗਿਆ..
ਕੁਤਰੀਆਂ ਕਣਕਾਂ ਅਤੇ ਉਡਦੀ ਤੂੜੀ ਦਾ ਗਹਿਰ ਚਾਰੇ ਪਾਸੇ ਛਾਇਆ ਹੋਇਆ ਸੀ..!
ਬਟਾਲੇ ਤੋਂ ਤੁਰੇ ਹੋਏ ਨੇ ਸਿੱਧਾ ਰਣਜੀਤ ਬਾਵੇ ਦੇ ਪਿੰਡ ਵਡਾਲਾ ਗ੍ਰੰਥੀਆਂ ਜਾ ਕੇ ਹੀ ਬ੍ਰੇਕ ਮਾਰੀ..
ਅੱਗੇ ਪੁਲਸ ਦਾ ਨਾਕਾ ਸੀ..ਓਹਨਾ ਥੋੜੀ ਬਹੁਤ ਪੁੱਛਗਿੱਛ ਕੀਤੀ ਤੇ ਮਗਰੋਂ ਜਾਣ ਦਿੱਤਾ..!
ਆਥਣ ਵੇਲੇ ਵਾਪਿਸ ਪਰਤਣਾ ਸੀ..
ਸੋ ਕਾਹਲੀ ਕਾਹਲੀ ਪੈਡਲ ਮਾਰਦਾ ਹੋਇਆ ਆਪਣੀ ਮੰਜਿਲ ਵੱਲ ਵਧਣ ਲੱਗਾ..!
ਰਾਹ ਵਿਚ ਲੀਲ,ਧੰਨੇ-ਚੀਮੇ ਤੇ ਹੋਰ ਵੀ ਕਿੰਨੇ ਸਾਰੇ ਪਿੰਡ ਟੱਪਦਾ ਹੋਇਆ ਅਜੇ ਕਾਹਲਵਾਂ ਕੋਲ ਹੀ ਹੋਵਾਂਗਾ ਕੇ ਪਿੱਛੋਂ ਸੜਕ ਤੇ ਧੂੜ ਜਿਹੀ ਉੱਡਦੀ ਦਿੱਸੀ..ਮੈਂ ਵੀ ਆਪਣੀ ਸਪੀਡ ਚੱਕ ਦਿੱਤੀ..!

ਮਸੀਂ ਪਿੰਡ ਪਹੁੰਚਿਆਂ ਹੀ ਸਾਂ ਕੇ ਮਗਰੋਂ ਕਿੰਨੀਆਂ ਸਾਰੀਆਂ ਗੱਡੀਆਂ ਦਾ ਵੱਡਾ ਸਾਰਾ ਕਾਫਲਾ ਐਨ ਉੱਤੇ ਹੀ ਆਣ ਚੜਿਆ..!

ਲੋਹੇ ਦੀਆਂ ਬੁਲਟ ਪ੍ਰੂਫ਼ ਚਾਦਰਾਂ ਨਾਲ ਢੱਕੀਆਂ ਹੋਈਆਂ ਕਿੰਨੀਆਂ ਸਾਰੀਆਂ ਐਲਵਿਨ ਨਿਸ਼ਾਨ ਗੱਡੀਆਂ,ਸਵਰਾਜ ਮਜਦਾ ਅਤੇ ਬੁਲੇਟ ਪ੍ਰੂਫ਼ ਜਿਪਸੀਆਂ ਤੇ ਮਸ਼ੀਨਗੰਨਾਂ,ਅਸਾਲਟਾਂ ਅਤੇ ਐਸ.ਐੱਲ.ਆਰਾਂ ਅਤੇ ਹੋਰ ਵੀ ਅੱਤ ਆਧੁਨਿਕ ਹਥਿਆਰਾਂ ਦੀ ਖੁੱਲੀ ਨੁਮਾਇਸ਼ ਕਰਦੇ ਕਿੰਨੇ ਸਾਰੇ ਨਿਹੰਗ ਬਾਣੇ ਵਾਲੇ ਸਿੰਘ ਸੜਕ ਤੇ ਤੁਰੇ ਜਾਂਦਿਆਂ ਨੂੰ ਰਾਹ ਤੋਂ ਲਾਂਬੇ ਹੋਣ ਦਾ ਇਸ਼ਾਰਾ ਕਰੀ ਜਾ ਰਹੇ ਸਨ..!

ਜੋ ਨਾ ਹਟਦਾ ਉਸ ਨੂੰ ਮੋਟੀ ਸਾਰੀ ਗਾਹਲ ਪਰੋਸ ਦਿੱਤੀ ਜਾਂਦੀ!

ਮੈਂ ਵੀ ਸਾਈਕਲ ਕੱਚੇ ਲਾਹ ਲਿਆ..
ਸਭ ਤੋਂ ਅਗਲੀ ਜਿਪਸੀ ਦੇ ਉੱਤੇ ਵੱਡੇ ਮੈਗਜੀਨ ਵਾਲੀ ਮਸ਼ੀਨ ਗੰਨ ਲੱਗੀ ਹੋਈ ਸੀ..
ਐਨ ਉੱਤੇ ਵੱਡੇ ਸਾਰੇ ਦੁਮਾਲੇ ਤੇ ਭਾਰੇ ਸਰੀਰ ਵਾਲਾ ਨਿਹੰਗ ਸਿੰਘ ਉਚੀ ਉਚੀ ਬੱਕਰੇ ਬੁਲਾਉਂਦਾ ਹੋਇਆ ਕਿਸੇ ਨੂੰ ਮਾਂ ਭੈਣ ਦੀਆਂ ਗੰਦੀਆਂ ਗਾਹਲਾਂ ਕੱਢੀ ਜਾ ਰਿਹਾ ਸੀ..!

ਲਾਗੇ ਹੀ ਇੱਕ ਬੋਹੜ ਹੇਠ ਬਣੇ ਥੜੇ ਤੇ ਇੱਕ ਬਾਪੂ ਜੀ ਬੈਠੇ ਹੋਏ ਸਨ..ਮੈਂ ਸਾਈਕਲ ਸਟੈਂਡ ਤੇ ਲਾ ਕੇ ਓਹਨਾ ਕੋਲ ਬੈਠ ਗਿਆ..!

ਆਖਣ ਲੱਗੇ ਓਧਰ ਨਾ ਵੇਖ..ਇਹ ਸਰਕਾਰੀ ਸਹਿ ਤੇ ਪਲਦਾ ਹੋਇਆ ਦਹਿਸ਼ਤਗਰਦ ਅਜੀਤ ਸਿੰਘ ਪੂਹਲਾ ਹੈ..
ਜਿਹੜਾ ਕੁਝ ਦਿਨਾਂ ਤੋਂ ਗਾਲੋਵਾਲ ਨਾਮੀ ਪਿੰਡ ਦੇ ਕਿਸੇ ਗੁਰਿੰਦਰ ਸਿੰਘ ਨੂੰ ਲੱਭਦਾ ਫਿਰਦਾ ਏ..ਅੱਖਾਂ ਬਿਲਕੁਲ ਵੀ ਨਾ ਮਿਲਾਵੀਂ..ਇਹਨਾਂ ਨੂੰ ਕਿਸੇ ਨੂੰ ਵੀ ਚੁੱਕ ਕੇ ਖਪਾ ਦੇਣ ਦੀ ਪੂਰੀ ਖੁੱਲ ਏ..!
ਦਸ ਕੂ ਮਿੰਟ ਚੱਲੇ ਦਹਿਸ਼ਤਗਰਦੀ ਦੇ ਇਸ ਨੰਗੇ ਨਾਚ ਮਗਰੋਂ ਉੱਡਦੀ ਹੋਈ ਧੂੜ ਅੱਖੋਂ ਓਹਲੇ ਹੋ ਗਈ ਤੇ ਮਗਰੋਂ ਮਹਿਸੂਸ ਕੀਤਾ ਕੇ ਆਮ ਇਨਸਾਨ ਦੀ ਵੁੱਕਤ ਇਹਨਾਂ ਦਰਿੰਦਿਆਂ ਸਾਹਵੇਂ ਕਿਸੇ ਨਾਲੀ ਦੇ ਕੀੜੇ ਤੋਂ ਵੱਧ ਨਹੀਂ ਸੀ..

