Sub Categories
ਰਿਟਾਇਰਮੈਂਟ ਮਗਰੋਂ ਇੱਕ ਫੌਜੀ ਅਫਸਰ ਨੇ ਆਪਣੇ ਇੱਕ ਬੈੰਕ ਅਫਸਰ ਦੋਸਤ ਦੀ ਕੋਠੀ ਲਾਗੇ ਕੋਠੀ ਪਾ ਲਈ..
ਫੁੱਲ ਬੂਟੇ ਲਾਉਣ ਦਾ ਦੋਹਾਂ ਨੂੰ ਹੀ ਬਹੁਤ ਜਿਆਦਾ ਸ਼ੌਕ ਸੀ..
ਪਰ ਬੂਟਿਆਂ ਦੇ ਰੱਖ ਰਖਾਓ ਦੀਆਂ ਵਿਧੀਆਂ ਦੋਹਾਂ ਦੀਆਂ ਹੀ ਵੱਖੋ ਵੱਖ ਸਨ..!
ਮਿਲਿਟਰੀ ਅਫਸਰ ਥੋੜਾ ਜਿਹਾ ਪਾਣੀ ਹੀ ਪਾਇਆ ਕਰਦਾ ਪਰ ਬੈੰਕ ਵਾਲਾ ਅੰਕਲ ਹਮੇਸ਼ਾਂ ਹੀ ਹੱਦੋਂ ਵੱਧ ਖਾਦ ਪਾਣੀ ਲਾਈ ਰੱਖਦਾ!
ਇੱਕ ਰਾਤ ਭਾਰੀ ਮੀਂਹ ਹਨੇਰੀ ਆਈ ਤੇ ਝੱਖੜ ਝੁੱਲਣ ਲੱਗਾ..
ਅਗਲੀ ਸੁਵੇਰ ਮਿਲਿਟਰੀ ਵਾਲੇ ਅੰਕਲ ਜੀ ਦੇ ਲਾਏ ਬੂਟੇ ਓਦਾਂ ਦੇ ਓਦਾਂ ਹੀ ਖੜੇ ਸਨ ਤੇ ਦੂਜੇ ਅੰਕਲ ਜੀ ਦੇ ਬੂਟੇ ਜੜੋਂ ਉੱਖੜ ਦੂਰ ਜਾ ਚੁਕੇ ਸਨ!
ਬੈੰਕ ਵਾਲੇ ਅੰਕਲ ਹੈਰਾਨ ਪ੍ਰੇਸ਼ਾਨ ਹੋਏ ਆਖਣ ਲੱਗੇ..ਯਾਰ ਮੇਰੀ ਖਾਦ ਪਾਣੀ ਅਤੇ ਦੇਖ ਸੰਭਾਲ ਤੇਰੇ ਨਾਲੋਂ ਕਿਤੇ ਵਧੀਆ ਸੀ ਪਰ ਬੂਟੇ ਮੇਰੇ ਉਖੜ ਗਏ..ਤੇਰੇ ਓਦਾਂ ਦੇ ਓਦਾਂ ਹੀ ਰਹੇ..ਇਹ ਕਿਦਾਂ ਹੋ ਗਿਆ?
ਮਿਲਿਟਰੀ ਵਾਲੇ ਆਖਣ ਲੱਗੇ ਕੇ ਮੈਂ ਬੂਟਿਆਂ ਨੂੰ ਓਨਾ ਕੂ ਪਾਣੀ ਹੀ ਪਾਇਆ ਕਰਦਾ ਸੀ ਕੇ ਜਿੰਨਾ ਓਹਨਾ ਦੀ ਮੁਢਲੀ ਲੋੜ ਹੀ ਪੂਰੀ ਕਰ ਸਕਦਾ ਸੀ..ਬਾਕੀ ਦੀਆਂ ਲੋੜਾਂ ਅਤੇ ਹੋਰ ਪਾਣੀ ਲਈ ਓਹਨਾ ਬੂਟਿਆਂ ਦੀਆਂ ਜੜਾਂ ਨੂੰ ਹੋਰ ਡੂੰਗਾ ਜਾਣ ਲਈ ਮਜਬੂਰ ਹੋਣਾ ਪਿਆ ਤੇ ਉਹਨਾ ਦੀ ਧਰਤੀ ਤੇ ਪਕੜ ਮਜਬੂਤ ਹੁੰਦੀ ਗਈ..!
ਤੇਰੇ ਬੂਟਿਆਂ ਦੀਆਂ ਜੜਾਂ ਨੂੰ ਸਭ ਕੁਝ ਬਿਨਾ ਕੁਝ ਕੀਤਿਆਂ ਹੀ ਮਿਲੀ ਗਿਆ ਤੇ ਓਹਨਾ ਨੂੰ ਹੋਰ ਡੂੰਗਾ ਜਾਣ ਦੀ ਲੋੜ ਮਹਿਸੂਸ ਹੀ ਨਹੀਂ ਹੋਈ ਤੇ ਤੂਫ਼ਾਨ ਦੇ ਪਹਿਲੇ ਹੱਲੇ ਵਿਚ ਹੀ ਉਹ ਸਾਰੇ ਬੂਟੇ ਧਰਤੀ ਤੇ ਵਿੱਛ ਗਏ..!