ਦੱਸਦੇ ਇਸੇ ਇਨਸਾਨ ਨੇ ਉੱਨੀ ਸੌ ਸਤਾਨਵੇਂ ਵਿਚ ਜਦੋਂ ਇਕ ਉਘੇ ਪੰਥਕ ਢਾਡੀ ਦੀ ਤੇਰਾਂ ਸਾਲ ਦੀ ਪੋਤਰੀ ਜਬਰਦਸਤੀ ਚੁੱਕ ਲਈ ਤਾਂ ਉਹ ਸਿੰਘ ਸ੍ਰੀ ਹਰਗੋਬਿੰਦ ਪੁਰ ਵਿਚ ਹੁੰਦੇ ਇੱਕ ਅਕਾਲੀ ਸਮਾਗਮ ਵਿਚ ਪੰਥ ਰਤਨ ਅਤੇ ਉਸ ਵੇਲੇ ਦੇ ਨਵੇਂ ਬਣੇ ਮੁਖ ਮੰਤਰੀ ਸਾਹਵੇਂ ਪੇਸ਼ ਹੋ ਗਿਆ..!
ਪੂਰੀ ਗੱਲ ਸੁਣਨ ਮਗਰੋਂ ਪੰਥ ਰਤਨ ਕੋਲ ਹੀ ਬੈਠੇ ਇਲਾਕੇ ਦੇ ਵਿਧਾਇਕ ਕੈਪਟਨ ਬਾਠ ਨੂੰ ਹੱਸਦਿਆਂ ਹੋਇਆ ਆਖਣ ਲੱਗਾ “ਬਾਠ ਸਾਬ ਵੇਖ ਲਵੋ ਤੁਹਾਡਾ ਯਾਰ (ਪੂਹਲਾ) ਕੀ ਕਰੀ ਜਾਂਦਾ ਏ..ਸਮਜਾਓ ਕੁਝ ਉਸਨੂੰ..
ਦੱਸਦੇ ਸਟੇਜ ਤੇ ਹਾਸਾ ਪੈ ਗਿਆ ਤੇ ਗੱਲ ਆਈ ਗਈ ਹੋ ਗਈ..

ਪੂਹਲੇ ਵਰਗੇ ਮੋਹਰਿਆਂ ਦੀ ਸਿਸਟਮ ਨੂੰ ਹਮੇਸ਼ਾ ਹੀ ਲੋੜ ਰਹਿੰਦੀ ਆਈ ਏ..
ਇਹ ਕਿਸੇ ਨਾ ਕਿਸੇ ਰੂਪ ਵਿਚ ਅੱਗੋਂ ਵੀ ਪੈਦਾ ਕੀਤੇ ਜਾਂਦੇ ਰਹਿਣਗੇ..ਪਰ ਇੱਕ ਹਕੀਕਤ ਜਿਹੜੀ ਇਹਨਾਂ ਦੇ ਮਨਾ ਵਿਚੋਂ ਜਾਣ ਬੁਝ ਕੇ ਵਿਸਾਰ ਦਿੱਤੀ ਜਾਂਦੀ ਏ ਕੇ ਇਹਨਾਂ ਦਾ ਵਜੂਦ ਬਹੁਤ ਥੋੜ ਚਿਰਾ ਹੁੰਦਾ ਏ ਤੇ ਲੋੜ ਪੂਰੀ ਹੋਣ ਮਗਰੋਂ ਇਹ ਵਰਤੇ ਹੋਏ ਨੈਪਕਿਨ ਵਾਂਙ ਕੂੜੇ ਦੇ ਢੇਰਾਂ ਤੇ ਪਏ ਅਕਸਰ ਹੀ ਮਿਲ ਜਾਇਆ ਕਰਦੇ ਨੇ!

ਕਿਓੰਕੇ ਕਿਸੇ ਸਹੀ ਆਖਿਆ ਏ ਕੇ “ਸਦਾ ਨਾ ਬਾਗੀਂ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ”
ਹਰਪ੍ਰੀਤ ਸਿੰਘ ਜਵੰਦਾ

...
...

ਸੁਵੇਰੇ-ਸੁਵੇਰੇ ਪਏ ਵੱਡੇ ਕਲੇਸ਼ ਦਾ ਸਤਾਇਆ ਹੋਇਆ ਮੈਂ ਟਰੈਕਟਰ ਤੇ ਆਣ ਬੈਠਾ
ਸਮਝ ਜਿਹੀ ਨਾ ਲੱਗੇ ਕੇ ਹੁਣ ਕਰਾਂ ਕੀ..ਅਖੀਰ ਕਿੱਕਰ ਵਾਲਾ ਕਿੱਲਾ ਵਹੁਣਾ ਸ਼ੁਰੂ ਕਰ ਦਿੱਤਾ..ਖਿਆਲਾਂ ਦੀ ਘੁੰਮਣਘੇਰੀ ਵਿਚ ਡੁੱਬੇ ਹੋਏ ਨੇ ਪਹਿਲਾਂ ਵਾਹੇ ਹੋਏ ਸਿਆੜ ਹੀ ਫੇਰ ਦੋਬਾਰਾ ਫੇਰ ਵਾਹ ਦਿੱਤੇ..

ਨਾਲ ਹੀ ਉਹ ਟਾਈਮ ਚੇਤੇ ਆ ਗਿਆ ਜਦੋਂ ਘਰ ਵਿਚ ਪਲੇਠੀ ਦੇ ਜੌੜੇ ਜੰਮ ਪਏ ਤੇ ਸਾਲ ਮਗਰੋਂ ਹੀ ਫੇਰ ਇੱਕ ਹੋਰ ਪੁੱਤਰ ਹੋ ਪਿਆ..

ਸਾਰੇ ਪਿੰਡ ਵੱਲੋਂ ਮਿਲਦੀਆਂ ਵਧਾਈਆਂ ਦਾ ਨਾ ਮੁੱਕਣ ਵਾਲਾ ਸਿਲਸਿਲਾ..ਕੋਈ ਆਖ ਦਿਆ ਕਰਦਾ “ਸਰਵਣ ਸਿਆਂ” ਵੇਖੀਂ ਇੱਕ ਦਿਨ ਮੋਢੇ ਤੇ ਚੁੱਕ ਚੁੱਕ ਫਿਰਿਆ ਕਰਨਗੇ ਤੈਨੂੰ..ਵੱਡੀ ਉਮਰੇ ਬੱਸ ਬਹਿ ਕੇ ਹੁਕਮ ਚਲਾਇਆ ਕਰੀਂ..”

“ਆਹ ਵੇਖ ਲੋ ਹੁਕਮ ਚੱਲਦਾ..ਅੱਜ ਸਾਰਾ ਪਿੰਡ ਬਨੇਰਿਆਂ ਕੋਠਿਆਂ ਤੇ ਕੱਠਾ ਹੋਇਆ ਪਿਆ ਸੀ ਤੇ ਨਿੱਕੇ ਨੇ ਤਾਂ ਵੱਡੇ ਦੀ ਪੱਗ ਲਾਹੁਣ ਲਗਿਆਂ ਭੋਰਾ ਸ਼ਰਮ ਤੱਕ ਨੀ ਕੀਤੀ..

ਟਰੈੱਕਟਰ ਦੇ ਸਟੇਰਿੰਗ ਤੇ ਹੱਥ ਰੱਖੀ ਅਜੇ ਸੋਚਾਂ ਦੇ ਸਮੁੰਦਰ ਵਿਚ ਗੋਤੇ ਖਾ ਹੀ ਰਿਹਾ ਸਾਂ ਕੇ ਕਿੱਕਰ ਕੋਲ ਉੱਗੇ ਝਾੜੀਆਂ ਦੇ ਝੁੰਡ ਕੋਲ ਬਿੜਕ ਜਿਹੀ ਹੋਈ..

ਬ੍ਰੇਕ ਮਾਰ ਉੱਤਰ ਕੇ ਨਜਰ ਮਾਰੀ..ਵੇਖਿਆ..ਨਿੱਕੇ ਨਿੱਕੇ ਕਿੰਨੇ ਸਾਰੇ ਕਤੂਰੇ ਸਨ..ਮੌਜ ਨਾਲ ਮਾਂ ਦਾ ਦੁੱਧ ਚੁੰਗ ਰਹੇ ਸਨ..

ਮੈਨੂੰ ਵੇਖ ਉਸਨੇ ਮੈਨੂੰ ਪਹਿਲਾ ਬੁਰੀ ਤਰਾਂ ਘੂਰਿਆਂ ਤੇ ਫੇਰ ਹੌਲੀ ਹੌਲੀ ਭੌਂਕਣਾ ਸ਼ੁਰੂ ਕਰ ਦਿੱਤਾ..ਮੈਂ ਕਿੰਨੀ ਦੇਰ ਖਲੋਤਾ ਵੇਖਦਾ ਰਿਹਾ..!
ਫੇਰ ਅਚਾਨਕ ਆਪ ਮੁਹਾਰੇ ਹੀ ਉੱਚੀ ਸਾਰੀ ਬੋਲ ਉਠਿਆ..”ਨਾ ਪਾ ਮੋਹ ਇਹਨਾਂ ਨਾਲ..ਸੋਚਦੀ ਕੁਝ ਹੋਰ ਹੋਵੇਂਗੀ ਪਰ ਹੋਣਾ ਕੁਝ ਹੋਰ ਏ..ਇਹ ਦੁੱਧ ਚੁੰਗਦੇ ਜਦੋਂ ਆਪਣੇ ਪੈਰਾਂ ਸਿਰ ਹੋਏ ਤਾਂ ਦੌੜ ਜਾਣਾ ਇਹਨਾਂ ਸਾਰਿਆਂ ਨੇ..ਭੋਰਾ ਵਾਤ ਨੀ ਪੁੱਛਣੀ ਇਹਨਾਂ ਤੇਰੀ..ਕੁੱਤਿਆਂ ਵਾਂਙ ਨਹੀਂ ਸਗੋਂ ਇਨਸਾਨਾਂ ਵਾਂਙ ਲੜਨਗੇ..”

ਮੈਨੂੰ ਉਚੀ ਉਚੀ ਬੋਲਦੇ ਹੋਏ ਨੂੰ ਵੇਖ ਉਹ ਅਚਾਨਕ ਉੱਠ ਖਲੋਤੀ..
ਦੋ ਕਦਮ ਮੇਰੇ ਵੱਲ ਨੂੰ ਆਉਂਦੀ ਹੋਈ ਨੇ ਹੋਰ ਵੀ ਜ਼ੋਰ ਨਾਲ ਭੌਂਕਣਾ ਸ਼ੁਰੂ ਕਰ ਦਿੱਤਾ..
ਮੈਨੂੰ ਇੱਕ ਵਾਰ ਤੇ ਇੰਝ ਲੱਗਾ ਜਿੱਦਾਂ ਆਖ ਰਹੀ ਹੋਵੇ ਕੇ “ਫੇਰ ਕਿ ਹੋਇਆ ਜੇ ਦੌੜ ਜਾਣਗੇ ਤਾਂ..ਮੈਂ ਤਾਂ ਆਪਣਾ ਫਰਜ ਬਾਖੂਬੀ ਨਿਭਾਉਂਗੀ..ਅਸੀ ਜਨੌਰ ਆਪਣੀਆਂ ਔਲਾਦਾਂ ਨਾਲ ਪਿਆਰ ਕਰਦੇ ਹਾਂ..ਓਹਨਾ ਤੇ ਕੋਈ ਸੱਟਾ ਨਹੀਂ ਲਾਉਂਦੇ..ਨਾ ਹੀ ਕੋਈ ਜੂਆ ਹੀ ਖੇਡਦੇ ਹਾਂ..ਓਹੀ ਜੂਆ ਜਿਸਦੀ ਗਿਣਤੀ ਮਿਣਤੀ ਤੁਸੀਂ ਲੋਕ ਔਲਾਦ ਦੇ ਜੰਮਦਿਆਂ ਤੋਂ ਹੀ ਕਰਨੀ ਸ਼ੁਰੂ ਕਰ ਦਿੰਦੇ ਓ..ਮੇਰਾ ਪੁੱਤ “ਵੱਡਾ ਹੋਵੇਗਾ”..”ਸੇਵਾ ਕਰੂ”..”ਕਮਾਈ ਹੱਥ ਤੇ ਧਰੂ”..”ਇੱਜਤ ਮਾਣ ਵਧਾਊ”..ਅਤੇ ਅਖੀਰ ਵਿਚ “ਵੀਹਾਂ ਦੇ ਚਾਲੀ ਬਣਾਉ”..
ਤੇ ਜਦੋਂ ਇਹ ਸਭ ਕੁਝ ਅਸਲ ਜਿੰਦਗੀ ਵਿਚ ਕਦੀ ਹੁੰਦਾ ਹੀ ਨਹੀਂ ਤਾਂ ਫੇਰ ਦੁਖਾਂ-ਕਲੇਸ਼ਾਂ ਅਤੇ ਪਛਤਾਵੇਆਂ ਦੇ ਸਮੁੰਦਰ ਵਿਚ ਡੂੰਘਾ ਡੁੱਬ ਗਿਆ ਮਨੁੱਖ ਜਿਉਂਦੇ ਜੀ ਹੀ ਜਿੰਦਗੀ ਜਿਉਣੀ ਭੁੱਲ ਜਾਂਦਾ ਹੈ..”

ਰੱਬ ਦੇ ਜੀ ਦੀਆਂ ਅੱਖੀਆਂ ਵਿਚੋਂ ਜਿੰਦਗੀ ਦਾ ਇੱਕ ਗਹਿਰਾ ਭੇਦ ਪੜਨ ਮਗਰੋਂ ਪਤਾ ਹੀ ਨੀ ਲੱਗਾ ਕਦੋਂ ਬਾਕੀ ਰਹਿੰਦੇ ਪੰਜ ਖੇਤ ਕੁਝ ਹੀ ਘੜੀਆਂ ਵਿਚ ਕਿੱਦਾਂ ਵਾਹ ਕੇ ਅਹੁ ਮਾਰੇ..!

ਸੋ ਦੋਸਤੋ ਅਗਲੀ ਪੀੜੀ ਤੋਂ ਜਿੰਨੀਆਂ ਘੱਟ ਆਸਾਂ ਲਾਈਆਂ ਜਾਣ..ਜਿੰਦਗੀ ਓਨੀ ਹੀ ਵੱਧ ਸਰਲ,ਸਪਸ਼ਟ ਤੇ ਸੌਖੀ ਰਹੂ..