ਦੋਸਤੋ ਇਹ ਸੱਚੀ ਕਹਾਣੀ ਜ਼ਿਹਨ ਵਿਚ ਓਦੋਂ ਆਈ ਜਦੋ ਕਨੇਡਾ ਵਿਚ ਇੱਕ ਐਸੇ ਇਨਸਾਨ ਦੇ ਦਰਸ਼ਨ ਮੇਲੇ ਹੋਏ ਜਿਸਦੀ ਜਿੰਦਗੀ ਪੰਜਾਬ ਵਿਚ ਵੀ ਬੇਹੱਦ ਸੰਘਰਸ਼ਮਈ ਸੀ ਤੇ ਜਦੋਂ ਉਹ ਕਨੇਡਾ ਪਹੁੰਚਿਆਂ ਤੇ ਇਥੇ ਵੀ ਉਸ ਦੀ ਜਿੰਦਗੀ ਵਾਲਾ ਪੈਂਡਾ ਕੋਈ ਏਡਾ ਸੌਖਾ ਨਹੀ ਸੀ..!
ਫੇਰ ਵੀ ਅਗਲੇ ਦੀ ਹਿੰਮਤ ਦੀ ਦਾਤ ਦੇਣੀ ਬਣਦੀ ਏ..ਨਿੱਕੇ ਨਿੱਕੇ ਨਿਆਣਿਆਂ ਦੀ ਦੇਖ ਭਾਲ ਅਤੇ ਹੋਰ ਕਬੀਲਦਾਰੀਆਂ ਦਾ ਬੋਝ ਕੱਲਮ ਕੱਲਾ ਚੁੱਕਦਾ ਹੋਇਆ ਤਿੰਨ ਨੌਕਰੀਆਂ ਵੀ ਕਰਿਆ ਕਰਦਾ ਸੀ..!
ਫੇਰ ਵੀ ਅਗਲਾ ਹਿੰਮਤ ਨਹੀਂ ਹਾਰਿਆ ਤੇ ਅੱਜ ਆਪਣੀ ਜਿੰਦਗੀ ਦੀ ਗੱਡੀ ਵੀ ਲਾਈਨ ਤੇ ਹੈ ਤੇ ਬੱਚੇ ਵੀ ਪੂਰੀ ਤਰਾਂ ਸੈੱਟ ਨੇ..!
ਮੁੱਕਦੀ ਗੱਲ ਇਹ ਹੈ ਕੇ ਆਪਣੇ ਵੇਹੜੇ ਉੱਗਦੇ ਫ਼ੁੱਲ ਬੂਟਿਆਂ ਨੂੰ ਸਿਰਫ ਏਨੇ ਕੂ ਪਾਣੀ ਦੀ ਹੀ ਆਦਤ ਪਾਓ ਕੇ ਓਹਨਾ ਵਿਚ ਸੰਘਰਸ਼ ਕਰਨ ਵਾਲਾ ਜਜਬਾ ਹਮੇਸ਼ਾਂ ਵਾਸਤੇ ਜਿਉਂਦਾ ਰਹਿ ਸਕੇ..ਤਾਂ ਕੇ ਬਾਕੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਹ ਖੁਦ ਦੀਆਂ ਜੜਾਂ ਨੂੰ ਆਪਣੇ ਆਪ ਹੀ ਏਨੀਆਂ ਡੂੰਗੀਆਂ ਕਰ ਲੈਣ ਕੇ ਦੁਨੀਆ ਦੀ ਕੋਈ ਵੀ ਹਨੇਰੀ ਓਹਨਾ ਦੇ ਤਣੇ ਨੂੰ ਜੜੋਂ ਨਾ ਪੁੱਟ ਸਕਦੀ ਹੋਵੇਗੀ!
ਇੱਕ ਜਾਣਕਾਰ ਅਕਸਰ ਆਖਿਆ ਕਰਦੇ ਸਨ ਕੇ ਪੁੱਤਰੋ ਜੇ ਚਾਹੁੰਦੇ ਹੋ ਕੇ ਜਿੰਦਗੀ ਦੀਆਂ ਰਾਹਾਂ ਤੇ ਤੁਰੀ ਜਾਂਦੀ ਅਗਲੀ ਪੀੜੀ ਨਿੱਕੀਆਂ ਨਿੱਕੀਆਂ ਮੁਸ਼ਕਿਲਾਂ ਤੋਂ ਘਬਰਾ ਕੇ ਹਮੇਸ਼ਾਂ ਲੀਹੋਂ ਹੇਠਾਂ ਉੱਤਰ ਜਾਣ ਬਾਰੇ ਹੀ ਨਾ ਸੋਚੀ ਜਾਇਆ ਕਰੇ ਤਾਂ ਓਹਨਾ ਨੂੰ ਕਦੀ ਵੀ ਇਸ ਚੀਜ ਦਾ ਇਹਸਾਸ ਨਾ ਹੋਣ ਦਿਓ ਕੇ ਤੁਹਾਡੇ ਬਟੂਏ ਵਿਚ ਨੋਟ ਅਤੇ ਹਲਕੇ ਦੇ ਵੋਟ ਕਿੰਨੇ ਹਨ ਸਗੋਂ ਏਨੀ ਗੱਲ ਦਾ ਇਹਸਾਸ ਕਰਵਾਓ ਕੇ ਰੋਜ ਮਰਾ ਦੇ ਕੰਮ ਧੰਦਿਆਂ ਵੇਲੇ ਨਹੁੰਆਂ ਵਿਚ ਗ੍ਰੀਸ ਕਿੰਨੀ ਕੂ ਫਸਦੀ ਏ!
ਹਰਪ੍ਰੀਤ ਸਿੰਘ ਜਵੰਦਾ