ਦਾਨਿਸ਼ਵਰ ਅਕਸਰ ਆਖਿਆ ਕਰਦੇ ਸਨ ਕੇ ਜੇ ਇਸ ਨਿੱਕੇ ਜਿੰਨੇ ਸਫ਼ਰ ਦਾ ਸਵਾਦ ਲੈਣਾ ਲੋਚਦੇ ਓ ਤਾਂ ਸਫ਼ਰ ਦੇ ਦੌਰਾਨ ਨਾਲ ਚੁੱਕਿਆ ਸਮਾਨ ਹੌਲਾ ਫੁਲ ਰੱਖਣਾ ਪੈਣਾ ਏ..!
ਵਰਤਮਾਨ ਨੇ ਸਾਰੀ ਦੁਨੀਆ ਦੇ ਕੰਨੀ ਇਹ ਸੁਨੇਹਾ ਤਾਂ ਪਾ ਹੀ ਦਿੱਤਾ ਏ ਕੇ ਜਿੰਦਗੀ ਆਪ ਤੇ ਵਿਚਾਰੀ ਫੁਲ ਨਾਲੋਂ ਵੀ ਹੌਲੀ ਏ..ਜਿਆਦਾ ਭਾਰ ਤੇ ਆਪ ਸਹੇੜੀਆਂ ਖਾਹਿਸ਼ਾਂ ਅਤੇ ਮਨ ਤੇ ਭਾਰੂ ਹੋਣ ਦਿੱਤੀਆਂ ਗਈਆਂ ਬੇਲੋੜੀਆਂ ਇਛਾਵਾਂ ਦਾ ਹੀ ਹੈ!

ਹਰਪ੍ਰੀਤ ਸਿੰਘ ਜਵੰਦਾ

...
...

ਅੱਜ ਦੀ ਘੜੀ ਓਹਦੇ ਜਦੋਂ ਚੇਤਾ ਆਉੰਦਾ ਕਿ ਬਚਪਨ ਚ‘ ਜਦ ਵੀ ਓਹ ਮਾਸੀ ਦੇ ਘਰ ਜਾਂਦਾ ਹੁੰਦਾ ਸੀ ਤਾਂ ਦੁਪਹਿਰ ਵੇਲੇ ਮਾਸੀ ਉਸਨੂੰ ਕਹਿੰਦੀ ?
“ਮੀਤੇ ਪੁੱਤ ਸ਼ੋਰ ਨਾ ਕਰੀਂ ਤੇਰੇ ਮਾਸੜ ਜੀ ਆਰਾਮ ਕਰ ਰਹੇ ਨੇ ਅਪਣੇ ਕਮਰੇ ਚ‘ ਤੇ ਤੂੰ ਚੁੱਪ ਕਰਕੇ ਖੇਲੀਂ ਚੰਗਾ।
ਓਹਦੇ ਇਹ ਤਾਂ ਸਮਝ ਆਉੰਦਾ ਸੀ ਕਿ ਘਰ ਵਿੱਚੋਂ ਵੱਡੇ ਅਤੇ ਕਮਾਊ ਮਾਸੜ ਜੀ ਹੀ ਹਨ ਸੋ ਓਹਨਾਂ ਦੇ ਆਰਾਮ ਦਾ ਖਿਆਲ ਹੈ ਸਭਨਾਂ ਨੂੰ ਜੋ ਇੱਕ ਪੱਖੋਂ ਠੀਕ ਵੀ ਹੈ ਤੇ ਮਾਸੀ ਅਪਣਾ ਪਤਨੀ ਧਰਮ ਬਾਖੂਬੀ ਨਿਭਾ ਰਹੇ ਨੇ। ਪਰ ਮਾਸੀ ਮਾਂ ਦਾ ਫਰਜ਼ ਵੀ ਪੂਰਾ ਨਿਭਾਉੰਦੇ ਸੀ ਜਦੋਂ ਵੀਰਾ ਕੰਮ ਤੋਂ ਆਉੰਦਾ ਤਾਂ ਮਾਸੀ ਉਸਦੇ ਆਰਾਮ ਦਾ ਖਿਆਲ ਵੀ ਓਵੇਂ ਹੀ ਰੱਖਿਆ ਕਰਦੇ ਸਨ।
ਅੱਜ ਜਦੋਂ ਉਸਦੇ ਪਰਿਵਾਰ ਵਿੱਚ ਉਸਨੂੰ ਚੌਵੀ ਘੰਟੇ ਹੀ ਆਵਾਜ ਕੱਢਣ ਦਾ ਵੀ ਹੁਕਮ ਨਹੀ ਤਾਂ ਉਸਨੂੰ ਵਾਰ-ਵਾਰ ਮਾਸੀ ਦਾ ਓਹੋ ਸਮਾਂ ਹੀ ਚੇਤੇ ਆਉੰਦਾ ਏ ਕਿ ਮੇਰਾ ਪਰਿਵਾਰ ਰੀਸ ਤਾਂ ਓਹਨਾਂ ਵਾਲੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਤਰੀਕਾ ਗਲਤ ਆ। ਮੈਂ ਮਜਦੂਰੀ ਕਰਕੇ ਘਰ ਜੋ ਵੀ ਲੈ ਕੇ ਆਉੰਦਾ ਹਾਂ ਕੋਈ ਵੀ ਉਸਦੀ ਕਦਰ ਹੀ ਨਹੀ ਕਰਦਾ ਸਗੋਂ ਉੱਲਟਾ ਇਹ ਸੋਚਦੇ ਨੇ ਕਿ ਤੂੰ ਸਾਡੇ ਵਾਸਤੇ ਕਰਦਾਂ ਹੀ ਕੀ ਹੈਂ ਤੇ ਮੇਰਾ ਬੇਟਾ ਜੋ ਹਲੇ ਕੱਲ ਕੰਮ ਤੇ ਜਾਣ ਲੱਗਾ ਓਹ ਚਾਹੇ ਬੇਟਾਇਮ ਹੀ ਸੁੱਤਾ ਰਹੇ ਮੇਰੇ ਵਰਗੇ ਨੂੰ ਘਰੇ ਸਾਹ ਕੱਢਣਾ ਵੀ ਨੇਹਫਲ ਹੋ ਜਾਂਦਾ ਏ ਜਿਵੇਂ ਮੈਂ ਸੱਚਮੁੱਚ ਕਿਸੇ ਲਈ ਕੁੱਝ ਕਰਦਾ ਹੀ ਨਾ ਹੋਵਾਂ। ਰੱਬ ਨੇ ਮੈਨੂੰ ਕਹਾਣੀਕਾਰ ਬਣਾਇਆ ਏ ਤੇ ਅਪਣੀਆਂ ਕਹਾਣੀਆਂ ਨੂੰ ਪਬਲਿੱਸ਼ ਕਰਨ ਵਾਸਤੇ ਫੋਨ ਚ‘ ਰਿਕਾਰਡ ਕਰਨਾ ਵੀ ਉਹਨਾ ਨੂੰ ਡਿਸਟਰਬਿੰਗ ਲੱਗਦਾ। ਕਦੇ-ਕਦੇ ਓਹ ਸੋਚਦਾ ਕਿ ਯਾਰ ਜਦ ਮੇਰਾ ਕੋਈ ਜਨਮ ਤੋਂ ਲੈ ਕੇ ਹੁਣ ਤੱਕ ਸੱਚਾ ਰਿਸ਼ਤਾ ਬਣਿਆ ਹੀ ਨਹੀ ਫੇਰ ਜੀਅ ਕੇ ਕੀ ਕਰਨਾ? ਪਰ ਦੂਸਰੀ ਤਰਫ ਰੱਬ ਦੀ ਦਿੱਤੀ ਲੇਖਕੀ ਬਾਰੇ ਸੋਚ ਓਹ ਇਰਾਦਾ ਬਦਲ ਲੈਂਦਾ ਕਿ ਕੀ ਪਤਾ ਕੱਲ ਨੂੰ ਪਬਲਿੱਕ ਓਹਦੀ ਕਲਾ ਨੂੰ ਸਰਹਾਉਣ ਹੀ ਲੱਗ ਜਾਵੇ ਤੇ ਓਹਦਾ ਯੂ-ਟਿਊਬ ਚੈਨਲ ਸੱਕਸੈਸ ਹੋ ਜਾਵੇ। ਫੇਰ ਤਾਂ ਸਭ ਦੀ ਬੋਲਤੀ ਆਪੇ ਹੀ ਬੰਦ ਹੋ ਜਾਵੇਗੀ ਨਾ।
ਇਹ ਸੋਚਦੇ ਹੀ ਓਹ ਪਰਿਵਾਰ ਦਾ ਦਿੱਤਾ ਸਾਰਾ ਦੁੱਖ ਭੁੱਲ ਜਾਂਦਾ ਤੇ ਇੱਕ ਨਵੀਂ ਕਹਾਣੀ ਲਿਖਣ ਬੈਠ ਜਾਂਦਾ।

ਸੁੱਖਵਿੰਦਰ ਸਿੰਘ ਵਾਲੀਆ
ਮੰਡੀ ਗੋਬਿੰਦਗੜ (ਪੰਜਾਬ)
+91-8699488504

...
...

ਨਾ ਜੇ ਵੱਡੇ ਨੂੰ ਪੁਰਾਣੇ ਘਰ ਨਾਲ ਨਿਆਈਂ ਵਾਲੀ ਪੈਲੀ ਨਹੀਂ ਪਸੰਦ ਤਾਂ ਫਿਰ ਮੈਂ ਰੱਖ ਲੈਂਦਾ ਹਾਂ। ਛੋਟੇ ਨੇ ਇਹ ਗੱਲ ਸੁਭਾਵਿਕ ਹੀ ਵੰਡ-ਵੰਡਾਰਾ ਕਰਨ ਆਏ ਰਿਸ਼ਤੇਦਾਰਾਂ ਨੂੰ ਕਹੇ। ਵੱਡਾ ਬੋਲਿਆ ਕਿ ਤੂੰ ਹੀ ਰੱਖ ਲੈ ਸਭ ਕੁੱਝ ਤੇ ਅਸੀਂ ਗੁਰਦੁਆਰੇ ਜਾ ਕੇ ਬੈਠ ਜਾਂਦੇ ਹਾਂ। ਲੜੋ ਨਾ ਬਈ ਆਪਸ ਵਿੱਚ ਦੋਵੇਂ, ਇਹ ਵੰਡ-ਵੰਡਾਈ ਦੀ ਰੀਤ ਤਾਂ ਸਦਾ ਚੱਲਦੀ ਆਈ ਹੈ, ਦੋਵਾਂ ਨੂੰ ਸਮਝਾਉਂਦੇ ਹੋਏ ਮਾਮੇ ਨੇ ਕਹੇ। ਨਾਲੇ ਸਾਨੂੰ ਸੱਦਣ ਦਾ ਵੀ ਕੀ ਫਾਇਦਾ, ਜੇ ਤੁਹਾਡਾ ਮਸਲਾ ਹੀ ਨਾ ਹੱਲ ਹੋਇਆ। ਵੱਡੇ ਦੀ ਪਤਨੀ ਨੇ ਇਸ਼ਾਰਾ ਕਰਕੇ ਵੱਡੇ ਨੂੰ ਬੁਲਾਇਆ ਤੇ ਪਾਸੇ ਲਿਜਾ ਕੇ ਕੰਨ ਵਿੱਚ ਕਈ ਕੁੱਝ ਕਿਹਾ। ਮੂੰਹ ਸਵਾਰਦਾ ਹੋਇਆ ਵੱਡਾ ਆ ਕੇ ਕਹਿੰਦਾ, ਬਈ ਮੈਂ ਪੁਰਾਣੇ ਘਰ ਨਾਲ ਨਿਆਈਂ ਵਾਲੀ ਪੈਲੀ ਤਾਂ ਹੀ ਲਊਂਗਾ ਜੇ ਮੈਨੂੰ ਖੇਤੀ ਦੇ ਸਾਰੇ ਸ਼ੰਦ ਵੀ ਦਿਓਂਗੇ। ਛੋਟੇ ਦੀ ਪਤਨੀ ਨੇ ਰਸੋਈ ਵਾਲੇ ਭਾਂਡਿਆਂ ਦਾ ਖੜਕਾ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਤੇ ਆਪਣੇ ਪਤੀ ਜਿੰਦੇ ਨੂੰ ਆਉਣ ਲਈ ਕਿਹਾ। ਸਾਰੇ ਰਿਸਤੇਦਾਰ ਦਾ ਆਪਸ ਵਿੱਚ ਕਹਿਣ ਲੱਗੇ ਕਿ ਜੇ ਬੁੜੀਆਂ ਘਰ ਦੇ ਬਟਵਾਰੇ ਵਿੱਚ ਵੜ ਗਈਆਂ ਤਾਂ ਸਮਝੋ ਫਿਰ ਵੰਡ ਨਹੀਂ ਹੋ ਸਕਦੀ। ਕਾਫੀ ਚਿਰ ਬਾਅਦ ਜਿੰਦਾ ਆਇਆ ਤਾਂ ਉਸਨੇ ਕਿਹਾ ਕਿ ਜੇ ਵੱਡੇ ਨੂੰ ਸੰਦ ਦੇਣੇ ਹਨ ਤਾਂ ਮੈਂ ਫਿਰ ਕੱਸੀ ਵਾਲੀ ਪੈਲੀ ਰੱਖੂੰਗਾ। ਦੋਵਾਂ ਨੂੰ ਤਾੜਦੇ ਹੋਏ ਉਹਨਾਂ ਦੇ ਮਾਮੇ ਨੇ ਕਿਹਾ ਕਿ ਆਏਂ ਨਹੀਂ ਪੁੱਗਦੀਆਂ ਆਪਣੀਆਂ ਮਨਮਰਜੀਆਂ। ਇਹ ਤਾਂ ਅਸੀਂ ਸੋਚਣਾ ਹੈ ਕਿ ਕਿਵੇਂ ਵੰਡ ਕਰਕੇ ਤੁਹਾਡੀ ਤਸੱਲੀ ਕਰਨੀ ਹੈ ਤੇ ਦੂਜੀ ਗੱਲ ਇਹ ਹੈ ਕਿ ਬੁੜੀਆਂ ਦਾ ਰੇੜਕਾ ਛੱਡੋ ਤੇ ਦੋਵੇਂ ਭਰਾ ਆਪਸ ਵਿੱਚ ਸਹਿਮਤੀ ਕਰੋ। ਇਹਨਾਂ ਜਨਾਨੀਆਂ ਮਗਰ ਲੱਗ ਕੇ ਘਰ ਦੀ ਵੰਡ ਨਹੀਂ ਹੋਣੀ।
ਆਪਾਂ ਸਾਰੇ ਰਲ ਕੇ ਜਮੀਨ, ਘਰ ਤੇ ਸੰਦਾਂ ਦੀਆਂ ਬਰਾਬਰ ਢੇਰੀਆਂ ਪਾ ਲੈਂਦੇ ਹਾਂ ਤੇ ਮਗਰੋਂ ਤਿੰਨ ਪਰਚੀਆਂ ਪਾ ਕੇ ਦੋਵਾਂ ਨੂੰ ਇੱਕ-ਇੱਕ ਚੁਕਾ ਲੈਂਦੇ ਹਾਂ, ਫਿਰ ਤਾਂ ਦੋਵੇਂ ਖ਼ੁਸ਼ ਹੋ। ਨਾਲੇ ਇਹਦੇ ਵਿੱਚ ਬਰਾਬਰ ਜਿਹੀ ਵੰਡ ਹੋ ਜਾਊ ਤੇ ਪਰਚੀ ਚੁੱਕਣ ਨਾਲ ਕਿਸੇ ਤੇ ਕੋਈ ਗਿਲਾ ਨਾ ਰਹੂ। ਨਹੀਂ ਤਾਂ ਮਗਰੋਂ ਵੰਡ ਕਰਾਉਣ ਵਾਲਿਆਂ ਨੂੰ ਹੀ ਭੰਡਣ ਲੱਗ ਪੈਂਦੇ ਹਨ ਕਿ ਇਹਨਾਂ ਨੇ ਪੱਖਪਾਤ ਕੀਤਾ ਹੈ ਜਿਵੇਂ ਅਗਲਿਆਂ ਨੇ ਵਿੱਚੋਂ ਕੁਝ ਲੈਣਾ ਹੋਵੇ, ਇਹ ਬੋਲ ਉਹਨਾਂ ਦੇ ਮਾਸੜ ਨੇ ਮੁੰਡਿਆਂ ਦੇ ਪਿਓ ਨੂੰ ਕਹੇ। ਜਿਵੇਂ ਮਰਜੀ ਕਰ ਲੈ ਮਸੇਰਾ ਪਰ ਆਪਾਂ ਨੂੰ ਬਣਦਾ ਤੀਜਾ ਹਿੱਸਾ ਦਵਾ ਦਿਓ, ਭਲਕੇ ਧੀ ਨੂੰ ਵੀ ਆਈ ਗਈ ਨੂੰ ਸੌ ਕੁਝ ਦੇਣਾ ਬਣਦਾ ਹੈ। ਬਾਕੀ ਕੱਲ੍ਹ ਨੂੰ ਸਾਨੂੰ ਵੀ ਬਿਮਾਰੀ-ਛਿਮਾਰੀ ਤੇ ਸੌ ਪੈਸਿਆਂ ਦੀ ਲੋੜ ਪੈਣੀ ਹੈ। ਵੱਡਾ ਮੱਥੇ ਤੇ ਤਿਊੜੀਆਂ ਪਾ ਕੇ ਆਖਣ ਲੱਗਾ ਕਿ ਜੇ ਮਾਮਾ ਜੀ ਛੇ ਕਿੱਲਿਆਂ ਚੋਂ ਤੀਜਾ ਹਿੱਸਾ ਬਜ਼ੁਰਗਾਂ ਨੂੰ ਦੇਣਾ ਹੈ ਤਾਂ ਫਿਰ ਅਸੀਂ ਤਾਂ ਕਰਨ ਲੱਗੇ ਤਰੱਕੀਆਂ। ਕੱਲ੍ਹ ਨੂੰ ਅਸੀਂ ਵੀ ਚੰਗੇ ਸੰਦ ਤੇ ਘਰ ਪਾਉਣੇ ਹਨ। ਦੋ ਕਿੱਲਿਆਂ ਵਿੱਚ ਤਾਂ ਘਰ ਦਾ ਗੁਜਾਰਾ ਹੀ ਮਸਾਂ ਹੋਣਾ ਹੈ। ਹਾਂ, ਇਹ ਗੱਲ ਵੱਡੇ ਨੇ ਬਿਲਕੁਲ ਸਹੀ ਕਹੀ, ਛੋਟੇ ਨੇ ਵੀ ਵੱਡੇ ਦੀ ਹਾਂ ਵਿੱਚ ਹਾਂ ਮਿਲਾਈ। ਨਾ ਮੈਂ ਤਾਂ ਤੁਹਾਨੂੰ ਅੱਡ ਹੋਣ ਲਈ ਨਹੀਂ ਕਿਹਾ, ਸਗੋਂ ਮੈਂ ਤਾਂ ਕਹਿਣਾ ਹੈ ਕਿ ਤੁਸੀਂ ਸਾਰੀ ਉਮਰ ਇਕੱਠੇ ਰਹੋ ਪਰ ਤੁਸੀਂ ਆਪਣੀਆਂ ਜਨਾਨੀਆਂ ਮਗਰ ਲੱਗ ਕੇ ਜੱਗ ਹਸਾਈ ਕਰੀ ਜਾਂਦੇ ਹੋ। ਸਾਂਝੇ ਘਰਾਂ ਵਿੱਚ ਨਿੱਕੀਆਂ ਮੋਟੀਆਂ ਗੱਲਾਂ ਛੱਡਣੀਆਂ ਪੈਂਦੀਆਂ ਹਨ, ਜਿੱਦ ਛੱਡਣੀ ਪੈਂਦੀ ਹੈ ਪਰ ਤੁਸੀਂ ਤਾਂ ਲੇਲੇ ਵਾਂਗ ਤੀਵੀਆਂ ਮਗਰ ਲੱਗ ਜਾਂਦੇ ਹੋ। ਆਪਣੇ ਪਿਤਾ ਦੀ ਇਹ ਗੱਲ ਸੁਣ ਕੇ ਦੋਵਾਂ ਨੇ ਨੀਵੀਂ ਪਾ ਲਈ। ਗੱਲ ਤਾਂ ਤੇਰੀ ਠੀਕ ਹੈ ਬਜੁਰਗਾ, ਉਹਨਾਂ ਦੇ ਗੁਆਂਢੀ ਮੈਂਬਰ ਨੇ ਕਿਹਾ। ਹਿੱਸਾ ਤਾਂ ਇਹਨਾਂ ਦਾ ਬਣਦਾ ਹੀ ਹੈ। ਜਾਂ ਫਿਰ ਇਉਂ ਕਰਲੋ ਕਿ ਇੱਕ ਸਾਲ ਬਜੁਰਗ ਇੱਕ ਮੁੰਡੇ ਨਾਲ ਰਹਿ ਲਿਆ ਕਰਨ ਤੇ ਅਗਲੇ ਸਾਲ ਦੂਜੇ ਮੁੰਡੇ ਨਾਲ। ਨਹੀਂ ਇੰਝ ਵੀ ਮਗਰੋਂ ਬਹੁਤ ਕਲੇਸ਼ ਪੈਂਦਾ ਹੈ ਤੁਸੀਂ ਵੇਖਿਆ ਹੀ ਹੈ ਆਪਣੇ ਪਿੰਡ, ਮੁੰਡਿਆਂ ਦੀ ਮਾਂ ਨੇ ਬੁਸਬੁਸਾ ਮੂੰਹ ਬਣਾ ਕੇ ਇਹ ਬੋਲ ਕਹੇ। ਮਾਈ, ਤੁਸੀਂ ਦੋਵੇਂ ਇਕੱਲੇ ਵੀ ਤਾਂ ਨਹੀਂ ਰਹਿ ਸਕਦੇ, ਕੱਲ੍ਹ ਨੂੰ ਸੌ ਦਵਾਈ ਬੂਟੀ ਦੀ ਲੋੜ ਪੈਂਦੀ ਹੈ ਤੇ ਨਾਲੇ ਇਸ ਘਰ ਦੇ ਤਿੰਨ ਟੁਕੜੇ ਕਰਨੇ ਕਿਹੜਾ ਸੌਖੇ ਐ? ਹਾਂ ਇਹ ਤਾਂ ਗੱਲ ਤੁਹਾਡੀ ਸੌ ਆਨੇ ਠੀਕ ਹੈ ਪਰ ਫਿਰ ਕਰੀਏ ਵੀ ਕੀ? ਇਹ ਕਿਹੜਾ ਮਾੜੀ ਔਲਾਦ ਇਕੱਠੀ ਰਹਿ ਕੇ ਖ਼ੁਸ਼ ਹੈ। ਛੋਟਾ ਕਾਫੀ ਚਿਰ ਬਾਅਦ ਬੋਲਿਆ ਕਿ ਤੁਸੀਂ ਇਓਂ ਕਰੋ ਕਿ ਮਾਤਾ ਜੀ ਨੂੰ ਮੇਰੇ ਨਾਲ ਰਹਿਣ ਦਿਓ ਤੇ ਬਾਪੂ ਨੂੰ ਵੱਡੇ ਨੂੰ ਦੇ ਦਿਓ। ਨਾਲੇ ਪੈਲੀ ਦੀ ਵੰਡ ਦੋ ਹਿੱਸਿਆਂ ਵਿੱਚ ਹੋ ਜਾਊ। ਵੱਡਾ ਕਹਿੰਦਾ ਕਿ ਗੱਲ ਤਾਂ ਛੋਟੇ ਦੀ ਠੀਕ ਹੈ ਨਾ ਮਾਮਾ। ਹਾਂ, ਪੈਲੀ ਦੀ ਵੰਡ ਤੁਹਾਡੇ ਦੋਵਾਂ ਵਿੱਚ ਹੋ ਜਾਵੇ ਤੇ ਠੇਕਾ ਕੋਈ ਦੇਣਾ ਨਾ ਪਵੇ, ਉੱਤੇ ਬੁੱਢਾਪੇ ਵਿੱਚ ਦੋਵਾਂ ਜੀਆਂ ਦਾ ਵਿਛੋੜਾ ਪਵਾ ਦਈਏ, ਫਿਰ ਤਾਂ ਆਪੇ ਹੀ ਠੀਕ ਹੈ। ਬਈ ਘਰ ਦਾ ਗੁਜਾਰਾ ਔਖਾ ਚੱਲੇ ਜਾਂ ਸੌਖਾ, ਸਾਥੋਂ ਨਹੀਂ ਅੱਡ ਰਹਿ ਕੇ ਦੋਵਾਂ ਤੋਂ ਗੁਜਾਰਾ ਹੋਣਾ। ਸਾਂਝੇ ਘਰ ਦੀ ਵੰਡ ਹੋਣੀ ਤਾਂ ਅਸੀਂ ਔਖੇ-ਸੌਖੇ ਹੋ ਕੇ ਜ਼ਰ ਲਵਾਂਗੇ ਪਰ ਦੋਵਾਂ ਜੀਆਂ ਵਿਚਕਾਰ ਖਿੱਚੀ ਲਛਮਣ ਰੇਖਾ ਨਹੀਂ ਅਸੀ ਜ਼ਰ ਸਕਦੇ। ਬਜੁਰਗ ਦੇ ਮੂੰਹੋਂ ਇਹ ਬੋਲ ਸੁਣ ਕੇ ਸਾਰੇ ਸੁੰਨ-ਮਸੁੰਨ ਹੋ ਗਏ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761

...
...

ਸਿਮਰ” ਨਾਮ ਸੀ ਉਸਦਾ..
ਬੀ.ਕਾਮ ਤੇ ਐੱਮ.ਕਾਮ ਦੋਹਾਂ ਨੇ ਇੱਕਠਿਆਂ ਨੇ ਕੀਤੀ..
ਮੈਂ ਅਕਸਰ ਪੜਾਈ ਵਿਚ ਪੱਛੜ ਜਾਇਆ ਕਰਦਾ..ਪਰ ਉਹ ਆਪਣੇ ਨੋਟਸ ਕਿਸੇ ਤਰਾਂ ਮੇਰੇ ਤੱਕ ਪਹੁੰਚਦੇ ਕਰ ਹੀ ਦਿਆਂ ਕਰਦੀ..
ਆਪਸੀ ਗੱਲਬਾਤ ਅਕੈਡਮਿਕ ਲੈਣ ਦੇਣ ਤੱਕ ਹੀ ਸੀਮਤ ਸੀ..ਹੋਰ ਕਿਸੇ ਵੀ ਵਿਸ਼ੇ ਤੇ ਗੱਲ ਬਾਤ ਕਰਨ ਤੋਂ ਦੋਵੇਂ ਸੰਗ ਜਾਇਆ ਕਰਦੇ..!
ਫੇਰ ਆਖਰੀ ਸਾਲ ਦੀ ਫੇਅਰਵੈਲ ਪਾਰਟੀ ਵਿਚ ਖੁੱਲ ਕੇ ਗੱਲਾਂ ਹੋਈਆਂ..
ਇੱਕ ਦੂਜੇ ਬਾਰੇ ਹੋਰ ਵੀ ਬਹੁਤ ਕੁਝ ਪਤਾ ਲੱਗਾ..ਦੋਵੇਂ ਚੰਗੀ ਤਰਾਂ ਜਾਣਦੇ ਸਾਂ ਕੇ ਅੱਜ ਤੋਂ ਬਾਅਦ ਸਾਡੇ ਦੋਹਾਂ ਦੀ ਜਿੰਦਗੀ ਦੀਆਂ ਦਿਸ਼ਾਵਾਂ ਬਦਲ ਜਾਣੀਆਂ ਸਨ..ਫੇਰ ਵੀ ਦਿਲ ਵਿਚ ਕਿਤੇ ਨਾ ਕਿਤੇ ਇੱਕ ਦੂਜੇ ਲਈ ਜਗਾ ਬਣਾਈ ਰੱਖਣ ਦਾ ਫੈਸਲਾ ਕਰ ਲਿਆ..
ਫੇਰ ਉਹ ਬੀ ਐੱਡ ਕਰਕੇ ਟੀਚਰ ਬਣ ਗਈ ਸੀ..
ਵਧਾਈ ਦੇਣ ਤੋਂ ਮੁੜ ਅੱਗੇ ਤੁਰਿਆ ਸਿਲਸਿਲਾ ਚਿੱਠੀ ਪੱਤਰ ਤੱਕ ਜਾ ਅੱਪੜਿਆ..
ਫੇਰ ਰੁੱਕੇ..ਸੁਨੇਹੇ ਫੋਨ ਤੇ ਹੋਰ ਵੀ ਕਿੰਨਾ ਕੁਝ…ਫੇਰ ਇਕੱਠਿਆਂ ਰਹਿਣ ਦੇ ਹੋਰ ਵੀ ਕਿੰਨੇ ਸਾਰੇ ਕੌਲ ਕਰਾਰ ਹੁੰਦੇ ਹੀ ਰਹੇ..!
ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਉਸਦਾ ਜਿਕਰ ਕਰ ਦਿੱਤਾ..
ਘਰੇ ਤੂਫ਼ਾਨ ਜਿਹਾ ਆ ਗਿਆ..ਜਾਤ ਬਰਾਦਰੀ..ਸਟੇਟਸ..ਰੁਤਬਾ..ਰਹਿਣ ਸਹਿਣ..ਆਰਥਿਕ ਅਤੇ ਸਮਾਜਿਕ ਵਖਰੇਵੇਂ ਪੱਕੀ ਕੰਧ ਬਣ ਖਲੋ ਗਏ..!
ਮਾਂ ਨੇ ਮੰਜਾ ਅਤੇ ਜਿੱਦ ਦੋਵੇਂ ਚੀਜਾਂ ਇਕੱਠਿਆਂ ਹੀ ਫੜ ਲਈਆਂ..
ਅਖੀਰ ਗੋਡੇ ਟੇਕਣੇ ਪੈ ਗਏ..ਰਿਸ਼ਤੇਦਾਰੀ ਵਿਚੋਂ ਰਾਣੀ ਨਾਮ ਦੀ ਕੁੜੀ ਨੇ ਅਸਲ ਰਾਣੀ ਬਣ ਵੇਹੜੇ ਆਣ ਪੈਰ ਪਾਇਆ..!
ਅਗਲੇ ਵਰੇ ਓਹੀ ਵੇਹੜਾ “ਧੀ” ਦੀਆਂ ਕਿਲਕਾਰੀਆਂ ਨਾਲ ਮਹਿਕ ਉਠਿਆ..!
ਨਾਮ ਰੱਖਣ ਦਾ ਵਾਰੀ ਆਈ..
ਮੇਰੇ ਮੂਹੋਂ ਆਪ ਮੁਹਾਰੇ ਹੀ “ਸਿਮਰ ਕੌਰ” ਨਿੱਕਲ ਗਿਆ..
ਸਭ ਨੂੰ ਚੰਗਾ ਵੀ ਲਗਿਆ ਅਤੇ ਫੇਰ ਇਸੇ ਤੇ ਹੀ ਪੱਕੀ ਮੁਹਰ ਲੱਗ ਗਈ!
ਪੰਜ ਸਾਲ ਮਗਰੋਂ “ਸਿਮਰ ਕੌਰ” ਨੂੰ ਸਕੂਲ ਦਾਖਿਲ ਕਰਾਉਣ ਵਾਲੀ ਘੜੀ ਵੀ ਆਂ ਪਹੁੰਚੀ..
ਪ੍ਰਿੰਸੀਪਲ ਦਫਤਰ ਦੇ ਬਾਹਰ ਲੱਗੀ ਨੇਮ-ਪਲੇਟ ਤੇ ਸਿਮਰ ਕੌਰ ਨਾਮ ਪੜ ਮੱਥਾ ਜਿਹਾ ਠਣਕਿਆ..
ਅੰਦਰ ਗਿਆ ਤਾਂ ਉਹ ਓਹੀ ਹੀ ਸੀ..
ਨਜਰਾਂ ਮਿਲੀਆਂ..ਇੱਕ ਪਲ ਇੰਝ ਲਗਾ ਜਿੱਦਾਂ ਸਮੇਂ ਦਾ ਵਹਿਣ ਥੰਮ ਜਿਹਾ ਗਿਆ ਹੋਵੇ..
ਫੇਰ ਉਸਨੇ ਧੀ ਦਾ ਨਾਮ ਪੁੱਛਿਆ..ਜੁਆਬ ਸੁਣਕੇ ਥੋੜੀ ਅਸਹਿਜ ਜਿਹੀ ਹੋ ਗਈ..
ਮੈਨੂੰ ਸੁੰਨ ਜਿਹੇ ਹੋ ਗਏ ਨੂੰ ਪਤਾ ਲੱਗ ਗਿਆ ਕੇ ਉਸਦੇ ਦਿਲੋਂ-ਦਿਮਾਗ ਵਿਚ ਉਸ ਵੇਲੇ ਕੀ ਚੱਲ ਰਿਹਾ ਹੋਵੇਗਾ..
ਖੈਰ ਘਰੇ ਆ ਕੇ ਨਾਲਦੀ ਨੂੰ ਜ਼ੋਰ ਪਾਇਆ ਕੇ ਸਿਮਰ ਨੂੰ ਕਿਸੇ ਹੋਰ ਸਕੂਲੇ ਦਾਖਿਲ ਕਰਵਾ ਦਿੰਨੇ ਆ..ਡਰ ਸਤਾ ਰਿਹਾ ਸਾਂ ਕੇ ਸੁੱਤੀਆਂ ਕਲਾ ਇੱਕ ਵਾਰ ਫੇਰ ਹੀ ਨਾ ਜਾਗ ਜਾਵਣ ਤੇ ਰਵਾਂ ਰਵੀਂ ਲੀਹੇ ਪਈ ਗ੍ਰਹਿਸਥੀ ਵਿਚ ਕੋਈ ਤੂਫ਼ਾਨ ਜਿਹਾ ਹੀ ਨਾ ਖੜਾ ਹੋ ਜਾਵੇ..!
ਪਰ ਰਾਣੀ ਨੇ ਜਿੱਦ ਫੜੀ ਰੱਖੀ..ਅਖੀਰ ਗੱਲ ਮੰਨਣੀ ਪਈ..!
ਮੈਂ ਅਕਸਰ ਹੀ ਉਸਨੂੰ ਸਕੂਲ ਛੱਡਣ ਲਿਆਉਣ ਤੋਂ ਟਾਲ਼ਾ ਜਿਹਾ ਵੱਟਣ ਲੱਗਾ..
ਮਗਰੋਂ ਪਤਾ ਲੱਗਿਆ ਕੇ ਉਸ ਨੇ ਵਿਆਹ ਵੀ ਨਹੀਂ ਸੀ ਕਰਵਾਇਆ..
ਅਖੀਰ ਇੱਕ ਦਿੰਨ ਰਾਣੀ ਆਖਣ ਲੱਗੀ ਕੇ ਉਸਦੀ ਕਿਸੇ ਹੋਰ ਸ਼ਹਿਰ ਬਦਲੀ ਹੋ ਗਈ ਏ..!
ਮੈਨੂੰ ਅੰਦਰੋਂ ਅੰਦਰੀ ਵੱਡਾ ਧੱਕਾ ਜਿਹਾ ਲੱਗਾ..
ਚੰਗੀ ਤਰਾਂ ਜਾਣਦਾ ਸਾਂ ਕੇ ਬਦਲੀ ਹੋਈ ਨਹੀਂ..ਸਗੋਂ ਖੁਦ ਕਰਵਾ ਲਈ ਸੀ..
ਕਿਓੰਕੇ ਉਹ ਅਕਸਰ ਹੀ ਆਖਿਆ ਕਰਦੀ ਸੀ ਕੇ ਪਾਕ ਪਵਿੱਤਰ ਮੁਹੱਬਤਾਂ ਵਾਲੇ ਰਾਹਾਂ ਦੇ ਸਾਫ ਦਿਲ ਪਾਂਧੀ ਕਿਸੇ ਨੰਗੇ ਪੈਰੀ ਤੁਰੇ ਜਾਂਦੇ ਆਪਣੇ ਮਿੱਤਰ ਪਿਆਰੇ ਦੇ ਰਾਹਾਂ ਵਿਚ ਕਦੇ ਵੀ ਬਲੈਕਮੇਲਿੰਗ ਵਾਲੇ ਕੰਡੇ ਨਹੀਂ ਬੀਜਿਆ ਕਰਦੇ..ਸਗੋਂ ਉਹ ਤਾਂ ਖੁਦ ਫ਼ੁੱਲ ਬਣ ਓਹਨਾ ਦੇ ਪੱਬਾਂ ਹੇਠ ਇੰਝ ਵਿੱਛ ਜਾਇਆ ਕਰਦੇ ਨੇ ਜਿੱਦਾਂ ਓਹਨਾ ਨੂੰ ਆਪਣੇ ਵਜੂਦ ਦੇ ਮਿੱਧੇ ਜਾਣ ਦੀ ਭੋਰਾ ਜਿੰਨੀ ਵੀ ਪ੍ਰਵਾਹ ਨਾ ਹੋਵੇ..!
ਅਤੀਤ ਦੇ ਸਮੁੰਦਰ ਵਿਚ ਗੋਤੇ ਖਾਂਦੀ ਮੇਰੀ ਸੁਰਤਿ ਨੂੰ ਜਦੋਂ ਵਰਤਮਾਨ ਵਿਚ ਆ ਕੇ ਥੋੜਾ ਬਹੁਤ ਸਾਹ ਜਿਹਾ ਆਇਆ ਤਾਂ ਇੰਝ ਮਹਿਸੂਸ ਹੋਇਆ ਜਿੱਦਾਂ ਉਹ ਜਾਂਦੀ ਜਾਂਦੀ ਵੀ ਮੇਰੀ ਜਿੰਦਗੀ ਦੇ ਇੱਕ ਅਹਿਮ ਪਰਚੇ ਵਿਚ ਜਬਰਦਸਤੀ ਥੋਪ ਦਿੱਤੇ ਗਏ ਇੱਕ ਬਹੁਤ ਹੀ ਔਖੇ ਜਿਹੇ ਸੁਆਲ ਦਾ ਜੁਆਬ ਖੁਦ ਹੀ ਇੱਕ ਪਰਚੀ ਤੇ ਲਿਖ ਮੇਰੇ ਤੱਕ ਪੁੱਜਦਾ ਕਰ ਗਈ ਹੋਵੇ..!
ਸਹੀ ਆਖਿਆ ਕਿਸੇ ਨੇ “ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ”

ਹਰਪ੍ਰੀਤ ਸਿੰਘ ਜਵੰਦਾ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)